Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਯੋਆਸ਼ ਨੇ ਮਾੜੀ ਸੰਗਤ ਕਰਕੇ ਯਹੋਵਾਹ ਨੂੰ ਛੱਡ ਦਿੱਤਾ

ਯੋਆਸ਼ ਨੇ ਮਾੜੀ ਸੰਗਤ ਕਰਕੇ ਯਹੋਵਾਹ ਨੂੰ ਛੱਡ ਦਿੱਤਾ

ਯਰੂਸ਼ਲਮ ਵਿਚ ਇਹ ਬਹੁਤ ਹੀ ਬੁਰਾ ਸਮਾਂ ਸੀ। ਰਾਜਾ ਅਹਜ਼ਯਾਹ ਦਾ ਕਤਲ ਕੀਤਾ ਗਿਆ ਸੀ। ਪਰ ਅਹਜ਼ਯਾਹ ਦੀ ਮਾਂ ਅਥਲਯਾਹ ਨੇ ਜੋ ਕੀਤਾ ਇਹ ਇਸ ਤੋਂ ਵੀ ਭੈੜਾ ਸੀ। ਉਸ ਨੇ ਅਹਜ਼ਯਾਹ ਦੇ ਪੁੱਤ ਯਾਨੀ ਆਪਣੇ ਹੀ ਪੋਤੇ ਜਾਨੋਂ ਮਰਵਾ ਦਿੱਤੇ! ਕੀ ਤੁਹਾਨੂੰ ਪਤਾ ਹੈ ਕਿ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ?— * ਤਾਂਕਿ ਉਹ ਉਨ੍ਹਾਂ ਦੀ ਥਾਂ ਖ਼ੁਦ ਰਾਜ ਕਰ ਸਕੇ।

ਲੇਕਿਨ ਅਥਲਾਯਾਹ ਦਾ ਇਕ ਪੋਤਾ ਬਚਾਇਆ ਗਿਆ ਤੇ ਉਸ ਦੀ ਦਾਦੀ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਾ। ਉਹ ਨੰਨ੍ਹਾ ਬੱਚਾ ਹੀ ਸੀ ਤੇ ਉਸ ਦਾ ਨਾਂ ਯੋਆਸ਼ ਸੀ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਸ ਨੂੰ ਕਿਵੇਂ ਬਚਾਇਆ ਗਿਆ?— ਇਸ ਬੱਚੇ ਦੀ ਇਕ ਭੂਆ ਸੀ ਜਿਸ ਦਾ ਨਾਂ ਯਹੋਸ਼ਬਾ ਸੀ ਤੇ ਉਸ ਨੇ ਬੱਚੇ ਨੂੰ ਪਰਮੇਸ਼ੁਰ ਦੇ ਮੰਦਰ ਵਿਚ ਲੁਕੋ ਕੇ ਰੱਖਿਆ ਜੋ ਯਰੂਸ਼ਲਮ ਵਿਚ ਸੀ। ਉਹ ਇਸ ਲਈ ਇਸ ਤਰ੍ਹਾਂ ਕਰ ਸਕੀ ਕਿਉਂ ਉਸ ਦਾ ਪਤੀ ਪ੍ਰਧਾਨ ਜਾਜਕ ਯਹੋਯਾਦਾ ਸੀ। ਸੋ ਮਿਲ ਕੇ ਉਨ੍ਹਾਂ ਨੇ ਯੋਆਸ਼ ਦੀ ਦੇਖ-ਭਾਲ ਕੀਤੀ ਤੇ ਉਸ ਨੂੰ ਸਹੀ-ਸਲਾਮਤ ਰੱਖਿਆ।

ਛੇ ਸਾਲਾਂ ਤਕ ਯੋਆਸ਼ ਨੂੰ ਮੰਦਰ ਵਿਚ ਲੁਕੋ ਕੇ ਰੱਖਿਆ ਗਿਆ। ਉੱਥੇ ਉਸ ਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਹੁਕਮਾਂ ਬਾਰੇ ਸਿਖਾਇਆ ਗਿਆ। ਫਿਰ ਜਦ ਯੋਆਸ਼ ਸੱਤਾਂ ਸਾਲਾਂ ਦਾ ਹੋਇਆ, ਤਾਂ ਯਹੋਯਾਦਾ ਨੇ ਉਸ ਨੂੰ ਰਾਜਾ ਬਣਾਉਣ ਲਈ ਕਦਮ ਚੁੱਕਿਆ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਯਹੋਯਾਦਾ ਨੇ ਕੀ ਕੀਤਾ ਅਤੇ ਯੋਆਸ਼ ਦੀ ਭੈੜੀ ਦਾਦੀ, ਰਾਣੀ ਅਥਲਾਯਾਹ, ਨਾਲ ਕੀ ਹੋਇਆ?—

ਯਹੋਯਾਦਾ ਨੇ ਚੋਰੀ-ਛਿਪੇ ਉਨ੍ਹਾਂ ਪਹਿਰੇਦਾਰਾਂ ਨੂੰ ਇਕੱਠੇ ਕੀਤਾ ਜੋ ਉਸ ਸਮੇਂ ਯਰੂਸ਼ਲਮ ਵਿਚ ਰਾਜਿਆਂ ਦੀ ਹਿਫਾਜ਼ਤ ਕਰਦੇ ਸਨ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਨਾਲ ਰਾਜਾ ਅਹਜ਼ਯਾਹ ਦੇ ਮੁੰਡੇ ਨੂੰ ਕਿਵੇਂ ਬਚਾਇਆ ਸੀ। ਫਿਰ ਯਹੋਯਾਦਾ ਨੇ ਯੋਆਸ਼ ਨੂੰ ਉਨ੍ਹਾਂ ਪਹਿਰੇਦਾਰਾਂ ਦੇ ਸਾਮ੍ਹਣੇ ਲਿਆਂਦਾ। ਉਹ ਸਮਝ ਗਏ ਕਿ ਇਹੀ ਰਾਜ ਕਰਨ ਦਾ ਹੱਕਦਾਰ ਸੀ ਤੇ ਮਿਲ ਕੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਕੀ ਕਰਨਗੇ।

ਯਹੋਯਾਦਾ ਨੇ ਯੋਆਸ਼ ਨੂੰ ਬਾਹਰ ਲਿਆਂਦਾ ਤੇ ਉਸ ਨੂੰ ਰਾਜਾ ਬਣਾਇਆ। ਫਿਰ ਲੋਕਾਂ ਨੇ “ਤਾਲੀਆਂ ਵਜਾਈਆਂ ਤੇ ਆਖਿਆ, ਪਾਤਸ਼ਾਹ ਜੀਉਂਦਾ ਰਹੇ!” ਪਹਿਰੇਦਾਰਾਂ ਨੇ ਯੋਆਸ਼ ਦੀ ਰਾਖੀ ਕਰਨ ਲਈ ਉਸ ਦੇ ਆਲੇ-ਦੁਆਲੇ ਘੇਰਾ ਪਾ ਲਿਆ। ਜਦ ਅਥਲਾਯਾਹ ਨੇ ਲੋਕਾਂ ਨੂੰ ਜਸ਼ਨ ਮਨਾਉਂਦੇ ਸੁਣਿਆ, ਤਾਂ ਉਹ ਜਲਦੀ ਆਈ ਤੇ ਉੱਚੀ ਬੋਲੀ: “ਗਦਰ!” ਪਰ ਯਹੋਯਾਦਾ ਦੇ ਕਹਿਣੇ ਤੇ ਪਹਿਰੇਦਾਰਾਂ ਨੇ ਅਥਲਾਯਾਹ ਨੂੰ ਮਾਰ ਮੁਕਾਇਆ।—2 ਰਾਜਿਆਂ 11:1-16.

ਕੀ ਤੁਹਾਨੂੰ ਲੱਗਦਾ ਹੈ ਕਿ ਯੋਆਸ਼ ਯਹੋਯਾਦਾ ਦੀ ਸੁਣਦਾ ਰਿਹਾ ਤੇ ਸਹੀ ਕੰਮ ਕਰਦਾ ਰਿਹਾ?— ਜਿੰਨਾ ਚਿਰ ਯਹੋਯਾਦਾ ਜ਼ਿੰਦਾ ਸੀ ਉੱਨਾ ਚਿਰ ਯੋਆਸ਼ ਸਹੀ ਰਾਹ ’ਤੇ ਚੱਲਦਾ ਰਿਹਾ। ਉਸ ਨੇ ਲੋਕਾਂ ਤੋਂ ਪੈਸਾ ਲੈ ਕੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਵੀ ਕਰਵਾਈ ਜੋ ਕੰਮ ਉਸ ਦੇ ਪਿਤਾ ਅਹਜ਼ਯਾਹ ਤੇ ਦਾਦੇ ਯੋਰਾਮ ਨੇ ਨਹੀਂ ਕੀਤਾ ਸੀ। ਪਰ ਆਓ ਦੇਖਿਆ ਕਿ ਪ੍ਰਧਾਨ ਜਾਜਕ ਯਹੋਯਾਦਾ ਦੀ ਮੌਤ ਤੋਂ ਬਾਅਦ ਕੀ ਹੋਇਆ।—2 ਰਾਜਿਆਂ 12:1-16.

ਯੋਆਸ਼ ਨੂੰ ਬਚਾਇਆ ਗਿਆ

ਉਸ ਸਮੇਂ ਯੋਆਸ਼ 40 ਕੁ ਸਾਲਾਂ ਦਾ ਸੀ। ਯੋਆਸ਼ ਨੇ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਨਾਲ ਦੋਸਤੀ ਕਰਦੇ ਰਹਿਣ ਦੀ ਬਜਾਇ ਉਨ੍ਹਾਂ ਨਾਲ ਦੋਸਤੀ ਕੀਤੀ ਜੋ ਮੂਰਤੀ-ਪੂਜਾ ਕਰਦੇ ਸਨ। ਉਦੋਂ ਯਹੋਯਾਦਾ ਦਾ ਪੁੱਤਰ ਜ਼ਕਰਯਾਹ ਯਹੋਵਾਹ ਦਾ ਜਾਜਕ ਸੀ। ਤੁਹਾਡੇ ਖ਼ਿਆਲ ਵਿਚ ਜ਼ਕਰਯਾਹ ਨੇ ਕੀ ਕੀਤਾ ਜਦ ਉਸ ਨੂੰ ਪਤਾ ਲੱਗਾ ਕਿ ਯੋਆਸ਼ ਬੁਰੇ ਕੰਮ ਕਰ ਰਿਹਾ ਸੀ?—

ਜ਼ਕਰਯਾਹ ਨੇ ਯੋਆਸ਼ ਅਤੇ ਲੋਕਾਂ ਨੂੰ ਦੱਸਿਆ: “ਕਿਉਂ ਜੋ ਤੁਸਾਂ ਯਹੋਵਾਹ ਨੂੰ ਛੱਡ ਦਿੱਤਾ ਹੈ, ਉਸ ਨੇ ਵੀ ਤੁਹਾਨੂੰ ਛੱਡ ਦਿੱਤਾ ਹੈ।” ਇਹ ਸ਼ਬਦ ਸੁਣ ਕੇ ਯੋਆਸ਼ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਸ ਨੇ ਹੁਕਮ ਦਿੱਤਾ ਕਿ ਜ਼ਕਰਯਾਹ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ। ਜ਼ਰਾ ਸੋਚੋ: ਯੋਆਸ਼ ਨੂੰ ਇਕ ਖ਼ੂਨੀ ਤੋਂ ਬਚਾਇਆ ਗਿਆ ਸੀ ਤੇ ਹੁਣ ਉਹ ਆਪ ਖ਼ੂਨੀ ਬਣ ਗਿਆ ਸੀ!—2 ਇਤਹਾਸ 24:1-3, 15-22.

ਅਸੀਂ ਇਸ ਕਹਾਣੀ ਤੋਂ ਕਿਹੜੇ ਸਬਕ ਸਿੱਖ ਸਕਦਾ ਹਾਂ?— ਸਾਨੂੰ ਕਦੀ ਵੀ ਅਥਲਯਾਹ ਵਰਗੇ ਨਹੀਂ ਬਣਨਾ ਚਾਹੀਦਾ ਜਿਸ ਦੇ ਦਿਲ ਵਿਚ ਨਫ਼ਰਤ ਭਰੀ ਹੋਈ ਸੀ ਅਤੇ ਜੋ ਬੇਰਹਿਮ ਸੀ। ਇਸ ਦੇ ਉਲਟ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਅਤੇ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਯਿਸੂ ਨੇ ਸਿਖਾਇਆ ਸੀ। (ਮੱਤੀ 5:44; ਯੂਹੰਨਾ 13:34, 35) ਨਾਲੇ ਯਾਦ ਰੱਖੋ ਕਿ ਜੇ ਅਸੀਂ ਯੋਆਸ਼ ਵਾਂਗ ਸ਼ੁਰੂ ਵਿਚ ਸਹੀ ਕੰਮ ਕਰਦੇ ਹਾਂ, ਤਾਂ ਸਾਨੂੰ ਅਜਿਹੇ ਦੋਸਤ ਬਣਾਉਣੇ ਚਾਹੀਦੇ ਹਨ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ ਅਤੇ ਉਸ ਦੀ ਸੇਵਾ ਕਰਦੇ ਰਹਿਣ ਦਾ ਸਾਨੂੰ ਹੌਸਲਾ ਦੇਣਗੇ। (w09 4/1)

^ ਪੈਰਾ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।