Skip to content

Skip to table of contents

ਹਰੇਕ ਕੰਮ ਦਾ ਇਕ ਸਮਾਂ ਹੈ

ਹਰੇਕ ਕੰਮ ਦਾ ਇਕ ਸਮਾਂ ਹੈ

ਹਰੇਕ ਕੰਮ ਦਾ ਇਕ ਸਮਾਂ ਹੈ

ਬਾਈਬਲ ਕਹਿੰਦੀ ਹੈ: “ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ।” ਇਨ੍ਹਾਂ ਸ਼ਬਦਾਂ ਨੂੰ ਲਿਖਣ ਵਾਲਾ ਰਾਜਾ ਸੁਲੇਮਾਨ ਸੀ ਜਿਸ ਨੇ ਇਹ ਵੀ ਕਿਹਾ ਕਿ ਇਕ ਜੰਮਣ ਦਾ ਵੇਲਾ ਹੈ ਅਤੇ ਇਕ ਮਰਨ ਦਾ ਵੇਲਾ ਹੈ, ਇਕ ਲਾਉਣ ਦਾ ਵੇਲਾ ਹੈ ਅਤੇ ਇਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ, ਇਕ ਪਿਆਰ ਕਰਨ ਦਾ ਵੇਲਾ ਹੈ ਅਤੇ ਇਕ ਵੈਰ ਕਰਨ ਦਾ ਵੇਲਾ ਹੈ। ਅਖ਼ੀਰ ਵਿਚ ਉਸ ਨੇ ਕਿਹਾ ਕਿ “ਕੰਮ ਕਰਨ ਵਾਲੇ ਨੂੰ ਉਸ ਤੋਂ ਜਿਹ ਦੇ ਉੱਤੇ ਉਹ ਮਿਹਨਤ ਕਰਦਾ ਹੈ ਕੀ ਲਾਭ ਹੈ?”—ਉਪਦੇਸ਼ਕ ਦੀ ਪੋਥੀ 3:1-9.

ਇਹ ਸ਼ਬਦ ਪੜ੍ਹ ਕੇ ਕੁਝ ਲੋਕ ਸ਼ਾਇਦ ਸੋਚਣ ਕਿ ਬਾਈਬਲ ਇਹੀ ਸਿਖਾਉਂਦੀ ਹੈ ਕਿ ਹਰ ਕੰਮ ਲਈ ਇਕ ਤੈਅ ਕੀਤਾ ਹੋਇਆ ਸਮਾਂ ਹੈ ਮਤਲਬ ਉਹ ਸੋਚਦੇ ਹਨ ਕਿ ਬਾਈਬਲ ਵੀ ਇਹੀ ਕਹਿੰਦੀ ਹੈ ਕਿ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ। ਕੀ ਇਹ ਸੱਚ ਹੈ? ਪੂਰੀ ਬਾਈਬਲ ਪਰਮੇਸ਼ੁਰ ਤੋਂ ਹੈ। ਸੋ ਜੋ ਅਸੀਂ ਬਾਈਬਲ ਦੇ ਇਕ ਹਿੱਸੇ ਵਿਚ ਪੜ੍ਹਦੇ ਹਾਂ ਉਹ ਬਾਕੀ ਦੀ ਬਾਈਬਲ ਨਾਲ ਸਹਿਮਤ ਹੋਣਾ ਚਾਹੀਦਾ ਹੈ। ਤਾਂ ਫਿਰ ਆਓ ਆਪਾਂ ਦੇਖੀਏ ਕਿ ਬਾਈਬਲ ਦੇ ਦੂਜੇ ਹਿੱਸਿਆਂ ਵਿਚ ਇਸ ਵਿਸ਼ੇ ਬਾਰੇ ਕੀ ਕਿਹਾ ਗਿਆ ਹੈ।—2 ਤਿਮੋਥਿਉਸ 3:16.

“ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ”

ਉਪਦੇਸ਼ਕ ਦੀ ਪੋਥੀ ਵਿਚ ਸੁਲੇਮਾਨ ਨੇ ਇਹ ਵੀ ਲਿਖਿਆ ਸੀ: “ਮੈਂ ਇਸ ਸੰਸਾਰ ਵਿਚ ਇਕ ਗੱਲ ਹੋਰ ਹੁੰਦੀ ਦੇਖੀ: ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ। ਬਹਾਦਰ ਹਮੇਸ਼ਾ ਲੜਾਈ ਵਿਚ ਜਿੱਤਦਾ ਨਹੀਂ, ਬੁੱਧੀਮਾਨ ਹਮੇਸ਼ਾ ਰੋਟੀ ਨਹੀਂ ਕਮਾਉਂਦੇ, ਸਮਝਦਾਰ ਹਮੇਸ਼ਾ ਉੱਚੀ ਪਦਵੀ ਤੇ ਨਹੀਂ ਪਹੁੰਚਦਾ।” ਕਿਉਂ? ਉਸ ਨੇ ਸਮਝਾਇਆ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ ਦੀ ਪੋਥੀ 9:11, CL.

ਸੁਲੇਮਾਨ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਸਾਰਾ ਕੁਝ ਕਿਸਮਤ ਦੇ ਹੱਥ ਵਿਚ ਹੈ। ਪਰ ਇਹ ਕਿ ਇਨਸਾਨ ਜਾਣ ਨਹੀਂ ਸਕਦਾ ਕਿ ਹਰ ਕੰਮ ਦਾ ਕੀ ਨਤੀਜਾ ਨਿਕਲੇਗਾ ਕਿਉਂਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” ਕਈ ਵਾਰ ਗ਼ਲਤ ਸਮੇਂ ਅਤੇ ਗ਼ਲਤ ਜਗ੍ਹਾ ਤੇ ਹੋਣ ਕਰਕੇ ਕਿਸੇ ਵੀ ਇਨਸਾਨ ਉੱਤੇ ਬਿਪਤਾ ਆ ਸਕਦੀ ਹੈ।

ਇਸ ਗੱਲ ਵੱਲ ਵੀ ਧਿਆਨ ਦਿਓ ਕਿ “ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ।” 1984 ਵਿਚ ਓਲੰਪਕ ਖੇਡਾਂ ਕੈਲੇਫ਼ੋਰਨੀਆ, ਅਮਰੀਕਾ ਵਿਚ ਹੋਈਆਂ ਸਨ। 3,000 ਮੀਟਰ ਦੌੜ ਵਿਚ ਦੋ ਔਰਤਾਂ ਸਨ ਜੋ ਸੋਨ ਤਮਗਾ ਜਿੱਤਣ ਦੀ ਉਮੀਦ ਰੱਖਦੀਆਂ ਸਨ। ਇਕ ਔਰਤ ਅਮਰੀਕਾ ਤੋਂ ਸੀ ਅਤੇ ਦੂਜੀ ਇੰਗਲੈਂਡ ਤੋਂ। ਦੌੜ ਦੇ ਅੱਧ ਵਿਚ ਉਹ ਇਕ-ਦੂਜੇ ਨਾਲ ਟਕਰਾਈਆਂ। ਇਕ ਡਿੱਗ ਪਈ ਅਤੇ ਦੂਜੀ ਹਿੰਮਤ ਹਾਰ ਕੇ ਸੱਤਵੇਂ ਦਰਜੇ ਤੇ ਆਈ।

ਕੀ ਇਹ ਉਨ੍ਹਾਂ ਦੀ ਕਿਸਮਤ ਵਿਚ ਲਿਖਿਆ ਹੋਇਆ ਸੀ ਕਿ ਉਹ ਦੌੜ ਨਹੀਂ ਜਿੱਤ ਪਾਉਣਗੀਆਂ? ਕਈ ਸ਼ਾਇਦ ਇਸੇ ਤਰ੍ਹਾਂ ਸੋਚਣ। ਪਰ ਉਨ੍ਹਾਂ ਦੇ ਟਕਰਾਉਣ ਕਰਕੇ ਹੀ ਦੋਵੇਂ ਦੌੜ ਹਾਰ ਗਈਆਂ ਸਨ। ਕਿਸੇ ਨੂੰ ਕੀ ਪਤਾ ਸੀ ਕਿ ਅਚਾਨਕ ਹੀ ਇਸ ਤਰ੍ਹਾਂ ਹੋਵੇਗਾ। ਕੀ ਇਹ ਉਨ੍ਹਾਂ ਦੀ ਕਿਸਮਤ ਵਿਚ ਸੀ ਕਿ ਉਹ ਇਕ-ਦੂਜੇ ਨਾਲ ਟਕਰਾਉਣਗੀਆਂ? ਕਈ ਸ਼ਾਇਦ ਕਹਿਣ ਹਾਂ। ਪਰ ਦੇਖਣ ਵਾਲਿਆਂ ਦਾ ਇਹ ਕਹਿਣਾ ਸੀ ਕਿ ਇਹ ਘਟਨਾ ਇਸ ਕਰਕੇ ਵਾਪਰੀ ਕਿਉਂਕਿ ਉਨ੍ਹਾਂ ਵਿਚ ਜਿੱਤਣ ਦਾ ਇੰਨਾ ਜੋਸ਼ ਸੀ ਅਤੇ ਉਹ ਇਕ-ਦੂਜੇ ਦੇ ਇੰਨਾ ਨਜ਼ਦੀਕ ਦੌੜ ਰਹੀਆਂ ਸਨ ਕਿ ਉਹ ਇਕ-ਦੂਜੇ ਵਿਚ ਜਾ ਵੱਜੀਆਂ। ਇਹ ਠੀਕ ਇਸ ਤਰ੍ਹਾਂ ਹੋਇਆ ਜਿਵੇਂ ਬਾਈਬਲ ਕਹਿੰਦੀ ਹੈ: “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” ਅਸੀਂ ਕਿਸੇ ਕੰਮ ਲਈ ਜਿੰਨੀ ਮਰਜ਼ੀ ਤਿਆਰੀ ਕਰੀਏ, ਫਿਰ ਵੀ ਅਚਾਨਕ ਕੁਝ ਵੀ ਹੋ ਸਕਦਾ ਹੈ। ਪਰ ਇਸ ਦਾ ਕਿਸਮਤ ਨਾਲ ਕੋਈ ਤਅੱਲਕ ਨਹੀਂ ਹੈ।

ਤਾਂ ਫਿਰ ਬਾਈਬਲ ਦੇ ਇਹ ਕਹਿਣ ਦਾ ਕੀ ਮਤਲਬ ਹੈ ਕਿ “ਹਰੇਕ ਕੰਮ ਦਾ ਇੱਕ ਸਮਾ ਹੈ”? ਕੀ ਸਾਡੀ ਜ਼ਿੰਦਗੀ ਸਾਡੇ ਹੱਥ ਵਿਚ ਹੈ ਜਾਂ ਕਿਸਮਤ ਦੇ?

ਹਰੇਕ ਕੰਮ ਲਈ ਵਧੀਆ ਸਮਾਂ

ਜਦ ਸੁਲੇਮਾਨ ਨੇ ਲਿਖਿਆ ਸੀ ਕਿ “ਹਰੇਕ ਕੰਮ ਦਾ ਇੱਕ ਸਮਾ ਹੈ,” ਤਾਂ ਉਹ ਕਿਸਮਤ ਦੀ ਗੱਲ ਨਹੀਂ ਕਰ ਰਿਹਾ ਸੀ। ਇਸ ਦੀ ਬਜਾਇ ਉਹ ਇਨਸਾਨਾਂ ਲਈ ਰੱਬ ਦੇ ਮਕਸਦ ਬਾਰੇ ਗੱਲ ਕਰ ਰਿਹਾ ਸੀ। ਸਾਨੂੰ ਇਹ ਕਿਸ ਤਰ੍ਹਾਂ ਪਤਾ ਹੈ? ਇਸ ਵਾਕ ਦੇ ਆਲੇ-ਦੁਆਲੇ ਦੀਆਂ ਆਇਤਾਂ ਪੜ੍ਹ ਕੇ। ਉਨ੍ਹਾਂ ਕੰਮਾਂ ਦਾ ਜ਼ਿਕਰ ਕਰਨ ਤੋਂ ਬਾਅਦ ਜਿਨ੍ਹਾਂ ਦਾ ਇਕ ਸਮਾਂ ਹੁੰਦਾ ਹੈ ਸੁਲੇਮਾਨ ਨੇ ਉਸ ਕੰਮ ਬਾਰੇ ਵੀ ਗੱਲ ਕੀਤੀ ਜੋ “ਪਰਮੇਸ਼ੁਰ ਨੇ ਆਦਮ ਵੰਸ ਨੂੰ ਦਿੱਤਾ ਭਈ ਉਸ ਦੇ ਵਿੱਚ ਰੁੱਝੇ ਰਹਿਣ।” ਫਿਰ ਉਸ ਨੇ ਕਿਹਾ: “[ਪਰਮੇਸ਼ੁਰ] ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ।”—ਉਪਦੇਸ਼ਕ ਦੀ ਪੋਥੀ 3:10, 11.

ਰੱਬ ਨੇ ਇਨਸਾਨਾਂ ਨੂੰ ਬਹੁਤ ਕੰਮ ਕਰਨ ਨੂੰ ਦਿੱਤੇ ਹਨ ਅਤੇ ਸੁਲੇਮਾਨ ਨੇ ਇਨ੍ਹਾਂ ਵਿੱਚੋਂ ਕੁਝ ਕੰਮ ਦੱਸੇ ਸਨ। ਰੱਬ ਨੇ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਵੀ ਦਿੱਤੀ ਹੈ। ਪਰ ਹਰੇਕ ਕੰਮ ਲਈ ਅਜਿਹਾ ਸਮਾਂ ਹੁੰਦਾ ਹੈ ਜੋ ਸਹੀ ਹੈ। ਮਿਸਾਲ ਲਈ, ਉਪਦੇਸ਼ਕ ਦੀ ਪੋਥੀ 3:2 ਵਿਚ ਕਹੀ ਸੁਲੇਮਾਨ ਦੀ ਗੱਲ ਵੱਲ ਧਿਆਨ ਦਿਓ: “ਇੱਕ ਲਾਉਣ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ।” ਕਿਸਾਨ ਜਾਣਦੇ ਹਨ ਕਿ ਫ਼ਸਲ ਬੀਜਣ ਦਾ ਸਹੀ ਸਮਾਂ ਹੁੰਦਾ ਹੈ। ਜੇ ਕਿਸਾਨ ਗ਼ਲਤ ਸਮੇਂ ਜਾਂ ਰੁੱਤ ਵਿਚ ਫ਼ਸਲ ਬੀਜੇਗਾ, ਤਾਂ ਕੀ ਹੋਵੇਗਾ? ਕੀ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸ ਦੀ ਮਿਹਨਤ ਦੇ ਬਾਵਜੂਦ ਉਸ ਦੀ ਕਿਸਮਤ ਮਾੜੀ ਹੈ ਅਤੇ ਇਸੇ ਕਾਰਨ ਉਸ ਨੂੰ ਚੰਗੀ ਫ਼ਸਲ ਨਹੀਂ ਮਿਲੀ? ਬਿਲਕੁਲ ਨਹੀਂ! ਇਹ ਉਸ ਦੀ ਗ਼ਲਤੀ ਹੈ ਕਿ ਉਸ ਨੇ ਸਹੀ ਸਮੇਂ ਤੇ ਫ਼ਸਲ ਨਹੀਂ ਬੀਜੀ। ਜੇ ਉਹ ਰੁੱਤ ਮੁਤਾਬਕ ਫ਼ਸਲ ਬੀਜਦਾ, ਤਾਂ ਉਸ ਨੂੰ ਆਪਣੀ ਮਿਹਨਤ ਦਾ ਚੰਗਾ ਫਲ ਮਿਲ ਸਕਦਾ ਸੀ।

ਸੋ ਰੱਬ ਨੇ ਇਨਸਾਨਾਂ ਦੀ ਕਿਸਮਤ ਨਹੀਂ ਲਿਖੀ ਹੈ। ਪਰ ਉਸ ਨੇ ਆਪਣੇ ਮਕਸਦ ਅਨੁਸਾਰ ਇਨਸਾਨਾਂ ਦੀ ਅਗਵਾਈ ਕਰਨ ਲਈ ਉਨ੍ਹਾਂ ਨੂੰ ਅਸੂਲ ਦਿੱਤੇ ਹਨ। ਜੇ ਅਸੀਂ ਆਪਣੀ ਮਿਹਨਤ ਦਾ ਫਲ ਦੇਖਣਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਮਕਸਦ ਅਨੁਸਾਰ ਚੱਲਣ ਦੀ ਲੋੜ ਹੈ। ਆਪਣਾ ਹਰ ਕੰਮ ਪੂਰਾ ਕਰਨ ਲਈ ਰੱਬ ਦਾ ਇਕ ਤੈਅ ਕੀਤਾ ਹੋਇਆ ਸਮਾਂ ਹੁੰਦਾ ਹੈ ਤੇ ਸਾਨੂੰ ਇਸ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ। ਕੋਈ ਵੀ ਰੱਬ ਦਾ ਮਕਸਦ ਬਦਲ ਨਹੀਂ ਸਕਦਾ। ਆਪਣੇ ਨਬੀ ਯਸਾਯਾਹ ਰਾਹੀਂ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਮੇਰਾ ਬਚਨ . . . ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:11.

ਤਾਂ ਫਿਰ ਧਰਤੀ ਅਤੇ ਇਨਸਾਨਾਂ ਲਈ ਪਰਮੇਸ਼ੁਰ ਦਾ “ਬਚਨ” ਕੀ ਹੈ ਜੋ “ਸਫ਼ਲ ਹੋਏਗਾ”?

ਪਰਮੇਸ਼ੁਰ ਦਾ ਮਕਸਦ ਸਮਝਣਾ

ਸੁਲੇਮਾਨ ਨੇ ਇਸ ਵਿਸ਼ੇ ਉੱਤੇ ਰੌਸ਼ਨੀ ਪਾਈ। ਇਹ ਕਹਿਣ ਤੋਂ ਬਾਅਦ ਕਿ “[ਪਰਮੇਸ਼ੁਰ] ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ” ਉਸ ਨੇ ਕਿਹਾ ਕਿ “ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।”—ਉਪਦੇਸ਼ਕ ਦੀ ਪੋਥੀ 3:11.

ਸੱਚ ਤਾਂ ਇਹ ਹੈ ਕਿ ਸਾਰਿਆਂ ਨੇ ਕਿਸੇ-ਨ-ਕਿਸੇ ਸਮੇਂ ਆਪਣੀ ਜ਼ਿੰਦਗੀ ਦੇ ਮਕਸਦ ਬਾਰੇ ਸੋਚਿਆ ਹੈ ਅਤੇ ਇਸ ਬਾਰੇ ਵੀ ਕਿ ਭਵਿੱਖ ਵਿਚ ਕੀ ਹੋਵੇਗਾ। ਸਦੀਆਂ ਤੋਂ ਇਨਸਾਨ ਸੋਚਦੇ ਆਏ ਹਨ ਕਿ ਕੀ ਜ਼ਿੰਦਗੀ ਦਾ ਇਹੀ ਮਕਸਦ ਹੈ ਕਿ ਉਹ ਮਿਹਨਤ ਕਰਦੇ-ਕਰਦੇ ਮਰ ਜਾਣਗੇ? ਇਨਸਾਨ ਜਾਨਵਰਾਂ ਤੋਂ ਵੱਖਰੇ ਹਨ ਕਿਉਂਕਿ ਉਹ ਸਿਰਫ਼ ਅੱਜ ਬਾਰੇ ਹੀ ਨਹੀਂ, ਪਰ ਮੌਤ ਅਤੇ ਉਸ ਤੋਂ ਬਾਅਦ ਬਾਰੇ ਵੀ ਸੋਚਦੇ ਹਨ। ਇਨਸਾਨ ਇਹ ਵੀ ਤਮੰਨਾ ਰੱਖਦੇ ਹਨ ਕਿ ਉਹ ਹਮੇਸ਼ਾ ਲਈ ਜੀਉਂਦੇ ਰਹਿਣ। ਕਿਉਂ? ਕਿਉਂਕਿ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ “ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।”

ਇਹ ਤਮੰਨਾ ਪੂਰੀ ਕਰਨ ਲਈ ਇਨਸਾਨਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ। ਕਈਆਂ ਦਾ ਕਹਿਣਾ ਹੈ ਕਿ ਮੌਤ ਤੋਂ ਬਾਅਦ ਸਾਡੇ ਵਿੱਚੋਂ ਕੁਝ ਜੀਉਂਦਾ ਰਹਿੰਦਾ ਹੈ। ਹੋਰਨਾਂ ਦਾ ਕਹਿਣਾ ਹੈ ਕਿ ਅਸੀਂ ਜੂਨਾਂ ਵਿਚ ਪੈ ਜਾਂਦੇ ਹਾਂ। ਕਈ ਵਿਸ਼ਵਾਸ ਰੱਖਦੇ ਹਨ ਕਿ ਸਾਡੀ ਕਿਸਮਤ ਲਿਖੀ ਹੋਈ ਹੈ ਅਤੇ ਅਸੀਂ ਇਸ ਨੂੰ ਬਦਲਣ ਲਈ ਕੁਝ ਵੀ ਨਹੀਂ ਕਰ ਸਕਦੇ। ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਸਿੱਖਿਆਵਾਂ ਨੇ ਇਨਸਾਨਾਂ ਦੀ ਤਮੰਨਾ ਪੂਰੀ ਨਹੀਂ ਕੀਤੀ। ਇਹ ਇਸ ਲਈ ਹੈ ਕਿਉਂਕਿ ਆਪਣੀਆਂ ਹੀ ਕੋਸ਼ਿਸ਼ਾਂ ਤੋਂ “ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।”

ਸਦੀਆਂ ਤੋਂ ਫ਼ਿਲਾਸਫ਼ਰਾਂ ਅਤੇ ਹੋਰਨਾਂ ਨੇ ਜ਼ਿੰਦਗੀ ਦੇ ਮਕਸਦ ਬਾਰੇ ਸਵਾਲ ਪੁੱਛੇ ਹਨ, ਲੇਕਿਨ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਨਹੀਂ ਮਿਲੇ। ਪਰ ਜੇ ਪਰਮੇਸ਼ੁਰ ਨੇ ਹਮੇਸ਼ਾ ਲਈ ਜੀਣ ਦੀ ਤਮੰਨਾ ਸਾਡੇ ਦਿਲ ਵਿਚ ਪਾਈ ਹੈ, ਤਾਂ ਕੀ ਸਾਨੂੰ ਉਸ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਪੁੱਛਣੇ ਚਾਹੀਦੇ? ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ ਕਿ “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰਾਂ ਦੀ ਪੋਥੀ 145:16) ਅਸੀਂ ਸਿਰਫ਼ ਪਰਮੇਸ਼ੁਰ ਦੇ ਬਚਨ ਬਾਈਬਲ ਤੋਂ ਜ਼ਿੰਦਗੀ ਅਤੇ ਮੌਤ ਬਾਰੇ ਸੱਚਾਈ ਜਾਣ ਸਕਦੇ ਹਾਂ। ਅਸੀਂ ਇਹ ਵੀ ਜਾਣ ਸਕਦੇ ਹਾਂ ਕਿ ਧਰਤੀ ਅਤੇ ਇਨਸਾਨਾਂ ਲਈ ਉਸ ਦੀ ਕੀ ਮਰਜ਼ੀ ਹੈ।—ਅਫ਼ਸੀਆਂ 3:11. (w09 3/1)

[ਸਫ਼ਾ 5 ਉੱਤੇ ਸੁਰਖੀ]

“ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ।”—ਉਪਦੇਸ਼ਕ ਦੀ ਪੋਥੀ 9:11, CL

[ਸਫ਼ਾ 6 ਉੱਤੇ ਸੁਰਖੀ]

ਜੇ ਕਿਸਾਨ ਗ਼ਲਤ ਸਮੇਂ ਤੇ ਫ਼ਸਲ ਬੀਜੇਗਾ ਤੇ ਉਸ ਨੂੰ ਚੰਗੀ ਫ਼ਸਲ ਨਹੀਂ ਮਿਲਦੀ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਸ ਦੀ ਕਿਸਮਤ ਮਾੜੀ ਹੈ?

[ਸਫ਼ਾ 7 ਉੱਤੇ ਸੁਰਖੀ]

ਇਨਸਾਨ ਇਸ ਕਰਕੇ ਜ਼ਿੰਦਗੀ ਅਤੇ ਮੌਤ ਬਾਰੇ ਸੋਚਦੇ ਹਨ ਕਿਉਂਕਿ ਪਰਮੇਸ਼ੁਰ ਨੇ “ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ”