Skip to content

Skip to table of contents

ਕੀ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ?

ਕੀ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ?

ਪਾਠਕਾਂ ਦੇ ਸਵਾਲ

ਕੀ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ?

ਕਈ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਮਰਨ ਦਾ ਦਿਨ ਕਿਸਮਤ ਦੇ ਹੱਥ ਵਿਚ ਹੈ। ਦੂਸਰੇ ਮੰਨਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਮੌਤ ਦਾ ਸਮਾਂ ਤੈਅ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਅਜਿਹੇ ਲੋਕ ਸੋਚਦੇ ਹਨ ਕਿ ਜ਼ਿੰਦਗੀ ਦੀਆਂ ਅਹਿਮ ਘਟਨਾਵਾਂ ਨੂੰ ਬਦਲਿਆ ਨਹੀਂ ਜਾ ਸਕਦਾ। ਕੀ ਤੁਸੀਂ ਵੀ ਇਸ ਤਰ੍ਹਾਂ ਮੰਨਦੇ ਹੋ?

ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹੋ: ‘ਜੇ ਇਹ ਸੱਚ ਹੈ ਕਿ ਅਸੀਂ ਲਿਖੀ ਨੂੰ ਟਾਲ ਨਹੀਂ ਸਕਦੇ ਜਾਂ ਪਰਮੇਸ਼ੁਰ ਨੇ ਪਹਿਲਾਂ ਹੀ ਤੈਅ ਕਰ ਲਿਆ ਹੈ ਕਿ ਸਾਡੇ ਨਾਲ ਕੀ ਹੋਵੇਗਾ, ਤਾਂ ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ? ਜੇ ਸਾਡੀ ਤਕਦੀਰ ਪਹਿਲਾਂ ਹੀ ਲਿਖੀ ਹੋਈ ਹੈ, ਤਾਂ ਸਾਨੂੰ ਆਪਣੀ ਸਲਾਮਤੀ ਲਈ ਕਦਮ ਚੁੱਕਣ ਦੀ ਕੀ ਲੋੜ ਹੈ? ਕਾਰ ਵਿਚ ਬੈਠ ਕੇ ਸੀਟ ਬੈਲਟ ਲਾਉਣ ਦੀ ਕੀ ਲੋੜ ਹੈ? ਜਾਂ ਸ਼ਰਾਬ ਪੀ ਕੇ ਕਾਰ ਚਲਾਉਣ ਵਿਚ ਕੀ ਹਰਜ਼ ਹੈ?’

ਬਾਈਬਲ ਮੁਤਾਬਕ ਸਾਨੂੰ ਆਪਣੀ ਜਾਨ ਖ਼ਤਰੇ ਵਿਚ ਨਹੀਂ ਪਾਉਣੀ ਚਾਹੀਦੀ। ਕਿਸਮਤ ਦੇ ਹੱਥ ਵਿਚ ਮਾਮਲੇ ਛੱਡਣ ਦੀ ਬਜਾਇ ਬਾਈਬਲ ਵਿਚ ਇਸਰਾਏਲੀ ਲੋਕਾਂ ਨੂੰ ਹੁਕਮ ਦਿੱਤੇ ਗਏ ਸਨ ਕਿ ਉਹ ਆਪਣੀ ਸੁਰੱਖਿਆ ਲਈ ਕੁਝ ਕਰਨ। ਮਿਸਾਲ ਲਈ, ਉਨ੍ਹਾਂ ਨੂੰ ਆਪਣੇ ਘਰ ਦੀ ਛੱਤ ਉੱਤੇ ਬਨੇਰਾ ਬਣਾਉਣ ਲਈ ਕਿਹਾ ਗਿਆ ਸੀ ਤਾਂਕਿ ਉੱਥੋਂ ਕੋਈ ਡਿੱਗ ਨਾ ਪਵੇ। ਪਰ ਜੇ ਕਿਸੇ ਦੀ ਤਕਦੀਰ ਵਿਚ ਛੱਤ ਤੋਂ ਡਿੱਗ ਕੇ ਮਰਨਾ ਲਿਖਿਆ ਸੀ, ਤਾਂ ਪਰਮੇਸ਼ੁਰ ਨੇ ਅਜਿਹਾ ਹੁਕਮ ਕਿਉਂ ਦੇਣਾ ਸੀ?—ਬਿਵਸਥਾ ਸਾਰ 22:8.

ਉਨ੍ਹਾਂ ਲੋਕਾਂ ਬਾਰੇ ਕੀ ਜੋ ਕੁਦਰਤੀ ਆਫ਼ਤਾਂ ਜਾਂ ਹੋਰਨਾਂ ਦਰਦਨਾਕ ਹਾਲਾਤਾਂ ਵਿਚ ਆਪਣੀ ਜਾਨ ਖੋਹ ਦਿੰਦੇ ਹਨ? ਕੀ ਉਨ੍ਹਾਂ ਦੇ ਮਰਨ ਦਾ ਸਮਾਂ ਆ ਗਿਆ ਸੀ? ਨਹੀਂ, ਬਾਈਬਲ ਦੇ ਇਕ ਲਿਖਾਰੀ, ਪਾਤਸ਼ਾਹ ਸੁਲੇਮਾਨ, ਨੇ ਲਿਖਿਆ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, CL) ਕੋਈ ਵੀ ਘਟਨਾ ਭਾਵੇਂ ਜਿੰਨੀ ਮਰਜ਼ੀ ਅਜੀਬ ਲੱਗੇ ਜਾਂ ਹਾਲਾਤ ਜਿੰਨੇ ਵੀ ਅਸੰਭਵ ਲੱਗਣ, ਫਿਰ ਵੀ ਦੁਖਦਾਇਕ ਘਟਨਾਵਾਂ ਕਿਸਮਤ ਦੀ ਖੇਡ ਨਹੀਂ ਹਨ।

ਲੇਕਿਨ ਕੋਈ ਸ਼ਾਇਦ ਕਹੇ ਕਿ ਇਹ ਗੱਲ ਸੁਲੇਮਾਨ ਦੀ ਪਹਿਲਾਂ ਕਹੀ ਗੱਲ ਤੋਂ ਉਲਟ ਹੈ ਜਦ ਉਸ ਨੇ ਕਿਹਾ: “ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ, ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 2) ਕੀ ਇੱਥੇ ਸੁਲੇਮਾਨ ਕਹਿ ਰਿਹਾ ਸੀ ਕਿ ਸਭ ਕੁਝ ਤਕਦੀਰ ਦੇ ਹੱਥ ਵਿਚ ਹੈ? ਆਓ ਆਪਾਂ ਇਨ੍ਹਾਂ ਸ਼ਬਦਾਂ ਵੱਲ ਹੋਰ ਧਿਆਨ ਦੇਈਏ।

ਸੁਲੇਮਾਨ ਇਹ ਨਹੀਂ ਕਹਿ ਰਿਹਾ ਸੀ ਕਿ ਲੋਕਾਂ ਦਾ ਜਨਮ ਅਤੇ ਮਰਨ ਪਹਿਲਾਂ ਹੀ ਲਿਖਿਆ ਹੋਇਆ ਹੈ। ਇਸ ਦੀ ਬਜਾਇ ਉਹ ਕਹਿ ਰਿਹਾ ਸੀ ਕਿ ਹੋਰ ਵੀ ਕਈ ਚੀਜ਼ਾਂ ਵਾਂਗ ਜਨਮ ਤੇ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ। ਨਾਲੇ ਜ਼ਿੰਦਗੀ ਵਿਚ ਚੰਗੇ ਤੇ ਮਾੜੇ ਸਮੇਂ ਵੀ ਆਉਂਦੇ-ਜਾਂਦੇ ਰਹਿੰਦੇ ਹਨ। ਸੁਲੇਮਾਨ ਨੇ ਕਿਹਾ: “ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ।” ਅਜਿਹੇ ਚੱਕਰ ਜ਼ਿੰਦਗੀ ਦਾ ਹਿੱਸਾ ਹਨ ਅਤੇ “ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ।” (ਉਪਦੇਸ਼ਕ ਦੀ ਪੋਥੀ 3:1-8; 9:11, 12) ਇਸ ਲਈ ਸੁਲੇਮਾਨ ਇਸ ਸਿੱਟੇ ਤੇ ਪਹੁੰਚਿਆ ਕਿ ਸਾਨੂੰ ਆਪਣੇ ਕੰਮਾਂ ਵਿਚ ਇੰਨੇ ਨਹੀਂ ਰੁੱਝੇ ਰਹਿਣਾ ਚਾਹੀਦਾ ਕਿ ਅਸੀਂ ਆਪਣੇ ਬਣਾਉਣ ਵਾਲੇ ਨੂੰ ਭੁੱਲ ਜਾਈਏ।—ਉਪਦੇਸ਼ਕ ਦੀ ਪੋਥੀ 12:1, 13.

ਭਾਵੇਂ ਸਾਡਾ ਕਰਤਾਰ ਜੀਵਨ ਅਤੇ ਮੌਤ ਉੱਤੇ ਪੂਰਾ ਅਧਿਕਾਰ ਰੱਖਦਾ ਹੈ, ਪਰ ਉਹ ਕਿਸੇ ਦੀ ਕਿਸਮਤ ਨਹੀਂ ਲਿਖਦਾ। ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਸਾਡੇ ਸਾਮ੍ਹਣੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖਦਾ ਹੈ। ਫਿਰ ਵੀ ਉਹ ਕਿਸੇ ਨੂੰ ਇਹ ਕਬੂਲ ਕਰਨ ਲਈ ਮਜਬੂਰ ਨਹੀਂ ਕਰਦਾ, ਸਗੋਂ ਉਸ ਦਾ ਬਚਨ ਕਹਿੰਦਾ ਹੈ: “ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।”—ਪਰਕਾਸ਼ ਦੀ ਪੋਥੀ 22:17.

ਜੀ ਹਾਂ, ਇਹ ਸਾਡਾ ਫ਼ੈਸਲਾ ਹੈ ਕਿ ਅਸੀਂ “ਅੰਮ੍ਰਿਤ ਜਲ” ਲਵਾਂਗੇ ਕਿ ਨਹੀਂ। ਇਸ ਲਈ ਸਾਡਾ ਭਵਿੱਖ ਕਿਸਮਤ ਦੇ ਹੱਥ ਵਿਚ ਨਹੀਂ ਹੈ, ਸਗੋਂ ਸਾਡੇ ਹੱਥ ਵਿਚ ਹੈ। ਸਾਡੇ ਫ਼ੈਸਲਿਆਂ, ਰਵੱਈਏ ਅਤੇ ਕੰਮਾਂ ਦਾ ਸਾਡੇ ਭਵਿੱਖ ਉੱਤੇ ਸਿੱਧਾ ਅਸਰ ਪੈਂਦਾ ਹੈ। (w09 4/1)