Skip to content

Skip to table of contents

ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ

ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ

ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ

“ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।”—ਯਹੂ. 21.

1, 2. ਯਹੋਵਾਹ ਨੇ ਆਪਣਾ ਪਿਆਰ ਸਾਡੇ ਵਾਸਤੇ ਕਿਵੇਂ ਜ਼ਾਹਰ ਕੀਤਾ ਅਤੇ ਅਸੀਂ ਕਿਵੇਂ ਜਾਣਦੇ ਹਾਂ ਕਿ ਉਹ ਸਾਨੂੰ ਹਰ ਹਾਲ ਵਿਚ ਪਿਆਰ ਨਹੀਂ ਕਰੇਗਾ?

ਯਹੋਵਾਹ ਪਰਮੇਸ਼ੁਰ ਨੇ ਕਈ ਤਰੀਕਿਆਂ ਨਾਲ ਸਾਡੇ ਵਾਸਤੇ ਪਿਆਰ ਜ਼ਾਹਰ ਕੀਤਾ ਹੈ। ਬਿਨਾਂ ਸ਼ੱਕ, ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਉਸ ਨੇ ਸਾਡੇ ਵਾਸਤੇ ਕੁਰਬਾਨੀ ਦਾ ਇੰਤਜ਼ਾਮ ਕੀਤਾ। ਉਹ ਇਨਸਾਨਾਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ਉੱਤੇ ਆਪਣੀ ਜਾਨ ਦੇਣ ਲਈ ਭੇਜਿਆ। (ਯੂਹੰ. 3:16) ਯਹੋਵਾਹ ਨੇ ਇੱਦਾਂ ਇਸ ਲਈ ਕੀਤਾ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਵਾਸਤੇ ਜੀਉਂਦੇ ਰਹੀਏ। ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਪਿਆਰ ਤੋਂ ਹਮੇਸ਼ਾ ਲਈ ਲਾਭ ਉਠਾਈਏ!

2 ਪਰ ਕੀ ਇਸ ਤੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਹਰ ਹਾਲ ਵਿਚ ਪਿਆਰ ਕਰਦਾ ਰਹੇਗਾ ਭਾਵੇਂ ਅਸੀਂ ਜੋ ਮਰਜ਼ੀ ਕਰੀਏ? ਨਹੀਂ। ਯਹੂਦਾਹ 21 ਵਿਚ ਸਾਨੂੰ ਇਹ ਤਾਕੀਦ ਕੀਤੀ ਗਈ ਹੈ: “ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।” ਧਿਆਨ ਦਿਓ ਕਿ ਇੱਥੇ ਕਿਹਾ ਗਿਆ ਹੈ ਕਿ “ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ।” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। ਤਾਂ ਫਿਰ, ਸਾਨੂੰ ਕੀ ਕਰਨ ਦੀ ਲੋੜ ਹੈ?

ਅਸੀਂ ਕਿਵੇਂ ਪਰਮੇਸ਼ੁਰ ਨੂੰ ਪਿਆਰ ਕਰਦੇ ਰਹਿ ਸਕਦੇ ਹਾਂ?

3. ਆਪਣੇ ਪਿਤਾ ਨੂੰ ਪਿਆਰ ਕਰਦੇ ਰਹਿਣ ਲਈ ਯਿਸੂ ਵਾਸਤੇ ਕੀ ਕਰਨਾ ਜ਼ਰੂਰੀ ਸੀ?

3 ਇਸ ਸਵਾਲ ਦਾ ਜਵਾਬ ਸਾਨੂੰ ਯਿਸੂ ਦੇ ਸ਼ਬਦਾਂ ਤੋਂ ਮਿਲਦਾ ਹੈ ਜੋ ਉਸ ਨੇ ਧਰਤੀ ਉੱਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਕਹੇ ਸਨ। ਉਸ ਨੇ ਕਿਹਾ ਸੀ: “ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ।” (ਯੂਹੰ. 15:10) ਇਸ ਤੋਂ ਸਾਫ਼ ਹੈ ਕਿ ਯਿਸੂ ਜਾਣਦਾ ਸੀ ਕਿ ਆਪਣੇ ਪਿਤਾ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਲਈ ਉਸ ਦੇ ਹੁਕਮਾਂ ਨੂੰ ਮੰਨਣਾ ਜ਼ਰੂਰੀ ਸੀ। ਜੇ ਪਰਮੇਸ਼ੁਰ ਦੇ ਮੁਕੰਮਲ ਪੁੱਤਰ ਨੂੰ ਇਸ ਤਰ੍ਹਾਂ ਕਰਨ ਦੀ ਲੋੜ ਸੀ, ਤਾਂ ਕੀ ਸਾਨੂੰ ਵੀ ਯਹੋਵਾਹ ਦੇ ਹੁਕਮਾਂ ਨੂੰ ਨਹੀਂ ਮੰਨਣਾ ਚਾਹੀਦਾ?

4, 5. (ੳ) ਮੁੱਖ ਤੌਰ ਤੇ ਅਸੀਂ ਕਿਹੜੇ ਤਰੀਕੇ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ? (ਅ) ਯਹੋਵਾਹ ਦੇ ਹੁਕਮਾਂ ਨੂੰ ਠੁਕਰਾਉਣ ਦਾ ਸਾਡੇ ਕੋਲ ਕੋਈ ਕਾਰਨ ਕਿਉਂ ਨਹੀਂ ਹੈ?

4 ਮੁੱਖ ਤੌਰ ਤੇ ਅਸੀਂ ਯਹੋਵਾਹ ਦੀ ਆਗਿਆ ਮੰਨ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਯੂਹੰਨਾ ਰਸੂਲ ਇਹ ਗੱਲ ਇਸ ਤਰ੍ਹਾਂ ਦੱਸਦਾ ਹੈ: “ਕਿਉਂ ਜੋ ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰ. 5:3) ਇਹ ਸੱਚ ਹੈ ਕਿ ਦੁਨੀਆਂ ਵਿਚ ਲੋਕ ਆਮ ਤੌਰ ਤੇ ਦੂਜਿਆਂ ਦੇ ਹੁਕਮਾਂ ’ਤੇ ਚੱਲਣਾ ਨਹੀਂ ਚਾਹੁੰਦੇ। ਪਰ ਇਨ੍ਹਾਂ ਸ਼ਬਦਾਂ ’ਤੇ ਗੌਰ ਕਰੋ: “ਉਹ ਦੇ ਹੁਕਮ ਔਖੇ ਨਹੀਂ ਹਨ।” ਯਹੋਵਾਹ ਸਾਨੂੰ ਉਹ ਕੁਝ ਕਰਨ ਲਈ ਨਹੀਂ ਕਹਿੰਦਾ ਜੋ ਸਾਡੇ ਲਈ ਕਰਨਾ ਬਹੁਤ ਔਖਾ ਹੈ।

5 ਇਸ ਮਿਸਾਲ ’ਤੇ ਗੌਰ ਕਰੋ: ਕੀ ਤੁਸੀਂ ਆਪਣੇ ਦੋਸਤ ਨੂੰ ਕੋਈ ਭਾਰਾ ਸਾਮਾਨ ਚੁੱਕਣ ਲਈ ਕਹੋਗੇ ਜਦਕਿ ਤੁਹਾਨੂੰ ਪਤਾ ਹੈ ਕਿ ਉਸ ਕੋਲੋਂ ਨਹੀਂ ਚੁੱਕਿਆ ਜਾਣਾ? ਬਿਲਕੁਲ ਨਹੀਂ! ਯਹੋਵਾਹ ਸਾਡੇ ਤੋਂ ਕਿਤੇ ਹੀ ਜ਼ਿਆਦਾ ਦਿਆਲੂ ਹੈ ਅਤੇ ਸਾਡੀਆਂ ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਨੂੰ “ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂ. 103:14) ਯਹੋਵਾਹ ਸਾਨੂੰ ਉਹ ਕੰਮ ਕਰਨ ਲਈ ਕਦੇ ਨਹੀਂ ਕਹੇਗਾ ਜੋ ਅਸੀਂ ਨਹੀਂ ਕਰ ਸਕਦੇ। ਇਸ ਲਈ ਯਹੋਵਾਹ ਦੇ ਹੁਕਮਾਂ ਨੂੰ ਠੁਕਰਾਉਣ ਦਾ ਸਾਡੇ ਕੋਲ ਕੋਈ ਕਾਰਨ ਨਹੀਂ ਹੈ। ਇਸ ਦੇ ਉਲਟ ਅਸੀਂ ਖ਼ੁਸ਼ ਹੋ ਕੇ ਆਪਣੇ ਸਵਰਗੀ ਪਿਤਾ ਦੇ ਆਗਿਆਕਾਰ ਰਹਿੰਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਤੇ ਉਸ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ।

ਯਹੋਵਾਹ ਵੱਲੋਂ ਇਕ ਖ਼ਾਸ ਦਾਤ

6, 7. (ੳ) ਅੰਤਹਕਰਣ ਕੀ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਵਿਚ ਅੰਤਹਕਰਣ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

6 ਮੁਸ਼ਕਲਾਂ ਭਰੀ ਇਸ ਦੁਨੀਆਂ ਵਿਚ ਸਾਨੂੰ ਕਈ ਫ਼ੈਸਲੇ ਕਰਨੇ ਪੈਂਦੇ ਹਨ। ਇਹ ਫ਼ੈਸਲੇ ਕਰਦਿਆਂ ਸਾਨੂੰ ਦੇਖਣਾ ਪੈਂਦਾ ਹੈ ਕਿ ਅਸੀਂ ਯਹੋਵਾਹ ਪ੍ਰਤਿ ਆਗਿਆਕਾਰ ਰਹਾਂਗੇ ਜਾਂ ਨਹੀਂ। ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਇਹ ਫ਼ੈਸਲੇ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਹਨ? ਯਹੋਵਾਹ ਨੇ ਸਾਨੂੰ ਇਕ ਦਾਤ ਦਿੱਤੀ ਹੈ ਜੋ ਉਸ ਦੇ ਹੁਕਮ ਮੰਨਣ ਵਿਚ ਸਾਡੀ ਬਹੁਤ ਮਦਦ ਕਰ ਸਕਦੀ ਹੈ। ਇਹ ਹੈ ਸਾਡਾ ਅੰਤਹਕਰਣ। ਅੰਤਹਕਰਣ ਕੀ ਹੈ? ਇਹ ਸਾਡੀ ਅੰਦਰਲੀ ਆਵਾਜ਼ ਜਾਂ ਜ਼ਮੀਰ ਹੈ ਜਿਸ ਦੀ ਮਦਦ ਨਾਲ ਅਸੀਂ ਆਪਣੀ ਪਰਖ ਕਰ ਸਕਦੇ ਹਾਂ। ਅੰਤਹਕਰਣ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰਦਾ ਹੈ ਤੇ ਦੱਸਦਾ ਹੈ ਕਿ ਜਿਹੜੇ ਫ਼ੈਸਲੇ ਅਸੀਂ ਕਰ ਚੁੱਕੇ ਹਾਂ, ਉਹ ਚੰਗੇ ਸੀ ਜਾਂ ਮਾੜੇ।—ਰੋਮੀਆਂ 2:14, 15 ਪੜ੍ਹੋ।

7 ਅਸੀਂ ਅੰਤਹਕਰਣ ਦੀ ਚੰਗੀ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਹਾਂ? ਇਕ ਮਿਸਾਲ ’ਤੇ ਗੌਰ ਕਰੋ। ਮੰਨ ਲਓ ਕਿ ਤੁਸੀਂ ਕਿਸੇ ਅਣਜਾਣ ਜਗ੍ਹਾ ਜਾ ਰਹੇ ਹੋ ਤੇ ਤੁਹਾਨੂੰ ਰਾਹ ਨਹੀਂ ਪਤਾ। ਉਸ ਜਗ੍ਹਾ ਜਾਣ ਲਈ ਨਾ ਕੋਈ ਪਗਡੰਡੀ, ਨਾ ਸੜਕ ਤੇ ਨਾ ਕੋਈ ਸਾਈਨ-ਬੋਰਡ ਹੈ। ਪਰ ਫਿਰ ਵੀ ਤੁਸੀਂ ਆਪਣੀ ਮੰਜ਼ਲ ਤੇ ਪਹੁੰਚ ਜਾਂਦੇ ਹੋ। ਕਿਵੇਂ? ਤੁਸੀਂ ਆਪਣੇ ਨਾਲ ਕਿਸੇ ਨੂੰ ਲੈ ਜਾਂਦੇ ਹੋ ਜਿਸ ਨੂੰ ਰਾਹ ਪਤਾ ਹੈ ਅਤੇ ਉਸ ਦੀ ਮਦਦ ਨਾਲ ਤੁਸੀਂ ਆਪਣੀ ਮੰਜ਼ਲ ਤੇ ਸਹੀ-ਸਲਾਮਤ ਪਹੁੰਚ ਜਾਂਦੇ ਹੋ। ਇਸੇ ਤਰ੍ਹਾਂ ਅੰਤਹਕਰਣ ਸਾਨੂੰ ਜ਼ਿੰਦਗੀ ਵਿਚ ਰਾਹ ਦਿਖਾਉਂਦਾ ਹੈ। ਇਸ ਤੋਂ ਬਿਨਾਂ ਅਸੀਂ ਨਾ ਤਾਂ ਸਹੀ-ਗ਼ਲਤ ਦੀ ਪਛਾਣ ਕਰ ਸਕਾਂਗੇ ਅਤੇ ਨਾ ਹੀ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰ ਪਾਵਾਂਗੇ।

8, 9. (ੳ) ਸਾਡਾ ਅੰਤਹਕਰਣ ਸਾਨੂੰ ਗ਼ਲਤ ਰਾਹ ਕਿਵੇਂ ਪਾ ਸਕਦਾ ਹੈ? (ਅ) ਅਸੀਂ ਇਹ ਪੱਕਾ ਕਰਨ ਲਈ ਕੀ ਕਰ ਸਕਦੇ ਹਾਂ ਕਿ ਸਾਡੀ ਜ਼ਮੀਰ ਫ਼ਾਇਦੇਮੰਦ ਹੈ?

8 ਜਿਵੇਂ ਸਾਡੇ ਨਾਲ ਗਿਆ ਬੰਦਾ ਰਾਹ ਭੁੱਲ ਸਕਦਾ ਹੈ ਤੇ ਸਾਨੂੰ ਗ਼ਲਤ ਪਾਸੇ ਲਿਜਾ ਸਕਦਾ ਹੈ, ਉਸੇ ਤਰ੍ਹਾਂ ਅੰਤਹਕਰਣ ਸਾਨੂੰ ਗ਼ਲਤ ਰਾਹ ਪਾ ਸਕਦਾ ਹੈ। ਜੇ ਅਸੀਂ ਆਪਣੇ ਦਿਲ ਦੀਆਂ ਮਾੜੀਆਂ ਇੱਛਾਵਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ, ਤਾਂ ਕੀ ਹੋ ਸਕਦਾ ਹੈ? ਇਹ ਮਾੜੀਆਂ ਇੱਛਾਵਾਂ ਸਾਡੇ ਅੰਤਹਕਰਣ ’ਤੇ ਮਾੜਾ ਅਸਰ ਪਾ ਸਕਦੀਆਂ ਹਨ। ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰ. 17:9; ਕਹਾ. 4:23) ਇਸ ਤੋਂ ਇਲਾਵਾ, ਜੇ ਅਸੀਂ ਨਾਲ ਗਏ ਬੰਦੇ ਦੀ ਨਾ ਸੁਣੀਏ ਤੇ ਜੋ ਰਾਹ ਸਾਨੂੰ ਸਹੀ ਲੱਗਦਾ ਹੈ, ਉਸੇ ’ਤੇ ਤੁਰਦੇ ਜਾਈਏ, ਤਾਂ ਵੀ ਅਸੀਂ ਭਟਕ ਸਕਦੇ ਹਾਂ। ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦਿੱਤੀ ਸੇਧ ’ਤੇ ਭਰੋਸਾ ਨਹੀਂ ਕਰਦੇ, ਤਾਂ ਸਾਡੀ ਜ਼ਮੀਰ ਹੋਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। (ਜ਼ਬੂ. 119:105) ਦੁੱਖ ਦੀ ਗੱਲ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਲੋਕ ਆਪਣੇ ਦਿਲ ਦੀ ਜ਼ਿਆਦਾ ਸੁਣਦੇ ਹਨ ਤੇ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਅਸੂਲਾਂ ਵੱਲ ਕੋਈ ਧਿਆਨ ਨਹੀਂ ਦਿੰਦੇ। (ਅਫ਼ਸੀਆਂ 4:17-19 ਪੜ੍ਹੋ।) ਇਸੇ ਕਰਕੇ ਅੰਤਹਕਰਣ ਹੋਣ ਦੇ ਬਾਵਜੂਦ ਵੀ ਕਈ ਲੋਕ ਬਹੁਤ ਭੈੜੇ ਕੰਮ ਕਰਦੇ ਹਨ।—1 ਤਿਮੋ. 4:2.

9 ਆਓ ਆਪਾਂ ਦੁਨੀਆਂ ਦੇ ਲੋਕਾਂ ਵਰਗੇ ਨਾ ਬਣਨ ਦਾ ਪੱਕਾ ਇਰਾਦਾ ਕਰੀਏ! ਇਸ ਦੀ ਬਜਾਇ, ਆਓ ਆਪਾਂ ਪਰਮੇਸ਼ੁਰ ਦੇ ਬਚਨ ਅਨੁਸਾਰ ਆਪਣੀ ਜ਼ਮੀਰ ਨੂੰ ਢਾਲ਼ੀਏ ਤਾਂਕਿ ਇਸ ਦਾ ਸਾਨੂੰ ਫ਼ਾਇਦਾ ਹੋ ਸਕੇ। ਆਪਣੇ ਦਿਲ ਦੀਆਂ ਇੱਛਾਵਾਂ ਦੇ ਅਸਰ ਹੇਠ ਆਉਣ ਦੀ ਬਜਾਇ, ਸਾਨੂੰ ਬਾਈਬਲ ਦੇ ਅਸੂਲਾਂ ਅਨੁਸਾਰ ਢਾਲ਼ੀ ਆਪਣੀ ਜ਼ਮੀਰ ਦੀ ਸੁਣਨ ਦੀ ਲੋੜ ਹੈ। ਇਸ ਦੇ ਨਾਲ-ਨਾਲ ਅਸੀਂ ਆਪਣੇ ਪਿਆਰੇ ਭੈਣਾਂ-ਭਰਾਵਾਂ ਦੇ ਅੰਤਹਕਰਣ ਨੂੰ ਵੀ ਧਿਆਨ ਵਿਚ ਰੱਖਾਂਗੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਭੈਣ ਜਾਂ ਭਰਾ ਦਾ ਅੰਤਹਕਰਣ ਸ਼ਾਇਦ ਉਸ ਨੂੰ ਕੋਈ ਕੰਮ ਕਰਨ ਦੀ ਬਿਲਕੁਲ ਇਜਾਜ਼ਤ ਨਾ ਦੇਵੇ, ਇਸ ਲਈ ਸਾਨੂੰ ਉਸ ਦੇ ਸਾਮ੍ਹਣੇ ਉਹ ਕੰਮ ਕਰ ਕੇ ਉਸ ਨੂੰ ਠੋਕਰ ਨਹੀਂ ਖੁਆਉਣੀ ਚਾਹੀਦੀ।—1 ਕੁਰਿੰ. 8:12; 2 ਕੁਰਿੰ. 4:2; 1 ਪਤ. 3:16.

10. ਅਸੀਂ ਜ਼ਿੰਦਗੀ ਦੇ ਕਿਹੜੇ ਤਿੰਨ ਪਹਿਲੂਆਂ ’ਤੇ ਗੌਰ ਕਰਾਂਗੇ?

10 ਆਓ ਆਪਾਂ ਜ਼ਿੰਦਗੀ ਦੇ ਤਿੰਨ ਪਹਿਲੂਆਂ ’ਤੇ ਗੌਰ ਕਰੀਏ ਜਿਨ੍ਹਾਂ ਵਿਚ ਅਸੀਂ ਯਹੋਵਾਹ ਦੇ ਹੁਕਮਾਂ ਨੂੰ ਮੰਨ ਕੇ ਉਸ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ। ਇਨ੍ਹਾਂ ਤਿੰਨਾਂ ਪਹਿਲੂਆਂ ਵਿਚ ਸਾਡਾ ਅੰਤਹਕਰਣ ਸਾਡੀ ਅਗਵਾਈ ਕਰੇਗਾ, ਪਰ ਇਸ ਨੂੰ ਵੀ ਬਾਈਬਲ ਵਿਚ ਦਰਜ ਉੱਚੇ ਅਸੂਲਾਂ ਦੇ ਮੁਤਾਬਕ ਢਾਲ਼ਣ ਦੀ ਲੋੜ ਹੈ। ਅਸੀਂ ਇਨ੍ਹਾਂ ਤਿੰਨ ਪਹਿਲੂਆਂ ਵਿਚ ਯਹੋਵਾਹ ਦੇ ਹੁਕਮ ਮੰਨ ਸਕਦੇ ਹਾਂ: (1) ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰ ਕੇ, (2) ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰ ਕੇ ਅਤੇ (3) ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦੀ ਕੋਸ਼ਿਸ਼ ਕਰ ਕੇ।

ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰੋ

11. ਸਾਨੂੰ ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਿਉਂ ਕਰਨਾ ਚਾਹੀਦਾ ਹੈ?

11 ਪਹਿਲਾ, ਅਸੀਂ ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰਦੇ ਹਾਂ। ਜਦੋਂ ਲੋਕਾਂ ਨਾਲ ਸੰਗਤ ਕਰਨ ਦੀ ਗੱਲ ਆਉਂਦੀ ਹੈ, ਤਾਂ ਇਹ ਕਹਾਵਤ ਢੁਕਦੀ ਹੈ: ਜਿਵੇਂ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਹੈ, ਉਸੇ ਤਰ੍ਹਾਂ ਲੋਕਾਂ ਦਾ ਇਕ-ਦੂਜੇ ’ਤੇ ਪ੍ਰਭਾਵ ਪੈਂਦਾ ਹੈ। ਸਾਡਾ ਸਿਰਜਣਹਾਰ ਜਾਣਦਾ ਹੈ ਕਿ ਸੰਗਤ ਦਾ ਸਾਡੇ ’ਤੇ ਕਿੰਨਾ ਚੰਗਾ ਜਾਂ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਉਹ ਸਾਨੂੰ ਇਹ ਨਸੀਹਤ ਦਿੰਦਾ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾ. 13:20; 1 ਕੁਰਿੰ. 15:33) ਸਾਡੇ ਵਿੱਚੋਂ ਕੋਈ ਵੀ “ਦੁਖ” ਨਹੀਂ ਉਠਾਉਣਾ ਚਾਹੁੰਦਾ, ਸਗੋਂ ‘ਬੁੱਧਵਾਨ ਬਣਨਾ’ ਚਾਹੁੰਦਾ ਹੈ। ਦਿਲਚਸਪੀ ਦੀ ਗੱਲ ਹੈ ਕਿ ਯਹੋਵਾਹ ਨੂੰ ਕੋਈ ਸਲਾਹ ਨਹੀਂ ਦੇ ਸਕਦਾ ਤੇ ਨਾ ਹੀ ਉਸ ਨੂੰ ਕੋਈ ਵਿਗਾੜ ਸਕਦਾ ਹੈ। ਪਰ ਫਿਰ ਵੀ ਉਹ ਬੜੇ ਧਿਆਨ ਨਾਲ ਦੋਸਤ ਚੁਣ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕਰਦਾ ਹੈ। ਜ਼ਰਾ ਸੋਚੋ—ਯਹੋਵਾਹ ਕਿਹੋ ਜਿਹੇ ਇਨਸਾਨਾਂ ਨੂੰ ਦੋਸਤ ਬਣਾਉਂਦਾ ਹੈ?

12. ਯਹੋਵਾਹ ਕਿਸ ਤਰ੍ਹਾਂ ਦੇ ਇਨਸਾਨਾਂ ਨੂੰ ਆਪਣੇ ਦੋਸਤ ਬਣਾਉਂਦਾ ਹੈ?

12 ਯਹੋਵਾਹ ਨੇ ਅਬਰਾਹਾਮ ਨੂੰ ‘ਮੇਰਾ ਦੋਸਤ’ ਕਿਹਾ ਸੀ। (ਯਸਾ. 41:8) ਅਬਰਾਹਾਮ ਨਿਹਚਾ ਦੀ ਵਧੀਆ ਮਿਸਾਲ ਸੀ। ਉਹ ਬਹੁਤ ਹੀ ਵਫ਼ਾਦਾਰ, ਧਰਮੀ ਤੇ ਆਗਿਆਕਾਰ ਬੰਦਾ ਸੀ। (ਯਾਕੂ. 2:21-23) ਯਹੋਵਾਹ ਇਹੋ ਜਿਹੇ ਇਨਸਾਨਾਂ ਨੂੰ ਆਪਣੇ ਦੋਸਤ ਬਣਾਉਂਦਾ ਹੈ। ਅੱਜ ਵੀ ਇਹ ਗੱਲ ਸਹੀ ਹੈ। ਜੇ ਯਹੋਵਾਹ ਇਹੋ ਜਿਹੇ ਦੋਸਤ ਚੁਣਦਾ ਹੈ, ਤਾਂ ਕੀ ਸਾਨੂੰ ਵੀ ਉਸ ਵਾਂਗ ਸੋਚ-ਸਮਝ ਕੇ ਦੋਸਤ ਨਹੀਂ ਬਣਾਉਣੇ ਚਾਹੀਦੇ ਤਾਂਕਿ ਅਸੀਂ ਉਨ੍ਹਾਂ ਦੀ ਸੰਗਤ ਵਿਚ ਰਹਿ ਕੇ ਬੁੱਧੀਮਾਨ ਬਣ ਸਕੀਏ?

13. ਜਦੋਂ ਦੋਸਤ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਕਿਸ ਦੀ ਮਦਦ ਨਾਲ ਚੰਗੇ ਦੋਸਤ ਬਣਾ ਸਕਦੇ ਹੋ?

13 ਤੁਸੀਂ ਚੰਗੇ ਦੋਸਤ ਕਿਵੇਂ ਬਣਾ ਸਕਦੇ ਹੋ? ਬਾਈਬਲ ਵਿਚ ਦੋਸਤੀ ਦੀਆਂ ਮਿਸਾਲਾਂ ਪੜ੍ਹ ਕੇ ਤੁਸੀਂ ਇਸ ਸੰਬੰਧੀ ਕੁਝ ਸਿੱਖ ਸਕਦੇ ਹੋ। ਰੂਥ ਤੇ ਉਸ ਦੀ ਸੱਸ ਨਾਓਮੀ, ਦਾਊਦ ਤੇ ਯੋਨਾਥਾਨ ਅਤੇ ਤਿਮੋਥਿਉਸ ਤੇ ਪੌਲੁਸ ਦੀ ਦੋਸਤੀ ’ਤੇ ਵਿਚਾਰ ਕਰੋ। (ਰੂਥ 1:16, 17; 1 ਸਮੂ. 23:16-18; ਫ਼ਿਲਿ. 2:19-22) ਇਨ੍ਹਾਂ ਵਿਚਕਾਰ ਗੂੜ੍ਹੀ ਦੋਸਤੀ ਦਾ ਇਕ ਮੁੱਖ ਕਾਰਨ ਸੀ ਕਿ ਇਹ ਸਾਰੇ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਸਨ। ਕੀ ਤੁਸੀਂ ਅਜਿਹੇ ਦੋਸਤ ਲੱਭ ਸਕਦੇ ਹੋ ਜੋ ਯਹੋਵਾਹ ਨੂੰ ਤੁਹਾਡੇ ਜਿੰਨਾ ਪਿਆਰ ਕਰਦੇ ਹਨ? ਯਾਦ ਰੱਖੋ ਕਿ ਤੁਹਾਡੀ ਕਲੀਸਿਯਾ ਇਹੋ ਜਿਹੇ ਲੋਕਾਂ ਨਾਲ ਭਰੀ ਪਈ ਹੈ ਜਿੱਥੇ ਤੁਸੀਂ ਅਜਿਹੇ ਦੋਸਤ ਬਣਾ ਸਕਦੇ ਹੋ। ਇਹ ਦੋਸਤ ਤੁਹਾਨੂੰ ਸੱਚਾਈ ਵਿਚ ਕਮਜ਼ੋਰ ਨਹੀਂ ਕਰਨਗੇ। ਇਸ ਦੀ ਬਜਾਇ ਉਹ ਯਹੋਵਾਹ ਦੇ ਹੁਕਮ ਮੰਨਣ, ਸੱਚਾਈ ਵਿਚ ਪੱਕੇ ਰਹਿਣ ਅਤੇ ਪਰਮੇਸ਼ੁਰ ਦੀ ਸ਼ਕਤੀ ਅਨੁਸਾਰ ਕੰਮ ਕਰਨ ਵਿਚ ਤੁਹਾਡੀ ਮਦਦ ਕਰਨਗੇ। (ਗਲਾਤੀਆਂ 6:7, 8 ਪੜ੍ਹੋ।) ਪਰਮੇਸ਼ੁਰ ਨੂੰ ਪਿਆਰ ਕਰਦੇ ਰਹਿਣ ਵਿਚ ਉਹ ਤੁਹਾਡੀ ਮਦਦ ਕਰਨਗੇ।

ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰੋ

14. ਕਿਹੜੀਆਂ ਗੱਲਾਂ ਕਰਕੇ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨਾ ਅਕਸਰ ਔਖਾ ਹੁੰਦਾ ਹੈ?

14 ਦੂਸਰਾ, ਸਾਨੂੰ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। ਕਈ ਵਾਰ ਉਨ੍ਹਾਂ ਦਾ ਆਦਰ ਕਰਨਾ ਇੰਨਾ ਮੁਸ਼ਕਲ ਕਿਉਂ ਹੁੰਦਾ ਹੈ? ਇਕ ਕਾਰਨ ਤਾਂ ਹੈ ਕਿ ਜਿਨ੍ਹਾਂ ਲੋਕਾਂ ਕੋਲ ਅਧਿਕਾਰ ਹੈ, ਉਹ ਨਾਮੁਕੰਮਲ ਹਨ। ਇਸ ਤੋਂ ਇਲਾਵਾ, ਅਸੀਂ ਵੀ ਨਾਮੁਕੰਮਲ ਹਾਂ। ਇਸੇ ਕਰਕੇ ਬਗਾਵਤ ਕਰਨਾ ਸਾਡਾ ਸੁਭਾਅ ਹੈ।

15, 16. (ੳ) ਸਾਨੂੰ ਉਨ੍ਹਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਆਪਣੇ ਲੋਕਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ? (ਅ) ਮੂਸਾ ਦੇ ਖ਼ਿਲਾਫ਼ ਬਗਾਵਤ ਕਰਨ ਵਾਲੇ ਇਸਰਾਏਲੀਆਂ ਬਾਰੇ ਯਹੋਵਾਹ ਜਿਵੇਂ ਮਹਿਸੂਸ ਕਰਦਾ ਸੀ, ਉਸ ਤੋਂ ਅਸੀਂ ਕਿਹੜਾ ਜ਼ਰੂਰੀ ਸਬਕ ਸਿੱਖ ਸਕਦੇ ਹਾਂ?

15 ਪਰ ਤੁਸੀਂ ਸ਼ਾਇਦ ਸੋਚੋ: ‘ਜੇ ਸਾਨੂੰ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨਾ ਇੰਨਾ ਹੀ ਔਖਾ ਲੱਗਦਾ ਹੈ, ਤਾਂ ਸਾਨੂੰ ਉਨ੍ਹਾਂ ਦਾ ਆਦਰ ਕਰਨ ਦੀ ਕਿਉਂ ਲੋੜ ਹੈ?’ ਕਿਉਂਕਿ ਦੁਨੀਆਂ ਦਾ ਮਾਲਕ ਯਹੋਵਾਹ ਸਾਨੂੰ ਇਸ ਤਰ੍ਹਾਂ ਕਰਨ ਲਈ ਕਹਿੰਦਾ ਹੈ। ਤੁਸੀਂ ਕਿਸ ਨੂੰ ਆਪਣਾ ਹਾਕਮ ਮੰਨੋਗੇ? ਜੇ ਅਸੀਂ ਯਹੋਵਾਹ ਨੂੰ ਆਪਣਾ ਹਾਕਮ ਮੰਨਦੇ ਹਾਂ, ਤਾਂ ਅਸੀਂ ਉਸ ਦੇ ਅਧਿਕਾਰ ਨੂੰ ਵੀ ਮੰਨਾਂਗੇ। ਜੇ ਅਸੀਂ ਨਹੀਂ ਮੰਨਦੇ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਉਹ ਸਾਡਾ ਹਾਕਮ ਹੈ? ਇਸ ਤੋਂ ਇਲਾਵਾ, ਯਹੋਵਾਹ ਆਪਣਾ ਅਧਿਕਾਰ ਨਾਮੁਕੰਮਲ ਮਨੁੱਖਾਂ ਰਾਹੀਂ ਚਲਾਉਂਦਾ ਹੈ ਜਿਨ੍ਹਾਂ ਨੂੰ ਉਸ ਨੇ ਆਪਣੇ ਲੋਕਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਜੇ ਅਸੀਂ ਉਨ੍ਹਾਂ ਮਨੁੱਖਾਂ ਦੇ ਖ਼ਿਲਾਫ਼ ਬਗਾਵਤ ਕਰਦੇ ਹਾਂ, ਤਾਂ ਯਹੋਵਾਹ ਇਸ ਬਾਰੇ ਕਿਵੇਂ ਮਹਿਸੂਸ ਕਰੇਗਾ?—1 ਥੱਸਲੁਨੀਕੀਆਂ 5:12, 13 ਪੜ੍ਹੋ।

16 ਮਿਸਾਲ ਲਈ, ਜਦੋਂ ਇਸਰਾਏਲੀਆਂ ਨੇ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਤੇ ਬਗਾਵਤ ਕੀਤੀ ਸੀ, ਤਾਂ ਯਹੋਵਾਹ ਨੂੰ ਲੱਗਾ ਕਿ ਬਗਾਵਤ ਉਸ ਦੇ ਖ਼ਿਲਾਫ਼ ਕੀਤੀ ਗਈ ਸੀ। (ਗਿਣ. 14:26, 27) ਪਰਮੇਸ਼ੁਰ ਬਦਲਿਆ ਨਹੀਂ ਹੈ। ਜੇ ਅਸੀਂ ਪਰਮੇਸ਼ੁਰ ਦੇ ਨਿਯੁਕਤ ਬੰਦਿਆਂ ਦੇ ਖ਼ਿਲਾਫ਼ ਬਗਾਵਤ ਕਰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰ ਰਹੇ ਹੋਵਾਂਗੇ!

17. ਜਿਨ੍ਹਾਂ ਭਰਾਵਾਂ ਕੋਲ ਕਲੀਸਿਯਾ ਵਿਚ ਅਧਿਕਾਰ ਹੈ, ਉਨ੍ਹਾਂ ਪ੍ਰਤਿ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

17 ਪੌਲੁਸ ਰਸੂਲ ਨੇ ਦੱਸਿਆ ਕਿ ਜਿਨ੍ਹਾਂ ਭਰਾਵਾਂ ਕੋਲ ਕਲੀਸਿਯਾ ਵਿਚ ਅਧਿਕਾਰ ਹੈ, ਉਨ੍ਹਾਂ ਪ੍ਰਤਿ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ। ਉਸ ਨੇ ਲਿਖਿਆ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।” (ਇਬ. 13:17) ਇਹ ਸੱਚ ਹੈ ਕਿ ਆਗਿਆਕਾਰ ਤੇ ਅਧੀਨ ਰਹਿਣ ਲਈ ਕਾਫ਼ੀ ਜਤਨ ਕਰਨਾ ਪੈਂਦਾ ਹੈ। ਪਰ ਯਾਦ ਰੱਖੋ ਕਿ ਅਸੀਂ ਇਹ ਸਭ ਕੁਝ ਯਹੋਵਾਹ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਲਈ ਕਰਦੇ ਹਾਂ। ਤਾਂ ਫਿਰ, ਕੀ ਸਾਨੂੰ ਆਪਣੇ ਵੱਲੋਂ ਆਗਿਆਕਾਰ ਰਹਿਣ ਦੀ ਪੁਰਜ਼ੋਰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?

ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹੋ

18. ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਸ਼ੁੱਧ ਰਹੀਏ?

18 ਤੀਜਾ, ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦੇਣ ਲਈ ਅਸੀਂ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਮਾਪੇ ਆਪਣੇ ਬੱਚਿਆਂ ਨੂੰ ਸਾਫ਼-ਸੁਥਰੇ ਰੱਖਣ ਵਿਚ ਬਹੁਤ ਮਿਹਨਤ ਕਰਦੇ ਹਨ। ਕਿਉਂ? ਇਕ ਗੱਲ ਤਾਂ ਇਹ ਹੈ ਕਿ ਸਾਫ਼-ਸੁਥਰੇ ਹੋਣਾ ਬੱਚੇ ਦੀ ਸਿਹਤ ਲਈ ਚੰਗਾ ਹੈ। ਇਸ ਤੋਂ ਇਲਾਵਾ, ਇਸ ਨਾਲ ਮਾਪਿਆਂ ਦੀ ਵੀ ਸਿਫ਼ਤ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਕਿੰਨੇ ਪਿਆਰ ਨਾਲ ਖ਼ਿਆਲ ਰੱਖਦੇ ਹਨ। ਇਨ੍ਹਾਂ ਕਾਰਨਾਂ ਕਰਕੇ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਵੀ ਸ਼ੁੱਧ ਹੋਣ। ਉਹ ਜਾਣਦਾ ਹੈ ਕਿ ਸਾਫ਼-ਸਫ਼ਾਈ ਤੇ ਸ਼ੁੱਧਤਾ ਸਾਡੇ ਫ਼ਾਇਦੇ ਲਈ ਹੈ। ਉਹ ਇਹ ਵੀ ਜਾਣਦਾ ਹੈ ਕਿ ਇਸ ਨਾਲ ਉਸ ਦੀ ਸਿਫ਼ਤ ਹੋਵੇਗੀ ਕਿਉਂਕਿ ਉਹ ਸਾਡਾ ਪਿਤਾ ਹੈ। ਇਸ ਗੰਦੀ ਦੁਨੀਆਂ ਵਿਚ ਆਪਣੇ ਆਪ ਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਸਾਡੇ ਵੱਲ ਦੇਖ ਕੇ ਸਾਡੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਪ੍ਰੇਰਿਤ ਹੋਣਗੇ।

19. ਸਾਨੂੰ ਕਿਵੇਂ ਪਤਾ ਹੈ ਕਿ ਸਰੀਰਕ ਤੌਰ ਤੇ ਸ਼ੁੱਧ ਰਹਿਣਾ ਜ਼ਰੂਰੀ ਹੈ?

19 ਸਾਨੂੰ ਕਿਹੜੇ ਤਰੀਕਿਆਂ ਨਾਲ ਸ਼ੁੱਧ ਰਹਿਣ ਦੀ ਲੋੜ ਹੈ? ਅਸਲ ਵਿਚ ਜ਼ਿੰਦਗੀ ਦੇ ਸਾਰੇ ਪਹਿਲੂਆਂ ਵਿਚ। ਯਹੋਵਾਹ ਨੇ ਇਸਰਾਏਲੀਆਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਸਰੀਰਕ ਤੌਰ ਤੇ ਸਾਫ਼-ਸੁਥਰੇ ਰਹਿਣਾ ਬਹੁਤ ਜ਼ਰੂਰੀ ਸੀ। (ਲੇਵੀ. 15:31) ਮੂਸਾ ਦੀ ਬਿਵਸਥਾ ਵਿਚ ਗੰਦ-ਮੰਦ ਠਿਕਾਣੇ ਲਾਉਣ, ਭਾਂਡੇ, ਹੱਥ-ਪੈਰ ਅਤੇ ਕੱਪੜੇ ਧੋਣ ਬਾਰੇ ਨਿਯਮ ਦਿੱਤੇ ਗਏ ਸਨ। (ਕੂਚ 30:17-21; ਲੇਵੀ. 11:32; ਗਿਣ. 19:17-20; ਬਿਵ. 23:13, 14) ਇਸਰਾਏਲੀਆਂ ਨੂੰ ਚੇਤੇ ਕਰਾਇਆ ਗਿਆ ਸੀ ਕਿ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਪਵਿੱਤਰ ਹੈ, ਮਤਲਬ “ਸਾਫ਼,” “ਸ਼ੁੱਧ” ਅਤੇ “ਪਾਕ” ਹੈ। ਇਸ ਕਰਕੇ ਪਵਿੱਤਰ ਪਰਮੇਸ਼ੁਰ ਦੇ ਸੇਵਕਾਂ ਨੂੰ ਵੀ ਪਵਿੱਤਰ ਹੋਣ ਦੀ ਲੋੜ ਹੈ।—ਲੇਵੀਆਂ 11:44, 45 ਪੜ੍ਹੋ।

20. ਸਾਨੂੰ ਕਿਹੜੇ ਪਹਿਲੂਆਂ ਵਿਚ ਸ਼ੁੱਧ ਰਹਿਣ ਦੀ ਲੋੜ ਹੈ?

20 ਸਾਨੂੰ ਨਾ ਸਿਰਫ਼ ਬਾਹਰੋਂ ਸ਼ੁੱਧ ਰਹਿਣ ਦੀ ਲੋੜ ਹੈ, ਸਗੋਂ ਅੰਦਰੋਂ ਵੀ ਸ਼ੁੱਧ ਰਹਿਣ ਦੀ ਲੋੜ ਹੈ। ਸਾਨੂੰ ਆਪਣੇ ਮਨ ਗੰਦੇ ਵਿਚਾਰਾਂ ਤੋਂ ਸਾਫ਼ ਰੱਖਣ ਦੀ ਲੋੜ ਹੈ। ਭਾਵੇਂ ਅਸੀਂ ਦੁਨੀਆਂ ਦੇ ਗੰਦੇ ਮਾਹੌਲ ਵਿਚ ਰਹਿੰਦੇ ਹਾਂ, ਫਿਰ ਵੀ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੇ ਸ਼ੁੱਧ ਮਿਆਰਾਂ ’ਤੇ ਚੱਲਦੇ ਹਾਂ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਅਸੀਂ ਦੁਨੀਆਂ ਦੇ ਧਰਮਾਂ ਦੀਆਂ ਰੀਤਾਂ-ਰਸਮਾਂ ਤੇ ਸਿੱਖਿਆਵਾਂ ਤੋਂ ਦੂਰ ਰਹਿ ਕੇ ਆਪਣੀ ਭਗਤੀ ਸ਼ੁੱਧ ਰੱਖਦੇ ਹਾਂ। ਅਸੀਂ ਯਸਾਯਾਹ 52:11 ਵਿਚ ਦਿੱਤੀ ਇਸ ਚੇਤਾਵਨੀ ਨੂੰ ਹਮੇਸ਼ਾ ਯਾਦ ਰੱਖਦੇ ਹਾਂ: “ਤੁਰਦੇ ਹੋਵੋ, ਤੁਰਦੇ ਹੋਵੋ, ਉੱਥੋਂ ਨਿੱਕਲ ਜਾਓ! ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ, ਉਹ ਦੇ ਵਿਚਕਾਰੋਂ ਨਿੱਕਲ ਜਾਓ! ਆਪ ਨੂੰ ਸਾਫ਼ ਕਰੋ।” ਅੱਜ ਅਸੀਂ ਝੂਠੇ ਧਰਮਾਂ ਦੀਆਂ ਉਨ੍ਹਾਂ ਚੀਜ਼ਾਂ ਤੇ ਰੀਤਾਂ-ਰਸਮਾਂ ਤੋਂ ਦੂਰ ਰਹਿੰਦੇ ਹਾਂ ਜਿਹੜੀਆਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹਨ। ਉਦਾਹਰਣ ਲਈ, ਅਸੀਂ ਦੁਨੀਆਂ ਵਿਚ ਧੂਮ-ਧਾਮ ਨਾਲ ਮਨਾਏ ਜਾਂਦੇ ਦਿਨ-ਤਿਉਹਾਰਾਂ ਵਿਚ ਕੋਈ ਹਿੱਸਾ ਨਹੀਂ ਲੈਂਦੇ। ਇਹ ਸੱਚ ਹੈ ਕਿ ਸ਼ੁੱਧ ਰਹਿਣਾ ਸਾਡੇ ਵਾਸਤੇ ਸੌਖਾ ਨਹੀਂ। ਪਰ ਯਹੋਵਾਹ ਦੇ ਲੋਕ ਸ਼ੁੱਧ ਰਹਿਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ ਕਿਉਂਕਿ ਇੱਦਾਂ ਕਰਨ ਨਾਲ ਉਹ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਦੇ ਹਨ।

21. ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਾਂਗੇ?

21 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਉਸ ਨੂੰ ਪਿਆਰ ਕਰਦੇ ਰਹੀਏ। ਪਰ ਸਾਨੂੰ ਸਾਰਿਆਂ ਨੂੰ ਆਪ ਇਹ ਪੱਕਾ ਕਰਨ ਦੀ ਲੋੜ ਹੈ ਕਿ ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਦਾ ਸਖ਼ਤ ਜਤਨ ਕਰੀਏ। ਇੱਦਾਂ ਅਸੀਂ ਯਿਸੂ ਦੀ ਮਿਸਾਲ ’ਤੇ ਚੱਲ ਕੇ ਅਤੇ ਯਹੋਵਾਹ ਦੇ ਹੁਕਮਾਂ ਨੂੰ ਮੰਨ ਕੇ ਕਰ ਸਕਦੇ ਹਾਂ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਕੋਈ ਵੀ ਚੀਜ਼ ‘ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਨਹੀਂ ਕਰ ਸੱਕੇਗੀ।’—ਰੋਮੀ. 8:38, 39.

ਕੀ ਤੁਹਾਨੂੰ ਯਾਦ ਹੈ?

• ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਵਿਚ ਸਾਡਾ ਅੰਤਹਕਰਣ ਕਿਵੇਂ ਮਦਦ ਕਰ ਸਕਦਾ ਹੈ?

• ਸਾਨੂੰ ਯਹੋਵਾਹ ਦੇ ਪ੍ਰੇਮੀਆਂ ਨੂੰ ਕਿਉਂ ਪਿਆਰ ਕਰਨਾ ਚਾਹੀਦਾ ਹੈ?

• ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ?

• ਪਰਮੇਸ਼ੁਰ ਦੇ ਸੇਵਕਾਂ ਲਈ ਸ਼ੁੱਧ ਰਹਿਣਾ ਕਿਉਂ ਜ਼ਰੂਰੀ ਹੈ?

[ਸਵਾਲ]

[ਸਫ਼ਾ 20 ਉੱਤੇ ਡੱਬੀ/ਤਸਵੀਰ]

ਚੰਗੇ ਚਾਲ-ਚਲਣ ਬਾਰੇ ਗੱਲ ਕਰਨ ਵਾਲੀ ਕਿਤਾਬ

2008/2009 ਜ਼ਿਲ੍ਹਾ ਸੰਮੇਲਨ ਦੌਰਾਨ 224 ਸਫ਼ਿਆਂ ਵਾਲੀ ਕਿਤਾਬ ਰੀਲੀਜ਼ ਕੀਤੀ ਗਈ ਸੀ ਜਿਸ ਦਾ ਵਿਸ਼ਾ ਹੈ: “ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ।” ਇਹ ਨਵੀਂ ਕਿਤਾਬ ਕਿਸ ਮਕਸਦ ਨਾਲ ਤਿਆਰ ਕੀਤੀ ਗਈ ਹੈ? ਇਹ ਕਿਤਾਬ ਯਹੋਵਾਹ ਦੇ ਮਿਆਰਾਂ ਨੂੰ ਜਾਣਨ ਤੇ ਪਿਆਰ ਕਰਨ ਵਿਚ ਮਸੀਹੀਆਂ ਦੀ ਮਦਦ ਕਰਦੀ ਹੈ। ਇਹ ਖ਼ਾਸ ਕਰਕੇ ਚੰਗੇ ਚਾਲ-ਚਲਣ ਬਾਰੇ ਗੱਲ ਕਰਦੀ ਹੈ। ਇਸ ਕਿਤਾਬ ਦੀ ਧਿਆਨ ਨਾਲ ਸਟੱਡੀ ਕਰ ਕੇ ਸਾਡਾ ਯਕੀਨ ਪੱਕਾ ਹੋਵੇਗਾ ਕਿ ਅੱਜ ਯਹੋਵਾਹ ਦੇ ਅਸੂਲਾਂ ਮੁਤਾਬਕ ਜੀਣਾ ਹੀ ਸਾਡੇ ਭਲੇ ਲਈ ਹੈ ਅਤੇ ਇਨ੍ਹਾਂ ਉੱਤੇ ਚੱਲ ਕੇ ਸਾਨੂੰ ਭਵਿੱਖ ਵਿਚ ਸਦਾ ਦੀ ਜ਼ਿੰਦਗੀ ਮਿਲੇਗੀ।

ਇਸ ਤੋਂ ਇਲਾਵਾ, ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ। ਇਨ੍ਹਾਂ ਨੂੰ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ। ਇਸ ਕਰਕੇ ਇਹ ਕਿਤਾਬ ਸਾਨੂੰ ਆਪਣੇ ਤੋਂ ਇਹ ਸਵਾਲ ਪੁੱਛਣ ਲਈ ਪ੍ਰੇਰੇਗੀ ਕਿ ‘ਮੈਂ ਯਹੋਵਾਹ ਦੀ ਆਗਿਆ ਕਿਉਂ ਮੰਨਦਾ ਹਾਂ?’

ਜਦੋਂ ਲੋਕ ਯਹੋਵਾਹ ਦੇ ਪਿਆਰ ਨੂੰ ਠੁਕਰਾਉਣ ਦੀ ਗ਼ਲਤੀ ਕਰਦੇ ਹਨ, ਤਾਂ ਉਹ ਇਸ ਕਰਕੇ ਗ਼ਲਤੀ ਨਹੀਂ ਕਰਦੇ ਕਿ ਯਹੋਵਾਹ ਦੀ ਸਿੱਖਿਆ ਵਿਚ ਕੋਈ ਖ਼ਰਾਬੀ ਹੈ। ਇਸ ਦੀ ਬਜਾਇ, ਉਨ੍ਹਾਂ ਦਾ ਚਾਲ-ਚਲਣ ਠੀਕ ਨਹੀਂ ਹੁੰਦਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਸੇਧ ਦੇਣ ਵਾਲੇ ਯਹੋਵਾਹ ਦੇ ਨਿਯਮਾਂ ਅਤੇ ਅਸੂਲਾਂ ਉੱਤੇ ਚੱਲ ਕੇ ਉਸ ਲਈ ਆਪਣੇ ਪਿਆਰ ਨੂੰ ਹੋਰ ਗੂੜ੍ਹਾ ਕਰੀਏ! ਸਾਨੂੰ ਉਮੀਦ ਹੈ ਕਿ ਇਹ ਕਿਤਾਬ ਦੁਨੀਆਂ ਭਰ ਵਿਚ ਯਹੋਵਾਹ ਦੇ ਲੋਕਾਂ ਦੀ ਸੱਚਾਈ ਵਿਚ ਪੱਕੇ ਰਹਿਣ, ਸ਼ਤਾਨ ਨੂੰ ਝੂਠਾ ਸਾਬਤ ਕਰਨ ਅਤੇ ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਵਿਚ ਮਦਦ ਕਰੇਗੀ!—ਯਹੂ. 21.

[ਸਫ਼ਾ 18 ਉੱਤੇ ਤਸਵੀਰ]

“ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ”