Skip to content

Skip to table of contents

“ਮਸੀਹ” ਦੇ ਪਿੱਛੇ-ਪਿੱਛੇ ਕਿਉਂ ਚੱਲੀਏ?

“ਮਸੀਹ” ਦੇ ਪਿੱਛੇ-ਪਿੱਛੇ ਕਿਉਂ ਚੱਲੀਏ?

“ਮਸੀਹ” ਦੇ ਪਿੱਛੇ-ਪਿੱਛੇ ਕਿਉਂ ਚੱਲੀਏ?

‘ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਮੇਰੇ ਪਿੱਛੇ ਚੱਲੇ।’—ਲੂਕਾ 9:23.

1, 2. “ਮਸੀਹ” ਪਿੱਛੇ ਚੱਲਣ ਬਾਰੇ ਸਾਨੂੰ ਕਿਉਂ ਸੋਚ-ਵਿਚਾਰ ਕਰਨਾ ਚਾਹੀਦਾ ਹੈ?

ਤੁਹਾਨੂੰ ਨਵੇਂ ਲੋਕਾਂ ਨੂੰ ਅਤੇ ਬੱਚਿਆਂ ਨੂੰ ਕਲੀਸਿਯਾ ਵਿਚ ਆਪਣੇ ਭਗਤਾਂ ਨਾਲ ਦੇਖ ਕੇ ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੋਣਾ! ਜਿਉਂ-ਜਿਉਂ ਤੁਸੀਂ ਬਾਈਬਲ ਦੀ ਸਟੱਡੀ ਕਰਦੇ ਹੋ, ਬਾਕਾਇਦਾ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹੋ ਅਤੇ ਸੱਚਾ ਗਿਆਨ ਲੈਂਦੇ ਹੋ, ਤੁਹਾਨੂੰ ਯਿਸੂ ਦੇ ਇਸ ਸੱਦੇ ’ਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ: “ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਲੂਕਾ 9:23) ਯਿਸੂ ਇੱਥੇ ਕਹਿ ਰਿਹਾ ਹੈ ਕਿ ਤੁਸੀਂ ਆਪਣੇ ਆਪ ਦਾ ਇਨਕਾਰ ਕਰ ਕੇ ਉਸ ਦੇ ਪਿੱਛੇ ਚੱਲੋ। ਇਸ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਦੇਖੀਏ ਕਿ ਸਾਨੂੰ “ਮਸੀਹ” ਦੇ ਪਿੱਛੇ ਕਿਉਂ ਚੱਲਣਾ ਚਾਹੀਦਾ ਹੈ।—ਮੱਤੀ 16:13-16.

2 ਸਾਡੇ ਬਾਰੇ ਕੀ ਜੋ ਪਹਿਲਾਂ ਹੀ ਯਿਸੂ ਮਸੀਹ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੇ ਹਾਂ? ਸਾਨੂੰ ਤਾਕੀਦ ਕੀਤੀ ਗਈ ਹੈ ਕਿ ਅਸੀਂ ‘ਇਸ ਵਿੱਚ ਹੋਰ ਭੀ ਵਧਦੇ ਚੱਲੇ ਜਾਈਏ।’ (1 ਥੱਸ. 4:1, 2) ਭਾਵੇਂ ਅਸੀਂ ਹਾਲ ਹੀ ਵਿਚ ਸੱਚੀ ਭਗਤੀ ਕਰਨੀ ਸ਼ੁਰੂ ਕੀਤੀ ਹੈ ਜਾਂ ਕਈ ਸਾਲਾਂ ਤੋਂ ਕਰ ਰਹੇ ਹਾਂ, ਪਰ ਮਸੀਹ ਦੇ ਪਿੱਛੇ ਚੱਲਣ ਦੇ ਕਾਰਨਾਂ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਪੌਲੁਸ ਦੀ ਸਲਾਹ ਨੂੰ ਮੰਨਾਂਗੇ ਅਤੇ ਰੋਜ਼ ਮਸੀਹ ਦੇ ਪਿੱਛੇ ਹੋਰ ਚੰਗੀ ਤਰ੍ਹਾਂ ਚੱਲਾਂਗੇ। ਆਓ ਆਪਾਂ ਪੰਜ ਕਾਰਨਾਂ ਉੱਤੇ ਗੌਰ ਕਰੀਏ ਕਿ ਸਾਨੂੰ ਮਸੀਹ ਦੇ ਪਿੱਛੇ ਕਿਉਂ ਚੱਲਣਾ ਚਾਹੀਦਾ ਹੈ।

ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ

3. ਕਿਹੜੇ ਦੋ ਤਰੀਕਿਆਂ ਨਾਲ ਅਸੀਂ ਯਹੋਵਾਹ ਨੂੰ ਜਾਣ ਸਕਦੇ ਹਾਂ?

3 ਪੌਲੁਸ ਰਸੂਲ ਨੇ “ਅਰਿਯੁਪਗੁਸ ਦੇ ਵਿੱਚ ਖੜਾ ਹੋ ਕੇ” ਅਥੇਨੀ ਲੋਕਾਂ ਨਾਲ ਗੱਲ ਕਰਦੇ ਹੋਏ ਕਿਹਾ: ‘ਪਰਮੇਸ਼ੁਰ ਨੇ ਮਨੁੱਖਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ ਭਈ ਉਹ ਪਰਮੇਸ਼ੁਰ ਨੂੰ ਭਾਲਣ ਭਈ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।’ (ਰਸੂ. 17:22, 26, 27) ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਲੱਭ ਸਕਦੇ ਹਾਂ ਅਤੇ ਉਸ ਨੂੰ ਜਾਣ ਸਕਦੇ ਹਾਂ। ਮਿਸਾਲ ਲਈ, ਸ੍ਰਿਸ਼ਟੀ ਵੱਲ ਦੇਖ ਕੇ ਸਾਨੂੰ ਪਰਮੇਸ਼ੁਰ ਦੇ ਗੁਣਾਂ ਅਤੇ ਕਾਬਲੀਅਤਾਂ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਨਾਲੇ ਸ੍ਰਿਸ਼ਟੀ ਦੀਆਂ ਚੀਜ਼ਾਂ ਉੱਤੇ ਸੋਚ-ਵਿਚਾਰ ਕਰ ਕੇ ਪਰਮੇਸ਼ੁਰ ਲਈ ਸਾਡੀ ਕਦਰ ਵਧਦੀ ਹੈ। (ਰੋਮੀ. 1:20) ਇਸ ਤੋਂ ਇਲਾਵਾ, ਯਹੋਵਾਹ ਨੇ ਆਪਣੇ ਬਚਨ ਬਾਈਬਲ ਵਿਚ ਆਪਣੇ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। (2 ਤਿਮੋ. 3:16, 17) ਜਿੰਨਾ ਜ਼ਿਆਦਾ ਅਸੀਂ ਉਸ ਦੇ ‘ਕੰਮਾਂ ਉੱਤੇ ਵਿਚਾਰ ਕਰਾਂਗੇ, ਅਤੇ ਉਸ ਦੇ ਕਾਰਜਾਂ ਉੱਤੇ ਧਿਆਨ ਕਰਾਂਗੇ,’ ਉੱਨਾ ਹੀ ਜ਼ਿਆਦਾ ਅਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣ ਪਾਵਾਂਗੇ।—ਜ਼ਬੂ. 77:12.

4. ਅਸੀਂ ਕਿਵੇਂ ਯਿਸੂ ਮਸੀਹ ਦੀ ਪੈੜ ਉੱਤੇ ਚੱਲ ਕੇ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣ ਪਾਵਾਂਗੇ?

4 ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ ਸਾਨੂੰ ਮਸੀਹ ਦੇ ਪਿੱਛੇ ਚੱਲਣ ਦੀ ਲੋੜ ਹੈ। ਜ਼ਰਾ ਸੋਚੋ ਕਿ ਯਿਸੂ ਦਾ ਕਿੰਨਾ ਉੱਚਾ ਰੁਤਬਾ ਸੀ ਜਦੋਂ ਉਹ “ਜਗਤ ਦੇ ਹੋਣ ਤੋਂ” ਪਹਿਲਾਂ ਆਪਣੇ ਪਿਤਾ ਨਾਲ ਸਵਰਗ ਵਿਚ ਹੁੰਦਾ ਸੀ! (ਯੂਹੰ. 17:5) ਉਹ “ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ ਹੈ।” (ਪਰ. 3:14) “ਸਾਰੀ ਸਰਿਸ਼ਟ ਵਿੱਚੋਂ ਜੇਠਾ” ਹੋਣ ਕਰਕੇ ਉਹ ਆਪਣੇ ਪਿਤਾ ਯਹੋਵਾਹ ਨਾਲ ਯੁੱਗਾਂ-ਯੁੱਗਾਂ ਤੋਂ ਸਵਰਗ ਵਿਚ ਰਹਿੰਦਾ ਸੀ। ਉਹ ਹੱਥ ਉੱਤੇ ਹੱਥ ਧਰ ਕੇ ਨਹੀਂ ਸੀ ਬੈਠਾ ਜਦੋਂ ਉਹ ਆਪਣੇ ਪਿਤਾ ਨਾਲ ਸਮਾਂ ਗੁਜ਼ਾਰ ਰਿਹਾ ਸੀ। ਉਹ ਖ਼ੁਸ਼ੀ ਨਾਲ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰ ਰਿਹਾ ਸੀ ਜਿਸ ਕਰਕੇ ਉਨ੍ਹਾਂ ਵਿਚ ਬਹੁਤ ਮੋਹ ਪੈ ਗਿਆ। ਯਿਸੂ ਨੇ ਆਪਣੇ ਪਿਤਾ ਦੇ ਕੰਮ ਕਰਨ ਦੇ ਤਰੀਕੇ, ਉਸ ਦੀਆਂ ਭਾਵਨਾਵਾਂ ਅਤੇ ਗੁਣਾਂ ਨੂੰ ਸਿਰਫ਼ ਦੇਖਿਆ ਹੀ ਨਹੀਂ, ਸਗੋਂ ਉਸ ਨੇ ਆਪਣੇ ਪਿਤਾ ਤੋਂ ਜੋ ਕੁਝ ਵੀ ਸਿੱਖਿਆ ਸੀ, ਉਹ ਸਾਰਾ ਕੁਝ ਗ੍ਰਹਿਣ ਕਰ ਕੇ ਉਸ ਉੱਤੇ ਅਮਲ ਵੀ ਕੀਤਾ। ਨਤੀਜੇ ਵਜੋਂ, ਇਹ ਆਗਿਆਕਾਰ ਪੁੱਤਰ ਬਿਲਕੁਲ ਆਪਣੇ ਪਿਤਾ ਵਰਗਾ ਬਣ ਗਿਆ। ਉਨ੍ਹਾਂ ਦੀਆਂ ਸ਼ਖ਼ਸੀਅਤਾਂ ਇੰਨੀਆਂ ਜ਼ਿਆਦਾ ਮਿਲਦੀਆਂ-ਜੁਲਦੀਆਂ ਹਨ ਕਿ ਬਾਈਬਲ ਯਿਸੂ ਨੂੰ ‘ਅਣਦੇਖੇ ਪਰਮੇਸ਼ੁਰ ਦਾ ਸਰੂਪ’ ਕਹਿੰਦੀ ਹੈ। (ਕੁਲੁ. 1:15, CL) ਜੇ ਅਸੀਂ ਪੂਰੀ ਤਰ੍ਹਾਂ ਯਿਸੂ ਮਸੀਹ ਦੀ ਪੈੜ ਉੱਤੇ ਚੱਲਾਂਗੇ, ਤਾਂ ਅਸੀਂ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਪਾਵਾਂਗੇ।

ਯਹੋਵਾਹ ਦੀ ਪੂਰੀ ਤਰ੍ਹਾਂ ਰੀਸ ਕਰਨ ਲਈ

5. ਯਹੋਵਾਹ ਦੀ ਹੋਰ ਚੰਗੀ ਤਰ੍ਹਾਂ ਰੀਸ ਕਰਨ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ ਅਤੇ ਕਿਉਂ?

5 ਅਸੀਂ ‘ਪਰਮੇਸ਼ੁਰ ਦੇ ਸਰੂਪ ਉੱਤੇ ਅਤੇ ਉਸ ਵਰਗੇ ਬਣਾਏ’ ਗਏ ਹਾਂ। ਇਸ ਲਈ ਅਸੀਂ ਪਰਮੇਸ਼ੁਰ ਦੇ ਗੁਣ ਜ਼ਾਹਰ ਕਰ ਸਕਦੇ ਹਾਂ। (ਉਤ. 1:26) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰਨ।’ (ਅਫ਼. 5:1) ਮਸੀਹ ਦੀ ਪੈੜ ’ਤੇ ਚੱਲ ਕੇ ਅਸੀਂ ਆਪਣੇ ਸਵਰਗੀ ਪਿਤਾ ਦੀ ਰੀਸ ਕਰ ਪਾਵਾਂਗੇ। ਕਿਉਂ? ਕਿਉਂਕਿ ਯਿਸੂ ਨੇ ਚੰਗੀ ਤਰ੍ਹਾਂ ਪਰਮੇਸ਼ੁਰ ਦੀ ਸੋਚ, ਉਸ ਦੀਆਂ ਭਾਵਨਾਵਾਂ ਅਤੇ ਸ਼ਖ਼ਸੀਅਤ ਨੂੰ ਜ਼ਾਹਰ ਕੀਤਾ ਅਤੇ ਹੋਰਨਾਂ ਨੂੰ ਯਹੋਵਾਹ ਬਾਰੇ ਦੱਸਿਆ। ਹੋਰ ਕਿਸੇ ਨੇ ਇੱਦਾਂ ਨਹੀਂ ਕੀਤਾ। ਧਰਤੀ ’ਤੇ ਹੁੰਦਿਆਂ ਯਿਸੂ ਨੇ ਸਿਰਫ਼ ਲੋਕਾਂ ਨੂੰ ਪਰਮੇਸ਼ੁਰ ਦੇ ਨਾਂ ਤੋਂ ਜਾਣੂ ਹੀ ਨਹੀਂ ਕਰਵਾਇਆ, ਸਗੋਂ ਉਸ ਨੇ ਇਹ ਵੀ ਦੱਸਿਆ ਕਿ ਪਰਮੇਸ਼ੁਰ ਕਿਹੋ ਜਿਹਾ ਹੈ। (ਮੱਤੀ 11:27 ਪੜ੍ਹੋ।) ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਅਤੇ ਆਪਣੀ ਸਿੱਖਿਆ ਤੇ ਮਿਸਾਲ ਰਾਹੀਂ ਇੱਦਾਂ ਕੀਤਾ।

6. ਯਿਸੂ ਦੀਆਂ ਸਿੱਖਿਆਵਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

6 ਯਿਸੂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਦਿਖਾਇਆ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਉਹ ਆਪਣੇ ਭਗਤਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। (ਮੱਤੀ 22:36-40; ਲੂਕਾ 12:6, 7; 15:4-7) ਮਿਸਾਲ ਲਈ, ਯਿਸੂ ਨੇ ਦਸ ਹੁਕਮਾਂ ਵਿੱਚੋਂ ਇਕ ਦਾ ਹਵਾਲਾ ਦਿੱਤਾ ਕਿ “ਤੂੰ ਜ਼ਨਾਹ ਨਾ ਕਰ।” ਫਿਰ ਉਸ ਨੇ ਸਮਝਾਇਆ ਕਿ ਪਰਮੇਸ਼ੁਰ ਜਾਣ ਲੈਂਦਾ ਹੈ ਕਿ ਇਹ ਬੁਰਾ ਕੰਮ ਕਰਨ ਤੋਂ ਕਾਫ਼ੀ ਚਿਰ ਪਹਿਲਾਂ ਇਨਸਾਨ ਦੇ ਮਨ ਵਿਚ ਕਿਹੜੇ ਬੁਰੇ ਖ਼ਿਆਲ ਆਉਂਦੇ ਹਨ। ਉਸ ਨੇ ਕਿਹਾ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਕੂਚ 20:14; ਮੱਤੀ 5:27, 28) ਫ਼ਰੀਸੀਆਂ ਨੇ ਪਰਮੇਸ਼ੁਰ ਦੇ ਹੁਕਮ ਨੂੰ ਤੋੜ-ਮਰੋੜ ਕੇ ਕਿਹਾ: “ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ।” ਪਰ ਯਿਸੂ ਨੇ ਯਹੋਵਾਹ ਦੀ ਸੋਚ ਜ਼ਾਹਰ ਕਰਦਿਆਂ ਕਿਹਾ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।” (ਮੱਤੀ 5:43, 44; ਕੂਚ 23:4; ਲੇਵੀ. 19:18) ਜੇ ਅਸੀਂ ਜਾਣਾਂਗੇ ਕਿ ਪਰਮੇਸ਼ੁਰ ਕਿਵੇਂ ਸੋਚਦਾ, ਮਹਿਸੂਸ ਕਰਦਾ ਹੈ ਅਤੇ ਸਾਡੇ ਤੋਂ ਕੀ ਚਾਹੁੰਦਾ ਹੈ, ਤਾਂ ਸਾਨੂੰ ਉਸ ਦੀ ਪੂਰੀ ਤਰ੍ਹਾਂ ਰੀਸ ਕਰਨ ਵਿਚ ਮਦਦ ਮਿਲੇਗੀ।

7, 8. ਯਿਸੂ ਦੀ ਮਿਸਾਲ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

7 ਯਿਸੂ ਨੇ ਆਪਣੀ ਮਿਸਾਲ ਦੁਆਰਾ ਵੀ ਦਿਖਾਇਆ ਕਿ ਉਸ ਦਾ ਪਿਤਾ ਕਿਹੋ ਜਿਹਾ ਹੈ। ਜਦੋਂ ਅਸੀਂ ਇੰਜੀਲਾਂ ਵਿਚ ਪੜ੍ਹਦੇ ਹਾਂ ਕਿ ਯਿਸੂ ਨੇ ਲੋੜਵੰਦਾਂ ਨੂੰ ਹਮਦਰਦੀ ਦਿਖਾਈ ਅਤੇ ਦੁਖੀਆਂ ’ਤੇ ਤਰਸ ਖਾਧਾ ਅਤੇ ਚੇਲਿਆਂ ਨੂੰ ਗੁੱਸੇ ਹੋ ਜਾਂਦਾ ਸੀ ਜਦੋਂ ਉਹ ਨਿਆਣਿਆਂ ਨੂੰ ਝਿੜਕਦੇ ਸਨ, ਤਾਂ ਕੀ ਅਸੀਂ ਯਹੋਵਾਹ ਪਿਤਾ ਨੂੰ ਵੀ ਇਸੇ ਤਰ੍ਹਾਂ ਮਹਿਸੂਸ ਕਰਦਿਆਂ ਨਹੀਂ ਦੇਖਦੇ? (ਮਰ. 1:40-42; 10:13, 14; ਯੂਹੰ. 11:32-35) ਇਹ ਵੀ ਸੋਚੋ ਕਿ ਯਿਸੂ ਨੇ ਕਿਵੇਂ ਆਪਣੇ ਕੰਮਾਂ ਦੇ ਜ਼ਰੀਏ ਪਰਮੇਸ਼ੁਰ ਦੇ ਚਾਰ ਮੁੱਖ ਗੁਣ ਦਿਖਾਏ। ਪਹਿਲਾ, ਕੀ ਉਸ ਦੁਆਰਾ ਕੀਤੇ ਚਮਤਕਾਰ ਇਸ ਗੱਲ ਦਾ ਸਬੂਤ ਨਹੀਂ ਕਿ ਉਸ ਕੋਲ ਕਿੰਨੀ ਤਾਕਤ ਹੈ? ਪਰ ਉਸ ਨੇ ਕਦੇ ਵੀ ਆਪਣੇ ਫ਼ਾਇਦੇ ਲਈ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਇਹ ਤਾਕਤ ਨਹੀਂ ਵਰਤੀ। (ਲੂਕਾ 4:1-4) ਦੂਜਾ, ਉਸ ਨੇ ਇਨਸਾਫ਼ ਕਰਦਿਆਂ ਲਾਲਚੀ ਵਪਾਰੀਆਂ ਨੂੰ ਮੰਦਰ ਵਿੱਚੋਂ ਬਾਹਰ ਕੱਢਿਆ! (ਮਰ. 11:15-17; ਯੂਹੰ. 2:13-16) ਤੀਜਾ, ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਉਹ ਉਨ੍ਹਾਂ ਨੂੰ ਜੋ ਗੱਲਾਂ ਸਿਖਾਉਂਦਾ ਸੀ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਬੁੱਧ ਵਿਚ ‘ਸੁਲੇਮਾਨ ਨਾਲੋਂ ਵੱਡਾ’ ਸੀ। (ਮੱਤੀ 12:42) ਚੌਥਾ, ਲੋਕਾਂ ਲਈ ਆਪਣੀ ਜਾਨ ਕੁਰਬਾਨ ਕਰ ਕੇ ਜੋ ਪਿਆਰ ਯਿਸੂ ਨੇ ਦਿਖਾਇਆ, ਉਸ ਬਾਰੇ ਬਾਈਬਲ ਕਹਿੰਦੀ ਹੈ ਕਿ “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ।”—ਯੂਹੰ. 15:13.

8 ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਕੰਮਾਂ ਅਤੇ ਗੱਲਾਂ ਵਿਚ ਯਹੋਵਾਹ ਦੀ ਇੰਨੀ ਚੰਗੀ ਤਰ੍ਹਾਂ ਨਕਲ ਕੀਤੀ ਕਿ ਉਹ ਕਹਿ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰਨਾ 14:9-11 ਪੜ੍ਹੋ।) ਜੇ ਅਸੀਂ ਯਿਸੂ ਦੀ ਰੀਸ ਕਰੀਏ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਦੀ ਨਕਲ ਕਰ ਰਹੇ ਹੋਵਾਂਗੇ।

ਯਿਸੂ ਯਹੋਵਾਹ ਦਾ ਚੁਣਿਆ ਹੋਇਆ ਮਸੀਹਾ

9. ਯਿਸੂ ਪਰਮੇਸ਼ੁਰ ਦਾ ਚੁਣਿਆ ਹੋਇਆ ਮਸੀਹਾ ਕਿਵੇਂ ਅਤੇ ਕਦੋਂ ਬਣਿਆ?

9 ਧਿਆਨ ਦਿਓ ਕਿ 29 ਈਸਵੀ ਦੀ ਪਤਝੜ ਵਿਚ ਕੀ ਹੋਇਆ ਜਦੋਂ ਤੀਹ ਸਾਲਾਂ ਦਾ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਆਇਆ। ਬਾਈਬਲ ਕਹਿੰਦੀ ਹੈ: “ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ [ਯਾਨੀ ਪਵਿੱਤਰ ਸ਼ਕਤੀ] ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ।” ਉਸ ਵੇਲੇ ਉਹ ਮਸੀਹ ਜਾਂ ਮਸੀਹਾ ਬਣਿਆ। ਉਸੇ ਵੇਲੇ ਯਹੋਵਾਹ ਨੇ ਖ਼ੁਦ ਕਿਹਾ ਕਿ ਯਿਸੂ ਹੀ ਮਸੀਹਾ ਹੈ। ਉਸ ਨੇ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:13-17) ਇਹ ਕਿੰਨਾ ਵਧਿਆ ਕਾਰਨ ਹੈ ਕਿ ਅਸੀਂ ਮਸੀਹ ਦੇ ਪਿੱਛੇ ਚੱਲੀਏ!

10, 11. (ੳ) ਯਿਸੂ ਦੇ ਨਾਂ ਨਾਲ ਖ਼ਿਤਾਬ “ਮਸੀਹ” ਕਿਹੜੇ ਤਰੀਕਿਆਂ ਨਾਲ ਵਰਤਿਆ ਗਿਆ ਹੈ? (ਅ) ਸਾਨੂੰ ਹਰ ਹਾਲ ਵਿਚ ਕਿਉਂ ਮਸੀਹ ਦੇ ਪਿੱਛੇ ਚੱਲਣਾ ਚਾਹੀਦਾ ਹੈ?

10 ਗੌਰ ਕਰੋ ਕਿ ਬਾਈਬਲ ਵਿਚ ਯਿਸੂ ਦੇ ਨਾਂ ਨਾਲ ਖ਼ਿਤਾਬ “ਮਸੀਹ” ਅਲੱਗ-ਅਲੱਗ ਤਰੀਕਿਆਂ ਨਾਲ ਵਰਤਿਆ ਗਿਆ ਹੈ: ਯਿਸੂ ਮਸੀਹ, ਮਸੀਹ ਯਿਸੂ ਅਤੇ ਮਸੀਹ। ਯਿਸੂ ਨੇ ਉਦੋਂ ਖ਼ੁਦ ਨੂੰ ਪਹਿਲੀ ਵਾਰ “ਯਿਸੂ ਮਸੀਹ” ਕਿਹਾ ਸੀ ਜਦੋਂ ਉਸ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦਿਆਂ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰ. 17:3) “ਯਿਸੂ ਮਸੀਹ” ਖ਼ਿਤਾਬ ਉਸ ਸ਼ਖ਼ਸ ਵੱਲ ਧਿਆਨ ਖਿੱਚਦਾ ਹੈ ਜਿਸ ਨੂੰ ਪਰਮੇਸ਼ੁਰ ਨੇ ਘੱਲਿਆ ਸੀ ਅਤੇ ਜੋ ਬਾਅਦ ਵਿਚ ਉਸ ਦਾ ਚੁਣਿਆ ਹੋਇਆ ਮਸੀਹਾ ਬਣਿਆ। ਜਦੋਂ ਯਿਸੂ ਦੇ ਨਾਂ ਤੋਂ ਪਹਿਲਾਂ ਮਸੀਹ ਵਰਤਿਆ ਜਾਂਦਾ ਹੈ, ਤਾਂ ਧਿਆਨ “ਯਿਸੂ” ਤੋਂ ਹਟ ਕੇ ਉਸ ਦੀ ਪਦਵੀ “ਮਸੀਹ” ਵੱਲ ਚਲਾ ਜਾਂਦਾ ਹੈ। (2 ਕੁਰਿੰ. 4:5) ਸਿਰਫ਼ “ਮਸੀਹ” ਕਹਿ ਕੇ ਵੀ ਮਸੀਹਾ ਦੀ ਪਦਵੀ ’ਤੇ ਜ਼ੋਰ ਦਿੱਤਾ ਜਾਂਦਾ ਹੈ।—ਰਸੂ. 5:42.

11 ਯਿਸੂ ਦੇ ਨਾਂ ਨਾਲ ਖ਼ਿਤਾਬ “ਮਸੀਹ” ਜਿੱਦਾਂ ਮਰਜ਼ੀ ਵਰਤਿਆ ਗਿਆ ਹੈ, ਪਰ ਅਹਿਮ ਸੱਚਾਈ ਇਹ ਹੈ: ਭਾਵੇਂ ਪਰਮੇਸ਼ੁਰ ਦਾ ਪੁੱਤਰ ਧਰਤੀ ’ਤੇ ਇਨਸਾਨ ਦੇ ਰੂਪ ਵਿਚ ਆਇਆ ਅਤੇ ਆਪਣੇ ਪਿਤਾ ਦੀ ਮਰਜ਼ੀ ਬਾਰੇ ਦੱਸਿਆ, ਪਰ ਉਹ ਕੋਈ ਮਾਮੂਲੀ ਇਨਸਾਨ ਨਹੀਂ ਸੀ ਤੇ ਨਾ ਹੀ ਕੋਈ ਛੋਟਾ-ਮੋਟਾ ਨਬੀ ਸੀ। ਉਹ ਯਹੋਵਾਹ ਦਾ ਚੁਣਿਆ ਹੋਇਆ ਮਸੀਹਾ ਸੀ। ਸਾਨੂੰ ਹਰ ਹਾਲ ਵਿਚ ਇਸ ਮਸੀਹਾ ਪਿੱਛੇ ਚੱਲਣਾ ਚਾਹੀਦਾ ਹੈ।

ਯਿਸੂ ਮੁਕਤੀ ਦਾ ਇੱਕੋ-ਇਕ ਰਾਹ

12. ਥੋਮਾ ਰਸੂਲ ਨੂੰ ਕਹੇ ਯਿਸੂ ਦੇ ਸ਼ਬਦ ਸਾਡੇ ਲਈ ਕੀ ਮਾਅਨੇ ਰੱਖਦੇ ਹਨ?

12 ਮਸੀਹਾ ਦੇ ਪਿੱਛੇ ਚੱਲਣ ਦਾ ਇਕ ਹੋਰ ਜ਼ਰੂਰੀ ਕਾਰਨ ਯਿਸੂ ਦੇ ਉਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਜੋ ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਹੇ ਸਨ। ਥੋਮਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਯਿਸੂ ਨੇ ਕਿਹਾ ਸੀ ਕਿ ਉਹ ਉਨ੍ਹਾਂ ਦੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਸੀ। ਉਸ ਨੇ ਇਹ ਵੀ ਕਿਹਾ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰ. 14:1-6) ਇਹ ਗੱਲ ਯਿਸੂ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਕਹਿ ਰਿਹਾ ਸੀ। ਉਸ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਸਵਰਗ ਵਿਚ ਜਗ੍ਹਾ ਦੇਵੇਗਾ। ਪਰ ਉਸ ਦੇ ਸ਼ਬਦ ਉਨ੍ਹਾਂ ਲਈ ਵੀ ਮਾਅਨੇ ਰੱਖਦੇ ਹਨ ਜੋ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖਦੇ ਹਨ। (ਪਰ. 7:9, 10; 21:1-4) ਉਹ ਕਿਵੇਂ?

13. ਯਿਸੂ ਕਿਸ ਅਰਥ ਵਿਚ “ਰਾਹ” ਹੈ?

13 ਯਿਸੂ ਮਸੀਹ “ਰਾਹ” ਹੈ। ਕਹਿਣ ਦਾ ਮਤਲਬ ਹੈ ਕਿ ਸਿਰਫ਼ ਉਸ ਦੇ ਜ਼ਰੀਏ ਹੀ ਅਸੀਂ ਪਰਮੇਸ਼ੁਰ ਤਕ ਪਹੁੰਚ ਸਕਦੇ ਹਾਂ। ਸਾਨੂੰ ਭਰੋਸਾ ਹੈ ਕਿ ਸਿਰਫ਼ ਯਿਸੂ ਦੇ ਜ਼ਰੀਏ ਪ੍ਰਾਰਥਨਾ ਕਰ ਕੇ ਅਸੀਂ ਪਿਤਾ ਤੋਂ ਉਹ ਸਾਰਾ ਕੁਝ ਪਾ ਸਕਦੇ ਹਾਂ ਜੋ ਕੁਝ ਅਸੀਂ ਉਸ ਦੀ ਇੱਛਾ ਮੁਤਾਬਕ ਮੰਗਦੇ ਹਾਂ। (ਯੂਹੰ. 15:16) ਪਰ ਯਿਸੂ ਇਕ ਹੋਰ ਅਰਥ ਵਿਚ ਵੀ “ਰਾਹ” ਹੈ। ਪਾਪ ਨੇ ਇਨਸਾਨਾਂ ਨੂੰ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ। (ਯਸਾ. 59:2) ਯਿਸੂ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇ ਦਿੱਤੀ।’ (ਮੱਤੀ 20:28) ਨਤੀਜੇ ਵਜੋਂ, ਬਾਈਬਲ ਕਹਿੰਦੀ ਹੈ: “ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ।” (1 ਯੂਹੰ. 1:7) ਇਸ ਤਰ੍ਹਾਂ ਪੁੱਤਰ ਨੇ ਇਨਸਾਨਾਂ ਲਈ ਪਰਮੇਸ਼ੁਰ ਨਾਲ ਮੇਲ ਕਰਨ ਦਾ ਰਾਹ ਖੋਲ੍ਹਿਆ। (ਰੋਮੀ. 5:8-10) ਸੋ ਯਿਸੂ ਵਿਚ ਨਿਹਚਾ ਰੱਖ ਕੇ ਅਤੇ ਉਸ ਦੀ ਆਗਿਆ ਮੰਨ ਕੇ ਅਸੀਂ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰ ਸਕਦੇ ਹਾਂ।—ਯੂਹੰ. 3:36.

14. ਯਿਸੂ ਕਿਵੇਂ “ਸਚਿਆਈ” ਹੈ?

14 ਯਿਸੂ ਸਿਰਫ਼ ਇਸ ਕਰਕੇ ਹੀ “ਸਚਿਆਈ” ਨਹੀਂ ਹੈ ਕਿਉਂਕਿ ਉਹ ਹਮੇਸ਼ਾ ਸੱਚ ਬੋਲਦਾ ਸੀ ਤੇ ਸੱਚਾਈ ਅਨੁਸਾਰ ਚੱਲਦਾ ਸੀ। ਉਹ ਇਸ ਲਈ ਵੀ “ਸਚਿਆਈ” ਹੈ ਕਿਉਂਕਿ ਮਸੀਹਾ ਬਾਰੇ ਜਿੰਨੀਆਂ ਵੀ ਭਵਿੱਖਬਾਣੀਆਂ ਲਿਖੀਆਂ ਗਈਆਂ ਸਨ, ਉਹ ਸਾਰੀਆਂ ਸੱਚ ਸਾਬਤ ਹੋਈਆਂ। ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਦੀਆਂ ਪਰਤੱਗਿਆਂ ਭਾਵੇਂ ਕਿੰਨੀਆਂ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ।” (2 ਕੁਰਿੰ. 1:20) ਮੂਸਾ ਦੀ ਬਿਵਸਥਾ ਵਿਚ ਪਾਈਆਂ ਜਾਂਦੀਆਂ “ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ” ਯਿਸੂ ਮਸੀਹ ਦੇ ਆਉਣ ਵੇਲੇ ਹਕੀਕਤ ਬਣਿਆ। (ਇਬ. 10:1; ਕੁਲੁ. 2:17) ਸਾਰੀਆਂ ਭਵਿੱਖਬਾਣੀਆਂ ਯਿਸੂ ਵੱਲ ਹੀ ਧਿਆਨ ਖਿੱਚਦੀਆਂ ਹਨ। ਇਨ੍ਹਾਂ ਭਵਿੱਖਬਾਣੀਆਂ ਤੋਂ ਹੀ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਮਕਸਦ ਵਿਚ ਯਿਸੂ ਦੀ ਅਹਿਮ ਭੂਮਿਕਾ ਹੈ। (ਪਰ. 19:10) ਪਰਮੇਸ਼ੁਰ ਦੇ ਮਕਸਦ ਮੁਤਾਬਕ ਜੇ ਅਸੀਂ ਵਧੀਆ ਜ਼ਿੰਦਗੀ ਦਾ ਆਨੰਦ ਮਾਣਨਾ ਹੈ, ਤਾਂ ਸਾਨੂੰ ਮਸੀਹ ਦੇ ਪਿੱਛੇ ਚੱਲਣ ਦੀ ਲੋੜ ਹੈ।

15. ਯਿਸੂ ਕਿਸ ਅਰਥ ਵਿਚ “ਜੀਉਣ” ਹੈ?

15 ਯਿਸੂ “ਜੀਉਣ” ਹੈ ਕਿਉਂਕਿ ਉਸ ਨੇ ਆਪਣੇ ਲਹੂ ਨਾਲ ਇਨਸਾਨਾਂ ਨੂੰ ਖ਼ਰੀਦ ਲਿਆ ਹੈ ਅਤੇ “ਮਸੀਹ ਯਿਸੂ ਸਾਡੇ ਪ੍ਰਭੁ” ਦੇ ਜ਼ਰੀਏ ਪਰਮੇਸ਼ੁਰ ਸਾਨੂੰ ਸਦਾ ਦੀ ਜ਼ਿੰਦਗੀ ਦੀ ਬਖ਼ਸ਼ੀਸ਼ ਦੇਵੇਗਾ। (ਰੋਮੀ. 6:23) ਯਿਸੂ ਉਨ੍ਹਾਂ ਲਈ ਵੀ “ਜੀਉਣ” ਹੈ ਜੋ ਮੌਤ ਦੀ ਨੀਂਦ ਸੁੱਤੇ ਪਏ ਹਨ। (ਯੂਹੰ. 5:28, 29) ਇਸ ਤੋਂ ਇਲਾਵਾ, ਜ਼ਰਾ ਸੋਚੋ ਕਿ ਯਿਸੂ ਆਪਣੇ ਹਜ਼ਾਰ ਸਾਲ ਦੌਰਾਨ ਪ੍ਰਧਾਨ ਜਾਜਕ ਵਜੋਂ ਕੀ ਕੁਝ ਕਰੇਗਾ। ਉਹ ਆਪਣੀ ਪਰਜਾ ਨੂੰ ਪਾਪ ਅਤੇ ਮੌਤ ਤੋਂ ਹਮੇਸ਼ਾ ਲਈ ਛੁਟਕਾਰਾ ਦਿਲਾਏਗਾ।—ਇਬ. 9:11, 12, 28.

16. ਅਸੀਂ ਕਿਹੜੇ ਕਾਰਨ ਕਰਕੇ ਯਿਸੂ ਦੇ ਮਗਰ ਚੱਲਦੇ ਹਾਂ?

16 ਤਾਂ ਫਿਰ ਥੋਮਾ ਰਸੂਲ ਨੂੰ ਦਿੱਤਾ ਯਿਸੂ ਦਾ ਜਵਾਬ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ। ਯਿਸੂ ਹੀ ਰਾਹ, ਸੱਚਾਈ ਅਤੇ ਜੀਉਣ ਹੈ। ਯਿਸੂ ਹੀ ਉਹ ਹੈ ਜਿਸ ਨੂੰ ਭੇਜ ਕੇ ਪਰਮੇਸ਼ੁਰ ਨੇ ਦੁਨੀਆਂ ਨੂੰ ਬਚਾਇਆ। (ਯੂਹੰ. 3:17) ਉਸ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਆ ਸਕਦਾ। ਬਾਈਬਲ ਸਾਫ਼-ਸਾਫ਼ ਦੱਸਦੀ ਹੈ: “ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।” (ਰਸੂ. 4:12) ਅਤੀਤ ਵਿਚ ਅਸੀਂ ਜੋ ਵੀ ਮੰਨਦੇ ਸੀ, ਉਸ ਨੂੰ ਛੱਡ ਕੇ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਯਿਸੂ ਵਿਚ ਵਿਸ਼ਵਾਸ ਕਰੀਏ ਅਤੇ ਉਸ ਦੇ ਪਿੱਛੇ ਚੱਲ ਕੇ ਹਮੇਸ਼ਾ ਦੀ ਜ਼ਿੰਦਗੀ ਪਾਈਏ।—ਯੂਹੰ. 20:31.

ਸਾਨੂੰ ਮਸੀਹ ਦੀ ਸੁਣਨ ਦਾ ਹੁਕਮ ਮਿਲਿਆ ਹੈ

17. ਪਰਮੇਸ਼ੁਰ ਦੇ ਪੁੱਤਰ ਦੀ ਸੁਣਨੀ ਕਿਉਂ ਜ਼ਰੂਰੀ ਹੈ?

17 ਪਤਰਸ, ਯੂਹੰਨਾ ਅਤੇ ਯਾਕੂਬ ਨੇ ਇਕ ਦਰਸ਼ਣ ਦੇਖਿਆ। ਉਸ ਸਮੇਂ ਉਨ੍ਹਾਂ ਨੇ ਸਵਰਗੋਂ ਇਹ ਆਵਾਜ਼ ਸੁਣੀ: “ਇਹ ਮੇਰਾ ਪੁੱਤ੍ਰ ਹੈ, ਮੇਰਾ ਚੁਣਿਆ ਹੋਇਆ, ਇਹ ਦੀ ਸੁਣੋ।” (ਲੂਕਾ 9:28, 29, 35) ਇਸ ਲਈ ਜ਼ਰੂਰੀ ਹੈ ਕਿ ਅਸੀਂ ਮਸੀਹ ਦੀ ਸੁਣਨ ਦੇ ਹੁਕਮ ਨੂੰ ਮੰਨੀਏ।—ਰਸੂਲਾਂ ਦੇ ਕਰਤੱਬ 3:22, 23 ਪੜ੍ਹੋ।

18. ਅਸੀਂ ਯਿਸੂ ਮਸੀਹ ਦੀ ਕਿਵੇਂ ਸੁਣ ਸਕਦੇ ਹਾਂ?

18 ਯਿਸੂ ਦੀ ਸੁਣਨ ਦਾ ਮਤਲਬ ਹੈ ਕਿ ਅਸੀਂ ‘ਯਿਸੂ ਦੀ ਵੱਲ ਤੱਕਦੇ ਰਹੀਏ’ ਅਤੇ ਉਸ ਦੀ ਮਿਸਾਲ ’ਤੇ ਸੋਚ-ਵਿਚਾਰ ਕਰੀਏ। (ਇਬ. 12:2, 3) ਇਸ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਮਸੀਹ ਬਾਰੇ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਵਿਚ ਜੋ ਪੜ੍ਹਦੇ ਹਾਂ ਅਤੇ ਮਸੀਹੀ ਸਭਾਵਾਂ ਵਿਚ ਸੁਣਦੇ ਹਾਂ, ‘ਉਨ੍ਹਾਂ ਗੱਲਾਂ ਉੱਤੇ ਹੋਰ ਵੀ ਧਿਆਨ ਦੇਈਏ।’ (ਇਬ. 2:1; ਮੱਤੀ 24:45) ਉਸ ਦੇ ਭੇਡ ਸਮਾਨ ਲੋਕ ਹੋਣ ਦੇ ਨਾਤੇ, ਆਓ ਅਸੀਂ ਉਤਸੁਕਤਾ ਨਾਲ ਯਿਸੂ ਦੀ ਗੱਲ ਸੁਣੀਏ ਅਤੇ ਉਸ ਦੇ ਪਿੱਛੇ ਚੱਲੀਏ।—ਯੂਹੰ. 10:27.

19. ਮਸੀਹ ਪਿੱਛੇ ਚੱਲਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

19 ਕੀ ਅਸੀਂ ਮਸੀਹ ਦੇ ਮਗਰ ਕਾਮਯਾਬੀ ਨਾਲ ਚੱਲਦੇ ਰਹਾਂਗੇ ਭਾਵੇਂ ਜੋ ਮਰਜ਼ੀ ਅਜ਼ਮਾਇਸ਼ਾਂ ਆਉਣ? ਜੀ ਹਾਂ, ਜੇ ਅਸੀਂ “ਮਸੀਹ ਯਿਸੂ” ਬਾਰੇ ਸਿੱਖੀਆਂ ਗੱਲਾਂ ਉੱਤੇ “ਨਿਹਚਾ ਅਤੇ ਪ੍ਰੇਮ ਨਾਲ” ਚੱਲ ਕੇ ‘ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖਾਂਗੇ।’—2 ਤਿਮੋ. 1:13.

ਤੁਸੀਂ ਕੀ ਸਿੱਖਿਆ?

• ਕਿਉਂ “ਮਸੀਹ” ਦੇ ਪਿੱਛੇ ਚੱਲ ਕੇ ਅਸੀਂ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹਾਂ?

• ਯਿਸੂ ਦੀ ਰੀਸ ਕਰਨੀ ਕਿਉਂ ਯਹੋਵਾਹ ਦੀ ਰੀਸ ਕਰਨ ਦੇ ਬਰਾਬਰ ਹੈ?

• ਯਿਸੂ “ਰਾਹ ਅਤੇ ਸਚਿਆਈ ਅਤੇ ਜੀਉਣ” ਕਿਵੇਂ ਹੈ?

• ਸਾਨੂੰ ਯਹੋਵਾਹ ਦੇ ਚੁਣੇ ਹੋਏ ਮਸੀਹ ਦੀ ਕਿਉਂ ਸੁਣਨੀ ਚਾਹੀਦੀ ਹੈ?

[ਸਵਾਲ]

[ਸਫ਼ਾ 29 ਉੱਤੇ ਤਸਵੀਰ]

ਯਿਸੂ ਦੀਆਂ ਸਿੱਖਿਆਵਾਂ ਨੇ ਯਹੋਵਾਹ ਦੀ ਉੱਚੀ-ਸੁੱਚੀ ਸੋਚ ਨੂੰ ਪ੍ਰਗਟ ਕੀਤਾ

[ਸਫ਼ਾ 30 ਉੱਤੇ ਤਸਵੀਰ]

ਸਾਨੂੰ ਵਫ਼ਾਦਾਰੀ ਨਾਲ ਯਹੋਵਾਹ ਦੇ ਚੁਣੇ ਹੋਏ ਮਸੀਹਾ ਦੇ ਪਿੱਛੇ ਚੱਲਣਾ ਚਾਹੀਦਾ ਹੈ

[ਸਫ਼ਾ 32 ਉੱਤੇ ਤਸਵੀਰ]

ਯਹੋਵਾਹ ਨੇ ਐਲਾਨ ਕੀਤਾ: ‘ਇਹ ਮੇਰਾ ਪੁੱਤ੍ਰ ਹੈ, ਇਹ ਦੀ ਸੁਣੋ’