Skip to content

Skip to table of contents

ਇਨਾਮ ’ਤੇ ਨਜ਼ਰਾਂ ਟਿਕਾਈ ਰੱਖੋ

ਇਨਾਮ ’ਤੇ ਨਜ਼ਰਾਂ ਟਿਕਾਈ ਰੱਖੋ

ਇਨਾਮ ’ਤੇ ਨਜ਼ਰਾਂ ਟਿਕਾਈ ਰੱਖੋ

‘ਮੈਂ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉੱਪਰਲੇ ਸੱਦੇ ਦਾ ਇਨਾਮ ਲਵਾਂ।’—ਫ਼ਿਲਿ. 3:14.

1. ਪੌਲੁਸ ਰਸੂਲ ਨੂੰ ਕਿਹੜਾ ਇਨਾਮ ਮਿਲਣਾ ਸੀ?

ਪੌਲੁਸ ਰਸੂਲ ਤਰਸੁਸ ਦੇ ਸੌਲੁਸ ਵਜੋਂ ਜਾਣਿਆ ਜਾਂਦਾ ਸੀ ਜੋ ਅਮੀਰ ਘਰਾਣੇ ਦਾ ਸੀ। ਉਸ ਨੇ ਆਪਣੇ ਜ਼ਮਾਨੇ ਦੇ ਪ੍ਰਸਿੱਧ ਗੁਰੂ ਗਮਲੀਏਲ ਦੇ ਚਰਨਾਂ ਵਿਚ ਬੈਠ ਕੇ ਆਪਣੇ ਪਿਓ-ਦਾਦਿਆਂ ਦੇ ਧਰਮ ਬਾਰੇ ਸਿੱਖਿਆ ਸੀ। (ਰਸੂ. 22:3) ਉਹ ਦੁਨੀਆਂ ਵਿਚ ਚੰਗਾ ਨਾਂ ਕਮਾ ਸਕਦਾ ਸੀ, ਪਰ ਉਸ ਨੇ ਆਪਣਾ ਧਰਮ ਛੱਡ ਦਿੱਤਾ ਤੇ ਮਸੀਹੀ ਬਣ ਗਿਆ। ਉਦੋਂ ਤੋਂ ਉਸ ਨੇ ਆਪਣੀਆਂ ਨਜ਼ਰਾਂ ਸਦਾ ਦੀ ਜ਼ਿੰਦਗੀ ਦੇ ਇਨਾਮ ਉੱਤੇ ਟਿਕਾ ਲਈਆਂ ਸਨ। ਇਹ ਇਨਾਮ ਮਿਲਣ ਤੇ ਉਸ ਨੇ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਰਾਜਾ ਅਤੇ ਜਾਜਕ ਬਣਨਾ ਸੀ। ਭਵਿੱਖ ਵਿਚ ਇਹ ਰਾਜ ਪੂਰੀ ਧਰਤੀ ਉੱਤੇ ਹਕੂਮਤ ਕਰੇਗਾ।—ਮੱਤੀ 6:10; ਪਰ. 7:4; 20:6.

2, 3. ਸਵਰਗੀ ਜ਼ਿੰਦਗੀ ਦੇ ਇਨਾਮ ਨੂੰ ਪੌਲੁਸ ਕਿੰਨਾ ਕੁ ਅਨਮੋਲ ਸਮਝਦਾ ਸੀ?

2 ਪੌਲੁਸ ਆਪਣੇ ਇਸ ਇਨਾਮ ਨੂੰ ਬਹੁਤ ਅਨਮੋਲ ਸਮਝਦਾ ਸੀ ਕਿਉਂਕਿ ਉਸ ਨੇ ਕਿਹਾ: “ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ। ਸਗੋਂ ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।” (ਫ਼ਿਲਿ. 3:7, 8) ਜਦੋਂ ਪੌਲੁਸ ਨੇ ਪਰਮੇਸ਼ੁਰ ਦੇ ਮਕਸਦ ਬਾਰੇ ਸੱਚਾਈ ਸਿੱਖੀ, ਤਾਂ ਉਸ ਨੇ ਉਨ੍ਹਾਂ ਚੀਜ਼ਾਂ ਨੂੰ ਕੂੜਾ ਸਮਝਿਆ ਜੋ ਅੱਜ ਲੋਕਾਂ ਲਈ ਬਹੁਤ ਮਾਅਨੇ ਰੱਖਦੀਆਂ ਹਨ ਜਿਵੇਂ ਅਹੁਦੇ, ਧਨ-ਦੌਲਤ, ਕੈਰੀਅਰ ਤੇ ਸਮਾਜ ਵਿਚ ਦਰਜਾ।

3 ਪੌਲੁਸ ਦੀ ਜ਼ਿੰਦਗੀ ਵਿਚ ਯਹੋਵਾਹ ਅਤੇ ਯਿਸੂ ਬਾਰੇ ਗਿਆਨ ਲੈਣਾ ਸਭ ਤੋਂ ਜ਼ਰੂਰੀ ਗੱਲ ਸੀ। ਯਿਸੂ ਨੇ ਵੀ ਇਸ ਗਿਆਨ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰ. 17:3) ਪੌਲੁਸ ਸਦਾ ਦੀ ਜ਼ਿੰਦਗੀ ਪਾਉਣ ਦੀ ਗਹਿਰੀ ਇੱਛਾ ਰੱਖਦਾ ਸੀ ਜਿਸ ਬਾਰੇ ਫ਼ਿਲਿੱਪੀਆਂ 3:14 ਵਿਚ ਕਹੇ ਉਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ: “[ਮੈਂ] ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।” ਜੀ ਹਾਂ, ਉਸ ਦੀਆਂ ਨਜ਼ਰਾਂ ਸਵਰਗ ਵਿਚ ਹਮੇਸ਼ਾ ਦਾ ਜੀਵਨ ਪਾਉਣ ਦੇ ਇਨਾਮ ਉੱਤੇ ਟਿਕੀਆਂ ਹੋਈਆਂ ਸਨ ਜਦੋਂ ਉਸ ਨੇ ਪਰਮੇਸ਼ੁਰ ਦੀ ਸਵਰਗੀ ਸਰਕਾਰ ਦਾ ਮੈਂਬਰ ਬਣਨਾ ਸੀ।

ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ

4, 5. ਉਨ੍ਹਾਂ ਲੱਖਾਂ ਲੋਕਾਂ ਨੂੰ ਕੀ ਇਨਾਮ ਮਿਲੇਗਾ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ?

4 ਪਰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲੇ ਲੱਖਾਂ ਲੋਕਾਂ ਦੀ ਉਮੀਦ ਸਵਰਗ ਜਾਣ ਦੀ ਨਹੀਂ ਹੈ। ਉਨ੍ਹਾਂ ਨੂੰ ਧਰਤੀ ’ਤੇ ਸਦਾ ਦੀ ਜ਼ਿੰਦਗੀ ਦਾ ਇਨਾਮ ਮਿਲੇਗਾ। ਇਸ ਇਨਾਮ ਨੂੰ ਪਾਉਣ ਲਈ ਉਨ੍ਹਾਂ ਨੂੰ ਜਤਨ ਕਰਨ ਦੀ ਲੋੜ ਹੈ। (ਜ਼ਬੂ. 37:11, 29) ਯਿਸੂ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਇਹ ਉਮੀਦ ਜ਼ਰੂਰ ਪੂਰੀ ਹੋਵੇਗੀ। ਉਸ ਨੇ ਕਿਹਾ ਸੀ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਜ਼ਬੂਰਾਂ ਦੀ ਪੋਥੀ 2:8 ਅਨੁਸਾਰ ਯਿਸੂ ਪਹਿਲਾ ਸ਼ਖ਼ਸ ਹੋਵੇਗਾ ਜੋ ਧਰਤੀ ਦਾ ਵਾਰਸ ਬਣੇਗਾ। ਸਵਰਗ ਵਿਚ ਯਿਸੂ ਦੇ ਨਾਲ 1,44,000 ਮਸਹ ਕੀਤੇ ਹੋਏ ਮਸੀਹੀ ਵੀ ਹੋਣਗੇ ਜੋ ਉਸ ਨਾਲ ਰਾਜ ਕਰਨਗੇ। (ਦਾਨੀ. 7:13, 14, 22, 27) ਜਿਨ੍ਹਾਂ ਨੇ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣੀ ਹੈ, ਉਹ ਵੀ ਧਰਤੀ ਦੇ “ਵਾਰਸ” ਹੋਣਗੇ। ਇਹ ਧਰਤੀ ਉਸ “ਰਾਜ” ਦਾ ਹਿੱਸਾ ਹੈ ਜੋ ‘ਸੰਸਾਰ ਦੇ ਮੁੱਢੋਂ ਉਨ੍ਹਾਂ ਲਈ ਤਿਆਰ ਕੀਤਾ ਹੋਇਆ ਹੈ।’ (ਮੱਤੀ 25:34, 46) ਇਹ ਗਾਰੰਟੀ ਪਰਮੇਸ਼ੁਰ ਨੇ ਦਿੱਤੀ ਹੈ ਜੋ “ਝੂਠ ਬੋਲ ਨਹੀਂ ਸੱਕਦਾ।” (ਤੀਤੁ. 1:2) ਅਸੀਂ ਯਹੋਸ਼ੁਆ ਦੀ ਤਰ੍ਹਾਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। ਯਹੋਸ਼ੁਆ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।”—ਯਹੋ. 23:14.

5 ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਵੱਖਰੀ ਹੀ ਜ਼ਿੰਦਗੀ ਹੋਵੇਗੀ ਕਿਉਂਕਿ ਅਸੀਂ ਉਦੋਂ ਨਿਰਾਸ਼ ਨਹੀਂ ਹੋਵਾਂਗੇ। ਉੱਥੇ ਨਾ ਲੜਾਈਆਂ ਹੋਣਗੀਆਂ, ਨਾ ਜ਼ੁਲਮ, ਨਾ ਖਾਣੇ ਦੀ ਕਮੀ, ਨਾ ਬੇਇਨਸਾਫ਼ੀ, ਨਾ ਬੀਮਾਰੀਆਂ ਤੇ ਮੌਤ ਹੋਵੇਗੀ। ਜੀ ਹਾਂ, ਉਸ ਵੇਲੇ ਲੋਕ ਪੂਰੀ ਤਰ੍ਹਾਂ ਤੰਦਰੁਸਤ ਹੋਣਗੇ ਅਤੇ ਸੋਹਣੀ ਧਰਤੀ ’ਤੇ ਰਹਿਣਗੇ। ਅਸੀਂ ਅਜਿਹੀ ਜ਼ਿੰਦਗੀ ਦਾ ਮਜ਼ਾ ਲਵਾਂਗੇ ਜਿਸ ਬਾਰੇ ਅਸੀਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ। ਜੀ ਹਾਂ, ਸਾਡਾ ਹਰ ਦਿਨ ਖ਼ੁਸ਼ੀਆਂ ਭਰਿਆ ਹੋਵੇਗਾ। ਇਹ ਕਿੰਨਾ ਵਧੀਆ ਇਨਾਮ ਹੈ, ਹੈ ਨਾ?

6, 7. (ੳ) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਕੀ ਕੁਝ ਕਰੇਗਾ? (ਅ) ਮਰੇ ਹੋਏ ਲੋਕਾਂ ਲਈ ਕਿਹੜੀ ਉਮੀਦ ਹੈ?

6 ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਆਪਣੀ ਸ਼ਕਤੀ ਦਿੱਤੀ ਸੀ। ਉਸ ਸ਼ਕਤੀ ਨਾਲ ਉਸ ਨੇ ਕਈ ਕੰਮ ਕਰ ਕੇ ਦਿਖਾਇਆ ਕਿ ਨਵੀਂ ਦੁਨੀਆਂ ਵਿਚ ਉਹ ਕੀ ਕੁਝ ਕਰੇਗਾ। ਮਿਸਾਲ ਲਈ, ਯਿਸੂ ਨੇ ਇਕ ਬੰਦੇ ਨੂੰ ਤੁਰਨ ਲਈ ਕਿਹਾ ਜੋ ਅਠੱਤੀ ਸਾਲਾਂ ਤੋਂ ਅਧਰੰਗ ਸੀ ਤੇ ਚੱਲ-ਫਿਰ ਨਹੀਂ ਸੀ ਸਕਦਾ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਦੁਆਰਾ ਠੀਕ ਕੀਤੇ ਜਾਣ ’ਤੇ ਉਹ ਤੁਰਨ-ਫਿਰਨ ਲੱਗ ਪਿਆ। (ਯੂਹੰਨਾ 5:5-9 ਪੜ੍ਹੋ।) ਇਕ ਹੋਰ ਮੌਕੇ ’ਤੇ ਯਿਸੂ ਨੇ ਜਨਮ ਤੋਂ ਅੰਨ੍ਹੇ ਬੰਦੇ ਨੂੰ ਸੁਜਾਖਾ ਕੀਤਾ। ਬਾਅਦ ਵਿਚ ਜਦੋਂ ਇਸ ਬੰਦੇ ਨੂੰ ਪੁੱਛਿਆ ਗਿਆ ਕਿ ਉਸ ਨੂੰ ਕਿਸ ਨੇ ਠੀਕ ਕੀਤਾ, ਤਾਂ ਉਸ ਨੇ ਜਵਾਬ ਦਿੱਤਾ: “ਜਗਤ ਦੇ ਮੁੱਢੋਂ ਇਹ ਕਦੇ ਨਹੀਂ ਸੁਣਿਆ ਗਿਆ ਜੋ ਕਿਨ੍ਹੇ ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ! ਜੇ ਇਹ ਪਰਮੇਸ਼ੁਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸੱਕਦਾ।” (ਯੂਹੰ. 9:1, 6, 7, 32, 33) ਯਿਸੂ ਇਹ ਸਭ ਕੁਝ ਤਾਹੀਓਂ ਕਰ ਸਕਿਆ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਪਣੀ ਸ਼ਕਤੀ ਦਿੱਤੀ ਸੀ। ਯਿਸੂ ਜਿੱਥੇ ਵੀ ਗਿਆ ਉਹ ਉੱਥੇ ਜਾ ਕੇ “ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਨ੍ਹਾਂ ਨੂੰ ਚੰਗੇ ਕੀਤਾ।”—ਲੂਕਾ 9:11.

7 ਯਿਸੂ ਨਾ ਸਿਰਫ਼ ਬੀਮਾਰਾਂ ਤੇ ਲੰਗੜਿਆਂ ਨੂੰ ਠੀਕ ਕਰ ਸਕਦਾ ਸੀ, ਬਲਕਿ ਉਹ ਮੁਰਦਿਆਂ ਨੂੰ ਵੀ ਜ਼ਿੰਦਾ ਕਰ ਸਕਦਾ ਸੀ। ਮਿਸਾਲ ਵਜੋਂ, ਜਦੋਂ ਇਕ ਬਾਰਾਂ ਸਾਲਾਂ ਦੀ ਕੁੜੀ ਮੌਤ ਦੀ ਨੀਂਦ ਸੌਂ ਗਈ ਸੀ, ਤਾਂ ਉਸ ਦੇ ਮਾਪੇ ਬਹੁਤ ਦੁਖੀ ਹੋਏ। ਪਰ ਯਿਸੂ ਨੇ ਉਸ ਕੁੜੀ ਨੂੰ ਕਿਹਾ: “ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!” ਤਾਂ ਉਹ ਝੱਟ ਉੱਠ ਖੜ੍ਹੀ ਹੋਈ! ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਚਮਤਕਾਰ ਦੇਖ ਕੇ ਉਸ ਕੁੜੀ ਦੇ ਮਾਪਿਆਂ ਅਤੇ ਹੋਰਨਾਂ ਲੋਕਾਂ ਨੂੰ ਕਿਵੇਂ ਲੱਗਿਆ ਹੋਵੇਗਾ? (ਮਰਕੁਸ 5:38-42 ਪੜ੍ਹੋ।) ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਦੋਂ ਅਰਬਾਂ ਹੀ ਲੋਕਾਂ ਨੂੰ ਜ਼ਿੰਦਾ ਕੀਤਾ ਜਾਵੇਗਾ, ਤਾਂ ਉਸ ਸਮੇਂ ਅਸੀਂ ‘ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋਵਾਂਗੇ।’ ਉਸ ਵੇਲੇ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂ. 24:15; ਯੂਹੰ. 5:28, 29) ਇਹ ਲੋਕ ਨਵੇਂ ਸਿਰਿਓਂ ਜੀਣਾ ਸ਼ੁਰੂ ਕਰਨਗੇ ਅਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਣਗੇ।

8, 9. (ੳ) ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਆਦਮ ਤੋਂ ਮਿਲੇ ਪਾਪ ਦਾ ਕੀ ਹੋਵੇਗਾ? (ਅ) ਮੁਰਦਿਆਂ ਦਾ ਨਿਆਂ ਕਿਸ ਆਧਾਰ ਤੇ ਹੋਵੇਗਾ?

8 ਜ਼ਿੰਦਾ ਹੋਏ ਲੋਕਾਂ ਕੋਲ ਹਮੇਸ਼ਾ ਲਈ ਜੀਣ ਦਾ ਮੌਕਾ ਹੋਵੇਗਾ। ਇਨ੍ਹਾਂ ਦਾ ਨਿਆਂ ਉਨ੍ਹਾਂ ਦੇ ਪਾਪਾਂ ਦੇ ਆਧਾਰ ਤੇ ਨਹੀਂ ਕੀਤਾ ਜਾਵੇਗਾ ਜੋ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ। (ਰੋਮੀ. 6:7) ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਆਗਿਆਕਾਰ ਲੋਕਾਂ ’ਤੇ ਯਿਸੂ ਦੀ ਕੁਰਬਾਨੀ ਦੇ ਫ਼ਾਇਦੇ ਲਾਗੂ ਕੀਤੇ ਜਾਣਗੇ। ਉਹ ਹੌਲੀ-ਹੌਲੀ ਆਦਮ ਦੇ ਸਾਰੇ ਪਾਪਾਂ ਦੇ ਅਸਰਾਂ ਤੋਂ ਛੁੱਟ ਜਾਣਗੇ ਅਤੇ ਪੂਰੀ ਤਰ੍ਹਾਂ ਮੁਕੰਮਲ ਹੋਣਗੇ। (ਰੋਮੀ. 8:21) ਇਸ ਦੇ ਨਾਲ-ਨਾਲ ਯਹੋਵਾਹ “ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾ. 25:8) ਪਰਮੇਸ਼ੁਰ ਦੇ ਬਚਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ‘ਪੋਥੀਆਂ ਖੋਲ੍ਹੀਆਂ ਜਾਣਗੀਆਂ।’ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਜੀ ਰਹੇ ਲੋਕਾਂ ਨੂੰ ਨਵੀਂ ਜਾਣਕਾਰੀ ਮਿਲੇਗੀ। (ਪਰ. 20:12) ਨਾਲੇ ਧਰਤੀ ਨੂੰ ਵੀ ਸੋਹਣਾ ਬਣਾਇਆ ਜਾਵੇਗਾ ਜਿਸ ਦੇ ‘ਵਾਸੀ ਧਰਮ ਸਿੱਖਣਗੇ।’—ਯਸਾ. 26:9.

9 ਜਿਹੜੇ ਲੋਕ ਜ਼ਿੰਦਾ ਕੀਤੇ ਜਾਣਗੇ, ਉਨ੍ਹਾਂ ਦਾ ਨਿਆਂ ਆਦਮ ਤੋਂ ਮਿਲੇ ਪਾਪ ਦੇ ਆਧਾਰ ਤੇ ਨਹੀਂ ਕੀਤਾ ਜਾਵੇਗਾ। ਪਰ ਉਨ੍ਹਾਂ ਦਾ ਨਿਆਂ ਪੋਥੀ ਵਿਚਲੀਆਂ ਗੱਲਾਂ ਯਾਨੀ ਉਨ੍ਹਾਂ ਕੰਮਾਂ ਦੇ ਆਧਾਰ ਤੇ ਕੀਤਾ ਜਾਵੇਗੀ ਜੋ ਉਹ ਜੀ ਉੱਠਣ ਤੋਂ ਬਾਅਦ ਕਰਨਗੇ। ਪਰਕਾਸ਼ ਦੀ ਪੋਥੀ 20:12 ਵਿਚ ਦੱਸਿਆ ਗਿਆ ਹੈ: “ਮੁਰਦਿਆਂ ਦਾ ਨਿਆਉਂ ਪੋਥੀਆਂ ਵਿੱਚ ਲਿਖੀਆਂ ਹੋਇਆਂ ਗੱਲਾਂ ਤੋਂ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ।” ਇਸ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਨਿਆਂ, ਦਇਆ ਤੇ ਪਿਆਰ ਦੀ ਕਿੰਨੀ ਵਧੀਆ ਮਿਸਾਲ ਹੈ! ਇਸ ਤੋਂ ਇਲਾਵਾ, ਬਾਈਬਲ ਕਹਿੰਦੀ ਹੈ ਕਿ ਲੋਕਾਂ ਨੇ ਪੁਰਾਣੀ ਦੁਨੀਆਂ ਵਿਚ ਜੋ ਦੁਖਦਾਈ ਗੱਲਾਂ ਸਹੀਆਂ ਸਨ, ਉਹ ਕਦੇ “ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾ. 65:17) ਨਵੀਂ ਜਾਣਕਾਰੀ ਮਿਲਣ ਅਤੇ ਜ਼ਿੰਦਗੀ ਵਿਚ ਸਾਰਾ ਕੁਝ ਠੀਕ ਹੋ ਜਾਣ ’ਤੇ ਅਸੀਂ ਪਹਿਲਾਂ ਹੋ ਚੁੱਕੀਆਂ ਮਾੜੀਆਂ ਗੱਲਾਂ ਕਰਕੇ ਦੁਖੀ ਨਹੀਂ ਹੋਵਾਂਗੇ। ਅਤੀਤ ਵਿਚ ਸਾਡੇ ਨਾਲ ਜੋ ਵੀ ਮਾੜਾ ਹੋਇਆ ਹੋਵੇਗਾ, ਉਹ ਅਸੀਂ ਸਭ ਭੁੱਲ ਜਾਵਾਂਗੇ। (ਪਰ. 21:4) ਇਹ ਸਾਰੀਆਂ ਗੱਲਾਂ “ਵੱਡੀ ਭੀੜ” ਬਾਰੇ ਸੱਚ ਹੋਣਗੀਆਂ ਜੋ ਆਰਮਾਗੇਡਨ ਵਿੱਚੋਂ ਬਚ ਨਿਕਲੇਗੀ।—ਪਰ. 7:9, 10, 14.

10. (ੳ) ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ? (ਅ) ਇਨਾਮ ਉੱਤੇ ਨਜ਼ਰਾਂ ਟਿਕਾਈ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ?

10 ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਲੋਕ ਨਾ ਕਦੇ ਬੀਮਾਰ ਹੋਣਗੇ ਅਤੇ ਨਾ ਹੀ ਮਰਨਗੇ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾ. 33:24) ਨਵੀਂ ਦੁਨੀਆਂ ਦੇ ਵਾਸੀ ਹਰ ਸਵੇਰ ਉੱਠ ਕੇ ਤੰਦਰੁਸਤ ਮਹਿਸੂਸ ਕਰਨਗੇ ਅਤੇ ਬੇਸਬਰੀ ਨਾਲ ਦੂਜੇ ਦਿਨ ਦੀ ਉਡੀਕ ਕਰਨਗੇ। ਉਹ ਖ਼ੁਸ਼ੀ-ਖ਼ੁਸ਼ੀ ਕੰਮ ਕਰਨਗੇ ਅਤੇ ਉਨ੍ਹਾਂ ਲੋਕਾਂ ਨਾਲ ਮਿਲਣ-ਜੁਲਣਗੇ ਜਿਹੜੇ ਉਨ੍ਹਾਂ ਨੂੰ ਪਿਆਰ ਕਰਦੇ ਹਨ। ਵਾਕਈ, ਅਜਿਹੀ ਜ਼ਿੰਦਗੀ ਕਿੰਨਾ ਸ਼ਾਨਦਾਰ ਇਨਾਮ ਹੈ! ਕਿਉਂ ਨਾ ਤੁਸੀਂ ਯਸਾਯਾਹ 33:24 ਅਤੇ 35:5-7 ਵਰਗੀਆਂ ਭਵਿੱਖਬਾਣੀਆਂ ਪੜ੍ਹੋ? ਪੜ੍ਹਦੇ ਵਕਤ ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇਸ ਸਭ ਕਾਸੇ ਦਾ ਮਜ਼ਾ ਲੈ ਰਹੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਨਾਮ ਉੱਤੇ ਨਜ਼ਰਾਂ ਟਿਕਾਈ ਰੱਖਣ ਵਿਚ ਮਦਦ ਮਿਲੇਗੀ।

ਜਿਨ੍ਹਾਂ ਨੇ ਇਨਾਮ ’ਤੇ ਨਜ਼ਰ ਨਹੀਂ ਰੱਖੀ

11. ਸੁਲੇਮਾਨ ਦੇ ਰਾਜ ਦੀ ਵਧੀਆ ਸ਼ੁਰੂਆਤ ਬਾਰੇ ਦੱਸੋ?

11 ਇਨਾਮ ਬਾਰੇ ਜਾਣਨ ਤੋਂ ਬਾਅਦ ਸਾਨੂੰ ਇਸ ਉੱਤੇ ਨਜ਼ਰਾਂ ਟਿਕਾਈ ਰੱਖਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਨਹੀਂ ਤਾਂ ਅਸੀਂ ਇਸ ਇਨਾਮ ਤੋਂ ਹੱਥ ਧੋ ਸਕਦੇ ਹਾਂ। ਮਿਸਾਲ ਲਈ, ਜਦੋਂ ਸੁਲੇਮਾਨ ਇਸਰਾਏਲ ਦਾ ਰਾਜਾ ਬਣਿਆ ਸੀ, ਤਾਂ ਉਸ ਨੇ ਪਰਮੇਸ਼ੁਰ ਨੂੰ ਨਿਮਰਤਾ ਨਾਲ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਸਮਝ ਤੇ ਬੁੱਧ ਦੇਵੇ ਤਾਂਕਿ ਉਹ ਚੰਗੀ ਤਰ੍ਹਾਂ ਲੋਕਾਂ ਦਾ ਨਿਆਂ ਕਰ ਸਕੇ। (1 ਰਾਜਿਆਂ 3:6-12 ਪੜ੍ਹੋ।) ਨਤੀਜੇ ਵਜੋਂ, ਬਾਈਬਲ ਦੱਸਦੀ ਹੈ ਕਿ “ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵਧੀਕ ਦਿੱਤੀ।” ਵਾਕਈ, “ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵਧੀਕ ਸੀ।”—1 ਰਾਜ. 4:29-32.

12. ਯਹੋਵਾਹ ਨੇ ਇਸਰਾਏਲ ਦੇ ਰਾਜਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ?

12 ਯਹੋਵਾਹ ਨੇ ਪਹਿਲਾਂ ਵੀ ਰਾਜਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ‘ਉਹ ਆਪਣੇ ਲਈ ਬਹੁਤੇ ਘੋੜੇ ਨਾ ਵਧਾਉਣ’ ਅਤੇ ‘ਨਾ ਉਹ ਆਪਣੇ ਲਈ ਤੀਵੀਆਂ ਵਧਾਉਣ ਮਤੇ ਉਨ੍ਹਾਂ ਦਾ ਮਨ ਫਿਰ ਜਾਵੇ।’ (ਬਿਵ. 17:14-17) ਜੇ ਰਾਜਾ ਘੋੜੇ ਵਧਾਉਂਦਾ ਸੀ, ਤਾਂ ਇਸ ਦਾ ਮਤਲਬ ਸੀ ਕਿ ਉਹ ਕੌਮ ਨੂੰ ਬਚਾਉਣ ਲਈ ਆਪਣੀ ਫ਼ੌਜੀ ਤਾਕਤ ’ਤੇ ਭਰੋਸਾ ਰੱਖਦਾ ਸੀ ਨਾ ਕਿ ਯਹੋਵਾਹ ’ਤੇ। ਉਸ ਲਈ ਜ਼ਿਆਦਾ ਤੀਵੀਆਂ ਰੱਖਣੀਆਂ ਖ਼ਤਰਨਾਕ ਹੋ ਸਕਦਾ ਸੀ ਕਿਉਂਕਿ ਉਨ੍ਹਾਂ ਵਿੱਚੋਂ ਕੁਝ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਹੋ ਸਕਦੀਆਂ ਸਨ। ਉਹ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਦੀਆਂ ਸਨ ਅਤੇ ਰਾਜਿਆਂ ਨੂੰ ਯਹੋਵਾਹ ਦੀ ਭਗਤੀ ਕਰਨ ਤੋਂ ਹਟਾ ਸਕਦੀਆਂ ਸਨ।

13. ਸੁਲੇਮਾਨ ਨੂੰ ਜੋ ਕੁਝ ਦਿੱਤਾ ਗਿਆ ਸੀ, ਉਸ ਤੋਂ ਉਸ ਨੇ ਆਪਣੀ ਨਜ਼ਰ ਕਿਵੇਂ ਹਟਾ ਲਈ?

13 ਸੁਲੇਮਾਨ ਨੇ ਇਨ੍ਹਾਂ ਚੇਤਾਵਨੀਆਂ ਨੂੰ ਨਹੀਂ ਮੰਨਿਆ। ਉਸ ਨੇ ਉਹੀ ਕੀਤਾ ਜੋ ਯਹੋਵਾਹ ਨੇ ਕਿਹਾ ਸੀ ਕਿ ਰਾਜਿਆਂ ਨੂੰ ਨਹੀਂ ਕਰਨਾ ਚਾਹੀਦਾ। ਉਸ ਨੇ ਹਜ਼ਾਰਾਂ ਹੀ ਘੋੜੇ ਤੇ ਘੋੜਸਵਾਰ ਇਕੱਠੇ ਕੀਤੇ। (1 ਰਾਜ. 4:26) ਇਸ ਦੇ ਨਾਲ-ਨਾਲ ਉਸ ਦੀਆਂ 700 ਪਤਨੀਆਂ ਅਤੇ 300 ਰਖੇਲਾਂ ਸਨ ਜਿਨ੍ਹਾਂ ਵਿੱਚੋਂ ਕਈ ਨੇੜਲੀਆਂ ਕੌਮਾਂ ਦੀਆਂ ਸਨ। ਉਹ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੀਆਂ ਸਨ। ਇਨ੍ਹਾਂ ਨੇ “[ਸੁਲੇਮਾਨ] ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ।” ਸੁਲੇਮਾਨ ਵੀ ਆਪਣੀਆਂ ਪਤਨੀਆਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਿਆ। ਨਤੀਜੇ ਵਜੋਂ, ਯਹੋਵਾਹ ਨੇ ਕਿਹਾ ਕਿ ਉਹ ਸੁਲੇਮਾਨ ਤੋਂ ‘ਰਾਜ ਜ਼ਰੂਰ ਖੋਹ ਲਵੇਗਾ।’—1 ਰਾਜ. 11:1-6, 11.

14. ਸੁਲੇਮਾਨ ਅਤੇ ਇਸਰਾਏਲ ਕੌਮ ਦੀ ਅਣਆਗਿਆਕਾਰੀ ਦਾ ਕੀ ਨਤੀਜਾ ਨਿਕਲਿਆ?

14 ਸੁਲੇਮਾਨ ਨੇ ਆਪਣੀ ਨਜ਼ਰ ਇਸ ਸਨਮਾਨ ’ਤੇ ਨਹੀਂ ਟਿਕਾਈ ਰੱਖੀ ਕਿ ਸੱਚੇ ਪਰਮੇਸ਼ੁਰ ਯਹੋਵਾਹ ਨੇ ਹੀ ਉਸ ਨੂੰ ਰਾਜਾ ਬਣਾਇਆ ਸੀ। ਅਫ਼ਸੋਸ, ਰਾਜਾ ਸੁਲੇਮਾਨ ਪੂਰੀ ਤਰ੍ਹਾਂ ਝੂਠੀ ਭਗਤੀ ਕਰਨ ਵਿਚ ਰੁੱਝ ਗਿਆ। ਸਮੇਂ ਦੇ ਬੀਤਣ ਨਾਲ ਪੂਰੀ ਕੌਮ ਵੀ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਈ। ਨਤੀਜੇ ਵਜੋਂ, 607 ਈਸਵੀ ਪੂਰਵ ਵਿਚ ਇਸ ਕੌਮ ਦਾ ਨਾਸ਼ ਕਰ ਦਿੱਤਾ ਗਿਆ। ਭਾਵੇਂ ਕਿ ਯਹੂਦੀ ਫਿਰ ਤੋਂ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਸਨ, ਫਿਰ ਵੀ ਸਦੀਆਂ ਬਾਅਦ ਯਿਸੂ ਨੇ ਕਿਹਾ: “ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।” ਯਹੂਦੀਆਂ ਨਾਲ ਇੱਦਾਂ ਹੀ ਹੋਇਆ। ਯਿਸੂ ਨੇ ਕਿਹਾ: “ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” (ਮੱਤੀ 21:43; 23:37, 38) ਆਪਣੀ ਅਣਆਗਿਆਕਾਰੀ ਕਰਕੇ ਉਹ ਕੌਮ ਸੱਚੇ ਪਰਮੇਸ਼ੁਰ ਦੇ ਲੋਕ ਹੋਣ ਦਾ ਸਨਮਾਨ ਗੁਆ ਬੈਠੀ। ਇਹ ਉਦੋਂ ਹੋਇਆ ਜਦੋਂ 70 ਈਸਵੀ ਵਿਚ ਰੋਮੀ ਫ਼ੌਜਾਂ ਨੇ ਯਰੂਸ਼ਲਮ ਅਤੇ ਇਸ ਦੀ ਹੈਕਲ ਨੂੰ ਤਬਾਹ ਕਰ ਦਿੱਤਾ ਅਤੇ ਬਾਕੀ ਬਚੇ ਯਹੂਦੀਆਂ ਨੂੰ ਗ਼ੁਲਾਮ ਬਣਾ ਲਿਆ ਗਿਆ।

15. ਕਿਨ੍ਹਾਂ ਆਦਮੀਆਂ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਜ਼ਰੂਰੀ ਗੱਲਾਂ ਤੋਂ ਧਿਆਨ ਹਟਾ ਲਿਆ?

15 ਯਿਸੂ ਦੇ 12 ਰਸੂਲਾਂ ਵਿੱਚੋਂ ਇਕ ਸੀ ਯਹੂਦਾ ਇਸਕਰਿਯੋਤੀ। ਯਹੂਦਾ ਨੇ ਯਿਸੂ ਤੋਂ ਕਈ ਗੱਲਾਂ ਸਿੱਖੀਆਂ ਸਨ ਅਤੇ ਉਸ ਦੇ ਕਈ ਚਮਤਕਾਰ ਵੀ ਦੇਖੇ ਸਨ ਜੋ ਯਿਸੂ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਕੀਤੇ ਸਨ। ਪਰ ਯਹੂਦਾ ਨੇ ਯਿਸੂ ਦੀਆਂ ਗੱਲਾਂ ਨੂੰ ਆਪਣੇ ਦਿਲ ’ਤੇ ਅਸਰ ਨਹੀਂ ਕਰਨ ਦਿੱਤਾ। ਇਸ ਤੋਂ ਇਲਾਵਾ, ਉਸ ਨੂੰ ਇਕ ਗੁਥਲੀ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਜਿਸ ਵਿਚ ਯਿਸੂ ਅਤੇ ਉਸ ਦੇ 12 ਰਸੂਲਾਂ ਦੇ ਪੈਸੇ ਹੁੰਦੇ ਸਨ। ਪਰ “ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਉਹ ਨੂੰ ਲੈ ਜਾਂਦਾ ਸੀ।” (ਯੂਹੰ. 12:6) ਉਹ ਇੰਨਾ ਲਾਲਚੀ ਹੋ ਗਿਆ ਸੀ ਕਿ ਉਸ ਨੇ ਪਖੰਡੀ ਗ੍ਰੰਥੀਆਂ ਨਾਲ ਮਿਲ ਕੇ ਸਕੀਮ ਘੜੀ ਕਿ ਉਹ ਯਿਸੂ ਨੂੰ 30 ਚਾਂਦੀ ਦੇ ਸਿੱਕਿਆਂ ਬਦਲੇ ਫੜਵਾ ਦੇਵੇਗਾ। (ਮੱਤੀ 26:14-16) ਇਕ ਹੋਰ ਭੈੜੀ ਮਿਸਾਲ ਦੇਮਾਸ ਦੀ ਹੈ ਜੋ ਪੌਲੁਸ ਰਸੂਲ ਦਾ ਸਾਥੀ ਹੁੰਦਾ ਸੀ। ਦੇਮਾਸ ਨੇ ਵੀ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਦਿਲ ’ਤੇ ਅਸਰ ਨਹੀਂ ਕਰਨ ਦਿੱਤਾ। ਪੌਲੁਸ ਨੇ ਉਸ ਬਾਰੇ ਕਿਹਾ: “ਦੇਮਾਸ ਨੇ ਇਸ ਵਰਤਮਾਨ ਜੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ।”—2 ਤਿਮੋ. 4:10; ਕਹਾਉਤਾਂ 4:23 ਪੜ੍ਹੋ।

ਸਾਡੇ ਸਾਰਿਆਂ ਲਈ ਸਬਕ

16, 17. (ੳ) ਸ਼ਤਾਨ ਕਿੰਨਾ ਕੁ ਤਾਕਤਵਰ ਹੈ? (ਅ) ਕਿਸ ਚੀਜ਼ ਦੀ ਮਦਦ ਨਾਲ ਅਸੀਂ ਸ਼ਤਾਨ ਵੱਲੋਂ ਲਿਆਂਦੀ ਕਿਸੇ ਵੀ ਅਜ਼ਮਾਇਸ਼ ਦਾ ਮੁਕਾਬਲਾ ਕਰ ਸਕਦੇ ਹਾਂ?

16 ਪਰਮੇਸ਼ੁਰ ਦੇ ਸਾਰੇ ਭਗਤਾਂ ਨੂੰ ਬਾਈਬਲ ਵਿਚ ਦਿੱਤੀਆਂ ਮਿਸਾਲਾਂ ਉੱਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਕਿਹਾ ਗਿਆ ਹੈ: “ਏਹ ਗੱਲਾਂ ਓਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ।” (1 ਕੁਰਿੰ. 10:11) ਅੱਜ ਅਸੀਂ ਇਸ ਦੁਸ਼ਟ ਦੁਨੀਆਂ ਦੇ ਅਖ਼ੀਰਲੇ ਦਿਨਾਂ ਵਿਚ ਜੀ ਰਹੇ ਹਾਂ।—2 ਤਿਮੋ. 3:1, 13.

17 ‘ਇਸ ਜੁੱਗ ਦਾ ਈਸ਼ੁਰ’ ਸ਼ਤਾਨ ਜਾਣਦਾ ਹੈ ਕਿ ‘ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ।’ (2 ਕੁਰਿੰ. 4:4; ਪਰ. 12:12) ਉਹ ਯਹੋਵਾਹ ਦੇ ਭਗਤਾਂ ਦੀ ਖਰਿਆਈ ਤੋੜਨ ਲਈ ਕੁਝ ਵੀ ਕਰੇਗਾ। ਸਾਰੀ ਦੁਨੀਆਂ ਸ਼ਤਾਨ ਦੇ ਵੱਸ ਵਿਚ ਹੈ ਅਤੇ ਉਹ ਇਸ ਦੁਨੀਆਂ ਦੇ ਹਰ ਜ਼ਰੀਏ ਨੂੰ ਇਸਤੇਮਾਲ ਕਰ ਕੇ ਝੂਠੀ ਜਾਣਕਾਰੀ ਫੈਲਾਉਂਦਾ ਹੈ। ਪਰ ਯਹੋਵਾਹ ਦੇ ਭਗਤਾਂ ਕੋਲ ਸ਼ਤਾਨ ਤੋਂ ਵੀ ਜ਼ਿਆਦਾ ਤਾਕਤ ਹੈ। ਉਨ੍ਹਾਂ ਕੋਲ ਪਰਮੇਸ਼ੁਰ ਦੀ “ਮਹਾ-ਸ਼ਕਤੀ” ਹੈ। (2 ਕੁਰਿੰ. 4:7, CL) ਅਸੀਂ ਪਰਮੇਸ਼ੁਰ ਦੀ ਇਸ ਤਾਕਤ ’ਤੇ ਭਰੋਸਾ ਰੱਖ ਸਕਦੇ ਹਾਂ ਜਿਸ ਦੀ ਮਦਦ ਨਾਲ ਅਸੀਂ ਕਿਸੇ ਵੀ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕਰ ਸਕਦੇ ਹਾਂ ਜੋ ਸ਼ਤਾਨ ਸਾਡੇ ’ਤੇ ਲਿਆਉਂਦਾ ਹੈ। ਇਸ ਕਰਕੇ ਸਾਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਪ੍ਰਾਰਥਨਾ ਕਰਦਿਆਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ‘ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਸ਼ਕਤੀ ਦੇਵੇਗਾ!’—ਲੂਕਾ 11:13.

18. ਇਸ ਦੁਨੀਆਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

18 ਇਹ ਜਾਣ ਕੇ ਸਾਡਾ ਹੌਸਲਾ ਕਿੰਨਾ ਵਧਿਆ ਹੈ ਕਿ ਸ਼ਤਾਨ ਅਤੇ ਉਸ ਦੀ ਦੁਨੀਆਂ ਜਲਦੀ ਨਾਸ਼ ਕੀਤੀ ਜਾਵੇਗੀ, ਪਰ ਸੱਚੇ ਮਸੀਹੀ ਇਸ ਨਾਸ਼ ਵਿੱਚੋਂ ਬਚ ਨਿਕਲਣਗੇ! ਬਾਈਬਲ ਦੱਸਦੀ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰ. 2:17) ਇਹ ਗੱਲ ਧਿਆਨ ਵਿਚ ਰੱਖਦਿਆਂ ਪਰਮੇਸ਼ੁਰ ਦੇ ਕਿਸੇ ਵੀ ਭਗਤ ਲਈ ਇਹ ਸੋਚਣਾ ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਕਿ ਇਸ ਦੁਨੀਆਂ ਵਿਚ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਨਾਲੋਂ ਕੋਈ ਹੋਰ ਚੀਜ਼ ਜ਼ਿਆਦਾ ਅਨਮੋਲ ਹੈ! ਸ਼ਤਾਨ ਦੇ ਵੱਸ ਵਿਚ ਪਈ ਇਹ ਦੁਨੀਆਂ ਡੁੱਬ ਰਹੀ ਕਿਸ਼ਤੀ ਦੀ ਤਰ੍ਹਾਂ ਹੈ। ਪਰ ਯਹੋਵਾਹ ਨੇ ਆਪਣੇ ਵਫ਼ਾਦਾਰ ਭਗਤਾਂ ਲਈ ਕਲੀਸਿਯਾ ਦਾ ਪ੍ਰਬੰਧ ਕੀਤਾ ਹੈ ਜੋ ਇਕ “ਬਚਾਓ-ਕਿਸ਼ਤੀ” ਦੀ ਤਰ੍ਹਾਂ ਹੈ। ਜਿਉਂ-ਜਿਉਂ ਯਹੋਵਾਹ ਦੇ ਸੇਵਕ ਨਵੀਂ ਦੁਨੀਆਂ ਵੱਲ ਵਧਦੇ ਜਾ ਰਹੇ ਹਨ, ਉਹ ਇਸ ਵਾਅਦੇ ਉੱਤੇ ਭਰੋਸਾ ਰੱਖ ਸਕਦੇ ਹਨ: “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ।” (ਜ਼ਬੂ. 37:9) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਨਜ਼ਰਾਂ ਇਸ ਵਧੀਆ ਇਨਾਮ ਉੱਤੇ ਟਿਕਾਈ ਰੱਖੋ!

ਕੀ ਤੁਹਾਨੂੰ ਯਾਦ ਹੈ?

• ਪੌਲੁਸ ਆਪਣੇ ਇਨਾਮ ਬਾਰੇ ਕਿਵੇਂ ਸੋਚਦਾ ਸੀ?

• ਧਰਤੀ ਉੱਤੇ ਹਮੇਸ਼ਾ ਰਹਿਣ ਵਾਲਿਆਂ ਦਾ ਨਿਆਂ ਕਿਸ ਆਧਾਰ ਤੇ ਹੋਵੇਗਾ?

• ਹੁਣ ਤੁਹਾਡੇ ਲਈ ਕੀ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਜਦੋਂ ਤੁਸੀਂ ਬਾਈਬਲ ਦੇ ਬਿਰਤਾਂਤ ਪੜ੍ਹਦੇ ਹੋ, ਤਾਂ ਕੀ ਤੁਸੀਂ ਕਲਪਨਾ ਕਰਦੇ ਹੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ?