Skip to content

Skip to table of contents

ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ

ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ

ਪਰਮੇਸ਼ੁਰ ਨੂੰ ਜਾਣੋ

ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ

ਉਤਪਤ 22:1-18

ਅਬਰਾਹਾਮ ਪਰਮੇਸ਼ੁਰ ਨੂੰ ਬਹੁਤ ਪਿਆਰ ਕਰਦਾ ਸੀ। ਉਹ ਆਪਣੇ ਬੁਢਾਪੇ ਦੇ ਪੁੱਤਰ ਇਸਹਾਕ ਨੂੰ ਵੀ ਬਹੁਤ ਪਿਆਰ ਕਰਦਾ ਸੀ। ਜਦ ਇਸਹਾਕ ਲਗਭਗ 25 ਸਾਲਾਂ ਦਾ ਹੋਇਆ, ਤਾਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਉਹ ਕੰਮ ਕਰਨ ਲਈ ਕਿਹਾ ਜਿਸ ਬਾਰੇ ਇਕ ਪਿਤਾ ਸੋਚ ਵੀ ਨਹੀਂ ਸਕਦਾ ਸੀ। ਉਸ ਨੂੰ ਆਪਣੇ ਪੁੱਤਰ ਦੀ ਬਲੀ ਚੜ੍ਹਾਉਣ ਲਈ ਕਿਹਾ ਗਿਆ। ਲੇਕਿਨ ਇਸਹਾਕ ਦੀ ਮੌਤ ਨਹੀਂ ਹੋਈ ਕਿਉਂਕਿ ਸਹੀ ਵਕਤ ਤੇ ਪਰਮੇਸ਼ੁਰ ਨੇ ਇਕ ਫ਼ਰਿਸ਼ਤੇ ਰਾਹੀਂ ਅਬਰਾਹਾਮ ਨੂੰ ਰੋਕ ਲਿਆ। ਉਤਪਤ 22:1-18 ਵਿਚ ਜੋ ਹੋਇਆ ਉਸ ਤੋਂ ਸਾਨੂੰ ਪਰਮੇਸ਼ੁਰ ਦੇ ਪਿਆਰ ਦਾ ਵੱਡਾ ਸਬੂਤ ਮਿਲਦਾ ਹੈ।

ਪਹਿਲੀ ਆਇਤ ਕਹਿੰਦੀ ਹੈ ਕਿ “ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ।” ਅਬਰਾਹਾਮ ਦੀ ਨਿਹਚਾ ਪੱਕੀ ਸੀ, ਲੇਕਿਨ ਹੁਣ ਉਸ ਦੀ ਨਿਹਚਾ ਅਜਿਹੇ ਤਰੀਕੇ ਨਾਲ ਪਰਖੀ ਜਾਣੀ ਸੀ ਜਿਸ ਤਰ੍ਹਾਂ ਉਹ ਪਹਿਲਾਂ ਕਦੀ ਨਹੀਂ ਪਰਖੀ ਗਈ ਸੀ। ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ . . . ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।” (ਆਇਤ 2) ਯਾਦ ਰੱਖੋ ਕਿ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਹੱਦੋਂ ਵੱਧ ਪਰਤਾਏ ਜਾਣ ਨਹੀਂ ਦਿੰਦਾ। ਸੋ ਇਸ ਪਰੀਖਿਆ ਨੇ ਦਿਖਾਇਆ ਕਿ ਉਸ ਨੂੰ ਅਬਰਾਹਾਮ ਉੱਤੇ ਪੂਰਾ ਭਰੋਸਾ ਸੀ।—1 ਕੁਰਿੰਥੀਆਂ 10:13.

ਅਬਰਾਹਾਮ ਨੇ ਬਿਨਾਂ ਦੇਰ ਕੀਤੀ ਪਰਮੇਸ਼ੁਰ ਦਾ ਕਹਿਣਾ ਮੰਨਿਆ। ਬਾਈਬਲ ਵਿਚ ਲਿਖਿਆ ਹੈ: “ਅਬਰਾਹਾਮ ਨੇ ਤੜਕੇ ਉੱਠਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਅਰ ਆਪਣੇ ਦੋ ਜੁਆਣ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਨਾਲ ਲਿਆ ਅਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਰ ਉੱਠਕੇ ਉਸ ਥਾਂ ਨੂੰ ਤੁਰ ਪਿਆ।” (ਆਇਤ 3) ਲੱਗਦਾ ਹੈ ਕਿ ਅਬਰਾਹਾਮ ਨੇ ਇਸ ਪਰੀਖਿਆ ਬਾਰੇ ਕਿਸੇ ਨੂੰ ਨਹੀਂ ਦੱਸਿਆ।

ਉਸ ਜਗ੍ਹਾ ਪਹੁੰਚਣ ਲਈ ਉਨ੍ਹਾਂ ਨੂੰ ਤਿੰਨ ਦਿਨ ਲੱਗੇ ਜਿਸ ਦੌਰਾਨ ਅਬਰਾਹਾਮ ਕੋਲ ਸੋਚਣ ਲਈ ਬਹੁਤ ਸਮਾਂ ਸੀ। ਪਰ ਉਸ ਦਾ ਇਰਾਦਾ ਨਹੀਂ ਬਦਲਿਆ। ਉਸ ਦੀਆਂ ਗੱਲਾਂ ਨੇ ਉਸ ਦੀ ਨਿਹਚਾ ਦਾ ਸਬੂਤ ਦਿੱਤਾ। ਪਹਾੜ ਦੇਖ ਕੇ ਅਬਰਾਹਾਮ ਨੇ ਆਪਣੇ ਸੇਵਕਾਂ ਨੂੰ ਕਿਹਾ: “ਤੁਸੀਂ ਏਥੇ . . . ਬੈਠੇ ਰਹੋ। ਮੈਂ ਅਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕਕੇ ਤੁਹਾਡੇ ਕੋਲ ਮੁੜ ਆਵਾਂਗੇ।” ਜਦ ਇਸਹਾਕ ਨੇ ਪੁੱਛਿਆ ਕਿ ਹੋਮ ਬਲੀ ਲਈ ਲੇਲਾ ਕਿੱਥੇ ਹੈ, ਤਾਂ ਅਬਰਾਹਾਮ ਨੇ ਕਿਹਾ: “ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਊਗਾ।” (ਆਇਤਾਂ 5, 8) ਅਬਰਾਹਾਮ ਨੂੰ ਪੂਰਾ ਵਿਸ਼ਵਾਸ ਸੀ ਕਿ ਇਸਹਾਕ ਉਸ ਨਾਲ ਵਾਪਸ ਆਵੇਗਾ। ਕਿਉਂ? ਕਿਉਂਕਿ “ਅਬਰਾਹਾਮ ਦਾ ਭਰੋਸਾ ਸੀ ਕਿ ਪਰਮੇਸ਼ੁਰ ਮੁਰਦਿਆਂ ਨੂੰ [ਇਸਹਾਕ ਨੂੰ] ਵੀ ਫਿਰ ਜੀਵਨ ਦੇ ਸਕਦਾ ਹੈ।”—ਇਬਰਾਨੀਆਂ 11:19, CL.

ਪਹਾੜ ਉੱਤੇ ਜਦ ਅਬਰਾਹਾਮ ਨੇ “ਛੁਰੀ ਫੜੀ ਕਿ ਆਪਣੇ ਪੁੱਤ੍ਰ ਨੂੰ” ਮਾਰੇ, ਤਾਂ ਇਕ ਫ਼ਰਿਸ਼ਤੇ ਨੇ ਉਸ ਦਾ ਹੱਥ ਰੋਕ ਲਿਆ। ਫਿਰ ਪਰਮੇਸ਼ੁਰ ਨੇ ਇਕ ਭੇਡ ਝਾੜੀਆਂ ਵਿਚ ਫਸਾ ਦਿੱਤੀ ਤਾਂਕਿ ਅਬਰਾਹਾਮ ਆਪਣੇ “ਪੁੱਤ੍ਰ ਦੀ ਥਾਂ” ਇਸ ਦੀ ਬਲੀ ਚੜ੍ਹਾ ਸਕੇ। (ਆਇਤਾਂ 10-13) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਸੇ ਤਰ੍ਹਾਂ ਸੀ ਜਿਸ ਤਰ੍ਹਾਂ ਉਸ ਨੇ ਇਸਹਾਕ ਦੀ ਬਲੀ ਚੜ੍ਹਾ ਦਿੱਤੀ ਹੋਵੇ। (ਇਬਰਾਨੀਆਂ 11:17) ਇਕ ਵਿਦਵਾਨ ਨੇ ਸਮਝਾਇਆ: “ਕਿਉਂਕਿ ਅਬਰਾਹਾਮ ਬਲੀ ਚੜ੍ਹਾਉਣ ਲਈ ਤਿਆਰ ਸੀ ਇਹ ਪਰਮੇਸ਼ੁਰ ਲਈ ਬਲੀ ਚੜ੍ਹਾਉਣ ਦੇ ਬਰਾਬਰ ਹੀ ਸੀ।”

ਅਬਰਾਹਾਮ ਉੱਤੇ ਯਹੋਵਾਹ ਦਾ ਭਰੋਸਾ ਬਿਲਕੁਲ ਸਹੀ ਨਿਕਲਿਆ। ਯਹੋਵਾਹ ਉੱਤੇ ਭਰੋਸਾ ਰੱਖਣ ਕਾਰਨ ਅਬਰਾਹਾਮ ਨੂੰ ਬਰਕਤ ਮਿਲੀ। ਜੋ ਨੇਮ ਪਰਮੇਸ਼ੁਰ ਨੇ ਅਬਰਾਹਾਮ ਨਾਲ ਬੰਨ੍ਹਿਆ ਸੀ ਉਸ ਨੇ ਫਿਰ ਤੋਂ ਦੁਹਰਾਇਆ ਅਤੇ ਕਿਹਾ ਕਿ ਉਸ ਦੀ ਨਿਹਚਾ ਕਾਰਨ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਬਰਕਤਾਂ ਮਿਲਣਗੀਆਂ।—ਆਇਤਾਂ 15-18.

ਅਖ਼ੀਰ ਵਿਚ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣੇ ਪੱਤਰ ਦੀ ਬਲੀ ਦੇਣ ਤੋਂ ਰੋਕ ਲਿਆ ਸੀ। ਪਰ ਉਸ ਨੂੰ ਪਤਾ ਸੀ ਕਿ ਸਮਾਂ ਆਉਣ ਤੇ ਉਸ ਨੂੰ ਖ਼ੁਦ ਆਪਣੇ ਪੁੱਤਰ ਯਿਸੂ ਦੀ ਬਲੀ ਦੇਣੀ ਪਵੇਗੀ। ਯਹੋਵਾਹ ਨੇ ਸਾਡੇ ਪਾਪਾਂ ਲਈ ਆਪਣਾ ਇਕਲੌਤਾ ਪੱਤਰ ਦੇ ਦਿੱਤਾ। (ਯੂਹੰਨਾ 3:16) ਇਹ ਬਲੀਦਾਨ ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। ਜੇ ਯਹੋਵਾਹ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ, ਤਾਂ ਸਾਨੂੰ ਪੁੱਛਣਾ ਚਾਹੀਦਾ ਹੈ ਕਿ ‘ਮੈਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕੀ ਕਰਨ ਲਈ ਤਿਆਰ ਹਾਂ?’ (w09 2/1)