Skip to content

Skip to table of contents

ਮੈਂ ਕਿੰਨਾ ਪੈਸਾ ਦਾਨ ਕਰਾਂ?

ਮੈਂ ਕਿੰਨਾ ਪੈਸਾ ਦਾਨ ਕਰਾਂ?

ਪਾਠਕਾਂ ਦੇ ਸਵਾਲ

ਮੈਂ ਕਿੰਨਾ ਪੈਸਾ ਦਾਨ ਕਰਾਂ?

“ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਬਾਈਬਲ ਪੜ੍ਹਨ ਵਾਲੇ ਲੱਖਾਂ ਹੀ ਲੋਕ ਇਹ ਸ਼ਬਦ ਜਾਣਦੇ ਹਨ। ਪਰ ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਆਪਣੀ ਹੈਸੀਅਤ ਤੋਂ ਜ਼ਿਆਦਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਚਰਚ ਨੂੰ ਜਾਣ ਵਾਲੇ ਕਈ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰਨਾ ਚਾਹੀਦਾ ਹੈ।

ਕੀ ਬਾਈਬਲ ਦੱਸਦੀ ਹੈ ਕਿ ਸਾਨੂੰ ਕਿੰਨਾ ਦਾਨ ਕਰਨਾ ਚਾਹੀਦਾ ਹੈ? ਤੁਸੀਂ ਸ਼ਾਇਦ ਸੋਚੋ, ਮੈਨੂੰ ਕਿੰਨਾ ਕੁ ਚੰਦਾ ਚੜ੍ਹਾਉਣਾ ਚਾਹੀਦਾ ਹੈ?

ਪੁਰਾਣੇ ਜ਼ਮਾਨੇ ਵਿਚ ਦਿੱਤੇ ਦਾਨ

ਬਾਈਬਲ ਵਿਚ ਪਰਮੇਸ਼ੁਰ ਨੇ ਇਸਰਾਏਲੀ ਕੌਮ ਨੂੰ ਹਿਦਾਇਤਾਂ ਦਿੱਤੀਆਂ ਸਨ ਕਿ ਉਨ੍ਹਾਂ ਨੂੰ ਕੀ-ਕੀ ਜਾਂ ਕਿੰਨਾ ਦਾਨ ਕਰਨਾ ਚਾਹੀਦਾ ਹੈ। (ਲੇਵੀਆਂ 27:30-32; ਗਿਣਤੀ 18:21, 24; ਬਿਵਸਥਾ ਸਾਰ 12:4-7, 11, 17, 18; 14:22-27) ਇਨ੍ਹਾਂ ਹਿਦਾਇਤਾਂ ’ਤੇ ਚੱਲਣਾ ਇਸਰਾਏਲੀਆਂ ਲਈ ਬੋਝ ਨਹੀਂ ਸੀ। ਯਹੋਵਾਹ ਨੇ ਇਹ ਵਾਅਦਾ ਕੀਤਾ ਸੀ ਕਿ ਜੇ ਉਹ ਉਸ ਦੇ ਹੁਕਮ ਮੰਨਣ, ਤਾਂ ਉਹ ਉਨ੍ਹਾਂ ਦੀਆਂ “ਪਦਾਰਥਾਂ ਨੂੰ ਵਧਾਵੇਗਾ।”—ਬਿਵਸਥਾ ਸਾਰ 28:1, 2, 11, 12.

ਹੋਰਨਾਂ ਮੌਕਿਆਂ ਤੇ ਇਸਰਾਏਲੀ ਆਪਣੀ ਮਰਜ਼ੀ ਨਾਲ ਦਾਨ ਦੇ ਸਕਦੇ ਸਨ—ਚਾਹੇ ਥੋੜ੍ਹਾ, ਚਾਹੇ ਜ਼ਿਆਦਾ। ਮਿਸਾਲ ਲਈ, ਜਦ ਰਾਜਾ ਦਾਊਦ ਯਹੋਵਾਹ ਦਾ ਮੰਦਰ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਤਾਂ ਉਸ ਦੀ ਪਰਜਾ ਨੇ “ਪੰਜ ਹਜ਼ਾਰ ਕੰਤਾਰ ਸੋਨਾ” ਦਾਨ ਕੀਤਾ। * (1 ਇਤਹਾਸ 29:7) ਇਸ ਦੀ ਤੁਲਨਾ ਵਿਚ ਆਓ ਆਪਾਂ ਇਕ ਹੋਰ ਮਿਸਾਲ ਦੇਖੀਏ। ਜਦ ਯਿਸੂ ਧਰਤੀ ਉੱਤੇ ਸੀ, ਤਾਂ “ਉਸ ਨੇ ਇੱਕ ਕੰਗਾਲ ਵਿਧਵਾ ਨੂੰ ਦੋ ਦਮੜੀਆਂ” ਖ਼ਜ਼ਾਨੇ ਵਿਚ ਪਾਉਂਦੀ ਦੇਖਿਆ। ਇਨ੍ਹਾਂ ਦੀ ਕਿੰਨੀ ਕੀਮਤ ਸੀ? ਇਹ ਇਕ ਦਿਨ ਦੀ ਤਨਖ਼ਾਹ ਦਾ ਤਕਰੀਬਨ 1.5 ਫੀ ਸਦੀ ਹਿੱਸਾ ਹੀ ਸੀ। ਫਿਰ ਵੀ ਯਿਸੂ ਨੇ ਕਿਹਾ ਕਿ ਇਹ ਛੋਟਾ ਜਿਹਾ ਦਾਨ ਰੱਬ ਨੂੰ ਮਨਜ਼ੂਰ ਸੀ।—ਲੂਕਾ 21:1-4.

ਕੀ ਮਸੀਹੀਆਂ ਨੂੰ ਤੈਅ ਕੀਤੀ ਰਕਮ ਦੇਣ ਦੀ ਲੋੜ ਹੈ?

ਅੱਜ ਮਸੀਹੀ ਇਸਰਾਏਲ ਨੂੰ ਦਿੱਤੇ ਕਾਨੂੰਨਾਂ ਦੇ ਅਧੀਨ ਨਹੀਂ ਹਨ। ਇਸ ਲਈ ਉਨ੍ਹਾਂ ਲਈ ਇਹ ਤੈਅ ਨਹੀਂ ਕੀਤਾ ਜਾਂਦਾ ਕਿ ਉਨ੍ਹਾਂ ਨੂੰ ਕਿੰਨਾ ਦਾਨ ਦੇਣਾ ਚਾਹੀਦਾ ਹੈ। ਫਿਰ ਵੀ ਅੱਜ ਸੱਚੇ ਮਸੀਹੀਆਂ ਨੂੰ ਦੇਣ ਨਾਲ ਬਹੁਤ ਖ਼ੁਸ਼ੀ ਮਿਲਦੀ ਹੈ। ਯਿਸੂ ਮਸੀਹ ਨੇ ਖ਼ੁਦ ਕਿਹਾ ਸੀ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.

ਯਹੋਵਾਹ ਦੇ ਗਵਾਹਾਂ ਦੀ ਸਿੱਖਿਆ ਦੇਣ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਇਨ੍ਹਾਂ ਚੰਦਿਆਂ ਰਾਹੀਂ ਰਸਾਲੇ ਛਾਪੇ ਜਾਂਦੇ ਹਨ ਜਿਵੇਂ ਕਿ ਇਹ ਰਸਾਲਾ ਜੋ ਤੁਸੀਂ ਪੜ੍ਹ ਰਹੇ ਹੋ। ਇਸ ਦੇ ਨਾਲ-ਨਾਲ ਇਹ ਚੰਦਾ ਕਿੰਗਡਮ ਹਾਲਾਂ ਨੂੰ ਬਣਾਉਣ ਲਈ ਤੇ ਇਨ੍ਹਾਂ ਦੀ ਮੁਰੰਮਤ ਕਰਨ ਲਈ ਵੀ ਵਰਤਿਆ ਜਾਂਦਾ ਹੈ ਜਿੱਥੇ ਯਹੋਵਾਹ ਦੇ ਗਵਾਹ ਮਿਲ ਕੇ ਭਗਤੀ ਕਰਦੇ ਹਨ। ਇਹ ਚੰਦਾ ਕਿਸੇ ਨੂੰ ਤਨਖ਼ਾਹ ਦੇਣ ਲਈ ਨਹੀਂ ਵਰਤਿਆ ਜਾਂਦਾ। ਕੁਝ ਗਵਾਹ ਆਪਣਾ ਪੂਰਾ ਸਮਾਂ ਰੱਬ ਦੀ ਸੇਵਾ ਵਿਚ ਲਾਉਂਦੇ ਹਨ ਅਤੇ ਉਨ੍ਹਾਂ ਨੂੰ ਟ੍ਰਾਂਸਪੋਰਟ ਲਈ ਥੋੜ੍ਹਾ ਬਹੁਤਾ ਖ਼ਰਚਾ ਅਤੇ ਜੇਬ ਖ਼ਰਚ ਦਿੱਤਾ ਜਾਂਦਾ ਹੈ। ਪਰ ਕੋਈ ਜ਼ਿੱਦ ਕਰ ਕੇ ਪੈਸੇ ਨਹੀਂ ਮੰਗਦਾ। ਅਸਲ ਵਿਚ ਜ਼ਿਆਦਾਤਰ ਯਹੋਵਾਹ ਦੇ ਗਵਾਹਾਂ ਨੂੰ ਰੱਬ ਦੀ ਸੇਵਾ ਕਰਨ ਲਈ ਕੋਈ ਵੀ ਪੈਸਾ ਨਹੀਂ ਮਿਲਦਾ। ਇਸ ਦੀ ਬਜਾਇ ਉਹ ਆਪਣਾ ਗੁਜ਼ਾਰਾ ਕਰਨ ਲਈ ਨੌਕਰੀ ਕਰਦੇ ਹਨ ਜਿਵੇਂ ਪੌਲੁਸ ਰਸੂਲ ਨੇ ਤੰਬੂ ਬਣਾਉਣ ਦਾ ਕੰਮ ਕੀਤਾ ਸੀ।—2 ਕੁਰਿੰਥੀਆਂ 11:9; 1 ਥੱਸਲੁਨੀਕੀਆਂ 2:9.

ਜੇ ਕੋਈ ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਕੁਝ ਦਾਨ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਕਿੰਨਾ ਪੈਸਾ ਦੇਣਾ ਚਾਹੀਦਾ ਹੈ? ਪੌਲੁਸ ਰਸੂਲ ਨੇ ਲਿਖਿਆ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 8:12; 9:7. (w09 8/1)

[ਫੁਟਨੋਟ]

^ ਪੈਰਾ 7 2008 ਵਿਚ ਇਕ ਔਂਸ (28 ਗ੍ਰਾਮ) ਸੋਨੇ ਦਾ ਭਾਅ ਤਕਰੀਬਨ 871 ਅਮਰੀਕੀ ਡਾਲਰ (42,583 ਰੁਪਏ) ਸੀ। ਇਸ ਅਨੁਸਾਰ ਇਹ ਦਾਨ ਲਗਭਗ 4,79,48,55,000 ਅਮਰੀਕੀ ਡਾਲਰ (2,34,42,04,60,950 ਰੁਪਏ) ਬਣਦਾ ਹੈ।