Skip to content

Skip to table of contents

ਯਹੋਵਾਹ ਦੇ ਘਰ ਲਈ ਜੋਸ਼ ਦਿਖਾਓ!

ਯਹੋਵਾਹ ਦੇ ਘਰ ਲਈ ਜੋਸ਼ ਦਿਖਾਓ!

ਯਹੋਵਾਹ ਦੇ ਘਰ ਲਈ ਜੋਸ਼ ਦਿਖਾਓ!

“ਤੇਰੇ ਘਰ ਦੀ ਗ਼ੈਰਤ (ਜੋਸ਼) ਮੈਨੂੰ ਖਾ ਜਾਵੇਗੀ।”—ਯੂਹੰ. 2:17.

1, 2. ਹੈਕਲ ਵਿਚ 30 ਈਸਵੀ ਵਿਚ ਯਿਸੂ ਨੇ ਕੀ ਕੀਤਾ ਅਤੇ ਕਿਉਂ?

ਇਸ ਦ੍ਰਿਸ਼ ਦੀ ਕਲਪਨਾ ਕਰੋ। 30 ਈਸਵੀ ਵਿਚ ਪਸਾਹ ਦਾ ਸਮਾਂ ਹੈ। ਇਸ ਤੋਂ ਛੇ ਮਹੀਨੇ ਪਹਿਲਾਂ ਯਿਸੂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਹੁਣ ਉਹ ਯਰੂਸ਼ਲਮ ਨੂੰ ਜਾ ਰਿਹਾ ਹੈ। ਉੱਥੇ ਉਹ ਹੈਕਲ ਵਿਚ ਗ਼ੈਰ-ਯਹੂਦੀਆਂ ਦੇ ਵਿਹੜੇ ਵਿਚ ਜਾ ਕੇ ‘ਡੰਗਰਾਂ ਅਤੇ ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਰ ਸਰਾਫ਼ਾਂ ਨੂੰ ਬੈਠੇ ਵੇਖਦਾ ਹੈ।’ ਉਹ ਰੱਸੀਆਂ ਦੇ ਬਣੇ ਕੋਰੜੇ ਨਾਲ ਸਾਰੇ ਜਾਨਵਰਾਂ ਨੂੰ ਹੈਕਲ ਵਿੱਚੋਂ ਕੱਢ ਦਿੰਦਾ ਹੈ ਅਤੇ ਵਪਾਰੀ ਵੀ ਜਾਨਵਰਾਂ ਦੇ ਪਿੱਛੇ-ਪਿੱਛੇ ਬਾਹਰ ਨਿਕਲ ਜਾਂਦੇ ਹਨ। ਯਿਸੂ ਸਰਾਫ਼ਾਂ ਦੇ ਸਿੱਕੇ ਵੀ ਜ਼ਮੀਨ ਉੱਤੇ ਖਿਲਾਰ ਦਿੰਦਾ ਹੈ ਤੇ ਮੇਜ਼ਾਂ ਨੂੰ ਉਲਟਾ ਦਿੰਦਾ ਹੈ। ਉਹ ਘੁੱਗੀਆਂ ਵੇਚਣ ਵਾਲਿਆਂ ਨੂੰ ਹੁਕਮ ਦਿੰਦਾ ਹੈ ਕਿ ਉਹ ਆਪਣਾ ਸਾਰਾ ਕੁਝ ਚੁੱਕ ਕੇ ਹੈਕਲ ਵਿੱਚੋਂ ਬਾਹਰ ਨਿਕਲ ਜਾਣ।—ਯੂਹੰ. 2:13-16.

2 ਯਿਸੂ ਦੇ ਇਨ੍ਹਾਂ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਯਹੋਵਾਹ ਦੇ ਘਰ ਦੀ ਕਿੰਨੀ ਪਰਵਾਹ ਸੀ। ਇਸ ਲਈ ਉਹ ਵਪਾਰੀਆਂ ਨੂੰ ਹੁਕਮ ਦਿੰਦਾ ਹੈ: “ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ!” ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਯਿਸੂ ਦੇ ਚੇਲਿਆਂ ਨੂੰ ਉਹ ਸ਼ਬਦ ਯਾਦ ਆਉਂਦੇ ਹਨ ਜੋ ਸਦੀਆਂ ਪਹਿਲਾਂ ਜ਼ਬੂਰ ਦਾਊਦ ਨੇ ਲਿਖੇ ਸਨ: “ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ।”—ਯੂਹੰ. 2:16, 17; ਜ਼ਬੂ. 69:9.

3. (ੳ) ਜੋਸ਼ ਦਾ ਕੀ ਮਤਲਬ ਹੈ? (ਅ) ਅਸੀਂ ਆਪਣੇ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ?

3 ਯਿਸੂ ਵਿਚ ਪਰਮੇਸ਼ੁਰ ਦੇ ਘਰ ਲਈ ਬਹੁਤ ਜੋਸ਼ ਸੀ ਜਿਸ ਕਾਰਨ ਉਸ ਨੇ ਇਹ ਸਾਰਾ ਕੁਝ ਕੀਤਾ। ਜੋਸ਼ ਦਾ ਮਤਲਬ ਹੈ “ਕਿਸੇ ਕੰਮ ਨੂੰ ਕਰਨ ਦਾ ਉਤਸ਼ਾਹ ਤੇ ਗਰਮਜੋਸ਼ੀ।” ਇਸ 21ਵੀਂ ਸਦੀ ਵਿਚ 70 ਲੱਖ ਤੋਂ ਜ਼ਿਆਦਾ ਮਸੀਹੀਆਂ ਨੇ ਪਰਮੇਸ਼ੁਰ ਦੇ ਘਰ ਲਈ ਇਹੋ ਜਿਹੀ ਗਰਮਜੋਸ਼ੀ ਦਿਖਾਈ ਹੈ। ਅਸੀਂ ਆਪਣੇ ਤੋਂ ਪੁੱਛ ਸਕਦੇ ਹਾਂ: ‘ਯਹੋਵਾਹ ਦੇ ਘਰ ਲਈ ਮੈਂ ਹੋਰ ਜੋਸ਼ ਕਿਵੇਂ ਦਿਖਾ ਸਕਦਾ ਹਾਂ?’ ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਦੇਖੀਏ ਕਿ ਅੱਜ ਯਹੋਵਾਹ ਦਾ ਘਰ ਕੀ ਹੈ। ਫਿਰ ਆਪਾਂ ਬਾਈਬਲ ਵਿੱਚੋਂ ਕੁਝ ਵਫ਼ਾਦਾਰ ਭਗਤਾਂ ਦੀਆਂ ਮਿਸਾਲਾਂ ਉੱਤੇ ਗੌਰ ਕਰਾਂਗੇ ਜਿਨ੍ਹਾਂ ਨੇ ਯਹੋਵਾਹ ਦੇ ਘਰ ਲਈ ਗਰਮਜੋਸ਼ੀ ਦਿਖਾਈ। ਉਨ੍ਹਾਂ ਦੀਆਂ ਮਿਸਾਲਾਂ ‘ਸਾਡੀ ਸਿੱਖਿਆ ਦੇ ਲਈ ਲਿਖੀਆਂ ਗਈਆਂ ਹਨ’ ਜੋ ਸਾਡੇ ਵਿਚ ਹੋਰ ਜੋਸ਼ ਪੈਦਾ ਕਰ ਸਕਦੀਆਂ ਹਨ।—ਰੋਮੀ. 15:4.

ਪੁਰਾਣੇ ਜ਼ਮਾਨੇ ਵਿਚ ਅਤੇ ਅੱਜ ਪਰਮੇਸ਼ੁਰ ਦਾ ਘਰ

4. ਸੁਲੇਮਾਨ ਨੇ ਕਿਸ ਮਕਸਦ ਲਈ ਮੰਦਰ ਬਣਵਾਇਆ ਸੀ?

4 ਪ੍ਰਾਚੀਨ ਇਸਰਾਏਲ ਵਿਚ ਪਰਮੇਸ਼ੁਰ ਦਾ ਘਰ ਯਰੂਸ਼ਲਮ ਦਾ ਮੰਦਰ ਸੀ। ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਉੱਥੇ ਰਹਿੰਦਾ ਸੀ। ਯਹੋਵਾਹ ਨੇ ਖ਼ੁਦ ਕਿਹਾ ਸੀ: “ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ,—ਉਹ ਭਵਨ ਫੇਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ? ਅਤੇ ਮੇਰੀ ਅਰਾਮ ਗਾਹ ਫੇਰ ਕਿੱਥੇ ਹੋਵੇਗੀ?” (ਯਸਾ. 66:1) ਫਿਰ ਵੀ ਸੁਲੇਮਾਨ ਦੇ ਰਾਜ ਦੌਰਾਨ ਬਣਾਇਆ ਗਿਆ ਇਹ ਮੰਦਰ ਯਹੋਵਾਹ ਦੀ ਭਗਤੀ ਦੀ ਖ਼ਾਸ ਜਗ੍ਹਾ ਸੀ ਜਿੱਥੇ ਲੋਕ ਪ੍ਰਾਰਥਨਾਵਾਂ ਕਰਨ ਆਉਂਦੇ ਸਨ।—1 ਰਾਜ. 8:27-30.

5. ਯਹੋਵਾਹ ਦੇ ਭਗਤ ਕਿਸ ਆਧਾਰ ’ਤੇ ਉਸ ਦੀ ਭਗਤੀ ਕਰਦੇ ਹਨ?

5 ਅੱਜ ਯਹੋਵਾਹ ਦਾ ਘਰ ਯਰੂਸ਼ਲਮ ਵਿਚ ਜਾਂ ਕਿਸੇ ਹੋਰ ਥਾਂ ’ਤੇ ਕੋਈ ਇਮਾਰਤ ਨਹੀਂ ਹੈ। ਇਸ ਦੀ ਬਜਾਇ ਯਹੋਵਾਹ ਨੇ ਇੰਤਜ਼ਾਮ ਕੀਤਾ ਹੈ ਕਿ ਅਸੀਂ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਉਸ ਦੀ ਭਗਤੀ ਕਰੀਏ। ਉਸ ਦੇ ਭਗਤ ਧਰਤੀ ’ਤੇ ਜਿੱਥੇ ਕਿਤੇ ਵੀ ਰਹਿੰਦੇ ਹਨ, ਉਹ ਇਸ ਇੰਤਜ਼ਾਮ ਦੇ ਜ਼ਰੀਏ ਏਕਤਾ ਨਾਲ ਯਹੋਵਾਹ ਦੀ ਭਗਤੀ ਕਰ ਸਕਦੇ ਹਨ।—ਯਸਾ. 60:4, 8, 13; ਰਸੂ. 17:24; ਇਬ. 8:5; 9:24.

6. ਯਹੂਦਾਹ ਦੇ ਕਿਹੜੇ ਰਾਜਿਆਂ ਨੇ ਸੱਚੀ ਭਗਤੀ ਲਈ ਮਾਅਰਕੇ ਦਾ ਜੋਸ਼ ਦਿਖਾਇਆ?

6 ਸੰਨ 997 ਈ. ਪੂ. ਵਿਚ ਇਸਰਾਏਲ ਦੋ ਰਾਜਾਂ ਵਿਚ ਵੰਡਿਆ ਗਿਆ। ਉਸ ਤੋਂ ਬਾਅਦ ਦੱਖਣੀ ਹਿੱਸੇ ਯਹੂਦਾਹ ਉੱਤੇ 19 ਰਾਜਿਆਂ ਨੇ ਰਾਜ ਕੀਤਾ ਜਿਨ੍ਹਾਂ ਵਿੱਚੋਂ ਚਾਰ ਰਾਜਿਆਂ ਨੇ ਸੱਚੀ ਭਗਤੀ ਲਈ ਮਾਅਰਕੇ ਦਾ ਜੋਸ਼ ਦਿਖਾਇਆ। ਉਹ ਰਾਜੇ ਸਨ ਆਸਾ, ਯਹੋਸ਼ਾਫ਼ਾਟ, ਹਿਜ਼ਕੀਯਾਹ ਅਤੇ ਯੋਸੀਯਾਹ। ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਕਿਹੜੀਆਂ ਜ਼ਰੂਰੀ ਗੱਲਾਂ ਸਿੱਖ ਸਕਦੇ ਹਾਂ?

ਪੂਰੇ ਦਿਲ ਨਾਲ ਸੇਵਾ ਕਰ ਕੇ ਬਰਕਤਾਂ ਮਿਲਦੀਆਂ ਹਨ

7, 8. (ੳ) ਯਹੋਵਾਹ ਕਿਹੋ ਜਿਹੀ ਸੇਵਾ ’ਤੇ ਬਰਕਤਾਂ ਪਾਉਂਦਾ ਹੈ? (ਅ) ਸਾਨੂੰ ਰਾਜਾ ਆਸਾ ਦੀ ਮਿਸਾਲ ਤੋਂ ਕੀ ਚੇਤਾਵਨੀ ਮਿਲਦੀ ਹੈ?

7 ਰਾਜਾ ਆਸਾ ਦੇ ਰਾਜ ਦੌਰਾਨ ਯਹੋਵਾਹ ਨੇ ਨਬੀਆਂ ਨੂੰ ਆਪਣੇ ਲੋਕਾਂ ਕੋਲ ਭੇਜਿਆ ਤਾਂਕਿ ਉਹ ਉਨ੍ਹਾਂ ਨੂੰ ਸਹੀ ਰਾਹ ’ਤੇ ਪਾਉਣ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਆਸਾ ਨੇ ਓਦੇਦ ਦੇ ਪੁੱਤਰ ਅਜ਼ਰਯਾਹ ਦੀ ਗੱਲ ਸੁਣ ਕੇ ਉਸ ’ਤੇ ਅਮਲ ਕੀਤਾ। (2 ਇਤਹਾਸ 15:1-8 ਪੜ੍ਹੋ।) ਸੱਚੀ ਭਗਤੀ ਨੂੰ ਮੁੜ ਸ਼ੁਰੂ ਕਰਨ ਲਈ ਆਸਾ ਨੇ ਜੋ ਕੁਝ ਕੀਤਾ, ਉਸ ਕਾਰਨ ਇਸਰਾਏਲ ਰਾਜ ਦੇ ਬਹੁਤ ਸਾਰੇ ਲੋਕ ਯਹੂਦਾਹ ਦੇ ਲੋਕਾਂ ਨਾਲ ਯਰੂਸ਼ਲਮ ਵਿਚ ਇਕ ਬਹੁਤ ਵੱਡੇ ਸੰਮੇਲਨ ਵਿਚ ਇਕੱਠੇ ਹੋਏ। ਉਨ੍ਹਾਂ ਇਕੱਠਿਆਂ ਨੇ ਯਹੋਵਾਹ ਦੀ ਭਗਤੀ ਵਫ਼ਾਦਾਰੀ ਨਾਲ ਕਰਨ ਦਾ ਇਕਰਾਰ ਕੀਤਾ। ਅਸੀਂ ਪੜ੍ਹਦੇ ਹਾਂ: “ਓਹਨਾਂ ਨੇ ਯਹੋਵਾਹ ਦੇ ਸਾਹਮਣੇ ਉੱਚੀ ਆਵਾਜ਼ ਨਾਲ ਲਲਕਾਰ ਕੇ ਤੁਰ੍ਹੀਆਂ ਅਤੇ ਨਰਸਿੰਗਿਆਂ ਦੇ ਨਾਲ ਸੁਗੰਦ ਖਾਧੀ। ਅਤੇ ਸਾਰਾ ਯਹੂਦਾਹ ਉਸ ਸੁਗੰਦ ਤੋਂ ਬਾਗ ਬਾਗ ਹੋ ਗਿਆ ਕਿਉਂ ਜੋ ਓਹਨਾਂ ਨੇ ਆਪਣੇ ਸਾਰੇ ਦਿਲ ਦੇ ਨਾਲ ਸੁਗੰਦ ਖਾਧੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਯਹੋਵਾਹ ਦੇ ਸ਼ਰਧਾਲੂ ਹੋਏ ਸਨ ਅਤੇ ਉਹ ਓਹਨਾਂ ਨੂੰ ਮਿਲ ਗਿਆ ਅਤੇ ਯਹੋਵਾਹ ਨੇ ਓਹਨਾਂ ਨੂੰ ਚੁਫੇਰਿਓਂ ਅਰਾਮ ਦਿੱਤਾ।” (2 ਇਤ. 15:1-8, 9-15) ਇਸੇ ਤਰ੍ਹਾਂ ਜੇ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਾਂਗੇ, ਤਾਂ ਸਾਨੂੰ ਵੀ ਬਰਕਤਾਂ ਮਿਲਣਗੀਆਂ।—ਮਰ. 12:30.

8 ਪਰ ਅਫ਼ਸੋਸ, ਆਸਾ ਨੂੰ ਬੜਾ ਗੁੱਸਾ ਚੜ੍ਹਿਆ ਜਦੋਂ ਹਨਾਨੀ ਗੈਬ ਨੇ ਉਸ ਨੂੰ ਤਾੜਨਾ ਦਿੱਤੀ। (2 ਇਤ. 16:7-10) ਸਾਨੂੰ ਕਿਵੇਂ ਲੱਗਦਾ ਹੈ ਜਦੋਂ ਯਹੋਵਾਹ ਮਸੀਹੀ ਬਜ਼ੁਰਗਾਂ ਰਾਹੀਂ ਸਾਨੂੰ ਸਲਾਹ ਦਿੰਦਾ ਹੈ? ਕੀ ਅਸੀਂ ਬਾਈਬਲ ਵਿੱਚੋਂ ਦਿੱਤੀ ਉਨ੍ਹਾਂ ਦੀ ਸਲਾਹ ਨੂੰ ਤੁਰੰਤ ਮੰਨਦੇ ਹਾਂ ਅਤੇ ਉਨ੍ਹਾਂ ਦੀ ਨਿੰਦਿਆ ਕਰਨ ਦੇ ਫੰਦੇ ਵਿਚ ਪੈਣ ਤੋਂ ਬਚਦੇ ਹਾਂ?

9. ਯਹੋਸ਼ਾਫ਼ਾਟ ਅਤੇ ਯਹੂਦਾਹ ਨੂੰ ਕਿਹੜਾ ਖ਼ਤਰਾ ਸੀ ਅਤੇ ਉਨ੍ਹਾਂ ਨੇ ਕੀ ਕੀਤਾ?

9 ਰਾਜਾ ਯਹੋਸ਼ਾਫ਼ਾਟ ਨੇ ਦਸਵੀਂ ਸਦੀ ਈ. ਪੂ. ਦੌਰਾਨ ਯਹੂਦਾਹ ਵਿਚ ਰਾਜ ਕੀਤਾ। ਯਹੋਸ਼ਾਫ਼ਾਟ ਅਤੇ ਸਾਰੇ ਯਹੂਦਾਹ ਨੂੰ ਆਮੋਨ, ਮੋਆਬ ਅਤੇ ਸੇਈਰ ਪਹਾੜ ਦੇ ਲੋਕਾਂ ਦੇ ਹਮਲੇ ਦਾ ਖ਼ਤਰਾ ਸੀ। ਭਾਵੇਂ ਕਿ ਯਹੋਸ਼ਾਫ਼ਾਟ ਇਸ ਖ਼ਤਰੇ ਕਾਰਨ ਡਰ ਗਿਆ ਸੀ, ਫਿਰ ਵੀ ਉਸ ਨੇ ਕੀ ਕੀਤਾ? ਆਪਣੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਯਹੋਸ਼ਾਫ਼ਾਟ ਅਤੇ ਉਸ ਦੇ ਆਦਮੀਆਂ ਨੇ ਯਹੋਵਾਹ ਦੇ ਘਰ ਵਿਚ ਆ ਕੇ ਉਸ ਅੱਗੇ ਦੁਹਾਈ ਦਿੱਤੀ। (2 ਇਤਹਾਸ 20:3-6 ਪੜ੍ਹੋ।) ਕੁਝ ਸਮਾਂ ਪਹਿਲਾਂ ਵੀ ਰਾਜਾ ਸੁਲੇਮਾਨ ਨੇ ਯਹੋਵਾਹ ਦੇ ਭਵਨ ਦਾ ਉਦਘਾਟਨ ਕਰਦੇ ਵੇਲੇ ਯਹੋਵਾਹ ਅੱਗੇ ਬੇਨਤੀ ਕੀਤੀ ਸੀ। ਸੁਲੇਮਾਨ ਦੇ ਸ਼ਬਦਾਂ ਅਨੁਸਾਰ ਯਹੋਸ਼ਾਫ਼ਾਟ ਨੇ ਵੀ ਯਹੋਵਾਹ ਅੱਗੇ ਬੇਨਤੀ ਕੀਤੀ: “ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਉਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦੱਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁੱਝ ਤਾਕਤ ਨਹੀਂ ਅਤੇ ਨਾ ਅਸੀਂ ਏਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ।” (2 ਇਤ. 20:12, 13) ਜਦ ਯਹੋਸ਼ਾਫ਼ਾਟ ਪ੍ਰਾਰਥਨਾ ਕਰ ਹਟਿਆ, ਤਾਂ “ਸਭਾ ਵਿੱਚੋਂ” ਯਹਜ਼ੀਏਲ ਲੇਵੀ ਉੱਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਆਈ ਅਤੇ ਯਹਜ਼ੀਏਲ ਨੇ ਯਹੋਵਾਹ ਦੇ ਬਚਨ ਦੱਸ ਕੇ ਸਾਰੇ ਲੋਕਾਂ ਦਾ ਹੌਸਲਾ ਵਧਾਇਆ।—2 ਇਤਹਾਸ 20:14-17 ਪੜ੍ਹੋ।

10. (ੳ) ਯਹੋਸ਼ਾਫ਼ਾਟ ਅਤੇ ਯਹੂਦਾਹ ਦੇ ਲੋਕਾਂ ਨੂੰ ਸੇਧ ਕਿੱਥੋਂ ਮਿਲੀ? (ਅ) ਅੱਜ ਯਹੋਵਾਹ ਤੋਂ ਮਿਲਦੀ ਸੇਧ ਲਈ ਅਸੀਂ ਕਿਵੇਂ ਕਦਰ ਦਿਖਾ ਸਕਦੇ ਹਾਂ?

10 ਉਨ੍ਹੀਂ ਦਿਨੀਂ ਯਹੋਸ਼ਾਫ਼ਾਟ ਅਤੇ ਸਾਰੇ ਯਹੂਦਾਹ ਨੂੰ ਯਹੋਵਾਹ ਵੱਲੋਂ ਯਹਜ਼ੀਏਲ ਰਾਹੀਂ ਸੇਧ ਮਿਲੀ ਸੀ। ਅੱਜ ਸਾਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਤੋਂ ਸੇਧ ਅਤੇ ਹੌਸਲਾ ਮਿਲਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਕਲੀਸਿਯਾ ਦੇ ਬਜ਼ੁਰਗਾਂ ਦੀ ਸਲਾਹ ਨੂੰ ਮੰਨੀਏ ਅਤੇ ਉਨ੍ਹਾਂ ਦਾ ਆਦਰ ਕਰੀਏ ਕਿਉਂਕਿ ਉਹ ਸਾਡੀ ਦੇਖ-ਭਾਲ ਕਰਨ ਵਿਚ ਬਹੁਤ ਮਿਹਨਤ ਕਰਦੇ ਹਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਮਿਲਦੀਆਂ ਹਿਦਾਇਤਾਂ ਅਨੁਸਾਰ ਚੱਲਦੇ ਹਨ।—ਮੱਤੀ 24:45; 1 ਥੱਸ. 5:12, 13.

11, 12. ਯਹੋਸ਼ਾਫ਼ਾਟ ਅਤੇ ਉਸ ਦੇ ਲੋਕਾਂ ਨਾਲ ਜੋ ਕੁਝ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

11 ਜਿਵੇਂ ਯਹੋਸ਼ਾਫ਼ਾਟ ਅਤੇ ਉਹ ਦੇ ਲੋਕ ਯਹੋਵਾਹ ਦੀ ਸੇਧ ਭਾਲਣ ਲਈ ਇਕੱਠੇ ਹੋਏ ਸਨ, ਉਸੇ ਤਰ੍ਹਾਂ ਅੱਜ ਸਾਨੂੰ ਵੀ ਆਪਣੀਆਂ ਮੀਟਿੰਗਾਂ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਬਾਕਾਇਦਾ ਇਕੱਠੇ ਹੋਣਾ ਚਾਹੀਦਾ ਹੈ। ਜਦੋਂ ਕਦੇ ਅਸੀਂ ਔਖੀਆਂ ਘੜੀਆਂ ਵਿੱਚੋਂ ਲੰਘਦੇ ਹਾਂ ਅਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਕੀ ਕਰੀਏ, ਤਾਂ ਆਓ ਆਪਾਂ ਯਹੋਸ਼ਾਫ਼ਾਟ ਅਤੇ ਯਹੂਦਾਹ ਦੇ ਲੋਕਾਂ ਦੀ ਚੰਗੀ ਮਿਸਾਲ ’ਤੇ ਚੱਲੀਏ ਜਿਨ੍ਹਾਂ ਨੇ ਪੂਰੇ ਭਰੋਸੇ ਨਾਲ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ। (ਕਹਾ. 3:5, 6; ਫ਼ਿਲਿ. 4:6, 7) ਭਾਵੇਂ ਅਸੀਂ ਹੋਰਨਾਂ ਭੈਣਾਂ-ਭਰਾਵਾਂ ਤੋਂ ਦੂਰ ਕਿਸੇ ਜਗ੍ਹਾ ਰਹਿੰਦੇ ਹਾਂ, ਪਰ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਵੇਲੇ ਉਨ੍ਹਾਂ ‘ਗੁਰਭਾਈਆਂ’ ਨਾਲ ਏਕਤਾ ਵਿਚ ਬੱਝਦੇ ਹਾਂ “ਜਿਹੜੇ ਜਗਤ ਵਿੱਚ ਹਨ।”—1 ਪਤ. 5:9.

12 ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਯਹੋਵਾਹ ਦੀ ਸੇਧ ਅਨੁਸਾਰ ਚੱਲੇ ਸਨ ਜੋ ਯਹੋਵਾਹ ਨੇ ਯਹਜ਼ੀਏਲ ਰਾਹੀਂ ਦਿੱਤੀ ਸੀ। ਨਤੀਜਾ ਕੀ ਨਿਕਲਿਆ? ਯਹੋਵਾਹ ਨੇ ਉਨ੍ਹਾਂ ਨੂੰ ਯੁੱਧ ਵਿਚ ਜਿੱਤ ਦਿਵਾਈ ਤੇ ਉਹ ‘ਖੁਸ਼ੀ ਖੁਸ਼ੀ ਸਿਤਾਰਾਂ, ਬਰਬਤਾਂ ਅਤੇ ਤੁਰ੍ਹੀਆਂ ਲੈ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ।’ (2 ਇਤ. 20:27, 28) ਯਹੋਵਾਹ ਸਾਨੂੰ ਸੇਧ ਦੇਣ ਲਈ ਜੋ ਜ਼ਰੀਆ ਵਰਤਦਾ ਹੈ, ਅਸੀਂ ਉਸ ਦੀ ਕਦਰ ਕਰਦੇ ਹਾਂ ਅਤੇ ਮਿਲ ਕੇ ਯਹੋਵਾਹ ਦੀ ਵਡਿਆਈ ਕਰਦੇ ਹਾਂ।

ਭਗਤੀ ਦੀਆਂ ਥਾਵਾਂ ਦੀ ਚੰਗੀ ਦੇਖ-ਭਾਲ ਕਰੋ

13. ਹਿਜ਼ਕੀਯਾਹ ਨੇ ਆਪਣੇ ਰਾਜ-ਕਾਲ ਵਿਚ ਕਿਹੜਾ ਕੰਮ ਸ਼ੁਰੂ ਕੀਤਾ ਸੀ?

13 ਆਪਣੇ ਰਾਜ-ਕਾਲ ਦੇ ਪਹਿਲੇ ਮਹੀਨੇ ਵਿਚ ਹਿਜ਼ਕੀਯਾਹ ਨੇ ਯਹੋਵਾਹ ਦੇ ਭਵਨ ਨੂੰ ਦੁਬਾਰਾ ਖੋਲ੍ਹਿਆ ਅਤੇ ਮੁਰੰਮਤ ਕਰਵਾਈ। ਇਸ ਤਰ੍ਹਾਂ ਕਰ ਕੇ ਉਸ ਨੇ ਯਹੋਵਾਹ ਦੀ ਭਗਤੀ ਲਈ ਜੋਸ਼ ਦਿਖਾਇਆ। ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਕੰਮ ਸੌਂਪਿਆ ਕਿ ਉਹ ਯਹੋਵਾਹ ਦੇ ਘਰ ਨੂੰ ਸਾਫ਼ ਕਰਨ। ਇਹ ਕੰਮ ਉਨ੍ਹਾਂ ਨੇ 16 ਦਿਨਾਂ ਵਿਚ ਪੂਰਾ ਕੀਤਾ। (2 ਇਤਹਾਸ 29:16-18 ਪੜ੍ਹੋ।) ਉਨ੍ਹਾਂ ਦੇ ਇਸ ਕੰਮ ਤੋਂ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਸਾਨੂੰ ਭਗਤੀ ਦੀਆਂ ਥਾਵਾਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਅਤੇ ਮੁਰੰਮਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀ ਭਗਤੀ ਲਈ ਜੋਸ਼ ਦਿਖਾਉਂਦੇ ਹਾਂ। ਕੀ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਤਜਰਬੇ ਸੁਣੇ ਹਨ ਜਿਨ੍ਹਾਂ ਦੇ ਇਸ ਕੰਮ ਵਿਚ ਜੋਸ਼ ਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਹੋਏ? ਜੀ ਹਾਂ, ਉਨ੍ਹਾਂ ਦੀ ਮਿਹਨਤ ਸਦਕਾ ਯਹੋਵਾਹ ਦੀ ਬਹੁਤ ਮਹਿਮਾ ਹੁੰਦੀ ਹੈ।

14, 15. ਅੱਜ ਕਿਹੜੇ ਕੰਮ ਨਾਲ ਯਹੋਵਾਹ ਦੀ ਉਸਤਤ ਹੁੰਦੀ ਹੈ? ਮਿਸਾਲਾਂ ਦਿਓ।

14 ਉੱਤਰੀ ਇੰਗਲੈਂਡ ਦੇ ਇਕ ਸ਼ਹਿਰ ਵਿਚ ਜਦੋਂ ਭਰਾ ਇਕ ਆਦਮੀ ਦੇ ਘਰ ਨਾਲ ਲੱਗਦੇ ਕਿੰਗਡਮ ਹਾਲ ਦੀ ਮੁਰੰਮਤ ਕਰਨ ਲੱਗੇ ਸਨ, ਤਾਂ ਉਸ ਆਦਮੀ ਨੇ ਭਰਾਵਾਂ ਦਾ ਵਿਰੋਧ ਕੀਤਾ। ਭਰਾ ਉਸ ਆਦਮੀ ਨਾਲ ਬੜੇ ਪਿਆਰ ਨਾਲ ਪੇਸ਼ ਆਏ। ਭਰਾਵਾਂ ਨੇ ਦੇਖਿਆ ਕਿ ਕਿੰਗਡਮ ਹਾਲ ਅਤੇ ਉਸ ਦੇ ਘਰ ਵਿਚਾਲੇ ਪੈਂਦੀ ਕੰਧ ਦੀ ਮੁਰੰਮਤ ਕਰਨ ਦੀ ਲੋੜ ਸੀ। ਇਸ ਲਈ ਉਨ੍ਹਾਂ ਨੇ ਆਦਮੀ ਨੂੰ ਕਿਹਾ ਕਿ ਉਹ ਮੁਫ਼ਤ ਵਿਚ ਹੀ ਕੰਧ ਦੀ ਮੁਰੰਮਤ ਕਰ ਦੇਣਗੇ। ਉਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਲਗਭਗ ਸਾਰੀ ਕੰਧ ਹੀ ਦੁਬਾਰਾ ਬਣਾ ਦਿੱਤੀ। ਭਰਾ ਉਸ ਆਦਮੀ ਨਾਲ ਇੰਨੀ ਚੰਗੀ ਤਰ੍ਹਾਂ ਪੇਸ਼ ਆਏ ਕਿ ਉਸ ਆਦਮੀ ਦਾ ਰਵੱਈਆ ਹੀ ਬਦਲ ਗਿਆ। ਹੁਣ ਉਹ ਆਦਮੀ ਕਿੰਗਡਮ ਹਾਲ ’ਤੇ ਨਜ਼ਰ ਰੱਖਦਾ ਹੈ ਤਾਂਕਿ ਕੋਈ ਇਸ ਨੂੰ ਨੁਕਸਾਨ ਨਾ ਪਹੁੰਚਾਵੇ।

15 ਅੱਜ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਉਸਾਰੀ ਦਾ ਕੰਮ ਕਰ ਰਹੇ ਹਨ। ਇੰਟਰਨੈਸ਼ਨਲ ਸਰਵੈਂਟਸ (ਉਸਾਰੀ ਕੰਮ ਵਿਚ ਮਾਹਰ ਭੈਣ-ਭਰਾ) ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਨਾਲ ਉੱਥੋਂ ਦੇ ਭੈਣ-ਭਰਾ ਮਿਲ ਕੇ ਨਾ ਸਿਰਫ਼ ਕਿੰਗਡਮ ਹਾਲ ਬਣਾਉਂਦੇ ਹਨ, ਸਗੋਂ ਅਸੈਂਬਲੀ ਹਾਲ ਅਤੇ ਬੈਥਲ ਘਰ ਵੀ ਬਣਾਉਂਦੇ ਹਨ। ਸੈਮ ਇੰਜੀਨੀਅਰ ਹੈ ਅਤੇ ਉਹ ਹੀਟਿੰਗ, ਵੈਨਟੀਲੇਸ਼ਨ ਅਤੇ ਏ. ਸੀ. ਦੇ ਕੰਮ ਵਿਚ ਮਾਹਰ ਹੈ। ਸੈਮ ਅਤੇ ਉਸ ਦੀ ਪਤਨੀ ਰੂਥ ਨੇ ਯੂਰਪ ਦੇ ਕਈ ਦੇਸ਼ਾਂ ਵਿਚ ਅਤੇ ਅਫ਼ਰੀਕਾ ਜਾ ਕੇ ਉਸਾਰੀ ਦੇ ਕੰਮ ਵਿਚ ਮਦਦ ਕੀਤੀ ਹੈ। ਉਹ ਜਿੱਥੇ ਵੀ ਜਾਂਦੇ ਹਨ, ਉਹ ਉੱਥੋਂ ਦੀਆਂ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਵੀ ਕਰਦੇ ਹਨ। ਸੈਮ ਦੱਸਦਾ ਹੈ ਕਿ ਇਸ ਕੰਮ ਵਿਚ ਹਿੱਸਾ ਲੈਣ ਲਈ ਉਸ ਨੂੰ ਕਿਹੜੀ ਗੱਲ ਤੋਂ ਹੱਲਾਸ਼ੇਰੀ ਮਿਲੀ: “ਮੈਨੂੰ ਉਨ੍ਹਾਂ ਭੈਣਾਂ-ਭਰਾਵਾਂ ਤੋਂ ਉਤਸ਼ਾਹ ਮਿਲਿਆ ਜੋ ਇੱਥੇ ਅਤੇ ਹੋਰਨਾਂ ਦੇਸ਼ਾਂ ਦੇ ਬੈਥਲ ਘਰਾਂ ਵਿਚ ਸੇਵਾ ਕਰਦੇ ਹਨ। ਉਨ੍ਹਾਂ ਦੇ ਜੋਸ਼ ਤੇ ਖ਼ੁਸ਼ੀ ਨੂੰ ਦੇਖ ਕੇ ਮੈਨੂੰ ਵੀ ਇਹ ਕੰਮ ਕਰਨ ਦੀ ਹੱਲਾਸ਼ੇਰੀ ਮਿਲੀ।”

ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨੋ

16, 17. ਪਰਮੇਸ਼ੁਰ ਦੇ ਲੋਕਾਂ ਨੇ ਕਿਹੜੇ ਖ਼ਾਸ ਕੰਮ ਵਿਚ ਜੋਸ਼ ਨਾਲ ਹਿੱਸਾ ਲਿਆ ਅਤੇ ਇਸ ਦੇ ਕੀ ਨਤੀਜੇ ਨਿਕਲੇ?

16 ਭਵਨ ਦੀ ਮੁਰੰਮਤ ਕਰਨ ਤੋਂ ਇਲਾਵਾ ਹਿਜ਼ਕੀਯਾਹ ਨੇ ਪਸਾਹ ਦਾ ਤਿਉਹਾਰ ਫਿਰ ਤੋਂ ਬਾਕਾਇਦਾ ਮਨਾਉਣਾ ਸ਼ੁਰੂ ਕੀਤਾ ਜੋ ਯਹੋਵਾਹ ਦੇ ਹੁਕਮ ਅਨੁਸਾਰ ਹਰ ਸਾਲ ਮਨਾਇਆ ਜਾਣਾ ਚਾਹੀਦਾ ਸੀ। (2 ਇਤਹਾਸ 30:1, 4, 5 ਪੜ੍ਹੋ।) ਹਿਜ਼ਕੀਯਾਹ ਤੇ ਯਰੂਸ਼ਲਮ ਦੇ ਲੋਕਾਂ ਨੇ ਸਾਰੀ ਕੌਮ ਨੂੰ ਇਸ ਤਿਉਹਾਰ ਵਿਚ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਵਿਚ ਉੱਤਰੀ ਰਾਜ ਦੇ ਲੋਕ ਵੀ ਸ਼ਾਮਲ ਸਨ। ਸਾਰੇ ਦੇਸ਼ ਵਿਚ ਸੱਦੇ ਦੇਣ ਲਈ ਹਲਕਾਰੇ ਘੱਲੇ ਗਏ ਸਨ।—2 ਇਤ. 30:6-9.

17 ਹਾਲ ਹੀ ਦੇ ਸਾਲਾਂ ਵਿਚ ਅਸੀਂ ਵੀ ਲੋਕਾਂ ਨੂੰ ਸੱਦੇ-ਪੱਤਰ ਵੰਡੇ ਹਨ। ਅਸੀਂ ਯਿਸੂ ਦੇ ਹੁਕਮ ਨੂੰ ਮੰਨ ਕੇ ਆਪਣੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਧਿਆਨ ਖਿੱਚਣ ਵਾਲੇ ਸੱਦੇ-ਪੱਤਰ ਵੰਡੇ ਹਨ ਕਿ ਉਹ ਸਾਡੇ ਨਾਲ ਮਿਲ ਕੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ। (ਲੂਕਾ 22:19, 20) ਸੇਵਾ ਸਭਾਵਾਂ ਵਿਚ ਮਿਲਦੀਆਂ ਹਿਦਾਇਤਾਂ ਅਨੁਸਾਰ ਅਸੀਂ ਜੋਸ਼ ਨਾਲ ਇਸ ਕੰਮ ਵਿਚ ਹਿੱਸਾ ਲਿਆ ਹੈ। ਯਹੋਵਾਹ ਨੇ ਸਾਡੀ ਇਸ ਮਿਹਨਤ ਉੱਤੇ ਬਰਕਤ ਪਾਈ ਹੈ! ਇਸ ਸਦਕਾ ਪਿਛਲੇ ਸਾਲ ਤਕਰੀਬਨ 70 ਲੱਖ ਗਵਾਹਾਂ ਨੇ ਸੱਦੇ-ਪੱਤਰ ਵੰਡੇ ਅਤੇ ਕੁੱਲ 1,77,90,631 ਲੋਕ ਯਾਦਗਾਰ ਮਨਾਉਣ ਲਈ ਆਏ।

18. ਤੁਹਾਡੇ ਵਾਸਤੇ ਸੱਚੀ ਭਗਤੀ ਲਈ ਜੋਸ਼ ਦਿਖਾਉਣਾ ਕਿਉਂ ਜ਼ਰੂਰੀ ਹੈ?

18 ਹਿਜ਼ਕੀਯਾਹ ਬਾਰੇ ਕਿਹਾ ਗਿਆ ਸੀ: “ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਭਰੋਸਾ ਰੱਖਦਾ ਸੀ ਐਥੋਂ ਤਾਈਂ ਭਈ ਉਸ ਦੇ ਪਿੱਛੋਂ ਯਹੂਦਾਹ ਦੇ ਸਾਰੇ ਪਾਤਸ਼ਾਹਾਂ ਵਿੱਚੋਂ ਇੱਕ ਭੀ ਉਸ ਦੇ ਵਰਗਾ ਨਾ ਹੋਇਆ ਅਰ ਨਾ ਉਸ ਤੋਂ ਪਹਿਲਾਂ ਕੋਈ ਹੋਇਆ ਸੀ। ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ ਅਰ ਉਹ ਦੇ ਪਿੱਛੇ ਤੁਰਨੋਂ ਨਾ ਹਟਿਆ ਪਰ ਉਹ ਦੇ ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ।” (2 ਰਾਜ. 18:5, 6) ਆਓ ਆਪਾਂ ਵੀ ਉਸ ਦੀ ਮਿਸਾਲ ਉੱਤੇ ਚੱਲੀਏ। ਯਹੋਵਾਹ ਦੇ ਘਰ ਲਈ ਸਾਡਾ ਜੋਸ਼ ‘ਯਹੋਵਾਹ ਦੇ ਨਾਲ ਚਿੰਬੜੇ ਰਹਿਣ’ ਵਿਚ ਮਦਦ ਕਰੇਗਾ ਅਤੇ ਅਸੀਂ ਸਦਾ ਦੀ ਜ਼ਿੰਦਗੀ ਦੀ ਉਮੀਦ ਰੱਖ ਸਕਾਂਗੇ।—ਬਿਵ. 30:16.

ਤੁਰੰਤ ਹਿਦਾਇਤਾਂ ਨੂੰ ਮੰਨੋ

19. ਮੈਮੋਰੀਅਲ ਸਮੇਂ ਅਸੀਂ ਕਿਹੜੇ ਕੰਮ ਵਿਚ ਜੋਸ਼ ਦਿਖਾਉਂਦੇ ਹਾਂ?

19 ਜਦੋਂ ਯੋਸੀਯਾਹ ਰਾਜ ਕਰਦਾ ਸੀ, ਤਾਂ ਉਸ ਨੇ ਵੀ ਪਸਾਹ ਮਨਾਉਣ ਦਾ ਇੰਤਜ਼ਾਮ ਕੀਤਾ ਅਤੇ ਖੂਬ ਤਿਆਰੀਆਂ ਕੀਤੀਆਂ। (2 ਰਾਜ. 23:21-23; 2 ਇਤ. 35:1-19) ਅਸੀਂ ਵੀ ਜ਼ਿਲ੍ਹਾ-ਸੰਮੇਲਨਾਂ, ਸਰਕਟ ਅਸੈਂਬਲੀਆਂ, ਖ਼ਾਸ ਸੰਮੇਲਨ ਦਿਨਾਂ ਅਤੇ ਮੈਮੋਰੀਅਲ ਦੀਆਂ ਚੰਗੀ ਤਰ੍ਹਾਂ ਤਿਆਰੀਆਂ ਕਰਦੇ ਹਾਂ। ਕੁਝ ਦੇਸ਼ਾਂ ਵਿਚ ਕਈ ਭਰਾ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਆਪਣੀ ਜ਼ਿੰਦਗੀ ਦਾਹ ’ਤੇ ਲਾ ਦਿੰਦੇ ਹਨ। ਜੋਸ਼ੀਲੇ ਬਜ਼ੁਰਗ ਧਿਆਨ ਰੱਖਦੇ ਹਨ ਕਿ ਕਲੀਸਿਯਾ ਦੀ ਕੋਈ ਭੈਣ ਜਾਂ ਭਰਾ ਗ਼ੈਰ-ਹਾਜ਼ਰ ਨਾ ਹੋਵੇ। ਇਸ ਲਈ ਉਹ ਬਿਰਧ ਅਤੇ ਬੀਮਾਰ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ ਤਾਂਕਿ ਉਹ ਇਸ ਅਹਿਮ ਮੌਕੇ ’ਤੇ ਮੌਜੂਦ ਹੋਣ।

20. (ੳ) ਰਾਜਾ ਯੋਸੀਯਾਹ ਦੇ ਰਾਜ ਦੌਰਾਨ ਕੀ ਹੋਇਆ ਅਤੇ ਉਸ ਨੇ ਕੀ ਕੀਤਾ? (ਅ) ਅਸੀਂ ਕਿਹੜੀ ਗੱਲ ਧਿਆਨ ਵਿਚ ਰੱਖ ਸਕਦੇ ਹਾਂ?

20 ਜਦੋਂ ਰਾਜਾ ਯੋਸੀਯਾਹ ਯਹੋਵਾਹ ਦੀ ਸੱਚੀ ਭਗਤੀ ਮੁੜ ਸ਼ੁਰੂ ਕਰਨ ਲਈ ਭਵਨ ਦੀ ਮੁਰੰਮਤ ਕਰਵਾ ਰਿਹਾ ਸੀ, ਤਾਂ ਪ੍ਰਧਾਨ ਜਾਜਕ ਹਿਲਕੀਯਾਹ ਨੂੰ “ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਲੱਭੀ।” ਹਿਲਕੀਯਾਹ ਨੇ ਸ਼ਾਹੀ ਲਿਖਾਰੀ ਸ਼ਾਫ਼ਾਨ ਨੂੰ ਪੋਥੀ ਦੇ ਦਿੱਤੀ ਅਤੇ ਸ਼ਾਫ਼ਾਨ ਨੇ ਇਸ ਪੋਥੀ ਵਿਚਲੀਆਂ ਗੱਲਾਂ ਯੋਸੀਯਾਹ ਨੂੰ ਪੜ੍ਹ ਕੇ ਸੁਣਾਈਆਂ। (2 ਇਤਹਾਸ 34:14-18 ਪੜ੍ਹੋ।) ਯੋਸੀਯਾਹ ਰਾਜੇ ਉੱਤੇ ਇਨ੍ਹਾਂ ਗੱਲਾਂ ਦਾ ਕੀ ਅਸਰ ਪਿਆ? ਰਾਜੇ ਨੇ ਦੁਖੀ ਹੋ ਕੇ ਆਪਣੇ ਕੱਪੜੇ ਪਾੜ ਦਿੱਤੇ ਅਤੇ ਆਪਣੇ ਬੰਦਿਆਂ ਨੂੰ ਯਹੋਵਾਹ ਤੋਂ ਸਲਾਹ ਲੈਣ ਲਈ ਘੱਲਿਆ। ਯਹੋਵਾਹ ਨੇ ਹੁਲਦਾਹ ਨਬੀਆ ਦੇ ਰਾਹੀਂ ਸੰਦੇਸ਼ ਦੇ ਕੇ ਯਹੂਦਾਹ ਵਿਚ ਕੀਤੀ ਜਾ ਰਹੀ ਝੂਠੀ ਭਗਤੀ ਦੀ ਨਿੰਦਿਆ ਕੀਤੀ। ਪਰ ਯਹੋਵਾਹ ਨੇ ਦੇਖਿਆ ਸੀ ਕਿ ਯੋਸੀਯਾਹ ਨੇ ਮੂਰਤੀ-ਪੂਜਾ ਨੂੰ ਹਟਾ ਦਿੱਤਾ ਸੀ ਜਿਸ ਕਰਕੇ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਰਹੀ ਜਦਕਿ ਬਾਕੀ ਸਾਰੀ ਕੌਮ ਉੱਤੇ ਪਰਮੇਸ਼ੁਰ ਬਿਪਤਾਵਾਂ ਲਿਆਉਣ ਵਾਲਾ ਸੀ। (2 ਇਤ. 34:19-28) ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਅਸੀਂ ਵੀ ਯੋਸੀਯਾਹ ਵਾਂਗ ਯਹੋਵਾਹ ਦੀ ਭਗਤੀ ਲਈ ਜੋਸ਼ ਦਿਖਾਉਣਾ ਚਾਹੁੰਦੇ ਹਾਂ। ਅਸੀਂ ਯਹੋਵਾਹ ਦੀਆਂ ਹਿਦਾਇਤਾਂ ਨੂੰ ਤੁਰੰਤ ਮੰਨਣਾ ਚਾਹੁੰਦੇ ਹਾਂ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਗ਼ਲਤ ਗੱਲਾਂ ਸਾਡੇ ਮਨ ਵਿਚ ਘਰ ਕਰ ਜਾਣਗੀਆਂ ਜਿਸ ਕਰਕੇ ਅਸੀਂ ਯਹੋਵਾਹ ਤੋਂ ਮੂੰਹ ਮੋੜ ਲਵਾਂਗੇ। ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸੱਚੀ ਭਗਤੀ ਲਈ ਸਾਡੇ ਜੋਸ਼ ਨੂੰ ਵੀ ਦੇਖੇਗਾ ਜਿਵੇਂ ਉਸ ਨੇ ਯੋਸੀਯਾਹ ਦੇ ਜੋਸ਼ ਨੂੰ ਦੇਖਿਆ ਸੀ।

21, 22. (ੳ) ਸਾਨੂੰ ਯਹੋਵਾਹ ਦੇ ਘਰ ਲਈ ਜੋਸ਼ ਕਿਉਂ ਦਿਖਾਉਣਾ ਚਾਹੀਦਾ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

21 ਯਹੂਦਾਹ ਦੇ ਚਾਰ ਰਾਜਿਆਂ ਆਸਾ, ਯਹੋਸ਼ਾਫ਼ਾਟ, ਹਿਜ਼ਕੀਯਾਹ ਅਤੇ ਯੋਸੀਯਾਹ ਨੇ ਯਹੋਵਾਹ ਦੇ ਘਰ ਅਤੇ ਉਸ ਦੀ ਭਗਤੀ ਲਈ ਜੋਸ਼ ਦਿਖਾ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਉਨ੍ਹਾਂ ਵਾਂਗ ਸਾਨੂੰ ਵੀ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਜੋਸ਼ ਨਾਲ ਉਸ ਦੀ ਭਗਤੀ ਕਰਨੀ ਚਾਹੀਦੀ ਹੈ। ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਕਲੀਸਿਯਾ ਅਤੇ ਬਜ਼ੁਰਗਾਂ ਰਾਹੀਂ ਮਿਲਦੀਆਂ ਪਰਮੇਸ਼ੁਰ ਦੀਆਂ ਹਿਦਾਇਤਾਂ ਨੂੰ ਮੰਨੀਏ, ਉਨ੍ਹਾਂ ਦੀ ਅਗਵਾਈ ਦੀ ਕਦਰ ਕਰੀਏ ਅਤੇ ਤਾੜਨਾ ਨੂੰ ਕਬੂਲ ਕਰੀਏ ਕਿਉਂਕਿ ਇੱਦਾਂ ਕਰਨ ਨਾਲ ਸਾਨੂੰ ਖ਼ੁਸ਼ੀ ਮਿਲੇਗੀ।

22 ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਜੋਸ਼ ਨਾਲ ਕਿਵੇਂ ਸੇਵਕਾਈ ਕਰ ਸਕਦੇ ਹਾਂ। ਇਸ ਲੇਖ ਵਿਚ ਨੌਜਵਾਨਾਂ ਨੂੰ ਹੌਸਲਾ ਮਿਲੇਗਾ ਕਿ ਉਹ ਜੋਸ਼ ਨਾਲ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਿਵੇਂ ਕਰ ਸਕਦੇ ਹਨ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਸ਼ਤਾਨ ਦੇ ਸਭ ਤੋਂ ਭੈੜੇ ਪ੍ਰਭਾਵ ਤੋਂ ਕਿਵੇਂ ਬਚ ਸਕਦੇ ਹਾਂ। ਯਹੋਵਾਹ ਵੱਲੋਂ ਯਾਦ ਕਰਾਈਆਂ ਜਾਂਦੀਆਂ ਗੱਲਾਂ ਉੱਤੇ ਚੱਲ ਕੇ ਅਸੀਂ ਉਸ ਦੇ ਪੁੱਤਰ ਯਿਸੂ ਦੀ ਮਿਸਾਲ ਉੱਤੇ ਚੱਲ ਰਹੇ ਹੋਵਾਂਗੇ ਜਿਸ ਬਾਰੇ ਕਿਹਾ ਗਿਆ ਸੀ: “ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ।”—ਜ਼ਬੂ. 69:9; 119:111, 129; 1 ਪਤ. 2:21.

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਕਿਸ ਤਰ੍ਹਾਂ ਦੀ ਭਗਤੀ ਉੱਤੇ ਬਰਕਤ ਪਾਉਂਦਾ ਹੈ ਤੇ ਕਿਉਂ?

• ਅਸੀਂ ਯਹੋਵਾਹ ਉੱਤੇ ਭਰੋਸਾ ਕਿਵੇਂ ਜ਼ਾਹਰ ਕਰ ਸਕਦੇ ਹਾਂ?

• ਜੋਸ਼ ਸਾਨੂੰ ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨਣ ਲਈ ਕਿਵੇਂ ਪ੍ਰੇਰ ਸਕਦਾ ਹੈ?

[ਸਵਾਲ]

[ਸਫ਼ਾ 9 ਉੱਤੇ ਤਸਵੀਰ]

ਆਸਾ, ਯਹੋਸ਼ਾਫ਼ਾਟ, ਹਿਜ਼ਕੀਯਾਹ ਅਤੇ ਯੋਸੀਯਾਹ ਨੇ ਯਹੋਵਾਹ ਦੇ ਘਰ ਲਈ ਜੋਸ਼ ਕਿਵੇਂ ਦਿਖਾਇਆ?