Skip to content

Skip to table of contents

ਸ਼ੁਕਰਗੁਜ਼ਾਰੀ ਨਾਲ ਲਓ ਅਤੇ ਦਿਲੋਂ ਦਿਓ

ਸ਼ੁਕਰਗੁਜ਼ਾਰੀ ਨਾਲ ਲਓ ਅਤੇ ਦਿਲੋਂ ਦਿਓ

ਸ਼ੁਕਰਗੁਜ਼ਾਰੀ ਨਾਲ ਲਓ ਅਤੇ ਦਿਲੋਂ ਦਿਓ

ਸਾਡਾ ਸਵਰਗੀ ਪਿਤਾ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਸ ਨੂੰ ਆਪਣੇ ਸਾਰੇ ਸੇਵਕਾਂ ਦਾ ਬਹੁਤ ਫ਼ਿਕਰ ਹੈ। (1 ਪਤ. 5:7) ਇਸ ਲਈ ਯਹੋਵਾਹ ਵੱਖੋ-ਵੱਖਰੇ ਤਰੀਕਿਆਂ ਨਾਲ ਸਾਨੂੰ ਮਦਦ ਪ੍ਰਦਾਨ ਕਰਦਾ ਹੈ। ਇਹ ਜਾਣ ਕੇ ਅਸੀਂ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿ ਸਕਦੇ ਹਾਂ। (ਯਸਾ. 48:17) ਖ਼ਾਸਕਰ ਜਦੋਂ ਅਸੀਂ ਸਮੱਸਿਆਵਾਂ ਨਾਲ ਘਿਰ ਜਾਣ ਕਰਕੇ ਦੁਖੀ ਹੋ ਜਾਂਦੇ ਹਾਂ, ਤਾਂ ਉਸ ਵੇਲੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਹ ਮਦਦ ਲੈ ਲਈਏ ਜੋ ਉਹ ਮੁਹੱਈਆ ਕਰਾਉਂਦਾ ਹੈ। ਇਹ ਗੱਲ ਅਸੀਂ ਮੂਸਾ ਦੀ ਬਿਵਸਥਾ ਤੋਂ ਦੇਖ ਸਕਦੇ ਹਾਂ।

ਯਹੋਵਾਹ ਨੇ ਪਿਆਰ ਨਾਲ ਬਿਵਸਥਾ ਅਨੁਸਾਰ “ਕੰਗਾਲ” ਯਾਨੀ ਅਨਾਥ, ਵਿਧਵਾ ਅਤੇ ਪਰਦੇਸੀ ਦੀ ਮਦਦ ਦਾ ਇੰਤਜ਼ਾਮ ਕੀਤਾ ਸੀ। (ਲੇਵੀ. 19:9, 10; ਬਿਵ. 14:29) ਉਹ ਜਾਣਦਾ ਹੈ ਕਿ ਉਸ ਦੇ ਸੇਵਕਾਂ ਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਤੋਂ ਮਦਦ ਦੀ ਲੋੜ ਪੈ ਸਕਦੀ ਹੈ। (ਯਾਕੂ. 1:27) ਇਸ ਲਈ ਉਸ ਦੇ ਕਿਸੇ ਵੀ ਸੇਵਕ ਨੂੰ ਮਦਦ ਲੈਣ ਤੋਂ ਹਿਚਕਿਚਾਉਣਾ ਨਹੀਂ ਚਾਹੀਦਾ ਜਦੋਂ ਯਹੋਵਾਹ ਕਿਸੇ ਭੈਣ ਜਾਂ ਭਰਾ ਰਾਹੀਂ ਮਦਦ ਕਰਦਾ ਹੈ। ਪਰ ਇਹ ਮਦਦ ਅਸੀਂ ਸਹੀ ਰਵੱਈਆ ਰੱਖ ਕੇ ਕਬੂਲ ਕਰਾਂਗੇ।

ਇਸ ਦੇ ਨਾਲ-ਨਾਲ ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਕੋਲ ਦੇਣ ਦਾ ਵੀ ਮੌਕਾ ਹੈ। “ਕੰਗਾਲ ਵਿਧਵਾ” ਦੇ ਬਿਰਤਾਂਤ ਉੱਤੇ ਗੌਰ ਕਰੋ ਜਿਸ ਨੂੰ ਯਿਸੂ ਨੇ ਯਰੂਸ਼ਲਮ ਦੀ ਹੈਕਲ ਵਿਚ ਦੇਖਿਆ ਸੀ। (ਲੂਕਾ 21:1-4) ਉਸ ਨੇ ਬਿਵਸਥਾ ਵਿਚ ਦੱਸੇ ਉਨ੍ਹਾਂ ਇੰਤਜ਼ਾਮਾਂ ਤੋਂ ਲਾਭ ਉਠਾਇਆ ਹੋਵੇਗਾ ਜੋ ਯਹੋਵਾਹ ਨੇ ਪਿਆਰ ਨਾਲ ਵਿਧਵਾਵਾਂ ਲਈ ਕੀਤੇ ਸਨ। ਭਾਵੇਂ ਉਹ ਗ਼ਰੀਬ ਸੀ, ਫਿਰ ਵੀ ਉਸ ਨੂੰ ਯਾਦ ਕੀਤਾ ਜਾਂਦਾ ਹੈ। ਉਸ ਨੂੰ ਇਸ ਲਈ ਯਾਦ ਨਹੀਂ ਕੀਤਾ ਜਾਂਦਾ ਕਿ ਉਸ ਨੇ ਕਿਸੇ ਕੋਲੋਂ ਮਦਦ ਲਈ ਸੀ, ਸਗੋਂ ਇਸ ਲਈ ਯਾਦ ਕੀਤਾ ਜਾਂਦਾ ਹੈ ਕਿ ਉਸ ਨੇ ਦਾਨ ਦਿੱਤਾ ਸੀ। ਉਹ ਆਪਣੇ ਇਸ ਰਵੱਈਏ ਤੋਂ ਖ਼ੁਸ਼ ਹੋਈ ਹੋਵੇਗੀ ਕਿਉਂਕਿ ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂ. 20:35) ਇਸ ਗੱਲ ਨੂੰ ਯਾਦ ਰੱਖਦੇ ਹੋਏ ਤੁਸੀਂ ‘ਦੇਣ’ ਦੀ ਆਦਤ ਕਿਵੇਂ ਪਾ ਸਕਦੇ ਹੋ ਜਿਸ ਤੋਂ ਤੁਹਾਨੂੰ ਖ਼ੁਸ਼ੀ ਮਿਲੇਗੀ?—ਲੂਕਾ 6:38.

‘ਯਹੋਵਾਹ ਨੂੰ ਮੈਂ ਕੀ ਮੋੜ ਕੇ ਦਿਆਂ?’

ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?” (ਜ਼ਬੂ. 116:12) ਉਸ ਉੱਤੇ ਕਿਹੜੇ ਉਪਕਾਰ ਹੋਏ ਸਨ? “ਦੁਖ ਤੇ ਸੋਗ” ਦੀਆਂ ਘੜੀਆਂ ਦੌਰਾਨ ਯਹੋਵਾਹ ਨੇ ਉਸ ਨੂੰ ਸੰਭਾਲਿਆ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ‘ਉਸ ਦੀ ਜਾਨ ਨੂੰ ਮੌਤ ਤੋਂ ਛੁਡਾਇਆ’ ਸੀ। ਪਰ ਹੁਣ ਉਹ ਯਹੋਵਾਹ ਨੂੰ ਕੁਝ ‘ਮੋੜਨਾ’ ਚਾਹੁੰਦਾ ਸੀ। ਜ਼ਬੂਰ ਇੱਦਾਂ ਕਿਵੇਂ ਕਰ ਸਕਦਾ ਸੀ? ਉਸ ਨੇ ਕਿਹਾ: “ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ।” (ਜ਼ਬੂ. 116:3, 4, 8, 10-14) ਉਸ ਨੇ ਯਹੋਵਾਹ ਅੱਗੇ ਸੁੱਖੀਆਂ ਸੁਖਣਾਂ ਅਤੇ ਆਪਣੇ ਬਣਦੇ ਫ਼ਰਜ਼ਾਂ ਨੂੰ ਪੂਰਾ ਕਰਨ ਦੀ ਠਾਣ ਲਈ ਸੀ।

ਤੁਸੀਂ ਵੀ ਇੱਦਾਂ ਕਰ ਸਕਦੇ ਹੋ। ਕਿਵੇਂ? ਅਸੀਂ ਹਰ ਸਮੇਂ ਯਹੋਵਾਹ ਦੇ ਕਾਨੂੰਨਾਂ ਅਤੇ ਅਸੂਲਾਂ ਅਨੁਸਾਰ ਚੱਲ ਕੇ ਇੱਦਾਂ ਕਰ ਸਕਦੇ ਹਾਂ। ਇਸ ਲਈ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਤੁਸੀਂ ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਸਮਝਦੇ ਹੋ ਅਤੇ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਅਨੁਸਾਰ ਚੱਲ ਕੇ ਸਭ ਕੁਝ ਕਰਦੇ ਹੋ। (ਉਪ. 12:13; ਗਲਾ. 5:16-18) ਪਰ ਅਸਲ ਗੱਲ ਤਾਂ ਇਹ ਹੈ ਕਿ ਤੁਸੀਂ ਕਦੀ ਵੀ ਯਹੋਵਾਹ ਨੂੰ ਉਸ ਸਭ ਕਾਸੇ ਦੇ ਬਦਲੇ ਕੁਝ ਨਹੀਂ ਮੋੜ ਸਕਦੇ ਜੋ ਕੁਝ ਉਹ ਨੇ ਤੁਹਾਡੇ ਲਈ ਕੀਤਾ ਹੈ। ਫਿਰ ਵੀ ਤੁਸੀਂ ਯਹੋਵਾਹ ਦੇ ‘ਜੀ ਨੂੰ ਅਨੰਦ ਕਰਦੇ’ ਹੋ ਜਦੋਂ ਤੁਸੀਂ ਤਨੋਂ-ਮਨੋ ਯਹੋਵਾਹ ਦੀ ਸੇਵਾ ਕਰਦੇ ਹੋ। (ਕਹਾ. 27:11) ਇਸ ਤਰ੍ਹਾਂ ਯਹੋਵਾਹ ਨੂੰ ਖ਼ੁਸ਼ ਕਰਨਾ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ!

ਕਲੀਸਿਯਾ ਦੀ ਭਲਾਈ ਵਿਚ ਯੋਗਦਾਨ ਪਾਓ

ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਤੁਹਾਨੂੰ ਕਲੀਸਿਯਾ ਤੋਂ ਕਈ ਫ਼ਾਇਦੇ ਮਿਲੇ ਹਨ। ਕਲੀਸਿਯਾ ਦੇ ਰਾਹੀਂ ਯਹੋਵਾਹ ਨੇ ਤੁਹਾਨੂੰ ਬਹੁਤ ਸਾਰਾ ਗਿਆਨ ਦਿੱਤਾ ਹੈ। ਤੁਸੀਂ ਸੱਚਾਈ ਜਾਣ ਕੇ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੋਏ ਹੋ ਤੇ ਤੁਹਾਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਪਤਾ ਲੱਗਾ ਹੈ। (ਯੂਹੰ. 8:32) “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੀਆਂ ਸਭਾਵਾਂ, ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਤੁਸੀਂ ਇਹ ਗਿਆਨ ਹਾਸਲ ਕੀਤਾ ਹੈ ਜਿਸ ਦੀ ਮਦਦ ਨਾਲ ਤੁਸੀਂ ਸੋਹਣੀ ਧਰਤੀ ’ਤੇ ਦੁੱਖਾਂ-ਤਕਲੀਫ਼ਾਂ ਤੋਂ ਬਗੈਰ ਸਦਾ ਦੀ ਜ਼ਿੰਦਗੀ ਪਾ ਸਕਦੇ ਹੋ। (ਮੱਤੀ 24:45-47) ਕੀ ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਰਾਹੀਂ ਮਿਲੀਆਂ ਅਤੇ ਮਿਲਣ ਵਾਲੀਆਂ ਬਰਕਤਾਂ ਨੂੰ ਗਿਣ ਸਕਦੇ ਹੋ? ਤੁਸੀਂ ਕਲੀਸਿਯਾ ਨੂੰ ਕੀ ਮੋੜ ਕੇ ਦੇ ਸਕਦੇ ਹੋ?

ਪੌਲੁਸ ਰਸੂਲ ਨੇ ਲਿਖਿਆ: “ਸਾਰੀ ਦੇਹੀ ਹਰੇਕ ਜੋੜ ਦੀ ਮੱਦਤ ਨਾਲ ਠੀਕ ਠੀਕ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਇੱਕ ਇੱਕ ਅੰਗ ਦੇ ਵਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਭਈ ਉਹ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ।” (ਅਫ਼. 4:15, 16) ਹਾਲਾਂਕਿ ਇਹ ਹਵਾਲਾ ਮਸਹ ਕੀਤੇ ਹੋਏ ਮਸੀਹੀਆਂ ’ਤੇ ਲਾਗੂ ਹੁੰਦਾ ਹੈ, ਪਰ ਇਸ ਵਿਚ ਪਾਇਆ ਜਾਂਦਾ ਸਿਧਾਂਤ ਅੱਜ ਸਾਰੇ ਮਸੀਹੀਆਂ ’ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਜੀ ਹਾਂ, ਕਲੀਸਿਯਾ ਦਾ ਹਰੇਕ ਮੈਂਬਰ ਕਲੀਸਿਯਾ ਦੀ ਭਲਾਈ ਅਤੇ ਉਸਾਰੀ ਵਿਚ ਯੋਗਦਾਨ ਪਾ ਸਕਦਾ ਹੈ। ਕਿਨ੍ਹਾਂ ਤਰੀਕਿਆਂ ਨਾਲ?

ਇੱਦਾਂ ਅਸੀਂ ਹਰ ਸਮੇਂ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਕੇ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਦੇ ਕੇ ਕਰ ਸਕਦੇ ਹਾਂ। (ਰੋਮੀ. 14:19) ਨਾਲੇ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦਿਆਂ ਪਰਮੇਸ਼ੁਰ ਵਰਗੇ ਗੁਣ ਜ਼ਾਹਰ ਕਰ ਕੇ ਵੀ ਅਸੀਂ ‘ਦੇਹੀ ਦੀ ਉਸਾਰੀ’ ਵਿਚ ਯੋਗਦਾਨ ਪਾ ਸਕਦੇ ਹਾਂ। (ਗਲਾ. 5:22, 23) ਇਸ ਤੋਂ ਇਲਾਵਾ, ਅਸੀਂ ‘ਸਭਨਾਂ ਨਾਲ ਭਲਾ ਕਰਨ’ ਦੇ ਮੌਕੇ ਭਾਲਾਂਗੇ “ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾ. 6:10; ਇਬ. 13:16) ਕਲੀਸਿਯਾ ਦੇ ਸਾਰੇ ਭੈਣ-ਭਰਾ, ਚਾਹੇ ਨੌਜਵਾਨ ਜਾਂ ਬਿਰਧ, ਸਾਰੇ ਹੀ ‘ਪ੍ਰੇਮ ਨਾਲ ਦੇਹੀ ਦੀ ਉਸਾਰੀ ਕਰਨ’ ਵਿਚ ਯੋਗਦਾਨ ਪਾ ਸਕਦੇ ਹਨ।

ਇਸ ਤੋਂ ਇਲਾਵਾ ਅਸੀਂ ਕਲੀਸਿਯਾ ਦੁਆਰਾ ਕੀਤੇ ਜਾ ਰਹੇ ਜ਼ਿੰਦਗੀਆਂ ਬਚਾਉਣ ਵਾਲੇ ਕੰਮ ਵਿਚ ਆਪਣੇ ਹੁਨਰ, ਤਾਕਤ ਤੇ ਪੈਸਾ ਵਰਤ ਸਕਦੇ ਹਾਂ। ਯਿਸੂ ਮਸੀਹ ਨੇ ਕਿਹਾ: “ਤੁਸਾਂ ਮੁਫ਼ਤ ਲਿਆ ਹੈ।” ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਉਸ ਨੇ ਕਿਹਾ: “ਮੁਫ਼ਤ ਹੀ ਦਿਓ।” (ਮੱਤੀ 10:8) ਇਸ ਲਈ ਪ੍ਰਚਾਰ ਤੇ ਚੇਲੇ ਬਣਾਉਣ ਦੇ ਜ਼ਰੂਰੀ ਕੰਮ ਵਿਚ ਪੂਰਾ-ਪੂਰਾ ਹਿੱਸਾ ਲਓ। (ਮੱਤੀ 24:14; 28:19, 20) ਕੀ ਤੁਹਾਨੂੰ ਕੁਝ ਕਾਰਨਾਂ ਕਰਕੇ ਇਸ ਵਿਚ ਪੂਰਾ ਹਿੱਸਾ ਲੈਣਾ ਮੁਸ਼ਕਲ ਲੱਗਦਾ ਹੈ? ਕੰਗਾਲ ਵਿਧਵਾ ਨੂੰ ਯਾਦ ਕਰੋ ਜਿਸ ਬਾਰੇ ਯਿਸੂ ਨੇ ਗੱਲ ਕੀਤੀ ਸੀ। ਉਸ ਨੇ ਬਹੁਤਾ ਕੁਝ ਨਹੀਂ ਦਿੱਤਾ ਸੀ। ਪਰ ਯਿਸੂ ਨੇ ਕਿਹਾ ਕਿ ਉਸ ਨੇ ਦੂਜਿਆਂ ਨਾਲੋਂ ਜ਼ਿਆਦਾ ਦਿੱਤਾ ਸੀ। ਉਸ ਨੇ ਆਪਣੇ ਹਾਲਾਤਾਂ ਅਨੁਸਾਰ ਆਪਣਾ ਉਹ ਸਾਰਾ ਕੁਝ ਦੇ ਦਿੱਤਾ ਸੀ ਜੋ ਕੁਝ ਉਸ ਕੋਲ ਸੀ।—2 ਕੁਰਿੰ. 8:1-5, 12.

ਸਹੀ ਰਵੱਈਏ ਨਾਲ ਮਦਦ ਲਓ

ਕਦੇ-ਕਦੇ ਤੁਹਾਨੂੰ ਵੀ ਕਲੀਸਿਯਾ ਤੋਂ ਮਦਦ ਦੀ ਜ਼ਰੂਰਤ ਪੈ ਸਕਦੀ ਹੈ। ਜਦੋਂ ਤੁਸੀਂ ਦੁਨੀਆਂ ਵੱਲੋਂ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਕਦੀ ਵੀ ਕਲੀਸਿਯਾ ਵੱਲੋਂ ਦਿੱਤੀ ਜਾ ਰਹੀ ਮਦਦ ਲੈਣ ਤੋਂ ਨਾ ਹਿਚਕਿਚਾਓ। ਯਹੋਵਾਹ ਨੇ “ਕਲੀਸਿਯਾ ਦੀ ਚਰਵਾਹੀ” ਕਰਨ ਲਈ ਕਾਬਲ ਬਜ਼ੁਰਗ ਠਹਿਰਾਏ ਹਨ ਤਾਂਕਿ ਉਹ ਮੁਸ਼ਕਲਾਂ ਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰ ਸਕਣ। (ਰਸੂ. 20:28) ਕਲੀਸਿਯਾ ਦੇ ਬਜ਼ੁਰਗ ਅਤੇ ਹੋਰ ਭੈਣ-ਭਰਾ ਮੁਸ਼ਕਲ ਘੜੀਆਂ ਦੌਰਾਨ ਤੁਹਾਨੂੰ ਦਿਲਾਸਾ ਤੇ ਸਹਾਰਾ ਦੇਣ ਦੇ ਨਾਲ-ਨਾਲ ਤੁਹਾਡੀ ਰਾਖੀ ਕਰਨਾ ਚਾਹੁੰਦੇ ਹਨ।—ਗਲਾ. 6:2; 1 ਥੱਸ. 5:14.

ਜਦੋਂ ਤੁਸੀਂ ਮਦਦ ਲੈਂਦੇ ਹੋ, ਤਾਂ ਸਹੀ ਰਵੱਈਆ ਰੱਖ ਕੇ ਮਦਦ ਲਓ। ਤੁਹਾਨੂੰ ਹਮੇਸ਼ਾ ਇਸ ਮਦਦ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਭੈਣਾਂ-ਭਰਾਵਾਂ ਤੋਂ ਮਿਲੀ ਇਸ ਮਦਦ ਨੂੰ ਪਰਮੇਸ਼ੁਰ ਦੀ ਕਿਰਪਾ ਸਮਝੋ। (1 ਪਤ. 4:10) ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਅਸੀਂ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਦੀ ਤਰ੍ਹਾਂ ਨਹੀਂ ਬਣਨਾ ਚਾਹੁੰਦੇ ਜੋ ਕਿਸੇ ਦੀ ਮਦਦ ਲੈਣ ਤੇ ਸ਼ੁਕਰੀਆ ਅਦਾ ਨਹੀਂ ਕਰਦੇ।

ਸਮਝਦਾਰ ਹੋਵੋ ਅਤੇ ਜ਼ਿਆਦਾ ਉਮੀਦਾਂ ਨਾ ਰੱਖੋ

ਫ਼ਿਲਿੱਪੈ ਦੀ ਕਲੀਸਿਯਾ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਤਿਮੋਥਿਉਸ ਬਾਰੇ ਲਿਖਿਆ: “ਕਿਉਂਕਿ ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।” ਲੇਕਿਨ ਪੌਲੁਸ ਨੇ ਅੱਗੋਂ ਲਿਖਿਆ: “ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ।” (ਫ਼ਿਲਿ. 2:20, 21) ਪੌਲੁਸ ਦੀ ਇਸ ਗੰਭੀਰ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਅੱਜ “ਮਤਲਬ ਦੇ ਯਾਰ” ਬਣਨ ਤੋਂ ਕਿੱਦਾਂ ਬਚ ਸਕਦੇ ਹਾਂ?

ਜਦੋਂ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਸੁਲਝਾਉਣ ਲਈ ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਮਦਦ ਮੰਗਦੇ ਹਾਂ, ਤਾਂ ਸਾਨੂੰ ਉਨ੍ਹਾਂ ਤੋਂ ਹੱਦੋਂ ਵੱਧ ਇਹ ਮੰਗ ਨਹੀਂ ਕਰਨੀ ਚਾਹੀਦੀ ਕਿ ਉਹ ਸਾਨੂੰ ਆਪਣਾ ਜ਼ਿਆਦਾ ਸਮਾਂ ਅਤੇ ਧਿਆਨ ਦੇਣ। ਕਿਉਂ ਨਹੀਂ? ਜ਼ਰਾ ਇਸ ਬਾਰੇ ਸੋਚੋ: ਅਸੀਂ ਉਸ ਭਰਾ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਜ਼ਰੂਰ ਕਰਦੇ ਹਾਂ ਜਿਸ ਨੇ ਐਮਰਜੈਂਸੀ ਵਿਚ ਪੈਸੇ ਪੱਖੋਂ ਸਾਡੀ ਮਦਦ ਕੀਤੀ ਹੈ। ਪਰ ਕੀ ਅਸੀਂ ਖ਼ੁਦ ਉਸ ਕੋਲ ਜਾ ਕੇ ਪੈਸੇ ਮੰਗਾਂਗੇ? ਬਿਲਕੁਲ ਨਹੀਂ! ਭਾਵੇਂ ਸਾਡੇ ਭਰਾ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਪਰ ਸਾਨੂੰ ਸਮਝਦਾਰੀ ਵਰਤਦੇ ਹੋਏ ਉਨ੍ਹਾਂ ਤੋਂ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਹ ਸਾਨੂੰ ਆਪਣਾ ਵਧ ਤੋਂ ਵਧ ਸਮਾਂ ਦੇਣ। ਭੈਣ-ਭਰਾ ਸਾਡੀ ਮੁਸ਼ਕਲਾਂ ਨਾਲ ਸਿੱਝਣ ਵਿਚ ਜਿੰਨੀ ਵੀ ਮਦਦ ਕਰਦੇ ਹਨ, ਅਸੀਂ ਚਾਹੁੰਦੇ ਹਾਂ ਕਿ ਉਹ ਖ਼ੁਸ਼ੀ ਨਾਲ ਕਰਨ।

ਸਾਨੂੰ ਉਮੀਦ ਹੈ ਕਿ ਸਾਡੇ ਭੈਣ-ਭਰਾ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿਣਗੇ। ਫਿਰ ਵੀ ਕਦੇ-ਕਦੇ ਉਹ ਸਾਡੀਆਂ ਸਾਰੀਆਂ ਉਮੀਦਾਂ ਪੂਰੀਆਂ ਨਹੀਂ ਕਰ ਸਕਦੇ। ਜਦੋਂ ਇੱਦਾਂ ਹੁੰਦਾ ਹੈ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਕਿਸੇ ਵੀ ਮੁਸ਼ਕਲ ਘੜੀ ਵਿਚ ਸੰਭਾਲੇਗਾ ਜਿਸ ਤਰ੍ਹਾਂ ਉਸ ਨੇ ਜ਼ਬੂਰ ਨੂੰ ਸੰਭਾਲਿਆ ਸੀ।—ਜ਼ਬੂ. 116:1, 2; ਫ਼ਿਲਿ. 4:10-13.

ਮੁਕਦੀ ਗੱਲ ਇਹ ਹੈ ਕਿ ਤੁਸੀਂ ਯਹੋਵਾਹ ਦੇ ਇੰਤਜ਼ਾਮਾਂ ਨੂੰ ਬਿਨਾਂ ਹਿਚਕਿਚਾਏ ਖ਼ੁਸ਼ੀ ਨਾਲ ਕਬੂਲ ਕਰੋ, ਖ਼ਾਸ ਕਰਕੇ ਉਹ ਇੰਤਜ਼ਾਮ ਜੋ ਉਹ ਮੁਸ਼ਕਲ ਘੜੀਆਂ ਵਿਚ ਤੁਹਾਡੀ ਮਦਦ ਕਰਨ ਲਈ ਕਰਦਾ ਹੈ। (ਜ਼ਬੂ. 55:22) ਉਹ ਚਾਹੁੰਦਾ ਹੈ ਕਿ ਤੁਸੀਂ ਇੱਦਾਂ ਕਰੋ। ਪਰ ਉਹ ਇਹ ਵੀ ਚਾਹੁੰਦਾ ਹੈ ਕਿ ਤੁਸੀਂ ‘ਖੁਸ਼ੀ ਨਾਲ ਦੇਵੋ।’ ਇਸ ਲਈ, ਪੂਰੀ ਤਰ੍ਹਾਂ ‘ਦਿਲ ਵਿੱਚ ਧਾਰ’ ਲਵੋ ਕਿ ਤੁਸੀਂ ਆਪਣੇ ਹਾਲਾਤਾਂ ਅਨੁਸਾਰ ਸੱਚੀ ਭਗਤੀ ਵਿਚ ਯੋਗਦਾਨ ਪਾਉਣ ਲਈ ਜੋ ਵੀ ਦੇ ਸਕਦੇ ਹੋ ਦਿਓਗੇ। (2 ਕੁਰਿੰ. 9:6, 7) ਇਸ ਤਰ੍ਹਾਂ ਤੁਸੀਂ ਸ਼ੁਕਰਗੁਜ਼ਾਰੀ ਨਾਲ ਮਦਦ ਲਵੋਗੇ ਅਤੇ ਦਿਲੋਂ ਦੇਵੋਗੇ।

[ਸਫ਼ਾ 31 ਉੱਤੇ ਡੱਬੀ/ਤਸਵੀਰਾਂ]

“ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?”—ਜ਼ਬੂ. 116:12.

▪ ‘ਸਭਨਾਂ ਨਾਲ ਭਲਾ ਕਰਨ’ ਦੇ ਮੌਕੇ ਭਾਲੋ

▪ ਦੂਸਰਿਆਂ ਦਾ ਹੌਸਲਾ ਵਧਾਓ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਦਿਓ

▪ ਆਪਣੇ ਹਾਲਾਤਾਂ ਅਨੁਸਾਰ ਚੇਲੇ ਬਣਾਉਣ ਦੇ ਕੰਮ ਵਿਚ ਪੂਰਾ ਹਿੱਸਾ ਲਓ