Skip to content

Skip to table of contents

ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਮਸੀਹੀਆਂ ਦੀ ਉਮੀਦ?

ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਮਸੀਹੀਆਂ ਦੀ ਉਮੀਦ?

ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਮਸੀਹੀਆਂ ਦੀ ਉਮੀਦ?

“[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ।”—ਪਰ. 21:4.

1, 2. ਸਾਨੂੰ ਕਿੱਦਾਂ ਪਤਾ ਹੈ ਕਿ ਪਹਿਲੀ ਸਦੀ ਦੇ ਬਹੁਤ ਸਾਰੇ ਯਹੂਦੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖਦੇ ਸਨ?

ਇਕ ਅਮੀਰ ਤੇ ਪ੍ਰਸਿੱਧ ਨੌਜਵਾਨ ਯਿਸੂ ਕੋਲ ਨੱਠਾ ਆਇਆ ਤੇ ਗੋਡਿਆਂ ਭਾਰ ਝੁਕ ਕੇ ਪੁੱਛਿਆ: “ਸਤ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ?” (ਮਰ. 10:17) ਇਹ ਨੌਜਵਾਨ ਸਦਾ ਦੀ ਜ਼ਿੰਦਗੀ ਪਾਉਣ ਬਾਰੇ ਪੁੱਛ ਰਿਹਾ ਸੀ। ਪਰ ਕਿੱਥੇ? ਅਸੀਂ ਪਹਿਲੇ ਲੇਖ ਵਿਚ ਦੇਖਿਆ ਕਿ ਸਦੀਆਂ ਪਹਿਲਾਂ ਪਰਮੇਸ਼ੁਰ ਨੇ ਯਹੂਦੀਆਂ ਨੂੰ ਉਮੀਦ ਦਿੱਤੀ ਸੀ ਕਿ ਮਰੇ ਹੋਏ ਲੋਕ ਧਰਤੀ ਉੱਤੇ ਜੀ ਉੱਠਣਗੇ ਅਤੇ ਸਦਾ ਵਾਸਤੇ ਜੀਉਣਗੇ। ਪਹਿਲੀ ਸਦੀ ਦੇ ਕਈ ਯਹੂਦੀ ਵੀ ਇਹੀ ਉਮੀਦ ਰੱਖਦੇ ਸਨ।

2 ਯਿਸੂ ਦੀ ਦੋਸਤ ਮਾਰਥਾ ਨੂੰ ਵੀ ਵਿਸ਼ਵਾਸ ਸੀ ਕਿ ਮਰੇ ਹੋਏ ਲੋਕ ਧਰਤੀ ’ਤੇ ਜੀ ਉੱਠਣਗੇ। ਇਸ ਲਈ ਉਸ ਨੇ ਆਪਣੇ ਮਰ ਚੁੱਕੇ ਭਰਾ ਬਾਰੇ ਕਿਹਾ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।” (ਯੂਹੰ. 11:24) ਉਸ ਸਮੇਂ ਦੇ ਸਦੂਕੀ ਵਿਸ਼ਵਾਸ ਨਹੀਂ ਕਰਦੇ ਸਨ ਕਿ ਮਰੇ ਹੋਏ ਲੋਕ ਜੀ ਉੱਠਣਗੇ। (ਮਰ. 12:18) ਪਰ ਜੋਰਜ ਫੁੱਟ ਮੋਰ ਆਪਣੀ ਕਿਤਾਬ (Judaism in the First Centuries of the Christian Era) ਵਿਚ ਕਹਿੰਦਾ ਹੈ: ‘ਮਸੀਹ ਤੋਂ ਪਹਿਲਾਂ ਦੂਜੀ ਸਦੀ ਜਾਂ ਪਹਿਲੀ ਸਦੀ ਦੀਆਂ ਲਿਖਤਾਂ ਤੋਂ ਪਤਾ ਚੱਲਦਾ ਹੈ ਕਿ ਯਹੂਦੀਆਂ ਨੂੰ ਵਿਸ਼ਵਾਸ ਸੀ ਕਿ ਦੁਨੀਆਂ ਦੇ ਇਤਿਹਾਸ ਵਿਚ ਇਕ ਅਜਿਹਾ ਸਮਾਂ ਆਵੇਗਾ ਜਦੋਂ ਅਤੀਤ ਵਿਚ ਮਰੀਆਂ ਪੀੜ੍ਹੀਆਂ ਧਰਤੀ ’ਤੇ ਦੁਬਾਰਾ ਜੀ ਉੱਠਣਗੀਆਂ।’ ਜੀ ਹਾਂ, ਯਿਸੂ ਕੋਲ ਆਇਆ ਅਮੀਰ ਆਦਮੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣੀ ਚਾਹੁੰਦਾ ਸੀ।

3. ਇਸ ਲੇਖ ਵਿਚ ਕਿਹੜੇ ਸਵਾਲਾਂ ’ਤੇ ਗੌਰ ਕੀਤਾ ਜਾਵੇਗਾ?

3 ਅੱਜ ਬਹੁਤ ਸਾਰੇ ਧਰਮਾਂ ਦੇ ਲੋਕ ਅਤੇ ਬਾਈਬਲ ਵਿਦਵਾਨ ਇਨਕਾਰ ਕਰਦੇ ਹਨ ਕਿ ਯਿਸੂ ਨੇ ਧਰਤੀ ਉੱਤੇ ਸਦਾ ਵਾਸਤੇ ਜ਼ਿੰਦਾ ਰਹਿਣ ਦੀ ਉਮੀਦ ਬਾਰੇ ਕਦੇ ਸਿਖਾਇਆ ਸੀ। ਜ਼ਿਆਦਾਤਰ ਲੋਕ ਉਮੀਦ ਰੱਖਦੇ ਹਨ ਕਿ ਮੌਤ ਤੋਂ ਬਾਅਦ ਉਹ ਆਤਮਾ ਦੇ ਰੂਪ ਵਿਚ ਕਿਤੇ ਜ਼ਿੰਦਾ ਰਹਿਣਗੇ। ਸੋ ਜਦੋਂ ਲੋਕ ਮਸੀਹੀ ਯੂਨਾਨੀ ਸ਼ਾਸਤਰ ਵਿਚ “ਸਦੀਪਕ ਜੀਉਣ” ਸ਼ਬਦ ਪੜ੍ਹਦੇ ਹਨ, ਤਾਂ ਉਹ ਹਮੇਸ਼ਾ ਸਵਰਗ ਵਿਚ ਜੀਣ ਬਾਰੇ ਸੋਚਦੇ ਹਨ। ਪਰ ਕੀ ਇਹ ਸੱਚ ਹੈ? ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਸਦਾ ਦੀ ਜ਼ਿੰਦਗੀ ਬਾਰੇ ਗੱਲ ਕੀਤੀ ਸੀ? ਉਸ ਦੇ ਚੇਲੇ ਕੀ ਮੰਨਦੇ ਸਨ? ਕੀ ਮਸੀਹੀ ਯੂਨਾਨੀ ਸ਼ਾਸਤਰ ਵਿਚ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਬਾਰੇ ਦੱਸਿਆ ਹੈ?

“ਨਵੀਂ ਸਰਿਸ਼ਟ ਵਿੱਚ” ਹਮੇਸ਼ਾ ਦੀ ਜ਼ਿੰਦਗੀ

4. “ਨਵੀਂ ਸਰਿਸ਼ਟ ਵਿੱਚ” ਕੀ ਹੋਵੇਗਾ?

4 ਬਾਈਬਲ ਸਿਖਾਉਂਦੀ ਹੈ ਕਿ ਮਸਹ ਕੀਤੇ ਹੋਏ ਮਸੀਹੀਆਂ ਨੂੰ ਜ਼ਿੰਦਾ ਕੀਤਾ ਜਾਵੇਗਾ ਜੋ ਸਵਰਗ ਤੋਂ ਧਰਤੀ ’ਤੇ ਰਾਜ ਕਰਨਗੇ। (ਲੂਕਾ 12:32; ਪਰ. 5:9, 10; 14:1-3) ਪਰ ਜਦੋਂ ਯਿਸੂ ਹਮੇਸ਼ਾ ਦੀ ਜ਼ਿੰਦਗੀ ਬਾਰੇ ਗੱਲ ਕਰਦਾ ਸੀ, ਤਾਂ ਉਸ ਦੇ ਮਨ ਵਿਚ ਸਿਰਫ਼ ਇਹੀ ਗਰੁੱਪ ਨਹੀਂ ਸੀ ਹੁੰਦਾ। ਜਦੋਂ ਯਿਸੂ ਨੇ ਅਮੀਰ ਨੌਜਵਾਨ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਪਿੱਛੇ ਛੱਡ ਕੇ ਉਸ ਦਾ ਚੇਲਾ ਬਣਨ ਲਈ ਕਿਹਾ ਸੀ, ਤਾਂ ਉਹ ਉਦਾਸ ਹੋ ਕੇ ਚਲਾ ਗਿਆ। ਧਿਆਨ ਦਿਓ ਕਿ ਉਸ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ ਸੀ। (ਮੱਤੀ 19:28, 29 ਪੜ੍ਹੋ।) ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਵਿਚ ਹੋਣਗੇ ਜੋ ਰਾਜਿਆਂ ਵਜੋਂ “ਇਸਰਾਏਲ ਦੀਆਂ ਬਾਰਾਂ ਗੋਤਾਂ” ਯਾਨੀ ਉਨ੍ਹਾਂ ਲੋਕਾਂ ਦਾ ਨਿਆਂ ਕਰਨਗੇ ਜੋ ਸਵਰਗ ਨਹੀਂ ਜਾਣਗੇ। (1 ਕੁਰਿੰ. 6:2) ਨਾਲੇ, ਉਸ ਨੇ ਕਿਹਾ ਕਿ “ਹਰ ਕੋਈ” ਜੋ ਉਸ ਦੇ ਪਿੱਛੇ ਚੱਲਦਾ ਹੈ ਇਨਾਮ ਪਾਵੇਗਾ। ਉਹ ਵੀ ‘ਸਦੀਪਕ ਜੀਉਣ ਦੇ ਵਾਰਸ ਹੋਣਗੇ।’ ਇਹ ਸਾਰਾ ਕੁਝ “ਨਵੀਂ ਸਰਿਸ਼ਟ ਵਿੱਚ” ਹੋਵੇਗਾ।

5. “ਨਵੀਂ ਸਰਿਸ਼ਟ” ਦਾ ਮਤਲਬ ਤੁਸੀਂ ਕਿਵੇਂ ਸਮਝਾਓਗੇ?

5 “ਨਵੀਂ ਸਰਿਸ਼ਟ” ਕਹਿਣ ਤੋਂ ਯਿਸੂ ਦਾ ਕੀ ਮਤਲਬ ਸੀ? ਪੰਜਾਬੀ ਦੀ ਈਜ਼ੀ ਟੂ ਰੀਡ ਵਰਯਨ ਬਾਈਬਲ ਵਿਚ ਇਨ੍ਹਾਂ ਲਫ਼ਜ਼ਾਂ ਦਾ ਤਰਜਮਾ “ਨਵੀਂ ਦੁਨੀਆਂ” ਕੀਤਾ ਗਿਆ ਹੈ। ਦ ਜਰੂਸਲਮ ਬਾਈਬਲ ਵਿਚ ਕਿਹਾ ਹੈ, “ਜਦੋਂ ਸਾਰਾ ਕੁਝ ਨਵਾਂ ਬਣਾਇਆ ਜਾਂਦਾ ਹੈ” ਅਤੇ ਦ ਹੋਲੀ ਬਾਈਬਲ—ਨਿਊ ਇੰਟਰਨੈਸ਼ਨਲ ਵਰਯਨ ਵਿਚ ਕਿਹਾ ਹੈ ਕਿ “ਸਾਰੀਆਂ ਚੀਜ਼ਾਂ ਨੂੰ ਮੁੜ ਨਵਾਂ ਬਣਾਇਆ ਜਾਵੇਗਾ।” ਯਿਸੂ ਨੇ ਜਦੋਂ “ਨਵੀਂ ਸਰਿਸ਼ਟ” ਦੀ ਗੱਲ ਕੀਤੀ ਸੀ, ਤਾਂ ਉਸ ਨੇ ਆਪਣੇ ਸਰੋਤਿਆਂ ਨੂੰ ਇਸ ਗੱਲ ਦਾ ਮਤਲਬ ਨਹੀਂ ਸਮਝਾਇਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸਦੀਆਂ ਤੋਂ ਯਹੂਦੀ ਕੀ ਉਮੀਦ ਰੱਖਦੇ ਸਨ। ਉਹ ਮੰਨਦੇ ਸਨ ਕਿ ਧਰਤੀ ’ਤੇ ਉਹ ਹਾਲਾਤ ਮੁੜ ਬਹਾਲ ਹੋਣਗੇ ਜੋ ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਪਹਿਲਾਂ ਅਦਨ ਦੇ ਬਾਗ਼ ਵਿਚ ਸਨ। ਇਸ ਤਰ੍ਹਾਂ ਪਰਮੇਸ਼ੁਰ “ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ” ਕਰਨ ਦਾ ਆਪਣਾ ਵਾਅਦਾ ਪੂਰਾ ਕਰੇਗਾ।—ਯਸਾ. 65:17

6. ਭੇਡਾਂ ਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਸਦਾ ਦੀ ਜ਼ਿੰਦਗੀ ਦੀ ਉਮੀਦ ਬਾਰੇ ਸਾਨੂੰ ਕੀ ਸਿਖਾਉਂਦਾ ਹੈ?

6 ਯਿਸੂ ਨੇ ਦੁਨੀਆਂ ਦੇ ਅੰਤ ਬਾਰੇ ਗੱਲ ਕਰਦੇ ਹੋਏ ਦੁਬਾਰਾ ਸਦਾ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ। (ਮੱਤੀ 24:1-3) ਉਸ ਨੇ ਕਿਹਾ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ।” ਜਿਨ੍ਹਾਂ ਨੂੰ ਸਜ਼ਾ ਮਿਲੇਗੀ, ਉਹ “ਸਦੀਪਕ ਸਜ਼ਾ ਵਿੱਚ ਜਾਣਗੇ ਪਰ ਧਰਮੀ ਸਦੀਪਕ ਜੀਉਣ ਵਿੱਚ।” “ਧਰਮੀ” ਉਹ ਲੋਕ ਹਨ ਜਿਹੜੇ ਮਸੀਹ ਦੇ ਮਸਹ ਕੀਤੇ ਹੋਏ “ਭਰਾਵਾਂ” ਦਾ ਵਫ਼ਾਦਾਰੀ ਨਾਲ ਸਾਥ ਦਿੰਦੇ ਹਨ। (ਮੱਤੀ 25:31-34, 40, 41, 45, 46) ਮਸਹ ਕੀਤੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜਿਆਂ ਵਜੋਂ ਚੁਣਿਆ ਗਿਆ ਹੈ, ਇਸ ਲਈ ਪਰਮੇਸ਼ੁਰ ਦੇ ਰਾਜ ਦੀ ਪਰਜਾ ਧਰਤੀ ’ਤੇ ਰਹਿੰਦੇ “ਧਰਮੀ” ਲੋਕ ਹੋਣਗੇ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਸੀ: “[ਯਹੋਵਾਹ ਦਾ ਰਾਜਾ] ਸਮੁੰਦਰੋਂ ਲੈ ਕੇ ਸਮੁੰਦਰ ਤੀਕ ਅਤੇ ਦਰਿਆ ਤੋਂ ਲੈ ਕੇ ਧਰਤੀ ਦੇ ਬੰਨੇ ਤੀਕ” ਪਰਜਾ ’ਤੇ ਰਾਜ ਕਰੇਗਾ। (ਜ਼ਬੂ. 72:8) ਇਹ ਪਰਜਾ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣੇਗੀ।

ਯੂਹੰਨਾ ਦੀ ਇੰਜੀਲ ਤੋਂ ਕੀ ਪਤਾ ਲੱਗਦਾ ਹੈ?

7, 8. ਨਿਕੁਦੇਮੁਸ ਨਾਲ ਯਿਸੂ ਨੇ ਕਿਹੜੀਆਂ ਦੋ ਉਮੀਦਾਂ ਬਾਰੇ ਗੱਲ ਕੀਤੀ?

7 ਮੱਤੀ, ਮਰਕੁਸ ਅਤੇ ਲੂਕਾ ਦੀਆਂ ਇੰਜੀਲਾਂ ਤੋਂ ਵੀ ਪਤਾ ਲੱਗਦਾ ਹੈ ਕਿ ਯਿਸੂ ਨੇ “ਸਦੀਪਕ ਜੀਉਣ” ਸ਼ਬਦ ਵਰਤੇ ਸਨ ਜਿਵੇਂ ਅਸੀਂ ਉੱਪਰ ਦੱਸੇ ਹਵਾਲਿਆਂ ਵਿਚ ਦੇਖਿਆ ਸੀ। ਯੂਹੰਨਾ ਦੀ ਇੰਜੀਲ ਵਿਚ ਯਿਸੂ ਨੇ ਸਦਾ ਦੀ ਜ਼ਿੰਦਗੀ ਦਾ ਤਕਰੀਬਨ 17 ਵਾਰ ਜ਼ਿਕਰ ਕੀਤਾ। ਆਓ ਅਸੀਂ ਕੁਝ ਹਵਾਲਿਆਂ ’ਤੇ ਗੌਰ ਕਰੀਏ ਕਿ ਯਿਸੂ ਨੇ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਬਾਰੇ ਕੀ ਕਿਹਾ ਸੀ।

8 ਯੂਹੰਨਾ ਦੀ ਇੰਜੀਲ ਦੇ ਮੁਤਾਬਕ ਯਿਸੂ ਨੇ ਪਹਿਲਾਂ ਨਿਕੁਦੇਮੁਸ ਨਾਂ ਦੇ ਫ਼ਰੀਸੀ ਨਾਲ ਸਦਾ ਦੀ ਜ਼ਿੰਦਗੀ ਬਾਰੇ ਗੱਲ ਕੀਤੀ ਸੀ। ਉਸ ਨੇ ਨਿਕੁਦੇਮੁਸ ਨੂੰ ਦੱਸਿਆ: “ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ।” ਸਵਰਗੀ ਰਾਜ ਵਿਚ ਵੜਨ ਵਾਲਿਆਂ ਨੂੰ ‘ਨਵੇਂ ਸਿਰਿਓਂ ਜੰਮਣ’ ਦੀ ਲੋੜ ਹੈ। (ਯੂਹੰ. 3:3-5) ਪਰ ਯਿਸੂ ਨੇ ਸਿਰਫ਼ ਇੰਨਾ ਹੀ ਨਹੀਂ ਕਿਹਾ। ਉਸ ਨੇ ਉਸ ਉਮੀਦ ਬਾਰੇ ਵੀ ਗੱਲ ਕੀਤੀ ਜੋ ਦੁਨੀਆਂ ਦੇ ਸਾਰੇ ਲੋਕ ਰੱਖ ਸਕਦੇ ਹਨ। (ਯੂਹੰਨਾ 3:16 ਪੜ੍ਹੋ।) ਯਿਸੂ ਮਸਹ ਕੀਤੇ ਹੋਏ ਚੇਲਿਆਂ ਵਾਸਤੇ ਸਵਰਗ ਵਿਚ ਸਦਾ ਦੀ ਜ਼ਿੰਦਗੀ ਅਤੇ ਹੋਰਨਾਂ ਲੋਕਾਂ ਵਾਸਤੇ ਧਰਤੀ ਉੱਤੇ ਸਦਾ ਵਾਸਤੇ ਜੀਉਣ ਦੀ ਗੱਲ ਕਰ ਰਿਹਾ ਸੀ।

9. ਕਿਹੜੀ ਉਮੀਦ ਬਾਰੇ ਯਿਸੂ ਨੇ ਸਾਮਰੀ ਤੀਵੀਂ ਨਾਲ ਗੱਲ ਕੀਤੀ?

9 ਯਰੂਸ਼ਲਮ ਵਿਚ ਨਿਕੁਦੇਮੁਸ ਨਾਲ ਗੱਲ ਕਰਨ ਤੋਂ ਬਾਅਦ ਯਿਸੂ ਉੱਤਰ ਵੱਲ ਗਲੀਲ ਨੂੰ ਚੱਲ ਪਿਆ। ਰਾਹ ਵਿਚ ਸਾਮਰਿਯਾ ਦੇ ਸੁਖਾਰ ਨਗਰ ਲਾਗੇ ਯਾਕੂਬ ਦੇ ਖੂਹ ’ਤੇ ਉਸ ਨੂੰ ਇਕ ਤੀਵੀਂ ਮਿਲੀ। ਯਿਸੂ ਨੇ ਉਸ ਤੀਵੀਂ ਨੂੰ ਕਿਹਾ: “ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ।” (ਯੂਹੰ. 4:5, 6, 14) ਇਹ ਜਲ ਪਰਮੇਸ਼ੁਰ ਦੇ ਪ੍ਰਬੰਧਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੇ ਰਾਹੀਂ ਇਨਸਾਨਾਂ ਨੂੰ ਸਦਾ ਦੀ ਜ਼ਿੰਦਗੀ ਦਿੱਤੀ ਜਾਵੇਗੀ। ਇਨ੍ਹਾਂ ਵਿਚ ਉਹ ਵੀ ਲੋਕ ਹੋਣਗੇ ਜੋ ਧਰਤੀ ਉੱਤੇ ਸਦਾ ਵਾਸਤੇ ਰਹਿਣਗੇ। ਪਰਕਾਸ਼ ਦੀ ਪੋਥੀ ਵਿਚ ਪਰਮੇਸ਼ੁਰ ਆਪ ਕਹਿੰਦਾ ਹੈ: “ਜਿਹੜਾ ਤਿਹਾਇਆ ਹੈ ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਖਤ ਪਿਆਵਾਂਗਾ।” (ਪਰ. 21:5, 6; 22:17) ਸੋ ਯਿਸੂ ਨੇ ਸਾਮਰੀ ਤੀਵੀਂ ਨਾਲ ਨਾ ਸਿਰਫ਼ ਰਾਜ ਦੇ ਮਸਹ ਕੀਤੇ ਹੋਏ ਵਾਰਸਾਂ ਲਈ ਅਮਰ ਜੀਵਨ ਬਾਰੇ ਗੱਲ ਕੀਤੀ, ਸਗੋਂ ਉਨ੍ਹਾਂ ਨਿਹਚਾਵਾਨ ਲੋਕਾਂ ਬਾਰੇ ਵੀ ਗੱਲ ਕੀਤੀ ਜਿਹੜੇ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਨ।

10. ਬੇਥਜ਼ਥਾ ਦੇ ਤਲਾਬ ਨੇੜੇ ਇਕ ਬੀਮਾਰ ਆਦਮੀ ਨੂੰ ਠੀਕ ਕਰਨ ਪਿੱਛੋਂ ਯਿਸੂ ਨੇ ਵਿਰੋਧੀ ਯਹੂਦੀਆਂ ਨੂੰ ਸਦਾ ਦੀ ਜ਼ਿੰਦਗੀ ਬਾਰੇ ਕੀ ਕਿਹਾ?

10 ਅਗਲੇ ਸਾਲ ਯਿਸੂ ਦੁਬਾਰਾ ਯਰੂਸ਼ਲਮ ਗਿਆ। ਉੱਥੇ ਉਸ ਨੇ ਬੇਥਜ਼ਥਾ ਦੇ ਤਲਾਬ ਨੇੜੇ ਇਕ ਬੀਮਾਰ ਆਦਮੀ ਨੂੰ ਠੀਕ ਕੀਤਾ। ਉਸ ਦੇ ਇਸ ਚਮਤਕਾਰ ਦੀ ਨੁਕਤਾਚੀਨੀ ਕਰਨ ਵਾਲੇ ਯਹੂਦੀਆਂ ਨੂੰ ਯਿਸੂ ਨੇ ਕਿਹਾ: ‘ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ ਓਵੇਂ ਹੀ ਕਰਦਾ ਹੈ।’ ਉਨ੍ਹਾਂ ਨੂੰ ਦੱਸਣ ਤੋਂ ਬਾਅਦ ਕਿ ਪਿਤਾ ਨੇ “ਸਾਰਾ ਨਿਆਉਂ ਪੁੱਤ੍ਰ ਨੂੰ ਸੌਂਪ ਦਿੱਤਾ ਹੈ,” ਯਿਸੂ ਨੇ ਕਿਹਾ: “ਜੋ ਮੇਰਾ ਬਚਨ ਸੁਣਦਾ ਅਤੇ ਉਹ ਦੀ ਪਰਤੀਤ ਕਰਦਾ ਹੈ ਜਿਨ੍ਹ ਮੈਨੂੰ ਘੱਲਿਆ ਸਦੀਪਕ ਜੀਉਣ ਉਹ ਦਾ ਹੈ।” ਯਿਸੂ ਨੇ ਕਿਹਾ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਮਨੁੱਖ ਦੇ ਪੁੱਤਰ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।” (ਯੂਹੰ. 5:1-9, 19, 22, 24-29) ਯਿਸੂ ਵਿਰੋਧੀ ਯਹੂਦੀਆਂ ਨੂੰ ਕਹਿ ਰਿਹਾ ਸੀ ਕਿ ਉਹੀ ਉਹ ਸ਼ਖ਼ਸ ਸੀ ਜਿਸ ਨੂੰ ਪਰਮੇਸ਼ੁਰ ਨੇ ਚੁਣਿਆ ਸੀ। ਹਾਂ, ਯਿਸੂ ਹੀ ਧਰਤੀ ’ਤੇ ਸਦਾ ਵਾਸਤੇ ਰਹਿਣ ਦੀ ਉਨ੍ਹਾਂ ਦੀ ਉਮੀਦ ਪੂਰੀ ਕਰੇਗਾ ਅਤੇ ਇਹ ਉਮੀਦ ਉਹ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰ ਕੇ ਪੂਰੀ ਕਰੇਗਾ।

11. ਯੂਹੰਨਾ 6:48-51 ਵਿਚ ਯਿਸੂ ਨੇ ਜੋ ਕੁਝ ਕਿਹਾ ਸੀ, ਉਸ ਤੋਂ ਸਾਨੂੰ ਕਿਵੇਂ ਪਤਾ ਹੈ ਕਿ ਉਹ ਧਰਤੀ ’ਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਬਾਰੇ ਵੀ ਗੱਲ ਕਰ ਰਿਹਾ ਸੀ?

11 ਗਲੀਲ ਵਿਚ ਹਜ਼ਾਰਾਂ ਲੋਕ ਚਾਹੁੰਦੇ ਸਨ ਕਿ ਯਿਸੂ ਉਨ੍ਹਾਂ ਨੂੰ ਚਮਤਕਾਰੀ ਤਰੀਕੇ ਨਾਲ ਰੋਟੀ ਖੁਆਵੇ, ਇਸ ਲਈ ਉਹ ਉਸ ਦਾ ਪਿੱਛਾ ਕਰਨ ਲੱਗ ਪਏ। ਲੇਕਿਨ ਯਿਸੂ ਨੇ ਉਨ੍ਹਾਂ ਨੂੰ ਇਕ ਹੋਰ ਤਰ੍ਹਾਂ ਦੀ ਰੋਟੀ ਬਾਰੇ ਦੱਸਿਆ। ਉਹ ਸੀ “ਜੀਉਣ ਦੀ ਰੋਟੀ।” (ਯੂਹੰਨਾ 6:40, 48-51 ਪੜ੍ਹੋ।) ਉਸ ਨੇ ਕਿਹਾ: “ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ।” ਯਿਸੂ ਨੇ ਨਾ ਸਿਰਫ਼ ਆਪਣੇ ਨਾਲ ਰਾਜ ਕਰਨ ਵਾਲਿਆਂ ਲਈ ਆਪਣੀ ਜਾਨ ਦਿੱਤੀ, ਸਗੋਂ ਸਾਰੇ “ਜਗਤ ਦੇ ਜੀਉਣ ਲਈ” ਆਪਣੀ ਜਾਨ ਦਿੱਤੀ। “ਜੇ ਕੋਈ ਇਸ ਰੋਟੀਓਂ ਕੁਝ ਖਾਵੇ” ਯਾਨੀ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰੇ, ਤਾਂ ਉਹ ਸਦਾ ਦੀ ਜ਼ਿੰਦਗੀ ਪਾਵੇਗਾ। ਇਸ ਤੋਂ ਜ਼ਾਹਰ ਹੈ ਕਿ ਜਦੋਂ ਯਿਸੂ ਨੇ ‘ਸਦਾ ਤੀਕੁ ਜੀਉਣ’ ਦਾ ਜ਼ਿਕਰ ਕੀਤਾ, ਤਾਂ ਉਹ ਮਸੀਹਾ ਦੇ ਰਾਜ ਦੌਰਾਨ ਧਰਤੀ ’ਤੇ ਮਿਲਣ ਵਾਲੀ ਸਦਾ ਦੀ ਜ਼ਿੰਦਗੀ ਬਾਰੇ ਵੀ ਗੱਲ ਕਰ ਰਿਹਾ ਸੀ ਜੋ ਯਹੂਦੀਆਂ ਦੀ ਲੰਬੇ ਚਿਰ ਤੋਂ ਉਮੀਦ ਸੀ।

12. ਯਿਸੂ ਕਿਸ ਉਮੀਦ ਦੀ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਵਿਰੋਧੀਆਂ ਨੂੰ ਦੱਸਿਆ ਕਿ ‘ਉਹ ਹੋਰ ਭੇਡਾਂ ਨੂੰ ਸਦੀਪਕ ਜੀਉਣ ਦੇਵੇਗਾ’?

12 ਬਾਅਦ ਵਿਚ ਯਰੂਸ਼ਲਮ ਵਿਚ ਸਮਰਪਣ ਦੇ ਤਿਉਹਾਰ ਤੇ ਯਿਸੂ ਨੇ ਆਪਣੇ ਵਿਰੋਧੀਆਂ ਨੂੰ ਕਿਹਾ: “ਤੁਸੀਂ ਪਰਤੀਤ ਨਹੀਂ ਕਰਦੇ ਕਿਉਂ ਜੋ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ।” (ਯੂਹੰ. 10:26-28) ਕੀ ਇੱਥੇ ਯਿਸੂ ਸਿਰਫ਼ ਸਵਰਗੀ ਜੀਵਨ ਬਾਰੇ ਹੀ ਗੱਲ ਕਰ ਰਿਹਾ ਸੀ, ਜਾਂ ਕੀ ਉਹ ਧਰਤੀ ’ਤੇ ਸੁੰਦਰ ਹਾਲਾਤਾਂ ਅਧੀਨ ਸਦਾ ਦੀ ਜ਼ਿੰਦਗੀ ਬਾਰੇ ਵੀ ਗੱਲ ਕਰ ਰਿਹਾ ਸੀ? ਕੁਝ ਚਿਰ ਪਹਿਲਾਂ, ਯਿਸੂ ਨੇ ਆਪਣੇ ਚੇਲਿਆਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਸੀ: “ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।” (ਲੂਕਾ 12:32) ਪਰ ਸਮਰਪਣ ਦੇ ਤਿਉਹਾਰ ਵੇਲੇ ਯਿਸੂ ਨੇ ਇਹ ਵੀ ਕਿਹਾ: “ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ।” (ਯੂਹੰ. 10:16) ਇਸ ਲਈ ਜਦੋਂ ਯਿਸੂ ਆਪਣੇ ਵਿਰੋਧੀਆਂ ਨਾਲ ਗੱਲ ਕਰ ਰਿਹਾ ਸੀ, ਤਾਂ ਉਹ “ਛੋਟੇ ਝੁੰਡ” ਵਾਸਤੇ ਸਵਰਗ ਵਿਚ ਅਮਰ ਜੀਵਨ ਅਤੇ ਲੱਖਾਂ ਹੀ ‘ਹੋਰ ਭੇਡਾਂ’ ਵਾਸਤੇ ਧਰਤੀ ’ਤੇ ਸਦਾ ਦੀ ਜ਼ਿੰਦਗੀ ਦੀ ਗੱਲ ਕਰ ਰਿਹਾ ਸੀ।

ਉਮੀਦ ਜਿਸ ਬਾਰੇ ਸਮਝਾਉਣ ਦੀ ਲੋੜ ਨਹੀਂ ਸੀ

13. ਯਿਸੂ ਨੇ ਬੁਰੇ ਆਦਮੀ ਨੂੰ ਕੀ ਕਿਹਾ ਸੀ ਤੇ ਉਸ ਦੇ ਇਹ ਕਹਿਣ ਦਾ ਕੀ ਮਤਲਬ ਸੀ?

13 ਸੂਲੀ ’ਤੇ ਤੜਫ਼ਦੇ ਹੋਏ ਯਿਸੂ ਨੇ ਪੁਸ਼ਟੀ ਕਰ ਦਿੱਤੀ ਸੀ ਕਿ ਇਨਸਾਨਾਂ ਨੂੰ ਸਦਾ ਦੀ ਜ਼ਿੰਦਗੀ ਜ਼ਰੂਰ ਮਿਲੇਗੀ। ਉਸ ਦੇ ਨੇੜੇ ਸੂਲੀ ’ਤੇ ਟੰਗੇ ਬੁਰੇ ਆਦਮੀ ਨੇ ਕਿਹਾ: “ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।” ਯਿਸੂ ਨੇ ਉਸ ਨਾਲ ਵਾਅਦਾ ਕੀਤਾ: “ਮੈਂ ਤੈਨੂੰ ਅੱਜ ਸੱਤ ਆਖਦਾ ਹਾਂ ਭਈ ਤੂੰ ਮੇਰੇ ਨਾਲ ਬਾਗ਼ ਵਰਗੀ ਸੁੰਦਰ ਧਰਤੀ ’ਤੇ ਹੋਵੇਂਗਾ।” (ਲੂਕਾ 23:42, 43, NW) ਉਹ ਆਦਮੀ ਯਹੂਦੀ ਸੀ ਜਿਸ ਨੂੰ ਇਸ ਗੱਲ ਬਾਰੇ ਸਮਝਾਉਣ ਦੀ ਲੋੜ ਨਹੀਂ ਸੀ। ਉਸ ਨੂੰ ਪਤਾ ਸੀ ਕਿ ਭਵਿੱਖ ਵਿਚ ਧਰਤੀ ’ਤੇ ਲੋਕਾਂ ਨੂੰ ਸਦਾ ਦੀ ਜ਼ਿੰਦਗੀ ਦਿੱਤੀ ਜਾਵੇਗੀ।

14. (ੳ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਸਵਰਗੀ ਜੀਵਨ ਦੀ ਉਮੀਦ ਨੂੰ ਸਮਝਣਾ ਰਸੂਲਾਂ ਲਈ ਔਖਾ ਸੀ? (ਅ) ਯਿਸੂ ਦੇ ਚੇਲਿਆਂ ਨੂੰ ਕਦੋਂ ਸਵਰਗੀ ਜੀਵਨ ਦੀ ਉਮੀਦ ਦੀ ਸਾਫ਼ ਸਮਝ ਲੱਗੀ?

14 ਪਰ ਜਦੋਂ ਯਿਸੂ ਨੇ ਸਵਰਗੀ ਜੀਵਨ ਦੀ ਉਮੀਦ ਬਾਰੇ ਗੱਲ ਕੀਤੀ ਸੀ, ਤਾਂ ਇਸ ਬਾਰੇ ਸਮਝਾਉਣ ਦੀ ਲੋੜ ਪਈ। ਉਸ ਨੇ ਜਦੋਂ ਚੇਲਿਆਂ ਨੂੰ ਕਿਹਾ ਕਿ ਉਹ ਸਵਰਗ ਵਿਚ ਉਨ੍ਹਾਂ ਵਾਸਤੇ ਜਗ੍ਹਾ ਤਿਆਰ ਕਰਨ ਜਾ ਰਿਹਾ ਸੀ, ਤਾਂ ਚੇਲੇ ਉਸ ਦੀ ਗੱਲ ਦਾ ਮਤਲਬ ਨਹੀਂ ਸਮਝੇ। (ਯੂਹੰਨਾ 14:2-5 ਪੜ੍ਹੋ।) ਉਸ ਨੇ ਬਾਅਦ ਵਿਚ ਉਨ੍ਹਾਂ ਨੂੰ ਆਖਿਆ: “ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ। ਪਰ ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ।” (ਯੂਹੰ. 16:12, 13) ਪੰਤੇਕੁਸਤ 33 ਈਸਵੀ ਵਿਚ ਜਦ ਪਵਿੱਤਰ ਸ਼ਕਤੀ ਨਾਲ ਪਰਮੇਸ਼ੁਰ ਨੇ ਚੇਲਿਆਂ ਨੂੰ ਰਾਜਿਆਂ ਵਜੋਂ ਚੁਣਿਆ ਸੀ, ਤਾਂ ਉਸ ਤੋਂ ਬਾਅਦ ਹੀ ਉਹ ਸਮਝ ਸਕੇ ਕਿ ਉਨ੍ਹਾਂ ਦੀਆਂ ਰਾਜ-ਗੱਦੀਆਂ ਸਵਰਗ ਵਿਚ ਹੋਣਗੀਆਂ। (1 ਕੁਰਿੰ. 15:49; ਕੁਲੁ. 1:5; 1 ਪਤ. 1:3, 4) ਸਵਰਗ ਵਿਚ ਅਮਰ ਜੀਵਨ ਪਾਉਣਾ ਉਨ੍ਹਾਂ ਲਈ ਨਵੀਂ ਗੱਲ ਸੀ ਤੇ ਇਹ ਉਮੀਦ ਯੂਨਾਨੀ ਸ਼ਾਸਤਰ ਦੀਆਂ ਚਿੱਠੀਆਂ ਵਿਚ ਮੁੱਖ ਗੱਲ ਬਣ ਗਈ। ਪਰ ਕੀ ਇਹ ਚਿੱਠੀਆਂ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੀ ਪੁਸ਼ਟੀ ਕਰਦੀਆਂ ਹਨ?

ਚਿੱਠੀਆਂ ਕੀ ਕਹਿੰਦੀਆਂ ਹਨ?

15, 16. ਇਬਰਾਨੀਆਂ ਨੂੰ ਲਿਖੀ ਚਿੱਠੀ ਅਤੇ ਪਤਰਸ ਦੇ ਸ਼ਬਦ ਕਿਵੇਂ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਵੱਲ ਇਸ਼ਾਰਾ ਕਰਦੇ ਹਨ?

15 ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ ਮਸੀਹੀਆਂ ਨੂੰ ‘ਪਵਿੱਤਰ ਭਰਾ, ਸੁਰਗੀ ਸੱਦੇ ਦੇ ਭਾਈਵਾਲ’ ਕਿਹਾ ਸੀ। ਪਰ ਉਸ ਨੇ ਇਹੀ ਵੀ ਕਿਹਾ ਕਿ ਪਰਮੇਸ਼ੁਰ ਨੇ “ਆਉਣ ਵਾਲੇ ਸੰਸਾਰ” ਨੂੰ ਯਿਸੂ ਦੇ ਅਧੀਨ ਕਰ ਦਿੱਤਾ। (ਇਬ. 2:3, 5; 3:1) ਯੂਨਾਨੀ ਮਸੀਹੀ ਸ਼ਾਸਤਰ ਵਿਚ ਜਿਸ ਮੂਲ ਸ਼ਬਦ ਦਾ ਅਨੁਵਾਦ “ਸੰਸਾਰ” ਕੀਤਾ ਗਿਆ ਹੈ, ਉਸ ਦਾ ਮਤਲਬ ਹਮੇਸ਼ਾ ਇਨਸਾਨਾਂ ਨਾਲ ਭਰੀ ਹੋਈ ਧਰਤੀ ਹੁੰਦਾ ਹੈ। ਇਸ ਲਈ ‘ਆਉਣ ਵਾਲਾ ਸੰਸਾਰ’ ਯਿਸੂ ਮਸੀਹ ਦੀ ਹਕੂਮਤ ਅਧੀਨ ਧਰਤੀ ’ਤੇ ਰਹਿਣ ਵਾਲੇ ਧਰਮੀ ਲੋਕ ਤੇ ਵਧੀਆ ਹਾਲਾਤ ਹਨ। ਉਦੋਂ ਯਿਸੂ ਪਰਮੇਸ਼ੁਰ ਦਾ ਇਹ ਵਾਅਦਾ ਪੂਰਾ ਕਰੇਗਾ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂ. 37:29.

16 ਪਤਰਸ ਰਸੂਲ ਨੇ ਵੀ ਮਨੁੱਖਜਾਤੀ ਦੇ ਭਵਿੱਖ ਬਾਰੇ ਲਿਖਿਆ ਸੀ। ਉਸ ਨੇ ਲਿਖਿਆ: “ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।” (2 ਪਤ. 3:7) ਅੱਜ ਆਕਾਸ਼ ਨੂੰ ਦਰਸਾਉਂਦੀਆਂ ਸਰਕਾਰਾਂ ਅਤੇ ਦੁਸ਼ਟ ਮਨੁੱਖਜਾਤੀ ਦੀ ਜਗ੍ਹਾ ਕੌਣ ਲਵੇਗਾ? (2 ਪਤਰਸ 3:13 ਪੜ੍ਹੋ।) ਸਰਕਾਰਾਂ ਦੀ ਜਗ੍ਹਾ ‘ਨਵਾਂ ਅਕਾਸ਼’ ਯਾਨੀ ਪਰਮੇਸ਼ੁਰ ਦਾ ਰਾਜ ਅਤੇ ਦੁਸ਼ਟ ਮਨੁੱਖਜਾਤੀ ਦੀ ਜਗ੍ਹਾ ‘ਨਵੀਂ ਧਰਤੀ’ ਯਾਨੀ ਸੱਚੇ ਭਗਤਾਂ ਦਾ ਬਣਿਆ ਧਰਮੀ ਸਮਾਜ ਹੋਵੇਗਾ।

17. ਪਰਕਾਸ਼ ਦੀ ਪੋਥੀ 21:1-4 ਵਿਚ ਮਨੁੱਖਜਾਤੀ ਦੀ ਉਮੀਦ ਦਾ ਵਰਣਨ ਕਿਵੇਂ ਕੀਤਾ ਗਿਆ ਹੈ?

17 ਬਾਈਬਲ ਦੀ ਆਖ਼ਰੀ ਕਿਤਾਬ ਵਿਚ ਉਸ ਦਰਸ਼ਣ ਬਾਰੇ ਪੜ੍ਹ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ ਜਿਸ ਵਿਚ ਦੱਸਿਆ ਹੈ ਕਿ ਮਨੁੱਖਜਾਤੀ ਨੂੰ ਮੁਕੰਮਲ ਬਣਾਇਆ ਜਾਵੇਗਾ। (ਪਰਕਾਸ਼ ਦੀ ਪੋਥੀ 21:1-4 ਪੜ੍ਹੋ।) ਨਿਹਚਾਵਾਨ ਇਨਸਾਨਾਂ ਦੀ ਇਹੀ ਉਮੀਦ ਰਹੀ ਹੈ ਜਦੋਂ ਤੋਂ ਅਦਨ ਦੇ ਬਾਗ਼ ਵਿਚ ਪਹਿਲੇ ਇਨਸਾਨ ਆਦਮ ਨੇ ਪਾਪ ਕੀਤਾ। ਧਰਮੀ ਲੋਕ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀਣਗੇ ਤੇ ਬੁੱਢੇ ਨਹੀਂ ਹੋਣਗੇ। ਇਹ ਉਮੀਦ ਇਬਰਾਨੀ ਅਤੇ ਯੂਨਾਨੀ ਸ਼ਾਸਤਰਾਂ ਉੱਤੇ ਪੱਕੀ ਤਰ੍ਹਾਂ ਆਧਾਰਿਤ ਹੈ ਅਤੇ ਅੱਜ ਵੀ ਯਹੋਵਾਹ ਦੇ ਵਫ਼ਾਦਾਰ ਭਗਤਾਂ ਦੀ ਨਿਹਚਾ ਪੱਕੀ ਕਰਦੀ ਹੈ।—ਪਰ. 22:1, 2.

ਕੀ ਤੁਸੀਂ ਸਮਝਾ ਸਕਦੇ ਹੋ?

• ‘ਨਵੀਂ ਸਰਿਸ਼ਟ’ ਕਹਿਣ ਤੋਂ ਯਿਸੂ ਦਾ ਕੀ ਮਤਲਬ ਸੀ?

• ਯਿਸੂ ਨੇ ਨਿਕੁਦੇਮੁਸ ਨਾਲ ਕਿਸ ਬਾਰੇ ਗੱਲ ਕੀਤੀ ਸੀ?

• ਯਿਸੂ ਨੇ ਆਪਣੇ ਨੇੜੇ ਟੰਗੇ ਬੁਰੇ ਆਦਮੀ ਨਾਲ ਕੀ ਵਾਅਦਾ ਕੀਤਾ ਸੀ?

• ਇਬਰਾਨੀਆਂ ਨੂੰ ਲਿਖੀ ਚਿੱਠੀ ਅਤੇ ਪਤਰਸ ਦੇ ਸ਼ਬਦ ਕਿਵੇਂ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਦੀ ਪੁਸ਼ਟੀ ਕਰਦੇ ਹਨ?

[ਸਵਾਲ]

[ਸਫ਼ਾ 8 ਉੱਤੇ ਤਸਵੀਰ]

ਭੇਡਾਂ ਵਰਗੇ ਲੋਕ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ

[ਸਫ਼ਾ 10 ਉੱਤੇ ਤਸਵੀਰਾਂ]

ਯਿਸੂ ਨੇ ਹੋਰਨਾਂ ਨੂੰ ਵੀ ਸਦਾ ਦੀ ਜ਼ਿੰਦਗੀ ਬਾਰੇ ਦੱਸਿਆ ਸੀ