Skip to content

Skip to table of contents

ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ—ਪਰਮੇਸ਼ੁਰ ਵੱਲੋਂ ਮਿਲੀ ਉਮੀਦ

ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ—ਪਰਮੇਸ਼ੁਰ ਵੱਲੋਂ ਮਿਲੀ ਉਮੀਦ

ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ—ਪਰਮੇਸ਼ੁਰ ਵੱਲੋਂ ਮਿਲੀ ਉਮੀਦ

“ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ . . . ਪਰ ਉਮੇਦ ਨਾਲ।”—ਰੋਮੀ. 8:20.

1, 2. (ੳ) ਸਾਡੇ ਵਾਸਤੇ ਧਰਤੀ ’ਤੇ ਹਮੇਸ਼ਾ ਜੀਣ ਦੀ ਉਮੀਦ ਰੱਖਣੀ ਕਿਉਂ ਜ਼ਰੂਰੀ ਹੈ? (ਅ) ਲੋਕ ਕਿਉਂ ਨਹੀਂ ਵਿਸ਼ਵਾਸ ਕਰਦੇ ਕਿ ਇਨਸਾਨ ਧਰਤੀ ਉੱਤੇ ਹਮੇਸ਼ਾ ਲਈ ਜੀ ਸਕਦੇ ਹਨ?

ਸ਼ਾਇਦ ਤੁਹਾਨੂੰ ਖ਼ੁਸ਼ੀ ਦੇ ਉਹ ਪਲ ਯਾਦ ਹੋਣਗੇ ਜਦੋਂ ਤੁਸੀਂ ਪਹਿਲੀ ਵਾਰ ਸਿੱਖਿਆ ਸੀ ਕਿ ਲੋਕ ਨਾ ਬੁੱਢੇ ਹੋਣਗੇ ਤੇ ਨਾ ਮਰਨਗੇ, ਸਗੋਂ ਹਮੇਸ਼ਾ ਲਈ ਜੀਣਗੇ। (ਯੂਹੰ. 17:3; ਪਰ. 21:3, 4) ਤੁਸੀਂ ਖ਼ੁਸ਼ੀ-ਖ਼ੁਸ਼ੀ ਇਹ ਉਮੀਦ ਹੋਰਨਾਂ ਲੋਕਾਂ ਨਾਲ ਵੀ ਸਾਂਝੀ ਕੀਤੀ ਹੋਵੇਗੀ। ਆਖ਼ਰ ਇਹ ਉਮੀਦ ਖ਼ੁਸ਼ ਖ਼ਬਰੀ ਦਾ ਅਹਿਮ ਹਿੱਸਾ ਹੈ। ਇਹ ਸਾਨੂੰ ਜ਼ਿੰਦਗੀ ਵਿਚ ਨਵੀਂ ਦਿਸ਼ਾ ਦਿੰਦੀ ਹੈ।

2 ਈਸਾਈ-ਜਗਤ ਦੇ ਜ਼ਿਆਦਾਤਰ ਧਰਮਾਂ ਨੇ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਨੂੰ ਅਣਗੌਲਿਆਂ ਕੀਤਾ ਹੈ। ਹਾਲਾਂਕਿ ਬਾਈਬਲ ਸਿਖਾਉਂਦੀ ਹੈ ਕਿ ਮੌਤ ਤੋਂ ਬਾਅਦ ਇਨਸਾਨ ਵਿੱਚੋਂ ਕੋਈ ਵੀ ਚੀਜ਼ ਨਿਕਲ ਕੇ ਜ਼ਿੰਦਾ ਨਹੀਂ ਰਹਿੰਦੀ, ਪਰ ਬਹੁਤ ਸਾਰੇ ਚਰਚ ਸਿਖਾਉਂਦੇ ਹਨ ਕਿ ਮਰਨ ਤੋਂ ਬਾਅਦ ਇਨਸਾਨ ਦੀ ਆਤਮਾ ਅਮਰ ਰਹਿੰਦੀ ਹੈ। (ਹਿਜ਼. 18:20) ਇਸ ਕਰਕੇ ਲੋਕ ਵਿਸ਼ਵਾਸ ਨਹੀਂ ਕਰਦੇ ਕਿ ਇਨਸਾਨ ਧਰਤੀ ਉੱਤੇ ਹਮੇਸ਼ਾ ਲਈ ਜੀ ਸਕਦੇ ਹਨ। ਇਸ ਲਈ ਅਸੀਂ ਸ਼ਾਇਦ ਆਪਣੇ ਤੋਂ ਪੁੱਛੀਏ: ਕੀ ਬਾਈਬਲ ਵਿਚ ਇਹ ਉਮੀਦ ਪਾਈ ਜਾਂਦੀ ਹੈ? ਜੇ ਹਾਂ, ਤਾਂ ਪਰਮੇਸ਼ੁਰ ਨੇ ਪਹਿਲਾਂ ਕਦੋਂ ਇਸ ਉਮੀਦ ਬਾਰੇ ਇਨਸਾਨਾਂ ਨੂੰ ਦੱਸਿਆ ਸੀ?

“ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ . . . ਪਰ ਉਮੇਦ ਨਾਲ”

3. ਇਤਿਹਾਸ ਦੇ ਸ਼ੁਰੂ ਵਿਚ ਯਹੋਵਾਹ ਦਾ ਇਨਸਾਨਾਂ ਲਈ ਮਕਸਦ ਕਿਵੇਂ ਜ਼ਾਹਰ ਹੋਇਆ?

3 ਯਹੋਵਾਹ ਨੇ ਇਨਸਾਨਾਂ ਲਈ ਆਪਣਾ ਮਕਸਦ ਇਤਿਹਾਸ ਦੇ ਸ਼ੁਰੂ ਵਿਚ ਹੀ ਦੱਸ ਦਿੱਤਾ ਸੀ। ਪਰਮੇਸ਼ੁਰ ਨੇ ਆਦਮ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਜੇ ਉਹ ਉਸ ਪ੍ਰਤਿ ਆਗਿਆਕਾਰ ਰਹੇਗਾ, ਤਾਂ ਉਹ ਹਮੇਸ਼ਾ ਲਈ ਜੀਵੇਗਾ। (ਉਤ. 2:9, 17; 3:22) ਆਦਮ ਦੀ ਔਲਾਦ ਨੂੰ ਪਤਾ ਲੱਗ ਗਿਆ ਸੀ ਕਿ ਉਹ ਮੁਕੰਮਲ ਨਹੀਂ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਇਸ ਦੇ ਅਸਰ ਸਾਫ਼ ਨਜ਼ਰ ਆ ਰਹੇ ਸਨ। ਇਕ ਤਾਂ ਉਹ ਅਦਨ ਦੇ ਬਾਗ਼ ਵਿਚ ਵੜ ਨਹੀਂ ਸੀ ਸਕਦੇ ਅਤੇ ਦੂਜਾ ਲੋਕ ਬੁੱਢੇ ਹੋ ਕੇ ਮਰ ਰਹੇ ਸਨ। (ਉਤ. 3:23, 24) ਸਮੇਂ ਦੇ ਬੀਤਣ ਨਾਲ ਲੋਕਾਂ ਦੀ ਉਮਰ ਘੱਟਦੀ ਚਲੀ ਗਈ। ਆਦਮ 930 ਸਾਲ ਜੀਉਂਦਾ ਰਿਹਾ। ਜਲ-ਪਰਲੋ ਵਿੱਚੋਂ ਬਚਿਆ ਸ਼ੇਮ 600 ਸਾਲ ਜੀਉਂਦਾ ਰਿਹਾ ਅਤੇ ਉਸ ਦਾ ਪੁੱਤਰ ਅਰਪਕਸ਼ਦ 438 ਸਾਲ ਦੀ ਉਮਰ ਭੋਗ ਕੇ ਮਰਿਆ। ਅਬਰਾਹਾਮ ਦਾ ਪਿਤਾ ਤਾਰਹ 205 ਸਾਲ ਜੀਉਂਦਾ ਰਿਹਾ। ਅਬਰਾਹਾਮ ਦੀ ਉਮਰ 175 ਸਾਲ, ਉਸ ਦੇ ਪੁੱਤਰ ਇਸਹਾਕ ਦੀ ਉਮਰ 180 ਸਾਲ ਤੇ ਯਾਕੂਬ ਦੀ ਉਮਰ 147 ਸਾਲ ਸੀ। (ਉਤ. 5:5; 11:10-13, 32; 25:7; 35:28; 47:28) ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਉਮਰ ਕਿਉਂ ਘੱਟਦੀ ਜਾ ਰਹੀ ਸੀ। ਹਾਂ, ਉਹ ਸਦਾ ਵਾਸਤੇ ਜੀਉਣ ਦਾ ਮੌਕਾ ਗੁਆ ਚੁੱਕੇ ਸਨ! ਕੀ ਲੋਕ ਦੁਬਾਰਾ ਸਦਾ ਵਾਸਤੇ ਜੀਉਣ ਦੀ ਉਮੀਦ ਰੱਖ ਸਕਦੇ ਸਨ?

4. ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਆਦਮੀਆਂ ਕੋਲ ਵਿਸ਼ਵਾਸ ਕਰਨ ਦਾ ਕਿਹੜਾ ਆਧਾਰ ਸੀ ਕਿ ਪਰਮੇਸ਼ੁਰ ਉਹ ਬਰਕਤਾਂ ਦੁਬਾਰਾ ਦੇਵੇਗਾ ਜੋ ਆਦਮ ਨੇ ਗੁਆ ਦਿੱਤੀਆਂ ਸਨ?

4 ਪਰਮੇਸ਼ੁਰ ਦਾ ਬਚਨ ਦੱਸਦਾ ਹੈ: “ਸਰਿਸ਼ਟੀ [ਮਨੁੱਖਜਾਤੀ] ਅਨਰਥ ਦੇ ਅਧੀਨ ਕੀਤੀ ਗਈ . . . ਪਰ ਉਮੇਦ ਨਾਲ।” (ਰੋਮੀ. 8:20) ਕਿਹੜੀ ਉਮੀਦ? ਬਾਈਬਲ ਦੀ ਪਹਿਲੀ ਭਵਿੱਖਬਾਣੀ “ਸੰਤਾਨ” ਬਾਰੇ ਗੱਲ ਕਰਦੀ ਹੈ ਜੋ ‘ਸੱਪ ਦੇ ਸਿਰ ਨੂੰ ਫੇਵੇਗੀ।’ (ਉਤਪਤ 3:1-5, 15 ਪੜ੍ਹੋ।) ਸੰਤਾਨ ਬਾਰੇ ਕੀਤੇ ਇਸ ਵਾਅਦੇ ਨਾਲ ਵਫ਼ਾਦਾਰ ਇਨਸਾਨਾਂ ਨੂੰ ਉਮੀਦ ਰੱਖਣ ਦਾ ਆਧਾਰ ਮਿਲ ਗਿਆ ਕਿ ਪਰਮੇਸ਼ੁਰ ਮਨੁੱਖਜਾਤੀ ਲਈ ਰੱਖੇ ਆਪਣੇ ਮਕਸਦ ਨੂੰ ਬਦਲੇਗਾ ਨਹੀਂ। ਇਸ ਨਾਲ ਹਾਬਲ ਅਤੇ ਨੂਹ ਵਰਗੇ ਇਨਸਾਨਾਂ ਨੂੰ ਵਿਸ਼ਵਾਸ ਕਰਨ ਦਾ ਕਾਰਨ ਮਿਲ ਗਿਆ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਉਹ ਬਰਕਤਾਂ ਦੇਵੇਗਾ ਜੋ ਆਦਮ ਨੇ ਗੁਆ ਦਿੱਤੀਆਂ ਸਨ। ਇਨ੍ਹਾਂ ਆਦਮੀਆਂ ਨੂੰ ਪਤਾ ਲੱਗ ਗਿਆ ਕਿ ‘ਸੰਤਾਨ ਦੀ ਅੱਡੀ ਨੂੰ ਡੰਗ ਮਾਰਨ’ ਦਾ ਮਤਲਬ ਸੀ ਕਿ ਕਿਸੇ ਦਾ ਲਹੂ ਵਹਾਇਆ ਜਾਵੇਗਾ।—ਉਤ. 4:4; 8:20; ਇਬ. 11:4.

5. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਮੁਰਦਿਆਂ ਦੇ ਦੁਬਾਰਾ ਜੀ ਉੱਠਣ ਵਿਚ ਵਿਸ਼ਵਾਸ ਕਰਦਾ ਸੀ?

5 ਜ਼ਰਾ ਅਬਰਾਹਾਮ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਅਬਰਾਹਾਮ ਦੀ ਪਰੀਖਿਆ ਲਈ ਗਈ ਸੀ, ਤਾਂ ਉਸ ਨੇ ਮਾਨੋ ‘ਇਸਹਾਕ ਆਪਣੇ ਇਕਲੌਤੇ ਨੂੰ ਬਲੀਦਾਨ ਲਈ ਚੜ੍ਹਾਇਆ।’ (ਇਬ. 11:17) ਉਹ ਇੱਦਾਂ ਕਰਨ ਲਈ ਕਿਉਂ ਤਿਆਰ ਸੀ? (ਇਬਰਾਨੀਆਂ 11:19 ਪੜ੍ਹੋ।) ਉਹ ਮੰਨਦਾ ਸੀ ਕਿ ਪਰਮੇਸ਼ੁਰ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰ ਸਕਦਾ ਸੀ! ਉਸ ਕੋਲ ਇਹ ਵਿਸ਼ਵਾਸ ਕਰਨ ਦਾ ਆਧਾਰ ਸੀ। ਹੋਵੇ ਵੀ ਕਿਉਂ ਨਾ! ਯਹੋਵਾਹ ਨੇ ਹੀ ਤਾਂ ਅਬਰਾਹਾਮ ਦੀ ਬੱਚੇ ਪੈਦਾ ਕਰਨ ਦੀ ਸ਼ਕਤੀ ਬਹਾਲ ਕੀਤੀ ਸੀ ਤਾਂਕਿ ਬੁਢਾਪੇ ਵਿਚ ਉਹ ਤੇ ਸਾਰਾਹ ਪੁੱਤਰ ਪੈਦਾ ਕਰ ਸਕਣ। (ਉਤ. 18:10-14; 21:1-3; ਰੋਮੀ. 4:19-21) ਇਸ ਤੋਂ ਇਲਾਵਾ, ਯਹੋਵਾਹ ਨੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ: “ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ।” (ਉਤ. 21:12) ਇਸ ਲਈ ਅਬਰਾਹਾਮ ਕੋਲ ਵਿਸ਼ਵਾਸ ਕਰਨ ਦੇ ਪੱਕੇ ਕਾਰਨ ਸਨ ਕਿ ਪਰਮੇਸ਼ੁਰ ਇਸਹਾਕ ਨੂੰ ਜ਼ਿੰਦਾ ਕਰ ਸਕਦਾ ਸੀ।

6, 7. (ੳ) ਯਹੋਵਾਹ ਨੇ ਅਬਰਾਹਾਮ ਨਾਲ ਕਿਹੜਾ ਇਕਰਾਰ ਕੀਤਾ ਸੀ? (ਅ) ਅਬਰਾਹਾਮ ਨਾਲ ਕੀਤੇ ਯਹੋਵਾਹ ਦੇ ਵਾਅਦੇ ਨੇ ਇਨਸਾਨਾਂ ਨੂੰ ਕਿਹੜੀ ਉਮੀਦ ਦਿੱਤੀ?

6 ਅਬਰਾਹਾਮ ਦੀ ਪੱਕੀ ਨਿਹਚਾ ਕਰਕੇ ਯਹੋਵਾਹ ਨੇ “ਅੰਸ” ਸੰਬੰਧੀ ਉਸ ਨਾਲ ਇਕਰਾਰ ਕੀਤਾ ਸੀ। (ਉਤਪਤ 22:18 ਪੜ੍ਹੋ।) ਮੁੱਖ “ਅੰਸ” ਯਿਸੂ ਮਸੀਹ ਸਾਬਤ ਹੋਇਆ। (ਗਲਾ. 3:16) ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਸੀ ਕਿ ਉਹ ਉਸ ਦੀ “ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ” ਵਧਾਵੇਗਾ। ਅਬਰਾਹਾਮ ਨੂੰ ਪਤਾ ਨਹੀਂ ਸੀ ਕਿ ਉਸ ਦੀ ਅੰਸ ਦੀ ਗਿਣਤੀ ਕਿੰਨੀ ਕੁ ਹੋਵੇਗੀ। (ਉਤ. 22:17) ਪਰ ਬਾਅਦ ਵਿਚ ਇਹ ਗਿਣਤੀ ਪਤਾ ਲੱਗ ਗਈ। ਇਹ “ਅੰਸ” ਯਿਸੂ ਮਸੀਹ ਤੇ ਉਸ ਦੇ ਨਾਲ ਰਾਜ ਕਰਨ ਵਾਲੇ 1,44,000 ਮਸੀਹੀ ਹਨ। (ਗਲਾ. 3:29; ਪਰ. 7:4; 14:1) ਮਸੀਹ ਦਾ ਰਾਜ ਉਹ ਜ਼ਰੀਆ ਹੈ ਜਿਸ ਦੇ ਰਾਹੀਂ “ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।”

7 ਉਸ ਵੇਲੇ ਅਬਰਾਹਾਮ ਯਹੋਵਾਹ ਦੇ ਇਕਰਾਰਨਾਮੇ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ। ਫਿਰ ਵੀ ਬਾਈਬਲ ਕਹਿੰਦੀ ਹੈ ਕਿ “ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਹ ਦੀਆਂ ਨੀਹਾਂ ਹਨ।” (ਇਬ. 11:10) ਉਹ ਨਗਰ ਪਰਮੇਸ਼ੁਰ ਦਾ ਰਾਜ ਹੈ, ਪਰ ਉਸ ਰਾਜ ਅਧੀਨ ਅਬਰਾਹਾਮ ਤਾਂ ਹੀ ਬਰਕਤਾਂ ਪਾ ਸਕਦਾ ਹੈ ਜੇ ਪਰਮੇਸ਼ੁਰ ਉਸ ਨੂੰ ਦੁਬਾਰਾ ਜੀਉਂਦਾ ਕਰੇ। ਜੀ ਹਾਂ, ਉਹ ਦੁਬਾਰਾ ਜੀਉਂਦਾ ਹੋ ਕੇ ਧਰਤੀ ਉੱਤੇ ਸਦਾ ਲਈ ਰਹੇਗਾ। ਨਾਲੇ, ਉਹ ਲੋਕ ਵੀ ਹਮੇਸ਼ਾ ਲਈ ਜੀਣਗੇ ਜਿਹੜੇ ਆਰਮਾਗੇਡਨ ਵਿੱਚੋਂ ਬਚ ਨਿਕਲਣਗੇ ਜਾਂ ਜਿਹੜੇ ਦੁਬਾਰਾ ਜੀ ਉਠਾਏ ਜਾਣਗੇ।—ਪਰ. 7:9, 14; 20:12-14.

‘ਸ਼ਕਤੀ ਮੈਨੂੰ ਲਚਾਰ ਕਰਦੀ ਹੈ’

8, 9. ਅੱਯੂਬ ਦੀ ਕਿਤਾਬ ਸਿਰਫ਼ ਇਕ ਬੰਦੇ ਦੀਆਂ ਅਜ਼ਮਾਇਸ਼ਾਂ ਦਾ ਬਿਰਤਾਂਤ ਕਿਉਂ ਨਹੀਂ ਹੈ?

8 ਅਬਰਾਹਾਮ ਦੇ ਪੜਪੋਤੇ ਯੂਸੁਫ਼ ਦੀ ਮੌਤ ਤੋਂ ਬਾਅਦ ਅਤੇ ਮੂਸਾ ਨਬੀ ਦੇ ਜੀਵਨ-ਕਾਲ ਦੌਰਾਨ ਇਕ ਭਗਤ ਰਹਿੰਦਾ ਸੀ ਜਿਸ ਦਾ ਨਾਂ ਅੱਯੂਬ ਸੀ। ਅੱਯੂਬ ਦੀ ਕਿਤਾਬ ਸ਼ਾਇਦ ਮੂਸਾ ਨੇ ਲਿਖੀ ਸੀ ਜਿਸ ਵਿਚ ਦੱਸਿਆ ਹੈ ਕਿ ਯਹੋਵਾਹ ਨੇ ਅੱਯੂਬ ਉੱਤੇ ਦੁੱਖ ਕਿਉਂ ਆਉਣ ਦਿੱਤੇ ਅਤੇ ਬਾਅਦ ਵਿਚ ਉਸ ਦੇ ਹਾਲਾਤ ਕਿਵੇਂ ਬਦਲ ਗਏ। ਪਰ ਇਹ ਕਿਤਾਬ ਇਕ ਬੰਦੇ ਦੀਆਂ ਅਜ਼ਮਾਇਸ਼ਾਂ ਦਾ ਬਿਰਤਾਂਤ ਹੀ ਨਹੀਂ ਹੈ, ਸਗੋਂ ਇਸ ਵਿਚਲੀਆਂ ਗੱਲਾਂ ਦੂਤਾਂ ਅਤੇ ਹੋਰਨਾਂ ਇਨਸਾਨਾਂ ਲਈ ਵੀ ਮਾਅਨੇ ਰੱਖਦੀਆਂ ਹਨ। ਇਹ ਕਿਤਾਬ ਇਸ ਗੱਲ ’ਤੇ ਚਾਨਣਾ ਪਾਉਂਦੀ ਹੈ ਕਿ ਯਹੋਵਾਹ ਇਨਸਾਫ਼ ਨਾਲ ਹਕੂਮਤ ਕਰਦਾ ਹੈ। ਇਸ ਵਿਚ ਇਹ ਵੀ ਦੱਸਿਆ ਹੈ ਕਿ ਅਦਨ ਦੇ ਬਾਗ਼ ਵਿਚ ਉੱਠੇ ਮਸਲੇ ਦਾ ਤਅੱਲਕ ਧਰਤੀ ’ਤੇ ਰਹਿੰਦੇ ਪਰਮੇਸ਼ੁਰ ਦੇ ਸਾਰੇ ਭਗਤਾਂ ਨਾਲ ਹੈ ਕਿ ਉਹ ਵਫ਼ਾਦਾਰ ਰਹਿਣਗੇ ਜਾਂ ਨਹੀਂ ਅਤੇ ਸਦਾ ਦੀ ਜ਼ਿੰਦਗੀ ਪਾਉਣਗੇ ਜਾਂ ਨਹੀਂ। ਹਾਲਾਂਕਿ ਅੱਯੂਬ ਪਰਮੇਸ਼ੁਰ ਦੇ ਰਾਜ ਸੰਬੰਧੀ ਮੁੱਦੇ ਨੂੰ ਸਮਝਿਆ ਨਹੀਂ ਸੀ, ਫਿਰ ਵੀ ਆਪਣੇ ਤਿੰਨ ਸਾਥੀਆਂ ਦੇ ਦਬਾਅ ਥੱਲੇ ਆ ਕੇ ਉਸ ਨੇ ਵਫ਼ਾਦਾਰੀ ਨਹੀਂ ਛੱਡੀ। (ਅੱਯੂ. 27:5) ਇਹ ਜਾਣ ਕੇ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਤੇ ਸਾਨੂੰ ਭਰੋਸਾ ਮਿਲਣਾ ਚਾਹੀਦਾ ਹੈ ਕਿ ਅਸੀਂ ਵੀ ਵਫ਼ਾਦਾਰ ਰਹਿ ਕੇ ਯਹੋਵਾਹ ਦੀ ਹਕੂਮਤ ਦਾ ਪੱਖ ਲੈ ਸਕਦੇ ਹਾਂ।

9 ਜਦੋਂ ਝੂਠਾ ਦਿਲਾਸਾ ਦੇਣ ਆਏ ਅੱਯੂਬ ਦੇ ਤਿੰਨ ਮਿੱਤਰ ਗੱਲ ਕਰ ਹਟੇ, ਤਾਂ “ਬਰਕਏਲ ਬੂਜ਼ੀ ਦੇ ਪੁੱਤ੍ਰ ਅਲੀਹੂ ਨੇ ਉੱਤਰ ਦਿੱਤਾ।” ਉਸ ਨੂੰ ਕਿਹੜੀ ਗੱਲ ਨੇ ਬੋਲਣ ਲਈ ਪ੍ਰੇਰਿਆ? ਉਸ ਨੇ ਕਿਹਾ: “ਮੈਂ ਤਾਂ ਗੱਲਾਂ ਨਾਲ ਭਰਿਆ ਹੋਇਆ ਹਾਂ, ਅਤੇ . . . ਆਤਮਾ [ਪਰਮੇਸ਼ੁਰ ਦੀ ਸ਼ਕਤੀ] ਮੈਨੂੰ ਲਚਾਰ ਕਰਦਾ ਹੈ।” (ਅੱਯੂ. 32:5, 6, 18) ਭਾਵੇਂ ਕਿ ਪਵਿੱਤਰ ਸ਼ਕਤੀ ਦੀ ਮਦਦ ਨਾਲ ਅੱਯੂਬ ਨੂੰ ਕਹੇ ਅਲੀਹੂ ਦੇ ਸ਼ਬਦ ਉਦੋਂ ਪੂਰੇ ਹੋਏ ਜਦੋਂ ਅੱਯੂਬ ਦੇ ਹਾਲਾਤ ਠੀਕ ਹੋ ਗਏ ਸਨ, ਪਰ ਇਹ ਸ਼ਬਦ ਹੋਰਨਾਂ ਵਾਸਤੇ ਵੀ ਮਾਅਨੇ ਰੱਖਦੇ ਹਨ। ਇਨ੍ਹਾਂ ਸ਼ਬਦਾਂ ਤੋਂ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਭਗਤਾਂ ਨੂੰ ਉਮੀਦ ਮਿਲਦੀ ਹੈ।

10. ਕਿਹੜੀ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਇਕ ਬੰਦੇ ਨੂੰ ਮਿਲਿਆ ਯਹੋਵਾਹ ਦਾ ਸੰਦੇਸ਼ ਕਦੇ-ਕਦੇ ਸਾਰੇ ਇਨਸਾਨਾਂ ’ਤੇ ਲਾਗੂ ਹੁੰਦਾ ਹੈ?

10 ਕਦੇ-ਕਦੇ ਯਹੋਵਾਹ ਦਾ ਸੰਦੇਸ਼ ਸ਼ੁਰੂ ਵਿਚ ਤਾਂ ਇਕ ਬੰਦੇ ਵਾਸਤੇ ਹੁੰਦਾ ਹੈ, ਪਰ ਬਾਅਦ ਵਿਚ ਉਹੀ ਸੰਦੇਸ਼ ਸਾਰੇ ਇਨਸਾਨਾਂ ’ਤੇ ਲਾਗੂ ਹੁੰਦਾ ਹੈ। ਇਹ ਗੱਲ ਅਸੀਂ ਦਾਨੀਏਲ ਦੀ ਭਵਿੱਖਬਾਣੀ ਤੋਂ ਦੇਖ ਸਕਦੇ ਹਾਂ ਜਿਸ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਸੁਪਨੇ ਬਾਰੇ ਦੱਸਿਆ ਹੈ। ਸੁਪਨੇ ਵਿਚ ਰਾਜੇ ਨੇ ਦੇਖਿਆ ਕਿ ਵੱਡੇ ਸਾਰੇ ਦਰਖ਼ਤ ਨੂੰ ਵੱਢਿਆ ਗਿਆ ਸੀ। (ਦਾਨੀ. 4:10-27) ਭਾਵੇਂ ਕਿ ਇਹ ਸੁਪਨਾ ਪਹਿਲਾਂ ਨਬੂਕਦਨੱਸਰ ’ਤੇ ਪੂਰਾ ਹੋਇਆ ਸੀ, ਪਰ ਭਵਿੱਖ ਵਿਚ ਇਸ ਦੀ ਵੱਡੀ ਪੂਰਤੀ ਵੀ ਹੋਣੀ ਸੀ। ਇਸ ਸੁਪਨੇ ਤੋਂ ਪਤਾ ਲੱਗਾ ਕਿ ਪਰਮੇਸ਼ੁਰ ਨੇ ਕਿਸੇ ਸ਼ਖ਼ਸ ਦੇ ਜ਼ਰੀਏ ਧਰਤੀ ’ਤੇ ਮੁੜ ਹਕੂਮਤ ਕਰਨੀ ਸੀ। ਉਹ ਸ਼ਖ਼ਸ ਰਾਜਾ ਦਾਊਦ ਦੇ ਵੰਸ਼ ਵਿੱਚੋਂ ਹੋਣਾ ਸੀ ਅਤੇ ਉਸ ਦੀ ਹਕੂਮਤ 607 ਈ. ਪੂ. ਤੋਂ 2,520 ਸਾਲਾਂ ਬਾਅਦ ਸ਼ੁਰੂ ਹੋਣੀ ਸੀ। * ਪਰਮੇਸ਼ੁਰ 1914 ਵਿਚ ਫਿਰ ਤੋਂ ਧਰਤੀ ’ਤੇ ਹਕੂਮਤ ਕਰਨ ਲੱਗ ਪਿਆ ਜਦੋਂ ਉਸ ਨੇ ਸਵਰਗ ਵਿਚ ਯਿਸੂ ਮਸੀਹ ਨੂੰ ਆਪਣੇ ਰਾਜ ਦੇ ਰਾਜੇ ਵਜੋਂ ਨਾਮਜ਼ਦ ਕੀਤਾ। ਜ਼ਰਾ ਸੋਚੋ, ਪਰਮੇਸ਼ੁਰ ਦਾ ਰਾਜ ਆਗਿਆਕਾਰ ਇਨਸਾਨਾਂ ਦੀਆਂ ਉਮੀਦਾਂ ਨੂੰ ਜਲਦੀ ਹੀ ਪੂਰਾ ਕਰੇਗਾ!

“ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ”

11. ਅਲੀਹੂ ਦੇ ਸ਼ਬਦਾਂ ਨੇ ਪਰਮੇਸ਼ੁਰ ਬਾਰੇ ਕੀ ਸੰਕੇਤ ਕੀਤਾ?

11 ਅੱਯੂਬ ਨੂੰ ਜਵਾਬ ਦਿੰਦਿਆਂ ਅਲੀਹੂ ਕਹਿੰਦਾ ਹੈ ਕਿ ਕਾਸ਼ ਇਨਸਾਨਾਂ ਕੋਲ “ਕੋਈ ਦੂਤ ਹੋਵੇ, ਹਜ਼ਾਰਾਂ ਵਿੱਚੋਂ ਇੱਕ ਅਰਥ ਕਰਨ ਵਾਲਾ, ਉਹ ਦੱਸੇ ਭਈ ਆਦਮੀ ਦੇ ਲਈ ਠੀਕ ਕੀ ਹੈ।” ਪਰ ਤਦ ਕੀ ਜੇ ਇਹ ਦੂਤ ‘ਪਰਮੇਸ਼ੁਰ ਅੱਗੇ ਅਰਦਾਸ ਕਰੇ ਅਤੇ ਉਹ ਉਸ ਨੂੰ ਕਬੂਲ ਕਰੇ’? ਅਲੀਹੂ ਕਹਿੰਦਾ ਹੈ: “ਤਾਂ [ਪਰਮੇਸ਼ੁਰ] ਉਸ ਤੇ ਦਯਾ ਕਰਦਾ ਤੇ ਆਖਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਪ੍ਰਾਸਚਿਤ ਮਿਲ ਗਿਆ ਹੈ। ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।” (ਅੱਯੂ. 33:23-26) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਤੋਬਾ ਕਰਨ ਵਾਲੇ ਇਨਸਾਨਾਂ ਬਦਲੇ “ਪ੍ਰਾਸਚਿਤ” ਕਬੂਲ ਕਰਨ ਲਈ ਤਿਆਰ ਸੀ।—ਅੱਯੂ. 33:24.

12. ਅਲੀਹੂ ਦੇ ਸ਼ਬਦਾਂ ਤੋਂ ਇਨਸਾਨਾਂ ਨੂੰ ਕਿਹੜੀ ਉਮੀਦ ਮਿਲੀ?

12 ਸਾਲਾਂ ਬਾਅਦ ਦਾਨੀਏਲ ਨਬੀ ਦੀ ਤਰ੍ਹਾਂ, ਅਲੀਹੂ ਵੀ ਪ੍ਰਾਸਚਿਤ ਬਾਰੇ ਗੱਲਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ। (ਦਾਨੀ. 12:8; 1 ਪਤ. 1:10-12) ਫਿਰ ਵੀ ਅਲੀਹੂ ਦੇ ਸ਼ਬਦਾਂ ਤੋਂ ਉਮੀਦ ਮਿਲੀ ਕਿ ਇਕ ਦਿਨ ਪਰਮੇਸ਼ੁਰ ਪ੍ਰਾਸਚਿਤ ਨੂੰ ਕਬੂਲ ਕਰੇਗਾ ਅਤੇ ਇਨਸਾਨਾਂ ਨੂੰ ਬੁਢਾਪੇ ਤੇ ਮੌਤ ਤੋਂ ਛੁਟਕਾਰਾ ਦਿਲਾਵੇਗਾ। ਅਲੀਹੂ ਦੇ ਸ਼ਬਦਾਂ ਤੋਂ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਜੀਣ ਦੀ ਸ਼ਾਨਦਾਰ ਉਮੀਦ ਮਿਲੀ। ਅੱਯੂਬ ਦੀ ਕਿਤਾਬ ਇਹ ਵੀ ਦੱਸਦੀ ਹੈ ਕਿ ਮਰੇ ਹੋਏ ਲੋਕ ਜੀ ਉੱਠਣਗੇ।—ਅੱਯੂ. 14:14, 15.

13. ਮਸੀਹੀਆਂ ਲਈ ਅਲੀਹੂ ਦੇ ਸ਼ਬਦ ਕੀ ਮਾਅਨੇ ਰੱਖਦੇ ਹਨ?

13 ਅੱਜ ਵੀ ਅਲੀਹੂ ਦੇ ਸ਼ਬਦ ਲੱਖਾਂ ਮਸੀਹੀਆਂ ਲਈ ਮਾਅਨੇ ਰੱਖਦੇ ਹਨ ਜੋ ਇਸ ਦੁਨੀਆਂ ਦੇ ਅੰਤ ਵਿੱਚੋਂ ਬਚਣ ਦੀ ਆਸ ਰੱਖਦੇ ਹਨ। ਇਨ੍ਹਾਂ ਵਿਚ ਬਿਰਧ ਭੈਣ-ਭਰਾ ਵੀ ਹੋਣਗੇ ਜੋ ਦੁਬਾਰਾ ਜਵਾਨ ਹੋ ਜਾਣਗੇ। (ਪਰ. 7:9, 10, 14-17) ਇਸ ਤੋਂ ਇਲਾਵਾ, ਅੱਜ ਵਫ਼ਾਦਾਰ ਭਗਤਾਂ ਨੂੰ ਉਸ ਸਮੇਂ ਬਾਰੇ ਸੋਚ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ ਜਦੋਂ ਉਹ ਦੇਖਣਗੇ ਕਿ ਜੀ ਉੱਠੇ ਲੋਕ ਜਵਾਨ ਹੋ ਗਏ! ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਅਮਰ ਜੀਵਨ ਅਤੇ ਧਰਤੀ ’ਤੇ ਯਿਸੂ ਦੀਆਂ ‘ਹੋਰ ਭੇਡਾਂ’ ਨੂੰ ਸਦਾ ਦੀ ਜ਼ਿੰਦਗੀ ਤਾਂ ਹੀ ਮਿਲੇਗੀ ਜੇ ਉਹ ਯਿਸੂ ਮਸੀਹ ਦੀ ਕੁਰਬਾਨੀ ’ਤੇ ਨਿਹਚਾ ਕਰਨਗੇ।—ਯੂਹੰ. 10:16; ਰੋਮੀ. 6:23.

ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ

14. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਸਦਾ ਦੀ ਜ਼ਿੰਦਗੀ ਦੀ ਉਮੀਦ ਰੱਖਣ ਲਈ ਇਸਰਾਏਲੀਆਂ ਨੂੰ ਮੂਸਾ ਦੀ ਬਿਵਸਥਾ ਦੀ ਬਜਾਇ ਕਿਸੇ ਹੋਰ ਚੀਜ਼ ਦੀ ਲੋੜ ਸੀ?

14 ਅਬਰਾਹਾਮ ਦੀ ਔਲਾਦ ਹੋਰਨਾਂ ਕੌਮਾਂ ਤੋਂ ਵੱਖਰੀ ਹੋ ਗਈ ਜਦੋਂ ਉਹ ਪਰਮੇਸ਼ੁਰ ਨਾਲ ਇਕ ਖ਼ਾਸ ਨੇਮਬੱਧ ਰਿਸ਼ਤੇ ਵਿਚ ਬੱਝ ਗਈ। ਬਿਵਸਥਾ ਦਿੰਦਿਆਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਤੁਸਾਂ ਮੇਰੀਆਂ ਬਿਧਾਂ ਅਤੇ ਮੇਰਿਆਂ ਨਿਆਵਾਂ ਨੂੰ ਧਿਆਨ ਰੱਖਣਾ। ਜੇ ਕੋਈ ਇਨ੍ਹਾਂ ਨੂੰ ਪੂਰਾ ਕਰੇ ਤਾਂ ਉਹ ਇਨ੍ਹਾਂ ਵਿੱਚ ਜੀਉਂਦਾ ਰਹੇਗਾ।” (ਲੇਵੀ. 18:5) ਇਸਰਾਏਲੀ ਬਿਵਸਥਾ ਦੇ ਉੱਚੇ-ਸੁੱਚੇ ਮਿਆਰਾਂ ’ਤੇ ਪੂਰੀ ਤਰ੍ਹਾਂ ਨਹੀਂ ਚੱਲ ਸਕੇ, ਇਸ ਲਈ ਉਹ ਬਿਵਸਥਾ ਅਨੁਸਾਰ ਸਰਾਪੇ ਗਏ ਤੇ ਉਸ ਸਰਾਪ ਤੋਂ ਉਨ੍ਹਾਂ ਨੂੰ ਛੁਟਕਾਰੇ ਦੀ ਲੋੜ ਸੀ।—ਗਲਾ. 3:13.

15. ਦਾਊਦ ਕਿਹੜੀ ਭਾਵੀ ਬਰਕਤ ਬਾਰੇ ਲਿਖਣ ਲਈ ਪ੍ਰੇਰਿਤ ਹੋਇਆ?

15 ਮੂਸਾ ਤੋਂ ਬਾਅਦ ਯਹੋਵਾਹ ਨੇ ਬਾਈਬਲ ਦੇ ਹੋਰਨਾਂ ਲਿਖਾਰੀਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਾ ਜ਼ਿਕਰ ਕਰਨ ਲਈ ਪ੍ਰੇਰਿਆ। (ਜ਼ਬੂ. 21:4; 37:29) ਮਿਸਾਲ ਲਈ, ਜ਼ਬੂਰ ਦਾਊਦ ਨੇ ਸੀਯੋਨ ਦੇ ਪਹਾੜ ’ਤੇ ਸੱਚੇ ਭਗਤਾਂ ਦੀ ਏਕਤਾ ਦਾ ਜ਼ਿਕਰ ਕਰਦੇ ਹੋਏ ਇਨ੍ਹਾਂ ਸ਼ਬਦਾਂ ਨਾਲ ਭਜਨ ਸਮਾਪਤ ਕੀਤਾ: “ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।”—ਜ਼ਬੂ. 133:3.

16. ਯਸਾਯਾਹ ਦੇ ਰਾਹੀਂ ਯਹੋਵਾਹ ਨੇ “ਸਾਰੀ ਧਰਤੀ” ਦੇ ਭਵਿੱਖ ਬਾਰੇ ਕਿਹੜਾ ਵਾਅਦਾ ਕੀਤਾ?

16 ਯਹੋਵਾਹ ਨੇ ਯਸਾਯਾਹ ਨੂੰ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਬਾਰੇ ਭਵਿੱਖਬਾਣੀ ਕਰਨ ਲਈ ਪ੍ਰੇਰਿਆ। (ਯਸਾਯਾਹ 25:7, 8 ਪੜ੍ਹੋ।) ਸਾਹ ਘੁੱਟਣ ਵਾਲੇ “ਪੜਦੇ” ਯਾਨੀ ਭਾਰੇ ਕੰਬਲ ਵਾਂਗ ਪਾਪ ਅਤੇ ਮੌਤ ਨੇ ਮਨੁੱਖਜਾਤੀ ਨੂੰ ਕੱਜਿਆ ਹੋਇਆ ਹੈ। ਯਹੋਵਾਹ ਆਪਣੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ “ਸਾਰੀ ਧਰਤੀ ਦੇ ਉੱਤੋਂ” ਪਾਪ ਅਤੇ ਮੌਤ ਨੂੰ ਝੱਫ ਲਿਆ ਜਾਵੇਗਾ।

17. ਮਸੀਹਾ ਨੇ ਸਦਾ ਦੀ ਜ਼ਿੰਦਗੀ ਪਾਉਣ ਦਾ ਰਾਹ ਕਿਵੇਂ ਖੋਲ੍ਹਣਾ ਸੀ?

17 ਮੂਸਾ ਦੀ ਬਿਵਸਥਾ ਵਿਚ ਅਜ਼ਾਜ਼ੇਲ ਨਾਂ ਦੇ ਬੱਕਰੇ ਬਾਰੇ ਦੱਸੇ ਇੰਤਜ਼ਾਮ ’ਤੇ ਵੀ ਗੌਰ ਕਰੋ। ਸਾਲ ਵਿਚ ਇਕ ਵਾਰ ਪ੍ਰਾਸਚਿਤ ਦੇ ਦਿਨ ਪ੍ਰਧਾਨ ਜਾਜਕ ‘ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਧਰਦਾ ਸੀ ਅਤੇ ਇਸਰਾਏਲੀਆਂ ਦੀਆਂ ਬਦੀਆਂ ਨੂੰ ਅਤੇ ਉਨ੍ਹਾਂ ਦੇ ਸਾਰਿਆਂ ਪਾਪਾਂ ਵਿੱਚ ਉਨ੍ਹਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਨ੍ਹਾਂ ਨੂੰ ਧਰਕੇ ਉਸ ਦੇ ਉੱਤੇ ਇਕਰਾਰ ਕਰਦਾ ਸੀ ਅਤੇ ਉਸ ਨੂੰ ਉਜਾੜ ਵਿੱਚ ਭੇਜ ਦਿੰਦਾ ਸੀ।’ (ਲੇਵੀ. 16:7-10, 21, 22) ਇਸੇ ਤਰ੍ਹਾਂ ਮਸੀਹਾ ਨੇ ‘ਬਹੁਤਿਆਂ ਦੇ ਗ਼ਮ, ਦੁੱਖ ਅਤੇ ਪਾਪ’ ਚੁੱਕ ਲਏ ਜਿਸ ਦੇ ਆਉਣ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ। ਇਸ ਤਰ੍ਹਾਂ ਮਸੀਹਾ ਨੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹ ਦਿੱਤਾ।—ਯਸਾਯਾਹ 53:4-6, 12 ਪੜ੍ਹੋ।

18, 19. ਯਸਾਯਾਹ 26:19 ਅਤੇ ਦਾਨੀਏਲ 12:13 ਕਿਹੜੀ ਉਮੀਦ ਬਾਰੇ ਜ਼ਿਕਰ ਕਰਦੇ ਹਨ?

18 ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਆਪਣੇ ਲੋਕਾਂ ਨੂੰ ਦੱਸਿਆ: “ਸਾਡੇ ਮਰੇ ਹੋਏ ਲੋਕ ਦੁਬਾਰਾ ਜੀ ਉੱਠਣਗੇ, ਅਤੇ ਉਹਨਾਂ ਦੇ ਮੁਰਦੇ ਸਰੀਰਾਂ ਵਿਚ ਫਿਰ ਪ੍ਰਾਣ ਆ ਜਾਣਗੇ। ਉਹ ਸਭ ਜੋ ਆਪਣੀਆਂ ਕਬਰਾਂ ਵਿਚ ਸੌਂ ਰਹੇ ਹਨ, ਉਹ ਜਾਗਣਗੇ ਅਤੇ ਖ਼ੁਸ਼ੀ ਦੇ ਗੀਤ ਗਾਉਣਗੇ। ਜਿਸ ਤਰ੍ਹਾਂ ਤ੍ਰੇਲ ਧਰਤੀ ਨੂੰ ਠੰਡਕ ਦਿੰਦੀ ਹੈ, ਉਸੇ ਤਰ੍ਹਾਂ ਪ੍ਰਭੂ ਉਹਨਾਂ ਨੂੰ ਸਭ ਨੂੰ ਜੋ ਬਹੁਤ ਸਮਾਂ ਪਹਿਲਾਂ ਮਰ ਚੁੱਕੇ ਹਨ, ਨਵਾਂ ਜੀਵਨ ਦੇਵੇਗਾ।” (ਯਸਾ. 26:19, CL) ਬਾਈਬਲ ਦਾ ਇਬਰਾਨੀ ਹਿੱਸਾ ਦੁਬਾਰਾ ਜੀ ਉੱਠਣ ਅਤੇ ਧਰਤੀ ’ਤੇ ਜੀਉਣ ਦੀ ਉਮੀਦ ਬਾਰੇ ਸਾਫ਼-ਸਾਫ਼ ਦੱਸਦਾ ਹੈ। ਮਿਸਾਲ ਲਈ, ਜਦੋਂ ਦਾਨੀਏਲ ਤਕਰੀਬਨ 100 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾ ਕੇ ਕਿਹਾ: “ਤੂੰ ਸੁਖ ਪਾਵੇਂਗਾ ਅਤੇ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।”—ਦਾਨੀ. 12:13.

19 ਦੁਬਾਰਾ ਜੀ ਉੱਠਣ ਦੀ ਉਮੀਦ ਕਰਕੇ, ਮਾਰਥਾ ਆਪਣੇ ਮਰੇ ਹੋਏ ਭਰਾ ਬਾਰੇ ਯਿਸੂ ਨੂੰ ਕਹਿ ਸਕੀ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।” (ਯੂਹੰ. 11:24) ਕੀ ਯਿਸੂ ਦੀਆਂ ਸਿੱਖਿਆਵਾਂ ਤੇ ਉਸ ਦੇ ਚੇਲਿਆਂ ਦੁਆਰਾ ਲਿਖੀਆਂ ਕਿਤਾਬਾਂ ਵਿਚ ਇਸ ਉਮੀਦ ਨੂੰ ਬਦਲਿਆ ਗਿਆ ਹੈ? ਕੀ ਯਹੋਵਾਹ ਹਾਲੇ ਵੀ ਇਨਸਾਨਾਂ ਨੂੰ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੰਦਾ ਹੈ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬਾਂ ਉੱਤੇ ਗੌਰ ਕਰਾਂਗੇ।

[ਫੁਟਨੋਟ]

^ ਪੈਰਾ 10 ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦਾ ਅਧਿਆਇ 6 ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਕਿਹੜੀ ਉਮੀਦ ਦੇ ਆਧਾਰ ’ਤੇ ਮਨੁੱਖਜਾਤੀ ਯਾਨੀ ‘ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ’?

• ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਮੰਨਦਾ ਸੀ ਕਿ ਮਰੇ ਹੋਏ ਲੋਕ ਜੀ ਉੱਠਣਗੇ?

• ਅਲੀਹੂ ਦੇ ਸ਼ਬਦਾਂ ਤੋਂ ਇਨਸਾਨਾਂ ਨੂੰ ਕਿਹੜੀ ਉਮੀਦ ਮਿਲਦੀ ਹੈ?

• ਬਾਈਬਲ ਦਾ ਇਬਰਾਨੀ ਹਿੱਸਾ ਧਰਤੀ ’ਤੇ ਦੁਬਾਰਾ ਜੀ ਉੱਠਣ ਅਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਉੱਤੇ ਕਿਵੇਂ ਜ਼ੋਰ ਦਿੰਦਾ ਹੈ?

[ਸਵਾਲ]

[ਸਫ਼ਾ 5 ਉੱਤੇ ਤਸਵੀਰ]

ਅੱਯੂਬ ਨੂੰ ਕਹੇ ਅਲੀਹੂ ਦੇ ਸ਼ਬਦਾਂ ਤੋਂ ਉਮੀਦ ਮਿਲਦੀ ਹੈ ਕਿ ਇਨਸਾਨਾਂ ਨੂੰ ਬੁਢਾਪੇ ਤੇ ਮੌਤ ਤੋਂ ਛੁਟਕਾਰਾ ਦਿਵਾਇਆ ਜਾਵੇਗਾ

[ਸਫ਼ਾ 6 ਉੱਤੇ ਤਸਵੀਰ]

ਦਾਨੀਏਲ ਨੂੰ ਭਰੋਸਾ ਦਿਲਾਇਆ ਗਿਆ ਸੀ ਕਿ ‘ਉਹ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਗਾ’