Skip to content

Skip to table of contents

‘ਖੁਸ਼ੀ ਦੇ ਸਮਾਚਾਰ ਦੇ ਦਿਨ’ ਸਮਾਂ ਬਰਬਾਦ ਕਰਨ ਵਾਲੇ ਕੰਮਾਂ ਤੋਂ ਦੂਰ ਰਹੋ

‘ਖੁਸ਼ੀ ਦੇ ਸਮਾਚਾਰ ਦੇ ਦਿਨ’ ਸਮਾਂ ਬਰਬਾਦ ਕਰਨ ਵਾਲੇ ਕੰਮਾਂ ਤੋਂ ਦੂਰ ਰਹੋ

‘ਖੁਸ਼ੀ ਦੇ ਸਮਾਚਾਰ ਦੇ ਦਿਨ’ ਸਮਾਂ ਬਰਬਾਦ ਕਰਨ ਵਾਲੇ ਕੰਮਾਂ ਤੋਂ ਦੂਰ ਰਹੋ

ਚਾਰ ਕੋੜ੍ਹੀਆਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਕੀ ਕਰਨ। ਭੀਖ ਮੰਗਣ ਲਈ ਉਹ ਸ਼ਹਿਰ ਦੇ ਫਾਟਕ ਨੇੜੇ ਖੜ੍ਹ ਗਏ, ਪਰ ਕਿਸੇ ਨੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ। ਸੀਰੀਆ ਦੇਸ਼ ਦੀਆਂ ਫ਼ੌਜਾਂ ਨੇ ਸਾਮਰੀਆਂ ’ਤੇ ਚੜ੍ਹਾਈ ਕੀਤੀ ਸੀ ਤੇ ਉਨ੍ਹਾਂ ਨੂੰ ਭੁੱਖੇ ਮਾਰ ਰਹੇ ਸਨ। ਸ਼ਹਿਰ ਵਿਚ ਜਾਣ ਦਾ ਕੋਈ ਫ਼ਾਇਦਾ ਨਹੀਂ ਸੀ ਕਿਉਂਕਿ ਖਾਣ ਦੀਆਂ ਚੀਜ਼ਾਂ ਅੱਗ ਦੇ ਭਾਅ ਵਿਕ ਰਹੀਆਂ ਸਨ। ਸੁਣਨ ਵਿਚ ਆਇਆ ਸੀ ਕਿ ਇਕ ਮਾਂ ਨੇ ਆਪਣੇ ਹੀ ਬੱਚੇ ਨੂੰ ਉਬਾਲ ਕੇ ਖਾ ਲਿਆ ਸੀ।—2 ਰਾਜ. 6:24-29.

ਕੋੜ੍ਹੀਆਂ ਨੇ ਸੋਚਿਆ, ‘ਚਲੋ, ਦੁਸ਼ਮਣ ਫ਼ੌਜਾਂ ਦੇ ਡੇਰੇ ਨੂੰ ਚੱਲਦੇ ਹਾਂ। ਉਹ ਸਾਡਾ ਕੀ ਵਿਗਾੜ ਦੇਣਗੇ?’ ਰਾਤ ਦੇ ਘੁੱਪ ਹਨੇਰੇ ਵਿਚ ਉਹ ਤੁਰ ਪਏ। ਉੱਥੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਹਰ-ਪਾਸੇ ਸਰਨਾਟਾ ਛਾਇਆ ਹੋਇਆ ਸੀ। ਕੋਈ ਪਹਿਰੇਦਾਰ ਨਜ਼ਰ ਨਹੀਂ ਆ ਰਿਹਾ ਸੀ। ਘੋੜਿਆਂ ਤੇ ਗਧਿਆਂ ਨੂੰ ਬੰਨ੍ਹਿਆ ਤਾਂ ਹੋਇਆ ਸੀ, ਪਰ ਕਿਤੇ ਕੋਈ ਫ਼ੌਜੀ ਦਿਖਾਈ ਨਹੀਂ ਦੇ ਰਿਹਾ ਸੀ। ਚਾਰਾਂ ਨੇ ਡੇਰੇ ਦੇ ਅੰਦਰ ਝਾਤੀ ਮਾਰੀ। ਅੰਦਰ ਕੋਈ ਨਹੀਂ ਸੀ, ਪਰ ਖਾਣ-ਪੀਣ ਦਾ ਬਹੁਤ ਸਾਰਾ ਸਾਮਾਨ ਸੀ ਤੇ ਉਨ੍ਹਾਂ ਨੇ ਮਜ਼ੇ ਨਾਲ ਖਾ-ਪੀ ਕੇ ਭੁੱਖ ਮਿਟਾ ਲਈ। ਕੋੜ੍ਹੀਆਂ ਨੂੰ ਉੱਥੇ ਸੋਨਾ, ਚਾਂਦੀ, ਕੱਪੜੇ-ਲੀੜੇ ਅਤੇ ਹੋਰ ਕੀਮਤੀ ਚੀਜ਼ਾਂ ਵੀ ਨਜ਼ਰ ਆਈਆਂ। ਉਹ ਫੱਟ ਚੀਜ਼ਾਂ ਚੁੱਕ ਕੇ ਲੈ ਗਏ ਅਤੇ ਕਿਸੇ ਥਾਂ ਲੁਕੋ ਦਿੱਤੀਆਂ ਤੇ ਦੁਬਾਰਾ ਡਾਕਾ ਮਾਰਨ ਲਈ ਵਾਪਸ ਆਏ। ਡੇਰਾ ਵਿਰਾਨ ਸੀ। ਕੋੜ੍ਹੀਆਂ ਦੇ ਆਉਣ ਤੋਂ ਪਹਿਲਾਂ ਸੀਰੀਆਈ ਫ਼ੌਜੀਆਂ ਨੇ ਡੇਰੇ ਵੱਲ ਆਉਂਦੇ ਇਕ ਵੱਡੇ ਲਸ਼ਕਰ ਦੀ ਆਵਾਜ਼ ਸੁਣੀ ਸੀ ਜਿਸ ਕਰਕੇ ਉਹ ਡੇਰਾ ਛੱਡ ਕੇ ਭੱਜ ਗਏ। ਇਹ ਆਵਾਜ਼ ਯਹੋਵਾਹ ਨੇ ਚਮਤਕਾਰ ਕਰ ਕੇ ਉਨ੍ਹਾਂ ਨੂੰ ਸੁਣਾਈ ਸੀ। ਫ਼ੌਜੀਆਂ ਨੇ ਸੋਚਿਆ ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ’ਤੇ ਆ ਚੜ੍ਹੇ ਤੇ ਉਹ ਉੱਥੋਂ ਫੱਟ ਭੱਜ ਨਿਕਲੇ। ਵਿਰਾਨ ਡੇਰਾ ਹੋਣ ਕਰਕੇ ਹੁਣ ਉੱਥੋਂ ਕੁਝ ਵੀ ਲੁੱਟਿਆ ਜਾ ਸਕਦਾ ਸੀ!

ਕੋੜ੍ਹੀਆਂ ਨੇ ਇਕ ਵੀ ਕੀਮਤੀ ਚੀਜ਼ ਨਹੀਂ ਛੱਡੀ, ਸਭ ਲੁੱਟ ਲਿਆ। ਪਰ ਜਦੋਂ ਉਨ੍ਹਾਂ ਦੇ ਮਨ ਵਿਚ ਭੁੱਖ ਨਾਲ ਮਰ ਰਹੇ ਗੁਆਂਢੀ ਸਾਮਰੀਆਂ ਦਾ ਖ਼ਿਆਲ ਆਇਆ, ਤਾਂ ਉਨ੍ਹਾਂ ਦੀ ਜ਼ਮੀਰ ਉਨ੍ਹਾਂ ’ਤੇ ਲਾਨ੍ਹਤਾਂ ਪਾਉਣ ਲੱਗੀ। ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਅਸੀਂ ਚੰਗੀ ਗੱਲ ਨਹੀਂ ਕਰਦੇ। ਅੱਜ ਦਾ ਦਿਨ ਖੁਸ਼ੀ ਦੇ ਸਮਾਚਾਰ ਦਾ ਦਿਨ ਹੈ!” ਉਹ ਵਾਪਸ ਸਾਮਰਿਯਾ ਨੂੰ ਗਏ ਅਤੇ ਉਨ੍ਹਾਂ ਨੂੰ ਜੋ ਕੁਝ ਲੱਭਿਆ, ਉਸ ਦੀ ਖ਼ੁਸ਼ ਖ਼ਬਰੀ ਹੋਰਾਂ ਨੂੰ ਦਿੱਤੀ।—2 ਰਾਜ. 7:1-11.

ਅਸੀਂ ਵੀ ਉਸ ਸਮੇਂ ਵਿਚ ਰਹਿੰਦੇ ਹਾਂ ਜਿਸ ਨੂੰ “ਖੁਸ਼ੀ ਦੇ ਸਮਾਚਾਰ ਦਾ ਦਿਨ” ਕਿਹਾ ਜਾ ਸਕਦਾ ਹੈ। ‘ਜੁਗ ਦੇ ਅੰਤ ਦੇ ਲੱਛਣ’ ਦੀ ਇਕ ਅਹਿਮ ਗੱਲ ’ਤੇ ਧਿਆਨ ਖਿੱਚਦਿਆਂ ਯਿਸੂ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:3, 14) ਇਸ ਗੱਲ ਦਾ ਸਾਡੇ ’ਤੇ ਕੀ ਅਸਰ ਪੈਣਾ ਚਾਹੀਦਾ ਹੈ?

ਚਿੰਤਾਵਾਂ ਕਾਰਨ ਅਸੀਂ ਨਿਰਾਸ਼ ਹੋ ਸਕਦੇ ਹਾਂ

ਖ਼ਜ਼ਾਨਾ ਲੱਭਣ ਤੇ ਕੋੜ੍ਹੀ ਖ਼ੁਸ਼ੀ ਦੇ ਮਾਰੇ ਥੋੜ੍ਹੇ ਚਿਰ ਲਈ ਸਾਮਰੀ ਲੋਕਾਂ ਨੂੰ ਭੁੱਲ ਗਏ ਸਨ। ਉਹ ਲਾਲਚੀ ਬਣ ਗਏ ਸਨ। ਕੀ ਸਾਡੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ? ਇਸ ਦੁਨੀਆਂ ਦੇ ਅੰਤ ਦੇ ਲੱਛਣ ਵਿਚ “ਕਾਲ” ਪੈਣ ਬਾਰੇ ਵੀ ਦੱਸਿਆ ਹੈ। (ਲੂਕਾ 21:7, 11) ਯਿਸੂ ਨੇ ਆਪਣੇ ਚੇਲਿਆਂ ਨੂੰ ਸਾਵਧਾਨ ਕੀਤਾ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ।” (ਲੂਕਾ 21:34) ਮਸੀਹੀ ਹੋਣ ਦੇ ਨਾਤੇ, ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਰੋਜ਼ਮੱਰਾ ਦੀਆਂ ਚਿੰਤਾਵਾਂ ਕਾਰਨ ਅਸੀਂ ਇਹ ਗੱਲ ਨਾ ਭੁੱਲ ਜਾਈਏ ਕਿ ਅਸੀਂ ‘ਖੁਸ਼ੀ ਦੇ ਸਮਾਚਾਰ ਦੇ ਦਿਨ’ ਵਿਚ ਰਹਿ ਰਹੇ ਹਾਂ।

ਬਲੈਸਿੰਗ ਨਾਂ ਦੀ ਮਸੀਹੀ ਭੈਣ ਨੇ ਆਪਣੀਆਂ ਚਿੰਤਾਵਾਂ ਜਾਂ ਖ਼ਾਹਸ਼ਾਂ ਦੇ ਕਾਰਨ ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਜੋਸ਼ ਨੂੰ ਠੰਢਾ ਨਹੀਂ ਪੈਣ ਦਿੱਤਾ। ਉਸ ਨੇ ਸਕੂਲ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਪਾਇਨੀਅਰਿੰਗ ਕੀਤੀ ਅਤੇ ਬਾਅਦ ਵਿਚ ਬੈਥਲ ਦੇ ਇਕ ਭਰਾ ਨਾਲ ਵਿਆਹ ਕਰਾ ਲਿਆ। ਉਹ ਹੁਣ ਬੇਨਿਨ ਬੈਥਲ ਵਿਚ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ: “ਮੈਂ ਕਮਰਿਆਂ ਦੀ ਸਾਫ਼-ਸਫ਼ਾਈ ਕਰਦੀ ਹਾਂ ਅਤੇ ਮੈਨੂੰ ਇਹ ਕੰਮ ਕਰ ਕੇ ਬਹੁਤ ਮਜ਼ਾ ਆਉਂਦਾ ਹੈ।” ਬਲੈਸਿੰਗ ਨੇ ਬੈਥਲ ਵਿਚ 12 ਸਾਲ ਸੇਵਾ ਕੀਤੀ ਹੈ ਅਤੇ ਉਹ ਖ਼ੁਸ਼ ਹੈ ਕਿ ਉਸ ਨੇ ਆਪਣਾ ਧਿਆਨ ‘ਖੁਸ਼ੀ ਦੇ ਸਮਾਚਾਰ ਦੇ ਦਿਨ’ ’ਤੇ ਲਾਈ ਰੱਖਿਆ ਜਿਸ ਵਿਚ ਅਸੀਂ ਰਹਿ ਰਹੇ ਹਾਂ।

ਸਮਾਂ ਖ਼ਰਾਬ ਕਰਨ ਵਾਲੀਆਂ ਗੱਲਾਂ ਤੋਂ ਦੂਰ ਰਹੋ

70 ਚੇਲਿਆਂ ਨੂੰ ਪ੍ਰਚਾਰ ਕਰਨ ਲਈ ਘੱਲਣ ਲੱਗਿਆਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ।” (ਲੂਕਾ 10:2) ਵਾਢੀ ਦੇ ਸਮੇਂ ਅਗਰ ਫ਼ਸਲ ਨੂੰ ਵੱਢਿਆ ਨਹੀਂ ਜਾਂਦਾ, ਤਾਂ ਕੁਝ ਫ਼ਸਲ ਖ਼ਰਾਬ ਹੋ ਸਕਦੀ ਹੈ। ਇਸੇ ਤਰ੍ਹਾਂ, ਪ੍ਰਚਾਰ ਦੇ ਕੰਮ ਵਿਚ ਜੇ ਲਾਪਰਵਾਹੀ ਵਰਤੀ ਜਾਂਦੀ ਹੈ, ਤਾਂ ਜਾਨਾਂ ਜਾ ਸਕਦੀਆਂ ਹਨ। ਸੋ ਯਿਸੂ ਅੱਗੇ ਕਹਿੰਦਾ ਹੈ: “ਨਾ ਰਸਤੇ ਵਿੱਚ ਕਿਸੇ ਨੂੰ ਪਰਨਾਮ ਕਰੋ।” (ਲੂਕਾ 10:4) “ਪਰਨਾਮ” ਅਨੁਵਾਦ ਕੀਤਾ ਗਿਆ ਮੂਲ ਯੂਨਾਨੀ ਸ਼ਬਦ ਦਾ ਭਾਵ ਕੇਵਲ ਕਿਸੇ ਨੂੰ “ਹੈਲੋ” ਜਾਂ “ਨਮਸਤੇ” ਕਹਿਣਾ ਹੀ ਨਹੀਂ ਹੈ, ਸਗੋਂ ਇਸ ਤੋਂ ਕੁਝ ਜ਼ਿਆਦਾ ਅਰਥ ਰੱਖਦਾ ਹੈ। ਇਸ ਦਾ ਮਤਲਬ ਹੋ ਸਕਦਾ ਹੈ ਕਿਸੇ ਦੋਸਤ ਨੂੰ ਮਿਲਣ ਵੇਲੇ ਉਸ ਨੂੰ ਜੱਫੀ ਪਾਉਣੀ ਤੇ ਸ਼ਾਇਦ ਉਸ ਨਾਲ ਜ਼ਿਆਦਾ ਦੇਰ ਤਕ ਗੱਲਾਂ-ਬਾਤਾਂ ਵੀ ਕਰਨੀਆਂ। ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਅਜਿਹੀਆਂ ਫ਼ਜ਼ੂਲ ਗੱਲਾਂ ਤੋਂ ਦੂਰ ਰਹਿਣ ਅਤੇ ਸਮੇਂ ਦਾ ਚੰਗਾ ਇਸਤੇਮਾਲ ਕਰਨ। ਜਿਸ ਸੰਦੇਸ਼ ਦਾ ਉਨ੍ਹਾਂ ਨੇ ਪ੍ਰਚਾਰ ਕਰਨਾ ਸੀ, ਉਹ ਜ਼ਿਆਦਾ ਜ਼ਰੂਰੀ ਸੀ।

ਜ਼ਰਾ ਸੋਚੋ ਕਿ ਇਹ ਗੱਲਾਂ ਕਿੰਨਾ ਸਮਾਂ ਖ਼ਰਾਬ ਕਰ ਸਕਦੀਆਂ ਹਨ। ਸਾਲਾਂ ਤੋਂ ਟੈਲੀਵਿਯਨ ਲੋਕਾਂ ਦਾ ਸਭ ਤੋਂ ਜ਼ਿਆਦਾ ਸਮਾਂ ਬਰਬਾਦ ਕਰਦਾ ਆ ਰਿਹਾ ਹੈ। ਮੋਬਾਇਲ ਫ਼ੋਨਾਂ ਅਤੇ ਕੰਪਿਊਟਰਾਂ ਬਾਰੇ ਕੀ? ਬ੍ਰਿਟੇਨ ਵਿਚ 1,000 ਬਾਲਗਾਂ ਉੱਤੇ ਕੀਤੇ ਸਰਵੇ ਤੋਂ ਪਤਾ ਲੱਗਾ ਹੈ ਕਿ “ਔਸਤਨ ਇਕ ਵਿਅਕਤੀ ਲੈਂਡਲਾਈਨ ਉੱਤੇ ਦਿਨ ਵਿਚ 88 ਮਿੰਟ, ਹੋਰ 62 ਮਿੰਟ ਉਹ ਮੋਬਾਇਲ ਫ਼ੋਨ ’ਤੇ, 53 ਮਿੰਟ ਈ-ਮੇਲ ਭੇਜਣ ਅਤੇ 22 ਮਿੰਟ ਟੈਕਸਟ ਮੈਸਿਜ ਭੇਜਣ ਵਿਚ ਗੁਜ਼ਾਰਦਾ ਹੈ।” ਇਸ ਤਰ੍ਹਾਂ ਉਹ ਹਰ ਰੋਜ਼ ਔਗਜ਼ੀਲਰੀ ਪਾਇਨੀਅਰ ਨਾਲੋਂ ਦੁਗਣਾ ਸਮਾਂ ਇਨ੍ਹਾਂ ਚੀਜ਼ਾਂ ਵਿਚ ਬਿਤਾਉਂਦਾ ਹੈ! ਇਸ ਸੰਬੰਧੀ ਤੁਹਾਡੀਆਂ ਆਦਤਾਂ ਬਾਰੇ ਕੀ ਕਿਹਾ ਜਾ ਸਕਦਾ ਹੈ?

ਅਰਨਸਟ ਤੇ ਹਿਲਡਗਾਰਟ ਸੇਲੀਗਰ ਧਿਆਨ ਰੱਖਦੇ ਸਨ ਕਿ ਉਹ ਆਪਣਾ ਸਮਾਂ ਕਿਵੇਂ ਬਿਤਾਉਣਗੇ। ਉਨ੍ਹਾਂ ਨੇ 40 ਤੋਂ ਜ਼ਿਆਦਾ ਸਾਲ ਨਾਜ਼ੀ ਕੈਂਪਾਂ ਤੇ ਕਮਿਊਨਿਸਟ ਜੇਲ੍ਹਾਂ ਵਿਚ ਗੁਜ਼ਾਰੇ। ਰਿਹਾਅ ਹੋਣ ਤੋਂ ਬਾਅਦ ਉਹ ਮਰਦੇ ਦਮ ਤਕ ਪਾਇਨੀਅਰਿੰਗ ਕਰਦੇ ਰਹੇ। ਉਹ ਸਵਰਗੀ ਜੀਵਨ ਪਾਉਣ ਦੀ ਉਮੀਦ ਰੱਖਦੇ ਸਨ।

ਬਹੁਤ ਸਾਰੇ ਲੋਕ ਇਸ ਪਤੀ-ਪਤਨੀ ਨਾਲ ਚਿੱਠੀਆਂ ਰਾਹੀਂ ਸੰਪਰਕ ਰੱਖਣਾ ਚਾਹੁੰਦੇ ਸਨ। ਇਹ ਜੋੜਾ ਚਾਹੁੰਦਾ, ਤਾਂ ਦੇਰ ਰਾਤ ਤਾਈਂ ਚਿੱਠੀਆਂ ਪੜ੍ਹ ਕੇ ਉਨ੍ਹਾਂ ਦਾ ਜਵਾਬ ਦਿੰਦੇ ਰਹਿ ਸਕਦੇ ਸਨ। ਪਰ ਉਨ੍ਹਾਂ ਨੇ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੱਤੀ।

ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਅਜ਼ੀਜ਼ ਸਾਨੂੰ ਚਿੱਠੀਆਂ ਲਿਖਣ ਤੇ ਫ਼ੋਨ ਕਰਨ ਜਿਸ ਵਿਚ ਕੋਈ ਹਰਜ਼ ਵੀ ਨਹੀਂ ਹੈ। ਕਦੇ-ਕਦੇ ਕੁਝ ਵੱਖਰਾ ਕਰਨਾ ਚੰਗੀ ਗੱਲ ਹੁੰਦੀ ਹੈ। ਪਰ ਫਿਰ ਵੀ ਸਾਨੂੰ ਉਨ੍ਹਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਵਿਚ ਸਮਾਂ ਖ਼ਰਾਬ ਹੁੰਦਾ ਹੈ ਕਿਉਂਕਿ ਇਹ ਸਮਾਂ ਖ਼ੁਸ਼ੀ ਦਾ ਸਮਾਚਾਰ ਸੁਣਾਉਣ ਦਾ ਸਮਾਂ ਹੈ।

ਚੰਗੀ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ

‘ਖੁਸ਼ੀ ਦੇ ਸਮਾਚਾਰ ਦੇ ਦਿਨ’ ਵਿਚ ਰਹਿਣਾ ਸੱਚ-ਮੁੱਚ ਇਕ ਬਰਕਤ ਹੈ। ਆਓ ਆਪਾਂ ਉਨ੍ਹਾਂ ਚਾਰ ਕੋੜ੍ਹੀਆਂ ਵਰਗੇ ਨਾ ਬਣੀਏ ਜਿਨ੍ਹਾਂ ਦਾ ਪਹਿਲਾਂ-ਪਹਿਲ ਧਿਆਨ ਭਟਕ ਗਿਆ ਸੀ। ਯਾਦ ਰੱਖੋ ਕਿ ਉਨ੍ਹਾਂ ਨੇ ਕਿਹਾ ਸੀ: “ਅਸੀਂ ਚੰਗੀ ਗੱਲ ਨਹੀਂ ਕਰਦੇ।” ਇਸੇ ਤਰ੍ਹਾਂ ਸਾਡੇ ਲਈ ਵੀ ਆਪਣੀਆਂ ਹੀ ਇੱਛਾਵਾਂ ਨੂੰ ਪੂਰਾ ਕਰਨਾ ਜਾਂ ਸਮਾਂ ਬਰਬਾਦ ਕਰਨ ਵਾਲੇ ਕੰਮ ਕਰਨਾ ਸਹੀ ਨਹੀਂ ਹੈ ਕਿਉਂਕਿ ਇਨ੍ਹਾਂ ਕਰਕੇ ਅਸੀਂ ਪ੍ਰਚਾਰ ਵਿਚ ਪੂਰੀ ਤਰ੍ਹਾਂ ਹਿੱਸਾ ਨਹੀਂ ਲੈ ਪਾਵਾਂਗੇ।

ਇਸ ਮਾਮਲੇ ਵਿਚ ਅਸੀਂ ਇਕ ਚੰਗੀ ਮਿਸਾਲ ਦੇਖ ਸਕਦੇ ਹਾਂ। ਪੌਲੁਸ ਰਸੂਲ ਨੇ ਸੇਵਕਾਈ ਵਿਚ ਬਿਤਾਏ ਆਪਣੇ ਪਹਿਲੇ 20 ਸਾਲਾਂ ਉੱਤੇ ਗੌਰ ਕਰਦਿਆਂ ਕਿਹਾ: ‘ਮੈਂ ਮਸੀਹ ਦੀ ਖੁਸ਼ ਖਬਰੀ ਦਾ ਪੂਰਾ ਪਰਚਾਰ ਕੀਤਾ।’ (ਰੋਮੀ. 15:19) ਪੌਲੁਸ ਨੇ ਕਿਸੇ ਵੀ ਗੱਲ ਕਾਰਨ ਆਪਣੇ ਜੋਸ਼ ਨੂੰ ਠੰਢਾ ਨਹੀਂ ਪੈਣ ਦਿੱਤਾ। ਆਓ ਆਪਾਂ ਵੀ ਉਸ ਵਾਂਗ ਜੋਸ਼ੀਲੇ ਹੋ ਕੇ ‘ਖੁਸ਼ੀ ਦੇ ਸਮਾਚਾਰ ਦੇ ਦਿਨ’ ਰਾਜ ਦਾ ਸੰਦੇਸ਼ ਸੁਣਾਈਏ।

[ਸਫ਼ਾ 28 ਉੱਤੇ ਤਸਵੀਰ]

ਬਲੈਸਿੰਗ ਨੇ ਆਪਣੀਆਂ ਖ਼ਾਹਸ਼ਾਂ ਨੂੰ ਪੂਰੇ ਸਮੇਂ ਦੀ ਸੇਵਾ ਵਿਚ ਅੜਿੱਕਾ ਨਹੀਂ ਬਣਨ ਦਿੱਤਾ

[ਸਫ਼ਾ 29 ਉੱਤੇ ਤਸਵੀਰ]

ਅਰਨਸਟ ਤੇ ਹਿਲਡਗਾਰਟ ਸੇਲੀਗਰ ਧਿਆਨ ਰੱਖਦੇ ਸਨ ਕਿ ਉਹ ਆਪਣਾ ਸਮਾਂ ਕਿਵੇਂ ਬਿਤਾਉਣਗੇ