Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਪੌਲੁਸ ਦੇ ਭਾਣਜੇ ਨੇ ਉਸ ਦੀ ਜਾਨ ਬਚਾਈ

ਪੌਲੁਸ ਦੇ ਭਾਣਜੇ ਨੇ ਉਸ ਦੀ ਜਾਨ ਬਚਾਈ

ਕੀ ਤੁਹਾਨੂੰ ਪਤਾ ਹੈ ਕਿ ਪੌਲੁਸ ਰਸੂਲ ਦੇ ਕੁਝ ਰਿਸ਼ਤੇਦਾਰ ਯਿਸੂ ਦੇ ਚੇਲੇ ਸਨ?— * ਬਾਈਬਲ ਦੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਦੀ ਭੈਣ ਅਤੇ ਭਾਣਜਾ ਯਿਸੂ ਦੇ ਚੇਲੇ ਸਨ। ਇਸੇ ਭਾਣਜੇ ਨੇ ਉਸ ਦੀ ਜਾਨ ਬਚਾਈ ਸੀ। ਅਸੀਂ ਨਾ ਉਸ ਦਾ ਤੇ ਨਾ ਹੀ ਉਸ ਮੁੰਡੇ ਦੀ ਮਾਂ ਦਾ ਨਾਮ ਜਾਣਦੇ ਹਾਂ, ਪਰ ਸਾਨੂੰ ਇਹ ਪਤਾ ਹੈ ਕਿ ਉਸ ਨੇ ਕੀ ਕੀਤਾ ਸੀ। ਕੀ ਤੁਸੀਂ ਇਸ ਬਾਰੇ ਜਾਣਨਾ ਚਾਹੁੰਦੇ ਹੋ?—

ਸ਼ਾਇਦ 56 ਈਸਵੀ ਵਿਚ ਪੌਲੁਸ ਆਪਣਾ ਤੀਜਾ ਮਿਸ਼ਨਰੀ ਦੌਰਾ ਖ਼ਤਮ ਕਰਨ ਤੋਂ ਬਾਅਦ ਯਰੂਸ਼ਲਮ ਆਇਆ। ਪੌਲੁਸ ਗਿਰਫ਼ਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਮੁਕੱਦਮਾ ਚਲਾਇਆ ਜਾਣਾ ਸੀ। ਪਰ ਪੌਲੁਸ ਦੇ ਦੁਸ਼ਮਣ ਇਹ ਨਹੀਂ ਸੀ ਚਾਹੁੰਦੇ ਕਿ ਪੌਲੁਸ ਉੱਤੇ ਮੁਕੱਦਮਾ ਚਲਾਇਆ ਜਾਵੇ, ਬਲਕਿ ਉਸ ਨੂੰ ਮਾਰਨਾ ਚਾਹੁੰਦੇ ਸਨ। ਸੋ ਕੁਝ 40 ਬੰਦੇ ਕੈਸਰਿਯਾ ਨੂੰ ਜਾਂਦੇ ਰਸਤੇ ਵਿਚ ਉਸ ਦੀ ਉਡੀਕ ਕਰਦੇ ਹਨ ਤਾਂਕਿ ਉਹ ਉਸ ਨੂੰ ਜਾਨੋਂ ਮਾਰ ਸਕਣ।

ਕਿਸੇ-ਨ-ਕਿਸੇ ਤਰ੍ਹਾਂ ਪੌਲੁਸ ਦਾ ਭਾਣਜਾ ਉਨ੍ਹਾਂ ਦੀ ਚਾਲ ਬਾਰੇ ਜਾਣ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਉਹ ਕੀ ਕਰਦਾ ਹੈ?— ਉਹ ਪੌਲੁਸ ਕੋਲ ਜਾ ਕੇ ਸਾਰੀ ਗੱਲ ਦੱਸ ਦਿੰਦਾ ਹੈ। ਝੱਟ ਹੀ ਪੌਲੁਸ ਇਕ ਰੋਮੀ ਸੂਬੇਦਾਰ ਨੂੰ ਕਹਿੰਦਾ ਹੈ: “ਇਸ ਜੁਆਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾਹ ਕਿਉਂ ਜੋ ਇਸ ਨੇ ਉਹ ਨੂੰ ਕੁਝ ਦੱਸਣਾ ਹੈ।” ਸੂਬੇਦਾਰ ਮੁੰਡੇ ਨੂੰ ਫ਼ੌਜ ਦੇ ਸਰਦਾਰ ਕਲੌਦਿਯੁਸ ਲੁਸਿਯਸ ਕੋਲ ਲੈ ਜਾਂਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਮੁੰਡਾ ਉਸ ਨਾਲ ਜ਼ਰੂਰੀ ਗੱਲ ਕਰਨੀ ਚਾਹੁੰਦਾ ਹੈ। ਫ਼ੌਜ ਦਾ ਸਰਦਾਰ ਮੁੰਡੇ ਨੂੰ ਇਕ ਪਾਸੇ ਲਿਜਾ ਕੇ ਉਸ ਦੀ ਗੱਲ ਸੁਣਦਾ ਹੈ।

ਕਲੌਦਿਯੁਸ ਪੌਲੁਸ ਦੇ ਭਾਣਜੇ ਨੂੰ ਕਹਿੰਦਾ ਹੈ: “ਕਿਸੇ ਕੋਲ ਨਾ ਆਖੀਂ ਜੋ ਤੈਂ ਇਹ ਗੱਲ ਮੈਨੂੰ ਦੱਸੀ ਹੈ।” ਫਿਰ ਉਹ ਦੋ ਸੂਬੇਦਾਰਾਂ ਨੂੰ ਹੁਕਮ ਦਿੰਦਾ ਹੈ ਕਿ ਉਹ ਪੌਲੁਸ ਨੂੰ ਕੈਸਰਿਯਾ ਪਹੁੰਚਾਉਣ। ਉਹ 200 ਸਿਪਾਹੀ, 70 ਘੋੜਸਵਾਰ ਅਤੇ 200 ਬਰਛੇਬਾਜ਼ਾਂ ਨੂੰ ਉਸ ਦੇ ਨਾਲ ਭੇਜਦਾ ਹੈ। ਰਾਤ ਦੇ ਨੌਂ ਵਜੇ ਨਿਕਲ ਕੇ ਇਹ 470 ਬੰਦੇ ਪੌਲੁਸ ਨੂੰ ਸਹੀ-ਸਲਾਮਤ ਕੈਸਰਿਯਾ ਦੇ ਰੋਮੀ ਗਵਰਨਰ ਫ਼ੇਲਿਕਸ ਕੋਲ ਲੈ ਜਾਂਦੇ ਹਨ। ਕਲੌਦਿਯੁਸ ਇਕ ਚਿੱਠੀ ਵਿਚ ਫ਼ੇਲਿਕਸ ਨੂੰ ਪੌਲੁਸ ਦੇ ਖ਼ਿਲਾਫ਼ ਸਾਜ਼ਸ਼ ਬਾਰੇ ਦੱਸਦਾ ਹੈ।

ਸੋ ਯਹੂਦੀਆਂ ਨੂੰ ਅਦਾਲਤ ਵਿਚ ਆਉਣਾ ਹੀ ਪਿਆ। ਮੁਕੱਦਮੇ ਵਿਚ ਉਹ ਪੌਲੁਸ ਉੱਤੇ ਝੂਠੇ ਇਲਜ਼ਾਮ ਲਾਉਂਦੇ ਹਨ, ਪਰ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕਦੇ। ਫਿਰ ਵੀ ਪੌਲੁਸ ਬਿਨਾਂ ਕਿਸੀ ਵਜ੍ਹਾ ਦੋ ਸਾਲ ਕੈਦ ਕੱਟਦਾ ਹੈ। ਸੋ ਉਹ ਰੋਮ ਵਿਚ ਮੁਕੱਦਮਾ ਦੁਬਾਰਾ ਚਲਾਏ ਜਾਣ ਦੀ ਬੇਨਤੀ ਕਰਦਾ ਹੈ ਅਤੇ ਉਹ ਉੱਥੇ ਭੇਜਿਆ ਜਾਂਦਾ ਹੈ।—ਰਸੂਲਾਂ ਦੇ ਕਰਤੱਬ 23:16–24:27; 25:8-12.

ਅਸੀਂ ਪੌਲੁਸ ਦੇ ਭਾਣਜੇ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?— ਇਹ ਕਿ ਸੱਚ ਬੋਲਣ ਤੇ ਸਹੀ ਕੰਮ ਕਰਨ ਲਈ ਹਿੰਮਤ ਦੀ ਲੋੜ ਪੈਂਦੀ ਹੈ। ਪਰ ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਭਾਵੇਂ ਯਿਸੂ ਦੇ ਵੈਰੀ ਉਸ ਨੂੰ ਮਾਰਨਾ ਚਾਹੁੰਦੇ ਸਨ, ਫਿਰ ਵੀ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਰਿਹਾ। ਯਿਸੂ ਨੇ ਸਾਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਿਹਾ ਹੈ। ਪਰ ਕੀ ਅਸੀਂ ਇਸ ਤਰ੍ਹਾਂ ਕਰਾਂਗੇ? ਜੇ ਪੌਲੁਸ ਦੇ ਭਾਣਜੇ ਵਾਂਗ ਅਸੀਂ ਹਿੰਮਤ ਵਾਲੇ ਬਣੀਏ, ਤਾਂ ਅਸੀਂ ਜ਼ਰੂਰ ਇੱਦਾਂ ਹੀ ਕਰਦੇ ਰਹਾਂਗੇ।—ਯੂਹੰਨਾ 7:1; 15:13; ਮੱਤੀ 24:14; 28:18-20.

ਪੌਲੁਸ ਨੇ ਨੌਜਵਾਨ ਤਿਮੋਥਿਉਸ ਨੂੰ ਕਿਹਾ ਸੀ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:16) ਪੌਲੁਸ ਦੇ ਭਾਣਜੇ ਨੇ ਇੱਦਾਂ ਹੀ ਕੀਤਾ ਸੀ। ਕੀ ਤੁਸੀਂ ਇੱਦਾਂ ਕਰੋਗੇ? (w09 6/1)

^ ਪੈਰਾ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।