Skip to content

Skip to table of contents

‘ਸ਼ੁਭ ਕਰਮਾਂ ਵਿੱਚ ਸਰਗਰਮ ਹੋਵੋ’!

‘ਸ਼ੁਭ ਕਰਮਾਂ ਵਿੱਚ ਸਰਗਰਮ ਹੋਵੋ’!

‘ਸ਼ੁਭ ਕਰਮਾਂ ਵਿੱਚ ਸਰਗਰਮ ਹੋਵੋ’!

“[ਯਿਸੂ] ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।”—ਤੀਤੁ. 2:14.

1. ਜਦੋਂ ਯਿਸੂ 10 ਨੀਸਾਨ 33 ਈਸਵੀ ਨੂੰ ਯਰੂਸ਼ਲਮ ਵਿਚ ਆਉਂਦਾ ਹੈ, ਤਾਂ ਹੈਕਲ ਦੇ ਨੇੜੇ ਕੀ ਹੁੰਦਾ ਹੈ?

ਇਹ 10 ਨੀਸਾਨ 33 ਈਸਵੀ ਦਾ ਦਿਨ ਹੈ। ਪਸਾਹ ਦਾ ਤਿਉਹਾਰ ਮਨਾਉਣ ਵਿਚ ਕੁਝ ਹੀ ਦਿਨ ਰਹਿੰਦੇ ਹਨ। ਯਰੂਸ਼ਲਮ ਦੀ ਹੈਕਲ ਦੇ ਨੇੜੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਸਾਰੇ ਲੋਕ ਉਤਸੁਕਤਾ ਨਾਲ ਇਸ ਤਿਉਹਾਰ ਨੂੰ ਮਨਾਉਣ ਦੀ ਉਡੀਕ ਕਰ ਰਹੇ ਹਨ। ਇੰਜੀਲਾਂ ਦੇ ਤਿੰਨ ਲਿਖਾਰੀ ਮੱਤੀ, ਮਰਕੁਸ ਅਤੇ ਲੂਕਾ ਦੱਸਦੇ ਹਨ ਕਿ ਯਿਸੂ ਦੂਸਰੀ ਵਾਰ ਵਪਾਰੀਆਂ ਨੂੰ ਹੈਕਲ ਵਿੱਚੋਂ ਬਾਹਰ ਕੱਢਦਾ ਹੈ। ਉਹ ਇਕ ਵਾਰ ਫਿਰ ਵਪਾਰੀਆਂ ਦੇ ਤਖ਼ਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੰਦਾ ਹੈ। (ਮੱਤੀ 21:12; ਮਰ. 11:15; ਲੂਕਾ 19:45) ਯਿਸੂ ਨੇ ਤਿੰਨ ਸਾਲ ਪਹਿਲਾਂ ਵੀ ਇੱਦਾਂ ਹੀ ਕੀਤਾ ਸੀ। ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਜੋਸ਼ ਹਾਲੇ ਵੀ ਘਟਿਆ ਨਹੀਂ ਸੀ।—ਯੂਹੰ. 2:13-17.

2, 3. ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨੇ ਸਿਰਫ਼ ਹੈਕਲ ਵਾਸਤੇ ਹੀ ਜੋਸ਼ ਨਹੀਂ ਸੀ ਦਿਖਾਇਆ?

2 ਮੱਤੀ ਦੀ ਇੰਜੀਲ ਤੋਂ ਜ਼ਾਹਰ ਹੈ ਕਿ ਉਸ ਮੌਕੇ ਤੇ ਯਿਸੂ ਨਾ ਸਿਰਫ਼ ਹੈਕਲ ਨੂੰ ਸਾਫ਼ ਕਰਨ ਆਇਆ ਸੀ, ਸਗੋਂ ਉਸ ਨੇ ਲੋਕਾਂ ਨੂੰ ਚੰਗਾ ਵੀ ਕੀਤਾ। ਉਸ ਨੇ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੀਆਂ ਅਤੇ ਲੰਗੜਿਆਂ ਨੂੰ ਰਾਜ਼ੀ ਕੀਤਾ। (ਮੱਤੀ 21:14) ਲੂਕਾ ਦੀ ਇੰਜੀਲ ਯਿਸੂ ਦੇ ਹੋਰ ਕੰਮਾਂ ਦਾ ਵੀ ਜ਼ਿਕਰ ਕਰਦੀ ਹੈ: “ਉਹ ਹੈਕਲ ਵਿੱਚ ਰੋਜ਼ ਦਿਹਾੜੇ ਉਪਦੇਸ਼ ਕਰਦਾ ਸੀ।” (ਲੂਕਾ 19:47; 20:1) ਯਿਸੂ ਦੇ ਕੰਮਾਂ ਤੋਂ ਸਾਫ਼ ਜ਼ਾਹਰ ਹੈ ਕਿ ਉਸ ਨੇ ਸੇਵਕਾਈ ਲਈ ਬਹੁਤ ਜੋਸ਼ ਦਿਖਾਇਆ।

3 ਪੌਲੁਸ ਰਸੂਲ ਨੇ ਬਾਅਦ ਵਿਚ ਤੀਤੁਸ ਨੂੰ ਚਿੱਠੀ ਵਿਚ ਲਿਖ ਕੇ ਕਿਹਾ ਕਿ ਯਿਸੂ ਨੇ “ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।” (ਤੀਤੁ. 2:14) ਅੱਜ ਅਸੀਂ ਕਿਨ੍ਹਾਂ ਤਰੀਕਿਆਂ ਨਾਲ “ਸ਼ੁਭ ਕਰਮਾਂ ਵਿੱਚ ਸਰਗਰਮ” ਹੋ ਸਕਦੇ ਹਾਂ? ਨਾਲੇ ਸਾਨੂੰ ਯਹੂਦਾਹ ਦੇ ਚੰਗੇ ਰਾਜਿਆਂ ਦੀਆਂ ਮਿਸਾਲਾਂ ਤੋਂ ਕਿਵੇਂ ਹੌਸਲਾ ਮਿਲ ਸਕਦਾ ਹੈ?

ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਸਰਗਰਮ ਹੋਵੋ

4, 5. ਯਹੂਦਾਹ ਦੇ ਚਾਰ ਰਾਜਿਆਂ ਨੇ ਕਿਹੜੇ-ਕਿਹੜੇ ਤਰੀਕਿਆਂ ਨਾਲ ਚੰਗੇ ਕੰਮਾਂ ਲਈ ਗਰਮਜੋਸ਼ੀ ਦਿਖਾਈ?

4 ਆਸਾ, ਯਹੋਸ਼ਾਫ਼ਾਟ, ਹਿਜ਼ਕੀਯਾਹ ਅਤੇ ਯੋਸੀਯਾਹ ਨੇ ਮੂਰਤੀ-ਪੂਜਾ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਮੁਹਿੰਮਾਂ ਚਲਾਈਆਂ। ਰਾਜਾ ਆਸਾ ਨੇ “ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਅਸਥਾਨਾਂ ਨੂੰ ਚੁੱਕ ਦਿੱਤਾ ਅਤੇ ਥੰਮ੍ਹਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ।” (2 ਇਤ. 14:3) ਰਾਜਾ ਯਹੋਸ਼ਾਫ਼ਾਟ ਨੇ ਵੀ ਯਹੋਵਾਹ ਦੀ ਭਗਤੀ ਲਈ ਖੂਬ ਜੋਸ਼ ਦਿਖਾਇਆ। ਉਸ ਨੇ “ਉੱਚੇ ਅਸਥਾਨਾਂ ਅਤੇ ਟੁੰਡਾਂ ਨੂੰ ਯਹੂਦਾਹ ਵਿੱਚੋਂ ਦੂਰ ਕਰ ਦਿੱਤਾ।”—2 ਇਤ. 17:6; 19:3. *

5 ਰਾਜਾ ਹਿਜ਼ਕੀਯਾਹ ਨੇ ਯਰੂਸ਼ਲਮ ਵਿਚ ਪਸਾਹ ਮਨਾਉਣ ਦਾ ਪ੍ਰਬੰਧ ਕੀਤਾ ਜੋ ਸੱਤ ਦਿਨ ਚੱਲਦਾ ਰਿਹਾ। ਤਿਉਹਾਰ ਤੋਂ ਬਾਅਦ “ਸਾਰੇ ਇਸਰਾਏਲੀ ਜੋ ਹਾਜ਼ਰ ਸਨ ਯਹੂਦਾਹ ਦੇ ਸ਼ਹਿਰਾਂ ਵਿੱਚ ਗਏ ਅਰ ਸਾਰੇ ਯਹੂਦਾਹ ਅਰ ਬਿਨਯਾਮੀਨ ਦੇ ਸਗੋਂ ਅਫਰਈਮ ਅਤੇ ਮਨੱਸ਼ਹ ਦੇ ਵੀ ਥੰਮ੍ਹਾਂ ਨੂੰ ਟੋਟੇ ਟੋਟੇ ਕੀਤਾ ਅਤੇ ਟੁੰਡਾਂ ਨੂੰ ਵੱਢ ਸੁੱਟਿਆ ਅਤੇ ਉੱਚੇ ਅਸਥਾਨਾਂ ਅਤੇ ਜਗਵੇਦੀਆਂ ਨੂੰ ਢਾਹ ਦਿੱਤਾ ਇੱਥੋਂ ਤੀਕ ਕਿ ਉਨ੍ਹਾਂ ਸਾਰਿਆਂ ਨੂੰ ਮੇਟ ਦਿੱਤਾ।” (2 ਇਤ. 31:1) ਯੋਸੀਯਾਹ ਸਿਰਫ਼ ਅੱਠ ਸਾਲਾਂ ਦੀ ਉਮਰ ਤੇ ਰਾਜਾ ਬਣ ਗਿਆ ਸੀ। ਬਾਈਬਲ ਦੱਸਦੀ ਹੈ: “ਆਪਣੇ ਰਾਜ ਦੇ ਅੱਠਵੇਂ ਵਰਹੇ ਜਦ ਉਹ ਮੁੰਡਾ ਹੀ ਸੀ ਉਹ ਆਪਣੇ ਪਿਤਾ ਦਾਊਦ ਦੇ ਪਰਮੇਸ਼ੁਰ ਦਾ ਤਾਲਿਬ ਹੋਇਆ ਅਤੇ ਬਾਰਵੇਂ ਵਰਹੇ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਉੱਚੇ ਅਸਥਾਨਾਂ ਅਰ ਟੁੰਡਾਂ ਦੇ ਦੇਵਤਿਆਂ ਤੋਂ ਅਰ ਘੜੀਆਂ ਹੋਈਆਂ ਅਰ ਢਾਲੀਆਂ ਹੋਈਆਂ ਮੂਰਤਾਂ ਤੋਂ ਸਾਫ਼ ਕਰਨ ਲੱਗਾ।” (2 ਇਤ. 34:3) ਯਹੂਦਾਹ ਦੇ ਚਾਰ ਰਾਜਿਆਂ ਦੇ ਬਿਰਤਾਂਤਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਚੰਗੇ ਕੰਮਾਂ ਲਈ ਗਰਮਜੋਸ਼ੀ ਦਿਖਾਈ।

6. ਸਾਡੀ ਸੇਵਕਾਈ ਦੀ ਤੁਲਨਾ ਯਹੂਦਾਹ ਦੇ ਵਫ਼ਾਦਾਰ ਰਾਜਿਆਂ ਦੀਆਂ ਮੁਹਿੰਮਾਂ ਨਾਲ ਕਿਉਂ ਕੀਤੀ ਜਾ ਸਕਦੀ ਹੈ?

6 ਅਸੀਂ ਵੀ ਉਨ੍ਹਾਂ ਰਾਜਿਆਂ ਦੀਆਂ ਮੁਹਿੰਮਾਂ ਵਰਗਾ ਕੰਮ ਕਰਨ ਵਿਚ ਲੱਗੇ ਹੋਏ ਹਾਂ। ਅਸੀਂ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਤੋਂ ਆਜ਼ਾਦ ਹੋਣ ਅਤੇ ਮੂਰਤੀ-ਪੂਜਾ ਤੋਂ ਛੁਟਕਾਰਾ ਪਾਉਣ ਵਿਚ ਲੋਕਾਂ ਦੀ ਮਦਦ ਕਰ ਰਹੇ ਹਾਂ। ਜਦੋਂ ਅਸੀਂ ਘਰ-ਘਰ ਪ੍ਰਚਾਰ ਕਰਨ ਜਾਂਦੇ ਹਾਂ, ਤਾਂ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹਾਂ। (1 ਤਿਮੋ. 2:4) ਇਕ ਪੂਰਬੀ ਦੇਸ਼ ਦੀ ਇਕ ਕੁੜੀ ਦੀ ਮਿਸਾਲ ’ਤੇ ਗੌਰ ਕਰੋ। ਉਸ ਨੂੰ ਯਾਦ ਹੈ ਕਿ ਉਸ ਦੇ ਘਰ ਵਿਚ ਉਸ ਦੀ ਮਾਂ ਕਈ ਮੂਰਤੀਆਂ ਦੀ ਪੂਜਾ ਕਰਦਿਆਂ ਰੀਤਾਂ-ਰਸਮਾਂ ਨਿਭਾਉਂਦੀ ਹੁੰਦੀ ਸੀ। ਉਸ ਕੁੜੀ ਨੇ ਸੋਚਿਆ, ‘ਭਲਾ, ਇਨ੍ਹਾਂ ਮੂਰਤੀਆਂ ਵਿਚ ਸੱਚਾ ਪਰਮੇਸ਼ੁਰ ਵਸ ਸਕਦਾ ਹੈ?’ ਇਸ ਲਈ ਉਹ ਅਕਸਰ ਪ੍ਰਾਰਥਨਾ ਕਰਿਆ ਕਰਦੀ ਸੀ ਕਿ ਸੱਚਾ ਪਰਮੇਸ਼ੁਰ ਆਪਣੀ ਪਛਾਣ ਕਰਾਵੇ ਕਿ ਉਹ ਕੌਣ ਹੈ। ਫਿਰ ਇਕ ਦਿਨ ਉਸ ਦੇ ਘਰ ਦਾ ਦਰਵਾਜ਼ਾ ਖੜਕਿਆ। ਜਦ ਉਸ ਨੇ ਦਰਵਾਜ਼ਾ ਖੋਲ੍ਹਿਆ, ਤਾਂ ਉਸ ਨੇ ਦੋ ਗਵਾਹਾਂ ਨੂੰ ਦੇਖਿਆ ਜੋ ਉਸ ਨੂੰ ਦੱਸਣ ਆਏ ਸਨ ਕਿ ਸੱਚੇ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਉਹ ਕਿੰਨੀ ਖ਼ੁਸ਼ ਸੀ ਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੂਰਤੀਆਂ ਸੱਚਾ ਪਰਮੇਸ਼ੁਰ ਨਹੀਂ ਹਨ! ਹੁਣ ਉਹ ਸੇਵਕਾਈ ਵਿਚ ਬਾਕਾਇਦਾ ਹਿੱਸਾ ਲੈ ਕੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣ ਵਿਚ ਬਹੁਤ ਜੋਸ਼ ਦਿਖਾ ਰਹੀ ਹੈ ਜੋ ਕਾਬਲ-ਏ-ਤਾਰੀਫ਼ ਹੈ।—ਜ਼ਬੂ. 83:18; 115:4-8; 1 ਯੂਹੰ. 5:21.

7. ਅਸੀਂ ਉਨ੍ਹਾਂ ਸਿਖਾਉਣ ਵਾਲਿਆਂ ਦੀ ਕਿਵੇਂ ਰੀਸ ਕਰ ਸਕਦੇ ਹਾਂ ਜਿਨ੍ਹਾਂ ਨੂੰ ਯਹੋਸ਼ਾਫ਼ਾਟ ਨੇ ਪੂਰੇ ਦੇਸ਼ ਵਿਚ ਲੋਕਾਂ ਨੂੰ ਸਿਖਲਾਈ ਦੇਣ ਲਈ ਘੱਲਿਆ ਸੀ?

7 ਜਦੋਂ ਅਸੀਂ ਘਰ-ਘਰ ਪ੍ਰਚਾਰ ਕਰਦੇ ਹਾਂ, ਤਾਂ ਕੀ ਅਸੀਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ? ਦਿਲਚਸਪੀ ਦੀ ਗੱਲ ਹੈ ਕਿ ਆਪਣੇ ਸ਼ਾਸਨ ਦੇ ਤੀਜੇ ਸਾਲ ਵਿਚ ਯਹੋਸ਼ਾਫ਼ਾਟ ਨੇ ਪੰਜ ਰਾਜਕੁਮਾਰਾਂ, ਨੌਂ ਲੇਵੀਆਂ ਅਤੇ ਦੋ ਜਾਜਕਾਂ ਨੂੰ ਆਪਣੇ ਕੋਲ ਸੱਦਿਆ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਸ਼ਹਿਰਾਂ ਵਿਚ ਜਾ ਕੇ ਲੋਕਾਂ ਨੂੰ ਯਹੋਵਾਹ ਦੀ ਬਿਵਸਥਾ ਸਿਖਾਉਣ। ਉਨ੍ਹਾਂ ਨੇ ਇੰਨੇ ਵਧੀਆ ਢੰਗ ਨਾਲ ਸਿਖਾਇਆ ਕਿ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕਾਂ ਉੱਤੇ ਯਹੋਵਾਹ ਦਾ ਡਰ ਛਾ ਗਿਆ ਸੀ। (2 ਇਤਹਾਸ 17:9, 10 ਪੜ੍ਹੋ।) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਜਦੋਂ ਅਸੀਂ ਵੱਖ-ਵੱਖ ਸਮੇਂ ਅਤੇ ਅਲੱਗ-ਅਲੱਗ ਦਿਨਾਂ ਤੇ ਪ੍ਰਚਾਰ ਕਰਦੇ ਹਾਂ, ਤਾਂ ਸ਼ਾਇਦ ਸਾਨੂੰ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਵੀ ਗੱਲ ਕਰਨ ਦਾ ਮੌਕਾ ਮਿਲੇ।

8. ਅਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ?

8 ਸਾਡੇ ਦਿਨਾਂ ਵਿਚ ਯਹੋਵਾਹ ਦੇ ਕਈ ਭਗਤ ਆਪਣਾ ਘਰ-ਬਾਰ ਛੱਡ ਕੇ ਉਨ੍ਹਾਂ ਥਾਵਾਂ ’ਤੇ ਗਏ ਹਨ ਜਿੱਥੇ ਜੋਸ਼ੀਲੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕੀ ਤੁਸੀਂ ਵੀ ਇੱਦਾਂ ਕਰ ਸਕਦੇ ਹੋ? ਸ਼ਾਇਦ ਅਸੀਂ ਹੋਰ ਥਾਂ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ। ਲੇਕਿਨ ਅਸੀਂ ਸ਼ਾਇਦ ਆਪਣੇ ਇਲਾਕੇ ਵਿਚ ਉਨ੍ਹਾਂ ਲੋਕਾਂ ਨਾਲ ਗੱਲ ਕਰ ਸਕਦੇ ਹਾਂ ਜੋ ਦੂਸਰੀ ਭਾਸ਼ਾ ਬੋਲਦੇ ਹਨ। ਰੌਨ ਦੀ ਮਿਸਾਲ ਲੈ ਲਓ ਜੋ 81 ਸਾਲਾਂ ਦਾ ਹੈ। ਉਹ ਆਪਣੇ ਇਲਾਕੇ ਵਿਚ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੂੰ ਮਿਲਦਾ ਹੈ ਜਿਸ ਕਰਕੇ ਉਸ ਨੇ 32 ਭਾਸ਼ਾਵਾਂ ਵਿਚ ‘ਨਮਸਕਾਰ’ ਕਹਿਣਾ ਸਿੱਖਿਆ! ਹਾਲ ਹੀ ਵਿਚ ਰੌਨ ਨੂੰ ਸੜਕ ਤੇ ਇਕ ਸ਼ਾਦੀ-ਸ਼ੁਦਾ ਜੋੜਾ ਮਿਲਿਆ ਜੋ ਅਫ਼ਰੀਕਾ ਤੋਂ ਸੀ। ਰੌਨ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਯੋਰੱਬਾ ਵਿਚ ਨਮਸਕਾਰ ਕਿਹਾ। ਉਨ੍ਹਾਂ ਨੇ ਰੌਨ ਨੂੰ ਪੁੱਛਿਆ ਕਿ ਕੀ ਉਹ ਕਦੇ ਅਫ਼ਰੀਕਾ ਗਿਆ ਹੈ। ਜਦੋਂ ਰੌਨ ਨੇ ਕਿਹਾ, “ਨਹੀਂ,” ਤਾਂ ਉਨ੍ਹਾਂ ਨੇ ਪੁੱਛਿਆ ਕਿ ਉਹ ਉਨ੍ਹਾਂ ਦੀ ਭਾਸ਼ਾ ਕਿਵੇਂ ਜਾਣਦਾ ਹੈ। ਇਸ ਤੋਂ ਬਾਅਦ ਗੱਲ ਅੱਗੇ ਤੁਰੀ ਅਤੇ ਰੌਨ ਨੇ ਉਨ੍ਹਾਂ ਨੂੰ ਚੰਗੀ ਗਵਾਹੀ ਦਿੱਤੀ। ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਰਸਾਲੇ ਲੈ ਲਏ ਅਤੇ ਆਪਣਾ ਅਤਾ-ਪਤਾ ਵੀ ਦੱਸਿਆ। ਰੌਨ ਨੇ ਅੱਗੋਂ ਆਪਣੀ ਕਲੀਸਿਯਾ ਨੂੰ ਉਨ੍ਹਾਂ ਦਾ ਪਤਾ ਦੱਸਿਆ ਤਾਂਕਿ ਉਹ ਜੋੜਾ ਬਾਈਬਲ ਸਟੱਡੀ ਕਰ ਸਕੇ।

9. ਪ੍ਰਚਾਰ ਕਰਦਿਆਂ ਬਾਈਬਲ ਵਿੱਚੋਂ ਆਇਤਾਂ ਪੜ੍ਹ ਕੇ ਸੁਣਾਉਣੀਆਂ ਕਿਉਂ ਜ਼ਰੂਰੀ ਹਨ? ਇਕ ਮਿਸਾਲ ਦਿਓ।

9 ਯਹੋਸ਼ਾਫ਼ਾਟ ਦੇ ਹੁਕਮ ਅਨੁਸਾਰ ਜਿਹੜੇ ਬੰਦੇ ਪੂਰੇ ਦੇਸ਼ ਵਿਚ ਸਿਖਾਉਣ ਗਏ ਸਨ, ਉਹ ਆਪਣੇ ਨਾਲ “ਯਹੋਵਾਹ ਦੀ ਬਿਵਸਥਾ ਦੀ ਪੋਥੀ” ਲੈ ਕੇ ਗਏ ਸਨ। ਬਾਈਬਲ ਪਰਮੇਸ਼ੁਰ ਦਾ ਬਚਨ ਹੈ, ਇਸ ਲਈ ਅਸੀਂ ਦੁਨੀਆਂ ਭਰ ਵਿਚ ਲੋਕਾਂ ਨੂੰ ਬਾਈਬਲ ਵਿੱਚੋਂ ਸਿੱਖਿਆ ਦਿੰਦੇ ਹਾਂ। ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ, ਤਾਂ ਅਸੀਂ ਲੋਕਾਂ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ। ਇਕ ਦਿਨ ਸਾਡੀ ਭੈਣ ਲਿੰਡਾ ਪ੍ਰਚਾਰ ਕਰ ਰਹੀ ਸੀ। ਉਸ ਨੂੰ ਇਕ ਤੀਵੀਂ ਨੇ ਕਿਹਾ ਕਿ ਉਸ ਦੇ ਪਤੀ ਨੂੰ ਦੌਰਾ ਪੈ ਗਿਆ ਅਤੇ ਉਸ ਦੀ ਦੇਖ-ਭਾਲ ਕਰਨ ਦੀ ਜ਼ਰੂਰਤ ਸੀ। ਉਸ ਨੇ ਉਦਾਸ ਹੋ ਕੇ ਕਿਹਾ: “ਪਤਾ ਨਹੀਂ ਕਿ ਰੱਬ ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਿਹਾ ਹੈ।” ਲਿੰਡਾ ਨੇ ਜਵਾਬ ਦਿੱਤਾ: “ਕੀ ਮੈਂ ਤੈਨੂੰ ਬਾਈਬਲ ਵਿੱਚੋਂ ਕੁਝ ਪੜ੍ਹ ਕੇ ਸੁਣਾ ਸਕਦੀ ਹਾਂ?” ਉਸ ਨੇ ਫਿਰ ਯਾਕੂਬ 1:13 ਪੜ੍ਹਿਆ ਅਤੇ ਕਿਹਾ: “ਸਾਡੇ ਅਜ਼ੀਜ਼ ਅਤੇ ਅਸੀਂ ਜੋ ਵੀ ਦੁੱਖ ਭੋਗਦੇ ਹਾਂ, ਉਹ ਪਰਮੇਸ਼ੁਰ ਵੱਲੋਂ ਸਜ਼ਾ ਨਹੀਂ ਹਨ।” ਇਹ ਸੁਣ ਕੇ ਉਸ ਤੀਵੀਂ ਨੇ ਲਿੰਡਾ ਨੂੰ ਪਿਆਰ ਨਾਲ ਜੱਫੀ ਪਾਈ। ਲਿੰਡਾ ਕਹਿੰਦੀ ਹੈ: “ਬਾਈਬਲ ਵਿੱਚੋਂ ਆਇਤਾਂ ਪੜ੍ਹ ਕੇ ਮੈਂ ਉਸ ਨੂੰ ਹੌਸਲਾ ਦਿੱਤਾ। ਕਦੇ-ਕਦੇ ਇੱਦਾਂ ਹੁੰਦਾ ਹੈ ਕਿ ਜਿਹੜੀਆਂ ਆਇਤਾਂ ਅਸੀਂ ਲੋਕਾਂ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਉਂਦੇ ਹਾਂ, ਉਹ ਆਇਤਾਂ ਉਨ੍ਹਾਂ ਨੇ ਕਦੀ ਸੁਣੀਆਂ ਨਹੀਂ ਹੁੰਦੀਆਂ।” ਉਸ ਗੱਲਬਾਤ ਦੇ ਨਤੀਜੇ ਵਜੋਂ ਲਿੰਡਾ ਹੁਣ ਉਸ ਤੀਵੀਂ ਨੂੰ ਹਰ ਹਫ਼ਤੇ ਬਾਈਬਲ ਸਟੱਡੀ ਕਰਾਉਂਦੀ ਹੈ।

ਜੋਸ਼ ਨਾਲ ਸੇਵਾ ਕਰਨ ਵਾਲੇ ਨੌਜਵਾਨ

10. ਯੋਸੀਯਾਹ ਨੇ ਅੱਜ ਦੇ ਮਸੀਹੀ ਨੌਜਵਾਨਾਂ ਲਈ ਕਿਵੇਂ ਚੰਗੀ ਮਿਸਾਲ ਕਾਇਮ ਕੀਤੀ?

10 ਆਓ ਆਪਾਂ ਯੋਸੀਯਾਹ ਦੀ ਮਿਸਾਲ ’ਤੇ ਦੁਬਾਰਾ ਗੌਰ ਕਰੀਏ। ਅਸੀਂ ਦੇਖਿਆ ਕਿ ਉਸ ਨੇ ਆਪਣੀ ਜਵਾਨੀ ਤੋਂ ਹੀ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕੀਤੀ ਸੀ ਅਤੇ 20 ਸਾਲਾਂ ਦੀ ਉਮਰ ਤੇ ਉਸ ਨੇ ਮੂਰਤੀ-ਪੂਜਾ ਨੂੰ ਜੜ੍ਹੋਂ ਉਖਾੜਨ ਲਈ ਪੂਰੇ ਦੇਸ਼ ਵਿਚ ਮੁਹਿੰਮ ਚਲਾਈ। (2 ਇਤਹਾਸ 34:1-3 ਪੜ੍ਹੋ।) ਅੱਜ ਅਣਗਿਣਤ ਨੌਜਵਾਨ ਆਪਣੀ ਸੇਵਕਾਈ ਵਿਚ ਇਸੇ ਤਰ੍ਹਾਂ ਦਾ ਜੋਸ਼ ਦਿਖਾਉਂਦੇ ਹਨ।

11–13. ਜੋਸ਼ ਨਾਲ ਯਹੋਵਾਹ ਦੀ ਭਗਤੀ ਕਰਨ ਵਾਲੇ ਅੱਜ ਦੇ ਨੌਜਵਾਨਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

11 ਜ਼ਰਾ ਹਾਨਾ ਦੀ ਮਿਸਾਲ ’ਤੇ ਗੌਰ ਕਰੋ ਜੋ ਇੰਗਲੈਂਡ ਵਿਚ ਰਹਿੰਦੀ ਹੈ। ਉਹ 13 ਸਾਲਾਂ ਦੀ ਸੀ ਅਤੇ ਸਕੂਲ ਵਿਚ ਫ੍ਰੈਂਚ ਭਾਸ਼ਾ ਸਿੱਖਦੀ ਸੀ ਜਦੋਂ ਉਸ ਨੇ ਸੁਣਿਆ ਕਿ ਲਾਗਲੇ ਕਸਬੇ ਵਿਚ ਫ੍ਰੈਂਚ ਭਾਸ਼ਾ ਵਿਚ ਗਰੁੱਪ ਸ਼ੁਰੂ ਹੋਇਆ ਹੈ। ਉੱਥੇ ਦੀਆਂ ਮੀਟਿੰਗਾਂ ਵਿਚ ਉਸ ਦੇ ਪਿਤਾ ਵੀ ਉਸ ਨਾਲ ਜਾਣ ਲੱਗੇ। ਅੱਜ ਹਾਨਾ 18 ਸਾਲਾਂ ਦੀ ਹੈ ਤੇ ਉਹ ਜੋਸ਼ ਨਾਲ ਰੈਗੂਲਰ ਪਾਇਨੀਅਰ ਵਜੋਂ ਫ੍ਰੈਂਚ ਭਾਸ਼ਾ ਵਿਚ ਗਵਾਹੀ ਦਿੰਦੀ ਹੈ। ਕੀ ਤੁਸੀਂ ਵੀ ਨਵੀਂ ਭਾਸ਼ਾ ਸਿੱਖ ਸਕਦੇ ਹੋ ਅਤੇ ਯਹੋਵਾਹ ਬਾਰੇ ਸਿੱਖਣ ਵਿਚ ਦੂਸਰਿਆਂ ਦੀ ਮਦਦ ਕਰ ਸਕਦੇ ਹੋ?

12 ਰੇਚਲ ਨੂੰ ਉਹ ਟੀਚੇ ਰੱਖੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖ ਕੇ ਬਹੁਤ ਮਜ਼ਾ ਆਇਆ। ਰੇਚਲ ਨੇ ਯਹੋਵਾਹ ਦੀ ਸੇਵਾ 1995 ਵਿਚ ਕਰਨੀ ਸ਼ੁਰੂ ਕੀਤੀ ਸੀ। ਉਸ ਸਮੇਂ ਬਾਰੇ ਯਾਦ ਕਰਦਿਆਂ ਉਹ ਕਹਿੰਦੀ ਹੈ: “ਮੈਨੂੰ ਲੱਗਾ ਕਿ ਮੈਂ ਪਰਮੇਸ਼ੁਰ ਦੀ ਸੇਵਾ ਵਿਚ ਕਾਫ਼ੀ ਕੁਝ ਕਰ ਰਹੀ ਸਾਂ।” ਫਿਰ ਉਹ ਕਹਿੰਦੀ ਹੈ: “ਵਿਡਿਓ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਕੁਝ ਵੀ ਨਹੀਂ ਕਰ ਰਹੀ। ਮੈਨੂੰ ਸੱਚਾਈ ਲਈ ਜੱਦੋ-ਜਹਿਦ ਕਰਨੀ ਪਵੇਗੀ ਅਤੇ ਮੈਨੂੰ ਮਿਹਨਤ ਨਾਲ ਸੇਵਕਾਈ ਅਤੇ ਬਾਈਬਲ ਦਾ ਅਧਿਐਨ ਕਰਨਾ ਪਵੇਗਾ।” ਅੱਜ ਰੇਚਲ ਯਹੋਵਾਹ ਦੀ ਸੇਵਾ ਹੋਰ ਵੀ ਜੋਸ਼ ਨਾਲ ਕਰਦੀ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਉਹ ਕਹਿੰਦੀ ਹੈ: “ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਪੱਕਾ ਹੋਇਆ ਹੈ। ਮੇਰੀਆਂ ਪ੍ਰਾਰਥਨਾਵਾਂ ’ਤੇ ਵੀ ਬਹੁਤ ਚੰਗਾ ਅਸਰ ਪਿਆ ਹੈ, ਮੈਂ ਹੋਰ ਵੀ ਡੂੰਘਾਈ ਨਾਲ ਅਧਿਐਨ ਕਰਦੀ ਹਾਂ ਜਿਸ ਤੋਂ ਮੈਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ ਅਤੇ ਬਾਈਬਲ ਦੇ ਬਿਰਤਾਂਤ ਮੇਰੇ ਲਈ ਅਸਲੀ ਬਣ ਜਾਂਦੇ ਹਨ। ਇਹ ਸਭ ਕਰ ਕੇ ਮੈਨੂੰ ਪ੍ਰਚਾਰ ਕੰਮ ਵਿਚ ਬੇਹੱਦ ਖ਼ੁਸ਼ੀ ਮਿਲਦੀ ਹੈ ਅਤੇ ਜਦੋਂ ਮੈਂ ਦੇਖਦੀ ਹਾਂ ਕਿ ਯਹੋਵਾਹ ਦਾ ਬਚਨ ਲੋਕਾਂ ਨੂੰ ਹੌਸਲਾ ਦਿੰਦਾ ਹੈ, ਤਾਂ ਮੇਰੀ ਖ਼ੁਸ਼ੀ ਦੁੱਗਣੀ ਹੋ ਜਾਂਦੀ ਹੈ।”

13 ਲੂਕ ਇਕ ਨੌਜਵਾਨ ਹੈ ਜਿਸ ਨੂੰ ਨੌਜਵਾਨ ਪੁੱਛਦੇ ਹਨ—ਮੈਂ ਜ਼ਿੰਦਗੀ ਵਿਚ ਕੀ ਬਣਾਂ? (ਅੰਗ੍ਰੇਜ਼ੀ) ਨਾਮਕ ਵਿਡਿਓ ਤੋਂ ਉਤਸ਼ਾਹ ਮਿਲਿਆ। ਵਿਡਿਓ ਦੇਖਣ ਤੋਂ ਬਾਅਦ ਉਹ ਲਿਖਦਾ ਹੈ: “ਮੈਂ ਇਹ ਸੋਚਣ ਲਈ ਮਜਬੂਰ ਹੋਇਆ ਕਿ ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰ ਰਿਹਾ ਹਾਂ।” ਉਹ ਕਹਿੰਦਾ ਹੈ: “ਮੇਰੇ ਤੇ ਉੱਚ-ਵਿੱਦਿਆ ਹਾਸਲ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ ਤਾਂਕਿ ਪਹਿਲਾਂ ਮੈਂ ਦੁਨੀਆਂ ਵਿਚ ਕੁਝ ਬਣ ਜਾਵਾਂ ਅਤੇ ਬਾਅਦ ਵਿਚ ਯਹੋਵਾਹ ਦੀ ਸੇਵਾ ਸੰਬੰਧੀ ਟੀਚੇ ਰੱਖਾਂ। ਪਰ ਅਜਿਹੇ ਦਬਾਅ ਕਰਕੇ ਤੁਹਾਡਾ ਨਾਤਾ ਯਹੋਵਾਹ ਨਾਲ ਕਦੇ ਵੀ ਪੱਕਾ ਨਹੀਂ ਹੁੰਦਾ, ਸਗੋਂ ਕਮਜ਼ੋਰ ਪੈ ਜਾਂਦਾ ਹੈ।” ਪਿਆਰੇ ਨੌਜਵਾਨ ਭੈਣੋ ਤੇ ਭਰਾਵੋ, ਕਿਉਂ ਨਾ ਸਕੂਲ ਵਿਚ ਸਿੱਖੀਆਂ ਗੱਲਾਂ ਨੂੰ ਆਪਣੇ ਪ੍ਰਚਾਰ ਕੰਮ ਵਿਚ ਅਜ਼ਮਾ ਕੇ ਦੇਖੋ ਜਿਸ ਤਰ੍ਹਾਂ ਹਾਨਾ ਨੇ ਕੀਤਾ? ਨਾਲੇ ਕਿਉਂ ਨਾ ਰੇਚਲ ਦੀ ਮਿਸਾਲ ’ਤੇ ਚੱਲ ਕੇ ਦੇਖੋ ਜਿਸ ਨੇ ਉਹ ਟੀਚੇ ਰੱਖ ਕੇ ਜੋਸ਼ ਦਿਖਾਇਆ ਜੋ ਸੱਚ-ਮੁੱਚ ਪਰਮੇਸ਼ੁਰ ਨੂੰ ਵਡਿਆਉਂਦੇ ਹਨ? ਲੂਕ ਦੀ ਰੀਸ ਕਰੋ ਜਿਸ ਨੇ ਆਪਣੇ ਆਪ ਨੂੰ ਕਈ ਖ਼ਤਰਿਆਂ ਤੋਂ ਬਚਾਇਆ ਹੈ ਜਿਨ੍ਹਾਂ ਵਿਚ ਅਕਸਰ ਨੌਜਵਾਨ ਫਸ ਜਾਂਦੇ ਹਨ।

ਚੇਤਾਵਨੀਆਂ ਸੁਣ ਕੇ ਫਟਾਫਟ ਕਦਮ ਚੁੱਕੋ

14. ਯਹੋਵਾਹ ਕਿਸ ਤਰ੍ਹਾਂ ਦੀ ਭਗਤੀ ਚਾਹੁੰਦਾ ਹੈ ਅਤੇ ਯਹੋਵਾਹ ਦੇ ਲੋਕਾਂ ਲਈ ਨੈਤਿਕ ਅਸੂਲਾਂ ’ਤੇ ਚੱਲਣਾ ਕਿਉਂ ਇੰਨਾ ਮੁਸ਼ਕਲ ਹੈ?

14 ਯਹੋਵਾਹ ਦੇ ਲੋਕਾਂ ਨੂੰ ਸ਼ੁੱਧ ਰਹਿਣ ਦੀ ਲੋੜ ਹੈ ਜੇ ਉਹ ਚਾਹੁੰਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਭਗਤੀ ਨੂੰ ਕਬੂਲ ਕਰੇ। ਯਸਾਯਾਹ ਨਬੀ ਕਹਿੰਦਾ ਹੈ: “ਤੁਰਦੇ ਹੋਵੋ, ਤੁਰਦੇ ਹੋਵੋ, ਉੱਥੋਂ ਨਿੱਕਲ ਜਾਓ! ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ, [ਬਾਬਲ] ਦੇ ਵਿਚਕਾਰੋਂ ਨਿੱਕਲ ਜਾਓ! ਆਪ ਨੂੰ ਸਾਫ਼ ਕਰੋ, ਤੁਸੀਂ ਜੋ ਯਹੋਵਾਹ ਦੇ ਭਾਂਡੇ ਚੁੱਕਦੇ ਹੋ।” (ਯਸਾ. 52:11) ਯਸਾਯਾਹ ਦੇ ਇਹ ਸ਼ਬਦ ਲਿਖੇ ਜਾਣ ਤੋਂ ਕਈ ਸਾਲ ਪਹਿਲਾਂ, ਰਾਜਾ ਆਸਾ ਨੇ ਨਿਡਰ ਹੋ ਕੇ ਯਹੂਦਾਹ ਵਿੱਚੋਂ ਮੂਰਤੀ-ਪੂਜਾ ਨੂੰ ਖ਼ਤਮ ਕਰਨ ਦੀ ਮੁਹਿੰਮ ਚਲਾਈ ਸੀ। (1 ਰਾਜਿਆਂ 15:11-13 ਪੜ੍ਹੋ।) ਸਦੀਆਂ ਮਗਰੋਂ ਪੌਲੁਸ ਰਸੂਲ ਨੇ ਤੀਤੁਸ ਨੂੰ ਕਿਹਾ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਸ਼ੁੱਧ ਕਰਨ ਲਈ ਆਪਣੇ ਆਪ ਨੂੰ ਦੇ ਦਿੱਤਾ ਤਾਂਕਿ ਉਹ ‘ਸ਼ੁਭ ਕਰਮਾਂ ਵਿੱਚ ਸਰਗਰਮ ਹੋਣ।’ (ਤੀਤੁ. 2:14) ਅੱਜ ਦੁਨੀਆਂ ਬਹੁਤ ਖ਼ਰਾਬ ਹੋ ਚੁੱਕੀ ਹੈ, ਇਸ ਲਈ ਨੌਜਵਾਨਾਂ ਲਈ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਆਸਾਨ ਨਹੀਂ। ਮਿਸਾਲ ਲਈ, ਯਹੋਵਾਹ ਦੇ ਸਾਰੇ ਭਗਤਾਂ ਨੂੰ, ਚਾਹੇ ਉਹ ਨੌਜਵਾਨ ਹੋਣ ਜਾਂ ਬਿਰਧ, ਪੋਰਨੋਗ੍ਰਾਫੀ ਤੋਂ ਬਚਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਅੱਜ-ਕੱਲ੍ਹ ਅਸ਼ਲੀਲ ਤਸਵੀਰਾਂ ਵੱਡੇ-ਵੱਡੇ ਬੋਰਡਾਂ, ਟੀ. ਵੀ. ਸਕ੍ਰੀਨਾਂ ’ਤੇ, ਫਿਲਮਾਂ ਵਿਚ ਅਤੇ ਖ਼ਾਸ ਕਰਕੇ ਇੰਟਰਨੈੱਟ ’ਤੇ ਆਮ ਦੇਖੀਆਂ ਜਾ ਸਕਦੀਆਂ ਹਨ।

15. ਕਿਹੜੀ ਚੀਜ਼ ਸਾਨੂੰ ਗੰਦੀਆਂ ਚੀਜ਼ਾਂ ਤੋਂ ਨਫ਼ਰਤ ਕਰਨ ਵਿਚ ਮਦਦ ਕਰ ਸਕਦੀ ਹੈ?

15 ਜੇ ਅਸੀਂ ਯਹੋਵਾਹ ਵੱਲੋਂ ਦਿੱਤੀਆਂ ਚੇਤਾਵਨੀਆਂ ਨੂੰ ਮੰਨਾਂਗੇ, ਤਾਂ ਅਸੀਂ ਉਨ੍ਹਾਂ ਚੀਜ਼ਾਂ ਤੋਂ ਨਫ਼ਰਤ ਕਰਾਂਗੇ ਜੋ ਬੁਰੀਆਂ ਹਨ। (ਜ਼ਬੂ. 97:10; ਰੋਮੀ. 12:9) ਇਕ ਮਸੀਹੀ ਨੇ ਕਿਹਾ: “ਪੋਰਨੋਗ੍ਰਾਫੀ ਚੁੰਬਕ ਦੀ ਤਰ੍ਹਾਂ ਹੈ ਜੋ ਸਾਨੂੰ ਆਪਣੇ ਵੱਲ ਖਿੱਚਦੀ ਹੈ। ਪੋਰਨੋਗ੍ਰਾਫੀ ਵੱਲ ਖਿੱਚੇ ਜਾਣ ਤੋਂ ਬਚਣ ਲਈ ਸਾਨੂੰ ਇਸ ਤੋਂ ਘਿਣ ਆਉਣੀ ਚਾਹੀਦੀ ਹੈ।” ਮੰਨ ਲਓ ਕਿ ਦੋ ਚੁੰਬਕ ਇਕ-ਦੂਸਰੇ ਨਾਲ ਚਿਪਕੇ ਪਏ ਹਨ। ਉਨ੍ਹਾਂ ਨੂੰ ਅਲੱਗ ਕਰਨ ਲਈ ਤੁਹਾਨੂੰ ਚੁੰਬਕ ਦੀ ਖਿੱਚ ਨਾਲੋਂ ਜ਼ਿਆਦਾ ਜ਼ੋਰ ਲਾਉਣਾ ਪਵੇਗਾ। ਇਸੇ ਤਰ੍ਹਾਂ ਪੋਰਨੋਗ੍ਰਾਫੀ ਦੀ ਖਿੱਚ ਤੋਂ ਬਚਣ ਲਈ ਤੁਹਾਨੂੰ ਕਾਫ਼ੀ ਸੰਘਰਸ਼ ਕਰਨ ਦੀ ਲੋੜ ਹੈ। ਪਰ ਸਾਨੂੰ ਜਾਣਨ ਦੀ ਲੋੜ ਹੈ ਕਿ ਪੋਰਨੋਗ੍ਰਾਫੀ ਸਾਡਾ ਕਿੰਨਾ ਨੁਕਸਾਨ ਕਰ ਸਕਦੀ ਹੈ, ਤਾਹੀਓਂ ਅਸੀਂ ਇਸ ਪ੍ਰਤਿ ਨਫ਼ਰਤ ਪੈਦਾ ਕਰ ਸਕਾਂਗੇ। ਇਕ ਭਰਾ ਨੂੰ ਇੰਟਰਨੈੱਟ ’ਤੇ ਗੰਦੀਆਂ ਸਾਈਟਾਂ ਦੇਖਣ ਦੀ ਆਦਤ ਸੀ, ਪਰ ਉਸ ਨੂੰ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਕਾਫ਼ੀ ਮਿਹਨਤ ਕਰਨੀ ਪਈ। ਉਸ ਨੇ ਆਪਣਾ ਕੰਪਿਊਟਰ ਉਸ ਜਗ੍ਹਾ ’ਤੇ ਰੱਖ ਦਿੱਤਾ ਜਿੱਥੇ ਇਹ ਘਰਦਿਆਂ ਨੂੰ ਨਜ਼ਰ ਆਵੇ। ਇਸ ਤੋਂ ਇਲਾਵਾ, ਉਸ ਨੇ ਆਪਣੇ ਮਨ ਨੂੰ ਸ਼ੁੱਧ ਕਰਨ ਅਤੇ ਚੰਗੇ ਕੰਮਾਂ ਲਈ ਸਰਗਰਮ ਹੋਣ ਦਾ ਪੱਕਾ ਇਰਾਦਾ ਕੀਤਾ। ਪਰ ਉਸ ਨੇ ਕੁਝ ਹੋਰ ਵੀ ਕੀਤਾ। ਬਿਜ਼ਨਿਸ ਦੇ ਮਾਮਲਿਆਂ ਵਿਚ ਉਸ ਨੂੰ ਇੰਟਰਨੈੱਟ ਵਰਤਣ ਦੀ ਲੋੜ ਪੈਂਦੀ ਸੀ, ਇਸ ਲਈ ਉਸ ਨੇ ਫ਼ੈਸਲਾ ਕੀਤਾ ਕਿ ਉਹ ਇੰਟਰਨੈੱਟ ਉਦੋਂ ਹੀ ਵਰਤੇਗਾ ਜਦੋਂ ਉਸ ਦੀ ਪਤਨੀ ਉਸ ਦੇ ਕੋਲ ਹੋਵੇ।

ਚੰਗੇ ਚਾਲ-ਚਲਣ ਦਾ ਅਸਰ

16, 17. ਸਾਡੇ ਚੰਗੇ ਚਾਲ-ਚਲਣ ਦਾ ਦੇਖਣ ਵਾਲਿਆਂ ’ਤੇ ਕਿਹੋ ਜਿਹਾ ਅਸਰ ਪੈਂਦਾ ਹੈ? ਇਕ ਮਿਸਾਲ ਦਿਓ।

16 ਯਹੋਵਾਹ ਦੀ ਭਗਤੀ ਕਰਨ ਵਾਲੇ ਮੁੰਡੇ-ਕੁੜੀਆਂ ਦਾ ਰਵੱਈਆ ਇੰਨਾ ਚੰਗਾ ਹੈ ਕਿ ਦੇਖਣ ਵਾਲੇ ਪ੍ਰਭਾਵਿਤ ਹੋ ਜਾਂਦੇ ਹਨ! (1 ਪਤਰਸ 2:12 ਪੜ੍ਹੋ।) ਜ਼ਰਾ ਇਕ ਆਦਮੀ ਦੀ ਮਿਸਾਲ ’ਤੇ ਗੌਰ ਕਰੋ ਜੋ ਲੰਡਨ ਦੇ ਬੈਥਲ ਵਿਚ ਆਇਆ। ਇਕ ਛਪਾਈ ਮਸ਼ੀਨ ਦੀ ਮੁਰੰਮਤ ਕਰਨ ਤੋਂ ਬਾਅਦ ਉਸ ਦਾ ਯਹੋਵਾਹ ਦੇ ਗਵਾਹਾਂ ਪ੍ਰਤਿ ਰਵੱਈਆ ਹੀ ਬਦਲ ਗਿਆ। ਉਸ ਦੀ ਪਤਨੀ, ਜੋ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੀ ਸੀ, ਨੇ ਵੀ ਉਸ ਵਿਚ ਇਹ ਤਬਦੀਲੀ ਦੇਖੀ। ਪਹਿਲਾਂ ਇਹ ਆਦਮੀ ਨਹੀਂ ਸੀ ਚਾਹੁੰਦਾ ਕਿ ਉਸ ਦੇ ਘਰ ਕੋਈ ਗਵਾਹ ਆਵੇ। ਪਰ ਜਦੋਂ ਉਹ ਬੈਥਲ ਤੋਂ ਬਾਅਦ ਘਰ ਵਾਪਸ ਗਿਆ, ਤਾਂ ਉਸ ਦੇ ਮੂੰਹੋਂ ਭੈਣਾਂ-ਭਰਾਵਾਂ ਦੀਆਂ ਸਿਫ਼ਤਾਂ ਹੀ ਨਿਕਲੀਆਂ। ਉਸ ਨੇ ਕੰਮ ਕਰਦਿਆਂ ਦੇਖਿਆ ਕਿ ਕਿਸੇ ਭੈਣ ਜਾਂ ਭਰਾ ਦੇ ਮੂੰਹੋਂ ਕੋਈ ਗੰਦੀ ਗਾਲ ਨਹੀਂ ਨਿਕਲੀ। ਸਾਰੇ ਉਸ ਨਾਲ ਪਿਆਰ ਨਾਲ ਪੇਸ਼ ਆਏ ਅਤੇ ਮਾਹੌਲ ਸ਼ਾਂਤੀ-ਭਰਿਆ ਸੀ। ਉਹ ਬਹੁਤ ਪ੍ਰਭਾਵਿਤ ਹੋਇਆ ਜਦੋਂ ਉਸ ਨੇ ਦੇਖਿਆ ਕਿ ਨੌਜਵਾਨ ਭੈਣ-ਭਰਾ ਬਿਨਾਂ ਤਨਖ਼ਾਹ ਦੇ ਜੋਸ਼ ਨਾਲ ਕੰਮ ਕਰ ਰਹੇ ਸਨ ਅਤੇ ਆਪਣਾ ਪੂਰਾ ਸਮਾਂ ਤੇ ਤਾਕਤ ਖ਼ੁਸ਼ ਖ਼ਬਰੀ ਨੂੰ ਛਾਪਣ ਵਿਚ ਲਾ ਰਹੇ ਸਨ।

17 ਇਸੇ ਤਰ੍ਹਾਂ ਕੰਮ-ਕਾਜੀ ਭੈਣ-ਭਰਾ ਆਪਣੇ ਘਰ ਦਾ ਗੁਜ਼ਾਰਾ ਤੋਰਨ ਲਈ ਸਖ਼ਤ ਮਿਹਨਤ ਕਰਦੇ ਹਨ। (ਕੁਲੁ. 3:23, 24) ਉਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਕੰਮ ਤੋਂ ਕੱਢਣਾ ਨਹੀਂ ਚਾਹੁੰਦੇ ਕਿਉਂਕਿ ਉਹ ਜਾਣਦੇ ਹਨ ਕਿ ਉਹ ਕਿੰਨੀ ਮਿਹਨਤ ਕਰਦੇ ਹਨ।

18. ਅਸੀਂ ‘ਸ਼ੁਭ ਕਰਮਾਂ ਵਿੱਚ ਸਰਗਰਮ’ ਕਿਵੇਂ ਹੋ ਸਕਦੇ ਹਾਂ?

18 ਯਹੋਵਾਹ ’ਤੇ ਭਰੋਸਾ ਕਰ ਕੇ, ਉਸ ਦੀਆਂ ਹਿਦਾਇਤਾਂ ਨੂੰ ਮੰਨ ਕੇ ਅਤੇ ਭਗਤੀ ਦੀਆਂ ਥਾਵਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਕੇ ਅਸੀਂ ਯਹੋਵਾਹ ਦੇ ਘਰ ਲਈ ਜੋਸ਼ ਦਿਖਾਉਂਦੇ ਹਾਂ। ਇਸ ਤੋਂ ਇਲਾਵਾ, ਅਸੀਂ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣਾ ਚਾਹੁੰਦੇ ਹਾਂ। ਚਾਹੇ ਅਸੀਂ ਨੌਜਵਾਨ ਹਾਂ ਜਾਂ ਬਿਰਧ, ਅਸੀਂ ਯਹੋਵਾਹ ਦੀ ਭਗਤੀ ਨਾਲ ਸੰਬੰਧਿਤ ਸ਼ੁੱਧ ਅਸੂਲਾਂ ’ਤੇ ਚੱਲਣਾ ਚਾਹੁੰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਬਹੁਤ ਸਾਰੀਆਂ ਬਰਕਤਾਂ ਪਾਵਾਂਗੇ। ਨਾਲੇ ਅਸੀਂ ‘ਸ਼ੁਭ ਕਰਮਾਂ ਵਿੱਚ ਸਰਗਰਮ’ ਲੋਕਾਂ ਵਜੋਂ ਜਾਣੇ ਜਾਂਦੇ ਰਹਾਂਗੇ।—ਤੀਤੁ. 2:14.

[ਫੁਟਨੋਟ]

^ ਪੈਰਾ 4 ਸ਼ਾਇਦ ਆਸਾ ਨੇ ਝੂਠੇ ਦੇਵੀ-ਦੇਵਤਿਆਂ ਦੇ ਉੱਚੇ ਅਸਥਾਨਾਂ ਨੂੰ ਢਾਹ ਦਿੱਤਾ ਸੀ। ਪਰ ਉਸ ਨੇ ਉਨ੍ਹਾਂ ਅਸਥਾਨਾਂ ਨੂੰ ਨਹੀਂ ਢਾਹਿਆ ਜਿੱਥੇ ਲੋਕ ਯਹੋਵਾਹ ਦੀ ਭਗਤੀ ਕਰਦੇ ਸਨ। ਜਾਂ ਇਹ ਵੀ ਹੋ ਸਕਦਾ ਹੈ ਕਿ ਆਸਾ ਦੇ ਰਾਜ-ਕਾਲ ਦੇ ਅੰਤ ਵਿਚ ਉੱਚੇ ਅਸਥਾਨ ਮੁੜ ਉਸਾਰੇ ਗਏ ਸਨ ਅਤੇ ਉਸ ਦੇ ਪੁੱਤਰ ਯਹੋਸ਼ਾਫ਼ਾਟ ਨੇ ਉਨ੍ਹਾਂ ਅਸਥਾਨਾਂ ਨੂੰ ਢਾਹ ਦਿੱਤਾ ਸੀ।—1 ਰਾਜ. 15:14; 2 ਇਤ. 15:17.

ਬਾਈਬਲ ਅਤੇ ਆਧੁਨਿਕ ਮਿਸਾਲਾਂ ਤੋਂ ਸਿੱਖ ਕੇ

• ਤੁਸੀਂ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਕਿਵੇਂ ਜੋਸ਼ ਦਿਖਾ ਸਕਦੇ ਹੋ?

• ਮਸੀਹੀ ਨੌਜਵਾਨ ‘ਸ਼ੁਭ ਕਰਮਾਂ ਵਿੱਚ ਸਰਗਰਮ’ ਕਿਵੇਂ ਹੋ ਸਕਦੇ ਹਨ?

• ਤੁਸੀਂ ਬੁਰੀਆਂ ਆਦਤਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਕੀ ਤੁਸੀਂ ਪ੍ਰਚਾਰ ਕਰਦਿਆਂ ਬਾਕਾਇਦਾ ਬਾਈਬਲ ਵਰਤਦੇ ਹੋ?

[ਸਫ਼ਾ 15 ਉੱਤੇ ਤਸਵੀਰ]

ਸਕੂਲ ਵਿਚ ਹੁੰਦਿਆਂ ਦੂਜੀ ਭਾਸ਼ਾ ਸਿੱਖਣ ਨਾਲ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਵਿਚ ਮਦਦ ਮਿਲ ਸਕਦੀ ਹੈ