Skip to content

Skip to table of contents

ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ

ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ

ਯੂਨਾਹ ਖੜਕੇ ਤੋਂ ਆਪਣੇ ਕੰਨ ਬੰਦ ਕਰਨਾ ਚਾਹੁੰਦਾ ਸੀ। ਇਹ ਸਿਰਫ਼ ਤੇਜ਼ ਹਵਾ ਦਾ ਸ਼ੋਰ ਨਹੀਂ ਸੀ, ਪਰ ਸਮੁੰਦਰ ਦੀਆਂ ਲਹਿਰਾਂ ਉੱਛਲ ਕੇ ਜਹਾਜ਼ ਨਾਲ ਜ਼ੋਰ ਨਾਲ ਵੱਜ ਰਹੀਆਂ ਸਨ। ਜਹਾਜ਼ ਦਾ ਹਰ ਲੱਕੜ ਖੜ-ਖੜ ਕਰ ਰਿਹਾ ਸੀ। ਪਰ ਯੂਨਾਹ ਲਈ ਕਪਤਾਨ ਅਤੇ ਉਸ ਦੇ ਬੰਦਿਆਂ ਦਾ ਚੀਕ-ਚਿਹਾੜਾ ਸੁਣਨਾ ਜ਼ਿਆਦਾ ਮੁਸ਼ਕਲ ਲੱਗ ਰਿਹਾ ਸੀ ਜੋ ਜਹਾਜ਼ ਨੂੰ ਡੁੱਬਣ ਤੋਂ ਰੋਕਣ ਲਈ ਨੱਠ-ਭੱਜ ਕਰ ਰਹੇ ਸਨ। ਯੂਨਾਹ ਨੂੰ ਪੂਰਾ ਯਕੀਨ ਸੀ ਕਿ ਇਹ ਸਾਰੇ ਆਦਮੀ ਉਸ ਹੀ ਦੇ ਕਾਰਨ ਆਪਣੀਆਂ ਜਾਨਾਂ ਤੋਂ ਹੱਥ ਧੋਣ ਵਾਲੇ ਸਨ।

ਯੂਨਾਹ ਇੰਨੀ ਮੁਸੀਬਤ ਵਿਚ ਕਿਵੇਂ ਪਿਆ? ਉਸ ਨੇ ਬਹੁਤ ਵੱਡੀ ਗ਼ਲਤੀ ਕੀਤੀ ਜਿਸ ਕਰਕੇ ਉਸ ਦਾ ਪਰਮੇਸ਼ੁਰ ਯਹੋਵਾਹ ਉਸ ਨਾਲ ਨਾਰਾਜ਼ ਸੀ। ਯੂਨਾਹ ਨੇ ਕੀ ਕੀਤਾ ਸੀ? ਕੀ ਉਹ ਆਪਣੇ ਪਰਮੇਸ਼ੁਰ ਨੂੰ ਫਿਰ ਤੋਂ ਖ਼ੁਸ਼ ਕਰ ਸਕਦਾ ਸੀ? ਅਸੀਂ ਇਸ ਘਟਨਾ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਮਿਸਾਲ ਲਈ, ਯੂਨਾਹ ਦੀ ਕਹਾਣੀ ਤੋਂ ਅਸੀਂ ਦੇਖਦੇ ਹਾਂ ਕਿ ਪੱਕੀ ਨਿਹਚਾ ਰੱਖਣ ਵਾਲੇ ਵੀ ਗ਼ਲਤੀਆਂ ਕਰ ਸਕਦੇ ਹਨ, ਪਰ ਉਹ ਆਪਣੀਆਂ ਗ਼ਲਤੀਆਂ ਸੁਧਾਰ ਵੀ ਸਕਦੇ ਹਨ।

ਗਲੀਲ ਤੋਂ ਇਕ ਨਬੀ

ਯਹੋਵਾਹ ਪਰਮੇਸ਼ੁਰ ਨੇ ਹੀ ਯੂਨਾਹ ਨੂੰ ਇਕ ਨਬੀ ਵਜੋਂ ਚੁਣਿਆ ਸੀ। ਪਰ ਜਿਹੜੇ ਲੋਕ ਯੂਨਾਹ ਦੀ ਕਹਾਣੀ ਜਾਣਦੇ ਹਨ ਉਹ ਅਕਸਰ ਉਸ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਦੇ ਮਨਾਂ ਵਿਚ ਇਹੀ ਗੱਲ ਆਉਂਦੀ ਹੈ ਕਿ ਉਸ ਨੇ ਹਮੇਸ਼ਾ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਸੀ ਅਤੇ ਉਹ ਜ਼ਿੱਦੀ ਵੀ ਹੋ ਸਕਦਾ ਸੀ। ਲੇਕਿਨ ਯੂਨਾਹ ਵਿਚ ਬਹੁਤ ਚੰਗੇ ਗੁਣ ਵੀ ਸਨ। ਯਾਦ ਰੱਖੋ ਕਿ ਯਹੋਵਾਹ ਨੇ ਹੀ ਯੂਨਾਹ ਨੂੰ ਇਕ ਨਬੀ ਵਜੋਂ ਚੁਣਿਆ ਸੀ। ਕੀ ਯਹੋਵਾਹ ਉਸ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੰਦਾ ਜੇ ਉਹ ਵਫ਼ਾਦਾਰ ਅਤੇ ਧਰਮੀ ਨਾ ਹੁੰਦਾ?

2 ਰਾਜਿਆਂ 14:25 ਤੋਂ ਅਸੀਂ ਯੂਨਾਹ ਦੇ ਪਿਛੋਕੜ ਬਾਰੇ ਕੁਝ ਗੱਲਾਂ ਸਿੱਖਦੇ ਹਾਂ। ਉਹ ਗਥ ਹੇਫਰ ਨਗਰ ਦਾ ਸੀ ਜੋ ਨਾਸਰਤ ਤੋਂ ਸਿਰਫ਼ ਚਾਰ ਕਿਲੋਮੀਟਰ ਦੂਰ ਸੀ। ਨਾਸਰਤ ਵਿਚ ਹੀ ਲਗਭਗ 800 ਸਾਲ ਬਾਅਦ ਯਿਸੂ ਮਸੀਹ ਦਾ ਜਨਮ ਹੋਇਆ ਸੀ। * ਯੂਨਾਹ ਉਸ ਸਮੇਂ ਨਬੀ ਸੀ ਜਦ ਯਾਰਾਬੁਆਮ ਦੂਜਾ ਇਸਰਾਏਲ ਦੇ ਉੱਤਰੀ ਦਸ-ਗੋਤੀ ਰਾਜ ਦਾ ਰਾਜਾ ਸੀ। ਏਲੀਯਾਹ ਨਬੀ ਕਾਫ਼ੀ ਚਿਰ ਪਹਿਲਾਂ ਮਰ ਚੁੱਕਾ ਸੀ ਅਤੇ ਉਸ ਤੋਂ ਬਾਅਦ ਆਉਣ ਵਾਲਾ ਨਬੀ ਅਲੀਸ਼ਾ ਵੀ ਯਾਰਾਬੁਆਮ ਦੇ ਪਿਤਾ ਦੇ ਰਾਜ ਦੌਰਾਨ ਪੂਰਾ ਹੋ ਚੁੱਕਾ ਸੀ। ਭਾਵੇਂ ਯਹੋਵਾਹ ਨੇ ਇਨ੍ਹਾਂ ਨਬੀਆਂ ਦੇ ਰਾਹੀਂ ਬਆਲ ਦੀ ਪੂਜਾ ਖ਼ਤਮ ਕੀਤੀ ਸੀ, ਪਰ ਇਸਰਾਏਲੀ ਜਾਣ-ਬੁੱਝ ਕੇ ਫਿਰ ਤੋਂ ਗ਼ਲਤ ਪਾਸੇ ਜਾ ਰਹੇ ਸਨ। ਹੁਣ ਇਸਰਾਏਲ ਦੇਸ਼ ਇਕ ਅਜਿਹੇ ਰਾਜੇ ਦੇ ਅਧੀਨ ਸੀ ਜਿਸ ਨੇ “ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ।” (2 ਰਾਜਿਆਂ 14:24) ਸੋ ਇਨ੍ਹਾਂ ਹਾਲਾਤਾਂ ਵਿਚ ਯੂਨਾਹ ਲਈ ਯਹੋਵਾਹ ਦੀ ਸੇਵਾ ਕਰਨੀ ਸੌਖੀ ਨਹੀਂ ਸੀ। ਫਿਰ ਵੀ ਉਸ ਨੇ ਵਫ਼ਾਦਾਰੀ ਨਾਲ ਆਪਣਾ ਕੰਮ ਪੂਰਾ ਕੀਤਾ।

ਪਰ ਇਕ ਦਿਨ ਯੂਨਾਹ ਨੂੰ ਇਕ ਵੱਡਾ ਫ਼ੈਸਲਾ ਕਰਨਾ ਪਿਆ। ਉਸ ਨੂੰ ਯਹੋਵਾਹ ਤੋਂ ਅਜਿਹਾ ਕੰਮ ਮਿਲਿਆ ਜੋ ਯੂਨਾਹ ਨੂੰ ਬੜਾ ਮੁਸ਼ਕਲ ਲੱਗਿਆ। ਯਹੋਵਾਹ ਨੇ ਉਸ ਨੂੰ ਕਿਹੜਾ ਕੰਮ ਕਰਨ ਲਈ ਕਿਹਾ ਸੀ?

“ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ”

ਯਹੋਵਾਹ ਨੇ ਯੂਨਾਹ ਨੂੰ ਕਿਹਾ: “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਓਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਹਾਂ ਆਈ ਹੈ!” (ਯੂਨਾਹ 1:2) ਅਸੀਂ ਸਮਝ ਸਕਦੇ ਹਾਂ ਕਿ ਯੂਨਾਹ ਨੀਨਵਾਹ ਜਾਣ ਤੋਂ ਕਿਉਂ ਘਬਰਾ ਰਿਹਾ ਸੀ। ਨੀਨਵਾਹ ਪੂਰਬ ਵੱਲ 800 ਕਿਲੋਮੀਟਰ ਦੂਰ ਸੀ। ਪੈਦਲ ਜਾਣ ਲਈ ਉਸ ਨੂੰ ਤਕਰੀਬਨ ਇਕ ਮਹੀਨਾ ਲੱਗ ਜਾਣਾ ਸੀ। ਫਿਰ ਵੀ ਸ਼ਾਇਦ ਅਜਿਹਾ ਸਫ਼ਰ ਕਰਨਾ ਯੂਨਾਹ ਦੇ ਮਨ ਵਿਚ ਇੰਨਾ ਔਖਾ ਨਹੀਂ ਸੀ। ਨੀਨਵਾਹ ਜਾ ਕੇ ਯੂਨਾਹ ਨੇ ਅੱਸ਼ੂਰੀ ਲੋਕਾਂ ਨੂੰ ਯਹੋਵਾਹ ਦੀ ਸਜ਼ਾ ਸੁਣਾਉਣੀ ਪੈਣੀ ਸੀ ਅਤੇ ਇਹ ਲੋਕ ਜ਼ਾਲਮ ਅਤੇ ਵਹਿਸ਼ੀ ਹੋਣ ਲਈ ਮਸ਼ਹੂਰ ਸਨ। ਜੇ ਪਰਮੇਸ਼ੁਰ ਦੇ ਆਪਣੇ ਲੋਕਾਂ ਨੇ ਉਸ ਦਾ ਸੁਨੇਹਾ ਨਹੀਂ ਸੁਣਿਆ ਸੀ, ਤਾਂ ਯੂਨਾਹ ਇਨ੍ਹਾਂ ਲੋਕਾਂ ਲਈ ਕੀ ਉਮੀਦ ਰੱਖ ਸਕਦਾ ਸੀ? ਯਹੋਵਾਹ ਦੇ ਇਕੱਲੇ ਸੇਵਕ ਦਾ ਇਸ ਵੱਡੇ ਸ਼ਹਿਰ ਵਿਚ ਕੀ ਹਾਲ ਹੁੰਦਾ ਜਿਸ ਨੂੰ ਬਾਅਦ ਵਿਚ “ਖੂਨੀ ਸ਼ਹਿਰ” ਕਿਹਾ ਗਿਆ ਸੀ?—ਨਹੂਮ 3:1, 7.

ਸਾਨੂੰ ਪਤਾ ਨਹੀਂ ਕਿ ਇਹ ਗੱਲਾਂ ਯੂਨਾਹ ਦੇ ਮਨ ਵਿਚ ਵੀ ਆਈਆਂ ਕਿ ਨਹੀਂ। ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਹ ਉੱਥੋਂ ਭੱਜ ਗਿਆ ਸੀ। ਯਹੋਵਾਹ ਨੇ ਉਸ ਨੂੰ ਪੂਰਬ ਵੱਲ ਜਾਣ ਲਈ ਕਿਹਾ ਸੀ, ਪਰ ਉਹ ਦੂਰ ਪੱਛਮ ਵੱਲ ਗਿਆ। ਉਹ ਸਮੁੰਦਰ ਦੇ ਕਿਨਾਰੇ ਯਾਫਾ ਨਾਂ ਦੇ ਬੰਦਰਗਾਹ ਸ਼ਹਿਰ ਨੂੰ ਗਿਆ ਅਤੇ ਉੱਥੋਂ ਉਹ ਤਰਸ਼ੀਸ਼ ਨੂੰ ਜਾਣ ਵਾਲੇ ਇਕ ਜਹਾਜ਼ ਉੱਤੇ ਚੜ੍ਹਿਆ। ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਤਰਸ਼ੀਸ਼ ਸਪੇਨ ਦੇਸ਼ ਵਿਚ ਸੀ। ਜੇ ਉਨ੍ਹਾਂ ਦੀ ਗੱਲ ਸਹੀ ਹੈ, ਤਾਂ ਯੂਨਾਹ ਨੀਨਵਾਹ ਤੋਂ 3,500 ਕਿਲੋਮੀਟਰ ਦੂਰ ਜਾ ਰਿਹਾ ਸੀ। ਵੱਡੇ ਸਾਗਰ (ਅੱਜ ਭੂਮੱਧ ਸਾਗਰ) ਦੇ ਐਨ ਦੂਜੇ ਪਾਸੇ ਪਹੁੰਚਣ ਲਈ ਉਸ ਨੂੰ ਸ਼ਾਇਦ ਪੂਰਾ ਸਾਲ ਲੱਗ ਜਾਂਦਾ! ਯਹੋਵਾਹ ਵੱਲੋਂ ਮਿਲੇ ਇਸ ਕੰਮ ਤੋਂ ਭੱਜਣ ਲਈ ਯੂਨਾਹ ਦਾ ਇਰਾਦਾ ਇੰਨਾ ਪੱਕਾ ਸੀ ਕਿ ਉਹ ਇਹ ਸਫ਼ਰ ਕਰਨ ਲਈ ਤਿਆਰ ਸੀ!

ਕੀ ਇਸ ਦਾ ਇਹ ਮਤਲਬ ਹੈ ਕਿ ਯੂਨਾਹ ਡਰਪੋਕ ਸੀ? ਸਾਨੂੰ ਉਸ ਵਿਚ ਨੁਕਸ ਕੱਢਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ। ਅਸੀਂ ਦੇਖਾਂਗੇ ਕਿ ਉਹ ਬਹੁਤ ਬਹਾਦਰ ਵੀ ਹੋ ਸਕਦਾ ਸੀ। ਲੇਕਿਨ ਉਹ ਵੀ ਸਾਡੇ ਵਾਂਗ ਇਕ ਪਾਪੀ ਇਨਸਾਨ ਸੀ ਜਿਸ ਵਿਚ ਬਹੁਤ ਸਾਰੀਆਂ ਕਮੀਆਂ-ਕਮਜ਼ੋਰੀਆਂ ਸਨ। (ਜ਼ਬੂਰਾਂ ਦੀ ਪੋਥੀ 51:5) ਸਾਡੇ ਵਿੱਚੋਂ ਕੌਣ ਹੈ ਜਿਸ ਨੂੰ ਕਦੀ ਡਰ ਨਹੀਂ ਲੱਗਿਆ?

ਕਦੀ-ਕਦੀ ਸ਼ਾਇਦ ਸਾਨੂੰ ਲੱਗੇ ਕਿ ਪਰਮੇਸ਼ੁਰ ਸਾਨੂੰ ਉਹ ਕਰਨ ਲਈ ਕਹਿੰਦਾ ਹੈ ਜੋ ਸਾਡੇ ਲਈ ਬਹੁਤ ਮੁਸ਼ਕਲ ਹੈ ਜਾਂ ਸਾਨੂੰ ਨਾਮੁਮਕਿਨ ਲੱਗੇ। ਹੋ ਸਕਦਾ ਹੈ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਔਖੀ ਲੱਗੇ। (ਮੱਤੀ 24:14) ਅਸੀਂ ਯਿਸੂ ਦੀ ਇਹ ਕਹੀ ਗੱਲ ਜਲਦੀ ਭੁੱਲ ਸਕਦੇ ਹਾਂ ਕਿ “ਪਰਮੇਸ਼ੁਰ ਕੋਲੋਂ ਸਭ ਕੁਝ ਹੋ ਸੱਕਦਾ ਹੈ।” (ਮਰਕੁਸ 10:27) ਜੇ ਅਸੀਂ ਕਦੀ-ਕਦੀ ਇਹ ਗੱਲ ਭੁੱਲ ਜਾਂਦੇ ਹਾਂ, ਤਾਂ ਸ਼ਾਇਦ ਅਸੀਂ ਸਮਝ ਸਕਦੇ ਹਾਂ ਕਿ ਯੂਨਾਹ ’ਤੇ ਕੀ ਬੀਤੀ ਸੀ। ਲੇਕਿਨ ਯੂਨਾਹ ਦੇ ਭੱਜਣ ਦਾ ਅੰਜਾਮ ਕੀ ਨਿਕਲਿਆ?

ਯਹੋਵਾਹ ਨੇ ਆਪਣੇ ਜ਼ਿੱਦੀ ਨਬੀ ਨੂੰ ਤਾੜਿਆ

ਕਲਪਨਾ ਕਰੋ ਕਿ ਯੂਨਾਹ ਜਹਾਜ਼ ਉੱਤੇ ਚੜ੍ਹ ਕੇ ਆਰਾਮ ਨਾਲ ਬੈਠਦਾ ਹੈ। ਇਹ ਜਹਾਜ਼ ਸ਼ਾਇਦ ਮਾਲ ਢਾਹੁਣ ਵਾਲਾ ਕਨਾਨੀ ਜਹਾਜ਼ ਸੀ। ਉਹ ਕਪਤਾਨ ਅਤੇ ਉਸ ਦੇ ਆਦਮੀਆਂ ਨੂੰ ਜਹਾਜ਼ ’ਤੇ ਸਫ਼ਰ ਦੀ ਤਿਆਰੀ ਵਿਚ ਦੌੜ-ਭੱਜ ਕਰਦੇ ਦੇਖਦਾ ਹੈ। ਜਿਵੇਂ ਉਹ ਸਮੁੰਦਰ ਦੇ ਕਿਨਾਰੇ ਤੋਂ ਦੂਰ ਹੁੰਦੇ ਗਏ ਯੂਨਾਹ ਨੇ ਸੋਚਿਆ ਹੋਣਾ ਕਿ ਉਹ ਖ਼ਤਰੇ ਤੋਂ ਬਚ ਗਿਆ ਸੀ। ਫਿਰ ਅਚਾਨਕ ਮੌਸਮ ਬਦਲ ਗਿਆ।

ਤੇਜ਼ ਹਵਾ ਅਤੇ ਹਨੇਰੀ ਵਗਣ ਲੱਗੀ। ਤੂਫ਼ਾਨ ਇੰਨਾ ਤੇਜ਼ ਹੋਇਆ ਕਿ ਸਮੁੰਦਰ ਦੀਆਂ ਲਹਿਰਾਂ ਉੱਚੀ-ਉੱਚੀ ਛਾਲਾਂ ਮਾਰਦੀਆਂ ਸਨ। ਅਜਿਹੀਆਂ ਲਹਿਰਾਂ ਦੇ ਸਾਮ੍ਹਣੇ ਅੱਜ ਦੇ ਸਮੁੰਦਰੀ ਜਹਾਜ਼ ਵੀ ਸ਼ਾਇਦ ਕੁਝ ਵੀ ਨਾ ਲੱਗਣ। ਇਹ ਛੋਟਾ ਜਿਹਾ ਜਹਾਜ਼ ਕਿੰਨਾ ਕੁ ਚਿਰ ਇਸ ਵੱਡੇ ਸਮੁੰਦਰ ਦੀਆਂ ਜ਼ੋਰਦਾਰ ਲਹਿਰਾਂ ਤੋਂ ਬਚ ਸਕਦਾ? ਕੀ ਯੂਨਾਹ ਨੂੰ ਇਸ ਸਮੇਂ ਪਤਾ ਸੀ ਜੋ ਉਸ ਨੇ ਬਾਅਦ ਵਿਚ ਲਿਖਿਆ ਕਿ “ਯਹੋਵਾਹ ਨੇ ਸਮੁੰਦਰ ਉੱਤੇ ਇੱਕ ਵੱਡੀ ਅਨ੍ਹੇਰੀ ਵਗਾ ਦਿੱਤੀ” ਸੀ? ਸਾਨੂੰ ਪੱਕਾ ਨਹੀਂ ਪਤਾ। ਪਰ ਉਸ ਨੇ ਦੇਖਿਆ ਕਿ ਸਾਰੇ ਆਪੋ-ਆਪਣੇ ਦੇਵੀ-ਦੇਵਤਿਆਂ ਨੂੰ ਮਦਦ ਲਈ ਪੁਕਾਰ ਰਹੇ ਸਨ। ਯੂਨਾਹ ਨੂੰ ਪਤਾ ਸੀ ਕਿ ਇਹ ਦੇਵੀ-ਦੇਵਤੇ ਉਨ੍ਹਾਂ ਨੂੰ ਬਚਾ ਨਹੀਂ ਸੀ ਸਕਦੇ। ਬਾਈਬਲ ਵਿਚ ਲਿਖਿਆ ਹੈ: “ਸਮੁੰਦਰ ਵਿੱਚ ਵੱਡਾ ਤੁਫ਼ਾਨ ਸੀ, ਏਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ।” (ਯੂਨਾਹ 1:4; ਲੇਵੀਆਂ 19:4) ਯੂਨਾਹ ਆਪਣੇ ਰੱਬ ਨੂੰ ਕਿੱਦਾਂ ਪ੍ਰਾਰਥਨਾ ਕਰਦਾ ਜਿਸ ਤੋਂ ਉਹ ਭੱਜ ਰਿਹਾ ਸੀ?

ਬੇਬੱਸ ਹੋ ਕੇ ਯੂਨਾਹ ਜਹਾਜ਼ ਦੇ ਅੰਦਰ ਜਾ ਕੇ ਸੌਂ ਗਿਆ। * ਕਪਤਾਨ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਉਠਾ ਕੇ ਕਹਿਣ ਲੱਗਾ ਕਿ ਉਹ ਵੀ ਬਾਕੀਆਂ ਵਾਂਗ ਆਪਣੇ ਰੱਬ ਨੂੰ ਪ੍ਰਾਰਥਨਾ ਕਰੇ। ਸਾਰਿਆਂ ਨੂੰ ਇਹ ਵਿਸ਼ਵਾਸ ਸੀ ਕਿ ਇਸ ਤੂਫ਼ਾਨ ਦੇ ਪਿੱਛੇ ਰੱਬ ਦਾ ਹੀ ਹੱਥ ਸੀ। ਇਸ ਲਈ ਆਦਮੀਆਂ ਨੇ ਗੁਣਾ ਪਾ ਕੇ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਹ ਬਿਪਤਾ ਕਿਸ ਦੇ ਕਾਰਨ ਉਨ੍ਹਾਂ ਉੱਤੇ ਆਈ ਸੀ। ਯੂਨਾਹ ਦਾ ਦਿਲ ਜ਼ਰੂਰ ਡੁੱਬ ਗਿਆ ਹੋਣਾ ਜਦ ਗੁਣਾ ਉਸ ਉੱਤੇ ਪਿਆ। ਬਿਨਾਂ ਸ਼ੱਕ ਯਹੋਵਾਹ ਇਹ ਤੂਫ਼ਾਨ ਯੂਨਾਹ ਦੇ ਕਾਰਨ ਹੀ ਲਿਆ ਰਿਹਾ ਸੀ!—ਯੂਨਾਹ 1:5-7.

ਯੂਨਾਹ ਨੇ ਆਦਮੀਆਂ ਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਦੱਸਿਆ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦਾ ਸੇਵਕ ਸੀ। ਉਸ ਨੇ ਇਸੇ ਪਰਮੇਸ਼ੁਰ ਤੋਂ ਭੱਜ ਕੇ ਉਸ ਨੂੰ ਨਾਰਾਜ਼ ਕੀਤਾ ਸੀ ਜਿਸ ਕਰਕੇ ਸਾਰਿਆਂ ਦੀਆਂ ਜਾਨਾਂ ਖ਼ਤਰੇ ਵਿਚ ਸਨ। ਯੂਨਾਹ ਦੀਆਂ ਗੱਲਾਂ ਸੁਣ ਕੇ ਉਹ ਹੱਕੇ-ਬੱਕੇ ਰਹਿ ਗਏ। ਉਹ ਡਰ ਦੇ ਮਾਰੇ ਕੰਬਣ ਲੱਗ ਪਏ। ਉਨ੍ਹਾਂ ਨੇ ਯੂਨਾਹ ਨੂੰ ਪੁੱਛਿਆ ਕਿ ਉਹ ਉਸ ਨਾਲ ਕੀ ਕਰਨ ਤਾਂਕਿ ਜਹਾਜ਼ ਅਤੇ ਉਨ੍ਹਾਂ ਦੀਆਂ ਜਾਨਾਂ ਵੀ ਬਚ ਜਾਣ। ਯੂਨਾਹ ਨੇ ਕੀ ਜਵਾਬ ਦਿੱਤਾ? ਉਸ ਤੂਫ਼ਾਨੀ ਸਮੁੰਦਰ ਵਿਚ ਡੁੱਬਣ ਬਾਰੇ ਸੋਚ ਕੇ ਉਸ ਨੂੰ ਕਾਂਬਾ ਛਿੜ ਗਿਆ ਹੋਣਾ। ਪਰ ਉਹ ਇਨ੍ਹਾਂ ਬੰਦਿਆਂ ਨੂੰ ਮੌਤ ਦੇ ਮੂੰਹ ਵਿਚ ਕਿਵੇਂ ਧੱਕ ਸਕਦਾ ਸੀ ਜਦ ਉਹ ਜਾਣਦਾ ਸੀ ਕਿ ਉਹ ਉਨ੍ਹਾਂ ਨੂੰ ਬਚਾ ਸਕਦਾ ਸੀ? ਇਸ ਲਈ ਉਸ ਨੇ ਕਿਹਾ: “ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ, ਫੇਰ ਤੁਹਾਡੇ ਲਈ ਸਮੁੰਦਰ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਏਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ।”—ਯੂਨਾਹ 1:12.

ਇਹ ਕਿਸੇ ਡਰਪੋਕ ਦੇ ਸ਼ਬਦ ਨਹੀਂ ਸਨ। ਯਹੋਵਾਹ ਦਾ ਜੀਅ ਕਿੰਨਾ ਖ਼ੁਸ਼ ਹੋਇਆ ਹੋਣਾ ਜਦ ਉਸ ਨੇ ਇਸ ਔਖੀ ਘੜੀ ਵਿਚ ਯੂਨਾਹ ਦੀ ਬਹਾਦਰੀ ਦੇਖੀ। ਇਸ ਤੋਂ ਸਾਨੂੰ ਯੂਨਾਹ ਦੀ ਪੱਕੀ ਨਿਹਚਾ ਦਾ ਸਬੂਤ ਮਿਲਦਾ ਹੈ। ਅਸੀਂ ਵੀ ਦੂਸਰੀਆਂ ਦੀਆਂ ਲੋੜਾਂ ਨੂੰ ਪਹਿਲ ਦੇ ਕੇ ਉਸ ਦੀ ਨਿਹਚਾ ਦੀ ਰੀਸ ਕਰ ਸਕਦੇ ਹਾਂ। (ਯੂਹੰਨਾ 13:34, 35) ਜਦ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਮਦਦ, ਸਹਾਰੇ ਜਾਂ ਬਾਈਬਲ ਤੋਂ ਹੌਸਲੇ ਦੀ ਲੋੜ ਹੈ, ਤਾਂ ਕੀ ਅਸੀਂ ਉਨ੍ਹਾਂ ਦੀ ਲੋੜ ਪੂਰੀ ਕਰਨ ਲਈ ਤਿਆਰ ਹੁੰਦੇ ਹਾਂ? ਇਵੇਂ ਕਰ ਕੇ ਅਸੀਂ ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਕਰਦੇ ਹਾਂ!

ਯੂਨਾਹ ਦਾ ਜਵਾਬ ਸੁਣ ਕੇ ਉਨ੍ਹਾਂ ਆਦਮੀਆਂ ਉੱਤੇ ਵੀ ਅਸਰ ਪਿਆ ਹੋਣਾ ਕਿਉਂਕਿ ਉਹ ਉਸ ਨੂੰ ਸਮੁੰਦਰ ਵਿਚ ਸੁੱਟਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਨੇ ਤੂਫ਼ਾਨ ਤੋਂ ਬਚਣ ਲਈ ਸਭ ਕੁਝ ਕੀਤਾ, ਪਰ ਕੁਝ ਨਾ ਬਣਿਆ। ਤੂਫ਼ਾਨ ਵਧਦਾ ਗਿਆ। ਅਖ਼ੀਰ ਵਿਚ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਾ ਰਿਹਾ। ਉਨ੍ਹਾਂ ਨੇ ਯੂਨਾਹ ਦੇ ਪਰਮੇਸ਼ੁਰ ਯਹੋਵਾਹ ਨੂੰ ਪੁਕਾਰ ਕੇ ਉਸ ਤੋਂ ਦਇਆ ਮੰਗੀ ਅਤੇ ਫਿਰ ਉਸ ਨੂੰ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੱਤਾ।—ਯੂਨਾਹ 1:13-15.

ਯੂਨਾਹ ਨੂੰ ਦਇਆ ਅਤੇ ਛੁਟਕਾਰਾ ਮਿਲਿਆ

ਯੂਨਾਹ ਸਮੁੰਦਰ ਦੀਆਂ ਲਹਿਰਾਂ ਵਿਚ ਜਾ ਕੇ ਡਿੱਗਿਆ। ਹੋ ਸਕਦਾ ਹੈ ਕਿ ਉਸ ਨੇ ਪਹਿਲਾਂ-ਪਹਿਲਾਂ ਹੱਥ-ਪੈਰ ਮਾਰੇ ਹੋਣ ਅਤੇ ਉੱਛਲਦੇ ਸਮੁੰਦਰ ਦੀ ਝੱਗ ਵਿੱਚੋਂ ਦੇਖਿਆ ਹੋਵੇ ਕਿ ਜਹਾਜ਼ ਹੌਲੀ-ਹੌਲੀ ਉਸ ਤੋਂ ਦੂਰ ਜਾ ਰਿਹਾ ਸੀ। ਪਰ ਜ਼ੋਰਦਾਰ ਲਹਿਰਾਂ ਉਸ ਨੂੰ ਪਾਣੀ ਦੇ ਥੱਲੇ ਖਿੱਚ ਰਹੀਆਂ ਸਨ। ਪਾਣੀ ਵਿਚ ਡੁੱਬਦਾ-ਡੁੱਬਦਾ ਬਚਣ ਦੀ ਆਸ ਦੀ ਆਖ਼ਰੀ ਕਿਰਨ ਵੀ ਉਸ ਨਾਲ ਡੁੱਬ ਗਈ ਹੋਣੀ।

ਬਾਅਦ ਵਿਚ ਯੂਨਾਹ ਨੇ ਲਿਖਿਆ ਕਿ ਉਸ ਸਮੇਂ ਉਸ ਉੱਤੇ ਕੀ ਬੀਤੀ ਸੀ। ਉਸ ਦੇ ਮਨ ਵਿਚ ਕਈ ਗੱਲਾਂ ਆਈਆਂ। ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਹ ਯਰੂਸ਼ਲਮ ਵਿਚ ਯਹੋਵਾਹ ਦੀ ਸ਼ਾਨਦਾਰ ਹੈਕਲ ਫਿਰ ਕਦੇ ਨਹੀਂ ਦੇਖੇਗਾ। ਉਸ ਨੂੰ ਅਹਿਸਾਸ ਹੋਇਆ ਕਿ ਉਹ ਪਾਣੀ ਦੀ ਡੁੰਘਿਆਈ ਵਿਚ ਘੇਰਿਆ ਹੋਇਆ ਸੀ ਤੇ ਪਹਾੜਾਂ ਦੇ ਮੁੱਢ ਤਕ ਡੁੱਬ ਰਿਹਾ ਸੀ ਜਿੱਥੇ ਸਮੁੰਦਰੀ ਘਾਹ ਨੇ ਉਸ ਨੂੰ ਲਪੇਟ ਲਿਆ। ਯੂਨਾਹ ਨੂੰ ਲੱਗਾ ਕਿ ਸਮੁੰਦਰ ਹੀ ਉਸ ਦੀ ਕਬਰ ਬਣ ਜਾਵੇਗਾ।—ਯੂਨਾਹ 2:2-6.

ਪਰ ਠਹਿਰੋ! ਕੋਈ ਵੱਡੀ ਜਿਹੀ ਚੀਜ਼ ਯੂਨਾਹ ਦੇ ਨੇੜੇ-ਤੇੜੇ ਘੁੰਮ ਰਹੀ ਸੀ। ਇਹ ਉਸ ਵੱਲ ਆਈ ਅਤੇ ਫਿਰ ਤੇਜ਼ੀ ਨਾਲ ਆਪਣਾ ਮੂੰਹ ਅੱਡ ਕੇ ਯੂਨਾਹ ਨੂੰ ਨਿਗਲ ਗਈ!

ਯੂਨਾਹ ਨੇ ਸੋਚਿਆ ਹੋਣਾ ਕਿ ਉਸ ਦੀ ਜ਼ਿੰਦਗੀ ਹੁਣ ਇੱਥੇ ਹੀ ਖ਼ਤਮ ਹੋ ਜਾਵੇਗੀ। ਪਰ ਫਿਰ ਉਹ ਹੈਰਾਨ ਹੋਇਆ। ਉਹ ਅਜੇ ਵੀ ਜ਼ਿੰਦਾ ਸੀ! ਇਸ ਚੀਜ਼ ਨੇ ਨਾ ਤਾਂ ਉਸ ਨੂੰ ਮਿੱਧਿਆ, ਨਾ ਹਜ਼ਮ ਕੀਤਾ ਅਤੇ ਨਾ ਹੀ ਯੂਨਾਹ ਦਾ ਦਮ ਘੁੱਟਿਆ ਗਿਆ। ਇੰਨਾ ਕੁਝ ਹੋ ਕੇ ਵੀ ਯੂਨਾਹ ਜੀਉਂਦਾ ਸੀ! ਇਸ ਬਾਰੇ ਸੋਚ ਕੇ ਯੂਨਾਹ ਦਾ ਦਿਲ ਯਹੋਵਾਹ ਲਈ ਸ਼ਰਧਾ ਨਾਲ ਭਰ ਗਿਆ ਹੋਣਾ। ਬਿਨਾਂ ਸ਼ੱਕ “ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾਹ ਨੂੰ ਨਿਗਲ ਜਾਵੇ।” *ਯੂਨਾਹ 1:17.

ਕਈ ਮਿੰਟ ਲੰਘ ਗਏ, ਫਿਰ ਕਈ ਘੰਟੇ। ਘੁੱਪ ਹਨੇਰੇ ਵਿਚ ਯੂਨਾਹ ਨੂੰ ਸੋਚਣ ਦਾ ਸਮਾਂ ਮਿਲਿਆ ਅਤੇ ਫਿਰ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਦੀ ਪ੍ਰਾਰਥਨਾ ਯੂਨਾਹ ਦੇ ਦੂਜੇ ਅਧਿਆਏ ਵਿਚ ਦਰਜ ਕੀਤੀ ਗਈ ਹੈ ਅਤੇ ਇਸ ਤੋਂ ਅਸੀਂ ਯੂਨਾਹ ਬਾਰੇ ਬਹੁਤ ਕੁਝ ਸਿੱਖਦੇ ਹਾਂ। ਯੂਨਾਹ ਨੂੰ ਸ਼ਾਸਤਰਾਂ ਦਾ ਕਾਫ਼ੀ ਗਿਆਨ ਸੀ, ਖ਼ਾਸ ਕਰਕੇ ਜ਼ਬੂਰਾਂ ਦੀ ਪੋਥੀ ਦਾ। ਇਸ ਤੋਂ ਯੂਨਾਹ ਦੀ ਸ਼ੁਕਰਗੁਜ਼ਾਰੀ ਵੀ ਝਲਕਦੀ ਹੈ। ਉਸ ਨੇ ਸਾਰੀਆਂ ਗੱਲਾਂ ਉੱਤੇ ਵਿਚਾਰ ਕੀਤਾ ਅਤੇ ਕਿਹਾ: “ਮੈਂ ਧੰਨ ਧੰਨ ਦੀ ਆਵਾਜ਼ ਨਾਲ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਸੋ ਪੂਰੀ ਕਰਾਂਗਾ, ਬਚਾਊ ਯਹੋਵਾਹ ਵੱਲੋਂ ਹੀ ਹੈ!”—ਯੂਨਾਹ 2:9.

ਯੂਨਾਹ ਨੇ ਸਿੱਖਿਆ ਕਿ ਯਹੋਵਾਹ ਕਿਸੇ ਨੂੰ, ਕਿਤੇ ਵੀ ਅਤੇ ਕਿਸੇ ਹੀ ਸਮੇਂ ਮੁਕਤੀ ਬਖ਼ਸ਼ ਸਕਦਾ ਹੈ। “ਮੱਛੀ ਦੇ ਢਿੱਡ ਵਿੱਚ” ਹੁੰਦਿਆਂ ਵੀ ਯਹੋਵਾਹ ਨੇ ਆਪਣੇ ਨਬੀ ਨੂੰ ਬਚਾਇਆ। (ਯੂਨਾਹ 1:17) ਸਿਰਫ਼ ਯਹੋਵਾਹ ਹੀ ਕਿਸੇ ਨੂੰ ਤਿੰਨ ਦਿਨਾਂ ਅਤੇ ਤਿੰਨ ਰਾਤਾਂ ਲਈ ਇਕ ਮੱਛੀ ਦੇ ਢਿੱਡ ਵਿੱਚ ਬਚਾ ਕੇ ਰੱਖ ਸਕਦਾ ਸੀ। ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿਰਫ਼ ਯਹੋਵਾਹ “ਦੇ ਹੱਥ ਵਿੱਚ [ਸਾਡਾ] ਦਮ” ਹੈ। (ਦਾਨੀਏਲ 5:23) ਸਾਨੂੰ ਆਪਣੇ ਹਰੇਕ ਸਾਹ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ। ਕੀ ਤੁਸੀਂ ਇਸ ਤਰ੍ਹਾਂ ਕਰਦੇ ਹੋ? ਤਾਂ ਫਿਰ ਕੀ ਤੁਹਾਨੂੰ ਯਹੋਵਾਹ ਦੇ ਕਹਿਣੇ ਵਿਚ ਨਹੀਂ ਰਹਿਣਾ ਚਾਹੀਦਾ?

ਯੂਨਾਹ ਬਾਰੇ ਕੀ? ਕੀ ਉਸ ਨੇ ਕੋਈ ਸਬਕ ਸਿੱਖਿਆ ਸੀ? ਕੀ ਉਸ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਆਪਣੀ ਸ਼ੁਕਰਗੁਜ਼ਾਰੀ ਦਾ ਸਬੂਤ ਦਿੱਤਾ ਸੀ? ਹਾਂ। ਤਿੰਨ ਦਿਨਾਂ ਅਤੇ ਤਿੰਨ ਰਾਤਾਂ ਬਾਅਦ ਮੱਛੀ ਨੇ ਕਿਨਾਰੇ ’ਤੇ ਜਾ ਕੇ “ਯੂਨਾਹ ਨੂੰ ਥਲ ਉੱਤੇ ਉਗਲੱਛ ਦਿੱਤਾ।” (ਯੂਨਾਹ 2:10) ਯੂਨਾਹ ਨੂੰ ਆਪ ਕਿਨਾਰੇ ਤਕ ਤੈਰਨਾ ਵੀ ਨਹੀਂ ਪਿਆ! ਪਰ ਉਸ ਨੂੰ ਕਿਨਾਰੇ ਤੋਂ ਰਸਤਾ ਤਾਂ ਜ਼ਰੂਰ ਲੱਭਣਾ ਪਿਆ। ਥੋੜ੍ਹੀ ਦੇਰ ਬਾਅਦ ਹੀ ਉਸ ਦੀ ਸ਼ੁਕਰਗੁਜ਼ਾਰੀ ਪਰਖੀ ਗਈ। ਯੂਨਾਹ 3:1, 2 ਵਿਚ ਲਿਖਿਆ ਹੈ: “ਯਹੋਵਾਹ ਦੀ ਬਾਣੀ ਦੂਜੀ ਵਾਰ ਯੂਨਾਹ ਨੂੰ ਆਈ ਕਿ ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ!” ਯੂਨਾਹ ਨੇ ਹੁਣ ਕੀ ਕੀਤਾ?

ਯੂਨਾਹ ਜ਼ਰਾ ਵੀ ਨਹੀਂ ਹਿਚਕਿਚਾਇਆ। ਅਸੀਂ ਪੜ੍ਹਦੇ ਹਾਂ: “ਯੂਨਾਹ ਯਹੋਵਾਹ ਦੇ ਆਖੇ ਅਨੁਸਾਰ ਉੱਠ ਕੇ ਨੀਨਵਾਹ ਨੂੰ ਗਿਆ।” (ਯੂਨਾਹ 3:3) ਜੀ ਹਾਂ, ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਗ਼ਲਤੀ ਤੋਂ ਸਬਕ ਸਿੱਖ ਲਿਆ ਸੀ। ਇਸ ਸੰਬੰਧ ਵਿਚ ਸਾਨੂੰ ਵੀ ਯੂਨਾਹ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ। ਅਸੀਂ ਸਾਰੇ ਹੀ ਪਾਪੀ ਹਾਂ ਅਤੇ ਸਾਰੇ ਹੀ ਗ਼ਲਤੀਆਂ ਕਰਦੇ ਹਾਂ। (ਰੋਮੀਆਂ 3:23) ਪਰ ਕੀ ਅਸੀਂ ਹਿੰਮਤ ਹਾਰ ਜਾਂਦੇ ਹਾਂ ਜਾਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਯਹੋਵਾਹ ਦਾ ਕਹਿਣਾ ਮੰਨ ਲੈਂਦੇ ਹਾਂ?

ਕੀ ਯਹੋਵਾਹ ਨੇ ਯੂਨਾਹ ਨੂੰ ਉਸ ਦੀ ਆਗਿਆਕਾਰੀ ਲਈ ਕੋਈ ਇਨਾਮ ਦਿੱਤਾ ਸੀ? ਜ਼ਰੂਰ। ਇਕ ਗੱਲ ਇਹ ਹੈ ਕਿ ਯੂਨਾਹ ਨੂੰ ਪਤਾ ਚੱਲ ਗਿਆ ਹੋਣਾ ਕਿ ਜਹਾਜ਼ ਉੱਤੇ ਸਾਰੇ ਆਦਮੀ ਬਚ ਗਏ ਸਨ। ਜਦ ਯੂਨਾਹ ਸਮੁੰਦਰ ਵਿਚ ਸੁੱਟਿਆ ਗਿਆ ਸੀ, ਤਾਂ ਤੂਫ਼ਾਨ ਸ਼ਾਂਤ ਹੋ ਗਿਆ ਸੀ। ਫਿਰ ਉਨ੍ਹਾਂ ਆਦਮੀਆਂ ਨੇ “ਯਹੋਵਾਹ ਦਾ ਡਾਢਾ ਹੀ ਭੈ ਮੰਨਿਆ” ਅਤੇ ਆਪਣੇ ਦੇਵੀ-ਦੇਵਤਿਆਂ ਦੀ ਬਜਾਇ ਯਹੋਵਾਹ ਨੂੰ ਚੜ੍ਹਾਵੇ ਚੜ੍ਹਾਏ ਸਨ।—ਯੂਨਾਹ 1:15, 16.

ਬਾਅਦ ਵਿਚ ਯੂਨਾਹ ਨੂੰ ਇਸ ਤੋਂ ਵੀ ਵੱਡਾ ਇਨਾਮ ਮਿਲਿਆ। ਯਿਸੂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਲਈ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰ੍ਹਾਂ ਉਹ ਤਿੰਨ ਦਿਨ ਅਤੇ ਤਿੰਨ ਰਾਤਾਂ ਕਬਰ ਵਿਚ ਰਹੇਗਾ। (ਮੱਤੀ 12:38-40) ਯੂਨਾਹ ਇਸ ਗੱਲ ਨੂੰ ਸੁਣ ਕੇ ਕਿੰਨਾ ਖ਼ੁਸ਼ ਹੋਇਆ ਹੋਵੇਗਾ ਜਦ ਉਹ ਧਰਤੀ ਉੱਤੇ ਫਿਰ ਤੋਂ ਜੀਉਂਦਾ ਕੀਤਾ ਜਾਵੇਗਾ। (ਯੂਹੰਨਾ 5:28, 29) ਯਹੋਵਾਹ ਤੁਹਾਨੂੰ ਵੀ ਬਰਕਤਾਂ ਦੇਣੀਆਂ ਚਾਹੁੰਦਾ ਹੈ। ਕੀ ਤੁਸੀਂ ਵੀ ਯੂਨਾਹ ਵਾਂਗ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖੋਗੇ ਅਤੇ ਆਪਣੀ ਹੀ ਮਰਜ਼ੀ ਕਰਨ ਦੀ ਬਜਾਇ ਪਰਮੇਸ਼ੁਰ ਦਾ ਕਹਿਣਾ ਮੰਨੋਗੇ? (w09 1/1)

[ਫੁਟਨੋਟ]

^ ਪੈਰਾ 7 ਇਹ ਦਿਲਚਸਪੀ ਦੀ ਗੱਲ ਹੈ ਕਿ ਯੂਨਾਹ ਗਲੀਲ ਦੇ ਇਕ ਨਗਰ ਤੋਂ ਸੀ। ਲੇਕਿਨ ਫ਼ਰੀਸੀਆਂ ਨੇ ਘਮੰਡ ਨਾਲ ਯਿਸੂ ਬਾਰੇ ਕਿਹਾ ਸੀ: “ਭਾਲ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।” (ਯੂਹੰਨਾ 7:52) ਕਈ ਅਨੁਵਾਦਕ ਅਤੇ ਖੋਜਕਾਰ ਕਹਿੰਦੇ ਹਨ ਕਿ ਫ਼ਰੀਸੀਆਂ ਨੇ ਬਿਨਾਂ ਸੋਚੇ-ਸਮਝੇ ਆਪਣੇ ਹੀ ਵੱਲੋਂ ਇਹ ਗੱਲ ਕੀਤੀ ਸੀ। ਅਸਲੀਅਤ ਤਾਂ ਇਹ ਸੀ ਕਿ ਉਹ ਇਤਿਹਾਸ ਅਤੇ ਭਵਿੱਖਬਾਣੀਆਂ ਦੋਨਾਂ ਦਾ ਇਨਕਾਰ ਕਰ ਰਹੇ ਸਨ।—ਯਸਾਯਾਹ 9:1, 2.

^ ਪੈਰਾ 17 ਸੈਪਟੁਜਿੰਟ ਦੇ ਤਰਜਮੇ ਅਨੁਸਾਰ ਯੂਨਾਹ ਦੀ ਨੀਂਦ ਇੰਨੀ ਗੂੜ੍ਹੀ ਸੀ ਕਿ ਉਹ ਘੁਰਾੜੇ ਮਾਰ ਰਿਹਾ ਸੀ। ਪਰ ਇਹ ਸੋਚਣ ਤੋਂ ਪਹਿਲਾਂ ਕਿ ਯੂਨਾਹ ਨੂੰ ਕੋਈ ਪਰਵਾਹ ਨਹੀਂ ਸੀ ਕਿ ਕੀ ਹੋ ਰਿਹਾ ਸੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਈ ਵਾਰ ਜਦ ਕੋਈ ਨਿਰਾਸ਼ ਜਾਂ ਉਦਾਸ ਹੁੰਦਾ ਹੈ, ਤਾਂ ਉਸ ਨੂੰ ਗੂੜ੍ਹੀ ਨੀਂਦ ਆ ਸਕਦੀ ਹੈ। ਜਦ ਯਿਸੂ ਗਥਸਮਨੀ ਦੇ ਬਾਗ਼ ਵਿਚ ਦੁਖਦਾਈ ਘੜੀਆਂ ਵਿੱਚੋਂ ਲੰਘ ਰਿਹਾ ਸੀ, ਤਾਂ ਪਤਰਸ, ਯਾਕੂਬ ਅਤੇ ਯੂਹੰਨਾ “ਸੋਗ ਦੇ ਮਾਰੇ” ਸੁੱਤੇ ਹੋਏ ਸਨ।—ਲੂਕਾ 22:45.

^ ਪੈਰਾ 25 ਯੂਨਾਨੀ ਭਾਸ਼ਾ ਵਿਚ ਇਬਰਾਨੀ ਸ਼ਬਦ “ਮੱਛੀ” ਦਾ ਤਰਜਮਾ “ਵੱਡਾ ਜਲ ਜੰਤੂ” ਜਾਂ “ਵੱਡੀ ਮੱਛੀ” ਕੀਤਾ ਗਿਆ ਹੈ। ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਉਹ ਕਿਹੋ ਜਿਹੀ ਮੱਛੀ ਸੀ, ਪਰ ਭੂਮੱਧ ਸਾਗਰ ਵਿਚ ਇਕ ਕਿਸਮ ਦੀ ਸ਼ਾਰਕ ਮੱਛੀ ਹੈ ਜੋ ਆਦਮੀ ਨੂੰ ਪੂਰਾ ਨਿਗਾਹ ਸਕਦੀ ਹੈ। ਦੂਸਰੇ ਇਲਾਕਿਆਂ ਵਿਚ ਇਸ ਤੋਂ ਵੀ ਵੱਡੀਆਂ ਮੱਛੀਆਂ ਹੁੰਦੀਆਂ ਹਨ। ਮਿਸਾਲ ਲਈ, ਵ੍ਹੇਲ ਸ਼ਾਰਕ ਮੱਛੀ 15 ਮੀਟਰ ਤੋਂ ਜ਼ਿਆਦਾ ਲੰਬੀ ਹੋ ਸਕਦੀ ਹੈ!

[ਸਫ਼ਾ 31 ਉੱਤੇ ਡੱਬੀ/ਤਸਵੀਰ]

ਯੂਨਾਹ ਬਾਰੇ ਆਲੋਚਕ ਕੀ ਕਹਿੰਦੇ ਹਨ

▪ ਕੀ ਯੂਨਾਹ ਦੀ ਕਿਤਾਬ ਵਿਚ ਲਿਖੀਆਂ ਗੱਲਾਂ ਸੱਚ-ਮੁੱਚ ਹੋਈਆਂ ਸਨ? ਪੁਰਾਣੇ ਸਮਿਆਂ ਤੋਂ ਆਲੋਚਕਾਂ ਨੇ ਇਸ ਕਿਤਾਬ ਦੀ ਬਹੁਤ ਨੁਕਤਾਚੀਨੀ ਕੀਤੀ ਹੈ। ਅੱਜ ਵੀ ਆਲੋਚਕ ਯੂਨਾਹ ਦੀ ਕਿਤਾਬ ਨੂੰ ਇਕ ਮਿਥ ਜਾਂ ਕਥਾ-ਕਹਾਣੀ ਜਾਂ ਘੜੀ ਹੋਈ ਕਹਾਣੀ ਸਮਝਦੇ ਹਨ। ਇਕ 19ਵੀਂ ਸਦੀ ਦੇ ਲੇਖਕ ਨੇ ਦੱਸਿਆ ਕਿ ਇਕ ਚਰਚ ਦੇ ਪਾਦਰੀ ਨੇ ਸਮਝਾਇਆ ਕਿ ਯੂਨਾਹ ਦੀ ਕਹਾਣੀ ਇਕ ਅਸਲ ਮੱਛੀ ਬਾਰੇ ਨਹੀਂ ਹੈ। ਉਸ ਨੇ ਕਿਹਾ ਕਿ ਯੂਨਾਹ ਯਾਫਾ ਦੇ ਇਕ ਹੋਟਲ ਵਿਚ ਠਹਿਰਿਆ ਸੀ ਜਿਸ ਦਾ ਨਾਮ ਵ੍ਹੇਲ ਮੱਛੀ ਸੀ। ਜਦ ਉਸ ਕੋਲ ਬਿਲ ਭਰਨ ਲਈ ਪੈਸੇ ਨਹੀਂ ਸਨ, ਤਾਂ ਹੋਟਲ ਦੇ ਮਾਲਕ ਨੇ ਉਸ ਨੂੰ ਹੋਟਲ ਤੋਂ ਕੱਢ ਦਿੱਤਾ। ਸੋ ਇਸ ਤਰ੍ਹਾਂ ਯੂਨਾਹ ਮੱਛੀ ਦੇ “ਅੰਦਰ ਗਿਆ” ਅਤੇ ਫਿਰ “ਬਾਹਰ ਕੱਢਿਆ” ਗਿਆ! ਇਸ ਤਰ੍ਹਾਂ ਲੱਗਦਾ ਹੈ ਕਿ ਮੱਛੀ ਨਾਲੋਂ ਜ਼ਿਆਦਾ ਆਲੋਚਕ ਯੂਨਾਹ ਨੂੰ ਖਾਣ ਨੂੰ ਪੈਂਦੇ ਹਨ!

ਕਈ ਲੋਕ ਯੂਨਾਹ ਦੀ ਕਿਤਾਬ ਉੱਤੇ ਭਰੋਸਾ ਕਿਉਂ ਨਹੀਂ ਰੱਖਦੇ? ਇਕ ਕਾਰਨ ਇਹ ਹੈ ਕਿ ਉਸ ਵਿਚ ਕਰਾਮਾਤਾਂ ਬਾਰੇ ਦੱਸਿਆ ਗਿਆ ਹੈ। ਬਹੁਤ ਸਾਰੇ ਆਲੋਚਕਾਂ ਨੇ ਪਹਿਲਾਂ ਹੀ ਸੋਚ ਲਿਆ ਹੈ ਕਿ ਕਰਾਮਾਤ ਨਾਮੁਮਕਿਨ ਹਨ। ਪਰ ਕੀ ਉਨ੍ਹਾਂ ਦੀ ਸੋਚਣੀ ਸਹੀ ਹੈ? ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਬਾਈਬਲ ਦਾ ਪਹਿਲਾਂ ਵਾਕ ਮੰਨਦਾ ਹਾਂ?’ ਉੱਥੇ ਲਿਖਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਇਸ ਸੱਚਾਈ ਨੂੰ ਮੰਨਦੇ ਹਨ। ਪਰ ਸੱਚ ਤਾਂ ਇਹ ਹੈ ਕਿ ਇਹ ਗੱਲ ਬਾਈਬਲ ਦੇ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ।

ਇਸ ਗੱਲ ਉੱਤੇ ਵਿਚਾਰ ਕਰੋ ਕਿ ਜਿਸ ਨੇ ਤਾਰਿਆਂ ਨਾਲ ਭਰੇ ਅੰਬਰ ਨੂੰ ਅਤੇ ਸੁੰਦਰ ਧਰਤੀ ਉੱਤੇ ਹਰ ਤਰ੍ਹਾਂ ਦੀ ਅਨਮੋਲ ਅਤੇ ਵਧਿਆ ਚੀਜ਼ ਬਣਾਈ ਹੈ, ਉਸ ਲਈ ਯੂਨਾਹ ਦੀ ਕਿਤਾਬ ਵਿਚ ਕਿਹੜੀ ਗੱਲ ਨਾਮੁਮਕਿਨ ਹੈ? ਇਕ ਤੂਫ਼ਾਨ ਲਿਆਉਣਾ? ਇਕ ਆਦਮੀ ਨੂੰ ਨਿਗਲਣ ਲਈ ਇਕ ਮੱਛੀ ਭੇਜਣੀ? ਜਾਂ ਉਸ ਹੀ ਮੱਛੀ ਨੂੰ ਹੁਕਮ ਦੇਣਾ ਕਿ ਉਹ ਉਸ ਆਦਮੀ ਨੂੰ ਜ਼ਮੀਨ ਉੱਤੇ ਉੱਛਲ ਦੇਵੇ? ਸਰਬਸ਼ਕਤੀਮਾਨ ਲਈ ਇਹ ਸਭ ਕੁਝ ਕਰਨਾ ਕੋਈ ਵੱਡੀ ਗੱਲ ਨਹੀਂ ਹੈ।—ਯਸਾਯਾਹ 40:26.

ਕਈ ਵਾਰ ਪਰਮੇਸ਼ੁਰ ਦੀ ਸ਼ਕਤੀ ਤੋਂ ਬਗੈਰ ਵੀ ਅਚੰਭੇ ਹੁੰਦੇ ਹਨ। ਮਿਸਾਲ ਲਈ, ਕਿਹਾ ਜਾਂਦਾ ਹੈ ਕਿ 1758 ਵਿਚ ਇਕ ਆਦਮੀ ਆਪਣੇ ਸਮੁੰਦਰੀ ਜਹਾਜ਼ ਤੋਂ ਭੂਮੱਧ ਸਾਗਰ ਵਿਚ ਡਿੱਗ ਪਿਆ ਅਤੇ ਇਕ ਸ਼ਾਰਕ ਮੱਛੀ ਨੇ ਉਸ ਨੂੰ ਨਿਗਲ ਲਿਆ। ਜਹਾਜ਼ ਉੱਤੇ ਦੂਸਰੇ ਆਦਮੀਆਂ ਨੇ ਸ਼ਾਰਕ ਉੱਤੇ ਤੋਪ ਚਲਾਈ ਅਤੇ ਗੋਲਾ ਵੱਜਣ ਤੇ ਸ਼ਾਰਕ ਨੇ ਆਦਮੀ ਨੂੰ ਉੱਛਲ ਦਿੱਤਾ। ਉਹ ਆਦਮੀ ਬਚ ਗਿਆ ਅਤੇ ਉਸ ਨੂੰ ਇੰਨੀ ਸੱਟ ਵੀ ਨਹੀਂ ਲੱਗੀ। ਜੇ ਇਹ ਕਹਾਣੀ ਸੱਚ ਹੈ, ਤਾਂ ਅਸੀਂ ਇਸ ਘਟਨਾ ਨੂੰ ਸ਼ਾਇਦ ਕਮਾਲ ਦੀ ਗੱਲ ਸਮਝੀਏ, ਪਰ ਕਰਾਮਾਤ ਨਹੀਂ। ਕੀ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਇਸ ਤੋਂ ਵੱਧ ਨਹੀਂ ਕਰ ਸਕਦਾ?

ਕਈ ਅਲੋਚਕ ਕਹਿੰਦੇ ਹਨ ਕਿ ਕੋਈ ਵੀ ਬੰਦਾ ਤਿੰਨ ਦਿਨਾਂ ਲਈ ਮੱਛੀ ਦੇ ਢਿੱਡ ਵਿਚ ਜੀਉਂਦਾ ਨਹੀਂ ਰਹਿ ਸਕਦਾ। ਪਰ ਇਨਸਾਨਾਂ ਨੇ ਆਕਸੀਜਨ ਸਲਿੰਡਰਾਂ ਦੇ ਸਹਾਰੇ ਡੂੰਘੇ ਪਾਣੀਆਂ ਵਿਚ ਸਾਹ ਲੈਣਾ ਸਿੱਖ ਲਿਆ ਹੈ। ਸੋ ਕੀ ਪਰਮੇਸ਼ੁਰ ਆਪਣੀ ਸ਼ਕਤੀ ਅਤੇ ਬੁੱਧ ਨੂੰ ਵਰਤ ਕੇ, ਜੋ ਇਨਸਾਨਾਂ ਤੋਂ ਕਿਤੇ ਵਧ ਹੈ, ਯੂਨਾਹ ਨੂੰ ਮੱਛੀ ਦੇ ਢਿੱਡ ਵਿਚ ਜੀਉਂਦਾ ਨਹੀਂ ਸੀ ਰੱਖ ਸਕਦਾ? ਬਿਲਕੁਲ! ਠੀਕ ਜਿਵੇਂ ਯਹੋਵਾਹ ਦੇ ਇਕ ਫ਼ਰਿਸ਼ਤੇ ਨੇ ਯਿਸੂ ਦੀ ਮਾਂ ਮਰਿਯਮ ਨੂੰ ਕਿਹਾ ਸੀ ਕਿ “ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ।”—ਲੂਕਾ 1:37, CL.

ਸਾਨੂੰ ਹੋਰ ਕਿਵੇਂ ਪਤਾ ਲੱਗਦਾ ਹੈ ਕਿ ਯੂਨਾਹ ਦੀ ਕਿਤਾਬ ਦੀਆਂ ਗੱਲਾਂ ਸੱਚੀਆਂ ਹਨ? ਯੂਨਾਹ ਨੇ ਜਹਾਜ਼ ਅਤੇ ਉਸ ਉੱਤੇ ਆਦਮੀਆਂ ਬਾਰੇ ਨਿੱਕੀਆਂ-ਨਿੱਕੀਆਂ ਗੱਲਾਂ ਦੱਸੀਆਂ। ਮਿਸਾਲ ਲਈ, ਯੂਨਾਹ 1:5 ਵਿਚ ਅਸੀਂ ਦੇਖਦੇ ਹਾਂ ਕਿ ਜਹਾਜ਼ ਹਲਕਾ ਕਰਨ ਲਈ ਆਦਮੀ ਸਮੁੰਦਰ ਵਿੱਚ ਸਮਾਨ ਸੁੱਟਣ ਲੱਗ ਪਏ। ਪੁਰਾਣੇ ਇਤਿਹਾਸਕਾਰਾਂ ਅਤੇ ਯਹੂਦੀ ਧਰਮ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਤੂਫ਼ਾਨੀ ਮੌਸਮ ਵਿਚ ਇਸ ਤਰ੍ਹਾਂ ਕਰਨਾ ਆਮ ਸੀ। ਜੋ ਯੂਨਾਹ ਨੇ ਨੀਨਵਾਹ ਸ਼ਹਿਰ ਬਾਰੇ ਦੱਸਿਆ ਸੀ ਉਹ ਵੀ ਇਤਿਹਾਸ ਅਤੇ ਪੁਰਾਣੀਆਂ ਲੱਭਤਾਂ ਨਾਲ ਮੇਲ ਖਾਂਦਾ ਹੈ। ਸਭ ਤੋਂ ਵੱਡਾ ਸਬੂਤ ਇਹ ਹੈ ਕਿ ਯਿਸੂ ਮਸੀਹ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਯੂਨਾਹ ਮੱਛੀ ਦੇ ਢਿੱਡ ਵਿਚ ਤਿੰਨ ਦਿਨਾਂ ਲਈ ਰਿਹਾ ਸੀ ਉਸੇ ਤਰ੍ਹਾਂ ਉਹ ਕਬਰ ਵਿਚ ਤਿੰਨ ਦਿਨਾਂ ਲਈ ਹੋਵੇਗਾ। (ਮੱਤੀ 12:38-40) ਯਿਸੂ ਦੀ ਇਹ ਗੱਲ ਸਾਬਤ ਕਰਦੀ ਹੈ ਕਿ ਯੂਨਾਹ ਦੀ ਕਹਾਣੀ ਬਿਲਕੁਲ ਸੱਚੀ ਹੈ!

“ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ।”—ਲੂਕਾ 1:37, CL.