Skip to content

Skip to table of contents

ਇਨਸਾਨਾਂ ਤੋਂ ਨਹੀਂ, ਪਰ ਰੱਬ ਤੋਂ ਡਰਨ ਦੇ ਪੰਜ ਕਾਰਨ

ਇਨਸਾਨਾਂ ਤੋਂ ਨਹੀਂ, ਪਰ ਰੱਬ ਤੋਂ ਡਰਨ ਦੇ ਪੰਜ ਕਾਰਨ

ਇਨਸਾਨਾਂ ਤੋਂ ਨਹੀਂ, ਪਰ ਰੱਬ ਤੋਂ ਡਰਨ ਦੇ ਪੰਜ ਕਾਰਨ

ਨੌਜਵਾਨ ਇਹ ਗੱਲ ਸੁਣ ਕੇ ਖ਼ੁਸ਼ ਹੋਇਆ। ਦੋ ਯਹੋਵਾਹ ਦੇ ਗਵਾਹਾਂ ਨਾਲ ਗੱਲ-ਬਾਤ ਕਰਨ ਤੋਂ ਬਾਅਦ ਉਸ ਨੂੰ ਇਕ ਨਵੀਂ ਗੱਲ ਦਾ ਪਤਾ ਲੱਗਾ। ਕਈ ਸਾਲਾਂ ਤੋਂ ਉਸ ਦੇ ਮਨ ਵਿਚ ਇਹ ਸਵਾਲ ਸੀ ਕਿ ਰੱਬ ਦੁੱਖ-ਤਕਲੀਫ਼ਾਂ ਦਾ ਅੰਤ ਕਿਉਂ ਨਹੀਂ ਕਰਦਾ। ਲੇਕਿਨ ਹੁਣ ਉਸ ਨੂੰ ਬਾਈਬਲ ਤੋਂ ਇਸ ਸਵਾਲ ਦਾ ਜਵਾਬ ਮਿਲ ਗਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਬਾਈਬਲ ਵਿਚ ਇੰਨਾ ਵਧੀਆ ਗਿਆਨ ਪਾਇਆ ਜਾਂਦਾ ਹੈ।

ਯਹੋਵਾਹ ਦੇ ਗਵਾਹਾਂ ਨਾਲ ਗੱਲ ਕਰਨ ਤੋਂ ਕੁਝ ਹੀ ਮਿੰਟ ਬਾਅਦ ਘਰ ਦੀ ਮਾਲਕਣ ਗੁੱਸੇ ਹੋ ਕੇ ਉਸ ਦੇ ਕਮਰੇ ਵਿਚ ਆਈ ਤੇ ਚਿਲਾ ਉੱਠੀ: “ਉਹ ਲੋਕ ਕੌਣ ਸਨ?”

ਨੌਜਵਾਨ ਹੱਕਾ-ਬੱਕਾ ਰਹਿ ਗਿਆ ਅਤੇ ਉਹ ਜਵਾਬ ਨਾ ਦੇ ਸਕਿਆ।

ਮਾਲਕਣ ਨੇ ਕਿਹਾ: “ਮੈਂ ਜਾਣਦੀ ਹਾਂ ਕਿ ਉਹ ਕੌਣ ਸਨ ਅਤੇ ਜੇ ਤੂੰ ਉਨ੍ਹਾਂ ਨੂੰ ਫਿਰ ਅੰਦਰ ਵਾੜਿਆ, ਤਾਂ ਤੈਨੂੰ ਹੋਰ ਕਿਤੇ ਕਮਰਾ ਲੱਭਣਾ ਪਓ!”

ਉਸ ਨੇ ਜ਼ੋਰ ਨਾਲ ਦਰਵਾਜ਼ਾ ਬੰਦ ਕੀਤਾ ਤੇ ਚਲੀ ਗਈ।

ਯਿਸੂ ਦੇ ਚੇਲੇ ਜਾਣਦੇ ਹਨ ਕਿ ਉਨ੍ਹਾਂ ਨੂੰ ਸਤਾਇਆ ਜਾਵੇਗਾ

ਜੋ ਕੁਝ ਇਸ ਨੌਜਵਾਨ ਨਾਲ ਹੋਇਆ ਇਹ ਕੋਈ ਨਵੀਂ ਗੱਲ ਨਹੀਂ ਹੈ। ਬਾਈਬਲ ਸਮਝਾਉਂਦੀ ਹੈ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਆਮ ਕਰਕੇ ਯਿਸੂ ਦੇ ਚੇਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਹੈ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਹੁੰਦਾ ਆਇਆ ਹੈ। ਕਿਉਂ? ਯੂਹੰਨਾ ਰਸੂਲ ਨੇ ਮਸੀਹੀਆਂ ਨੂੰ ਲਿਖਦੇ ਹੋਏ ਕਿਹਾ: “ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਬਾਈਬਲ ਵਿਚ ਸ਼ਤਾਨ ਨੂੰ ਇਕ “ਬੁਕਦੇ ਸ਼ੀਂਹ” ਨਾਲ ਦਰਸਾਇਆ ਗਿਆ ਹੈ ਜੋ “ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਯੂਹੰਨਾ 5:19; 1 ਪਤਰਸ 5:8) ਇਨਸਾਨ ਦਾ ਡਰ ਸ਼ਤਾਨ ਦਾ ਇਕ ਸਭ ਤੋਂ ਵੱਡਾ ਫੰਧਾ ਹੈ।

ਭਾਵੇਂ ਯਿਸੂ ਮਸੀਹ ਨੇ ਸਿਰਫ਼ ਚੰਗੇ ਕੰਮ ਕੀਤੇ ਸਨ ਤੇ ਕਦੀ ਕੋਈ ਪਾਪ ਨਹੀਂ ਕੀਤਾ ਸੀ, ਫਿਰ ਵੀ ਉਸ ਦਾ ਮਖੌਲ ਉਡਾਇਆ ਗਿਆ ਤੇ ਉਸ ਨੂੰ ਸਤਾਇਆ ਗਿਆ। ਯਿਸੂ ਨੇ ਖ਼ੁਦ ਕਿਹਾ ਕਿ “ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫਰਤ ਕੀਤੀ।” (ਯੂਹੰਨਾ 15:25, ERV) ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਤਿਆਰ ਕਰਨ ਲਈ ਕਿਹਾ: “ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ। ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਭਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।”—ਯੂਹੰਨਾ 15:18, 20.

ਯਿਸੂ ਦੀ ਇਸ ਗੱਲ ਕਰਕੇ ਕਈ ਲੋਕ ਉਸ ਦੇ ਚੇਲੇ ਬਣਨ ਤੋਂ ਪਿੱਛੇ ਹਟੇ। ਇਕ ਵਾਰ ਕੁਝ ਲੋਕ ਯਿਸੂ ਨੂੰ ਲੱਭ ਰਹੇ ਸਨ ਤੇ ਬਾਈਬਲ ਉਨ੍ਹਾਂ ਬਾਰੇ ਕਹਿੰਦੀ ਹੈ: “ਯਹੂਦੀਆਂ ਦੇ ਡਰ ਦੇ ਮਾਰੇ ਕੋਈ ਉਹ ਦੀ ਗੱਲ ਖੋਲ੍ਹ ਕੇ ਨਹੀਂ ਕਰਦਾ ਸੀ।” (ਯੂਹੰਨਾ 7:13; 12:42) ਧਾਰਮਿਕ ਆਗੂਆਂ ਨੇ ਉਨ੍ਹਾਂ ਲੋਕਾਂ ਨੂੰ ਸਮਾਜ ਵਿੱਚੋਂ ਛੇਕੇ ਜਾਣ ਦੀ ਧਮਕੀ ਦਿੱਤੀ ਸੀ ਜੋ ਯਿਸੂ ਉੱਤੇ ਨਿਹਚਾ ਰੱਖਦੇ ਸਨ। ਸੋ ਇਨਸਾਨਾਂ ਦੇ ਡਰ ਕਰਕੇ ਕਈ ਲੋਕ ਯਿਸੂ ਦੇ ਚੇਲੇ ਨਹੀਂ ਬਣੇ।—ਰਸੂਲਾਂ ਦੇ ਕਰਤੱਬ 5:13.

ਫਿਰ ਜਦ ਮਸੀਹੀ ਧਰਮ ਸਥਾਪਿਤ ਹੋ ਗਿਆ ਸੀ, ਤਾਂ ਅਸੀਂ ਪੜ੍ਹਦੇ ਹਾਂ ਕਿ ਯਰੂਸ਼ਲਮ ਦੀ ਕਲੀਸਿਯਾ ਨੂੰ “ਵੱਡਾ ਕਸ਼ਟ” ਸਹਿਣਾ ਪਿਆ। (ਰਸੂਲਾਂ ਦੇ ਕਰਤੱਬ 8:1) ਦਰਅਸਲ ਪੂਰੇ ਰੋਮੀ ਸਾਮਰਾਜ ਵਿਚ ਮਸੀਹੀਆਂ ਨੂੰ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ। ਰੋਮ ਦੇ ਕੁਝ ਮੰਨੇ-ਪ੍ਰਮੰਨੇ ਲੋਕਾਂ ਨੇ ਪੌਲੁਸ ਰਸੂਲ ਨੂੰ ਕਿਹਾ: “ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।” (ਰਸੂਲਾਂ ਦੇ ਕਰਤੱਬ 28:22) ਜੀ ਹਾਂ, ਯਿਸੂ ਦੇ ਚੇਲਿਆਂ ਨੂੰ ਹਰ ਜਗ੍ਹਾ ਸਤਾਇਆ ਜਾਂਦਾ ਸੀ।

ਅੱਜ ਵੀ ਇਨਸਾਨ ਦਾ ਡਰ ਇਕ ਫੰਧਾ ਹੈ ਜਿਸ ਨੂੰ ਸ਼ਤਾਨ ਵਰਤ ਕੇ ਲੋਕਾਂ ਨੂੰ ਯਿਸੂ ਦੇ ਚੇਲੇ ਬਣਨ ਤੋਂ ਰੋਕਦਾ ਹੈ। ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੇ ਨੇਕਦਿਲ ਲੋਕਾਂ ਨੂੰ ਸਕੂਲ ਵਿਚ, ਕੰਮ ਤੇ, ਗੁਆਂਢ ਵਿਚ ਜਾਂ ਆਪਣੇ ਦੋਸਤਾਂ-ਮਿੱਤਰਾਂ ਤੋਂ ਵਿਰੋਧਤਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਾਂ ਉਨ੍ਹਾਂ ਦਾ ਮਖੌਲ ਉਡਾਇਆ ਜਾਂਦਾ ਹੈ। ਉਹ ਸ਼ਾਇਦ ਡਰਨ ਕਿ ਲੋਕ ਉਨ੍ਹਾਂ ਦੀ ਇੱਜ਼ਤ ਨਹੀਂ ਕਰਨਗੇ, ਉਨ੍ਹਾਂ ਦੇ ਦੋਸਤ-ਮਿੱਤਰ ਉਨ੍ਹਾਂ ਨੂੰ ਮਿਲਣਾ ਛੱਡ ਦੇਣਗੇ ਜਾਂ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਨੂੰ ਸਹਾਰਾ ਦੇਣ ਤੋਂ ਇਨਕਾਰ ਕਰਨਗੇ। ਖੇਤੀਬਾੜੀ ਦੇ ਕੁਝ ਇਲਾਕਿਆਂ ਵਿਚ ਕਿਸਾਨ ਸ਼ਾਇਦ ਡਰਨ ਕਿ ਉਨ੍ਹਾਂ ਦੇ ਗੁਆਂਢੀ ਵਾਢੀ ਕਰਨ ਵਿਚ ਜਾਂ ਉਨ੍ਹਾਂ ਦੇ ਪਸ਼ੂਆਂ ਦੀ ਰਾਖੀ ਕਰਨ ਵਿਚ ਉਨ੍ਹਾਂ ਦੀ ਮਦਦ ਨਹੀਂ ਕਰਨਗੇ। ਪਰ ਇਸ ਸਭ ਦੇ ਬਾਵਜੂਦ ਲੱਖਾਂ ਹੀ ਲੋਕਾਂ ਨੇ ਯਿਸੂ ਵਾਂਗ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਅਤੇ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਕਰਨ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ ਹਨ।

ਰੱਬ ਤੋਂ ਡਰਨ ਦੇ ਕਾਰਨ

ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਅਸੀਂ ਪਰਮੇਸ਼ੁਰ ਤੋਂ ਡਰੀਏ ਨਾ ਕਿ ਇਨਸਾਨਾਂ ਤੋਂ। ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ।” (ਜ਼ਬੂਰਾਂ ਦੀ ਪੋਥੀ 111:10) ਪਰਮੇਸ਼ੁਰ ਦਾ ਡਰ ਰੱਖਣਾ ਚੰਗੀ ਗੱਲ ਹੈ। ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਜੀਵਨ-ਦਾਤੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਸੀਂ ਉਸ ਲਈ ਗਹਿਰੀ ਸ਼ਰਧਾ ਰੱਖਦੇ ਹਾਂ ਅਤੇ ਉਸ ਨੂੰ ਪਿਆਰ ਕਰਦੇ ਹਾਂ। ਪਰ ਸਾਨੂੰ ਇਨਸਾਨਾਂ ਦੀ ਬਜਾਇ ਰੱਬ ਤੋਂ ਕਿਉਂ ਡਰਨਾ ਚਾਹੀਦਾ ਹੈ? ਆਓ ਆਪਾਂ ਪੰਜ ਕਾਰਨ ਦੇਖੀਏ।

1 ਯਹੋਵਾਹ ਸਰਬਸ਼ਕਤੀਮਾਨ ਹੈ। ਯਹੋਵਾਹ ਕਿਸੇ ਇਨਸਾਨ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਯਹੋਵਾਹ ਪਰਮੇਸ਼ੁਰ ਦਾ ਆਦਰ ਕਰ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸੇ ਦੀ ਭਗਤੀ ਕਰਦੇ ਹਾਂ ਜਿਸ ਦੀਆਂ ਨਜ਼ਰਾਂ ਵਿਚ “ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ।” (ਯਸਾਯਾਹ 40:15) ਸਰਬਸ਼ਕਤੀਮਾਨ ਹੋਣ ਕਰਕੇ ਉਸ ਕੋਲ “ਹਰ ਹਥਿਆਰ” ਅਸਫ਼ਲ ਕਰਨ ਦੀ ਤਾਕਤ ਹੈ ਜੋ ਉਸ ਦੇ ਵਫ਼ਾਦਾਰ ਲੋਕਾਂ ਦੇ “ਵਿਰੁੱਧ ਬਣਾਇਆ ਜਾਵੇ।” (ਯਸਾਯਾਹ 54:17) ਯਹੋਵਾਹ ਹੀ ਫ਼ੈਸਲਾ ਕਰੇਗਾ ਕਿ ਕਿਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ, ਇਸ ਲਈ ਸਮਝਦਾਰੀ ਦੀ ਗੱਲ ਇਹ ਹੈ ਕਿ ਅਸੀਂ ਉਸ ਬਾਰੇ ਸਿੱਖਦੇ ਅਤੇ ਉਸ ਦੀ ਮਰਜ਼ੀ ਪੂਰੀ ਕਰਦੇ ਰਹੀਏ।—ਪਰਕਾਸ਼ ਦੀ ਪੋਥੀ 14:6, 7.

2 ਪਰਮੇਸ਼ੁਰ ਸਾਡੀ ਮਦਦ ਕਰੇਗਾ ਅਤੇ ਸਾਨੂੰ ਬਚਾਵੇਗਾ। ਕਹਾਉਤਾਂ 29:25 ਵਿਚ ਲਿਖਿਆ ਹੈ ਕਿ “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।” ਇਨਸਾਨ ਦਾ ਡਰ ਇਕ ਫੰਧਾ ਹੈ ਕਿਉਂਕਿ ਇਹ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਸਾਨੂੰ ਰੋਕ ਸਕਦਾ ਹੈ। ਪਰਮੇਸ਼ੁਰ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਸ ਕੋਲ ਸਾਨੂੰ ਬਚਾਉਣ ਦੀ ਸ਼ਕਤੀ ਹੈ। ਉਹ ਕਹਿੰਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”—ਯਸਾਯਾਹ 41:10.

3 ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਨਜ਼ਦੀਕ ਰਹਿੰਦੇ ਹਨ। ਪੌਲੁਸ ਰਸੂਲ ਨੇ ਇਹ ਸੋਹਣੇ ਸ਼ਬਦ ਲਿਖੇ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।” (ਰੋਮੀਆਂ 8:37-39) ਜੇ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਰੱਖਣਾ ਤੇ ਉਸ ਦਾ ਕਹਿਣਾ ਮੰਨਣਾ ਸਿੱਖਾਂਗੇ, ਤਾਂ ਅਸੀਂ ਸਾਰੇ ਜਹਾਨ ਦੇ ਮਾਲਕ ਦਾ ਗਹਿਰਾ ਪਿਆਰ ਪਾ ਸਕਾਂਗੇ। ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ!

4 ਅਸੀਂ ਉਸ ਦੀ ਕਦਰ ਕਰਦੇ ਹਾਂ ਜੋ ਪਰਮੇਸ਼ੁਰ ਨੇ ਸਾਡੇ ਲਈ ਕੀਤਾ ਹੈ। ਯਹੋਵਾਹ ਸਾਡਾ ਸਿਰਜਣਹਾਰ ਅਤੇ ਜੀਵਨ-ਦਾਤਾ ਹੈ। ਉਸ ਨੇ ਸਾਨੂੰ ਲੋੜੋਂ ਵਧ ਹਰ ਚੀਜ਼ ਦਿੱਤੀ ਹੈ ਤਾਂਕਿ ਅਸੀਂ ਜ਼ਿੰਦਗੀ ਦਾ ਪੂਰਾ ਆਨੰਦ ਮਾਣ ਸਕੀਏ। ਹਰੇਕ ਚੰਗੀ ਦਾਤ ਉਸੇ ਵੱਲੋਂ ਆਉਂਦੀ ਹੈ। (ਯਾਕੂਬ 1:17) ਦਾਊਦ ਇਕ ਵਫ਼ਾਦਾਰ ਆਦਮੀ ਸੀ ਜੋ ਪਰਮੇਸ਼ੁਰ ਦੇ ਪਿਆਰ ਦੀ ਕਦਰ ਕਰਦਾ ਸੀ। ਉਸ ਨੇ ਲਿਖਿਆ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ . . . ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।”—ਜ਼ਬੂਰਾਂ ਦੀ ਪੋਥੀ 40:5.

5 ਸਾਡਾ ਵਿਰੋਧ ਕਰਨ ਵਾਲੇ ਬਦਲ ਸਕਦੇ ਹਨ। ਜੇ ਤੁਸੀਂ ਠਾਣ ਲਓ ਕਿ ਤੁਸੀਂ ਸਮਝੌਤਾ ਨਹੀਂ ਕਰੋਗੇ, ਸਗੋਂ ਪਰਮੇਸ਼ੁਰ ਦਾ ਆਦਰ ਤੇ ਉਸ ਨਾਲ ਪਿਆਰ ਕਰੋਗੇ, ਤਾਂ ਤੁਸੀਂ ਵਿਰੋਧ ਕਰਨ ਵਾਲਿਆਂ ਦੀ ਮਦਦ ਕਰ ਸਕੋਗੇ। ਯਿਸੂ ਦੇ ਰਿਸ਼ਤੇਦਾਰਾਂ ਦੀ ਮਿਸਾਲ ਵੱਲ ਧਿਆਨ ਦਿਓ। ਪਹਿਲਾਂ-ਪਹਿਲਾਂ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਸੀ ਕੀਤੀ, ਸਗੋਂ ਕਿਹਾ: “ਉਸਦਾ ਸਿਰ ਫਿਰ ਗਿਆ ਹੈ।” (ਮਰਕੁਸ 3:21, CL; ਯੂਹੰਨਾ 7:5) ਪਰ ਫਿਰ ਯਿਸੂ ਦੀ ਮੌਤ ਅਤੇ ਉਸ ਦੇ ਜੀ ਉੱਠਣ ਤੋਂ ਬਾਅਦ ਕਈ ਉਸ ਦੇ ਚੇਲੇ ਬਣੇ। ਯਿਸੂ ਦੇ ਮਤਰੇਏ ਭਰਾ ਯਾਕੂਬ ਅਤੇ ਯਹੂਦਾਹ ਨੇ ਬਾਈਬਲ ਦੇ ਕੁਝ ਹਿੱਸੇ ਵੀ ਲਿਖੇ। ਇਸ ਤੋਂ ਇਲਾਵਾ ਮਸੀਹੀਆਂ ਨੂੰ ਸਤਾਉਣ ਵਾਲਾ ਸੌਲੁਸ ਬਦਲ ਕੇ ਖ਼ੁਦ ਮਸੀਹੀ ਬਣਿਆ ਤੇ ਪੌਲੁਸ ਰਸੂਲ ਦੇ ਨਾਂ ਤੋਂ ਜਾਣਿਆ ਗਿਆ। ਜੇ ਅਸੀਂ ਹਿੰਮਤ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੀਏ, ਤਾਂ ਹੋ ਸਕਦਾ ਹੈ ਕਿ ਸਾਡੇ ਵਿਰੋਧੀ ਇਹ ਦੇਖਣ ਕਿ ਅਸੀਂ ਯਿਸੂ ਦੇ ਸੱਚੇ ਚੇਲੇ ਹਾਂ।—1 ਤਿਮੋਥਿਉਸ 1:13.

ਮਿਸਾਲ ਲਈ, ਅਫ਼ਰੀਕਾ ਤੋਂ ਅਬਰਾਸ਼ ਨਾਂ ਦੀ ਔਰਤ ਇਹ ਪ੍ਰਾਰਥਨਾ ਕਰਦੀ ਹੁੰਦੀ ਸੀ ਕਿ ਉਸ ਨੂੰ ਰੱਬ ਬਾਰੇ ਸੱਚਾਈ ਪਤਾ ਲੱਗੇ। ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਬਾਅਦ ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਧਾਰਮਿਕ ਆਗੂਆਂ ਤੋਂ ਸਖ਼ਤ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ। ਉਸ ਦੇ ਕੁਝ ਰਿਸ਼ਤੇਦਾਰ ਵੀ ਸਟੱਡੀ ਕਰ ਰਹੇ ਸਨ, ਪਰ ਇਨਸਾਨਾਂ ਦੇ ਡਰ ਕਾਰਨ ਉਨ੍ਹਾਂ ਨੇ ਸਟੱਡੀ ਕਰਨੀ ਛੱਡ ਦਿੱਤੀ। ਫਿਰ ਵੀ ਉਸ ਨੇ ਪਰਮੇਸ਼ੁਰ ਅੱਗੇ ਮਿੰਨਤ ਕੀਤੀ ਕਿ ਉਹ ਉਸ ਨੂੰ ਸ਼ਕਤੀ ਅਤੇ ਹਿੰਮਤ ਦੇਵੇ ਜਿਸ ਕਾਰਨ ਉਹ ਬਪਤਿਸਮਾ ਲੈ ਕੇ ਯਹੋਵਾਹ ਦੀ ਗਵਾਹ ਬਣੀ। ਇਸ ਦਾ ਨਤੀਜਾ ਕੀ ਨਿਕਲਿਆ? ਉਸ ਦੀ ਮਿਸਾਲ ਵੱਲ ਦੇਖ ਕੇ ਉਸ ਦੇ ਅੱਠ ਰਿਸ਼ਤੇਦਾਰਾਂ ਨੇ ਆਪਣੀ ਬਾਈਬਲ ਸਟੱਡੀ ਫਿਰ ਤੋਂ ਸ਼ੁਰੂ ਕੀਤੀ ਅਤੇ ਹੁਣ ਚੰਗੀ ਤਰੱਕੀ ਕਰ ਰਹੇ ਹਨ।

ਲੋਕਾਂ ਦਾ ਡਰ ਆਪਣੇ ਦਿਲ ਵਿੱਚੋਂ ਕੱਢੋ

ਜੇ ਤੁਸੀਂ ਇਨਸਾਨ ਦੇ ਡਰ ਦੇ ਫੰਧੇ ਤੋਂ ਬਚਣਾ ਚਾਹੁੰਦੇ ਹੋ, ਤਾਂ ਪਰਮੇਸ਼ੁਰ ਲਈ ਆਪਣਾ ਪਿਆਰ ਮਜ਼ਬੂਤ ਕਰੋ। ਬਾਈਬਲ ਦੀ ਸਟੱਡੀ ਕਰੋ ਅਤੇ ਇਬਰਾਨੀਆਂ 13:6 ਵਰਗੇ ਹਵਾਲਿਆਂ ਉੱਤੇ ਸੋਚ-ਵਿਚਾਰ ਕਰੋ, ਜਿੱਥੇ ਲਿਖਿਆ ਹੈ: “[ਯਹੋਵਾਹ] ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ?” ਇਹ ਨਾ ਭੁੱਲੋ ਕਿ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਡਰ ਰੱਖਣਾ ਕਿਉਂ ਜ਼ਰੂਰੀ ਹੈ।

ਇਹ ਵੀ ਯਾਦ ਰੱਖੋ ਕਿ ਜਦ ਤੁਸੀਂ ਬਾਈਬਲ ਦੀਆਂ ਗੱਲਾਂ ਮੁਤਾਬਕ ਚੱਲਦੇ ਹੋ, ਤਾਂ ਤੁਹਾਨੂੰ ਕਈ ਬਰਕਤਾਂ ਮਿਲ ਸਕਦੀਆਂ ਹਨ। ਤੁਹਾਨੂੰ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ। ਤੁਸੀਂ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸਮਝ ਪ੍ਰਾਪਤ ਕਰ ਸਕਦੇ ਹੋ। ਦੁਨੀਆਂ ਦੀਆਂ ਵਿਗੜਦੀਆਂ ਹਾਲਤਾਂ ਦੇ ਬਾਵਜੂਦ ਤੁਸੀਂ ਚੰਗੇ ਭਵਿੱਖ ਦੀ ਉਮੀਦ ਰੱਖ ਸਕਦੇ ਹੋ। ਨਾਲੇ ਤੁਸੀਂ ਜਦ ਜੀਅ ਚਾਹੇ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹੋ।

ਯੂਹੰਨਾ ਰਸੂਲ ਨੇ ਲਿਖਿਆ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਹੁਣ ਤੁਹਾਨੂੰ ਪਰਮੇਸ਼ੁਰ ਤੋਂ ਡਰਨ ਤੇ ਹਿੰਮਤ ਰੱਖਣ ਦੀ ਲੋੜ ਹੈ। ਇਨਸਾਨਾਂ ਦੀ ਸੁਣਨ ਦੀ ਬਜਾਇ ਸਾਨੂੰ ਪਰਮੇਸ਼ੁਰ ਦੀ ਸੁਣਨ ਦੀ ਲੋੜ ਹੈ, ਜੋ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਪਰਮੇਸ਼ੁਰ ਦੀ ਇਹ ਗੱਲ ਮੰਨਣੀ ਸਾਡੇ ਲਈ ਵੱਡਾ ਸਨਮਾਨ ਹੈ!

ਯਾਦ ਰੱਖੋ ਕਿ ਕੋਈ ਵੀ ਇਨਸਾਨ ਸਾਨੂੰ ਉਹ ਨਹੀਂ ਦੇ ਸਕਦਾ ਜੋ ਪਰਮੇਸ਼ੁਰ ਉਸ ਤੋਂ ਡਰਨ ਵਾਲਿਆਂ ਨੂੰ ਦੇਣ ਦਾ ਵਾਅਦਾ ਕਰਦਾ ਹੈ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।”—ਕਹਾਉਤਾਂ 22:4. (w09 3/1)

[ਸਫ਼ਾ 30 ਉੱਤੇ ਤਸਵੀਰ]

ਅਬਰਾਸ਼ ਦੀ ਦਲੇਰੀ ਕਾਰਨ ਉਸ ਦੇ ਅੱਠ ਰਿਸ਼ਤੇਦਾਰ ਫਿਰ ਤੋਂ ਬਾਈਬਲ ਸਟੱਡੀ ਕਰ ਰਹੇ ਹਨ