Skip to content

Skip to table of contents

ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਉਮੀਦ ਜਿਸ ’ਤੇ ਮੁੜ ਚਾਨਣਾ ਪਾਇਆ ਗਿਆ

ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਉਮੀਦ ਜਿਸ ’ਤੇ ਮੁੜ ਚਾਨਣਾ ਪਾਇਆ ਗਿਆ

ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਉਮੀਦ ਜਿਸ ’ਤੇ ਮੁੜ ਚਾਨਣਾ ਪਾਇਆ ਗਿਆ

“ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਮੂੰਦ ਰੱਖ . . . ਓੜਕ ਦੇ ਸਮੇਂ ਤੀਕਰ ਮੋਹਰ ਲਾ ਰੱਖ। ਬਥੇਰੇ ਏੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।”—ਦਾਨੀ. 12:4.

1, 2. ਇਸ ਲੇਖ ਵਿਚ ਕਿਹੜੇ ਸਵਾਲਾਂ ’ਤੇ ਗੌਰ ਕੀਤਾ ਜਾਵੇਗਾ?

ਅੱਜ ਲੱਖਾਂ ਲੋਕਾਂ ਨੂੰ ਪਤਾ ਹੈ ਕਿ ਸੋਹਣੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਬਾਈਬਲ ’ਤੇ ਆਧਾਰਿਤ ਹੈ। (ਪਰ. 7:9, 17) ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਪਰਮੇਸ਼ੁਰ ਨੇ ਦੱਸਿਆ ਸੀ ਕਿ ਇਨਸਾਨਾਂ ਨੂੰ ਸਿਰਫ਼ ਥੋੜ੍ਹੇ ਜਿਹੇ ਸਾਲਾਂ ਵਾਸਤੇ ਜੀਣ ਲਈ ਨਹੀਂ ਬਣਾਇਆ ਗਿਆ ਸੀ, ਸਗੋਂ ਹਮੇਸ਼ਾ ਜੀਣ ਵਾਸਤੇ ਬਣਾਇਆ ਗਿਆ ਸੀ।—ਉਤ. 1:26-28.

2 ਇਸਰਾਏਲੀ ਉਮੀਦ ਰੱਖਦੇ ਸਨ ਕਿ ਪਰਮੇਸ਼ੁਰ ਇਨਸਾਨਾਂ ਨੂੰ ਉਹੀ ਮੁਕੰਮਲ ਜ਼ਿੰਦਗੀ ਦੇਵੇਗਾ ਜਿਹੜੀ ਆਦਮ ਨੇ ਗੁਆ ਦਿੱਤੀ ਸੀ। ਯੂਨਾਨੀ ਸ਼ਾਸਤਰ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਕਿਸ ਦੇ ਜ਼ਰੀਏ ਇਨਸਾਨਾਂ ਨੂੰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਪਰ ਇਨਸਾਨਾਂ ਦੀ ਇਸ ਉਮੀਦ ਦਾ ਕਿਉਂ ਮੁੜ ਪਤਾ ਲਾਉਣ ਦੀ ਲੋੜ ਸੀ? ਇਸ ਉਮੀਦ ’ਤੇ ਕਿਵੇਂ ਚਾਨਣਾ ਪਾਇਆ ਗਿਆ ਤੇ ਇਸ ਬਾਰੇ ਲੱਖਾਂ ਲੋਕਾਂ ਨੂੰ ਕਿਵੇਂ ਪਤਾ ਲੱਗਾ?

ਉਮੀਦ ਧੁੰਦਲਾ ਗਈ

3. ਇਹ ਹੈਰਾਨੀ ਦੀ ਗੱਲ ਕਿਉਂ ਨਹੀਂ ਕਿ ਇਨਸਾਨਾਂ ਦੀ ਧਰਤੀ ਉੱਤੇ ਸਦਾ ਲਈ ਜੀਣ ਦੀ ਉਮੀਦ ਨੂੰ ਧੁੰਦਲਾ ਦਿੱਤਾ ਗਿਆ?

3 ਯਿਸੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਝੂਠੇ ਨਬੀ ਉਸ ਦੀਆਂ ਸਿੱਖਿਆਵਾਂ ਨੂੰ ਤੋੜ-ਮਰੋੜ ਦੇਣਗੇ ਜਿਸ ਕਰਕੇ ਜ਼ਿਆਦਾਤਰ ਲੋਕ ਗੁਮਰਾਹ ਹੋ ਜਾਣਗੇ। (ਮੱਤੀ 24:11) ਪਤਰਸ ਰਸੂਲ ਨੇ ਮਸੀਹੀਆਂ ਨੂੰ ਖ਼ਬਰਦਾਰ ਕੀਤਾ: “ਤੁਹਾਡੇ ਵਿੱਚ ਭੀ ਝੂਠੇ ਗੁਰੂ ਹੋਣਗੇ।” (2 ਪਤ. 2:1) ਪੌਲੁਸ ਰਸੂਲ ਨੇ ਵੀ ਅਜਿਹੇ ਸਮੇਂ ਬਾਰੇ ਗੱਲ ਕੀਤੀ “ਜਦੋਂ [ਲੋਕ] ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ।” (2 ਤਿਮੋ. 4:3, 4) ਸ਼ਤਾਨ ਨੇ ਲੋਕਾਂ ਨੂੰ ਭਰਮਾਇਆ ਹੋਇਆ ਹੈ ਅਤੇ ਉਸ ਨੇ ਝੂਠੇ ਮਸੀਹੀਆਂ ਨੂੰ ਇਸਤੇਮਾਲ ਕਰ ਕੇ ਇਨਸਾਨਾਂ ਅਤੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਸੱਚਾਈ ਨੂੰ ਧੁੰਦਲਾ ਦਿੱਤਾ।—2 ਕੁਰਿੰਥੀਆਂ 4:3, 4 ਪੜ੍ਹੋ।

4. ਝੂਠੇ ਧਾਰਮਿਕ ਆਗੂਆਂ ਨੇ ਇਨਸਾਨਾਂ ਦੀ ਕਿਹੜੀ ਉਮੀਦ ਰੱਦ ਕਰ ਦਿੱਤੀ?

4 ਬਾਈਬਲ ਸਮਝਾਉਂਦੀ ਹੈ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਇਕ ਸਰਕਾਰ ਹੈ ਜੋ ਇਨਸਾਨਾਂ ਦੀਆਂ ਬਣਾਈਆਂ ਹੋਈਆਂ ਸਰਕਾਰਾਂ ਨੂੰ ਚੂਰ-ਚੂਰ ਕਰ ਕੇ ਸੱਤਿਆਨਾਸ ਕਰੇਗਾ। (ਦਾਨੀ. 2:44) ਮਸੀਹ ਦੇ ਹਜ਼ਾਰ ਸਾਲ ਦੌਰਾਨ ਸ਼ਤਾਨ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ, ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਇਨਸਾਨਾਂ ਨੂੰ ਧਰਤੀ ਉੱਤੇ ਮੁਕੰਮਲ ਬਣਾਇਆ ਜਾਵੇਗਾ। (ਪਰ. 20:1-3, 6, 12; 21:1-4) ਪਰ ਈਸਾਈ-ਜਗਤ ਦੇ ਝੂਠੇ ਧਾਰਮਿਕ ਆਗੂਆਂ ਨੇ ਹੋਰ ਵਿਚਾਰ ਅਪਣਾ ਲਏ। ਮਿਸਾਲ ਲਈ, ਐਲੇਕਜ਼ਾਨਡ੍ਰਿਆ ਸ਼ਹਿਰ ਦੇ ਤੀਜੀ ਸਦੀ ਦੇ ਚਰਚ ਫਾਦਰ ਔਰਿਜੇਨ ਨੇ ਉਨ੍ਹਾਂ ਲੋਕਾਂ ਦੀ ਨਿਖੇਧੀ ਕੀਤੀ ਜਿਹੜੇ ਮੰਨਦੇ ਸਨ ਕਿ ਹਜ਼ਾਰ ਸਾਲ ਦੌਰਾਨ ਇਨਸਾਨਾਂ ਨੂੰ ਧਰਤੀ ਉੱਤੇ ਬਰਕਤਾਂ ਮਿਲਣਗੀਆਂ। ਦ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਹਿੱਪੋ ਸ਼ਹਿਰ ਦਾ ਕੈਥੋਲਿਕ ਧਰਮ-ਸ਼ਾਸਤਰੀ ਆਗਸਤੀਨ (354-430 ਈ.) “ਮੰਨਦਾ ਸੀ ਕਿ ਕੋਈ ਹਜ਼ਾਰ ਸਾਲ ਦਾ ਰਾਜ ਨਹੀਂ ਹੋਵੇਗਾ।” *

5, 6. ਔਰਿਜੇਨ ਤੇ ਆਗਸਤੀਨ ਨੇ ਹਜ਼ਾਰ ਸਾਲ ਦੀ ਸਿੱਖਿਆ ਦੀ ਹਿਮਾਇਤ ਕਿਉਂ ਨਹੀਂ ਕੀਤੀ?

5 ਔਰਿਜੇਨ ਤੇ ਆਗਸਤੀਨ ਨੇ ਹਜ਼ਾਰ ਸਾਲ ਦੀ ਸਿੱਖਿਆ ਦੀ ਹਿਮਾਇਤ ਕਿਉਂ ਨਹੀਂ ਕੀਤੀ? ਔਰਿਜੇਨ, ਐਲੇਕਜ਼ਾਨਡ੍ਰਿਆ ਦੇ ਕਲੈਮੰਟ ਦਾ ਵਿਦਿਆਰਥੀ ਸੀ ਜਿਸ ਨੇ ਯੂਨਾਨੀਆਂ ਦੀ ਇਸ ਧਾਰਣਾ ਨੂੰ ਆਪਣਾ ਲਿਆ ਸੀ ਕਿ ਆਤਮਾ ਅਮਰ ਰਹਿੰਦੀ ਹੈ। ਧਰਮ-ਸ਼ਾਸਤਰੀ ਵਰਨਰ ਯੇਗਰ ਕਹਿੰਦਾ ਹੈ ਕਿ ਔਰਿਜੇਨ ਅਮਰ ਆਤਮਾ ਬਾਰੇ ਪਲੈਟੋ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ, ਇਸ ਲਈ ਉਸ ਨੇ “ਮਸੀਹੀ ਸਿੱਖਿਆ ਵਿਚ ਆਤਮਾ ਦੀ ਸਿੱਖਿਆ ਰਲਾ ਦਿੱਤੀ ਜੋ ਉਸ ਨੇ ਪਲੈਟੋ ਤੋਂ ਲਈ ਸੀ।” ਇਸ ਤਰ੍ਹਾਂ ਔਰਿਜੇਨ ਨੇ ਸਿਖਾਇਆ ਕਿ ਹਜ਼ਾਰ ਸਾਲ ਦੌਰਾਨ ਬਰਕਤਾਂ ਧਰਤੀ ’ਤੇ ਨਹੀਂ, ਸਗੋਂ ਸਵਰਗ ਵਿਚ ਮਿਲਣਗੀਆਂ।

6 ਤੇਤੀ ਸਾਲਾਂ ਦੀ ਉਮਰ ਵਿਚ ਈਸਾਈ ਧਰਮ ਨੂੰ ਅਪਣਾਉਣ ਤੋਂ ਪਹਿਲਾਂ, ਆਗਸਤੀਨ ਪਲੈਟੋ ਦੇ ਫ਼ਲਸਫ਼ੇ ਅਨੁਸਾਰ ਚੱਲਣ ਲੱਗ ਪਿਆ ਸੀ ਜਿਸ ਵਿਚ ਪਲੋਟਾਈਨਸ ਨੇ ਤੀਜੀ ਸਦੀ ਵਿਚ ਹੋਰ ਸਿੱਖਿਆਵਾਂ ਜੋੜ ਦਿੱਤੀਆਂ ਸਨ। ਈਸਾਈ ਬਣਨ ਤੋਂ ਬਾਅਦ ਵੀ ਆਗਸਤੀਨ ਪਲੈਟੋ ਦੀਆਂ ਸਿੱਖਿਆਵਾਂ ’ਤੇ ਚੱਲਦਾ ਰਿਹਾ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: ‘ਈਸਾਈ ਧਰਮ ਵਿਚ ਪਲੈਟੋ ਦੇ ਯੂਨਾਨੀ ਫ਼ਲਸਫ਼ੇ ਨੂੰ ਮਿਲਾਉਣ ਵਿਚ ਮੁੱਖ ਤੌਰ ਤੇ ਆਗਸਤੀਨ ਦਾ ਹੀ ਹੱਥ ਸੀ।’ ਦ ਕੈਥੋਲਿਕ ਐਨਸਾਈਕਲੋਪੀਡੀਆ ਦੇ ਮੁਤਾਬਕ ਆਗਸਤੀਨ ਨੇ ਕਿਹਾ ਕਿ ਪਰਕਾਸ਼ ਦੀ ਪੋਥੀ ਦੇ 20ਵੇਂ ਅਧਿਆਇ ਵਿਚ ਹਜ਼ਾਰ ਸਾਲ ਦਾ ਰਾਜ ਇਕ “ਮਿਥਿਹਾਸਕ ਕਹਾਣੀ ਹੈ।” ਇਸ ਵਿਚ ਅੱਗੇ ਲਿਖਿਆ ਹੈ: “ਇਹ ਵਿਚਾਰ . . . ਬਾਅਦ ਵਿਚ ਆਏ ਪੱਛਮੀ ਧਰਮ-ਸ਼ਾਸਤਰੀਆਂ ਨੇ ਅਪਣਾ ਲਿਆ ਅਤੇ ਧਰਤੀ ’ਤੇ ਹਜ਼ਾਰ ਸਾਲ ਦੇ ਰਾਜ ਨੂੰ ਮੰਨਣ ਵਾਲਿਆਂ ਦਾ ਕਿਸੇ ਨੇ ਸਮਰਥਨ ਨਹੀਂ ਕੀਤਾ।”

7. ਕਿਹੜੀ ਝੂਠੀ ਸਿੱਖਿਆ ਕਰਕੇ ਲੋਕਾਂ ਨੇ ਧਰਤੀ ’ਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਰੱਖਣੀ ਛੱਡ ਦਿੱਤੀ ਤੇ ਕਿਉਂ?

7 ਲੋਕਾਂ ਨੇ ਧਰਤੀ ’ਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਰੱਖਣੀ ਛੱਡ ਦਿੱਤੀ ਕਿਉਂਕਿ ਉਹ ਪ੍ਰਾਚੀਨ ਬਾਬਲ ਦੀ ਇਹ ਸਿੱਖਿਆ ਮੰਨਣ ਲੱਗ ਪਏ ਕਿ ਇਨਸਾਨਾਂ ਅੰਦਰ ਅਮਰ ਆਤਮਾ ਹੁੰਦੀ ਹੈ ਜੋ ਮਰਨ ’ਤੇ ਸਰੀਰ ਨੂੰ ਛੱਡ ਦਿੰਦੀ ਹੈ। ਇਹ ਸਿੱਖਿਆ ਦੁਨੀਆਂ ਭਰ ਵਿਚ ਫੈਲ ਗਈ। ਜਦੋਂ ਈਸਾਈ-ਜਗਤ ਨੇ ਇਹ ਸਿੱਖਿਆ ਅਪਣਾ ਲਈ, ਤਾਂ ਧਰਮ-ਸ਼ਾਸਤਰੀ ਸਵਰਗੀ ਜੀਵਨ ਬਾਰੇ ਬਾਈਬਲ ਦੀਆਂ ਆਇਤਾਂ ਨੂੰ ਤੋੜ-ਮਰੋੜ ਕੇ ਸਮਝਾਉਣ ਲੱਗ ਪਏ ਕਿ ਸਾਰੇ ਚੰਗੇ ਲੋਕ ਸਵਰਗ ਨੂੰ ਜਾਂਦੇ ਹਨ। ਇਸ ਸਿੱਖਿਆ ਦੇ ਮੁਤਾਬਕ ਇਨਸਾਨ ਥੋੜ੍ਹੇ ਚਿਰ ਲਈ ਧਰਤੀ ’ਤੇ ਆਉਂਦਾ ਹੈ ਜਿੱਥੇ ਉਸ ਦੀ ਪਰੀਖਿਆ ਲਈ ਜਾਂਦੀ ਹੈ ਕਿ ਉਹ ਸਵਰਗ ਜਾਣ ਦੇ ਲਾਇਕ ਹੈ ਜਾਂ ਨਹੀਂ। ਯਹੂਦੀਆਂ ਨਾਲ ਕੁਝ ਇਸੇ ਤਰ੍ਹਾਂ ਹੋਇਆ ਸੀ ਜੋ ਧਰਤੀ ’ਤੇ ਸਦਾ ਲਈ ਜੀਣ ਦੀ ਉਮੀਦ ਰੱਖਦੇ ਸਨ। ਯਹੂਦੀਆਂ ਨੇ ਹੌਲੀ-ਹੌਲੀ ਅਮਰ ਆਤਮਾ ਬਾਰੇ ਯੂਨਾਨੀਆਂ ਦੀ ਸਿੱਖਿਆ ਅਪਣਾ ਲਈ ਜਿਸ ਕਰਕੇ ਉਨ੍ਹਾਂ ਦੀ ਧਰਤੀ ’ਤੇ ਰਹਿਣ ਦੀ ਉਮੀਦ ਧੁੰਦਲਾ ਗਈ। ਇਨਸਾਨ ਬਾਰੇ ਇਹ ਸਿੱਖਿਆ ਬਾਈਬਲ ਦੀ ਸਿੱਖਿਆ ਨਾਲੋਂ ਕਿੰਨੀ ਵੱਖਰੀ ਹੈ! ਇਨਸਾਨ ਹੱਡ-ਮਾਸ ਦਾ ਬਣਿਆ ਹੋਇਆ ਹੈ, ਉਹ ਆਤਮਾ ਦੇ ਰੂਪ ਵਿਚ ਜੀਣ ਲਈ ਨਹੀਂ ਬਣਾਇਆ ਗਿਆ ਸੀ। ਯਹੋਵਾਹ ਨੇ ਪਹਿਲੇ ਆਦਮੀ ਨੂੰ ਕਿਹਾ: “ਤੂੰ ਮਿੱਟੀ ਹੈਂ।” (ਉਤ. 3:19) ਹਾਂ, ਧਰਤੀ ਨਾ ਕਿ ਸਵਰਗ ਇਨਸਾਨਾਂ ਦਾ ਸਦੀਵੀ ਘਰ ਹੈ!—ਜ਼ਬੂਰਾਂ ਦੀ ਪੋਥੀ 104:5; 115:16 ਪੜ੍ਹੋ।

ਹਨੇਰੇ ਵਿਚ ਸੱਚਾਈ ਦਾ ਚਾਨਣ

8. 16ਵੀਂ ਸਦੀ ਦੌਰਾਨ ਕੁਝ ਵਿਦਵਾਨਾਂ ਨੇ ਇਨਸਾਨਾਂ ਦੀ ਉਮੀਦ ਬਾਰੇ ਕੀ ਕਿਹਾ?

8 ਭਾਵੇਂ ਕਿ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਧਰਮ ਧਰਤੀ ’ਤੇ ਸਦੀ ਦੀ ਜ਼ਿੰਦਗੀ ਦੀ ਉਮੀਦ ਨੂੰ ਨਕਾਰਦੇ ਹਨ, ਪਰ ਸ਼ਤਾਨ ਸੱਚਾਈ ਨੂੰ ਜ਼ਿਆਦਾ ਦੇਰ ਲੁਕੋ ਨਹੀਂ ਸਕਿਆ। ਸਮੇਂ ਦੇ ਬੀਤਣ ਨਾਲ ਧਿਆਨ ਨਾਲ ਬਾਈਬਲ ਦਾ ਅਧਿਐਨ ਕਰਨ ਵਾਲੇ ਕੁਝ ਵਿਦਿਆਰਥੀ ਬਾਈਬਲ ਦੀਆਂ ਕੁਝ ਗੱਲਾਂ ਸਮਝ ਗਏ ਕਿ ਪਰਮੇਸ਼ੁਰ ਕਿਵੇਂ ਇਨਸਾਨਾਂ ਨੂੰ ਮੁੜ ਵਧੀਆ ਹਾਲਾਤਾਂ ਵਿਚ ਜ਼ਿੰਦਗੀ ਦੇਵੇਗਾ। ਇਸ ਤਰ੍ਹਾਂ ਉਨ੍ਹਾਂ ’ਤੇ ਸੱਚਾਈ ਦਾ ਚਾਨਣ ਚਮਕਿਆ। (ਜ਼ਬੂ. 97:11; ਮੱਤੀ 7:13, 14; 13:37-39) 16ਵੀਂ ਸਦੀ ਦੌਰਾਨ ਬਾਈਬਲ ਦਾ ਤਰਜਮਾ ਹੋਣ ਤੇ ਛਪਾਈ ਮਸ਼ੀਨਾਂ ਦੇ ਆਉਣ ਨਾਲ ਬਾਈਬਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਗਈ। 1651 ਵਿਚ ਇਕ ਵਿਦਵਾਨ ਨੇ ਲਿਖਿਆ ਕਿ ਆਦਮ ਦੇ ਕਾਰਨ ਇਨਸਾਨਾਂ ਨੇ “ਬਾਗ਼ ਵਰਗੀ ਧਰਤੀ ’ਤੇ ਵਧੀਆ ਹਾਲਾਤਾਂ ਦੇ ਨਾਲ-ਨਾਲ ਸਦਾ ਦੀ ਜ਼ਿੰਦਗੀ ਗੁਆ ਦਿੱਤੀ,” ਇਸ ਲਈ ਮਸੀਹ ਵਿਚ “ਧਰਤੀ ’ਤੇ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਦਿੱਤੀ ਜਾਵੇਗੀ; ਜੇ ਇੱਦਾਂ ਨਾ ਹੋਵੇ, ਤਾਂ ਆਦਮ ਤੇ ਮਸੀਹ ਦੀ ਤੁਲਨਾ ਕਰਨੀ ਢੁਕਵੀਂ ਨਾ ਹੁੰਦੀ।” (1 ਕੁਰਿੰਥੀਆਂ 15:21, 22 ਪੜ੍ਹੋ।) ਦੁਨੀਆਂ ਦੇ ਪ੍ਰਸਿੱਧ ਅੰਗ੍ਰੇਜ਼ੀ ਕਵੀ ਜੌਨ ਮਿਲਟਨ (1608-1674) ਨੇ ਅੰਗ੍ਰੇਜ਼ੀ ਵਿਚ ਫਿਰਦੌਸ ਉਜੜ ਗਿਆ ਨਾਮਕ ਕਵਿਤਾ ਅਤੇ ਇਸ ਕਵਿਤਾ ਦਾ ਦੂਜਾ ਹਿੱਸਾ ਧਰਤੀ ਮੁੜ ਬਣੀ ਫਿਰਦੌਸ ਲਿਖਿਆ। ਇਨ੍ਹਾਂ ਕਵਿਤਾਵਾਂ ਵਿਚ ਮਿਲਟਨ ਨੇ ਲਿਖਿਆ ਕਿ ਵਫ਼ਾਦਾਰ ਇਨਸਾਨਾਂ ਨੂੰ ਇਨਾਮ ਵਜੋਂ ਬਾਗ਼ ਵਰਗੀ ਧਰਤੀ ’ਤੇ ਜ਼ਿੰਦਗੀ ਦਿੱਤੀ ਜਾਵੇਗੀ। ਭਾਵੇਂ ਕਿ ਮਿਲਟਨ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਬਾਈਬਲ ਦਾ ਅਧਿਐਨ ਕਰਨ ਵਿਚ ਲਾਇਆ, ਪਰ ਉਸ ਨੇ ਦੇਖਿਆ ਕਿ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੀ ਪੂਰੀ ਸਮਝ ਉਦੋਂ ਹੀ ਆਵੇਗੀ ਜਦ ਮਸੀਹ ਦੁਬਾਰਾ ਆਵੇਗਾ।

9, 10. (ੳ) ਆਈਜ਼ਕ ਨਿਊਟਨ ਨੇ ਇਨਸਾਨਾਂ ਦੀ ਉਮੀਦ ਬਾਰੇ ਕੀ ਲਿਖਿਆ ਸੀ? (ਅ) ਨਿਊਟਨ ਕਿਉਂ ਸੋਚਦਾ ਸੀ ਕਿ ਮਸੀਹ ਦੇ ਆਉਣ ਦਾ ਸਮਾਂ ਅਜੇ ਦੂਰ ਭਵਿੱਖ ਵਿਚ ਸੀ?

9 ਮਸ਼ਹੂਰ ਗਣਿਤ-ਸ਼ਾਸਤਰੀ ਸਰ ਆਈਜ਼ਕ ਨਿਊਟਨ (1642-1727) ਵੀ ਬਾਈਬਲ ਵਿਚ ਬਹੁਤ ਗਹਿਰੀ ਰੁਚੀ ਰੱਖਦਾ ਸੀ। ਉਹ ਬਾਈਬਲ ਵਿੱਚੋਂ ਸਮਝ ਗਿਆ ਸੀ ਕਿ ਕੁਝ ‘ਪਵਿੱਤਰ ਸੰਤਾਂ’ ਨੂੰ ਸਵਰਗ ਵਿਚ ਜ਼ਿੰਦਗੀ ਦਿੱਤੀ ਜਾਵੇਗੀ ਜਿੱਥੇ ਉਹ ਮਸੀਹ ਨਾਲ ਰਾਜ ਕਰਨਗੇ। (ਪਰ. 5:9, 10) ਉਸ ਰਾਜ ਦੀ ਪਰਜਾ ਬਾਰੇ ਉਸ ਨੇ ਲਿਖਿਆ: “ਨਿਆਉਂ ਦੇ ਦਿਨ ਤੋਂ ਬਾਅਦ ਵੀ ਧਰਤੀ ਇਨਸਾਨਾਂ ਨਾਲ ਵਸੀ ਹੋਈ ਹੋਵੇਗੀ, ਸਿਰਫ਼ 1,000 ਸਾਲਾਂ ਲਈ ਹੀ ਨਹੀਂ ਸਗੋਂ ਹਮੇਸ਼ਾ ਲਈ।”

10 ਨਿਊਟਨ ਸੋਚਦਾ ਸੀ ਕਿ ਮਸੀਹ ਨੇ ਭਵਿੱਖ ਵਿਚ ਸਦੀਆਂ ਬਾਅਦ ਆਉਣਾ ਸੀ। ਇਤਿਹਾਸਕਾਰ ਸਟੀਵਨ ਸਨੋਬਲਨ ਨੇ ਕਿਹਾ: “ਨਿਊਟਨ ਇਸ ਲਈ ਸੋਚਦਾ ਸੀ ਕਿ ਪਰਮੇਸ਼ੁਰ ਦਾ ਰਾਜ ਅਜੇ ਕਾਫ਼ੀ ਦੇਰ ਬਾਅਦ ਭਵਿੱਖ ਵਿਚ ਆਉਣਾ ਸੀ, ਕਿਉਂਕਿ ਉਸ ਨੇ ਦੇਖਿਆ ਕਿ ਈਸਾਈ-ਜਗਤ ਵਿਚ ਤ੍ਰਿਏਕ ਦੀ ਸਿੱਖਿਆ ਨੇ ਜੜ੍ਹ ਫੜ ਲਈ ਸੀ ਜਿਸ ਕਰਕੇ ਉਹ ਬਹੁਤ ਦੁਖੀ ਸੀ।” ਉਸ ਵੇਲੇ ਖ਼ੁਸ਼ ਖ਼ਬਰੀ ਦਾ ਚਾਨਣ ਅਜੇ ਚਮਕਿਆ ਨਹੀਂ ਸੀ ਅਤੇ ਨਿਊਟਨ ਨੇ ਈਸਾਈ-ਜਗਤ ਵਿਚ ਅਜਿਹਾ ਕੋਈ ਗਰੁੱਪ ਨਹੀਂ ਦੇਖਿਆ ਜੋ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦਾ ਸੀ। ਉਸ ਨੇ ਲਿਖਿਆ: “ਦਾਨੀਏਲ ਤੇ ਯੂਹੰਨਾ [ਜਿਸ ਨੇ ਪਰਕਾਸ਼ ਦੀ ਪੋਥੀ ਲਿਖੀ] ਦੀਆਂ ਭਵਿੱਖਬਾਣੀਆਂ ਦੀ ਸਮਝ ਲੋਕਾਂ ਨੂੰ ਉਦੋਂ ਤਕ ਨਹੀਂ ਆਵੇਗੀ ਜਦ ਤਕ ਅੰਤ ਦਾ ਸਮਾਂ ਸ਼ੁਰੂ ਨਹੀਂ ਹੁੰਦਾ।” ਨਿਊਟਨ ਨੇ ਅੱਗੇ ਲਿਖਿਆ: “‘ਫਿਰ’ ਦਾਨੀਏਲ ਨੇ ਕਿਹਾ, ‘ਬਥੇਰੇ ਏਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।’ ਇੰਜੀਲ ਦਾ ਪ੍ਰਚਾਰ ਵੱਡੀ ਬਿਪਤਾ ਅਤੇ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਸਾਰੀਆਂ ਕੌਮਾਂ ਵਿਚ ਕੀਤਾ ਜਾਣਾ ਜ਼ਰੂਰੀ ਹੈ। ਇਸ ਵੱਡੀ ਬਿਪਤਾ ਵਿੱਚੋਂ ਬਚਣ ਵਾਲੀ ਲੋਕਾਂ ਦੀ ਵੱਡੀ ਭੀੜ ਸਾਰੀਆਂ ਕੌਮਾਂ ਵਿੱਚੋਂ ਹੋਵੇਗੀ ਜਿਸ ਦੇ ਹੱਥਾਂ ਵਿਚ ਖਜੂਰ ਦੀਆਂ ਟਹਿਣੀਆਂ ਹਨ। ਇਸ ਦੀ ਗਿਣਤੀ ਇੰਨੀ ਜ਼ਿਆਦਾ ਤਦ ਤਕ ਨਹੀਂ ਹੋ ਸਕਦੀ ਜਦ ਤਕ ਵੱਡੀ ਬਿਪਤਾ ਦੇ ਆਉਣ ਤੋਂ ਪਹਿਲਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ।”—ਦਾਨੀ. 12:4; ਮੱਤੀ 24:14; ਪਰ. 7:9, 10.

11. ਮਿਲਟਨ ਤੇ ਨਿਊਟਨ ਦੇ ਜ਼ਮਾਨੇ ਦੇ ਜ਼ਿਆਦਾਤਰ ਲੋਕਾਂ ਲਈ ਸਦਾ ਦੀ ਜ਼ਿੰਦਗੀ ਦੀ ਉਮੀਦ ਕਿਉਂ ਲੁਕੀ ਰਹੀ?

11 ਮਿਲਟਨ ਤੇ ਨਿਊਟਨ ਦੇ ਜ਼ਮਾਨੇ ਵਿਚ ਚਰਚ ਦੀਆਂ ਮੁੱਖ ਸਿੱਖਿਆਵਾਂ ਦੇ ਖ਼ਿਲਾਫ਼ ਕੁਝ ਉਲਟ ਸਿਖਾਉਣਾ ਖ਼ਤਰਨਾਕ ਸੀ। ਇਸ ਲਈ ਬਾਈਬਲ ਬਾਰੇ ਲਿਖੀਆਂ ਮਿਲਟਨ ਤੇ ਨਿਊਟਨ ਦੀਆਂ ਕਿਤਾਬਾਂ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਪ੍ਰਕਾਸ਼ਿਤ ਹੋਈਆਂ। 16ਵੀਂ ਸਦੀ ਵਿਚ ਚੱਲੀ ਸੁਧਾਰ ਲਹਿਰ (Reformation) ਅਮਰ ਆਤਮਾ ਦੀ ਸਿੱਖਿਆ ਸੰਬੰਧੀ ਲੋਕਾਂ ਦੇ ਵਿਚਾਰਾਂ ਨੂੰ ਸੁਧਾਰਨ ਵਿਚ ਅਸਫ਼ਲ ਰਹੀ। ਇਸ ਕਰਕੇ ਉਸ ਜ਼ਮਾਨੇ ਦੇ ਪ੍ਰੋਟੈਸਟੈਂਟ ਚਰਚ ਆਗਸਤੀਨ ਦੀ ਇਹ ਸਿੱਖਿਆ ਫੈਲਾਉਂਦੇ ਰਹੇ ਕਿ ਹਜ਼ਾਰ ਸਾਲਾਂ ਦਾ ਰਾਜ ਅਤੀਤ ਵਿਚ ਸ਼ੁਰੂ ਹੋ ਚੁੱਕਾ ਸੀ, ਨਾ ਕਿ ਭਵਿੱਖ ਵਿਚ ਸ਼ੁਰੂ ਹੋਵੇਗਾ। ਕੀ ਅੰਤ ਦੇ ਸਮੇਂ ਵਿਚ ਗਿਆਨ ਵਧਿਆ ਹੈ?

“ਵਿੱਦਿਆ ਵਧੇਗੀ”

12. ਸੱਚੇ ਗਿਆਨ ਦਾ ਵਾਧਾ ਕਦੋਂ ਹੋਣਾ ਸੀ?

12 ਦਾਨੀਏਲ ਨੇ ਭਵਿੱਖਬਾਣੀ ਕੀਤੀ ਕਿ “ਓੜਕ ਦੇ ਸਮੇਂ” ਵਿਚ ਇਕ ਵਾਧਾ ਹੋਵੇਗਾ। (ਦਾਨੀਏਲ 12:3, 4, 9, 10 ਪੜ੍ਹੋ।) ਯਿਸੂ ਨੇ ਕਿਹਾ: “ਤਦ ਧਰਮੀ ਲੋਕ ਸੂਰਜ ਵਾਂਙੁ ਚਮਕਣਗੇ।” (ਮੱਤੀ 13:43) ਤਾਂ ਫਿਰ ਅੰਤ ਦੇ ਸਮੇਂ ਵਿਚ ਸੱਚੇ ਗਿਆਨ ਦਾ ਵਾਧਾ ਕਿਵੇਂ ਹੋਇਆ? ਅੰਤ ਦਾ ਸਮਾਂ 1914 ਵਿਚ ਸ਼ੁਰੂ ਹੋਇਆ ਸੀ। ਆਓ ਦੇਖੀਏ ਕਿ 1870 ਤੋਂ ਲੈ ਕੇ 1914 ਤਕ ਦੇ ਸਾਲਾਂ ਦੌਰਾਨ ਕੀ-ਕੀ ਹੋਇਆ ਸੀ?

13. ਮੁਕੰਮਲ ਜ਼ਿੰਦਗੀ ਦੇ ਵਿਸ਼ੇ ਦੀ ਜਾਂਚ ਕਰਨ ਤੋਂ ਬਾਅਦ ਭਰਾ ਰਸਲ ਨੇ ਕੀ ਲਿਖਿਆ?

13 ਸੰਨ 1800 ਦੇ ਅੰਤ ਵਿਚ ਕੁਝ ਨੇਕਦਿਲ ਵਿਅਕਤੀ “ਖਰੀਆਂ ਗੱਲਾਂ ਦੇ ਨਮੂਨੇ” ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। (2 ਤਿਮੋ. 1:13) ਉਨ੍ਹਾਂ ਵਿੱਚੋਂ ਇਕ ਸੀ ਚਾਰਲਜ਼ ਟੇਜ਼ ਰਸਲ। 1870 ਵਿਚ ਬਾਈਬਲ ਦਾ ਅਧਿਐਨ ਕਰਨ ਵਾਸਤੇ ਭਰਾ ਰਸਲ ਤੇ ਕੁਝ ਹੋਰਨਾਂ ਨੇ ਮਿਲ ਕੇ ਇਕ ਗਰੁੱਪ ਬਣਾਇਆ। 1872 ਵਿਚ ਉਨ੍ਹਾਂ ਨੇ ਇਸ ਵਿਸ਼ੇ ਦੀ ਜਾਂਚ ਕੀਤੀ ਕਿ ਜੋ ਜ਼ਿੰਦਗੀ ਆਦਮ ਨੇ ਗੁਆਈ ਸੀ, ਉਹ ਇਨਸਾਨਾਂ ਨੂੰ ਦੁਬਾਰਾ ਮਿਲ ਸਕਦੀ ਹੈ ਜਾਂ ਨਹੀਂ। ਬਾਅਦ ਵਿਚ ਭਰਾ ਰਸਲ ਨੇ ਲਿਖਿਆ: “ਇਸ ਸਮੇਂ ਤਕ ਅਸੀਂ ਪਰਖੇ ਜਾ ਰਹੇ ਚਰਚ (ਕਲੀਸਿਯਾ) ਦੇ ਇਨਾਮ ਅਤੇ ਬਾਕੀ ਵਫ਼ਾਦਾਰ ਦੁਨੀਆਂ ਦੇ ਇਨਾਮ ਵਿਚ ਸਾਫ਼ ਫ਼ਰਕ ਨਹੀਂ ਦੇਖ ਸਕੇ।” ਵਫ਼ਾਦਾਰ ਇਨਸਾਨਾਂ ਨੂੰ “ਫਿਰ ਤੋਂ ਮੁਕੰਮਲ ਬਣਾਇਆ ਜਾਵੇਗਾ ਜਿਵੇਂ ਉਨ੍ਹਾਂ ਦਾ ਪੂਰਵਜ ਤੇ ਮੁਖੀਆ ਆਦਮ ਅਦਨ ਵਿਚ ਸੀ।” ਭਰਾ ਰਸਲ ਨੇ ਮੰਨਿਆ ਕਿ ਹੋਰਨਾਂ ਨੇ ਬਾਈਬਲ ਦਾ ਅਧਿਐਨ ਕਰਨ ਵਿਚ ਉਸ ਦੀ ਮਦਦ ਕੀਤੀ ਸੀ। ਇਹ ਲੋਕ ਕੌਣ ਸਨ?

14. (ੳ) ਹੈਨਰੀ ਡਨ ਨੇ ਰਸੂਲਾਂ ਦੇ ਕਰਤੱਬ 3:21 ਨੂੰ ਕਿਵੇਂ ਸਮਝਿਆ? (ਅ) ਡਨ ਦੇ ਮੁਤਾਬਕ ਕੌਣ ਧਰਤੀ ਉੱਤੇ ਹਮੇਸ਼ਾ ਲਈ ਰਹਿਣਗੇ?

14 ਹੈਨਰੀ ਡਨ ਉਨ੍ਹਾਂ ਵਿੱਚੋਂ ਇਕ ਸੀ। ਉਸ ਨੇ “ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ” ਬਾਰੇ ਲਿਖਿਆ ਸੀ “ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।” (ਰਸੂ. 3:21) ਡਨ ਨੂੰ ਪਤਾ ਸੀ ਕਿ ਇਸ ‘ਸੁਧਾਰ’ ਵਿਚ ਮਸੀਹ ਦੇ ਹਜ਼ਾਰ ਸਾਲ ਦੌਰਾਨ ਧਰਤੀ ’ਤੇ ਇਨਸਾਨਾਂ ਨੂੰ ਮੁਕੰਮਲ ਬਣਾਉਣਾ ਵੀ ਸ਼ਾਮਲ ਸੀ। ਡਨ ਨੇ ਇਸ ਸਵਾਲ ਦੀ ਵੀ ਜਾਂਚ ਕੀਤੀ: ਧਰਤੀ ਉੱਤੇ ਕੌਣ ਹਮੇਸ਼ਾ ਲਈ ਰਹਿਣਗੇ? ਇਸ ਸਵਾਲ ਨੇ ਕਾਫ਼ੀ ਲੋਕਾਂ ਨੂੰ ਉਲਝਣ ਵਿਚ ਪਾਇਆ ਹੋਇਆ ਸੀ। ਉਸ ਨੇ ਸਮਝਿਆ ਕਿ ਲੱਖਾਂ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕੀਤਾ ਜਾਵੇਗਾ, ਉਨ੍ਹਾਂ ਨੂੰ ਸੱਚਾਈ ਸਿਖਾਈ ਜਾਵੇਗੀ ਤੇ ਮਸੀਹ ਵਿਚ ਨਿਹਚਾ ਕਰਨ ਦਾ ਮੌਕਾ ਦਿੱਤਾ ਜਾਵੇਗਾ।

15. ਜੋਰਜ ਸਟੋਰਜ਼ ਨੂੰ ਮਰ ਚੁੱਕੇ ਲੋਕਾਂ ਦੇ ਦੁਬਾਰਾ ਜੀ ਉੱਠਣ ਬਾਰੇ ਕੀ ਪਤਾ ਲੱਗਾ?

15 1870 ਵਿਚ ਜੋਰਜ ਸਟੋਰਜ਼ ਵੀ ਇਸ ਸਿੱਟੇ ’ਤੇ ਪਹੁੰਚਿਆ ਕਿ ਕੁਧਰਮੀ ਲੋਕਾਂ ਨੂੰ ਜੀਉਂਦਾ ਕਰ ਕੇ ਸਦਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਉਸ ਨੂੰ ਬਾਈਬਲ ਤੋਂ ਇਹ ਵੀ ਪਤਾ ਲੱਗਾ ਕਿ ਜੇ ਜੀਉਂਦੇ ਕੀਤੇ ਗਏ ਵਿਅਕਤੀ ਨੇ ਇਸ ਮੌਕੇ ਨੂੰ ਗੁਆ ਲਿਆ, ਤਾਂ “ਉਹ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਭਾਵੇਂ ‘ਪਾਪੀ 100 ਸਾਲਾਂ ਦਾ ਹੀ ਕਿਉਂ ਨਾ ਹੋਵੇ।’” (ਯਸਾ. 65:20) ਸਟੋਰਜ਼ ਬਰੁਕਲਿਨ ਨਿਊਯਾਰਕ ਵਿਚ ਰਹਿੰਦਾ ਸੀ ਅਤੇ ਇਕ ਰਸਾਲੇ (Bible Examiner) ਦਾ ਸੰਪਾਦਕ ਸੀ।

16. ਕਿਹੜੀ ਗੱਲ ਨੇ ਬਾਈਬਲ ਵਿਦਿਆਰਥੀਆਂ ਨੂੰ ਈਸਾਈ-ਜਗਤ ਤੋਂ ਵੱਖਰਾ ਕੀਤਾ?

16 ਭਰਾ ਰਸਲ ਨੂੰ ਬਾਈਬਲ ਤੋਂ ਪਤਾ ਲੱਗਾ ਕਿ ਹਰ ਪਾਸੇ ਖ਼ੁਸ਼ ਖ਼ਬਰੀ ਸੁਣਾਉਣ ਦਾ ਸਮਾਂ ਆ ਗਿਆ ਸੀ। 1879 ਵਿਚ ਉਸ ਨੇ ਜ਼ਾਯੰਸ ਵਾਚ ਟਾਵਰ ਐਂਡ ਹੈਰਲਡ ਆਫ਼ ਕ੍ਰਾਈਸਟਜ਼ ਪ੍ਰੈਜ਼ੈਂਸ ਛਾਪਣਾ ਸ਼ੁਰੂ ਕੀਤਾ ਜਿਸ ਨੂੰ ਅੱਜ ਪੰਜਾਬੀ ਵਿਚ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ ਕਿਹਾ ਜਾਂਦਾ ਹੈ। ਰਸਾਲਾ ਛਪਣ ਤੋਂ ਪਹਿਲਾਂ ਇਨਸਾਨਾਂ ਦੀ ਉਮੀਦ ਬਾਰੇ ਬਹੁਤ ਥੋੜ੍ਹੇ ਲੋਕ ਸਮਝਦੇ ਸਨ, ਪਰ ਹੁਣ ਕਈ ਦੇਸ਼ਾਂ ਵਿਚ ਬਾਈਬਲ ਵਿਦਿਆਰਥੀਆਂ ਦੇ ਗਰੁੱਪਾਂ ਨੂੰ ਪਹਿਰਾਬੁਰਜ ਮਿਲਣ ਲੱਗਾ ਜਿਸ ਦਾ ਉਹ ਅਧਿਐਨ ਕਰਦੇ ਸਨ। ਇਹ ਵਿਦਿਆਰਥੀ ਮੰਨਦੇ ਸਨ ਕਿ ਸਿਰਫ਼ ਥੋੜ੍ਹੇ ਜਿਹੇ ਲੋਕ ਸਵਰਗ ਜਾਣਗੇ ਅਤੇ ਲੱਖਾਂ ਲੋਕਾਂ ਨੂੰ ਧਰਤੀ ਉੱਤੇ ਵਧੀਆ ਹਾਲਾਤਾਂ ਵਿਚ ਜ਼ਿੰਦਗੀ ਬਖ਼ਸ਼ੀ ਜਾਵੇਗੀ। ਇਸ ਗੱਲ ਨੇ ਬਾਈਬਲ ਵਿਦਿਆਰਥੀਆਂ ਨੂੰ ਈਸਾਈ-ਜਗਤ ਤੋਂ ਵੱਖਰਾ ਕੀਤਾ।

17. ਸੱਚਾ ਗਿਆਨ ਕਿਵੇਂ ਵਧਿਆ?

17 ‘ਓੜਕ ਦਾ ਸਮਾਂ’ 1914 ਵਿਚ ਸ਼ੁਰੂ ਹੋਇਆ ਸੀ। ਕੀ ਇਨਸਾਨਾਂ ਦੀ ਉਮੀਦ ਬਾਰੇ ਸੱਚਾ ਗਿਆਨ ਵਧਿਆ? (ਦਾਨੀ. 12:4) 1913 ਤਕ ਭਰਾ ਰਸਲ ਦੇ ਉਪਦੇਸ਼ 2,000 ਅਖ਼ਬਾਰਾਂ ਵਿਚ ਛਪ ਚੁੱਕੇ ਸਨ ਜਿਨ੍ਹਾਂ ਨੂੰ 1,50,00,000 ਲੋਕਾਂ ਨੇ ਪੜ੍ਹਿਆ। 1914 ਦੇ ਅੰਤ ਤਕ ਤਿੰਨ ਮਹਾਂਦੀਪਾਂ ਦੇ 90 ਲੱਖ ਤੋਂ ਜ਼ਿਆਦਾ ਲੋਕਾਂ ਨੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦੇਖ ਲਿਆ ਸੀ ਜਿਸ ਵਿਚ ਚੱਲਦੀਆਂ-ਫਿਰਦੀਆਂ ਤਸਵੀਰਾਂ ਤੇ ਸਲਾਈਡਾਂ ਸਨ ਅਤੇ ਇਨ੍ਹਾਂ ਦੀ ਮਦਦ ਨਾਲ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਬਾਰੇ ਸਮਝਾਇਆ ਗਿਆ ਸੀ। 1918 ਤੋਂ 1925 ਤਕ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ 30 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਇਕ ਭਾਸ਼ਣ ਦਿੰਦੇ ਰਹੇ ਜਿਸ ਦਾ ਵਿਸ਼ਾ ਸੀ “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਇਸ ਵਿਚ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਬਾਰੇ ਸਮਝਾਇਆ ਗਿਆ ਸੀ। 1934 ਤਕ ਯਹੋਵਾਹ ਦੇ ਗਵਾਹਾਂ ਨੂੰ ਪਤਾ ਲੱਗ ਗਿਆ ਸੀ ਕਿ ਧਰਤੀ ’ਤੇ ਸਦਾ ਵਾਸਤੇ ਜੀਣ ਦੀ ਉਮੀਦ ਰੱਖਣ ਵਾਲਿਆਂ ਨੂੰ ਬਪਤਿਸਮਾ ਲੈਣ ਦੀ ਲੋੜ ਸੀ। ਇਸ ਨਵੀਂ ਸਮਝ ਨੇ ਉਨ੍ਹਾਂ ਵਿਚ ਨਵੇਂ ਸਿਰਿਓਂ ਜੋਸ਼ ਭਰ ਦਿੱਤਾ ਤੇ ਉਹ ਵਧ-ਚੜ੍ਹ ਕੇ ਪ੍ਰਚਾਰ ਕਰਨ ਲੱਗ ਪਏ। ਅੱਜ ਧਰਤੀ ’ਤੇ ਸਦਾ ਲਈ ਜੀਣ ਦੀ ਉਮੀਦ ਕਰਕੇ ਲੱਖਾਂ ਲੋਕਾਂ ਦੇ ਦਿਲ ਯਹੋਵਾਹ ਲਈ ਸ਼ੁਕਰਗੁਜ਼ਾਰੀ ਨਾਲ ਭਰ ਗਏ ਹਨ।

“ਵਡਿਆਈ ਦੀ ਅਜ਼ਾਦੀ” ਮਿਲਣ ਹੀ ਵਾਲੀ ਹੈ!

18, 19. ਯਸਾਯਾਹ 65:21-25 ਵਿਚ ਕਿਸ ਤਰ੍ਹਾਂ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ?

18 ਯਸਾਯਾਹ ਨਬੀ ਨੇ ਉਸ ਜ਼ਿੰਦਗੀ ਬਾਰੇ ਲਿਖਿਆ ਜਿਸ ਦਾ ਪਰਮੇਸ਼ੁਰ ਦੇ ਲੋਕ ਧਰਤੀ ਉੱਤੇ ਆਨੰਦ ਮਾਣਨਗੇ। (ਯਸਾਯਾਹ 65:21-25 ਪੜ੍ਹੋ।) ਕੁਝ ਦਰਖ਼ਤ ਅੱਜ ਵੀ ਜੀਉਂਦੇ ਹਨ ਜੋ 2,700 ਸਾਲ ਪਹਿਲਾਂ ਯਸਾਯਾਹ ਦੇ ਇਹ ਸ਼ਬਦ ਲਿਖਣ ਵੇਲੇ ਜੀਉਂਦੇ ਸਨ। ਕੀ ਤੁਸੀਂ ਚੰਗੀ ਸਿਹਤ ਦੇ ਨਾਲ-ਨਾਲ ਇੰਨੀ ਲੰਬੀ ਉਮਰ ਜੀਣ ਦੀ ਕਲਪਨਾ ਕਰ ਸਕਦੇ ਹੋ?

19 ਜਨਮ ਤੋਂ ਲੈ ਕੇ ਮੌਤ ਤਕ ਇਨਸਾਨ ਜ਼ਿੰਦਗੀ ਦਾ ਛੋਟਾ ਜਿਹਾ ਸਫ਼ਰ ਕਰਦਾ ਹੈ। ਪਰ ਨਵੀਂ ਦੁਨੀਆਂ ਵਿਚ ਲੋਕਾਂ ਕੋਲ ਘਰ ਬਣਾਉਣ, ਪੇੜ-ਪੌਦੇ ਲਾਉਣ ਤੇ ਬਹੁਤ ਕੁਝ ਸਿੱਖਣ ਲਈ ਸਮਾਂ ਹੋਵੇਗਾ। ਜ਼ਰਾ ਸੋਚੋ ਕਿ ਤੁਸੀਂ ਕਿਨ੍ਹਾਂ-ਕਿਨ੍ਹਾਂ ਲੋਕਾਂ ਨਾਲ ਦੋਸਤੀ ਕਰੋਗੇ! ਇਹ ਪਿਆਰ-ਭਰੇ ਰਿਸ਼ਤੇ ਹਮੇਸ਼ਾ ਲਈ ਮਜ਼ਬੂਤ ਹੁੰਦੇ ਜਾਣਗੇ। ਉਸ ਵੇਲੇ ‘ਪਰਮੇਸ਼ੁਰ ਦੇ ਬਾਲਕ ਵਡਿਆਈ ਦੀ ਅਜ਼ਾਦੀ’ ਦਾ ਭਰਪੂਰ ਆਨੰਦ ਮਾਣਨਗੇ!—ਰੋਮੀ. 8:21.

[ਫੁਟਨੋਟ]

^ ਪੈਰਾ 4 ਆਗਸਤੀਨ ਨੇ ਦਾਅਵਾ ਕੀਤਾ ਕਿ ਪਰਮੇਸ਼ੁਰ ਦੇ ਰਾਜ ਦੇ ਹਜ਼ਾਰ ਸਾਲ ਦਾ ਸ਼ਾਸਨ ਭਵਿੱਖ ਵਿਚ ਨਹੀਂ ਹੋਵੇਗਾ, ਬਲਕਿ ਚਰਚ ਦੇ ਬਣਨ ਨਾਲ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ।

ਕੀ ਤੁਸੀਂ ਸਮਝਾ ਸਕਦੇ ਹੋ?

• ਧਰਤੀ ਉੱਤੇ ਜੀਣ ਦੀ ਇਨਸਾਨਾਂ ਦੀ ਉਮੀਦ ਕਿਵੇਂ ਧੁੰਦਲਾ ਗਈ?

• 16ਵੀਂ ਸਦੀ ਦੌਰਾਨ ਕੁਝ ਬਾਈਬਲ ਵਿਦਿਆਰਥੀਆਂ ਨੂੰ ਕਿਹੜੀ ਸਮਝ ਪ੍ਰਾਪਤ ਹੋਈ?

• 1914 ਆਉਣ ਤੇ ਇਨਸਾਨਾਂ ਦੀ ਸੱਚੀ ਉਮੀਦ ਬਾਰੇ ਹੋਰ ਸਮਝ ਕਿਵੇਂ ਵਧੀ?

• ਧਰਤੀ ਉੱਤੇ ਜੀਣ ਦੀ ਉਮੀਦ ਬਾਰੇ ਗਿਆਨ ਕਿਵੇਂ ਵਧਿਆ ਹੈ?

[ਸਵਾਲ]

[ਸਫ਼ਾ 13 ਉੱਤੇ ਤਸਵੀਰਾਂ]

ਕਵੀ ਜੌਨ ਮਿਲਟਨ (ਖੱਬੇ) ਅਤੇ ਗਣਿਤ-ਸ਼ਾਸਤਰੀ ਸਰ ਆਈਜ਼ਕ ਨਿਊਟਨ (ਸੱਜੇ) ਧਰਤੀ ’ਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਬਾਰੇ ਜਾਣਦੇ ਸਨ

[ਸਫ਼ਾ 15 ਉੱਤੇ ਤਸਵੀਰਾਂ]

ਬਾਈਬਲ ਸਟੂਡੈਂਟਸ ਨੂੰ ਬਾਈਬਲ ਤੋਂ ਪਤਾ ਲੱਗਾ ਕਿ ਦੁਨੀਆਂ ਭਰ ਵਿਚ ਲੋਕਾਂ ਨੂੰ ਸੱਚੀ ਉਮੀਦ ਬਾਰੇ ਦੱਸਣ ਦਾ ਸਮਾਂ ਆ ਗਿਆ ਸੀ