Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਬਾਈਬਲ ਵਿਚ ਕੋੜ੍ਹ ਦੀ ਬੀਮਾਰੀ ਉਹੀ ਹੈ ਜੋ ਅੱਜ ਇਸ ਨਾਂ ਤੋਂ ਜਾਣੀ ਜਾਂਦੀ ਹੈ?

ਅੱਜ ਜਿਸ ਬੀਮਾਰੀ ਨੂੰ “ਕੋੜ੍ਹ” ਕਿਹਾ ਜਾਂਦਾ ਹੈ ਉਹ ਇਨਸਾਨਾਂ ਵਿਚ ਬੈਕਟੀਰੀਆ ਤੋਂ ਫੈਲਣ ਵਾਲੀ ਛੂਤ ਦੀ ਬੀਮਾਰੀ ਹੈ। ਡਾਕਟਰ ਹੇਨਸਨ ਨੇ ਇਸ ਬੈਕਟੀਰੀਆ ਦੀ ਪਛਾਣ 1873 ਵਿਚ ਕੀਤੀ ਸੀ। ਖੋਜਕਾਰਾਂ ਨੇ ਦੇਖਿਆ ਹੈ ਕਿ ਇਹ ਬੈਕਟੀਰੀਆ ਨੱਕ ਦੀ ਨਲੀ ਵਿਚ ਨੌਂ ਦਿਨਾਂ ਤਕ ਜੀਉਂਦੀ ਰਹਿ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਜਿਹੜੇ ਲੋਕ ਕੋੜ੍ਹੀਆਂ ਦੇ ਨਜ਼ਦੀਕ ਰਹਿੰਦੇ ਹਨ ਉਨ੍ਹਾਂ ਨੂੰ ਇਹ ਰੋਗ ਲੱਗਣ ਦਾ ਜ਼ਿਆਦਾ ਖ਼ਤਰਾ ਹੈ। ਹੋ ਸਕਦਾ ਹੈ ਕਿ ਇਹ ਬੀਮਾਰੀ ਕੋੜ੍ਹੀਆਂ ਦੇ ਕੱਪੜਿਆਂ ਤੋਂ ਵੀ ਲੱਗ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ 2007 ਵਿਚ 2,20,000 ਤੋਂ ਜ਼ਿਆਦਾ ਹੋਰ ਲੋਕ ਕੋੜ੍ਹ ਦੇ ਸ਼ਿਕਾਰ ਬਣੇ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਦੇ ਜ਼ਮਾਨੇ ਵਿਚ ਮੱਧ ਪੂਰਬੀ ਦੇਸ਼ਾਂ ਵਿਚ ਲੋਕਾਂ ਨੂੰ ਕੋੜ੍ਹ ਦੀ ਬੀਮਾਰੀ ਹੁੰਦੀ ਸੀ। ਇਸਰਾਏਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਹੁਕਮਾਂ ਵਿਚ ਇਕ ਹੁਕਮ ਸੀ ਕਿ ਕੋੜ੍ਹੀ ਨੂੰ ਬਾਕੀ ਲੋਕਾਂ ਤੋਂ ਵੱਖਰਾ ਰੱਖਿਆ ਜਾਵੇ। (ਲੇਵੀਆਂ 13:4, 5) ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਕੋੜ੍ਹ” ਕੀਤਾ ਜਾਂਦਾ ਹੈ ਉਹ ਸਿਰਫ਼ ਇਨਸਾਨਾਂ ਨੂੰ ਲੱਗਣ ਵਾਲੀ ਬੀਮਾਰੀ ਨਹੀਂ ਸੀ। ਇਸ ਦਾ ਅਸਰ ਕੱਪੜਿਆਂ ਅਤੇ ਘਰਾਂ ਉੱਤੇ ਵੀ ਪੈ ਸਕਦਾ ਸੀ। ਅਜਿਹੇ ਕੋੜ੍ਹ ਦਾ ਅਸਰ ਉੱਨ ਜਾਂ ਕਤਾਨ ਦੇ ਕੱਪੜੇ ਜਾਂ ਚਮੜੀ ਦੀ ਬਣੀ ਕੋਈ ਵੀ ਚੀਜ਼ ’ਤੇ ਪੈ ਸਕਦਾ ਸੀ। ਹੋ ਸਕਦਾ ਹੈ ਕਿ ਧੋਣ ਨਾਲ ਰੋਗ ਮਿਟਾਇਆ ਜਾ ਸਕਦਾ ਸੀ। ਪਰ ਜੇ ਉਸ ਵਿਚ “ਕੁਝ ਹਰਾ ਯਾ ਲਾਲ ਜਿਹਾ ਹੋਵੇ ਤਾਂ ਉਹ ਕੋਹੜ ਦਾ ਰੋਗ” ਸੀ ਅਤੇ ਉਸ ਨੂੰ ਅੱਗ ਨਾਲ ਸਾੜਿਆ ਜਾਣਾ ਚਾਹੀਦਾ ਸੀ। (ਲੇਵੀਆਂ 13:47-52) ਘਰ ਵਿਚ ਇਸ ਰੋਗ ਦੇ ਲੱਛਣ ਕੀ ਸਨ? “ਘਰ ਦੀਆਂ ਕੰਧਾਂ ਵਿੱਚ ਪੋਲੀਆਂ ਲੀਕਾਂ ਕੁਝ ਹਰੀਆਂ ਯਾ ਕੁਝ ਲਾਲ ਜੇਹੀਆਂ” ਨਜ਼ਰ ਆਉਂਦੀਆਂ ਸਨ। ਅਜਿਹੇ ਘਰ ਦੇ ਉਨ੍ਹਾਂ ਪੱਥਰਾਂ ਅਤੇ ਮਿੱਟੀ ਨੂੰ ਸ਼ਹਿਰੋਂ ਬਾਹਰ ਸੁੱਟਿਆ ਜਾਣਾ ਚਾਹੀਦਾ ਸੀ ਜਿਨ੍ਹਾਂ ਦੇ ਵਿਚ ਰੋਗ ਸੀ। ਜੇ ਘਰ ਵਿਚ ਕੋੜ੍ਹ ਵਾਪਸ ਆ ਜਾਂਦਾ ਸੀ, ਤਾਂ ਪੂਰੇ ਘਰ ਨੂੰ ਢਾਹ ਕੇ ਸਾਰੇ ਪੱਥਰ, ਲੱਕੜੀਆਂ ਤੇ ਚੂਨਾ ਸ਼ਹਿਰੋਂ ਬਾਹਰ ਸੁੱਟਿਆ ਜਾਣਾ ਚਾਹੀਦਾ ਸੀ। (ਲੇਵੀਆਂ 14:33-45) ਕੁਝ ਲੋਕਾਂ ਦਾ ਕਹਿਣਾ ਹੈ ਕਿ ਕੱਪੜਿਆਂ ਤੇ ਘਰਾਂ ਵਿਚ ਨਿਕਲਣ ਵਾਲਾ ਕੋੜ੍ਹ ਸ਼ਾਇਦ ਉੱਲੀ ਸੀ। ਪਰ ਅਸੀਂ ਯਕੀਨ ਨਾਲ ਇਸ ਤਰ੍ਹਾਂ ਨਹੀਂ ਕਹਿ ਸਕਦੇ। (w09 2/1)

ਯਿਸੂ ਨੇ ਤਰਖਾਣ ਵਜੋਂ ਕਿਹੋ ਜਿਹਾ ਕੰਮ ਕੀਤਾ ਹੋਵੇਗਾ?

ਯਿਸੂ ਦਾ ਪਿਤਾ ਯੂਸੁਫ਼ ਤਰਖਾਣ ਸੀ। ਯਿਸੂ ਨੇ ਵੀ ਇਹੀ ਕੰਮ ਸਿੱਖਿਆ ਸੀ। ਜਦ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਤਾਂ ਉਹ “ਤੀਹਾਂ ਕੁ ਵਿਰਹਾਂ ਦਾ ਸੀ।” ਉਸ ਸਮੇਂ ਉਸ ਨੂੰ ਨਾ ਸਿਰਫ਼ “ਤਰਖਾਣ ਦਾ ਪੁੱਤ੍ਰ” ਸੱਦਿਆ ਜਾਂਦਾ ਸੀ, ਪਰ ਉਹ ਖ਼ੁਦ ਵੀ ਇਕ ਤਰਖਾਣ ਬਣ ਗਿਆ ਸੀ।—ਲੂਕਾ 3:23; ਮੱਤੀ 13:55; ਮਰਕੁਸ 6:3.

ਯਿਸੂ ਦੇ ਜੱਦੀ-ਨਗਰ ਵਿਚ ਖੇਤੀਬਾੜੀ ਲਈ ਸੰਦ ਜ਼ਰੂਰੀ ਹੁੰਦੇ ਸਨ, ਜਿਵੇਂ ਕਿ ਲੱਕੜ ਦੇ ਹਲ ਅਤੇ ਜੂਲੇ। ਤਰਖਾਣ ਘਰ ਲਈ ਫਰਨੀਚਰ ਵੀ ਬਣਾਉਂਦੇ ਹੁੰਦੇ ਸਨ ਜਿਵੇਂ ਕਿ ਮੇਜ਼, ਕੁਰਸੀਆਂ ਅਤੇ ਪੇਟੀਆਂ। ਇਸ ਤੋਂ ਇਲਾਵਾ ਉਹ ਬੂਹੇ, ਬਾਰੀਆਂ, ਲੱਕੜ ਦੇ ਜਿੰਦੇ ਅਤੇ ਸ਼ਤੀਰ ਵੀ ਬਣਾਇਆ ਕਰਦੇ ਸਨ ਨਾਲੇ ਉਸਾਰੀ ਦਾ ਕੰਮ ਵੀ ਕਰਦੇ ਸਨ।

ਇਕ ਦ੍ਰਿਸ਼ਟਾਂਤ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਇਕ ਕੁਹਾੜੇ ਦਾ ਜ਼ਿਕਰ ਕੀਤਾ ਸੀ। ਇਹ ਸ਼ਾਇਦ ਇਕ ਅਜਿਹਾ ਸੰਦ ਸੀ ਜੋ ਯਿਸੂ ਅਤੇ ਹੋਰ ਤਰਖਾਣ ਦਰਖ਼ਤਾਂ ਨੂੰ ਵੱਢਣ ਲਈ ਵਰਤਦੇ ਸਨ। ਦਰਖ਼ਤ ਕੱਟ ਕੇ ਉਹ ਜਾਂ ਤਾਂ ਲੱਕੜ ਨੂੰ ਉੱਥੇ ਹੀ ਕੱਟਦੇ ਸਨ ਜਾਂ ਵਾਪਸ ਘਰ ਲੈ ਜਾਂਦੇ ਸਨ। ਇਹ ਕੰਮ ਕਰਨ ਲਈ ਉਨ੍ਹਾਂ ਦਾ ਪੂਰਾ ਜ਼ੋਰ ਲੱਗ ਜਾਂਦਾ ਸੀ। (ਮੱਤੀ 3:10) ਯਸਾਯਾਹ ਨੇ ਵੀ ਹੋਰਨਾਂ ਸੰਦਾਂ ਦਾ ਜ਼ਿਕਰ ਕੀਤਾ ਜੋ ਉਸ ਦੇ ਜ਼ਮਾਨੇ ਵਿਚ ਵਰਤੇ ਜਾਂਦੇ ਸਨ: “ਤਰਖਾਣ ਸੂਤ ਤਾਣਦਾ ਹੈ, ਉਹ ਪਿੰਸਲ ਨਾਲ ਉਸ ਦਾ ਖਾਕਾ ਖਿੱਚਦਾ ਹੈ, ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ।” (ਯਸਾਯਾਹ 44:13) ਪੁਰਾਣੀਆਂ ਲੱਭਤਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੇ ਜ਼ਮਾਨੇ ਵਿਚ ਆਰੀਆਂ, ਪੱਥਰ ਦੇ ਹਥੌੜੇ ਅਤੇ ਕਾਂਸੀ ਦੀਆਂ ਮੇਖਾਂ ਵਰਤੀਆਂ ਜਾਂਦੀਆਂ ਸਨ। (ਕੂਚ 21:6; ਯਸਾਯਾਹ 10:15; ਯਿਰਮਿਯਾਹ 10:4) ਸੋ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਨੇ ਵੀ ਅਜਿਹੀਆਂ ਚੀਜ਼ਾਂ ਵਰਤੀਆਂ ਹੋਣਗੀਆਂ। (w08 12/1)