Skip to content

Skip to table of contents

ਯਿਸੂ ਦੀ ਰੀਸ ਕਰ ਕੇ ਪਿਆਰ ਨਾਲ ਸਿਖਾਓ

ਯਿਸੂ ਦੀ ਰੀਸ ਕਰ ਕੇ ਪਿਆਰ ਨਾਲ ਸਿਖਾਓ

ਯਿਸੂ ਦੀ ਰੀਸ ਕਰ ਕੇ ਪਿਆਰ ਨਾਲ ਸਿਖਾਓ

“ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!”—ਯੂਹੰ. 7:46.

1. ਯਿਸੂ ਦੇ ਸਿਖਾਉਣ ਦੇ ਤਰੀਕੇ ਦਾ ਲੋਕਾਂ ਉੱਤੇ ਕੀ ਅਸਰ ਪਿਆ?

ਜ਼ਰਾ ਸੋਚੋ ਕਿ ਯਿਸੂ ਦੀ ਸਿੱਖਿਆ ਨੂੰ ਸੁਣ ਕੇ ਲੋਕੀ ਕਿੰਨੇ ਦੰਗ ਰਹਿ ਜਾਂਦੇ ਹੋਣੇ! ਬਾਈਬਲ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਲੋਕਾਂ ਉੱਤੇ ਉਸ ਦੀਆਂ ਗੱਲਾਂ ਦਾ ਬਹੁਤ ਗਹਿਰਾ ਅਸਰ ਪੈਂਦਾ ਸੀ। ਮਿਸਾਲ ਲਈ, ਲੂਕਾ ਨੇ ਆਪਣੀ ਇੰਜੀਲ ਵਿਚ ਦੱਸਿਆ ਕਿ ਯਿਸੂ ਦੇ ਪਿੰਡ ਦੇ ਲੋਕ ਉਸ ਦੇ ਮਿੱਠੇ ਬੋਲਾਂ ਯਾਨੀ ‘ਕਿਰਪਾ ਦੀਆਂ ਗੱਲਾਂ ਤੋਂ ਜੋ ਉਹ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋਏ।’ ਮੱਤੀ ਦੱਸਦਾ ਹੈ ਕਿ ਯਿਸੂ ਦੇ ਪਹਾੜੀ ਉਪਦੇਸ਼ ਨੂੰ ਸੁਣਨ ਵਾਲੇ ‘ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ।’ ਯੂਹੰਨਾ ਨੇ ਦੱਸਿਆ ਕਿ ਯਿਸੂ ਨੂੰ ਗਿਰਫ਼ਤਾਰ ਕਰਨ ਆਏ ਸਿਪਾਹੀ ਖਾਲੀ ਹੱਥ ਮੁੜ ਆਏ ਤੇ ਕਿਹਾ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!”—ਲੂਕਾ 4:22; ਮੱਤੀ 7:28; ਯੂਹੰ. 7:46.

2. ਯਿਸੂ ਨੇ ਸਿਖਾਉਣ ਦੇ ਕਿਹੜੇ ਤਰੀਕੇ ਵਰਤੇ?

2 ਉਹ ਸਹੀ ਕਹਿ ਰਹੇ ਸਨ। ਯਿਸੂ ਸਭ ਤੋਂ ਮਹਾਨ ਸਿੱਖਿਅਕ ਸੀ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ। ਉਸ ਨੇ ਸਰਲ ਢੰਗ ਨਾਲ ਸਾਫ਼-ਸਾਫ਼ ਗੱਲਾਂ ਸਿਖਾਈਆਂ ਅਤੇ ਕੋਈ ਵੀ ਉਸ ਦੀ ਸਿੱਖਿਆ ਨੂੰ ਝੁਠਲਾ ਨਹੀਂ ਸੀ ਸਕਦਾ। ਉਸ ਨੇ ਕੁਸ਼ਲਤਾ ਨਾਲ ਦ੍ਰਿਸ਼ਟਾਂਤ ਅਤੇ ਸਵਾਲ ਵਰਤੇ। ਉਸ ਨੇ ਲੋਕਾਂ ਦੀਆਂ ਲੋੜਾਂ ਮੁਤਾਬਕ ਸਿੱਖਿਆ ਨੂੰ ਢਾਲ਼ਿਆ ਭਾਵੇਂ ਇਹ ਲੋਕ ਉੱਚਾ ਰੁਤਬਾ ਰੱਖਦੇ ਸਨ ਜਾਂ ਆਮ ਸਨ। ਉਸ ਦੀਆਂ ਸਿੱਖਿਆਵਾਂ ਸਮਝਣੀਆਂ ਸੌਖੀਆਂ ਸਨ ਭਾਵੇਂ ਕਿ ਉਹ ਬਹੁਤ ਗਹਿਰਾ ਅਰਥ ਰੱਖਦੀਆਂ ਸਨ। ਪਰ ਇਹੀ ਗੱਲਾਂ ਨਹੀਂ ਸਨ ਜਿਨ੍ਹਾਂ ਕਰਕੇ ਉਹ ਮਹਾਨ ਸਿੱਖਿਅਕ ਬਣਿਆ।

ਅਹਿਮ ਗੁਣ ਪਿਆਰ

3. ਸਿੱਖਿਅਕ ਵਜੋਂ ਯਿਸੂ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਤੋਂ ਕਿਵੇਂ ਵੱਖਰਾ ਸੀ?

3 ਗ੍ਰੰਥੀਆਂ ਅਤੇ ਫ਼ਰੀਸੀਆਂ ਵਿਚ ਸਮਝਦਾਰ ਬੰਦੇ ਵੀ ਸਨ ਜਿਨ੍ਹਾਂ ਕੋਲ ਕਾਫ਼ੀ ਗਿਆਨ ਸੀ ਅਤੇ ਇਹ ਗਿਆਨ ਦੇਣ ਦਾ ਹੁਨਰ ਵੀ ਸੀ। ਸਿਖਾਉਣ ਦੇ ਕਿਹੜੇ ਤਰੀਕੇ ਕਰਕੇ ਯਿਸੂ ਉਨ੍ਹਾਂ ਤੋਂ ਵੱਖਰਾ ਸੀ? ਉਸ ਦੇ ਜ਼ਮਾਨੇ ਦੇ ਧਾਰਮਿਕ ਆਗੂ ਆਮ ਲੋਕਾਂ ਨੂੰ ਜ਼ਰਾ ਵੀ ਪਿਆਰ ਨਹੀਂ ਕਰਦੇ ਸਨ। ਉਹ ਉਨ੍ਹਾਂ ਨੂੰ ਨੀਵਾਂ ਸਮਝਦੇ ਸਨ ਤੇ ਉਨ੍ਹਾਂ ਉੱਤੇ ‘ਲਾਨਤਾਂ’ ਪਾਉਂਦੇ ਸਨ। (ਯੂਹੰ. 7:49) ਪਰ ਯਿਸੂ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂਕਿ ਉਹ ‘ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।’ (ਮੱਤੀ 9:36) ਉਹ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ ਤੇ ਹਮਦਰਦੀ ਦਿਖਾਉਂਦਾ ਸੀ। ਦੂਜੇ ਪਾਸੇ, ਧਾਰਮਿਕ ਆਗੂਆਂ ਨੂੰ ਪਰਮੇਸ਼ੁਰ ਨਾਲ ਸੱਚਾ ਪਿਆਰ ਨਹੀਂ ਸੀ। (ਯੂਹੰ. 5:42) ਯਿਸੂ ਆਪਣੇ ਪਿਤਾ ਨੂੰ ਬੇਹੱਦ ਪਿਆਰ ਕਰਦਾ ਸੀ ਤੇ ਖ਼ੁਸ਼ੀ ਨਾਲ ਉਸ ਦੀ ਇੱਛਾ ਪੂਰੀ ਕਰਦਾ ਸੀ। ਪਰ ਗ੍ਰੰਥੀ ਆਪਣੇ ਫ਼ਾਇਦੇ ਲਈ ਪਰਮੇਸ਼ੁਰ ਦੀਆਂ ਗੱਲਾਂ ਨੂੰ ਤੋੜ-ਮਰੋੜ ਲੈਂਦੇ ਸਨ। ਯਿਸੂ ਨੂੰ ‘ਪਰਮੇਸ਼ੁਰ ਦੇ ਬਚਨ’ ਨਾਲ ਬਹੁਤ ਲਗਾਅ ਸੀ, ਇਸ ਲਈ ਉਸ ਨੇ ਇਸ ਬਚਨ ਨੂੰ ਸਿਖਾਇਆ, ਸਮਝਾਇਆ, ਇਸ ਦੀ ਤਰਫ਼ਦਾਰੀ ਕੀਤੀ ਅਤੇ ਇਸ ਅਨੁਸਾਰ ਚੱਲਿਆ। (ਲੂਕਾ 11:28) ਜੀ ਹਾਂ, ਪਿਆਰ ਯਿਸੂ ਮਸੀਹ ਦੀ ਰਗ-ਰਗ ਵਿਚ ਵੱਸਿਆ ਹੋਇਆ ਸੀ। ਉਸ ਨੇ ਲੋਕਾਂ ਨੂੰ ਜੋ ਕੁਝ ਸਿਖਾਇਆ ਤੇ ਉਨ੍ਹਾਂ ਨਾਲ ਜਿਵੇਂ ਪੇਸ਼ ਆਇਆ, ਉਸ ਸਭ ਕਾਸੇ ਵਿਚ ਉਸ ਦਾ ਪਿਆਰ ਝਲਕਦਾ ਸੀ।

4, 5. (ੳ) ਪਿਆਰ ਨਾਲ ਸਿਖਾਉਣਾ ਕਿਉਂ ਮਹੱਤਵਪੂਰਣ ਹੈ? (ਅ) ਸਿਖਾਉਂਦੇ ਵੇਲੇ ਗਿਆਨ ਤੇ ਹੁਨਰ ਹੋਣਾ ਵੀ ਕਿਉਂ ਜ਼ਰੂਰੀ ਹੈ?

4 ਸਾਡੇ ਬਾਰੇ ਕੀ? ਯਿਸੂ ਮਸੀਹ ਦੇ ਚੇਲੇ ਹੋਣ ਦੇ ਨਾਤੇ ਅਸੀਂ ਉਸ ਵਾਂਗ ਪ੍ਰਚਾਰ ਕਰਨਾ ਤੇ ਜ਼ਿੰਦਗੀ ਜੀਉਣਾ ਚਾਹੁੰਦੇ ਹਾਂ। (1 ਪਤ. 2:21) ਇਸ ਲਈ ਸਾਡਾ ਮਕਸਦ ਬਾਈਬਲ ਦਾ ਗਿਆਨ ਦੇਣਾ ਹੀ ਨਹੀਂ ਹੈ, ਬਲਕਿ ਅਸੀਂ ਯਹੋਵਾਹ ਦੇ ਗੁਣ, ਖ਼ਾਸਕਰ ਪਿਆਰ ਵੀ ਜ਼ਾਹਰ ਕਰਨਾ ਚਾਹੁੰਦੇ ਹਾਂ। ਚਾਹੇ ਸਾਡੇ ਕੋਲ ਬਹੁਤ ਗਿਆਨ ਹੈ ਜਾਂ ਘੱਟ, ਅਸੀਂ ਸਿਖਾਉਣ ਵਿਚ ਬਹੁਤ ਮਾਹਰ ਹਾਂ ਜਾਂ ਨਹੀਂ, ਪਰ ਜੇ ਅਸੀਂ ਪਿਆਰ ਨਾਲ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਦਿਲਾਂ ਤਕ ਪਹੁੰਚ ਸਕਾਂਗੇ। ਚੇਲੇ ਬਣਾਉਣ ਦੇ ਕੰਮ ਵਿਚ ਸੱਚ-ਮੁੱਚ ਅਸਰਕਾਰੀ ਹੋਣ ਲਈ ਸਾਨੂੰ ਯਿਸੂ ਦੀ ਰੀਸ ਕਰਦਿਆਂ ਪਿਆਰ ਨਾਲ ਸਿਖਾਉਣਾ ਚਾਹੀਦਾ ਹੈ।

5 ਚੰਗੇ ਸਿੱਖਿਅਕ ਬਣਨ ਲਈ ਨਾ ਸਿਰਫ਼ ਸਾਨੂੰ ਕਿਸੇ ਵਿਸ਼ੇ ਬਾਰੇ ਚੰਗਾ-ਖਾਸਾ ਗਿਆਨ ਹੋਣਾ ਚਾਹੀਦਾ ਹੈ, ਸਗੋਂ ਇਸ ਗਿਆਨ ਨੂੰ ਦੇਣ ਦਾ ਹੁਨਰ ਵੀ ਹੋਣਾ ਚਾਹੀਦਾ ਹੈ। ਯਿਸੂ ਨੇ ਇਹ ਦੋਵੇਂ ਚੀਜ਼ਾਂ ਹਾਸਲ ਕਰਨ ਵਿਚ ਆਪਣੇ ਚੇਲਿਆਂ ਦੀ ਮਦਦ ਕੀਤੀ। ਅੱਜ ਯਹੋਵਾਹ ਆਪਣੀ ਸੰਸਥਾ ਦੇ ਰਾਹੀਂ ਇਹ ਦੋਵੇਂ ਚੀਜ਼ਾਂ ਹਾਸਲ ਕਰਨ ਵਿਚ ਸਾਡੀ ਮਦਦ ਕਰਦਾ ਹੈ। (ਯਸਾਯਾਹ 54:13; ਲੂਕਾ 12:42 ਪੜ੍ਹੋ।) ਪਰ ਸਿਖਾਉਣ ਵੇਲੇ ਸਾਨੂੰ ਸਿਰਫ਼ ਦਿਮਾਗ਼ ਹੀ ਨਹੀਂ ਵਰਤਣਾ ਚਾਹੀਦਾ ਬਲਕਿ ਦਿਲੋਂ ਪਿਆਰ ਵੀ ਦਿਖਾਉਣਾ ਚਾਹੀਦਾ ਹੈ। ਜਦੋਂ ਅਸੀਂ ਗਿਆਨ ਤੇ ਹੁਨਰ ਵਰਤਣ ਦੇ ਨਾਲ-ਨਾਲ ਪਿਆਰ ਵੀ ਦਿਖਾਵਾਂਗੇ, ਤਾਂ ਸਾਡੀ ਮਿਹਨਤ ਰੰਗ ਲਿਆਵੇਗੀ। ਤਾਂ ਫਿਰ ਅਸੀਂ ਸਿਖਾਉਂਦੇ ਵੇਲੇ ਕਿਨ੍ਹਾਂ ਤਰੀਕਿਆਂ ਨਾਲ ਪਿਆਰ ਜ਼ਾਹਰ ਕਰ ਸਕਦੇ ਹਾਂ? ਯਿਸੂ ਅਤੇ ਉਸ ਦੇ ਚੇਲਿਆਂ ਨੇ ਕਿਵੇਂ ਪਿਆਰ ਦਿਖਾਇਆ ਸੀ? ਆਓ ਜਾਣੀਏ।

ਸਾਨੂੰ ਯਹੋਵਾਹ ਨੂੰ ਪਿਆਰ ਕਰਨਾ ਚਾਹੀਦਾ

6. ਅਸੀਂ ਉਸ ਸ਼ਖ਼ਸ ਬਾਰੇ ਕਿਵੇਂ ਗੱਲਾਂ ਕਰਦੇ ਹਾਂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ?

6 ਅਸੀਂ ਹੋਰਨਾਂ ਨਾਲ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਨੀ ਪਸੰਦ ਕਰਦੇ ਹਾਂ ਜੋ ਸਾਨੂੰ ਪਿਆਰੀਆਂ ਹਨ। ਲੋਕ ਸਾਡੇ ਨਾਲ ਗੱਲ ਕਰਦੇ ਸਮੇਂ ਸਾਡੇ ਹਾਵਾਂ-ਭਾਵਾਂ ਤੋਂ ਦੇਖ ਸਕਦੇ ਹਨ ਕਿ ਅਸੀਂ ਕਿੰਨੇ ਖ਼ੁਸ਼ ਤੇ ਜੋਸ਼ੀਲੇ ਹਾਂ। ਇੱਦਾਂ ਖ਼ਾਸਕਰ ਲੋਕਾਂ ਨੂੰ ਉਦੋਂ ਨਜ਼ਰ ਆਉਂਦਾ ਹੈ ਜਦੋਂ ਅਸੀਂ ਉਸ ਸ਼ਖ਼ਸ ਬਾਰੇ ਗੱਲ ਕਰਦੇ ਹਾਂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਆਮ ਤੌਰ ਤੇ ਅਸੀਂ ਉਹ ਸਾਰਾ ਕੁਝ ਦੱਸਣ ਲਈ ਉਤਾਵਲੇ ਹੁੰਦੇ ਹਾਂ ਜੋ ਕੁਝ ਸਾਨੂੰ ਉਸ ਸ਼ਖ਼ਸ ਬਾਰੇ ਪਤਾ ਹੁੰਦਾ ਹੈ। ਅਸੀਂ ਉਸ ਦੀ ਤਾਰੀਫ਼, ਆਦਰ ਅਤੇ ਤਰਫ਼ਦਾਰੀ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਾਂਗ ਦੂਜੇ ਵੀ ਉਸ ਸ਼ਖ਼ਸ ਦੇ ਸਦਗੁਣਾਂ ਕਰਕੇ ਉਸ ਵੱਲ ਖਿੱਚੇ ਚਲੇ ਆਉਣ।

7. ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਯਿਸੂ ਨੇ ਕੀ-ਕੀ ਕੀਤਾ?

7 ਦੂਜਿਆਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਤੋਂ ਪਹਿਲਾਂ ਸਾਨੂੰ ਖ਼ੁਦ ਉਸ ਨੂੰ ਜਾਣਨ ਤੇ ਪਿਆਰ ਕਰਨ ਦੀ ਲੋੜ ਹੈ। ਅਸੀਂ ਯਹੋਵਾਹ ਦੀ ਭਗਤੀ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (ਮੱਤੀ 22:36-38) ਇਸ ਸੰਬੰਧੀ ਯਿਸੂ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਸਾਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਯਹੋਵਾਹ ਨੂੰ ਪਿਆਰ ਕੀਤਾ। ਉਸ ਨੇ ਅਰਬਾਂ ਹੀ ਸਾਲ ਸਵਰਗ ਵਿਚ ਆਪਣੇ ਪਿਤਾ ਨਾਲ ਗੁਜ਼ਾਰੇ, ਇਸ ਲਈ ਯਿਸੂ ਆਪਣੇ ਪਿਤਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਨਤੀਜਾ? ਯਿਸੂ ਨੇ ਕਿਹਾ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰ. 14:31) ਯਿਸੂ ਦਾ ਇਹ ਪਿਆਰ ਉਸ ਸਭ ਕਾਸੇ ਵਿਚ ਝਲਕਦਾ ਸੀ ਜੋ ਕੁਝ ਉਸ ਨੇ ਕੀਤਾ ਅਤੇ ਕਿਹਾ। ਪਿਆਰ ਕਾਰਨ ਉਸ ਨੇ ਹਮੇਸ਼ਾ ਉਹੀ ਕੁਝ ਕੀਤਾ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਸੀ। (ਯੂਹੰ. 8:29) ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਹੀ ਉਸ ਨੇ ਧਾਰਮਿਕ ਆਗੂਆਂ ਨੂੰ ਨਿੰਦਿਆ ਜੋ ਪਰਮੇਸ਼ੁਰ ਦੀ ਭਗਤੀ ਕਰਨ ਦਾ ਪਖੰਡ ਕਰਦੇ ਸਨ। ਪਿਆਰ ਸਦਕਾ ਉਸ ਨੇ ਲੋਕਾਂ ਨੂੰ ਯਹੋਵਾਹ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਮਦਦ ਕੀਤੀ ਤਾਂਕਿ ਉਹ ਪਰਮੇਸ਼ੁਰ ਬਾਰੇ ਜਾਣ ਸਕਣ ਤੇ ਉਸ ਨੂੰ ਪਿਆਰ ਕਰ ਸਕਣ।

8. ਪਰਮੇਸ਼ੁਰ ਨਾਲ ਪਿਆਰ ਹੋਣ ਸਦਕਾ ਯਿਸੂ ਦੇ ਚੇਲਿਆਂ ਨੇ ਕੀ ਕੀਤਾ?

8 ਯਿਸੂ ਵਾਂਗ ਉਸ ਦੇ ਪਹਿਲੀ ਸਦੀ ਦੇ ਚੇਲੇ ਵੀ ਯਹੋਵਾਹ ਨੂੰ ਪਿਆਰ ਕਰਦੇ ਸਨ ਜਿਸ ਕਰਕੇ ਉਨ੍ਹਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਦਲੇਰੀ ਤੇ ਜੋਸ਼ ਨਾਲ ਕੀਤਾ। ਉਨ੍ਹਾਂ ਨੇ ਆਪਣੀ ਸਿੱਖਿਆ ਨਾਲ ਯਰੂਸ਼ਲਮ ਨੂੰ ਭਰ ਦਿੱਤਾ ਭਾਵੇਂ ਕਿ ਪ੍ਰਭਾਵਸ਼ਾਲੀ ਧਾਰਮਿਕ ਆਗੂਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਚੇਲੇ ਉਹ ਗੱਲਾਂ ਦੱਸਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ ਜੋ ਉਨ੍ਹਾਂ ਨੇ ਦੇਖੀਆਂ ਤੇ ਸੁਣੀਆਂ ਸਨ। (ਰਸੂ. 4:20; 5:28) ਉਹ ਜਾਣਦੇ ਸਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਅਤੇ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਅਤੇ ਉਸ ਨੇ ਦਿੱਤੀਆਂ ਵੀ! ਯਿਸੂ ਦੀ ਮੌਤ ਤੋਂ 30 ਸਾਲਾਂ ਤੋਂ ਵੀ ਘੱਟ ਸਮੇਂ ਵਿਚ ਪੌਲੁਸ ਰਸੂਲ ਲਿਖ ਸਕਿਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਕੀਤਾ ਜਾ ਚੁੱਕਾ ਸੀ।—ਕੁਲੁ. 1:23.

9. ਅਸੀਂ ਪਰਮੇਸ਼ੁਰ ਲਈ ਆਪਣਾ ਪਿਆਰ ਕਿਵੇਂ ਗੂੜ੍ਹਾ ਕਰ ਸਕਦੇ ਹਾਂ?

9 ਜੇ ਅਸੀਂ ਸੱਚ-ਮੁੱਚ ਵਧੀਆ ਸਿੱਖਿਅਕ ਬਣਨਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਵੀ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਗੂੜ੍ਹਾ ਕਰਦੇ ਰਹੀਏ। ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਪਰਮੇਸ਼ੁਰ ਨਾਲ ਪ੍ਰਾਰਥਨਾ ਦੇ ਜ਼ਰੀਏ ਅਕਸਰ ਗੱਲ ਕਰ ਕੇ। ਅਸੀਂ ਉਦੋਂ ਵੀ ਇਸ ਪਿਆਰ ਨੂੰ ਗੂੜ੍ਹਾ ਕਰਦੇ ਹਾਂ ਜਦੋਂ ਅਸੀਂ ਉਸ ਦੇ ਬਚਨ ਦਾ ਅਧਿਐਨ ਕਰਦੇ ਹਾਂ, ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਦੇ ਹਾਂ ਤੇ ਸਭਾਵਾਂ ਵਿਚ ਜਾਂਦੇ ਹਾਂ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਦੇ ਜਾਂਦੇ ਹਾਂ, ਸਾਡੇ ਦਿਲਾਂ ਵਿਚ ਉਸ ਲਈ ਪਿਆਰ ਉਮੜ ਆਉਂਦਾ ਹੈ। ਫਿਰ ਜਦੋਂ ਅਸੀਂ ਆਪਣੀ ਕਹਿਣੀ ਤੇ ਕਰਨੀ ਦੁਆਰਾ ਯਹੋਵਾਹ ਲਈ ਪਿਆਰ ਜ਼ਾਹਰ ਕਰਦੇ ਹਾਂ, ਤਾਂ ਦੂਜਿਆਂ ਨੂੰ ਵੀ ਇਹ ਨਜ਼ਰ ਆਉਂਦਾ ਹੈ ਜਿਸ ਕਰਕੇ ਉਹ ਵੀ ਸ਼ਾਇਦ ਯਹੋਵਾਹ ਵੱਲ ਖਿੱਚੇ ਚਲੇ ਆਉਣ।—ਜ਼ਬੂਰਾਂ ਦੀ ਪੋਥੀ 104:33, 34 ਪੜ੍ਹੋ।

ਆਓ ਗੱਲਾਂ ਨੂੰ ਅਨਮੋਲ ਸਮਝੀਏ ਜੋ ਅਸੀਂ ਸਿਖਾਉਂਦੇ ਹਾਂ

10. ਕਿਹੜੀ ਗੱਲ ਕਿਸੇ ਨੂੰ ਚੰਗਾ ਸਿੱਖਿਅਕ ਬਣਾਉਂਦੀ ਹੈ?

10 ਚੰਗੇ ਸਿੱਖਿਅਕ ਨੂੰ ਉਹ ਗੱਲਾਂ ਪਿਆਰੀਆਂ ਹੁੰਦੀਆਂ ਹਨ ਜੋ ਉਹ ਸਿਖਾਉਂਦਾ ਹੈ। ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਗੱਲਾਂ ਸਹੀ ਹਨ, ਮਾਅਨੇ ਰੱਖਦੀਆਂ ਤੇ ਅਨਮੋਲ ਹਨ। ਜੇ ਉਹ ਆਪ ਇਹ ਗੱਲਾਂ ਸਿਖਾਉਣ ਵਿਚ ਰੁਚੀ ਲਵੇ, ਤਾਂ ਲੋਕ ਉਸ ਦਾ ਜੋਸ਼ ਦੇਖ ਸਕਣਗੇ ਤੇ ਉਨ੍ਹਾਂ ਉੱਤੇ ਉਸ ਦੀ ਸਿੱਖਿਆ ਦਾ ਜ਼ਬਰਦਸਤ ਅਸਰ ਪਵੇਗਾ। ਪਰ ਜੇ ਉਹ ਜ਼ਰਾ ਜਿੰਨੀ ਵੀ ਪਰਵਾਹ ਨਹੀਂ ਕਰਦਾ, ਤਾਂ ਉਹ ਆਪਣੇ ਵਿਦਿਆਰਥੀਆਂ ਤੋਂ ਕਿਵੇਂ ਆਸ ਰੱਖ ਸਕਦਾ ਕਿ ਉਹ ਸੁਣੀਆਂ ਗੱਲਾਂ ਦੀ ਕਦਰ ਕਰਨ? ਸੋ ਇਹ ਨਾ ਸੋਚੋ ਕਿ ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕ ਵਜੋਂ ਤੁਹਾਡੀ ਚੰਗੀ ਮਿਸਾਲ ਦਾ ਤੁਹਾਡੇ ਵਿਦਿਆਰਥੀਆਂ ਉੱਤੇ ਕੋਈ ਅਸਰ ਨਹੀਂ ਪਵੇਗਾ। ਯਿਸੂ ਨੇ ਕਿਹਾ: “ਜਦੋਂ ਚੇਲਾ ਪੂਰੀ ਤਰ੍ਹਾਂ ਸਿੱਖ ਗਿਆ ਹੋਵੇ ਉਹ ਆਪਣੇ ਗੁਰੂ ਵਰਗਾ ਹੋਵੇਗਾ।”—ਲੂਕਾ 6:40, ਈਜ਼ੀ ਟੂ ਰੀਡ ਵਰਯਨ।

11. ਯਿਸੂ ਨੂੰ ਉਨ੍ਹਾਂ ਗੱਲਾਂ ਨਾਲ ਪ੍ਰੀਤ ਕਿਉਂ ਸੀ ਜੋ ਉਸ ਨੇ ਸਿਖਾਈਆਂ?

11 ਯਿਸੂ ਨੂੰ ਉਨ੍ਹਾਂ ਗੱਲਾਂ ਨਾਲ ਪ੍ਰੀਤ ਸੀ ਜੋ ਉਸ ਨੇ ਸਿਖਾਈਆਂ। ਉਹ ਜਾਣਦਾ ਸੀ ਕਿ ਉਹ ਅਨਮੋਲ ਗੱਲਾਂ ਸਿਖਾਉਂਦਾ ਸੀ। ਉਹ ਆਪਣੇ ਸਵਰਗੀ ਪਿਤਾ ਯਾਨੀ “ਪਰਮੇਸ਼ੁਰ ਦੀਆਂ ਗੱਲਾਂ” ਅਤੇ “ਸਦੀਪਕ ਜੀਉਣ ਦੀਆਂ ਗੱਲਾਂ” ਸਿਖਾਉਂਦਾ ਸੀ। (ਯੂਹੰ. 3:34; 6:68) ਯਿਸੂ ਵੱਲੋਂ ਸਿਖਾਈਆਂ ਸੱਚਾਈਆਂ ਨੇ ਚਾਨਣ ਦੀ ਤਰ੍ਹਾਂ ਬੁਰੇ ਕੰਮਾਂ ਨੂੰ ਬੇਨਕਾਬ ਕੀਤਾ ਅਤੇ ਚੰਗੇ ਕੰਮਾਂ ਨੂੰ ਉਜਾਗਰ ਕੀਤਾ। ਇਨ੍ਹਾਂ ਸੱਚਾਈਆਂ ਤੋਂ ਨਿਮਰ ਲੋਕਾਂ ਨੂੰ ਉਮੀਦ ਅਤੇ ਦਿਲਾਸਾ ਮਿਲਿਆ ਜਿਨ੍ਹਾਂ ਨੂੰ ਝੂਠੇ ਧਾਰਮਿਕ ਆਗੂਆਂ ਨੇ ਧੋਖੇ ਵਿਚ ਰੱਖਿਆ ਸੀ ਅਤੇ ਸ਼ਤਾਨ ਨੇ ਆਪਣੇ ਸ਼ਿਕੰਜੇ ਵਿਚ ਜਕੜਿਆ ਹੋਇਆ ਸੀ। (ਰਸੂ. 10:38) ਯਿਸੂ ਦਾ ਪਿਆਰ ਸਿਰਫ਼ ਉਸ ਦੀਆਂ ਸਿੱਖਿਆਵਾਂ ਵਿਚ ਹੀ ਨਜ਼ਰ ਨਹੀਂ ਆਉਂਦਾ ਸੀ, ਸਗੋਂ ਉਸ ਦੇ ਕੰਮਾਂ ਤੋਂ ਵੀ ਦੇਖਿਆ ਜਾ ਸਕਦਾ ਸੀ।

12. ਪੌਲੁਸ ਰਸੂਲ ਖ਼ੁਸ਼ ਖ਼ਬਰੀ ਬਾਰੇ ਕਿਵੇਂ ਮਹਿਸੂਸ ਕਰਦਾ ਸੀ?

12 ਯਿਸੂ ਵਾਂਗ ਚੇਲੇ ਵੀ ਸੱਚਾਈ ਨਾਲ ਮੋਹ ਰੱਖਦੇ ਸਨ। ਉਹ ਯਹੋਵਾਹ ਅਤੇ ਯਿਸੂ ਮਸੀਹ ਬਾਰੇ ਸੱਚਾਈ ਦੀ ਇੰਨੀ ਕਦਰ ਕਰਦੇ ਸਨ ਕਿ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਨੂੰ ਇਹ ਸੱਚਾਈ ਦੂਜਿਆਂ ਨੂੰ ਦੱਸਣ ਤੋਂ ਰੋਕ ਨਹੀਂ ਸਕੇ। ਪੌਲੁਸ ਨੇ ਰੋਮ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: “ਮੈਂ . . . ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ। ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ।” (ਰੋਮੀ. 1:15, 16) ਖ਼ੁਸ਼ ਖ਼ਬਰੀ ਸੁਣਾਉਣ ਨੂੰ ਪੌਲੁਸ ਆਪਣਾ ਸਨਮਾਨ ਸਮਝਦਾ ਸੀ। ਉਸ ਨੇ ਲਿਖਿਆ: “ਮੇਰੇ ਉੱਤੇ . . . ਇਹ ਕਿਰਪਾ ਹੋਈ ਭਈ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ ਖਬਰੀ ਸੁਣਾਵਾਂ।” (ਅਫ਼. 3:8) ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਨੇ ਕਿਉਂ ਇੰਨੇ ਜੋਸ਼ ਨਾਲ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਸਿਖਾਇਆ।

13. ਅਸੀਂ ਕਿਹੜੇ ਕਾਰਨਾਂ ਕਰਕੇ ਖ਼ੁਸ਼ ਖ਼ਬਰੀ ਨੂੰ ਅਨਮੋਲ ਸਮਝਦੇ ਹਾਂ?

13 ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਖ਼ੁਸ਼ ਖ਼ਬਰੀ ਸਦਕਾ ਅਸੀਂ ਆਪਣੇ ਸਿਰਜਣਹਾਰ ਬਾਰੇ ਸਿੱਖਦੇ ਹਾਂ ਤੇ ਉਸ ਨਾਲ ਪਿਆਰ ਭਰਿਆ ਰਿਸ਼ਤਾ ਜੋੜਦੇ ਹਾਂ। ਖ਼ੁਸ਼ ਖ਼ਬਰੀ ਦੇ ਕਾਰਨ ਸਾਨੂੰ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਮਿਲਦੇ ਹਨ ਤੇ ਇਸ ਵਿਚ ਜ਼ਿੰਦਗੀਆਂ ਬਦਲਣ ਦੀ ਤਾਕਤ ਹੈ। ਇਸ ਤੋਂ ਸਾਨੂੰ ਉਮੀਦ ਮਿਲਦੀ ਹੈ ਅਤੇ ਮੁਸ਼ਕਲ ਘੜੀਆਂ ਵਿੱਚੋਂ ਗੁਜ਼ਰਦੇ ਸਮੇਂ ਇਹ ਸਾਨੂੰ ਤਾਕਤ ਦਿੰਦੀ ਹੈ। ਇਸ ਤੋਂ ਇਲਾਵਾ, ਇਹ ਨਾ ਸਿਰਫ਼ ਹੁਣ ਵਧੀਆ ਜ਼ਿੰਦਗੀ ਜੀਣਾ ਸਿਖਾਉਂਦੀ ਹੈ, ਸਗੋਂ ਭਵਿੱਖ ਵਿਚ ਮਿਲਣ ਵਾਲੀ ਸਦਾ ਦੀ ਜ਼ਿੰਦਗੀ ਬਾਰੇ ਵੀ ਪਤਾ ਲੱਗਦਾ ਹੈ। ਦੁਨੀਆਂ ਵਿਚ ਇੱਦਾਂ ਦਾ ਕੋਈ ਵੀ ਗਿਆਨ ਨਹੀਂ ਹੈ ਜੋ ਖ਼ੁਸ਼ ਖ਼ਬਰੀ ਨਾਲੋਂ ਜ਼ਿਆਦਾ ਕੀਮਤੀ ਜਾਂ ਮਹੱਤਵਪੂਰਣ ਹੋਵੇ। ਸਾਨੂੰ ਇਸ ਬੇਸ਼ਕੀਮਤੀ ਦਾਤ ਤੋਂ ਅਥਾਹ ਖ਼ੁਸ਼ੀ ਮਿਲਦੀ ਹੈ। ਜਦੋਂ ਅਸੀਂ ਇਹ ਦਾਤ ਦੂਜਿਆਂ ਨਾਲ ਸਾਂਝੀ ਕਰਦੇ ਹਾਂ, ਤਾਂ ਸਾਡੀ ਖ਼ੁਸ਼ੀ ਦੁਗਣੀ ਹੋ ਜਾਂਦੀ ਹੈ।—ਰਸੂ. 20:35.

14. ਖ਼ੁਸ਼ ਖ਼ਬਰੀ ਨੂੰ ਹੋਰ ਜ਼ਿਆਦਾ ਅਨਮੋਲ ਸਮਝਣ ਲਈ ਅਸੀਂ ਕੀ ਕਰ ਸਕਦੇ ਹਾਂ?

14 ਖ਼ੁਸ਼ ਖ਼ਬਰੀ ਨੂੰ ਹੋਰ ਜ਼ਿਆਦਾ ਅਨਮੋਲ ਸਮਝਣ ਲਈ ਅਸੀਂ ਕੀ ਕਰ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦਿਆਂ ਵਿਚ-ਵਿਚ ਰੁਕੋ ਤੇ ਪੜ੍ਹੀਆਂ ਗੱਲਾਂ ’ਤੇ ਮਨਨ ਕਰੋ। ਮਿਸਾਲ ਲਈ, ਕਲਪਨਾ ਕਰੋ ਕਿ ਤੁਸੀਂ ਉਸ ਵੇਲੇ ਯਿਸੂ ਦੇ ਨਾਲ-ਨਾਲ ਜਾ ਰਹੇ ਹੋ ਜਦੋਂ ਉਹ ਧਰਤੀ ’ਤੇ ਪ੍ਰਚਾਰ ਕਰ ਰਿਹਾ ਸੀ। ਜਾਂ ਤੁਸੀਂ ਪੌਲੁਸ ਰਸੂਲ ਨਾਲ ਮਿਸ਼ਨਰੀ ਦੌਰੇ ਤੇ ਜਾ ਰਹੇ ਹੋ। ਨਾਲੇ ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ ਜਦੋਂ ਜ਼ਿੰਦਗੀ ਅੱਜ ਨਾਲੋਂ ਕਿਤੇ ਹੀ ਵੱਖਰੀ ਹੋਵੇਗੀ। ਉਨ੍ਹਾਂ ਬਰਕਤਾਂ ਬਾਰੇ ਵੀ ਸੋਚੋ ਜੋ ਤੁਹਾਨੂੰ ਖ਼ੁਸ਼ ਖ਼ਬਰੀ ਅਨੁਸਾਰ ਚੱਲਣ ਕਾਰਨ ਮਿਲੀਆਂ ਹਨ। ਜੇ ਤੁਸੀਂ ਖ਼ੁਸ਼ ਖ਼ਬਰੀ ਨੂੰ ਅਨਮੋਲ ਸਮਝਦੇ ਹੋ, ਤਾਂ ਇਹ ਗੱਲ ਉਨ੍ਹਾਂ ਲੋਕਾਂ ਨੂੰ ਨਜ਼ਰ ਆਵੇਗੀ ਜਿਨ੍ਹਾਂ ਨੂੰ ਤੁਸੀਂ ਸਿਖਾਉਂਦੇ ਹੋ। ਇਸ ਲਈ ਚੰਗੀ ਗੱਲ ਹੈ ਕਿ ਅਸੀਂ ਸਿੱਖੀਆਂ ਗੱਲਾਂ ਉੱਤੇ ਮਨਨ ਕਰੀਏ ਅਤੇ ਉਨ੍ਹਾਂ ਗੱਲਾਂ ਉੱਤੇ ਧਿਆਨ ਦੇਈਏ ਜੋ ਅਸੀਂ ਸਿਖਾਉਂਦੇ ਹਾਂ।—1 ਤਿਮੋਥਿਉਸ 4:15, 16 ਪੜ੍ਹੋ।

ਸਾਨੂੰ ਲੋਕਾਂ ਨੂੰ ਪਿਆਰ ਕਰਨਾ ਚਾਹੀਦਾ

15. ਸਿੱਖਿਅਕ ਨੂੰ ਆਪਣੇ ਵਿਦਿਆਰਥੀਆਂ ਨੂੰ ਕਿਉਂ ਪਿਆਰ ਕਰਨਾ ਚਾਹੀਦਾ ਹੈ?

15 ਚੰਗਾ ਸਿੱਖਿਅਕ ਆਪਣੇ ਵਿਦਿਆਰਥੀਆਂ ਦੇ ਡਰ ਨੂੰ ਦੂਰ ਕਰਦਾ ਹੈ ਤਾਂਕਿ ਵਿਦਿਆਰਥੀ ਸਿਖਾਈਆਂ ਜਾ ਰਹੀਆਂ ਗੱਲਾਂ ਵਿਚ ਰੁਚੀ ਲੈਣ ਤੇ ਖ਼ੁਸ਼ੀ ਨਾਲ ਆਪਣੇ ਵਿਚਾਰ ਦੱਸਣ। ਪਿਆਰ ਕਰਨ ਵਾਲਾ ਸਿੱਖਿਅਕ ਆਪਣੇ ਵਿਦਿਆਰਥੀਆਂ ਨੂੰ ਇਸ ਲਈ ਗਿਆਨ ਦਿੰਦਾ ਹੈ ਕਿਉਂਕਿ ਉਹ ਦਿਲੋਂ ਉਨ੍ਹਾਂ ਦੀ ਪਰਵਾਹ ਕਰਦਾ ਹੈ। ਉਹ ਉਨ੍ਹਾਂ ਦੀਆਂ ਲੋੜਾਂ ਅਤੇ ਸਮਝ ਦੇ ਮੁਤਾਬਕ ਆਪਣੀ ਸਿੱਖਿਆ ਨੂੰ ਢਾਲ਼ਦਾ ਹੈ। ਉਹ ਆਪਣੇ ਵਿਦਿਆਰਥੀਆਂ ਦੀਆਂ ਯੋਗਤਾਵਾਂ ਅਤੇ ਹਾਲਾਤਾਂ ਨੂੰ ਵੀ ਧਿਆਨ ਵਿਚ ਰੱਖਦਾ ਹੈ। ਸਿੱਖਿਅਕ ਦੇ ਇਹੋ ਜਿਹੇ ਪਿਆਰ ਨੂੰ ਵਿਦਿਆਰਥੀ ਭਾਂਪ ਲੈਂਦੇ ਹਨ। ਇਸ ਤਰ੍ਹਾਂ ਸਿੱਖਿਅਕ ਤੇ ਵਿਦਿਆਰਥੀ ਦੋਹਾਂ ਨੂੰ ਹੀ ਮਜ਼ਾ ਆਉਂਦਾ ਹੈ।

16. ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਨੂੰ ਪਿਆਰ ਦਿਖਾਇਆ?

16 ਯਿਸੂ ਨੇ ਇਸੇ ਤਰ੍ਹਾਂ ਦਾ ਪਿਆਰ ਦਿਖਾਇਆ ਸੀ। ਉਸ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਇਹ ਸੀ ਕਿ ਉਸ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਤਾਂਕਿ ਦੂਸਰੇ ਬਚਾਏ ਜਾ ਸਕਣ। (ਯੂਹੰ. 15:13) ਸੇਵਕਾਈ ਕਰਦਿਆਂ ਯਿਸੂ ਨੇ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਅਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਇਆ। ਉਸ ਨੇ ਇਹ ਉਮੀਦ ਨਹੀਂ ਰੱਖੀ ਕਿ ਲੋਕ ਉਸ ਕੋਲ ਆਉਣ, ਸਗੋਂ ਸੈਂਕੜੇ ਮੀਲਾਂ ਦਾ ਸਫ਼ਰ ਪੈਦਲ ਤੈਅ ਕਰ ਕੇ ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਗਿਆ। (ਮੱਤੀ 4:23-25; ਲੂਕਾ 8:1) ਉਹ ਲੋਕਾਂ ਨਾਲ ਧੀਰਜ ਨਾਲ ਪੇਸ਼ ਆਇਆ ਤੇ ਉਨ੍ਹਾਂ ਨਾਲ ਹਮਦਰਦੀ ਜਤਾਈ। ਜਦੋਂ ਉਸ ਦੇ ਚੇਲਿਆਂ ਨੂੰ ਤਾੜਨਾ ਦੀ ਲੋੜ ਹੁੰਦੀ ਸੀ, ਤਾਂ ਉਹ ਉਨ੍ਹਾਂ ਨੂੰ ਪਿਆਰ ਨਾਲ ਤਾੜਦਾ ਸੀ। (ਮਰ. 9:33-37) ਉਸ ਨੇ ਭਰੋਸਾ ਜ਼ਾਹਰ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਕਿ ਉਹ ਖ਼ੁਸ਼ ਖ਼ਬਰੀ ਦੇ ਵਧੀਆ ਪ੍ਰਚਾਰਕ ਬਣਨਗੇ। ਸਿੱਖਿਅਕ ਵਜੋਂ ਜਿੰਨਾ ਪਿਆਰ ਯਿਸੂ ਨੇ ਜ਼ਾਹਰ ਕੀਤਾ, ਉੱਨਾ ਕਦੇ ਕਿਸੇ ਹੋਰ ਨੇ ਨਹੀਂ ਕੀਤਾ। ਉਸ ਦੇ ਪਿਆਰ ਕਰਕੇ ਹੀ ਚੇਲੇ ਉਸ ਨੂੰ ਪਿਆਰ ਕਰਦੇ ਸਨ ਤੇ ਉਸ ਦੇ ਹੁਕਮਾਂ ਨੂੰ ਮੰਨਦੇ ਸਨ।—ਯੂਹੰਨਾ 14:15 ਪੜ੍ਹੋ।

17. ਯਿਸੂ ਦੇ ਚੇਲਿਆਂ ਨੇ ਦੂਜਿਆਂ ਲਈ ਕਿਵੇਂ ਪਿਆਰ ਦਿਖਾਇਆ?

17 ਯਿਸੂ ਵਾਂਗ ਉਸ ਦੇ ਚੇਲੇ ਵੀ ਲੋਕਾਂ ਨਾਲ ਪਿਆਰ ਤੇ ਕੋਮਲਤਾ ਨਾਲ ਪੇਸ਼ ਆਏ। ਸਤਾਹਟਾਂ ਸਹਿ ਕੇ ਤੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਉਨ੍ਹਾਂ ਨੇ ਦੂਜਿਆਂ ਦੀ ਟਹਿਲ ਕੀਤੀ ਅਤੇ ਖ਼ੁਸ਼ ਖ਼ਬਰੀ ਸੁਣਾਈ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਬਹੁਤ ਤੇਹ ਸੀ ਜਿਨ੍ਹਾਂ ਨੇ ਖ਼ੁਸ਼ ਖ਼ਬਰੀ ਨੂੰ ਸੁਣ ਕੇ ਕਬੂਲ ਕੀਤਾ! ਪੌਲੁਸ ਰਸੂਲ ਦੇ ਲਿਖੇ ਇਹ ਸ਼ਬਦ ਦਿਲ ਨੂੰ ਛੋਹ ਜਾਂਦੇ ਹਨ: “ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ। ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।”—1 ਥੱਸ. 2:7, 8.

18, 19. (ੳ) ਪ੍ਰਚਾਰ ਕਰਨ ਲਈ ਅਸੀਂ ਕੁਰਬਾਨੀਆਂ ਕਰਨ ਵਾਸਤੇ ਕਿਉਂ ਤਿਆਰ ਹਾਂ? (ਅ) ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਸਾਡੇ ਪਿਆਰ ਨੂੰ ਦੇਖਦੇ ਹਨ।

18 ਇਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਉਨ੍ਹਾਂ ਲੋਕਾਂ ਦੀ ਭਾਲ ਵਿਚ ਹਨ ਜਿਹੜੇ ਪਰਮੇਸ਼ੁਰ ਨੂੰ ਜਾਣਨਾ ਤੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। ਦਰਅਸਲ, ਪਿਛਲੇ 17 ਸਾਲਾਂ ਤੋਂ ਅਸੀਂ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦੇ ਕੰਮ ਵਿਚ ਹਰ ਸਾਲ ਇਕ ਅਰਬ ਤੋਂ ਜ਼ਿਆਦਾ ਘੰਟੇ ਬਿਤਾਉਂਦੇ ਆਏ ਹਾਂ ਤੇ ਇੱਦਾਂ ਕਰਦੇ ਰਹਾਂਗੇ। ਅਸੀਂ ਮਰਜ਼ੀ ਨਾਲ ਇੱਦਾਂ ਕਰਦੇ ਹਾਂ ਭਾਵੇਂ ਕਿ ਅਸੀਂ ਆਪਣਾ ਸਮਾਂ, ਤਾਕਤ ਤੇ ਪੈਸਾ ਲਾਉਂਦੇ ਹਾਂ। ਯਿਸੂ ਦੀ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਸਾਡਾ ਪਿਆਰਾ ਸਵਰਗੀ ਪਿਤਾ ਚਾਹੁੰਦਾ ਹੈ ਕਿ ਲੋਕ ਉਹ ਗਿਆਨ ਲੈਣ ਜਿਸ ਨਾਲ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ। (ਯੂਹੰ. 17:3; 1 ਤਿਮੋ. 2:3, 4) ਪਿਆਰ ਸਦਕਾ ਅਸੀਂ ਨੇਕਦਿਲ ਲੋਕਾਂ ਦੀ ਮਦਦ ਕਰਦੇ ਹਾਂ ਕਿ ਉਹ ਯਹੋਵਾਹ ਬਾਰੇ ਜਾਣਨ ਤੇ ਉਸ ਨੂੰ ਪਿਆਰ ਕਰਨ ਜਿਵੇਂ ਅਸੀਂ ਕਰਦੇ ਹਾਂ।

19 ਲੋਕ ਸਾਡੇ ਪਿਆਰ ਨੂੰ ਦੇਖ ਸਕਦੇ ਹਨ। ਮਿਸਾਲ ਲਈ, ਅਮਰੀਕਾ ਦੀ ਇਕ ਪਾਇਨੀਅਰ ਭੈਣ ਉਨ੍ਹਾਂ ਲੋਕਾਂ ਨੂੰ ਦਿਲਾਸਾ ਦੇਣ ਲਈ ਚਿੱਠੀਆਂ ਲਿਖਦੀ ਹੈ ਜਿਨ੍ਹਾਂ ਦਾ ਕੋਈ ਅਜ਼ੀਜ਼ ਮੌਤ ਦੀ ਨੀਂਦ ਸੌਂ ਗਿਆ ਹੈ। ਚਿੱਠੀ ਦਾ ਜਵਾਬ ਦਿੰਦਿਆਂ ਇਕ ਬੰਦੇ ਨੇ ਲਿਖਿਆ: “ਪਹਿਲਾਂ ਤਾਂ ਮੈਂ ਬੜਾ ਹੈਰਾਨ ਹੋਇਆ ਕਿ ਔਖੀ ਘੜੀ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਨ ਵਾਸਤੇ ਕੋਈ ਕਿਸੇ ਅਜਨਬੀ ਨੂੰ ਚਿੱਠੀ ਲਿਖੇਗਾ। ਮੈਂ ਸਿਰਫ਼ ਇਹੀ ਕਹਾਂਗਾ ਕਿ ਤੁਸੀਂ ਵਾਕਈ ਲੋਕਾਂ ਨੂੰ ਅਤੇ ਉਸ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ ਜੋ ਲੋਕਾਂ ਨੂੰ ਜ਼ਿੰਦਗੀ ਦੇ ਰਾਹ ’ਤੇ ਚੱਲਣਾ ਸਿਖਾਉਂਦਾ ਹੈ।”

20. ਪਿਆਰ ਨਾਲ ਸਿਖਾਉਣਾ ਕਿੰਨਾ ਕੁ ਜ਼ਰੂਰੀ ਹੈ?

20 ਕਿਹਾ ਜਾਂਦਾ ਹੈ ਕਿ ਜਦੋਂ ਪਿਆਰ ਤੇ ਹੁਨਰ ਮਿਲ ਕੇ ਕੰਮ ਕਰਦੇ ਹਨ, ਤਾਂ ਇਕ ਖੂਬਸੂਰਤ ਚੀਜ਼ ਬਣ ਕੇ ਸਾਮ੍ਹਣੇ ਆਉਂਦੀ ਹੈ। ਸਿੱਖਿਆ ਦਿੰਦੇ ਵੇਲੇ ਅਸੀਂ ਆਪਣੇ ਵਿਦਿਆਰਥੀਆਂ ਦੀ ਮਦਦ ਕਰਦੇ ਹਾਂ ਕਿ ਉਹ ਯਹੋਵਾਹ ਦਾ ਗਿਆਨ ਆਪਣੇ ਮਨ ਵਿਚ ਭਰਨ ਤੇ ਦਿਲ ਵਿਚ ਉਸ ਲਈ ਪਿਆਰ ਪੈਦਾ ਕਰਨ। ਅਸਰਕਾਰੀ ਸਿੱਖਿਅਕ ਬਣਨ ਲਈ ਸਾਨੂੰ ਯਹੋਵਾਹ, ਸੱਚਾਈ ਅਤੇ ਲੋਕਾਂ ਲਈ ਪਿਆਰ ਦਿਖਾਉਣ ਦੀ ਲੋੜ ਹੈ। ਜਦੋਂ ਅਸੀਂ ਆਪਣੇ ਵਿਚ ਇਹੋ ਜਿਹਾ ਪਿਆਰ ਪੈਦਾ ਕਰਦੇ ਹਾਂ ਤੇ ਪ੍ਰਚਾਰ ਕਰਦਿਆਂ ਇਸ ਨੂੰ ਜ਼ਾਹਰ ਕਰਦੇ ਹਾਂ, ਤਾਂ ਸਾਨੂੰ ਉਹ ਖ਼ੁਸ਼ੀ ਮਿਲਦੀ ਹੈ ਜੋ ਕਿਸੇ ਨੂੰ ਕੁਝ ਦੇਣ ਨਾਲ ਮਿਲਦੀ ਹੈ। ਨਾਲੇ ਸੰਤੁਸ਼ਟੀ ਵੀ ਮਿਲਦੀ ਹੈ ਕਿ ਅਸੀਂ ਯਿਸੂ ਦੀ ਰੀਸ ਕਰਦੇ ਹਾਂ ਤੇ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ।

ਤੁਸੀਂ ਕਿਵੇਂ ਜਵਾਬ ਦਿਓਗੇ?

• ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦਿਆਂ ਇਹ ਜ਼ਰੂਰੀ ਕਿਉਂ ਹੈ ਕਿ ਅਸੀਂ . . .

ਪਰਮੇਸ਼ੁਰ ਨੂੰ ਪਿਆਰ ਕਰੀਏ?

ਉਨ੍ਹਾਂ ਗੱਲਾਂ ਨੂੰ ਅਨਮੋਲ ਸਮਝੀਏ ਜੋ ਅਸੀਂ ਸਿਖਾਉਂਦੇ ਹਾਂ?

ਉਨ੍ਹਾਂ ਨੂੰ ਪਿਆਰ ਕਰੀਏ ਜਿਨ੍ਹਾਂ ਨੂੰ ਅਸੀਂ ਸਿਖਾਉਂਦੇ ਹਾਂ?

[ਸਵਾਲ]

[ਸਫ਼ਾ 15 ਉੱਤੇ ਤਸਵੀਰ]

ਕਿਹੜੀ ਗੱਲ ਕਰਕੇ ਯਿਸੂ ਦੇ ਸਿਖਾਉਣ ਦਾ ਤਰੀਕਾ ਗ੍ਰੰਥੀਆਂ ਤੇ ਫ਼ਰੀਸੀਆਂ ਦੇ ਸਿਖਾਉਣ ਦੇ ਤਰੀਕੇ ਤੋਂ ਵੱਖਰਾ ਸੀ?

[ਸਫ਼ਾ 18 ਉੱਤੇ ਤਸਵੀਰ]

ਚੰਗੇ ਸਿੱਖਿਅਕ ਕੋਲ ਗਿਆਨ ਤੇ ਹੁਨਰ ਹੋਣਾ ਚਾਹੀਦਾ ਹੈ, ਪਰ ਖ਼ਾਸਕਰ ਉਸ ਵਿਚ ਪਿਆਰ ਹੋਣਾ ਚਾਹੀਦਾ ਹੈ