Skip to content

Skip to table of contents

ਕੀ ਤੁਹਾਡੇ ਕੋਲ ਪਹਿਲਾਂ ਜ਼ਿੰਮੇਵਾਰੀਆਂ ਸਨ? ਕੀ ਤੁਸੀਂ ਫਿਰ ਤੋਂ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕਰ ਸਕਦੇ ਹੋ?

ਕੀ ਤੁਹਾਡੇ ਕੋਲ ਪਹਿਲਾਂ ਜ਼ਿੰਮੇਵਾਰੀਆਂ ਸਨ? ਕੀ ਤੁਸੀਂ ਫਿਰ ਤੋਂ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕਰ ਸਕਦੇ ਹੋ?

ਕੀ ਤੁਹਾਡੇ ਕੋਲ ਪਹਿਲਾਂ ਜ਼ਿੰਮੇਵਾਰੀਆਂ ਸਨ? ਕੀ ਤੁਸੀਂ ਫਿਰ ਤੋਂ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕਰ ਸਕਦੇ ਹੋ?

ਕੀ ਤੁਸੀਂ ਮਸੀਹੀ ਕਲੀਸਿਯਾ ਵਿਚ ਪਹਿਲਾਂ ਕੋਈ ਜ਼ਿੰਮੇਵਾਰੀ ਨਿਭਾਉਂਦੇ ਸੀ? ਸ਼ਾਇਦ ਤੁਸੀਂ ਸਹਾਇਕ ਸੇਵਕ ਜਾਂ ਫਿਰ ਬਜ਼ੁਰਗ ਵਜੋਂ ਸੇਵਾ ਕਰ ਰਹੇ ਸੀ। ਸ਼ਾਇਦ ਤੁਸੀਂ ਪਾਇਨੀਅਰਿੰਗ ਕਰ ਰਹੇ ਸੀ। ਬਿਨਾਂ ਸ਼ੱਕ, ਇਹ ਜ਼ਿੰਮੇਵਾਰੀ ਨਿਭਾਉਂਦਿਆਂ ਤੁਸੀਂ ਬਹੁਤ ਖ਼ੁਸ਼ ਤੇ ਸੰਤੁਸ਼ਟ ਸੀ, ਪਰ ਫਿਰ ਕਿਸੇ ਕਾਰਨ ਕਰਕੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਛੱਡਣੀ ਪਈ।

ਹੋ ਸਕਦਾ ਹੈ ਕਿ ਤੁਹਾਨੂੰ ਪਰਿਵਾਰ ਦੀ ਦੇਖ-ਭਾਲ ਕਰਨ ਲਈ ਆਪਣੀ ਜ਼ਿੰਮੇਵਾਰੀ ਛੱਡਣੀ ਪਈ। ਜਾਂ ਹੋ ਸਕਦਾ ਹੈ ਕਿ ਬੁਢਾਪੇ ਜਾਂ ਮਾੜੀ ਸਿਹਤ ਕਰਕੇ ਤੁਸੀਂ ਇੱਦਾਂ ਕੀਤਾ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕਿਸੇ ਕੰਮ ਦੇ ਨਹੀਂ। (1 ਤਿਮੋ. 5:8) ਪਹਿਲੀ ਸਦੀ ਵਿਚ ਫ਼ਿਲਿੱਪੁਸ ਨੇ ਮਿਸ਼ਨਰੀ ਦੇ ਤੌਰ ਤੇ ਸੇਵਾ ਕੀਤੀ ਸੀ, ਪਰ ਬਾਅਦ ਵਿਚ ਉਹ ਕੈਸਰਿਯਾ ਵਿਚ ਆ ਗਿਆ ਜਿੱਥੇ ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦਾ ਸੀ। (ਰਸੂ. 21:8, 9) ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਬੁੱਢਾ ਹੋਣ ਤੇ ਆਪਣੇ ਮਗਰੋਂ ਆਪਣੇ ਪੁੱਤਰ ਸੁਲੇਮਾਨ ਨੂੰ ਰਾਜ-ਗੱਦੀ ਉੱਤੇ ਬਿਠਾਉਣ ਦਾ ਪ੍ਰਬੰਧ ਕੀਤਾ। (1 ਰਾਜ. 1:1, 32-35) ਉਨ੍ਹਾਂ ਦੇ ਇਨ੍ਹਾਂ ਫ਼ੈਸਲਿਆਂ ਦੇ ਬਾਵਜੂਦ ਯਹੋਵਾਹ ਫ਼ਿਲਿੱਪੁਸ ਤੇ ਦਾਊਦ ਨੂੰ ਪਿਆਰ ਤੇ ਉਨ੍ਹਾਂ ਦੀ ਕਦਰ ਕਰਦਾ ਰਿਹਾ ਅਤੇ ਅੱਜ ਵੀ ਲੋਕ ਉਨ੍ਹਾਂ ਦਾ ਆਦਰ-ਮਾਣ ਕਰਦੇ ਹਨ।

ਪਰ ਹੋ ਸਕਦਾ ਹੈ ਕਿ ਜ਼ਿੰਮੇਵਾਰੀ ਤੁਹਾਡੇ ਤੋਂ ਲੈ ਲਈ ਗਈ ਹੋਵੇ। ਕੀ ਤੁਹਾਡੇ ਤੋਂ ਕੋਈ ਗ਼ਲਤੀ ਹੋ ਗਈ? ਜਾਂ ਫਿਰ ਪਰਿਵਾਰ ਦੀ ਕੋਈ ਸਮੱਸਿਆ ਸੀ? (1 ਤਿਮੋ. 3:2, 4, 10, 12) ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੇ ਤੋਂ ਜ਼ਿੰਮੇਵਾਰੀ ਲੈਣੀ ਜਾਇਜ਼ ਨਹੀਂ ਸੀ ਜਿਸ ਕਰਕੇ ਤੁਸੀਂ ਅਜੇ ਵੀ ਨਾਰਾਜ਼ ਹੋ।

ਤੁਸੀਂ ਫਿਰ ਤੋਂ ਜ਼ਿੰਮੇਵਾਰੀ ਉਠਾਉਣ ਲਈ ਅੱਗੇ ਆ ਸਕਦੇ ਹੋ

ਕੀ ਇਕ ਵਾਰ ਜ਼ਿੰਮੇਵਾਰੀ ਗੁਆਉਣ ਦਾ ਇਹ ਮਤਲਬ ਹੈ ਕਿ ਤੁਹਾਨੂੰ ਦੁਬਾਰਾ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ? ਜ਼ਿਆਦਾਤਰ ਮਾਮਲਿਆਂ ਵਿਚ ਇੱਦਾਂ ਨਹੀਂ ਹੁੰਦਾ। ਪਰ ਦੁਬਾਰਾ ਜ਼ਿੰਮੇਵਾਰੀ ਲੈਣ ਲਈ ਤੁਹਾਨੂੰ ਆਪ ਵੀ ਕੁਝ ਕਰਨ ਦੀ ਲੋੜ ਹੈ। (1 ਤਿਮੋ. 3:1) ਤੁਹਾਨੂੰ ਜ਼ਿੰਮੇਵਾਰੀ ਲੈਣ ਦੀ ਕਿਉਂ ਲੋੜ ਹੈ? ਕਿਉਂਕਿ ਤੁਸੀਂ ਉਸੇ ਕਾਰਨ ਕਰਕੇ ਜ਼ਿੰਮੇਵਾਰੀ ਉਠਾਉਣੀ ਚਾਹੁੰਦੇ ਹੋ ਜਿਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕੀਤੀ ਸੀ—ਯਹੋਵਾਹ ਤੇ ਉਸ ਦੇ ਭਗਤਾਂ ਲਈ ਪਿਆਰ। ਜੇ ਤੁਸੀਂ ਦੁਬਾਰਾ ਜ਼ਿੰਮੇਵਾਰੀ ਲੈਣ ਦੁਆਰਾ ਉਹੀ ਪਿਆਰ ਦਿਖਾਉਣਾ ਚਾਹੁੰਦੇ ਹੋ, ਤਾਂ ਯਹੋਵਾਹ ਆਪਣੀ ਸੇਵਾ ਵਿਚ ਤੁਹਾਡੇ ਤਜਰਬੇ ਨੂੰ ਵਰਤੇਗਾ ਜੋ ਤੁਹਾਡੇ ਕੋਲ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਸੀ ਤੇ ਜੋ ਤੁਸੀਂ ਆਪਣੀ ਜ਼ਿੰਮੇਵਾਰੀ ਗੁਆਉਣ ਤੋਂ ਬਾਅਦ ਹਾਸਲ ਕੀਤਾ ਹੈ।

ਇਸਰਾਏਲ ਯਹੋਵਾਹ ਦੀ ਖ਼ਾਸ ਕੌਮ ਸੀ। ਲੇਕਿਨ ਯਹੋਵਾਹ ਨੇ ਉਸ ਕੌਮ ਤੋਂ ਇਹ ਸਨਮਾਨ ਖੋਹ ਲਿਆ, ਪਰ ਬਾਅਦ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਭਰੋਸਾ ਦਿਵਾਇਆ: “ਮੈਂ ਯਹੋਵਾਹ ਅਟੱਲ ਹਾਂ। ਏਸੇ ਕਾਰਨ, ਹੇ ਯਾਕੂਬ ਦੇ ਪੁੱਤ੍ਰੋ, ਤੁਸੀਂ ਨਹੀਂ ਮੁੱਕੇ।” (ਮਲਾ. 3:6) ਯਹੋਵਾਹ ਇਸਰਾਏਲੀਆਂ ਨੂੰ ਬੜਾ ਪਿਆਰ ਕਰਦਾ ਸੀ ਤੇ ਉਨ੍ਹਾਂ ਨੂੰ ਅੱਗੋਂ ਵਰਤਣਾ ਚਾਹੁੰਦਾ ਸੀ। ਉਹ ਤੁਹਾਨੂੰ ਵੀ ਅੱਗੋਂ ਵਰਤਣਾ ਚਾਹੁੰਦਾ ਹੈ। ਪਰ ਤੁਸੀਂ ਹੁਣ ਕੀ ਕਰ ਸਕਦੇ ਹੋ? ਯਹੋਵਾਹ ਦੀ ਸੇਵਾ ਵਿਚ ਤੁਹਾਡੀ ਕੁਦਰਤੀ ਕਾਬਲੀਅਤ ਇੰਨੀ ਮਾਅਨੇ ਨਹੀਂ ਰੱਖਦੀ ਜਿੰਨਾ ਉਸ ਨਾਲ ਤੁਹਾਡਾ ਚੰਗਾ ਰਿਸ਼ਤਾ ਮਾਅਨੇ ਰੱਖਦਾ ਹੈ। ਇਸ ਲਈ ਜਦ ਤਕ ਤੁਹਾਡੇ ਕੋਲ ਕਲੀਸਿਯਾ ਵਿਚ ਵਾਧੂ ਜ਼ਿੰਮੇਵਾਰੀਆਂ ਨਹੀਂ ਹਨ, ਤਦ ਤਕ ਯਹੋਵਾਹ ਨਾਲ ਰਿਸ਼ਤਾ ਪੱਕਾ ਕਰਨ ’ਤੇ ਧਿਆਨ ਦਿਓ।

ਨਿਹਚਾ ਵਿਚ ‘ਤਕੜੇ ਹੋਣ’ ਲਈ ਤੁਹਾਨੂੰ “ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ” ਕਰਨ ਦੀ ਲੋੜ ਹੈ। (1 ਕੁਰਿੰ. 16:13; ਜ਼ਬੂ. 105:4) ਇੱਦਾਂ ਕਰਨ ਲਈ ਤੁਸੀਂ ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰੋ। ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਹਾਲਤ ਬਾਰੇ ਦੱਸਦੇ ਹੋ, ਤਾਂ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਅਤੇ ਉਸ ਦੀ ਪਵਿੱਤਰ ਸ਼ਕਤੀ ਮੰਗੋ। ਇੱਦਾਂ ਕਰ ਕੇ ਤੁਸੀਂ ਯਹੋਵਾਹ ਦੇ ਨੇੜੇ ਜਾਓਗੇ ਅਤੇ ਤਕੜੇ ਹੋਵੋਗੇ। (ਜ਼ਬੂ. 62:8; ਫ਼ਿਲਿ. 4:6, 13) ਇਕ ਹੋਰ ਤਰੀਕਾ ਜਿਸ ਨਾਲ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਪੱਕਾ ਕਰ ਸਕਦੇ ਹੋ, ਉਹ ਹੈ ਲਗਨ ਨਾਲ ਬਾਈਬਲ ਪੜ੍ਹਨੀ। ਘੱਟ ਜ਼ਿੰਮੇਵਾਰੀਆਂ ਹੋਣ ਕਰਕੇ ਤੁਸੀਂ ਨਿੱਜੀ ਤੇ ਪਰਿਵਾਰਕ ਅਧਿਐਨ ਹੋਰ ਚੰਗੀ ਤਰ੍ਹਾਂ ਕਰ ਸਕੋਗੇ। ਸ਼ਾਇਦ ਤੁਸੀਂ ਆਪਣੀ ਇਹ ਪੱਕੀ ਆਦਤ ਬਣਾ ਸਕਦੇ ਹੋ ਜੋ ਪਹਿਲਾਂ ਬਣਾਉਣੀ ਮੁਸ਼ਕਲ ਸੀ।

ਇਹ ਨਾ ਭੁੱਲੋ ਕਿ ਤੁਸੀਂ ਹਾਲੇ ਵੀ ਯਹੋਵਾਹ ਦੇ ਗਵਾਹ ਹੋ। (ਯਸਾ. 43:10-12) ਸਾਡੇ ਸਾਰਿਆਂ ਕੋਲ ਸਨਮਾਨ ਹੈ ਕਿ ਅਸੀਂ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ।” (1 ਕੁਰਿੰ. 3:9) ਤੁਸੀਂ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਨਾਲ ਯਹੋਵਾਹ ਤੇ ਆਪਣੇ ਨਾਲ ਪ੍ਰਚਾਰ ਕਰ ਰਹੇ ਭੈਣਾਂ-ਭਰਾਵਾਂ ਨਾਲ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ।

ਜਜ਼ਬਾਤਾਂ ਨਾਲ ਸਿੱਝਣਾ

ਜੇ ਤੁਸੀਂ ਕੋਈ ਜ਼ਿੰਮੇਵਾਰੀ ਗੁਆਈ ਹੈ, ਤਾਂ ਸ਼ਾਇਦ ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋ ਜਾਂ ਪਛਤਾਓ। ਤੁਹਾਨੂੰ ਸ਼ਾਇਦ ਹਾਲੇ ਵੀ ਲੱਗਦਾ ਹੈ ਕਿ ਤੁਸੀਂ ਜੋ ਕੀਤਾ ਸੀ, ਉਹ ਤੁਹਾਡੇ ਭਾਣੇ ਸਹੀ ਸੀ। ਪਰ ਤਾਂ ਕੀ ਜੇਕਰ ਜ਼ਿੰਮੇਵਾਰ ਭਰਾਵਾਂ ਨੇ ਤੁਹਾਡੀ ਸਫ਼ਾਈ ਸੁਣੀ ਹੋਵੇ, ਪਰ ਫਿਰ ਵੀ ਸੋਚਿਆ ਕਿ ਤੁਸੀਂ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਨਹੀਂ? ਉਨ੍ਹਾਂ ਭਰਾਵਾਂ ਬਾਰੇ ਤੁਸੀਂ ਸ਼ਾਇਦ ਬੁਰਾ ਸੋਚੋ ਜਿਸ ਕਰਕੇ ਤੁਸੀਂ ਜ਼ਿੰਮੇਵਾਰੀ ਲੈਣ ਦੇ ਯੋਗ ਬਣਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਜਾਂ ਤੁਹਾਨੂੰ ਉਸ ਸਭ ਕਾਸੇ ਤੋਂ ਸਿੱਖਣਾ ਮੁਸ਼ਕਲ ਲੱਗਦਾ ਹੈ ਜੋ ਕੁਝ ਤੁਹਾਡੇ ਨਾਲ ਹੋਇਆ ਹੈ। ਆਓ ਦੇਖੀਏ ਕਿ ਅੱਯੂਬ, ਮਨੱਸ਼ਹ ਅਤੇ ਯੂਸੁਫ਼ ਨਾਲ ਜੋ ਕੁਝ ਹੋਇਆ, ਉਸ ਤੋਂ ਤੁਹਾਨੂੰ ਆਪਣੇ ਜਜ਼ਬਾਤਾਂ ਨਾਲ ਸਿੱਝਣ ਵਿਚ ਕਿਵੇਂ ਮਦਦ ਮਿਲ ਸਕਦੀ ਹੈ।

ਪੁਰਾਣੇ ਜ਼ਮਾਨੇ ਦਾ ਅੱਯੂਬ ਦੂਜਿਆਂ ਦੇ ਬਦਲੇ ਯਹੋਵਾਹ ਅੱਗੇ ਦੁਆ ਕਰਦਾ ਸੀ ਅਤੇ ਬਜ਼ੁਰਗ ਤੇ ਨਿਆਈ ਦੇ ਤੌਰ ਤੇ ਦੂਜਿਆਂ ਲਈ ਫ਼ੈਸਲੇ ਕਰਦਾ ਹੁੰਦਾ ਸੀ। (ਅੱਯੂ. 1:5; 29:7-17, 21-25) ਫਿਰ ਉਸ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਦੌਰ ਸ਼ੁਰੂ ਹੋਇਆ ਤੇ ਅੱਯੂਬ ਨੇ ਆਪਣਾ ਸਾਰਾ ਮਾਲ-ਧਨ ਗੁਆ ਲਿਆ, ਉਸ ਦੇ ਬੱਚੇ ਮਾਰੇ ਗਏ ਤੇ ਸਿਹਤ ਵੀ ਵਿਗੜ ਗਈ। ਇਸ ਦੇ ਨਾਲ-ਨਾਲ ਲੋਕਾਂ ਦੀਆਂ ਨਜ਼ਰਾਂ ਵਿਚ ਉਸ ਦੀ ਇੱਜ਼ਤ ਵੀ ਨਹੀਂ ਰਹੀ। ਅੱਯੂਬ ਨੇ ਕਿਹਾ: “ਹੁਣ ਓਹ ਜਿਹੜੇ ਮੈਥੋਂ ਛੁਟੇਰੇ ਹਨ ਮੇਰੇ ਉੱਤੇ ਹੱਸਦੇ ਹਨ।”—ਅੱਯੂ. 30:1.

ਅੱਯੂਬ ਸਮਝਦਾ ਸੀ ਕਿ ਉਹ ਪੂਰੀ ਤਰ੍ਹਾਂ ਬੇਕਸੂਰ ਸੀ ਅਤੇ ਪਰਮੇਸ਼ੁਰ ਅੱਗੇ ਆਪਣੀ ਸਫ਼ਾਈ ਦੇਣੀ ਚਾਹੁੰਦਾ ਸੀ। (ਅੱਯੂ. 13:15) ਫਿਰ ਵੀ ਅੱਯੂਬ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਜਿਸ ਕਰਕੇ ਉਸ ਨੂੰ ਬਰਕਤਾਂ ਮਿਲੀਆਂ। ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਤਾੜਨਾ ਦੀ ਲੋੜ ਸੀ, ਖ਼ਾਸ ਕਰਕੇ ਉਨ੍ਹਾਂ ਗੱਲਾਂ ਕਰਕੇ ਜੋ ਉਸ ਨੇ ਪਰੀਖਿਆ ਆਉਣ ਤੇ ਕਹੀਆਂ ਸਨ। (ਅੱਯੂ. 40:6-8; 42:3, 6) ਅੱਯੂਬ ਨੇ ਨਿਮਰਤਾ ਦਿਖਾਈ ਜਿਸ ਦੇ ਨਤੀਜੇ ਵਜੋਂ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ।—ਅੱਯੂ. 42:10-13.

ਜੇ ਤੁਸੀਂ ਆਪਣੀ ਗ਼ਲਤੀ ਕਰਕੇ ਜ਼ਿੰਮੇਵਾਰੀ ਗੁਆਈ ਹੈ, ਤਾਂ ਤੁਸੀਂ ਸ਼ਾਇਦ ਸੋਚੋ ਕਿ ਪਤਾ ਨਹੀਂ ਯਹੋਵਾਹ ਅਤੇ ਭੈਣ-ਭਰਾ ਸਾਰਾ ਕੁਝ ਭੁਲਾ ਕੇ ਮੈਨੂੰ ਕਦੀ ਮਾਫ਼ ਕਰਨਗੇ ਜਾਂ ਨਹੀਂ। ਯਹੂਦਾਹ ਦੇ ਰਾਜਾ ਮਨੱਸ਼ਹ ਦੀ ਮਿਸਾਲ ਲੈ ਲਓ। ਉਹ “ਅਜੇਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਰ ਉਹ ਦੇ ਕ੍ਰੋਧ ਨੂੰ ਭੜਕਾਇਆ।” (2 ਰਾਜ. 21:6) ਪਰ ਮਨੱਸ਼ਹ ਯਹੂਦਾਹ ਉੱਤੇ ਰਾਜ ਕਰਦਿਆਂ ਆਪਣੀ ਮੌਤ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਇਹ ਕਿਵੇਂ ਹੋਇਆ?

ਮਨੱਸ਼ਹ ਨੇ ਆਖ਼ਰਕਾਰ ਤਾੜਨਾ ਨੂੰ ਕਬੂਲ ਕੀਤਾ। ਉਸ ਨੇ ਪਹਿਲਾਂ ਯਹੋਵਾਹ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਸੀ ਜਿਸ ਕਰਕੇ ਯਹੋਵਾਹ ਨੇ ਅੱਸ਼ੂਰੀਆਂ ਨੂੰ ਉਸ ਉੱਤੇ ਹਮਲਾ ਕਰਨ ਲਈ ਉਕਸਾਇਆ ਤੇ ਉਹ ਮਨੱਸ਼ਹ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਬਾਬਲ ਨੂੰ ਲੈ ਗਏ। ਉੱਥੇ ਮਨੱਸ਼ਹ ਨੇ “ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕੀਤੀ ਅਤੇ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਸਨਮੁਖ ਆਪਣੇ ਆਪ ਨੂੰ ਬਹੁਤ ਅਧੀਨ ਕੀਤਾ। ਉਹ ਨੇ ਉਸ ਅੱਗੇ ਪ੍ਰਾਰਥਨਾ ਕੀਤੀ।” ਮਨੱਸ਼ਹ ਨੇ ਦਿਲੋਂ ਤੋਬਾ ਕੀਤੀ ਅਤੇ ਚੰਗੇ ਕੰਮ ਕਰਨ ਲੱਗ ਪਿਆ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ।—2 ਇਤ. 33:12, 13.

ਪਰ ਇਹ ਨਾ ਸੋਚੋ ਕਿ ਤੁਹਾਨੂੰ ਇੱਕੋ ਵਾਰ ਸਾਰੀਆਂ ਜ਼ਿੰਮੇਵਾਰੀ ਵਾਪਸ ਮਿਲ ਜਾਣਗੀਆਂ। ਸਮੇਂ ਦੇ ਬੀਤਣ ਨਾਲ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲ ਜਾਵੇ। ਇਸ ਨੂੰ ਖ਼ੁਸ਼ੀ-ਖ਼ੁਸ਼ੀ ਕਬੂਲ ਕਰੋ ਤੇ ਜੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਹੋਰ ਵੀ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੀ ਹਾਲਤ ਹੁਣ ਫਟਾਫਟ ਪਹਿਲਾਂ ਵਾਂਗ ਹੋ ਜਾਵੇਗੀ। ਹੋ ਸਕਦਾ ਕਿ ਤੁਹਾਨੂੰ ਕਦੇ-ਕਦੇ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਵੇ। ਫਿਰ ਵੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਰਹਿਣ ਤੇ ਨਿਭਾਉਂਦੇ ਰਹਿਣ ਨਾਲ ਤੁਹਾਨੂੰ ਚੰਗਾ ਫਲ ਮਿਲੇਗਾ।

ਜ਼ਰਾ ਯਾਕੂਬ ਦੇ ਪੁੱਤਰ ਯੂਸੁਫ਼ ਦੀ ਮਿਸਾਲ ’ਤੇ ਗੌਰ ਕਰੋ। 17 ਸਾਲਾਂ ਦੀ ਉਮਰ ਤੇ ਯੂਸੁਫ਼ ਦੇ ਭਰਾਵਾਂ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਤੇ ਉਸ ਨੂੰ ਗ਼ੁਲਾਮੀ ਕਰਨ ਲਈ ਵੇਚ ਦਿੱਤਾ। (ਉਤ. 37:2, 26-28) ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਭਰਾ ਉਸ ਨਾਲ ਇੱਦਾਂ ਕਰਨਗੇ। ਫਿਰ ਵੀ ਉਸ ਨੇ ਇਨ੍ਹਾਂ ਹਾਲਾਤਾਂ ਕਰਕੇ ਹਾਰ ਨਹੀਂ ਮੰਨੀ ਤੇ ਯਹੋਵਾਹ ਦੀ ਬਰਕਤ ਨਾਲ ਉਸ ਦੇ ਮਾਲਕ ਨੇ ਉਸ ਨੂੰ ਆਪਣੇ ਘਰ-ਬਾਰ ਉੱਤੇ ਸਾਰਾ ਅਧਿਕਾਰ ਦੇ ਦਿੱਤਾ। (ਉਤ. 39:2) ਬਾਅਦ ਵਿਚ ਯੂਸੁਫ਼ ਨੂੰ ਕੈਦ ਵਿਚ ਸੁੱਟ ਦਿੱਤਾ ਗਿਆ। ਤਾਂ ਵੀ ਯੂਸੁਫ਼ ਵਫ਼ਾਦਾਰ ਰਿਹਾ ਅਤੇ ਯਹੋਵਾਹ ਉਸ ਦੇ ਨਾਲ ਸੀ ਜਿਸ ਕਰਕੇ ਉਸ ਨੂੰ ਜਲਦੀ ਹੀ ਜੇਲ੍ਹ ਦੇ ਕੈਦੀਆਂ ਉੱਤੇ ਠਹਿਰਾ ਦਿੱਤਾ ਗਿਆ।—ਉਤ. 39:21-23.

ਯੂਸੁਫ਼ ਨੂੰ ਨਹੀਂ ਸੀ ਪਤਾ ਕਿ ਇਸ ਸਭ ਕਾਸੇ ਨਾਲ ਯਹੋਵਾਹ ਦਾ ਮਕਸਦ ਪੂਰਾ ਹੋਣਾ ਸੀ। ਉਹ ਉਹੀ ਕੁਝ ਕਰਦਾ ਰਿਹਾ ਜੋ ਉਹ ਕਰ ਸਕਦਾ ਸੀ। ਯਹੋਵਾਹ ਨੇ ਉਸ ਨੂੰ ਵਰਤ ਕੇ ਉਸ ਵੰਸ ਨੂੰ ਬਚਾਇਆ ਜਿਸ ਵਿੱਚੋਂ ਵਾਅਦਾ ਕੀਤੀ ਹੋਈ ਸੰਤਾਨ ਨੇ ਆਉਣਾ ਸੀ। (ਉਤ. 3:15; 45:5-8) ਭਾਵੇਂ ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਯਹੋਵਾਹ ਸਾਨੂੰ ਯੂਸੁਫ਼ ਦੀ ਤਰ੍ਹਾਂ ਆਪਣਾ ਮਕਸਦ ਪੂਰਾ ਕਰਨ ਲਈ ਵਰਤੇਗਾ, ਪਰ ਯੂਸੁਫ਼ ਦੇ ਇਸ ਬਿਰਤਾਂਤ ਤੋਂ ਜ਼ਾਹਰ ਹੈ ਕਿ ਉਸ ਦੇ ਸੇਵਕਾਂ ਨੂੰ ਜੋ ਵੀ ਜ਼ਿੰਮੇਵਾਰੀਆਂ ਮਿਲਦੀਆਂ ਹਨ, ਉਨ੍ਹਾਂ ਦੇ ਪਿੱਛੇ ਯਹੋਵਾਹ ਦਾ ਹੱਥ ਹੈ। ਸੋ ਯੂਸੁਫ਼ ਦੀ ਨਕਲ ਕਰ ਕੇ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਰਹੋ।

ਔਖੇ ਤਜਰਬਿਆਂ ਤੋਂ ਸਿੱਖੋ

ਅੱਯੂਬ, ਮਨੱਸ਼ਹ ਅਤੇ ਯੂਸੁਫ਼ ਨਿਰਾਸ਼ਾ-ਭਰੇ ਹਾਲਾਤਾਂ ਵਿੱਚੋਂ ਗੁਜ਼ਰੇ ਸਨ। ਤਿੰਨਾਂ ਆਦਮੀਆਂ ਨੇ ਉਨ੍ਹਾਂ ਹਾਲਾਤਾਂ ਨੂੰ ਕਬੂਲ ਕੀਤਾ ਜੋ ਯਹੋਵਾਹ ਨੇ ਉਨ੍ਹਾਂ ਉੱਤੇ ਆਉਣ ਦਿੱਤੇ ਤੇ ਤਿੰਨਾਂ ਨੇ ਇਨ੍ਹਾਂ ਤੋਂ ਵਧੀਆ ਸਬਕ ਸਿੱਖੇ। ਤੁਸੀਂ ਕੀ ਸਿੱਖ ਸਕਦੇ ਹੋ?

ਦੇਖੋ ਕਿ ਯਹੋਵਾਹ ਤੁਹਾਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਿਰਾਸ਼ਾ ਦਾ ਸਾਮ੍ਹਣਾ ਕਰਦਿਆਂ ਅੱਯੂਬ ਆਪਣੇ ਹੀ ਬਾਰੇ ਸੋਚ ਰਿਹਾ ਸੀ ਅਤੇ ਯਹੋਵਾਹ ਬਾਰੇ ਭੁੱਲ ਗਿਆ। ਪਰ ਯਹੋਵਾਹ ਨੇ ਪਿਆਰ ਨਾਲ ਉਸ ਨੂੰ ਤਾੜਨਾ ਦਿੱਤੀ ਜਿਸ ਤੋਂ ਬਾਅਦ ਅੱਯੂਬ ਨੇ ਆਪਣਾ ਨਜ਼ਰੀਆ ਸੁਧਾਰਿਆ। ਉਸ ਨੇ ਮੰਨਿਆ: “ਮੈਂ ਉਹ ਬਕਿਆ ਜਿਹ ਨੂੰ ਮੈਂ ਨਾ ਸਮਝਿਆ।” (ਅੱਯੂ. 42:3) ਤੁਹਾਡੇ ਤੋਂ ਜ਼ਿੰਮੇਵਾਰੀਆਂ ਲੈ ਲਏ ਜਾਣ ਤੇ ਜੇ ਤੁਹਾਨੂੰ ਬੁਰਾ ਲੱਗਾ ਹੈ, ਤਾਂ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ ਸਗੋਂ ਸੁਰਤ ਨਾਲ ਸਮਝੋ।’ (ਰੋਮੀ. 12:3) ਯਹੋਵਾਹ ਸ਼ਾਇਦ ਤੁਹਾਨੂੰ ਉਸ ਤਰੀਕੇ ਨਾਲ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਤੁਹਾਨੂੰ ਅਜੇ ਚੰਗੀ ਤਰ੍ਹਾਂ ਸਮਝ ਨਹੀਂ ਆਇਆ।

ਤਾੜਨਾ ਕਬੂਲ ਕਰੋ। ਮਨੱਸ਼ਹ ਨੇ ਪਹਿਲਾਂ-ਪਹਿਲਾਂ ਸ਼ਾਇਦ ਸੋਚਿਆ ਹੋਵੇ ਕਿ ਉਸ ਨੂੰ ਬਹੁਤ ਸਖ਼ਤ ਤਾੜਨਾ ਦਿੱਤੀ ਗਈ ਸੀ ਜੋ ਉਸ ਦੇ ਭਾਣੇ ਜਾਇਜ਼ ਨਹੀਂ ਸੀ। ਫਿਰ ਵੀ ਉਸ ਨੇ ਤਾੜਨਾ ਕਬੂਲ ਕੀਤੀ, ਤੋਬਾ ਕੀਤੀ ਅਤੇ ਬੁਰੇ ਕੰਮ ਕਰਨੇ ਛੱਡ ਦਿੱਤੇ। ਤਾੜਨਾ ਮਿਲਣ ਤੇ ਤੁਸੀਂ ਭਾਵੇਂ ਜਿੱਦਾਂ ਮਰਜ਼ੀ ਮਹਿਸੂਸ ਕਰੋ, ਫਿਰ ਵੀ ‘ਯਹੋਵਾਹ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ।’—1 ਪਤ. 5:6; ਯਾਕੂ. 4:10.

ਧੀਰਜ ਰੱਖੋ ਤੇ ਤਿਆਰ ਰਹੋ। ਜੋ ਕੁਝ ਯੂਸੁਫ਼ ਨਾਲ ਹੋਇਆ, ਉਸ ਕਰਕੇ ਉਹ ਨਫ਼ਰਤ ਤੇ ਬਦਲੇ ਦੀ ਅੱਗ ਵਿਚ ਸੜ-ਬਲ ਸਕਦਾ ਸੀ। ਇਸ ਦੀ ਬਜਾਇ ਉਸ ਨੇ ਸਮਝ ਤੋਂ ਕੰਮ ਲਿਆ ਤੇ ਦਇਆ ਦਿਖਾਈ। (ਉਤ. 50:15-21) ਜੇ ਤੁਸੀਂ ਨਿਰਾਸ਼ ਹੋ, ਤਾਂ ਧੀਰਜ ਰੱਖੋ। ਯਹੋਵਾਹ ਤੋਂ ਸਿੱਖਣ ਲਈ ਤਿਆਰ ਰਹੋ।

ਕੀ ਤੁਸੀਂ ਕਦੇ ਮਸੀਹੀ ਕਲੀਸਿਯਾ ਵਿਚ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕੀਤੀ ਸੀ? ਯਹੋਵਾਹ ਨੂੰ ਮੌਕਾ ਦਿਓ ਕਿ ਉਹ ਤੁਹਾਨੂੰ ਦੁਬਾਰਾ ਜ਼ਿੰਮੇਵਾਰੀਆਂ ਦੇਵੇ। ਯਹੋਵਾਹ ਨਾਲ ਆਪਣਾ ਰਿਸ਼ਤਾ ਪੱਕਾ ਕਰੋ। ਧੀਰਜ ਰੱਖੋ ਤੇ ਨਿਮਰ ਹੋਵੋ। ਜੋ ਵੀ ਜ਼ਿੰਮੇਵਾਰੀਆਂ ਮਿਲਦੀਆਂ ਹਨ, ਖ਼ੁਸ਼ੀ ਨਾਲ ਕਬੂਲ ਕਰੋ। ਭਰੋਸਾ ਰੱਖੋ ਕਿ ‘ਯਹੋਵਾਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕੇਗਾ।’—ਜ਼ਬੂ. 84:11.

[ਸਫ਼ਾ 30 ਉੱਤੇ ਸੁਰਖੀ]

ਦਿਲੋਂ ਪ੍ਰਾਰਥਨਾ ਕਰ ਕੇ ਨਿਹਚਾ ਵਿਚ ਤਕੜੇ ਹੋਵੋ

[ਸਫ਼ਾ 31 ਉੱਤੇ ਤਸਵੀਰ]

ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਨਾਲ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਪੱਕਾ ਕਰੋ

[ਸਫ਼ਾ 32 ਉੱਤੇ ਤਸਵੀਰ]

ਯਹੋਵਾਹ ਨੂੰ ਮੌਕਾ ਦਿਓ ਕਿ ਉਹ ਤੁਹਾਨੂੰ ਦੁਬਾਰਾ ਜ਼ਿੰਮੇਵਾਰੀਆਂ ਦੇਵੇ