Skip to content

Skip to table of contents

ਸਿਆਣਪੁਣੇ ਵੱਲ ਅੱਗੇ ਵਧਦੇ ਜਾਓ ਕਿਉਂਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”

ਸਿਆਣਪੁਣੇ ਵੱਲ ਅੱਗੇ ਵਧਦੇ ਜਾਓ ਕਿਉਂਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”

ਸਿਆਣਪੁਣੇ ਵੱਲ ਅੱਗੇ ਵਧਦੇ ਜਾਓ ਕਿਉਂਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”

‘ਆਓ ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਈਏ।’—ਇਬ. 6:1.

1, 2. ਪਹਿਲੀ ਸਦੀ ਵਿਚ ਯਰੂਸ਼ਲਮ ਅਤੇ ਯਹੂਦਿਯਾ ਦੇ ਮਸੀਹੀਆਂ ਨੂੰ ‘ਪਹਾੜਾਂ ਉੱਤੇ ਭੱਜ ਜਾਣ’ ਦਾ ਕਿਹੜਾ ਮੌਕਾ ਮਿਲਿਆ?

ਯਿਸੂ ਜਦ ਧਰਤੀ ’ਤੇ ਸੀ, ਤਾਂ ਉਸ ਦੇ ਚੇਲੇ ਉਸ ਕੋਲ ਆ ਕੇ ਪੁੱਛਣ ਲੱਗੇ: “ਸਾਨੂੰ ਦੱਸ ਜੋ ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” ਇਸ ਸਵਾਲ ਦਾ ਜਵਾਬ ਦਿੰਦਿਆਂ ਯਿਸੂ ਨੇ ਇਕ ਅਹਿਮ ਭਵਿੱਖਬਾਣੀ ਕੀਤੀ ਜਿਸ ਦੀ ਮੁਢਲੀ ਪੂਰਤੀ ਪਹਿਲੀ ਸਦੀ ਵਿਚ ਹੋਈ ਸੀ। ਯਿਸੂ ਨੇ ਇਕ ਅਨੋਖੀ ਘਟਨਾ ਦੱਸੀ ਜਿਸ ਤੋਂ ਚੇਲਿਆਂ ਨੂੰ ਪਤਾ ਲੱਗਣਾ ਸੀ ਕਿ ਅੰਤ ਨੇੜੇ ਸੀ। ਉਸ ਘਟਨਾ ਨੂੰ ਦੇਖ ਕੇ ‘ਓਹਨਾਂ ਨੇ ਜਿਹੜੇ ਯਹੂਦਿਯਾ ਵਿੱਚ ਸਨ ਪਹਾੜਾਂ ਉੱਤੇ ਭੱਜ ਜਾਣਾ ਸੀ।’ (ਮੱਤੀ 24:1-3, 15-22) ਕੀ ਯਿਸੂ ਦੇ ਚੇਲੇ ਭਵਿੱਖਬਾਣੀ ਦੇ ਲੱਛਣ ਨੂੰ ਦੇਖ ਕੇ ਪਹਾੜਾਂ ਉੱਤੇ ਭੱਜ ਗਏ ਸਨ?

2 ਤਕਰੀਬਨ 30 ਸਾਲਾਂ ਬਾਅਦ 61 ਈਸਵੀ ਵਿਚ ਪੌਲੁਸ ਰਸੂਲ ਨੇ ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹਿੰਦੇ ਇਬਰਾਨੀ ਮਸੀਹੀਆਂ ਨੂੰ ਇਕ ਜ਼ਬਰਦਸਤ ਖਤ ਲਿਖ ਕੇ ਤਾੜਨਾ ਦਿੱਤੀ ਸੀ। ਉਸ ਵੇਲੇ ਪੌਲੁਸ ਅਤੇ ਹੋਰਨਾਂ ਭੈਣਾਂ-ਭਰਾਵਾਂ ਨੂੰ ਪਤਾ ਵੀ ਨਹੀਂ ਸੀ ਕਿ ਪੰਜ ਸਾਲਾਂ ਬਾਅਦ “ਵੱਡਾ ਕਸ਼ਟ” ਆਉਣ ਵਾਲਾ ਸੀ। (ਮੱਤੀ 24:21) 66 ਈਸਵੀ ਵਿਚ ਸੈਸਟੀਅਸ ਗੈਲਸ ਨੇ ਰੋਮੀ ਫ਼ੌਜਾਂ ਨਾਲ ਆ ਕੇ ਯਰੂਸ਼ਲਮ ਨੂੰ ਘੇਰ ਲਿਆ। ਪਰ ਅਚਾਨਕ ਹੀ ਉਹ ਆਪਣੀਆਂ ਫ਼ੌਜਾਂ ਲੈ ਕੇ ਵਾਪਸ ਚਲਾ ਗਿਆ। ਇਸ ਤਰ੍ਹਾਂ ਮਸੀਹੀਆਂ ਨੂੰ ਆਪਣੇ ਬਚਾਅ ਲਈ ਭੱਜਣ ਦਾ ਮੌਕਾ ਮਿਲ ਗਿਆ।

3. ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ ਅਤੇ ਕਿਉਂ?

3 ਉਨ੍ਹਾਂ ਮਸੀਹੀਆਂ ਨੇ ਹੋ ਰਹੀਆਂ ਘਟਨਾਵਾਂ ਤੋਂ ਭਾਂਪ ਲਿਆ ਸੀ ਕਿ ਯਿਸੂ ਦੀ ਭਵਿੱਖਬਾਣੀ ਪੂਰੀ ਹੋ ਰਹੀ ਸੀ ਅਤੇ ਉਨ੍ਹਾਂ ਨੂੰ ਉੱਥੋਂ ਤੁਰੰਤ ਭੱਜ ਜਾਣ ਦੀ ਲੋੜ ਸੀ। ਪਰ ਕੁਝ ਮਸੀਹੀ ‘ਕੰਨਾਂ ਤੋਂ ਬੋਲੇ ਹੋ ਗਏ ਸਨ।’ ਉਹ ਉਨ੍ਹਾਂ ਨਿਆਣਿਆਂ ਵਰਗੇ ਸਨ ਜਿਨ੍ਹਾਂ ਨੂੰ “ਦੁੱਧ” ਦੀ ਲੋੜ ਹੁੰਦੀ ਹੈ। (ਇਬਰਾਨੀਆਂ 5:11-13 ਪੜ੍ਹੋ।) ਕੁਝ ਮਸੀਹੀ ਤਾਂ ਕਈ ਦਹਾਕਿਆਂ ਤੋਂ ਸੱਚਾਈ ਵਿਚ ਸਨ, ਪਰ ਉਨ੍ਹਾਂ ਦੇ ਕੰਮ ਦਿਖਾ ਰਹੇ ਸਨ ਕਿ ਉਹ ‘ਪਰਮੇਸ਼ੁਰ ਤੋਂ ਬੇਮੁਖ ਹੋ ਰਹੇ ਸਨ।’ (ਇਬ. 3:12) ਕਈਆਂ ਦਾ ਸਭਾਵਾਂ ਵਿਚ ਨਾ ਜਾਣ ਦਾ “ਦਸਤੂਰ” ਬਣ ਗਿਆ ਸੀ ਜਦਕਿ ਭਿਆਨਕ ‘ਦਿਨ ਨੇੜੇ ਆ ਰਿਹਾ ਸੀ।’ (ਇਬ. 10:24, 25) ਇਸੇ ਲਈ ਪੌਲੁਸ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ: “ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਈਏ।”—ਇਬ. 6:1.

4. ਸਾਨੂੰ ਸੁਚੇਤ ਰਹਿਣ ਦੀ ਕਿਉਂ ਲੋੜ ਹੈ ਅਤੇ ਕਿਹੜੀ ਗੱਲ ਇੰਜ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ?

4 ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਯਿਸੂ ਦੀ ਭਵਿੱਖਬਾਣੀ ਦੀ ਆਖ਼ਰੀ ਪੂਰਤੀ ਹੋ ਰਹੀ ਹੈ। “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ” ਯਾਨੀ ਉਹ ਦਿਨ ਜਦੋਂ ਯਹੋਵਾਹ ਸ਼ਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਸਫ਼. 1:14) ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਨੂੰ ਸੁਚੇਤ ਰਹਿਣ ਅਤੇ ਆਪਣੀ ਨਿਹਚਾ ਮਜ਼ਬੂਤ ਕਰਨ ਦੀ ਲੋੜ ਹੈ। (1 ਪਤ. 5:8) ਕੀ ਅਸੀਂ ਇੰਜ ਕਰ ਰਹੇ ਹਾਂ? ਸੱਚਾਈ ਵਿਚ ਅੱਗੇ ਵਧਣ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਸਮੇਂ ਦੇ ਕਿਸ ਮੋੜ ’ਤੇ ਖੜ੍ਹੇ ਹਾਂ।

ਸਿਆਣਪੁਣਾ ਹੁੰਦਾ ਕੀ?

5, 6. (ੳ) ਸੱਚਾਈ ਵਿਚ ਅੱਗੇ ਵਧਣ ਲਈ ਸਾਨੂੰ ਕੀ ਕੁਝ ਕਰਨ ਦੀ ਲੋੜ ਹੈ? (ਅ) ਸਿਆਣੇ ਬਣਨ ਲਈ ਸਾਨੂੰ ਕਿਹੜੀਆਂ ਦੋ ਗੱਲਾਂ ਵਿਚ ਮਿਹਨਤ ਕਰਨ ਦੀ ਲੋੜ ਹੈ?

5 ਪੌਲੁਸ ਨੇ ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੂੰ ਸਿਰਫ਼ ਸਿਆਣਪੁਣੇ ਵੱਲ ਅੱਗੇ ਵਧਦੇ ਜਾਣ ਲਈ ਹੀ ਨਹੀਂ ਕਿਹਾ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਅੱਗੇ ਵਧਣ ਲਈ ਉਨ੍ਹਾਂ ਨੂੰ ਕੀ ਕੁਝ ਕਰਨ ਦੀ ਲੋੜ ਸੀ। (ਇਬਰਾਨੀਆਂ 5:14 ਪੜ੍ਹੋ।) ‘ਸਿਆਣੇ’ ਸਿਰਫ਼ “ਦੁੱਧ” ਨਾਲ ਹੀ ਸੰਤੁਸ਼ਟ ਨਹੀਂ ਹੁੰਦੇ, ਸਗੋਂ “ਅੰਨ” ਵੀ ਖਾਂਦੇ ਹਨ। ਇਸ ਲਈ ਉਹ ਸੱਚਾਈ ਦੀਆਂ “ਆਦ ਗੱਲਾਂ” ਅਤੇ “ਡੂੰਘੀਆਂ ਵਸਤਾਂ” ਦੋਹਾਂ ਤੋਂ ਵਾਕਫ਼ ਹੁੰਦੇ ਹਨ। (1 ਕੁਰਿੰ. 2:10) ਨਾਲੇ, ਜੋ ਗੱਲਾਂ ਉਨ੍ਹਾਂ ਨੇ ਬਾਈਬਲ ਤੋਂ ਸਿੱਖੀਆਂ ਹਨ, ਉਨ੍ਹਾਂ ਉੱਤੇ ਚੱਲ ਕੇ ਉਨ੍ਹਾਂ ਨੇ ਆਪਣੀਆਂ ਗਿਆਨ-ਇੰਦਰੀਆਂ ਨੂੰ ਭਲੇ-ਬੁਰੇ ਦੀ ਜਾਂਚ ਕਰਨੀ ਸਿਖਾਈ ਹੈ। ਇਸ ਸਿੱਖਿਆ ਦੀ ਬਦੌਲਤ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਫ਼ੈਸਲੇ ਕਰਨ ਲੱਗਿਆਂ ਬਾਈਬਲ ਦੇ ਕਿਹੜੇ ਸਿਧਾਂਤ ਲਾਗੂ ਹੁੰਦੇ ਹਨ ਤੇ ਕਿਵੇਂ।

6 ਪੌਲੁਸ ਨੇ ਲਿਖਿਆ: “ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।” (ਇਬ. 2:1) ਧਿਆਨ ਨਾ ਰੱਖਣ ਤੇ ਕਿਸੇ ਨੂੰ ਸ਼ਾਇਦ ਪਤਾ ਵੀ ਨਾ ਲੱਗੇ ਕਿ ਉਹ ਕਦੋਂ ਨਿਹਚਾ ਤੋਂ ਭਟਕ ਗਿਆ। ਇਸ ਲਈ ਬਾਈਬਲ ਦੀਆਂ ਸੱਚਾਈਆਂ ਉੱਤੇ ਸੋਚ-ਵਿਚਾਰ ਕਰਦਿਆਂ ਸਾਨੂੰ “ਹੋਰ ਵੀ ਧਿਆਨ” ਦੇਣਾ ਚਾਹੀਦਾ ਹੈ ਤਾਂਕਿ ਸਾਡੇ ਨਾਲ ਇੱਦਾਂ ਨਾ ਹੋਵੇ। ਤਾਂ ਫਿਰ ਸਾਨੂੰ ਆਪਣੇ ਤੋਂ ਇਹ ਸਵਾਲ ਪੁੱਛਣ ਦੀ ਲੋੜ ਹੈ: ‘ਕੀ ਅਸੀਂ ਹਾਲੇ ਵੀ ਸੱਚਾਈ ਦੀਆਂ ਬੁਨਿਆਦੀ ਗੱਲਾਂ ਉੱਤੇ ਅਟਕੇ ਹੋਏ ਹਾਂ? ਕੀ ਯਹੋਵਾਹ ਦੀ ਸੇਵਾ ਮੇਰੇ ਲਈ ਬੱਸ ਇਕ ਰੁਟੀਨ ਬਣ ਕੇ ਰਹਿ ਗਈ ਹੈ ਤੇ ਮੇਰਾ ਦਿਲ ਯਹੋਵਾਹ ਤੋਂ ਦੂਰ ਹੈ? ਮੈਂ ਸੱਚਾਈ ਵਿਚ ਅੱਗੇ ਕਿੱਦਾਂ ਵਧ ਸਕਦਾ ਹਾਂ?’ ਜੇ ਅਸੀਂ ਸੱਚਾਈ ਵਿਚ ਸਿਆਣੇ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਦੋ ਗੱਲਾਂ ਵਿਚ ਹੋਰ ਮਿਹਨਤ ਕਰਨ ਦੀ ਲੋੜ ਹੈ। ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਅਤੇ ਆਗਿਆਕਾਰੀ ਸਿੱਖਣ ਦੀ ਲੋੜ ਹੈ।

ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣੂ ਹੋਵੋ

7. ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣੂ ਹੋ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

7 ਪੌਲੁਸ ਨੇ ਲਿਖਿਆ: “ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਬਚਨ ਤੋਂ ਅਣਜਾਣ ਹੈ ਇਸ ਲਈ ਕਿ ਨਿਆਣਾ ਹੈ।” (ਇਬ. 5:13) ਸਿਆਣਪੁਣੇ ਵੱਲ ਅੱਗੇ ਵਧਣ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਪਰਮੇਸ਼ੁਰ ਦਾ ਸੰਦੇਸ਼ ਬਾਈਬਲ ਵਿਚ ਪਾਇਆ ਜਾਂਦਾ ਹੈ, ਇਸ ਲਈ ਸਾਨੂੰ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਦੇ ਚੰਗੇ ਵਿਦਿਆਰਥੀ ਬਣਨਾ ਚਾਹੀਦਾ ਹੈ। (ਮੱਤੀ 24:45-47) ਇਸ ਤਰ੍ਹਾਂ ਅਸੀਂ ਦੇਖ ਪਾਵਾਂਗੇ ਕਿ ਪਰਮੇਸ਼ੁਰ ਦੀ ਸੋਚ ਕਿਸ ਤਰ੍ਹਾਂ ਦੀ ਹੈ। ਪਰਮੇਸ਼ੁਰ ਦੀ ਸੋਚ ਨੂੰ ਅਪਣਾ ਕੇ ਅਸੀਂ ਆਪਣੀਆਂ ਗਿਆਨ-ਇੰਦਰੀਆਂ ਨੂੰ ਸਹੀ ਤਰੀਕੇ ਨਾਲ ਵਰਤਣਾ ਸਿੱਖਾਂਗੇ। ਔਰਕਿਡ ਨਾਂ ਦੀ ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ। * ਉਹ ਕਹਿੰਦੀ ਹੈ: “ਇਕ ਗੱਲ ਸਾਨੂੰ ਵਾਰ-ਵਾਰ ਯਾਦ ਕਰਾਈ ਜਾਂਦੀ ਹੈ ਜਿਸ ਦਾ ਮੇਰੇ ’ਤੇ ਬਹੁਤ ਅਸਰ ਪਿਆ। ਉਹ ਹੈ ਬਾਕਾਇਦਾ ਬਾਈਬਲ ਪੜ੍ਹਨੀ। ਮੈਨੂੰ ਪੂਰੀ ਬਾਈਬਲ ਪੜ੍ਹਨ ਲਈ ਦੋ ਸਾਲ ਲੱਗੇ। ਮੈਨੂੰ ਪਹਿਲੀ ਵਾਰ ਲੱਗਾ ਕਿ ਮੈਂ ਆਪਣੇ ਸਿਰਜਣਹਾਰ ਨੂੰ ਜਾਣਨ ਲੱਗੀ ਹਾਂ। ਮੈਂ ਉਸ ਦੇ ਰਾਹਾਂ, ਉਸ ਦੀ ਪਸੰਦ ਤੇ ਨਾ-ਪਸੰਦ ਬਾਰੇ ਸਿੱਖਿਆ ਅਤੇ ਜਾਣਿਆ ਕਿ ਉਹ ਕਿੰਨਾ ਸ਼ਕਤੀਸ਼ਾਲੀ ਤੇ ਬੁੱਧੀਮਾਨ ਹੈ। ਹਰ ਰੋਜ਼ ਬਾਈਬਲ ਪੜ੍ਹਨ ਨਾਲ ਮੈਨੂੰ ਜ਼ਿੰਦਗੀ ਦੀਆਂ ਕੁਝ ਸਭ ਤੋਂ ਔਖੀਆਂ ਘੜੀਆਂ ਵਿੱਚੋਂ ਲੰਘਣ ਦੀ ਤਾਕਤ ਮਿਲੀ।”

8. ਪਰਮੇਸ਼ੁਰ ਦੇ ਬਚਨ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ?

8 ਰੋਜ਼ ਪਰਮੇਸ਼ੁਰ ਦੇ ਬਚਨ ਵਿੱਚੋਂ ਕੁਝ ਹਿੱਸਾ ਪੜ੍ਹ ਕੇ ਇਸ ਦੇ ਸੰਦੇਸ਼ ਦਾ ਸਾਡੇ ਉੱਤੇ ਜ਼ਬਰਦਸਤ ਅਸਰ ਪੈਂਦਾ ਹੈ। (ਇਬਰਾਨੀਆਂ 4:12 ਪੜ੍ਹੋ।) ਇੱਦਾਂ ਕਰਦੇ ਰਹਿਣ ਨਾਲ ਸਾਡੀ ਸ਼ਖ਼ਸੀਅਤ ਸੁਧਰਦੀ ਹੈ ਤੇ ਅਸੀਂ ਅਜਿਹੇ ਇਨਸਾਨ ਬਣ ਸਕਦੇ ਹਾਂ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਾਈਬਲ ਪੜ੍ਹਨ ਅਤੇ ਇਸ ਦੀਆਂ ਗੱਲਾਂ ਉੱਤੇ ਮਨਨ ਕਰਨ ਲਈ ਹੋਰ ਸਮਾਂ ਕੱਢਣ ਦੀ ਲੋੜ ਹੈ?

9, 10. ਬਾਈਬਲ ਤੋਂ ਜਾਣੂ ਹੋਣ ਦਾ ਕੀ ਮਤਲਬ ਹੈ? ਮਿਸਾਲ ਦੇ ਕੇ ਸਮਝਾਓ।

9 ਸਾਡੇ ਲਈ ਇੰਨਾ ਹੀ ਜਾਣਨਾ ਕਾਫ਼ੀ ਨਹੀਂ ਹੈ ਕਿ ਬਾਈਬਲ ਵਿਚ ਕੀ ਕੁਝ ਲਿਖਿਆ ਹੈ। ਪੌਲੁਸ ਨੇ ਆਪਣੇ ਜ਼ਮਾਨੇ ਵਿਚ ਜਿਨ੍ਹਾਂ ਮਸੀਹੀਆਂ ਨੂੰ ਨਿਆਣੇ ਕਿਹਾ ਸੀ, ਉਨ੍ਹਾਂ ਨੂੰ ਕੁਝ ਹੱਦ ਤਕ ਬਾਈਬਲ ਦਾ ਗਿਆਨ ਸੀ। ਪਰ ਉਨ੍ਹਾਂ ਨੇ ਇਸ ਗਿਆਨ ’ਤੇ ਅਮਲ ਨਹੀਂ ਕੀਤਾ ਜਿਸ ਦਾ ਉਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਸੀ। ਉਨ੍ਹਾਂ ਨੇ ਬਾਈਬਲ ਦੇ ਸੰਦੇਸ਼ ਨੂੰ ਆਪਣੇ ’ਤੇ ਅਸਰ ਹੀ ਨਹੀਂ ਕਰਨ ਦਿੱਤਾ ਜਿਸ ਦੀ ਮਦਦ ਨਾਲ ਉਹ ਸਹੀ ਫ਼ੈਸਲੇ ਕਰ ਸਕਦੇ।

10 ਤਾਂ ਫਿਰ ਬਾਈਬਲ ਤੋਂ ਜਾਣੂ ਹੋਣ ਦਾ ਮਤਲਬ ਹੈ ਕਿ ਅਸੀਂ ਇਸ ਵਿਚਲੀਆਂ ਗੱਲਾਂ ਨੂੰ ਜਾਣ ਕੇ ਉਨ੍ਹਾਂ ਨੂੰ ਅਮਲ ਵਿਚ ਲਿਆਈਏ। ਆਓ ਆਪਾਂ ਭੈਣ ਕਾਇਲ ਦੇ ਤਜਰਬੇ ਤੋਂ ਦੇਖੀਏ ਕਿ ਇਹ ਕਿਵੇਂ ਕੀਤਾ ਜਾ ਸਕਦਾ ਹੈ। ਕਾਇਲ ਦਾ ਆਪਣੇ ਨਾਲ ਕੰਮ ਕਰਦੀ ਇਕ ਤੀਵੀਂ ਨਾਲ ਝਗੜਾ ਹੋ ਗਿਆ। ਉਸ ਨੇ ਇਸ ਝਗੜੇ ਨੂੰ ਕਿਵੇਂ ਨਿਪਟਾਇਆ? ਉਹ ਦੱਸਦੀ ਹੈ: “ਉਦੋਂ ਮੇਰੇ ਮਨ ਵਿਚ ਰੋਮੀਆਂ 12:18 ਆਇਆ ਜਿਸ ਵਿਚ ਲਿਖਿਆ ਹੈ: ‘ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।’ ਸੋ ਮੈਂ ਉਸ ਨੂੰ ਕਿਹਾ ਕਿ ਕੰਮ ਤੋਂ ਬਾਅਦ ਉਹ ਮੈਨੂੰ ਮਿਲੇ।” ਉਨ੍ਹਾਂ ਦੀ ਆਪਸ ਵਿਚ ਚੰਗੀ ਗੱਲਬਾਤ ਹੋਈ ਤੇ ਉਹ ਤੀਵੀਂ ਬਹੁਤ ਖ਼ੁਸ਼ ਹੋਈ ਕਿ ਕਾਇਲ ਨੇ ਝਗੜਾ ਨਿਪਟਾਉਣ ਲਈ ਪਹਿਲ ਕੀਤੀ। ਕਾਇਲ ਕਹਿੰਦੀ ਹੈ: “ਮੈਂ ਸਿੱਖਿਆ ਕਿ ਜੇ ਅਸੀਂ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰੀਏ, ਤਾਂ ਅਸੀਂ ਕਦੇ ਗ਼ਲਤ ਕੰਮ ਨਹੀਂ ਕਰ ਸਕਦੇ।”

ਆਗਿਆਕਾਰ ਰਹਿਣਾ ਸਿੱਖੋ

11. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੁਸ਼ਕਲ ਹਾਲਾਤਾਂ ਵਿਚ ਆਗਿਆਕਾਰ ਰਹਿਣਾ ਔਖਾ ਹੋ ਸਕਦਾ ਹੈ?

11 ਬਾਈਬਲ ਤੋਂ ਸਿੱਖੀਆਂ ਗੱਲਾਂ ਅਨੁਸਾਰ ਚੱਲਣਾ ਉਦੋਂ ਔਖਾ ਹੋ ਸਕਦਾ ਹੈ ਜਦੋਂ ਮੁਸ਼ਕਲ ਹਾਲਾਤ ਖੜ੍ਹੇ ਹੋ ਜਾਂਦੇ ਹਨ। ਮਿਸਾਲ ਲਈ, ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਤੋਂ ਜਲਦੀ ਬਾਅਦ ਇਸਰਾਏਲੀ ਮੂਸਾ ਅੱਗੇ ‘ਬੁੜ-ਬੁੜਾਉਣ ਲੱਗੇ ਅਤੇ ਯਹੋਵਾਹ ਦੀ ਪਰੀਖਿਆ ਲੈਣ ਲੱਗੇ।’ ਕਿਉਂ? ਕਿਉਂਕਿ ਉਨ੍ਹਾਂ ਕੋਲ ਪੀਣ ਲਈ ਪਾਣੀ ਨਹੀਂ ਸੀ। (ਕੂਚ 17:1-4, CL) ਉਨ੍ਹਾਂ ਨੇ ਪਰਮੇਸ਼ੁਰ ਨਾਲ ਇਕਰਾਰ ਕੀਤਾ ਸੀ ਕਿ “ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ” ਸੀ, ਉਨ੍ਹਾਂ ’ਤੇ ਉਹ ਚੱਲਣਗੇ। ਇਹ ਇਕਰਾਰ ਕੀਤਿਆਂ ਉਨ੍ਹਾਂ ਨੂੰ ਦੋ ਮਹੀਨੇ ਵੀ ਨਹੀਂ ਹੋਏ ਸਨ ਕਿ ਉਨ੍ਹਾਂ ਨੇ ਮੂਰਤੀ-ਪੂਜਾ ਬਾਰੇ ਯਹੋਵਾਹ ਦੇ ਹੁਕਮ ਨੂੰ ਤੋੜ ਦਿੱਤਾ। (ਕੂਚ 24:3, 12-18; 32:1, 2, 7-9) ਕੀ ਉਨ੍ਹਾਂ ਨੇ ਡਰਦੇ ਮਾਰੇ ਇੱਦਾਂ ਕੀਤਾ ਸੀ ਕਿਉਂਕਿ ਮੂਸਾ ਨੂੰ ਹੋਰੇਬ ਪਹਾੜ ਉੱਤੇ ਗਏ ਨੂੰ ਕਾਫ਼ੀ ਚਿਰ ਹੋ ਗਿਆ ਸੀ ਜਿੱਥੇ ਪਰਮੇਸ਼ੁਰ ਉਸ ਨੂੰ ਹਿਦਾਇਤਾਂ ਦੇ ਰਿਹਾ ਸੀ? ਕੀ ਸ਼ਾਇਦ ਉਨ੍ਹਾਂ ਨੇ ਇਹ ਸੋਚਿਆ ਹੋਵੇਗਾ ਕਿ ਅਮਾਲੇਕੀ ਉਨ੍ਹਾਂ ਉੱਤੇ ਦੁਬਾਰਾ ਚੜ੍ਹਾਈ ਕਰਨਗੇ ਅਤੇ ਮੂਸਾ ਤੋਂ ਬਿਨਾਂ ਉਹ ਕੁਝ ਨਹੀਂ ਕਰ ਸਕਣਗੇ ਕਿਉਂਕਿ ਪਹਿਲਾਂ ਮੂਸਾ ਦੇ ਹੱਥ ਉਤਾਹਾਂ ਹੋਣ ’ਤੇ ਉਨ੍ਹਾਂ ਨੂੰ ਜਿੱਤ ਮਿਲੀ ਸੀ? (ਕੂਚ 17:8-16) ਇੱਦਾਂ ਹੋ ਸਕਦਾ ਹੈ ਪਰ ਗੱਲ ਜੋ ਮਰਜ਼ੀ ਸੀ, ਇਸਰਾਏਲੀਆਂ ਨੇ ਯਹੋਵਾਹ ਦੇ “ਅਧੀਨ ਹੋਣਾ ਨਾ ਚਾਹਿਆ।” (ਰਸੂ. 7:39-41) ਇਸ ਲਈ ਪੌਲੁਸ ਨੇ ਮਸੀਹੀਆਂ ਨੂੰ ਪੂਰਾ ਜਤਨ ਕਰਨ ਦੀ ਤਾਕੀਦ ਕੀਤੀ ਕਿ ਉਹ ਉਨ੍ਹਾਂ ‘ਇਸਰਾਏਲੀਆਂ ਵਾਂਙੁ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪੈਣ’ ਜੋ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਡਰਦੇ ਸਨ।—ਇਬ. 4:3, 11.

12. ਯਿਸੂ ਨੇ ਆਗਿਆਕਾਰੀ ਕਿਵੇਂ ਸਿੱਖੀ ਅਤੇ ਇਸ ਦਾ ਉਹ ਨੂੰ ਕੀ ਫ਼ਾਇਦਾ ਹੋਇਆ?

12 ਸਿਆਣਪੁਣੇ ਵੱਲ ਅੱਗੇ ਵਧਣ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਆਗਿਆਕਾਰ ਰਹਿਣ ਦੀ ਪੂਰੀ ਕੋਸ਼ਿਸ਼ ਕਰੀਏ। ਯਿਸੂ ਮਸੀਹ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਅਕਸਰ ਦੁੱਖ ਝੱਲਣ ਨਾਲ ਹੀ ਆਗਿਆਕਾਰੀ ਸਿੱਖੀ ਜਾ ਸਕਦੀ ਹੈ। (ਇਬਰਾਨੀਆਂ 5:8, 9 ਪੜ੍ਹੋ।) ਧਰਤੀ ’ਤੇ ਆਉਣ ਤੋਂ ਪਹਿਲਾਂ ਯਿਸੂ ਆਪਣੇ ਪਿਤਾ ਦੀ ਆਗਿਆ ਮੰਨਦਾ ਸੀ। ਪਰ ਜਦੋਂ ਉਹ ਧਰਤੀ ’ਤੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਆਇਆ, ਤਾਂ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਕਾਫ਼ੀ ਕੁਝ ਸਹਿਣਾ ਪਿਆ। ਔਖੀਆਂ ਤੋਂ ਔਖੀਆਂ ਅਜ਼ਮਾਇਸ਼ਾਂ ਦੇ ਅਧੀਨ ਆਗਿਆਕਾਰ ਰਹਿ ਕੇ ਯਿਸੂ ਉਸ ਅਹੁਦੇ ਦੇ ਪੂਰੀ ਤਰ੍ਹਾਂ ਲਾਇਕ ਬਣ ਗਿਆ ਸੀ ਜੋ ਪਰਮੇਸ਼ੁਰ ਉਸ ਨੂੰ ਦੇਣ ਵਾਲਾ ਸੀ। ਪਰਮੇਸ਼ੁਰ ਨੇ ਉਸ ਨੂੰ ਰਾਜਾ ਤੇ ਪ੍ਰਧਾਨ ਜਾਜਕ ਬਣਾ ਦਿੱਤਾ।

13. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਗਿਆਕਾਰੀ ਸਿੱਖੀ ਹੈ?

13 ਕੀ ਅਸੀਂ ਆਗਿਆ ਮੰਨਦੇ ਹਾਂ? ਕੀ ਅਸੀਂ ਉਦੋਂ ਵੀ ਯਹੋਵਾਹ ਦੀ ਆਗਿਆ ਮੰਨਾਂਗੇ ਜਦੋਂ ਸਾਡੇ ’ਤੇ ਔਖੀਆਂ ਘੜੀਆਂ ਆਉਂਦੀਆਂ ਹਨ? (1 ਪਤਰਸ 1:6, 7 ਪੜ੍ਹੋ।) ਨੈਤਿਕਤਾ, ਈਮਾਨਦਾਰੀ, ਜ਼ਬਾਨ ਸੰਭਾਲ ਕੇ ਬੋਲਣ, ਬਾਈਬਲ ਪੜ੍ਹਨ ਅਤੇ ਅਧਿਐਨ ਕਰਨ, ਮੀਟਿੰਗਾਂ ਵਿਚ ਜਾਣ ਅਤੇ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਬਾਰੇ ਪਰਮੇਸ਼ੁਰ ਦੀਆਂ ਹਿਦਾਇਤਾਂ ਸਾਫ਼ ਹਨ। (ਯਹੋ. 1:8; ਮੱਤੀ 28:19, 20; ਅਫ਼. 4:25, 28, 29; 5:3-5; ਇਬ. 10:24, 25) ਕੀ ਅਸੀਂ ਇਨ੍ਹਾਂ ਗੱਲਾਂ ਵਿਚ ਯਹੋਵਾਹ ਪ੍ਰਤਿ ਆਗਿਆਕਾਰ ਰਹਿੰਦੇ ਹਾਂ ਚਾਹੇ ਅਸੀਂ ਕਿਸੇ ਵੀ ਮੁਸ਼ਕਲ ਵਿੱਚੋਂ ਦੀ ਲੰਘ ਰਹੇ ਹਾਂ? ਸਾਡੀ ਆਗਿਆਕਾਰੀ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਿਆਣਪੁਣੇ ਵੱਲ ਅੱਗੇ ਵਧ ਚੁੱਕੇ ਹਾਂ।

ਮਸੀਹੀਆਂ ਲਈ ਸਿਆਣਪੁਣਾ ਫ਼ਾਇਦੇਮੰਦ ਕਿਉਂ ਹੈ?

14. ਮਿਸਾਲ ਦੇ ਕੇ ਦੱਸੋ ਕਿ ਸਿਆਣਪੁਣੇ ਵੱਲ ਅੱਗੇ ਵਧਣ ਨਾਲ ਸਾਡੀ ਰਾਖੀ ਕਿਵੇਂ ਹੋ ਸਕਦੀ ਹੈ?

14 ਆਪਣੀਆਂ ਗਿਆਨ-ਇੰਦਰੀਆਂ ਨੂੰ ਭਲੇ-ਬੁਰੇ ਦੀ ਜਾਂਚ ਕਰਨੀ ਸਿਖਾਉਣ ਨਾਲ ਸਾਡੀ ਰਾਖੀ ਹੁੰਦੀ ਹੈ। ਕਿਉਂ? ਕਿਉਂਕਿ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿਸ ਨੇ ਆਪਣੇ ਆਪ ਨੂੰ “ਲੁੱਚਪੁਣੇ ਦੇ ਹੱਥ ਸੌਂਪ ਦਿੱਤਾ” ਹੈ। (ਅਫ਼. 4:19) ਮਿਸਾਲ ਲਈ, ਜੇਮਜ਼ ਨਾਂ ਦਾ ਭਰਾ ਬਾਕਾਇਦਾ ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਦਾ ਹੈ ਅਤੇ ਉਨ੍ਹਾਂ ਉੱਤੇ ਸੋਚ-ਵਿਚਾਰ ਵੀ ਕਰਦਾ ਹੈ। ਉਹ ਅਜਿਹੀ ਥਾਂ ਤੇ ਨੌਕਰੀ ਕਰਨ ਲੱਗ ਪਿਆ ਸੀ ਜਿੱਥੇ ਉਸ ਦੇ ਨਾਲ ਕੰਮ ਕਰਨ ਵਾਲੀਆਂ ਸਾਰੀਆਂ ਔਰਤਾਂ ਸਨ। ਜੇਮਜ਼ ਦੱਸਦਾ ਹੈ: “ਹਾਲਾਂਕਿ ਕਈ ਔਰਤਾਂ ਦਾ ਚਾਲ-ਚੱਲਣ ਠੀਕ ਨਹੀਂ ਸੀ, ਪਰ ਉਨ੍ਹਾਂ ਵਿੱਚੋਂ ਇਕ ਦਾ ਚਾਲ-ਚੱਲਣ ਠੀਕ ਲੱਗਦਾ ਸੀ ਤੇ ਉਹ ਬਾਈਬਲ ਵਿਚ ਵੀ ਰੁਚੀ ਲੈਣ ਲੱਗ ਪਈ। ਪਰ ਇਕ ਦਿਨ ਜਦੋਂ ਅਸੀਂ ਇਕੱਲੇ ਇਕ ਕਮਰੇ ਵਿਚ ਕੰਮ ਕਰ ਰਹੇ ਸਾਂ, ਤਾਂ ਉਹ ਸੈਕਸ ਕਰਨ ਲਈ ਲੁਭਾਉਣ ਲੱਗੀ। ਮੈਂ ਸੋਚਿਆ ਕਿ ਉਹ ਮਜ਼ਾਕ ਕਰ ਰਹੀ ਸੀ, ਪਰ ਉਹ ਤਾਂ ਮੇਰੇ ਪਿੱਛੇ ਹੀ ਪੈ ਗਈ। ਉਦੋਂ ਹੀ ਮੈਨੂੰ ਇਕ ਪਹਿਰਾਬੁਰਜ ਵਿਚ ਦਿੱਤਾ ਇਕ ਭਰਾ ਦਾ ਤਜਰਬਾ ਯਾਦ ਆਇਆ ਜਿਸ ਨੂੰ ਆਪਣੀ ਕੰਮ ਦੀ ਥਾਂ ਤੇ ਇਸ ਤਰ੍ਹਾਂ ਫੁਸਲਾਇਆ ਗਿਆ ਸੀ। ਇਸ ਲੇਖ ਵਿਚ ਯੂਸੁਫ਼ ਤੇ ਪੋਟੀਫ਼ਰ ਦੀ ਪਤਨੀ ਦੀ ਮਿਸਾਲ ਦਿੱਤੀ ਗਈ ਸੀ। * ਮੈਂ ਉਸ ਕੁੜੀ ਨੂੰ ਤੁਰੰਤ ਆਪਣੇ ਤੋਂ ਪਰੇ ਕੀਤਾ ਜਿਸ ਕਰਕੇ ਉਹ ਉੱਥੋਂ ਭੱਜ ਗਈ।” (ਉਤ. 39:7-12) ਜੇਮਜ਼ ਸ਼ੁਕਰਗੁਜ਼ਾਰ ਸੀ ਕਿ ਕੁਝ ਹੋਇਆ ਨਹੀਂ ਅਤੇ ਉਹ ਆਪਣੀ ਜ਼ਮੀਰ ਨੂੰ ਸਾਫ਼ ਰੱਖ ਸਕਿਆ।—1 ਤਿਮੋ. 1:5.

15. ਸਿਆਣੇ ਬਣਨ ਨਾਲ ਸਾਡਾ ਮਨ ਕਿਵੇਂ ਤਕੜਾ ਹੁੰਦਾ ਹੈ?

15 ਸਿਆਣੇ ਬਣਨਾ ਇਸ ਲਈ ਵੀ ਫ਼ਾਇਦੇਮੰਦ ਹੈ ਕਿਉਂਕਿ ਇਹ ਸਾਡੇ ਮਨ ਨੂੰ ਤਕੜਿਆਂ ਕਰਦਾ ਹੈ ਅਤੇ ਅਸੀਂ ‘ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂ ਨਾਲ ਭਰਮਾਏ ਜਾਣ’ ਤੋਂ ਬਚ ਜਾਂਦੇ ਹਾਂ। (ਇਬਰਾਨੀਆਂ 13:9 ਪੜ੍ਹੋ।) ਜਦੋਂ ਅਸੀਂ ਸੱਚਾਈ ਵਿਚ ਅੱਗੇ ਵਧਦੇ ਹਾਂ, ਤਾਂ ਸਾਡਾ ਮਨ “ਚੰਗ ਚੰਗੇਰੀਆਂ ਗੱਲਾਂ” ’ਤੇ ਟਿਕਿਆ ਰਹਿੰਦਾ ਹੈ। (ਫ਼ਿਲਿ. 1:9, 10) ਇਸ ਨਾਲ ਪਰਮੇਸ਼ੁਰ ਅਤੇ ਸਾਡੇ ਫ਼ਾਇਦੇ ਲਈ ਕੀਤੇ ਉਸ ਦੇ ਸਾਰੇ ਪ੍ਰਬੰਧਾਂ ਲਈ ਸਾਡੀ ਕਦਰ ਵਧਦੀ ਹੈ। (ਰੋਮੀ. 3:24) ਇਹ ਕਦਰ “ਬੁੱਧ ਵਿੱਚ ਸਿਆਣੇ” ਮਸੀਹੀ ਕਰਦੇ ਹਨ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਗੂੜ੍ਹਾ ਹੁੰਦਾ ਹੈ।—1 ਕੁਰਿੰ. 14:20.

16. ਕਿਸ ਗੱਲ ਕਰਕੇ ਇਕ ਭੈਣ ਆਪਣਾ ‘ਮਨ ਤਕੜਿਆਂ’ ਕਰ ਸਕੀ?

16 ਲੁਈਜ਼ ਨਾਂ ਦੀ ਇਕ ਭੈਣ ਕਹਿੰਦੀ ਹੈ ਕਿ ਬਪਤਿਸਮਾ ਲੈਣ ਤੋਂ ਬਾਅਦ ਕੁਝ ਸਮੇਂ ਤਕ ਉਹ ਸਿਰਫ਼ ਲੋਕਾਂ ਨੂੰ ਖ਼ੁਸ਼ ਕਰਨ ਲਈ ਯਹੋਵਾਹ ਦੀ ਸੇਵਾ ਕਰਦੀ ਸੀ। ਉਸ ਨੇ ਕਿਹਾ: “ਮੈਂ ਕੁਝ ਗ਼ਲਤ ਨਹੀਂ ਕਰ ਰਹੀ ਸੀ, ਪਰ ਮੇਰੇ ਵਿਚ ਯਹੋਵਾਹ ਦੀ ਸੇਵਾ ਕਰਨ ਦਾ ਜੋਸ਼ ਨਹੀਂ ਸੀ। ਮੈਨੂੰ ਅਹਿਸਾਸ ਹੋਇਆ ਕਿ ਅਗਰ ਮੈਂ ਯਹੋਵਾਹ ਨੂੰ ਆਪਣਾ ਸਭ ਕੁਝ ਦੇਣਾ ਚਾਹੁੰਦੀ ਹਾਂ, ਤਾਂ ਮੈਨੂੰ ਆਪਣੇ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਹੈ। ਸਭ ਤੋਂ ਵੱਡੀ ਤਬਦੀਲੀ ਇਹ ਕਰਨ ਦੀ ਲੋੜ ਸੀ ਕਿ ਮੈਂ ਆਪਣਾ ਪੂਰਾ ਦਿਲ ਯਹੋਵਾਹ ਦੀ ਭਗਤੀ ਵਿਚ ਲਾਵਾਂ।” ਇੱਦਾਂ ਕਰ ਕੇ ਲੁਈਜ਼ ਨੇ ਆਪਣੇ ‘ਮਨ ਨੂੰ ਤਕੜਿਆਂ’ ਕੀਤਾ ਜਿਸ ਦੀ ਮਦਦ ਨਾਲ ਉਹ ਗੰਭੀਰ ਸਿਹਤ ਸਮੱਸਿਆ ਦਾ ਸਾਮ੍ਹਣਾ ਕਰ ਸਕੀ। (ਯਾਕੂ. 5:8) ਉਸ ਨੇ ਕਿਹਾ, “ਇਸ ਸਮੱਸਿਆ ਨਾਲ ਸਿੱਝਣਾ ਮੇਰੇ ਲਈ ਬਹੁਤ ਔਖਾ ਸੀ, ਪਰ ਮੇਰਾ ਰਿਸ਼ਤਾ ਯਹੋਵਾਹ ਨਾਲ ਪੱਕਾ ਹੋਇਆ।”

‘ਮਨੋਂ ਆਗਿਆਕਾਰ ਬਣੋ’

17. ਪਹਿਲੀ ਸਦੀ ਦੇ ਮਸੀਹੀਆਂ ਲਈ ਆਗਿਆਕਾਰ ਰਹਿਣਾ ਕਿਉਂ ਜ਼ਰੂਰੀ ਸੀ?

17 ਪੌਲੁਸ ਨੇ ਯਰੂਸ਼ਲਮ ਅਤੇ ਯਹੂਦਿਯਾ ਵਿਚ ਰਹਿੰਦੇ ਪਹਿਲੀ ਸਦੀ ਦੇ ਮਸੀਹੀਆਂ ਨੂੰ “ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ” ਜਾਣ ਬਾਰੇ ਜੋ ਸਲਾਹ ਦਿੱਤੀ ਸੀ, ਉਸ ’ਤੇ ਚੱਲ ਕੇ ਉਨ੍ਹਾਂ ਦੀ ਜਾਨ ਬਚ ਗਈ। ਉਨ੍ਹਾਂ ਨੇ ਯਿਸੂ ਦੀ ਭਵਿੱਖਬਾਣੀ ਦੇ ਲੱਛਣ ਨੂੰ ਪਛਾਣ ਲਿਆ ਸੀ ਅਤੇ ਉਹ “ਪਹਾੜਾਂ ਉੱਤੇ ਭੱਜ” ਗਏ। ਜਦੋਂ ਉਨ੍ਹਾਂ ਨੇ ‘ਉਜਾੜਨ ਵਾਲੀ ਘਿਣਾਉਣੀ ਚੀਜ਼ ਪਵਿੱਤ੍ਰ ਥਾਂ ਵਿੱਚ ਖੜੀ ਵੇਖੀ’ ਯਾਨੀ ਰੋਮੀ ਫ਼ੌਜਾਂ ਨੂੰ ਯਰੂਸ਼ਲਮ ਨੂੰ ਘੇਰਾ ਪਾਈ ਅਤੇ ਉਸ ਅੰਦਰ ਘੁਸਦਿਆਂ ਦੇਖਿਆ, ਤਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉੱਥੋਂ ਭੱਜਣ ਦਾ ਵੇਲਾ ਆ ਗਿਆ ਸੀ। (ਮੱਤੀ 24:15, 16) ਯਿਸੂ ਦੀ ਚੇਤਾਵਨੀ ਨੂੰ ਮੰਨ ਕੇ ਮਸੀਹੀ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਉੱਥੋਂ ਨਿਕਲ ਗਏ ਅਤੇ ਚਰਚ ਦੇ ਮੋਹਰੀ ਅਤੇ ਇਤਿਹਾਸਕਾਰ ਯੂਸੀਬੀਅਸ ਅਨੁਸਾਰ ਉਹ ਪੈਲਾ ਨਾਂ ਦੇ ਸ਼ਹਿਰ ਵਿਚ ਜਾ ਕੇ ਵੱਸ ਗਏ ਜੋ ਗਿਲਆਦ ਦੇ ਪਹਾੜੀ ਇਲਾਕੇ ਵਿਚ ਸੀ। ਇਸ ਤਰ੍ਹਾਂ ਯਰੂਸ਼ਲਮ ਦੇ ਮਸੀਹੀ ਉਸ ਸ਼ਹਿਰ ’ਤੇ ਆਈ ਸਭ ਤੋਂ ਵੱਡੀ ਤਬਾਹੀ ਤੋਂ ਬਚ ਨਿਕਲੇ।

18, 19. (ੳ) ਸਾਡੇ ਜ਼ਮਾਨੇ ਵਿਚ ਆਗਿਆਕਾਰ ਰਹਿਣਾ ਕਿਉਂ ਜ਼ਰੂਰੀ ਹੈ? (ਅ) ਅਗਲੇ ਲੇਖ ਵਿਚ ਕਿਸ ਗੱਲ ’ਤੇ ਚਰਚਾ ਕੀਤੀ ਜਾਵੇਗੀ?

18 ਯਿਸੂ ਦੀ ਭਵਿੱਖਬਾਣੀ ਦੇ ਅਨੁਸਾਰ ਸਾਡੇ ਸਮੇਂ ਵਿਚ ਵੀ ਇਕ ਬਹੁਤ “ਵੱਡਾ ਕਸ਼ਟ” ਆਉਣ ਵਾਲਾ ਹੈ ਜੋ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਆਇਆ। ਇਸ ਲਈ ਜੇ ਅਸੀਂ ਇਸ ਕਸ਼ਟ ਵਿੱਚੋਂ ਬਚ ਨਿਕਲਣਾ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਸੱਚਾਈ ਵਿਚ ਅੱਗੇ ਵਧ ਕੇ ਆਗਿਆਕਾਰ ਰਹੀਏ। (ਮੱਤੀ 24:21) ਕੀ ਅਸੀਂ ‘ਮਾਤਬਰ ਮੁਖ਼ਤਿਆਰ’ ਤੋਂ ਭਵਿੱਖ ਵਿਚ ਮਿਲਣ ਵਾਲੀ ਸੇਧ ਅਨੁਸਾਰ ਚੱਲ ਕੇ ਆਗਿਆਕਾਰ ਰਹਾਂਗੇ ਜਿਸ ਨਾਲ ਸਾਡੀ ਜਾਨ ਬਚ ਸਕਦੀ ਹੈ? (ਲੂਕਾ 12:42) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ‘ਮਨੋਂ ਆਗਿਆਕਾਰੀ’ ਕਰਨੀ ਸਿੱਖੀਏ!—ਰੋਮੀ. 6:17.

19 ਸਿਆਣੇ ਬਣਨ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਗਿਆਨ-ਇੰਦਰੀਆਂ ਨੂੰ ਭਲੇ-ਬੁਰੇ ਦੀ ਜਾਂਚ ਕਰਨੀ ਸਿਖਾਈਏ। ਅਸੀਂ ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣੂ ਹੋ ਕੇ ਅਤੇ ਆਗਿਆਕਾਰੀ ਸਿੱਖ ਕੇ ਸਿਆਣਪੁਣੇ ਵੱਲ ਅੱਗੇ ਵਧ ਸਕਦੇ ਹਾਂ। ਨੌਜਵਾਨਾਂ ਨੂੰ ਸੱਚਾਈ ਵਿਚ ਅੱਗੇ ਵਧਣ ਲਈ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਨੌਜਵਾਨ ਇਨ੍ਹਾਂ ਚੁਣੌਤੀਆਂ ਦਾ ਕਿੱਦਾਂ ਸਾਮ੍ਹਣਾ ਕਰ ਸਕਦੇ ਹਨ।

[ਫੁਟਨੋਟ]

^ ਪੈਰਾ 7 ਕੁਝ ਨਾਂ ਬਦਲੇ ਗਏ ਹਨ।

^ ਪੈਰਾ 14 1 ਅਕਤੂਬਰ 1999 ਦੇ ਪਹਿਰਾਬੁਰਜ ਵਿਚ “ਗ਼ਲਤ ਕੰਮ ਕਰਨ ਤੋਂ ਇਨਕਾਰ ਕਰਨ ਲਈ ਮਜ਼ਬੂਤ ਹੋਏ” ਨਾਮਕ ਲੇਖ ਦੇਖੋ।

ਤੁਸੀਂ ਕੀ ਸਿੱਖਿਆ?

• ਸਿਆਣਪੁਣਾ ਕੀ ਹੈ ਅਤੇ ਅਸੀਂ ਸਿਆਣਪੁਣੇ ਵੱਲ ਅਗਾਹਾਂ ਕਿਵੇਂ ਵਧ ਸਕਦੇ ਹਾਂ?

• ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣੂ ਹੋ ਕੇ ਅਸੀਂ ਕਿਵੇਂ ਸੱਚਾਈ ਵਿਚ ਅੱਗੇ ਵਧ ਸਕਦੇ ਹਾਂ?

• ਅਸੀਂ ਆਗਿਆਕਾਰੀ ਕਿਵੇਂ ਸਿੱਖਦੇ ਹਾਂ?

• ਸਿਆਣਪੁਣਾ ਕਿਨ੍ਹਾਂ ਕੁਝ ਤਰੀਕਿਆਂ ਨਾਲ ਸਾਡੇ ਲਈ ਫ਼ਾਇਦੇਮੰਦ ਹੈ?

[ਸਵਾਲ]

[ਸਫ਼ਾ 10 ਉੱਤੇ ਤਸਵੀਰ]

ਬਾਈਬਲ ਦੀ ਸਲਾਹ ’ਤੇ ਚੱਲ ਕੇ ਅਸੀਂ ਸਿਆਣਪ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ

[ਸਫ਼ਾ 12 ਉੱਤੇ ਕੈਪਸ਼ਨ]

ਪਹਿਲੀ ਸਦੀ ਦੇ ਮਸੀਹੀਆਂ ਨੇ ਯਿਸੂ ਦੀ ਸਲਾਹ ’ਤੇ ਚੱਲ ਕੇ ਆਪਣੀ ਜਾਨ ਬਚਾਈ