Skip to content

Skip to table of contents

ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?

ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?

ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?

ਰੂਥ ਡੇਨਾ ਦੀ ਜ਼ਬਾਨੀ

ਮਜ਼ਾਕ-ਮਜ਼ਾਕ ਵਿਚ ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸੀ ਕਿ 1933 ਦਾ ਸਾਲ ਮੁਸੀਬਤਾਂ-ਭਰਿਆ ਸੀ: ਹਿਟਲਰ ਸੱਤਾ ਵਿਚ ਆਇਆ, ਪੋਪ ਨੇ ਇਸ ਸਾਲ ਨੂੰ ਪਵਿੱਤਰ ਐਲਾਨਿਆ ਤੇ ਮੈਂ ਪੈਦਾ ਹੋਈ।

ਮੇਰੇ ਮਾਪੇ ਯੁੱਤਸ ਕਸਬੇ ਵਿਚ ਰਹਿੰਦੇ ਸਨ ਜੋ ਕਿ ਫਰਾਂਸ ਦੇ ਇਤਿਹਾਸਕ ਇਲਾਕੇ ਲਰੈਨ ਵਿਚ ਹੈ ਅਤੇ ਜਰਮਨੀ ਦੀ ਸਰਹੱਦ ਦੇ ਨੇੜੇ ਪੈਂਦਾ ਹੈ। ਮੇਰੇ ਮਾਤਾ ਜੀ ਕੈਥੋਲਿਕ ਧਰਮ ਨੂੰ ਮੰਨਦੇ ਸਨ ਤੇ ਉਨ੍ਹਾਂ ਦਾ ਵਿਆਹ 1921 ਵਿਚ ਮੇਰੇ ਪਿਤਾ ਜੀ ਨਾਲ ਹੋਇਆ ਜੋ ਪ੍ਰੋਟੈਸਟੈਂਟ ਧਰਮ ਨੂੰ ਮੰਨਦੇ ਸਨ। ਮੇਰੀ ਵੱਡੀ ਭੈਣ ਹੈਲਨ 1922 ਵਿਚ ਪੈਦਾ ਹੋਈ ਅਤੇ ਮੇਰੇ ਮਾਪਿਆਂ ਨੇ ਉਸ ਨੂੰ ਕੈਥੋਲਿਕ ਚਰਚ ਵਿਚ ਬਪਤਿਸਮਾ ਦੁਆ ਦਿੱਤਾ ਜਦੋਂ ਉਹ ਕੁਝ ਕੁ ਮਹੀਨਿਆਂ ਦੀ ਸੀ।

1925 ਵਿਚ ਇਕ ਦਿਨ ਪਿਤਾ ਜੀ ਨੂੰ ਜਰਮਨ ਭਾਸ਼ਾ ਵਿਚ ਕਿਤਾਬ ਦ ਹਾਰਪ ਆਫ਼ ਗਾਡ ਮਿਲੀ। ਕਿਤਾਬ ਪੜ੍ਹ ਕੇ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਨੂੰ ਸੱਚਾਈ ਮਿਲ ਗਈ ਸੀ। ਪਿਤਾ ਜੀ ਨੇ ਇਸ ਕਿਤਾਬ ਦੇ ਪ੍ਰਕਾਸ਼ਕਾਂ ਨੂੰ ਲਿਖਿਆ ਤੇ ਉਨ੍ਹਾਂ ਨੇ ਅੱਗੋਂ ਜਰਮਨੀ ਵਿਚ ਪਿਤਾ ਜੀ ਦਾ ਸੰਪਰਕ ਬੀਬਲਫੋਰਸ਼ਰਾਂ (ਯਹੋਵਾਹ ਦੇ ਗਵਾਹਾਂ) ਨਾਲ ਕਰਾ ਦਿੱਤਾ। ਪਿਤਾ ਜੀ ਜਲਦੀ ਉਨ੍ਹਾਂ ਗੱਲਾਂ ਦਾ ਪ੍ਰਚਾਰ ਕਰਨ ਲੱਗ ਪਏ ਜੋ ਉਨ੍ਹਾਂ ਨੇ ਸਿੱਖੀਆਂ ਸਨ। ਪਰ ਮਾਤਾ ਜੀ ਨੂੰ ਇਹ ਚੰਗਾ ਨਹੀਂ ਲੱਗਾ। ਮਾਤਾ ਜੀ ਉਨ੍ਹਾਂ ਨੂੰ ਕਹਿੰਦੇ ਹੁੰਦੇ ਸਨ “ਤੁਸੀਂ ਜੋ ਕਰਨਾ ਕਰੋ, ਪਰ ਉਨ੍ਹਾਂ ਬੀਬਲਫੋਰਸ਼ਰਾਂ ਨਾਲ ਨਾ ਜਾਇਓ!” ਪਰ ਪਿਤਾ ਜੀ ਆਪਣਾ ਮਨ ਬਣਾ ਚੁੱਕੇ ਸਨ ਅਤੇ ਉਨ੍ਹਾਂ ਨੇ 1927 ਵਿਚ ਬਪਤਿਸਮਾ ਲੈ ਲਿਆ।

ਨਤੀਜੇ ਵਜੋਂ, ਨਾਨੀ ਜੀ ਮਾਤਾ ਜੀ ’ਤੇ ਜ਼ੋਰ ਪਾਉਣ ਲੱਗੇ ਕਿ ਉਹ ਪਿਤਾ ਜੀ ਤੋਂ ਤਲਾਕ ਲੈ ਲੈਣ। ਇਕ ਦਿਨ ਚਰਚ ਵਿਚ ਮਾਸ (Mass) ਦੇ ਮੌਕੇ ’ਤੇ ਪਾਦਰੀ ਨੇ ਚਰਚ ਦੇ ਮੈਂਬਰਾਂ ਨੂੰ ਖ਼ਬਰਦਾਰ ਕੀਤਾ ਕਿ ਉਹ “ਝੂਠੇ ਨਬੀ ਡੇਨਾ ਤੋਂ ਦੂਰ ਰਹਿਣ।” ਚਰਚ ਤੋਂ ਵਾਪਸ ਆ ਕੇ ਨਾਨੀ ਜੀ ਨੇ ਚੁਬਾਰੇ ਤੋਂ ਮੇਰੇ ਪਿਤਾ ਜੀ ਦੇ ਗਮਲਾ ਮਾਰਿਆ। ਪਿਤਾ ਜੀ ਦਾ ਸਿਰ ਮਸੀਂ ਬਚਿਆ, ਪਰ ਗਮਲਾ ਉਨ੍ਹਾਂ ਦੇ ਮੋਢੇ ’ਤੇ ਆ ਕੇ ਵੱਜਾ। ਇਸ ਵਾਰਦਾਤ ਤੋਂ ਬਾਅਦ ਮਾਤਾ ਜੀ ਨੇ ਸੋਚਿਆ: ‘ਜਿਹੜਾ ਧਰਮ ਲੋਕਾਂ ਨੂੰ ਕਤਲ ਕਰਨ ਲਈ ਉਕਸਾਉਂਦਾ ਹੈ, ਭਲਾ ਉਹ ਚੰਗਾ ਕਿੱਦਾਂ ਹੋ ਸਕਦਾ ਹੈ?’ ਮਾਤਾ ਜੀ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਪੜ੍ਹਨ ਲੱਗ ਪਏ। ਜਲਦੀ ਹੀ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਨੂੰ ਸੱਚਾਈ ਮਿਲ ਗਈ ਅਤੇ ਉਨ੍ਹਾਂ ਨੇ 1929 ਵਿਚ ਬਪਤਿਸਮਾ ਲੈ ਲਿਆ।

ਮੇਰੇ ਮਾਪਿਆਂ ਨੇ ਸਾਨੂੰ ਯਹੋਵਾਹ ਬਾਰੇ ਸਿਖਾਉਣ ਵਿਚ ਬਹੁਤ ਮਿਹਨਤ ਕੀਤੀ ਤਾਂਕਿ ਯਹੋਵਾਹ ਮੇਰੇ ਲਈ ਅਤੇ ਮੇਰੀ ਭੈਣ ਲਈ ਅਸਲੀ ਹੋਵੇ। ਉਹ ਸਾਨੂੰ ਬਾਈਬਲ ਵਿੱਚੋਂ ਕਹਾਣੀਆਂ ਪੜ੍ਹ ਕੇ ਸੁਣਾਉਂਦੇ ਹੁੰਦੇ ਸਨ ਅਤੇ ਫਿਰ ਸਾਨੂੰ ਪੁੱਛਦੇ ਹੁੰਦੇ ਸਨ ਕਿ ਬਾਈਬਲ ਵਿਚ ਦੱਸੇ ਲੋਕਾਂ ਨੇ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਕਿਉਂ ਕੀਤਾ। ਉਸ ਸਮੇਂ ਦੌਰਾਨ ਪਿਤਾ ਜੀ ਨੇ ਰਾਤਾਂ ਨੂੰ ਜਾਂ ਸ਼ਾਮ ਦੀਆਂ ਸ਼ਿਫਟਾਂ ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਪਿਤਾ ਜੀ ਨੂੰ ਪਤਾ ਸੀ ਕਿ ਉਨ੍ਹਾਂ ਦੇ ਇਸ ਫ਼ੈਸਲੇ ਕਰਕੇ ਪਰਿਵਾਰ ਦੀ ਆਮਦਨੀ ਕਾਫ਼ੀ ਘੱਟ ਜਾਵੇਗੀ, ਪਰ ਉਹ ਮਸੀਹੀ ਸਭਾਵਾਂ, ਪ੍ਰਚਾਰ ਅਤੇ ਆਪਣੇ ਬੱਚਿਆਂ ਨਾਲ ਸਟੱਡੀ ਕਰਨ ਵਾਸਤੇ ਜ਼ਿਆਦਾ ਸਮਾਂ ਕੱਢਣਾ ਚਾਹੁੰਦੇ ਸੀ।

ਮੁਸ਼ਕਲਾਂ ਦਾ ਦੌਰ ਸ਼ੁਰੂ ਹੋਇਆ

ਮੇਰੇ ਮਾਪੇ ਅਕਸਰ ਸਫ਼ਰੀ ਨਿਗਾਹਬਾਨਾਂ ਅਤੇ ਬੈਥਲ ਦੇ ਭੈਣਾਂ-ਭਰਾਵਾਂ ਦੀ ਪ੍ਰਾਹੁਣਚਾਰੀ ਕਰਦੇ ਹੁੰਦੇ ਸਨ ਜੋ ਸਵਿਟਜ਼ਰਲੈਂਡ ਅਤੇ ਫਰਾਂਸ ਤੋਂ ਆਉਂਦੇ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਡੇ ਘਰ ਤੋਂ ਥੋੜ੍ਹੀ ਦੂਰ ਜਰਮਨੀ ਵਿਚ ਸਾਡੇ ਭੈਣ-ਭਰਾ ਕਿਨ੍ਹਾਂ-ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ। ਨਾਜ਼ੀ ਸਰਕਾਰ ਯਹੋਵਾਹ ਦੇ ਗਵਾਹਾਂ ਨੂੰ ਤਸ਼ੱਦਦ ਕੈਂਪਾਂ ਵਿਚ ਭੇਜ ਰਹੀ ਸੀ ਅਤੇ ਨਿਆਣਿਆਂ ਨੂੰ ਆਪਣੇ ਗਵਾਹ ਮਾਪਿਆਂ ਤੋਂ ਦੂਰ ਲਿਜਾ ਰਹੀ ਸੀ।

ਮੈਂ ਤੇ ਹੈਲਨ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਸਾਂ। ਸਾਡੇ ਮਾਪਿਆਂ ਨੇ ਬਾਈਬਲ ਦੀਆਂ ਉਹ ਆਇਤਾਂ ਯਾਦ ਰੱਖਣ ਵਿਚ ਮਦਦ ਕੀਤੀ ਜੋ ਸਾਨੂੰ ਅਜ਼ਮਾਇਸ਼ਾਂ ਵਿਚ ਹੁੰਦਿਆਂ ਸੇਧ ਦੇਣਗੀਆਂ। ਉਹ ਕਹਿੰਦੇ ਸਨ: “ਜੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕੀ ਕਰਨਾ ਹੈ, ਤਾਂ ਕਹਾਉਤਾਂ 3:5, 6 ਬਾਰੇ ਸੋਚੋ। ਜੇ ਤੁਸੀਂ ਸਕੂਲ ਵਿਚ ਆਉਂਦੀਆਂ ਅਜ਼ਮਾਇਸ਼ਾਂ ਤੋਂ ਡਰਦੇ ਹੋ, ਤਾਂ 1 ਕੁਰਿੰਥੀਆਂ 10:13 ਨੂੰ ਯਾਦ ਕਰੋ। ਜੇ ਤੁਹਾਨੂੰ ਸਾਡੇ ਤੋਂ ਦੂਰ ਕੀਤਾ ਜਾਵੇ, ਤਾਂ ਕਹਾਉਤਾਂ 18:10 ਦੁਹਰਾਓ।” ਮੈਂ ਜ਼ਬੂਰ 23 ਤੇ 91 ਮੂੰਹ-ਜ਼ਬਾਨੀ ਯਾਦ ਕਰ ਲਏ ਸੀ ਅਤੇ ਮੈਨੂੰ ਭਰੋਸਾ ਸੀ ਕਿ ਯਹੋਵਾਹ ਹਮੇਸ਼ਾ ਮੇਰੀ ਰਾਖੀ ਕਰੇਗਾ।

1940 ਵਿਚ ਅਲਸਾਸ-ਲਰੈਨ ਨਾਜ਼ੀ ਜਰਮਨੀ ਦੇ ਕਬਜ਼ੇ ਵਿਚ ਆ ਗਿਆ ਅਤੇ ਨਵੀਂ ਸਰਕਾਰ ਚਾਹੁੰਦੀ ਸੀ ਕਿ ਸਾਰੇ ਨੌਜਵਾਨ ਨਾਜ਼ੀ ਪਾਰਟੀ ਵਿਚ ਸ਼ਾਮਲ ਹੋ ਜਾਣ। ਪਿਤਾ ਜੀ ਨੇ ਇਨਕਾਰ ਕਰ ਦਿੱਤਾ ਜਿਸ ਕਰਕੇ ਗਸਤਾਪੋ ਨੇ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਦੀ ਧਮਕੀ ਦਿੱਤੀ। ਜਦੋਂ ਮਾਤਾ ਜੀ ਨੇ ਮਿਲਟਰੀ ਲਈ ਵਰਦੀਆਂ ਬਣਾਉਣ ਤੋਂ ਇਨਕਾਰ ਕੀਤਾ, ਤਾਂ ਗਸਤਾਪੋ ਨੇ ਉਨ੍ਹਾਂ ਨੂੰ ਵੀ ਧਮਕਾਇਆ।

ਸਕੂਲ ਜਾਣ ਤੋਂ ਮੈਨੂੰ ਬਹੁਤ ਡਰ ਲੱਗਦਾ ਸੀ। ਹਰ ਰੋਜ਼ ਹਿਟਲਰ ਲਈ ਪ੍ਰਾਰਥਨਾ ਕਰਨ, “ਹਾਈਲ ਹਿਟਲਰ!” ਸਲੂਟ ਮਾਰਨ ਅਤੇ ਸੱਜੀ ਬਾਂਹ ਉਤਾਂਹ ਚੁੱਕ ਕੇ ਰਾਸ਼ਟਰੀ ਗੀਤ ਗਾਉਣ ਤੋਂ ਬਾਅਦ ਸਾਡੀ ਕਲਾਸ ਸ਼ੁਰੂ ਹੁੰਦੀ ਸੀ। ਮੇਰੇ ਮਾਪਿਆਂ ਨੇ ਇਹ ਨਹੀਂ ਕਿਹਾ ਕਿ ਹਿਟਲਰ ਨੂੰ ਸਲੂਟ ਨਾ ਮਾਰ, ਸਗੋਂ ਉਨ੍ਹਾਂ ਨੇ ਮੈਨੂੰ ਸਿਖਲਾਈ ਦਿੱਤੀ ਕਿ ਮੈਂ ਆਪਣੀ ਜ਼ਮੀਰ ਦੀ ਸੁਣ ਕੇ ਫ਼ੈਸਲਾ ਕਰਾਂ। ਸੋ ਮੈਂ ਖ਼ੁਦ ਨਾਜ਼ੀ ਸਲੂਟ ਨਾ ਮਾਰਨ ਦਾ ਫ਼ੈਸਲਾ ਕੀਤਾ। ਅਧਿਆਪਕਾਂ ਨੇ ਮੈਨੂੰ ਚਪੇੜਾਂ ਮਾਰੀਆਂ ਤੇ ਮੈਨੂੰ ਸਕੂਲੋਂ ਕੱਢਣ ਦੀ ਧਮਕੀ ਦਿੱਤੀ। ਜਦੋਂ ਮੈਂ ਸੱਤਾਂ ਸਾਲਾਂ ਦੀ ਸੀ, ਤਾਂ ਮੈਨੂੰ ਸਕੂਲ ਦੇ ਸਾਰੇ 12 ਅਧਿਆਪਕਾਂ ਦੇ ਸਾਮ੍ਹਣੇ ਖੜ੍ਹੀ ਹੋਣਾ ਪਿਆ। ਉਨ੍ਹਾਂ ਸਾਰਿਆਂ ਨੇ ਮੈਨੂੰ ਹਿਟਲਰ ਸਲੂਟ ਮਾਰਨ ਲਈ ਮਜਬੂਰ ਕੀਤਾ, ਪਰ ਮੈਂ ਯਹੋਵਾਹ ਦੀ ਮਦਦ ਨਾਲ ਉਨ੍ਹਾਂ ਦੇ ਅੱਗੇ ਨਹੀਂ ਝੁਕੀ।

ਇਕ ਅਧਿਆਪਕ ਮੇਰੀਆਂ ਭਾਵਨਾਵਾਂ ਨਾਲ ਖੇਡਣ ਲੱਗੀ। ਉਸ ਨੇ ਮੈਨੂੰ ਕਿਹਾ ਕਿ ਮੈਂ ਚੰਗੀ ਵਿਦਿਆਰਥਣ ਹਾਂ ਤੇ ਮੈਂ ਉਸ ਨੂੰ ਬਹੁਤ ਪਸੰਦ ਹਾਂ। ਉਸ ਨੇ ਮੈਨੂੰ ਕਿਹਾ ਕਿ ਉਸ ਨੂੰ ਬਹੁਤ ਦੁੱਖ ਹੋਵੇਗਾ ਜੇ ਮੈਨੂੰ ਸਕੂਲੋਂ ਕੱਢਿਆ ਗਿਆ। ਉਸ ਨੇ ਇਹ ਵੀ ਕਿਹਾ: “ਤੈਨੂੰ ਆਪਣੀ ਬਾਂਹ ਪੂਰੀ ਤਰ੍ਹਾਂ ਉਤਾਂਹ ਚੁੱਕਣ ਦੀ ਲੋੜ ਨਹੀਂ, ਬਸ ਮਾੜੀ ਜਿਹੀ ਉਤਾਂਹ ਚੁੱਕ ਲਈਂ। ਨਾਲੇ ਤੈਨੂੰ ‘ਹਾਈਲ ਹਿਟਲਰ!’ ਕਹਿਣ ਦੀ ਲੋੜ ਨਹੀਂ, ਬਸ ਦਿਖਾਵੇ ਲਈ ਮਾੜੇ ਜਿਹੇ ਬੁੱਲ੍ਹ ਹਿਲਾ ਲਈਂ।”

ਜਦੋਂ ਮੈਂ ਮਾਤਾ ਜੀ ਨੂੰ ਦੱਸਿਆ ਕਿ ਮੇਰੀ ਅਧਿਆਪਕ ਨੇ ਮੈਨੂੰ ਕੀ ਕਿਹਾ, ਤਾਂ ਮਾਤਾ ਜੀ ਨੇ ਮੈਨੂੰ ਬਾਈਬਲ ਵਿਚ ਦਰਜ ਤਿੰਨ ਇਬਰਾਨੀ ਨੌਜਵਾਨਾਂ ਦਾ ਬਿਰਤਾਂਤ ਚੇਤੇ ਕਰਾਇਆ। ਉਹ ਤਿੰਨ ਨੌਜਵਾਨ ਬਾਬਲ ਦੇ ਰਾਜੇ ਦੁਆਰਾ ਖੜ੍ਹੀ ਕੀਤੀ ਮੂਰਤ ਅੱਗੇ ਖੜੋਤੇ ਸਨ। ਮਾਤਾ ਜੀ ਨੇ ਪੁੱਛਿਆ: “ਉਨ੍ਹਾਂ ਨੂੰ ਕੀ ਕਰਨ ਲਈ ਕਿਹਾ ਗਿਆ ਸੀ?” ਤਾਂ ਮੈਂ ਜਵਾਬ ਦਿੱਤਾ: “ਉਨ੍ਹਾਂ ਨੇ ਮੂਰਤ ਅੱਗੇ ਝੁਕਣਾ ਸੀ।” ਮਾਤਾ ਜੀ ਨੇ ਅੱਗੋਂ ਕਿਹਾ: “ਜਿਸ ਵੇਲੇ ਉਨ੍ਹਾਂ ਨੂੰ ਮੂਰਤ ਅੱਗੇ ਝੁਕਣ ਲਈ ਕਿਹਾ ਗਿਆ ਸੀ, ਉਸ ਵੇਲੇ ਜੇ ਉਹ ਆਪਣੀਆਂ ਜੁੱਤੀਆਂ ਦੀਆਂ ਵੱਧਰੀਆਂ ਬੰਨ੍ਹਣ ਲਈ ਝੁਕ ਜਾਂਦੇ, ਤਾਂ ਕੀ ਇਹ ਸਹੀ ਹੁੰਦਾ? ਤੂੰ ਆਪ ਹੀ ਫ਼ੈਸਲਾ ਕਰ ਕਿ ਕੀ ਸਹੀ ਹੈ।” ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਵਾਂਗ ਮੈਂ ਵੀ ਯਹੋਵਾਹ ਦੇ ਪੱਖ ਵਿਚ ਖੜ੍ਹਨ ਦਾ ਫ਼ੈਸਲਾ ਕੀਤਾ।—ਦਾਨੀ. 3:1, 13-18.

ਅਧਿਆਪਕਾਂ ਨੇ ਮੈਨੂੰ ਕਈ ਵਾਰੀ ਸਕੂਲੋਂ ਕੱਢਿਆ ਅਤੇ ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਮੇਰੇ ਮਾਪਿਆਂ ਤੋਂ ਦੂਰ ਲੈ ਜਾਣਗੇ। ਮੈਂ ਡਰ ਗਈ, ਪਰ ਮੇਰੇ ਮਾਪੇ ਮੈਨੂੰ ਹੌਸਲਾ ਦਿੰਦੇ ਰਹੇ। ਜਦੋਂ ਮੈਂ ਸਕੂਲ ਜਾਂਦੀ ਸੀ, ਤਾਂ ਮਾਤਾ ਜੀ ਮੇਰੇ ਨਾਲ ਪ੍ਰਾਰਥਨਾ ਕਰਦੇ ਹੁੰਦੇ ਸਨ ਕਿ ਯਹੋਵਾਹ ਮੇਰੀ ਰੱਖਿਆ ਕਰੇ। ਮੈਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਮੈਨੂੰ ਸੱਚਾਈ ਦੇ ਪੱਖ ਵਿਚ ਖੜ੍ਹਨ ਦੀ ਤਾਕਤ ਦੇਵੇਗਾ। (2 ਕੁਰਿੰ. 4:7) ਪਿਤਾ ਜੀ ਨੇ ਮੈਨੂੰ ਕਿਹਾ ਕਿ ਜੇ ਅਧਿਆਪਕਾਂ ਦਾ ਦਬਾਅ ਸਹਿਣਾ ਬਹੁਤ ਹੀ ਔਖਾ ਹੋ ਜਾਵੇ, ਤਾਂ ਮੈਂ ਘਰ ਆਉਣ ਤੋਂ ਨਾ ਡਰਾਂ। ਉਨ੍ਹਾਂ ਨੇ ਕਿਹਾ: “ਅਸੀਂ ਤੈਨੂੰ ਪਿਆਰ ਕਰਦੇ ਹਾਂ, ਆਖ਼ਰ ਤੂੰ ਸਾਡੀ ਧੀ ਆਂ। ਪਰ ਇਹ ਮਾਮਲਾ ਤੇਰੇ ਤੇ ਯਹੋਵਾਹ ਦੇ ਵਿਚਕਾਰ ਹੈ।” ਇਹ ਸੁਣ ਕੇ ਮੇਰਾ ਖਰਿਆਈ ਰੱਖਣ ਦਾ ਇਰਾਦਾ ਹੋਰ ਵੀ ਪੱਕਾ ਹੋ ਗਿਆ।—ਅੱਯੂ. 27:5.

ਗਸਤਾਪੋ ਪੁਲਸ ਅਕਸਰ ਸਾਡੇ ਘਰ ਪ੍ਰਕਾਸ਼ਨ ਲੱਭਣ ਅਤੇ ਮੇਰੇ ਮਾਪਿਆਂ ਕੋਲੋਂ ਪੁੱਛ-ਗਿੱਛ ਕਰਨ ਆਉਂਦੀ ਸੀ। ਉਹ ਘੰਟਿਆਂ-ਬੱਧੀ ਮੇਰੇ ਮਾਤਾ ਜੀ ਨੂੰ ਘਰੋਂ ਅਤੇ ਮੇਰੇ ਪਿਤਾ ਜੀ ਤੇ ਭੈਣ ਨੂੰ ਕੰਮ ਤੋਂ ਲੈ ਜਾਂਦੀ ਸੀ। ਸਕੂਲੋਂ ਵਾਪਸ ਆਉਂਦਿਆਂ ਮੈਨੂੰ ਪਤਾ ਨਹੀਂ ਸੀ ਹੁੰਦਾ ਕਿ ਮਾਤਾ ਜੀ ਘਰ ਹੋਣਗੇ ਜਾਂ ਨਹੀਂ। ਕਦੀ-ਕਦੀ ਸਾਡੀ ਗੁਆਂਢਣ ਮੈਨੂੰ ਦੱਸਦੀ ਸੀ: “ਉਹ ਤੇਰੇ ਮਾਤਾ ਜੀ ਨੂੰ ਲੈ ਗਏ ਹਨ।” ਫਿਰ ਮੈਂ ਘਰ ਵਿਚ ਲੁਕ ਜਾਂਦੀ ਸੀ ਤੇ ਆਪਣੇ ਤੋਂ ਪੁੱਛਦੀ ਸੀ: ‘ਕੀ ਉਹ ਮਾਤਾ ਜੀ ਨੂੰ ਸਤਾ ਰਹੇ ਹੋਣਗੇ? ਕੀ ਮੈਂ ਉਨ੍ਹਾਂ ਨੂੰ ਦੁਬਾਰਾ ਦੇਖਾਂਗੀ?’

ਹੋਰ ਦੇਸ਼ ਭੇਜ ਦਿੱਤਾ ਗਿਆ

28 ਜਨਵਰੀ 1943 ਨੂੰ ਗਸਤਾਪੋ ਨੇ ਸਵੇਰ ਦੇ ਸਾਢੇ ਤਿੰਨ ਵਜੇ ਸਾਨੂੰ ਉਠਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇ ਮੈਂ, ਮੇਰੇ ਮਾਪੇ ਅਤੇ ਮੇਰੀ ਭੈਣ ਨਾਜ਼ੀ ਪਾਰਟੀ ਵਿਚ ਸ਼ਾਮਲ ਹੋ ਗਏ, ਤਾਂ ਸਾਨੂੰ ਹੋਰ ਜਗ੍ਹਾ ਨਹੀਂ ਭੇਜਿਆ ਜਾਵੇਗਾ। ਸਾਨੂੰ ਤਿਆਰ ਹੋਣ ਲਈ ਤਿੰਨ ਘੰਟੇ ਦਿੱਤੇ ਗਏ। ਉਨ੍ਹਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਘੜੀ ਕਦੀ ਵੀ ਆ ਸਕਦੀ ਹੈ ਤੇ ਉਨ੍ਹਾਂ ਨੇ ਪਹਿਲਾਂ ਤੋਂ ਹੀ ਸਾਡੇ ਕੱਪੜੇ ਅਤੇ ਬਾਈਬਲ ਬੈਗਾਂ ਵਿਚ ਪੈਕ ਕਰ ਦਿੱਤੇ ਸਨ। ਇਸ ਲਈ ਅਸੀਂ ਇਹ ਸਮਾਂ ਇਕੱਠਿਆਂ ਪ੍ਰਾਰਥਨਾ ਕਰਨ ਤੇ ਇਕ-ਦੂਜੇ ਨੂੰ ਹੌਸਲਾ ਦੇਣ ਲਈ ਵਰਤਿਆ। ਪਿਤਾ ਜੀ ਨੇ ਸਾਨੂੰ ਯਾਦ ਦਿਲਾਇਆ ਕਿ ਕੋਈ ਵੀ ਚੀਜ਼ ਸਾਨੂੰ ‘ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਨਹੀਂ ਕਰ ਸੱਕੇਗੀ।’—ਰੋਮੀ. 8:35-39.

ਗਸਤਾਪੋ ਪੁਲਸ ਵਾਪਸ ਆਈ। ਮੈਂ ਉਸ ਬਿਰਧ ਭੈਣ ਐਂਗਲੇਡ ਨੂੰ ਕਦੀ ਨਹੀਂ ਭੁੱਲਾਂਗੀ ਜਿਸ ਨੇ ਹੰਝੂਆਂ-ਭਰੀਆਂ ਅੱਖਾਂ ਨਾਲ ਸਾਨੂੰ ਵਿਦਿਆ ਕੀਤਾ। ਗਸਤਾਪੋ ਸਾਨੂੰ ਮੈਟਜ਼ ਦੇ ਟ੍ਰੇਨ ਸਟੇਸ਼ਨ ’ਤੇ ਲੈ ਗਈ। ਟ੍ਰੇਨ ਵਿਚ ਤਿੰਨ ਦਿਨਾਂ ਦਾ ਸਫ਼ਰ ਕਰ ਕੇ ਅਸੀਂ ਕੋਕਵੋਵੀਟਸੇ ਪਹੁੰਚ ਗਏ ਜੋ ਪੋਲੈਂਡ ਦੇ ਆਉਸ਼ਵਿਟਸ ਕੰਪਲੈਕਸ ਦਾ ਛੋਟਾ ਜਿਹਾ ਕੈਂਪ ਸੀ। ਦੋ ਮਹੀਨਿਆਂ ਬਾਅਦ ਸਾਨੂੰ ਗਲੀਵੀਟਸੇ ਭੇਜ ਦਿੱਤਾ ਗਿਆ ਜੋ ਪਹਿਲਾਂ ਆਸ਼ਰਮ ਹੁੰਦਾ ਸੀ ਤੇ ਫਿਰ ਵਰਕ-ਕੈਂਪ ਵਿਚ ਬਦਲ ਦਿੱਤਾ ਗਿਆ ਸੀ। ਨਾਜ਼ੀਆਂ ਨੇ ਸਾਨੂੰ ਕਿਹਾ ਕਿ ਜੇ ਅਸੀਂ ਦਸਤਾਵੇਜ਼ ਉੱਤੇ ਦਸਤਖਤ ਕਰ ਦੇਈਏ ਕਿ ਅਸੀਂ ਯਹੋਵਾਹ ਨੂੰ ਮੰਨਣਾ ਛੱਡ ਦਿੱਤਾ, ਤਾਂ ਸਾਨੂੰ ਸਾਡੇ ਸਾਮਾਨ ਸਮੇਤ ਛੱਡ ਦਿੱਤਾ ਜਾਵੇਗਾ। ਪਿਤਾ ਜੀ ਅਤੇ ਮਾਤਾ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਜਿਸ ਕਰਕੇ ਨਾਜ਼ੀਆਂ ਨੇ ਕਿਹਾ: “ਤੁਸੀਂ ਕਦੇ ਘਰ ਨਹੀਂ ਜਾ ਸਕਦੇ।”

ਜੂਨ ਵਿਚ ਸਾਨੂੰ ਸ਼ਿਫਾਇਨਟੋਕਵੋਵੀਟਸੇ ਭੇਜ ਦਿੱਤਾ ਗਿਆ ਜਿੱਥੇ ਮੈਨੂੰ ਸਿਰਦਰਦ ਹੋਣ ਲੱਗਾ ਤੇ ਹਾਲੇ ਵੀ ਹੁੰਦਾ ਰਹਿੰਦਾ ਹੈ। ਮੇਰੀਆਂ ਉਂਗਲੀਆਂ ਵਿਚ ਇਨਫ਼ੈਕਸ਼ਨ ਹੋ ਗਈ ਤੇ ਡਾਕਟਰ ਨੇ ਮੈਨੂੰ ਐਨਸਥੀਸੀਆ ਦਿੱਤੇ ਬਗੈਰ ਹੀ ਮੇਰੇ ਕਈ ਨਹੁੰ ਲਾ ਦਿੱਤੇ। ਪਰ ਗਾਰਡਾਂ ਦੇ ਕੁਝ ਕੰਮ ਕਰਦਿਆਂ ਮੈਨੂੰ ਬੇਕਰੀ ਜਾਣਾ ਪੈਂਦਾ ਸੀ ਜੋ ਕਿ ਮੇਰੇ ਲਈ ਚੰਗੀ ਗੱਲ ਸੀ। ਉੱਥੇ ਇਕ ਤੀਵੀਂ ਮੈਨੂੰ ਕੁਝ ਖਾਣ ਨੂੰ ਦੇ ਦਿੰਦੀ ਸੀ।

ਇੱਥੇ ਸਾਡਾ ਪੂਰਾ ਪਰਿਵਾਰ ਹੋਰਨਾਂ ਕੈਦੀਆਂ ਤੋਂ ਅਲੱਗ ਰਹਿੰਦਾ ਸੀ। ਅਕਤੂਬਰ 1943 ਵਿਚ ਸਾਨੂੰ ਜ਼ੋਂਪਕੋਵੀਟਸੇ ਕੈਂਪ ਵਿਚ ਭੇਜ ਦਿੱਤਾ ਗਿਆ। ਅਸੀਂ 60 ਹੋਰ ਬੰਦਿਆਂ, ਤੀਵੀਆਂ ਤੇ ਨਿਆਣਿਆਂ ਨਾਲ ਚੁਬਾਰੇ ਵਿਚ ਬੰਕ-ਬੈੱਡਾਂ ’ਤੇ ਸੌਂਦੇ ਹੁੰਦੇ ਸਾਂ। ਨਾਜ਼ੀ ਸਾਨੂੰ ਗਲਿਆ-ਸੜਿਆ ਤੇ ਬਦਬੂਦਾਰ ਖਾਣਾ ਖਾਣ ਨੂੰ ਦਿੰਦੇ ਸਨ।

ਮੁਸ਼ਕਲਾਂ ਦੇ ਬਾਵਜੂਦ ਅਸੀਂ ਹਿੰਮਤ ਨਹੀਂ ਹਾਰੀ। ਅਸੀਂ ਪਹਿਰਾਬੁਰਜ ਵਿਚ ਪੜ੍ਹਿਆ ਸੀ ਕਿ ਯੁੱਧ ਤੋਂ ਬਾਅਦ ਬਹੁਤ ਸਾਰਾ ਪ੍ਰਚਾਰ ਕਰਨ ਨੂੰ ਪਿਆ ਸੀ। ਇਸੇ ਲਈ ਸਾਨੂੰ ਪਤਾ ਸੀ ਕਿ ਅਸੀਂ ਮੁਸ਼ਕਲਾਂ ਵਿੱਚੋਂ ਕਿਉਂ ਗੁਜ਼ਰ ਰਹੇ ਸਾਂ ਤੇ ਜਲਦੀ ਹੀ ਇਨ੍ਹਾਂ ਮੁਸ਼ਕਲਾਂ ਦਾ ਅੰਤ ਜ਼ਰੂਰ ਹੋਵੇਗਾ।

ਅੱਗੇ ਵਧ ਰਹੀਆਂ ਮਿੱਤਰ ਫ਼ੌਜਾਂ ਦੀਆਂ ਖ਼ਬਰਾਂ ਤੋਂ ਸਾਨੂੰ ਪਤਾ ਲੱਗ ਗਿਆ ਸੀ ਕਿ ਨਾਜ਼ੀ ਯੁੱਧ ਹਾਰ ਰਹੇ ਸਨ। 1945 ਦੇ ਸ਼ੁਰੂ ਵਿਚ ਨਾਜ਼ੀਆਂ ਨੇ ਸਾਡਾ ਕੈਂਪ ਖਾਲੀ ਕਰਨ ਦਾ ਫ਼ੈਸਲਾ ਕੀਤਾ। 19 ਫਰਵਰੀ ਨੂੰ ਸਾਨੂੰ ਉੱਥੋਂ ਨਿਕਲ ਕੇ 240 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਨਾ ਪਿਆ। ਚਾਰ ਹਫ਼ਤਿਆਂ ਬਾਅਦ ਅਸੀਂ ਜਰਮਨੀ ਦੇ ਸ਼ਟਾਈਨਫੈਲਸ ਕਸਬੇ ਪਹੁੰਚੇ ਜਿੱਥੇ ਗਾਰਡਾਂ ਨੇ ਸਾਰੇ ਕੈਦੀਆਂ ਨੂੰ ਪਸ਼ੂਆਂ ਦੀ ਤਰ੍ਹਾਂ ਇਕ ਖਾਣ ਵਿਚ ਧੱਕ ਦਿੱਤਾ। ਕਈਆਂ ਨੇ ਸੋਚਿਆ ਕਿ ਸਾਨੂੰ ਮਾਰ ਦਿੱਤਾ ਜਾਵੇਗਾ। ਪਰ ਉਸੇ ਦਿਨ ਮਿੱਤਰ ਫ਼ੌਜਾਂ ਆ ਗਈਆਂ ਅਤੇ ਨਾਜ਼ੀ ਭੱਜ ਗਏ ਤੇ ਸਾਡੀਆਂ ਮੁਸੀਬਤਾਂ ਦਾ ਅੰਤ ਹੋ ਗਿਆ।

ਆਪਣੇ ਟੀਚਿਆਂ ਨੂੰ ਹਾਸਲ ਕਰਨਾ

ਤਕਰੀਬਨ ਢਾਈ ਸਾਲਾਂ ਬਾਅਦ 5 ਮਈ 1945 ਨੂੰ ਅਸੀਂ ਆਪਣੇ ਘਰ ਯੁੱਤਸ ਆਏ। ਸਾਡੇ ਮਣ-ਮਣ ਮੈਲ ਚੜ੍ਹੀ ਹੋਈ ਸੀ ਅਤੇ ਜੂੰਆਂ ਨਾਲ ਅਸੀਂ ਭਰੇ ਪਏ ਸਾਂ। ਫਰਵਰੀ ਤੋਂ ਅਸੀਂ ਕੱਪੜੇ ਹੀ ਨਹੀਂ ਬਦਲੇ ਸਨ। ਸੋ ਅਸੀਂ ਉਹ ਪੁਰਾਣੇ ਕੱਪੜੇ ਸਾੜ ਦਿੱਤੇ। ਮੈਨੂੰ ਯਾਦ ਹੈ ਜਦੋਂ ਮੇਰੇ ਮਾਤਾ ਜੀ ਨੇ ਕਿਹਾ ਸੀ: “ਇਸ ਦਿਨ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਹਸੀਨ ਦਿਨ ਸਮਝੋ। ਸਾਡੇ ਕੋਲ ਕੱਖ ਨਹੀਂ ਹੈ। ਜਿਹੜੇ ਕੱਪੜੇ ਅਸੀਂ ਪਾਏ ਹਨ, ਉਹ ਵੀ ਸਾਡੇ ਨਹੀਂ ਹਨ। ਫਿਰ ਵੀ ਅਸੀਂ ਚਾਰੇ ਜਣੇ ਵਫ਼ਾਦਾਰ ਰਹੇ ਤੇ ਘਰ ਜ਼ਿੰਦਾ ਵਾਪਸ ਆ ਗਏ। ਅਸੀਂ ਨਿਹਚਾ ਦਾ ਸਮਝੌਤਾ ਨਹੀਂ ਕੀਤਾ।”

ਸਵਿਟਜ਼ਰਲੈਂਡ ਵਿਚ ਤਿੰਨ ਮਹੀਨੇ ਆਰਾਮ ਕਰਨ ਤੋਂ ਬਾਅਦ ਮੈਂ ਸਕੂਲ ਜਾਣ ਲੱਗੀ। ਹੁਣ ਮੈਨੂੰ ਉੱਥੋਂ ਕੱਢੇ ਜਾਣ ਦਾ ਕੋਈ ਡਰ ਨਹੀਂ ਸੀ। ਅਸੀਂ ਖੁੱਲ੍ਹੇ-ਆਮ ਆਪਣੇ ਭੈਣਾਂ-ਭਰਾਵਾਂ ਨੂੰ ਮਿਲ ਸਕਦੇ ਸਾਂ ਅਤੇ ਪ੍ਰਚਾਰ ਕਰ ਸਕਦੇ ਸਾਂ। 28 ਅਗਸਤ 1947 ਨੂੰ 13 ਸਾਲ ਦੀ ਉਮਰ ਤੇ ਮੈਂ ਸਾਲਾਂ ਪਹਿਲਾਂ ਯਹੋਵਾਹ ਨੂੰ ਕੀਤੇ ਸਮਰਪਣ ਦਾ ਵਾਅਦਾ ਪੂਰਾ ਕਰਨ ਲਈ ਬਪਤਿਸਮਾ ਲੈ ਲਿਆ। ਮੇਰੇ ਪਿਤਾ ਜੀ ਨੇ ਮੈਨੂੰ ਮੋਜ਼ੈੱਲ ਨਦੀ ਵਿਚ ਬਪਤਿਸਮਾ ਦਿੱਤਾ। ਉਸ ਤੋਂ ਬਾਅਦ ਮੈਂ ਫਟਾਫਟ ਪਾਇਨੀਅਰਿੰਗ ਕਰਨਾ ਚਾਹੁੰਦੀ ਸੀ, ਪਰ ਪਿਤਾ ਜੀ ਨੇ ਕਿਹਾ ਕਿ ਮੈਂ ਪਹਿਲਾਂ ਕੋਈ ਕਿੱਤਾ ਸਿੱਖ ਲਵਾਂ। ਪਿਤਾ ਜੀ ਦੀ ਗੱਲ ਮੰਨ ਕੇ ਮੈਂ ਕੱਪੜੇ ਸੀਉਣੇ ਸਿੱਖ ਲਏ। 1951 ਵਿਚ 17 ਸਾਲ ਦੀ ਉਮਰ ਤੇ ਮੈਂ ਪਾਇਨੀਅਰ ਬਣ ਗਈ ਅਤੇ ਨੇੜੇ ਹੀ ਟੀਉਂਵਿਲ ਵਿਚ ਸੇਵਾ ਕਰਨ ਲੱਗੀ।

ਉਸੇ ਸਾਲ ਮੈਂ ਪੈਰਿਸ ਵਿਚ ਇਕ ਅਸੈਂਬਲੀ ਵਿਚ ਗਈ ਤੇ ਮਿਸ਼ਨਰੀ ਸੇਵਾ ਵਾਸਤੇ ਅਰਜ਼ੀ ਭਰ ਦਿੱਤੀ। ਮੇਰੀ ਉਮਰ ਬਹੁਤ ਘੱਟ ਸੀ ਜਿਸ ਕਰਕੇ ਭਰਾ ਨੇਥਨ ਨੌਰ ਨੇ ਮੈਨੂੰ ਕਿਹਾ ਕਿ ਉਹ ਮੇਰੀ ਅਰਜ਼ੀ ਨੂੰ “ਕੁਝ ਸਾਲਾਂ ਤਾਈਂ” ਸਾਂਭ ਕੇ ਰੱਖਣਗੇ। ਜੂਨ 1952 ਵਿਚ ਮੈਨੂੰ ਸਾਉਥ ਲੈਂਸਿੰਗ, ਨਿਊਯਾਰਕ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 21ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ।

ਗਿਲਿਅਡ ਅਤੇ ਉਸ ਤੋਂ ਬਾਅਦ ਦੀ ਜ਼ਿੰਦਗੀ

ਇਹ ਮੇਰੇ ਲਈ ਕਿੰਨਾ ਵਧੀਆ ਤਜਰਬਾ ਸੀ! ਮੈਨੂੰ ਤਾਂ ਆਪਣੀ ਹੀ ਭਾਸ਼ਾ ਵਿਚ ਲੋਕਾਂ ਸਾਮ੍ਹਣੇ ਗੱਲ ਕਰਨੀ ਬਹੁਤ ਔਖੀ ਲੱਗਦੀ ਸੀ। ਪਰ ਹੁਣ ਮੈਨੂੰ ਅੰਗ੍ਰੇਜ਼ੀ ਵਿਚ ਬੋਲਣਾ ਪੈਣਾ ਸੀ। ਫਿਰ ਵੀ ਇੰਸਟ੍ਰਕਟਰਾਂ ਨੇ ਪਿਆਰ ਨਾਲ ਮੇਰੀ ਮਦਦ ਕੀਤੀ। ਇਕ ਭਰਾ ਨੇ ਮੈਨੂੰ “ਕਿੰਗਡਮ ਸਮਾਇਲ” ਨਾਂ ਦਿੱਤਾ ਕਿਉਂਕਿ ਜਦੋਂ ਮੈਂ ਸੰਗਦੀ ਸੀ, ਤਾਂ ਮੇਰੇ ਚਿਹਰੇ ’ਤੇ ਮੁਸਕਰਾਹਟ ਆ ਜਾਂਦੀ ਸੀ।

19 ਜੁਲਾਈ 1953 ਵਿਚ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਸਾਡੀ ਗ੍ਰੈਜੂਏਸ਼ਨ ਹੋਈ ਤੇ ਮੈਨੂੰ ਆਇਡਾ ਕੈਨਡੂਸੋ (ਬਾਅਦ ਵਿਚ ਸੈਨੀਓਬੋਸ) ਨਾਲ ਪੈਰਿਸ ਭੇਜਿਆ ਗਿਆ। ਮੈਂ ਪੈਰਿਸ ਦੇ ਅਮੀਰ ਲੋਕਾਂ ਨਾਲ ਗੱਲ ਕਰਨ ਤੋਂ ਝਿਜਕਦੀ ਸੀ, ਪਰ ਮੈਂ ਕਈ ਨੇਕਦਿਲ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾਈਆਂ। ਆਇਡਾ ਦਾ ਵਿਆਹ ਹੋ ਗਿਆ ਅਤੇ ਉਹ 1956 ਵਿਚ ਅਫ਼ਰੀਕਾ ਚਲੇ ਗਈ ਤੇ ਮੈਂ ਪੈਰਿਸ ਵਿਚ ਹੀ ਰਹੀ।

1960 ਵਿਚ ਮੇਰਾ ਵਿਆਹ ਬੈਥਲ ਦੇ ਇਕ ਭਰਾ ਨਾਲ ਹੋ ਗਿਆ ਅਤੇ ਅਸੀਂ ਇਕੱਠਿਆਂ ਨੇ ਸ਼ੌਮੋਂ ਤੇ ਵਿਸ਼ੀ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕੀਤੀ। ਪੰਜ ਸਾਲਾਂ ਬਾਅਦ ਮੈਨੂੰ ਟੀ.ਬੀ. ਹੋ ਗਈ ਤੇ ਮੈਨੂੰ ਪਾਇਨੀਅਰਿੰਗ ਕਰਨੀ ਛੱਡਣੀ ਪਈ। ਮੈਨੂੰ ਬੜਾ ਦੁੱਖ ਹੋਇਆ ਕਿਉਂਕਿ ਬਚਪਨ ਤੋਂ ਹੀ ਮੈਂ ਪਾਇਨੀਅਰਿੰਗ ਕਰਨਾ ਚਾਹੁੰਦੀ ਸੀ ਅਤੇ ਇਸ ਵਿਚ ਲੱਗੀ ਰਹਿਣਾ ਚਾਹੁੰਦੀ ਸੀ। ਕੁਝ ਹੀ ਸਮੇਂ ਬਾਅਦ ਮੇਰਾ ਪਤੀ ਮੈਨੂੰ ਛੱਡ ਕੇ ਕਿਸੇ ਹੋਰ ਤੀਵੀਂ ਨਾਲ ਚਲਾ ਗਿਆ। ਪਰ ਉਨ੍ਹਾਂ ਨਿਰਾਸ਼ਾ-ਭਰੇ ਸਾਲਾਂ ਦੌਰਾਨ ਹੋਰਨਾਂ ਭੈਣਾਂ-ਭਰਾਵਾਂ ਨੇ ਮੇਰਾ ਸਾਥ ਦਿੱਤਾ ਅਤੇ ਯਹੋਵਾਹ ਰੋਜ਼ ਮੇਰਾ ਭਾਰ ਚੁੱਕਦਾ ਆ ਰਿਹਾ ਹੈ।—ਜ਼ਬੂ. 68:19.

ਮੈਂ ਹੁਣ ਨੋਰਮੰਡੀ ਦੇ ਲੂਵੀਏ ਜ਼ਿਲ੍ਹੇ ਵਿਚ ਰਹਿੰਦੀ ਹਾਂ ਜੋ ਫਰਾਂਸ ਦੇ ਬ੍ਰਾਂਚ ਆਫ਼ਿਸ ਦੇ ਨੇੜੇ ਹੈ। ਮੈਨੂੰ ਕਾਫ਼ੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਮੈਂ ਖ਼ੁਸ਼ ਹਾਂ ਕਿ ਯਹੋਵਾਹ ਨੇ ਮੇਰੀ ਜ਼ਿੰਦਗੀ ਵਿਚ ਹਰ ਕਦਮ ’ਤੇ ਮੇਰੀ ਸਹਾਇਤਾ ਕੀਤੀ। ਜਿਸ ਤਰ੍ਹਾਂ ਮੇਰੇ ਮਾਪਿਆਂ ਨੇ ਮੈਨੂੰ ਪਾਲਿਆ-ਪੋਸਿਆ, ਉਸ ਦੇ ਕਾਰਨ ਅੱਜ ਵੀ ਮੈਂ ਸਹੀ ਨਜ਼ਰੀਆ ਰੱਖ ਸਕੀ ਹਾਂ। ਮੇਰੇ ਮਾਪਿਆਂ ਨੇ ਮੈਨੂੰ ਸਿਖਾਇਆ ਕਿ ਯਹੋਵਾਹ ਅਸਲੀ ਸ਼ਖ਼ਸ ਹੈ ਜਿਸ ਨੂੰ ਮੈਂ ਪਿਆਰ ਕਰ ਸਕਦੀ ਹਾਂ, ਜਿਸ ਨਾਲ ਮੈਂ ਗੱਲਾਂ ਕਰ ਸਕਦੀ ਹਾਂ ਤੇ ਜੋ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਸੱਚ-ਮੁੱਚ, “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?”—ਜ਼ਬੂ. 116:12.

[ਸਫ਼ਾ 6 ਉੱਤੇ ਸੁਰਖੀ]

“ਮੈਂ ਖ਼ੁਸ਼ ਹਾਂ ਕਿ ਯਹੋਵਾਹ ਨੇ ਮੇਰੀ ਜ਼ਿੰਦਗੀ ਵਿਚ ਹਰ ਕਦਮ ਤੇ ਮੇਰੀ ਸਹਾਇਤਾ ਕੀਤੀ”

[ਸਫ਼ਾ 5 ਉੱਤੇ ਤਸਵੀਰ]

ਛੇ ਸਾਲਾਂ ਦੀ ਹੁੰਦਿਆਂ ਗੈਸ ਮਾਸਕ ਨਾਲ

[ਸਫ਼ਾ 5 ਉੱਤੇ ਤਸਵੀਰ]

ਖ਼ਾਸ ਪ੍ਰਚਾਰ ਮੁਹਿੰਮ ਵੇਲੇ ਲਕਜ਼ਮਬਰਗ ਵਿਚ ਹੋਰਨਾਂ ਮਿਸ਼ਨਰੀਆਂ ਤੇ ਪਾਇਨੀਅਰਾਂ ਨਾਲ ਜਦੋਂ ਮੈਂ 16 ਸਾਲਾਂ ਦੀ ਸੀ

[ਸਫ਼ਾ 5 ਉੱਤੇ ਤਸਵੀਰ]

1953 ਵਿਚ ਹੋਏ ਸੰਮੇਲਨ ਵਿਚ ਪਿਤਾ ਜੀ ਅਤੇ ਮਾਤਾ ਜੀ ਨਾਲ