Skip to content

Skip to table of contents

ਯਿਸੂ ਮਸੀਹ ਵਰਗਾ ਰਵੱਈਆ ਰੱਖੋ

ਯਿਸੂ ਮਸੀਹ ਵਰਗਾ ਰਵੱਈਆ ਰੱਖੋ

ਯਿਸੂ ਮਸੀਹ ਵਰਗਾ ਰਵੱਈਆ ਰੱਖੋ

“ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ।”—ਰੋਮੀ. 15:5.

1. ਸਾਨੂੰ ਮਸੀਹ ਵਰਗਾ ਰਵੱਈਆ ਕਿਉਂ ਅਪਣਾਉਣਾ ਚਾਹੀਦਾ ਹੈ?

ਯਿਸੂ ਮਸੀਹ ਨੇ ਕਿਹਾ: “ਮੇਰੇ ਕੋਲ ਆਓ . . . ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।” (ਮੱਤੀ 11:28, 29) ਪਿਆਰ ਨਾਲ ਦਿੱਤੇ ਇਸ ਸੱਦੇ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਰਵੱਈਆ ਕਿੰਨਾ ਚੰਗਾ ਸੀ। ਹੋਰ ਕੋਈ ਇਨਸਾਨ ਉਸ ਵਰਗੀ ਮਿਸਾਲ ਕਾਇਮ ਨਹੀਂ ਕਰ ਸਕਿਆ। ਭਾਵੇਂ ਉਹ ਪਰਮੇਸ਼ੁਰ ਦਾ ਸ਼ਕਤੀਸ਼ਾਲੀ ਪੁੱਤਰ ਸੀ, ਫਿਰ ਵੀ ਯਿਸੂ ਨੇ ਲੋੜਵੰਦਾਂ ਨਾਲ ਹਮਦਰਦੀ ਜਤਾਈ ਤੇ ਉਨ੍ਹਾਂ ਨਾਲ ਕੋਮਲਤਾ ਨਾਲ ਪੇਸ਼ ਆਇਆ।

2. ਯਿਸੂ ਦੇ ਰਵੱਈਏ ਬਾਰੇ ਅਸੀਂ ਕਿਹੜੀਆਂ ਗੱਲਾਂ ’ਤੇ ਗੌਰ ਕਰਾਂਗੇ?

2 ਇਸ ਲੇਖ ਅਤੇ ਅਗਲੇ ਦੋ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਵੇਂ ਯਿਸੂ ਵਰਗਾ ਰਵੱਈਆ ਅਪਣਾ ਕੇ ਉਸ ਨੂੰ ਬਰਕਰਾਰ ਰੱਖ ਸਕਦੇ ਹਾਂ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ “ਮਸੀਹ ਦੀ ਬੁੱਧੀ” ਅਨੁਸਾਰ ਕਿਵੇਂ ਚੱਲ ਸਕਦੇ ਹਾਂ। (1 ਕੁਰਿੰ. 2:16) ਅਸੀਂ ਖ਼ਾਸ ਕਰਕੇ ਪੰਜ ਗੱਲਾਂ ’ਤੇ ਗੌਰ ਕਰਾਂਗੇ: ਯਿਸੂ ਦੀ ਨਰਮਾਈ, ਕੋਮਲਤਾ, ਪਰਮੇਸ਼ੁਰ ਪ੍ਰਤਿ ਉਸ ਦੀ ਆਗਿਆਕਾਰੀ, ਹਿੰਮਤ ਅਤੇ ਬੇਮਿਸਾਲ ਪਿਆਰ।

ਯਿਸੂ ਦੀ ਨਰਮਾਈ ਤੋਂ ਸਿੱਖੋ

3. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਨਰਮਾਈ ਨਾਲ ਪੇਸ਼ ਆਉਣਾ ਕਿਵੇਂ ਸਿਖਾਇਆ? (ਅ) ਚੇਲਿਆਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਯਿਸੂ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ?

3 ਪਰਮੇਸ਼ੁਰ ਦੇ ਮੁਕੰਮਲ ਪੁੱਤਰ ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਧਰਤੀ ’ਤੇ ਆ ਕੇ ਨਾਮੁਕੰਮਲ ਤੇ ਪਾਪੀ ਇਨਸਾਨਾਂ ਦੀ ਟਹਿਲ ਕੀਤੀ। ਇਨ੍ਹਾਂ ਵਿੱਚੋਂ ਕੁਝ ਜਣਿਆਂ ਨੇ ਬਾਅਦ ਵਿਚ ਉਸ ਨੂੰ ਮਾਰ ਦੇਣਾ ਸੀ। ਫਿਰ ਵੀ ਯਿਸੂ ਨੇ ਖ਼ੁਦ ’ਤੇ ਕਾਬੂ ਰੱਖਿਆ ਤੇ ਖ਼ੁਸ਼ ਰਿਹਾ। (1 ਪਤ. 2:21-23) ਯਿਸੂ ਦੀ ਮਿਸਾਲ ਵੱਲ ‘ਤੱਕਦੇ ਰਹਿਣ’ ਨਾਲ ਸਾਨੂੰ ਵੀ ਉਸ ਵਰਗਾ ਨਜ਼ਰੀਆ ਰੱਖਣ ਵਿਚ ਮਦਦ ਮਿਲੇਗੀ ਜਦੋਂ ਹੋਰਨਾਂ ਲੋਕਾਂ ਦੀਆਂ ਕਮੀਆਂ-ਕਮਜ਼ੋਰੀਆਂ ਸਾਨੂੰ ਪ੍ਰਭਾਵਿਤ ਕਰਦੀਆਂ ਹਨ। (ਇਬ. 12:2) ਯਿਸੂ ਨੇ ਆਪਣੇ ਚੇਲਿਆਂ ਨੂੰ ਸੱਦਾ ਦਿੱਤਾ ਕਿ ਉਹ ਉਸ ਦੇ ਜੂਲੇ ਹੇਠ ਆ ਜਾਣ ਤੇ ਉਸ ਤੋਂ ਸਿੱਖਣ। (ਮੱਤੀ 11:29) ਚੇਲੇ ਉਸ ਤੋਂ ਕੀ ਸਿੱਖ ਸਕਦੇ ਸਨ? ਯਿਸੂ ਆਪਣੇ ਚੇਲਿਆਂ ਦੀਆਂ ਗ਼ਲਤੀਆਂ ਦੇ ਬਾਵਜੂਦ ਉਨ੍ਹਾਂ ਨਾਲ ਨਰਮਾਈ ਤੇ ਧੀਰਜ ਨਾਲ ਪੇਸ਼ ਆਇਆ। ਉਸ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਚੇਲਿਆਂ ਦੇ ਪੈਰ ਧੋਤੇ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ‘ਮਨ ਦੇ ਗ਼ਰੀਬ’ ਬਣਨਾ ਸਿਖਾਇਆ। ਚੇਲੇ ਇਸ ਗੱਲ ਨੂੰ ਕਦੇ ਭੁਲਾ ਨਹੀਂ ਸਕਦੇ ਸਨ। (ਯੂਹੰਨਾ 13:14-17 ਪੜ੍ਹੋ।) ਬਾਅਦ ਵਿਚ ਜਦੋਂ ਪਤਰਸ, ਯਾਕੂਬ ਅਤੇ ਯੂਹੰਨਾ ‘ਜਾਗਦੇ ਨਾ ਰਹੇ,’ ਤਾਂ ਯਿਸੂ ਉਨ੍ਹਾਂ ਦੀ ਹਾਲਤ ਸਮਝਦਾ ਸੀ। ਉਸ ਨੇ ਪੁੱਛਿਆ: “ਹੇ ਸ਼ਮਊਨ, ਤੂੰ ਸੌਂਦਾ ਹੈਂ?” ਫਿਰ ਉਸ ਨੇ ਕਿਹਾ: “ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ, ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”—ਮਰ. 14:32-38.

4, 5. ਯਿਸੂ ਦੀ ਮਿਸਾਲ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨਾਲ ਸਿੱਝਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

4 ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ ਜੋ ਮੁਕਾਬਲੇਬਾਜ਼ੀ ਦੀ ਭਾਵਨਾ ਰੱਖਦੇ ਹਨ, ਛੋਟੀ-ਮੋਟੀ ਗੱਲ ’ਤੇ ਝੱਟ ਨਾਰਾਜ਼ ਹੋ ਜਾਂਦੇ ਹਨ, ਬਜ਼ੁਰਗਾਂ ਜਾਂ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਮਿਲਦੀ ਸਲਾਹ ’ਤੇ ਚੱਲਣ ਵਿਚ ਢਿੱਲ-ਮੱਠ ਕਰਦੇ ਹਨ? (ਮੱਤੀ 24:45-47) ਹਾਲਾਂਕਿ ਅਸੀਂ ਦੁਨੀਆਂ ਦੇ ਲੋਕਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਨ ਲਈ ਤਿਆਰ ਹੋ ਜਾਂਦੇ ਹਾਂ, ਪਰ ਜਦੋਂ ਅਸੀਂ ਇਹੀ ਕਮਜ਼ੋਰੀਆਂ ਆਪਣੇ ਭੈਣਾਂ-ਭਰਾਵਾਂ ਵਿਚ ਦੇਖਦੇ ਹਾਂ, ਤਾਂ ਸ਼ਾਇਦ ਸਾਨੂੰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਲੱਗੇ। ਜੇ ਭੈਣਾਂ-ਭਰਾਵਾਂ ਦੀਆਂ ਕਮਜ਼ੋਰੀਆਂ ਕਰਕੇ ਅਸੀਂ ਛੇਤੀ ਨਾਰਾਜ਼ ਹੋ ਜਾਂਦੇ ਹਾਂ, ਤਾਂ ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ “ਮਸੀਹ ਦੀ ਬੁੱਧੀ” ਅਨੁਸਾਰ ਹੋਰ ਚੰਗੀ ਤਰ੍ਹਾਂ ਕਿਵੇਂ ਚੱਲ ਸਕਦਾ ਹਾਂ?’ ਯਾਦ ਕਰੋ ਕਿ ਯਿਸੂ ਉਦੋਂ ਵੀ ਆਪਣੇ ਚੇਲਿਆਂ ਨਾਲ ਨਾਰਾਜ਼ ਨਹੀਂ ਹੋਇਆ ਸੀ ਜਦੋਂ ਉਹ ਉਸ ਵਾਂਗ ਨਹੀਂ ਸੋਚਦੇ ਸਨ।

5 ਪਤਰਸ ਰਸੂਲ ਦੀ ਹੀ ਮਿਸਾਲ ਲੈ ਲਓ। ਜਦੋਂ ਯਿਸੂ ਨੇ ਪਤਰਸ ਨੂੰ ਕਿਹਾ ਕਿ ਉਹ ਬੇੜੀ ਵਿੱਚੋਂ ਨਿਕਲ ਕੇ ਪਾਣੀ ਉੱਤੇ ਤੁਰ ਕੇ ਉਸ ਵੱਲ ਆਵੇ, ਤਾਂ ਪਤਰਸ ਥੋੜ੍ਹੇ ਚਿਰ ਲਈ ਪਾਣੀ ਉੱਤੇ ਤੁਰਿਆ। ਫਿਰ ਜਦੋਂ ਪਤਰਸ ਨੇ ਦੇਖਿਆ ਕਿ ਹਨੇਰੀ ਕਿੰਨੀ ਤੇਜ਼ ਚੱਲ ਰਹੀ ਸੀ, ਤਾਂ ਉਹ ਡੁੱਬਣ ਲੱਗ ਪਿਆ। ਕੀ ਯਿਸੂ ਨੇ ਗੁੱਸੇ ਹੋ ਕੇ ਉਸ ਨੂੰ ਇਹ ਕਿਹਾ: “ਚੰਗਾ ਹੋਇਆ, ਤੇਰੇ ਨਾਲ ਇੱਦਾਂ ਹੀ ਹੋਣਾ ਚਾਹੀਦਾ ਸੀ”? ਨਹੀਂ! “ਝੱਟ ਯਿਸੂ ਨੇ ਹੱਥ ਲੰਮਾ ਕਰ ਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੇ ਥੋੜੀ ਪਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ?” (ਮੱਤੀ 14:28-31) ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਭਰਾ ਦੀ ਨਿਹਚਾ ਕਮਜ਼ੋਰ ਹੈ, ਤਾਂ ਕੀ ਅਸੀਂ ਮਾਨੋ ਆਪਣਾ ਹੱਥ ਵਧਾ ਕੇ ਉਸ ਦੀ ਕਿਸੇ ਤਰ੍ਹਾਂ ਮਦਦ ਕਰ ਸਕਦੇ ਹਾਂ ਤਾਂਕਿ ਉਸ ਦੀ ਨਿਹਚਾ ਪੱਕੀ ਹੋਵੇ? ਯਿਸੂ ਨੇ ਪਤਰਸ ਨਾਲ ਨਰਮਾਈ ਵਰਤੀ ਸੀ ਜਿਸ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ।

6. ਵਡਿਆਈ ਬਾਰੇ ਯਿਸੂ ਨੇ ਆਪਣੇ ਰਸੂਲਾਂ ਨੂੰ ਕੀ ਸਿੱਖਿਆ ਦਿੱਤੀ?

6 ਪਤਰਸ ਤੇ ਹੋਰਨਾਂ ਰਸੂਲਾਂ ਵਿਚ ਇਹੀ ਝਗੜਾ ਹੁੰਦਾ ਰਹਿੰਦਾ ਸੀ ਕਿ ਉਨ੍ਹਾਂ ਵਿੱਚੋਂ ਮਹਾਨ ਕੌਣ ਹੈ। ਯਾਕੂਬ ਅਤੇ ਯੂਹੰਨਾ ਯਿਸੂ ਦੇ ਰਾਜ ਵਿਚ ਉਸ ਦੇ ਸੱਜੇ ਤੇ ਖੱਬੇ ਪਾਸੇ ਬੈਠਣਾ ਚਾਹੁੰਦੇ ਸਨ। ਜਦੋਂ ਪਤਰਸ ਅਤੇ ਬਾਕੀ ਰਸੂਲਾਂ ਨੇ ਇਹ ਸੁਣਿਆ, ਤਾਂ ਉਹ ਗੁੱਸੇ ਨਾਲ ਭੜਕ ਉੱਠੇ। ਯਿਸੂ ਨੂੰ ਪਤਾ ਸੀ ਕਿ ਉਨ੍ਹਾਂ ਦੀ ਇਹ ਸੋਚ ਉਸ ਸਮਾਜ ਵਿਚ ਰਹਿਣ ਕਰਕੇ ਸੀ ਜਿਸ ਵਿਚ ਉਹ ਜੰਮੇ-ਪਲੇ ਸਨ। ਉਨ੍ਹਾਂ ਨੂੰ ਕੋਲ ਬੁਲਾ ਕੇ ਉਸ ਨੇ ਕਿਹਾ: “ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਓਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਂਸ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।” ਯਿਸੂ ਨੇ ਆਪਣੀ ਮਿਸਾਲ ਦਿੰਦੇ ਹੋਏ ਕਿਹਾ: “ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।”—ਮੱਤੀ 20:20-28.

7. ਕਲੀਸਿਯਾ ਦੀ ਏਕਤਾ ਵਧਾਉਣ ਵਿਚ ਅਸੀਂ ਕਿਵੇਂ ਯੋਗਦਾਨ ਪਾ ਸਕਦੇ ਹਾਂ?

7 ਜੇ ਅਸੀਂ ਯਿਸੂ ਦੇ ਨਿਮਰ ਰਵੱਈਏ ਬਾਰੇ ਸੋਚਾਂਗੇ, ਤਾਂ ਅਸੀਂ ਖ਼ੁਦ ਨੂੰ ਆਪਣੇ ਭਰਾਵਾਂ ਨਾਲੋਂ “ਛੋਟਾ” ਸਮਝਾਂਗੇ। (ਲੂਕਾ 9:46-48) ਇੱਦਾਂ ਕਰਨ ਨਾਲ ਏਕਤਾ ਵਧਦੀ ਹੈ। ਇਕ ਵੱਡੇ ਪਰਿਵਾਰ ਦੇ ਪਿਤਾ ਦੀ ਤਰ੍ਹਾਂ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਬੱਚੇ “ਮਿਲ ਜੁਲ ਕੇ ਵੱਸਣ।” (ਜ਼ਬੂ. 133:1) ਯਿਸੂ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਸਾਰੇ ਸੱਚੇ ਮਸੀਹੀਆਂ ਵਿਚ ਏਕਾ ਹੋਵੇ ਜਿਸ ਤੋਂ “ਜਗਤ ਜਾਣ ਲਵੇ ਜੋ ਤੈਂ ਮੈਨੂੰ ਘੱਲਿਆ ਅਤੇ ਓਹਨਾਂ ਨਾਲ ਪਿਆਰ ਕੀਤਾ ਜਿਵੇਂ ਤੈਂ ਮੇਰੇ ਨਾਲ ਪਿਆਰ ਕੀਤਾ।” (ਯੂਹੰ. 17:23) ਇਸ ਏਕੇ ਤੋਂ ਸਾਡੀ ਪਛਾਣ ਹੁੰਦੀ ਹੈ ਕਿ ਅਸੀਂ ਮਸੀਹ ਦੇ ਚੇਲੇ ਹਾਂ। ਏਕਾ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਹੋਰਨਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਯਿਸੂ ਦੇ ਨਜ਼ਰੀਏ ਤੋਂ ਦੇਖੀਏ। ਯਿਸੂ ਮਾਫ਼ ਕਰਨ ਲਈ ਤਿਆਰ ਰਹਿੰਦਾ ਸੀ ਅਤੇ ਉਸ ਨੇ ਸਿਖਾਇਆ ਕਿ ਦੂਜਿਆਂ ਨੂੰ ਮਾਫ਼ ਕਰਨ ਨਾਲ ਹੀ ਸਾਨੂੰ ਮਾਫ਼ੀ ਮਿਲ ਸਕਦੀ ਹੈ।—ਮੱਤੀ 6:14, 15 ਪੜ੍ਹੋ।

8. ਸਾਲਾਂ ਤੋਂ ਪਰਮੇਸ਼ੁਰ ਦੀ ਭਗਤੀ ਕਰਨ ਵਾਲਿਆਂ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

8 ਅਸੀਂ ਉਨ੍ਹਾਂ ਨਿਹਚਾਵਾਨ ਭੈਣਾਂ-ਭਰਾਵਾਂ ਦੀ ਰੀਸ ਕਰ ਕੇ ਵੀ ਕਾਫ਼ੀ ਕੁਝ ਸਿੱਖ ਸਕਦੇ ਹਾਂ ਜੋ ਸਾਲਾਂ ਤੋਂ ਯਿਸੂ ਮਸੀਹ ਦੀ ਰੀਸ ਕਰਦੇ ਆਏ ਹਨ। ਯਿਸੂ ਵਾਂਗ ਇਹ ਭੈਣ-ਭਰਾ ਨਿਹਚਾ ਵਿਚ ਕਮਜ਼ੋਰ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਾਰ ਲੈਂਦੇ ਹਨ। ਉਨ੍ਹਾਂ ਨੇ ਸਿੱਖਿਆ ਹੈ ਕਿ ਮਸੀਹ ਦੀ ਤਰ੍ਹਾਂ ਹਮਦਰਦ ਬਣ ਕੇ ਨਾ ਸਿਰਫ਼ ਅਸੀਂ ‘ਬਲਹੀਣਾਂ ਦੀਆਂ ਨਿਰਬਲਤਾਈਆਂ ਨੂੰ ਸਹਾਰ’ ਸਕਦੇ ਹਾਂ, ਸਗੋਂ ਏਕਤਾ ਵੀ ਵਧਾ ਸਕਦੇ ਹਾਂ। ਇਸ ਤੋਂ ਇਲਾਵਾ, ਸਾਰੀ ਕਲੀਸਿਯਾ ਨੂੰ ਮਸੀਹ ਵਰਗੀ ਸੋਚ ਅਤੇ ਰਵੱਈਆ ਰੱਖਣ ਦੀ ਹੱਲਾਸ਼ੇਰੀ ਵੀ ਮਿਲਦੀ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਭੈਣ-ਭਰਾ ਵੀ ਉਹੀ ਰਵੱਈਆ ਰੱਖਣ ਜਿੱਦਾਂ ਦਾ ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਰੱਖਣ ਲਈ ਕਿਹਾ ਸੀ: “ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ। ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ਬਾਨ ਨਾਲ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ।” (ਰੋਮੀ. 15:1, 5, 6) ਜੀ ਹਾਂ, ਮਿਲ ਕੇ ਭਗਤੀ ਕਰਨ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ।

9. ਯਿਸੂ ਦੀ ਰੀਸ ਕਰਨ ਲਈ ਸਾਨੂੰ ਪਵਿੱਤਰ ਸ਼ਕਤੀ ਦੀ ਕਿਉਂ ਲੋੜ ਹੈ?

9 ਯਿਸੂ ਨੇ ‘ਮਨ ਦੇ ਗ਼ਰੀਬ’ ਹੋਣ ਦਾ ਸੰਬੰਧ ਨਰਮਾਈ ਨਾਲ ਜੋੜਿਆ ਜੋ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਫਲ ਦਾ ਹਿੱਸਾ ਹੈ। ਇਸ ਲਈ ਯਿਸੂ ਬਾਰੇ ਪੜ੍ਹਨ ਦੇ ਨਾਲ-ਨਾਲ ਸਾਨੂੰ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਦੀ ਵੀ ਲੋੜ ਹੈ ਤਾਂਕਿ ਅਸੀਂ ਯਿਸੂ ਦੀ ਮਿਸਾਲ ’ਤੇ ਚੰਗੀ ਤਰ੍ਹਾਂ ਚੱਲ ਸਕੀਏ। ਸਾਨੂੰ ਪਵਿੱਤਰ ਸ਼ਕਤੀ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਇਸ ਦਾ ਫਲ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।” (ਗਲਾ. 5:22, 23) ਯਿਸੂ ਵਾਂਗ ਨਰਮਾਈ ਦਿਖਾ ਕੇ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਖ਼ੁਸ਼ ਕਰਾਂਗੇ।

ਯਿਸੂ ਹੋਰਨਾਂ ਨਾਲ ਦਿਆਲਤਾ ਨਾਲ ਪੇਸ਼ ਆਇਆ

10. ਯਿਸੂ ਨੇ ਦਿਆਲਤਾ ਕਿਵੇਂ ਦਿਖਾਈ?

10 “ਦਿਆਲਗੀ” ਵੀ ਪਵਿੱਤਰ ਸ਼ਕਤੀ ਦੇ ਫਲ ਦਾ ਹਿੱਸਾ ਹੈ। ਯਿਸੂ ਹਮੇਸ਼ਾ ਦੂਸਰਿਆਂ ਨਾਲ ਦਿਆਲਤਾ ਨਾਲ ਪੇਸ਼ ਆਉਂਦਾ ਸੀ। ਜਿਹੜੇ ਲੋਕ ਯਿਸੂ ਕੋਲ ਆਉਂਦੇ ਸਨ, ਉਨ੍ਹਾਂ ਨੇ ਦੇਖਿਆ ਕਿ ਯਿਸੂ ਉਨ੍ਹਾਂ ਨੂੰ ਦਿਆਲਤਾ ਨਾਲ ‘ਕਬੂਲ ਕਰਦਾ’ ਸੀ ਯਾਨੀ ਉਨ੍ਹਾਂ ਦਾ ਸੁਆਗਤ ਕਰਦਾ ਸੀ। (ਲੂਕਾ 9:11 ਪੜ੍ਹੋ।) ਯਿਸੂ ਦੀ ਦਿਆਲਤਾ ਤੋਂ ਅਸੀਂ ਕੀ ਸਿੱਖਦੇ ਹਾਂ? ਦਿਆਲੂ ਇਨਸਾਨ ਦੋਸਤਾਨਾ ਸੁਭਾਅ ਵਾਲਾ, ਕੋਮਲ, ਹਮਦਰਦ ਅਤੇ ਮਿਲਣਸਾਰ ਹੁੰਦਾ ਹੈ। ਯਿਸੂ ਦਾ ਸੁਭਾਅ ਇਹੋ ਜਿਹਾ ਸੀ। ਉਸ ਨੂੰ ਲੋਕਾਂ ’ਤੇ ਤਰਸ ਆਉਂਦਾ ਸੀ ‘ਕਿਉਂ ਜੋ ਉਹ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।’—ਮੱਤੀ 9:35, 36.

11, 12. (ੳ) ਇਕ ਮਿਸਾਲ ਦਿਓ ਜਦੋਂ ਯਿਸੂ ਨੇ ਹਮਦਰਦੀ ਦਿਖਾਉਣ ਦੇ ਨਾਲ-ਨਾਲ ਕੁਝ ਕਰ ਕੇ ਵੀ ਦਿਖਾਇਆ। (ਅ) ਇਸ ਮਿਸਾਲ ਤੋਂ ਤੁਸੀਂ ਕੀ ਸਿੱਖਦੇ ਹੋ?

11 ਯਿਸੂ ਨੇ ਲੋਕਾਂ ’ਤੇ ਤਰਸ ਖਾਣ ਅਤੇ ਹਮਦਰਦੀ ਦਿਖਾਉਣ ਦੇ ਨਾਲ-ਨਾਲ ਕੁਝ ਕੀਤਾ ਵੀ। ਇਕ ਮਿਸਾਲ ’ਤੇ ਗੌਰ ਕਰੋ। ਇਕ ਔਰਤ ਦੇ 12 ਸਾਲਾਂ ਤੋਂ ਲਹੂ ਵਹਿੰਦਾ ਸੀ। ਉਹ ਜਾਣਦੀ ਸੀ ਕਿ ਸ਼ਰ੍ਹਾ ਦੇ ਅਨੁਸਾਰ ਉਹ ਅਸ਼ੁੱਧ ਸੀ ਤੇ ਜੇ ਕੋਈ ਉਸ ਨੂੰ ਛੂੰਹਦਾ, ਤਾਂ ਉਸ ਨੇ ਵੀ ਅਸ਼ੁੱਧ ਹੋ ਜਾਣਾ ਸੀ। (ਲੇਵੀ. 15:25-27) ਫਿਰ ਵੀ, ਯਿਸੂ ਦੀ ਨੇਕ-ਨਾਮੀ ਅਤੇ ਲੋਕਾਂ ਨਾਲ ਉਸ ਦਾ ਵਰਤਾਓ ਦੇਖ ਕੇ ਉਸ ਔਰਤ ਨੂੰ ਵਿਸ਼ਵਾਸ ਹੋ ਗਿਆ ਕਿ ਯਿਸੂ ਉਸ ਨੂੰ ਠੀਕ ਕਰ ਸਕਦਾ ਸੀ। ਉਹ ਆਪਣੇ ਆਪ ਨੂੰ ਕਹੀ ਜਾਂਦੀ ਸੀ: “ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਹੀ ਛੋਹਾਂ ਤਾਂ ਚੰਗੀ ਹੋ ਜਾਵਾਂਗੀ।” ਉਸ ਨੇ ਹਿੰਮਤ ਜੁਟਾ ਕੇ ਯਿਸੂ ਨੂੰ ਛੋਹਿਆ ਤੇ ਉਸ ਨੂੰ ਤੁਰੰਤ ਅਹਿਸਾਸ ਹੋਇਆ ਕਿ ਉਹ ਰਾਜ਼ੀ ਹੋ ਗਈ ਸੀ।

12 ਯਿਸੂ ਨੂੰ ਪਤਾ ਲੱਗ ਗਿਆ ਕਿ ਕਿਸੇ ਨੇ ਉਸ ਨੂੰ ਛੋਹਿਆ ਸੀ ਤੇ ਉਸ ਨੇ ਆਸੇ-ਪਾਸੇ ਦੇਖਿਆ ਕਿ ਉਹ ਕੌਣ ਸੀ। ਔਰਤ ਡਰਦੀ ਸੀ ਕਿ ਉਸ ਨੇ ਯਿਸੂ ਨੂੰ ਛੋਹ ਕੇ ਕਾਨੂੰਨ ਤੋੜਿਆ ਸੀ, ਇਸ ਲਈ ਉਹ ਥਰ-ਥਰ ਕੰਬਦੀ ਹੋਈ ਯਿਸੂ ਦੇ ਪੈਰਾਂ ’ਤੇ ਡਿੱਗ ਪਈ ਤੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। ਕੀ ਯਿਸੂ ਨੇ ਇਸ ਦੁਖਿਆਰੀ ਨੂੰ ਝਿੜਕਿਆ? ਬਿਲਕੁਲ ਨਹੀਂ! ਉਸ ਨੂੰ ਯਕੀਨ ਦਿਵਾਉਂਦੇ ਹੋਏ ਯਿਸੂ ਨੇ ਕਿਹਾ: “ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।” (ਮਰ. 5:25-34) ਇਹ ਸ਼ਬਦ ਸੁਣ ਕੇ ਉਸ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ!

13. (ੳ) ਯਿਸੂ ਦਾ ਰਵੱਈਆ ਫ਼ਰੀਸੀਆਂ ਦੇ ਰਵੱਈਏ ਤੋਂ ਵੱਖਰਾ ਕਿਵੇਂ ਸੀ? (ਅ) ਯਿਸੂ ਨੇ ਨਿਆਣਿਆਂ ਨਾਲ ਕਿਹੋ ਜਿਹਾ ਸਲੂਕ ਕੀਤਾ?

13 ਪੱਥਰ-ਦਿਲ ਫ਼ਰੀਸੀਆਂ ਦੇ ਉਲਟ ਯਿਸੂ ਨੇ ਕਦੇ ਵੀ ਆਪਣੇ ਅਧਿਕਾਰ ਨੂੰ ਧੌਂਸ ਜਮਾਉਣ ਲਈ ਨਹੀਂ ਵਰਤਿਆ ਤੇ ਲੋਕਾਂ ਉੱਤੇ ਵਾਧੂ ਬੋਝ ਨਹੀਂ ਪਾਇਆ। (ਮੱਤੀ 23:4) ਇਸ ਦੀ ਬਜਾਇ, ਉਸ ਨੇ ਪਿਆਰ ਅਤੇ ਧੀਰਜ ਨਾਲ ਦੂਜਿਆਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਇਆ। ਯਿਸੂ ਆਪਣੇ ਚੇਲਿਆਂ ਨੂੰ ਦਿਲੋਂ ਪਿਆਰ ਕਰਦਾ ਸੀ ਤੇ ਉਨ੍ਹਾਂ ਦਾ ਸੱਚਾ ਦੋਸਤ ਵੀ ਸੀ। (ਕਹਾ. 17:17; ਯੂਹੰ. 15:11-15) ਇੱਥੋਂ ਤਕ ਕਿ ਨਿਆਣਿਆਂ ਨੂੰ ਉਸ ਕੋਲ ਜਾਣਾ ਚੰਗਾ ਲੱਗਦਾ ਸੀ ਤੇ ਯਿਸੂ ਨੂੰ ਵੀ ਨਿਆਣਿਆਂ ਨਾਲ ਹੋਣਾ ਚੰਗਾ ਲੱਗਦਾ ਸੀ। ਉਹ ਨਿਆਣਿਆਂ ਲਈ ਸਮਾਂ ਕੱਢਦਾ ਸੀ। ਜਦੋਂ ਇਕ ਮੌਕੇ ਤੇ ਚੇਲਿਆਂ ਨੇ ਲੋਕਾਂ ਨੂੰ ਯਿਸੂ ਕੋਲ ਨਿਆਣੇ ਲਿਆਉਣ ਤੋਂ ਰੋਕਿਆ, ਤਾਂ ਯਿਸੂ ਨੂੰ ਉਨ੍ਹਾਂ ’ਤੇ ਗੁੱਸਾ ਆਇਆ ਕਿਉਂਕਿ ਚੇਲੇ ਅਜੇ ਵੀ ਧਾਰਮਿਕ ਆਗੂਆਂ ਦੀ ਤਰ੍ਹਾਂ ਆਪਣੇ ਆਪ ਨੂੰ ਹੋਰਨਾਂ ਤੋਂ ਵੱਡੇ ਸਮਝਦੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਏਹੋ ਜਿਹਿਆਂ ਦਾ ਹੈ।” ਫਿਰ ਉਸ ਨੇ ਨਿਆਣਿਆਂ ਦੀ ਉਦਾਹਰਣ ਦੇ ਕੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।”—ਮਰ. 10:13-15.

14. ਜਦੋਂ ਨਿਆਣਿਆਂ ਵਿਚ ਗਹਿਰੀ ਦਿਲਚਸਪੀ ਲਈ ਜਾਂਦੀ ਹੈ, ਤਾਂ ਉਨ੍ਹਾਂ ਨੂੰ ਕੀ ਫ਼ਾਇਦੇ ਹੁੰਦੇ ਹਨ?

14 ਇਕ ਪਲ ਲਈ ਜ਼ਰਾ ਸੋਚੋ ਕਿ ਉਨ੍ਹਾਂ ਨਿਆਣਿਆਂ ਨੇ ਸਾਲਾਂ ਬਾਅਦ ਵੱਡੇ ਹੋ ਕੇ ਕਿਵੇਂ ਮਹਿਸੂਸ ਕੀਤਾ ਹੋਵੇਗਾ ਜਦੋਂ ਉਨ੍ਹਾਂ ਨੇ ਯਾਦ ਕੀਤਾ ਹੋਵੇਗਾ ਕਿ ਯਿਸੂ ਮਸੀਹ ਨੇ ‘ਉਨ੍ਹਾਂ ਨੂੰ ਕੁੱਛੜ ਚੁੱਕਿਆ ਅਰ ਉਨ੍ਹਾਂ ਨੂੰ ਅਸੀਸ ਦਿੱਤੀ।’ (ਮਰ. 10:16) ਅੱਜ ਦੇ ਨਿਆਣੇ ਵੀ ਵੱਡੇ ਹੋ ਕੇ ਉਨ੍ਹਾਂ ਪਲਾਂ ਨੂੰ ਯਾਦ ਕਰਨਗੇ ਜਦੋਂ ਬਜ਼ੁਰਗਾਂ ਅਤੇ ਦੂਸਰੇ ਭੈਣ-ਭਰਾਵਾਂ ਨੇ ਉਨ੍ਹਾਂ ਵਿਚ ਗਹਿਰੀ ਦਿਲਚਸਪੀ ਲਈ ਸੀ। ਜ਼ਰੂਰੀ ਗੱਲ ਤਾਂ ਇਹ ਹੈ ਕਿ ਜੇ ਛੋਟੀ ਉਮਰ ਤੋਂ ਹੀ ਨਿਆਣਿਆਂ ਵਿਚ ਗਹਿਰੀ ਦਿਲਚਸਪੀ ਲਈ ਜਾਵੇ, ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਸ਼ਕਤੀ ਉਸ ਦੇ ਲੋਕਾਂ ਉੱਤੇ ਹੈ।

ਨਿਰਦਈ ਦੁਨੀਆਂ ਵਿਚ ਦਿਆਲੂ ਬਣੋ

15. ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ ਜਦੋਂ ਲੋਕ ਦਿਆਲਗੀ ਨਹੀਂ ਦਿਖਾਉਂਦੇ?

15 ਕਈ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਕੋਲ ਦਿਆਲਤਾ ਭਰੇ ਕੰਮ ਕਰਨ ਦਾ ਵਿਹਲ ਹੀ ਨਹੀਂ। ਇਸ ਲਈ ਹਰ ਰੋਜ਼ ਸਕੂਲੇ, ਕੰਮ ਤੇ, ਸਫ਼ਰ ਕਰਦਿਆਂ ਤੇ ਪ੍ਰਚਾਰ ਕਰਦਿਆਂ ਇਹ ਦੁਨੀਆਂ ਯਹੋਵਾਹ ਦੇ ਭਗਤਾਂ ਨਾਲ ਕਠੋਰਤਾ ਨਾਲ ਪੇਸ਼ ਆਉਂਦੀ ਹੈ। ਲੋਕਾਂ ਦੇ ਕਠੋਰ ਰਵੱਈਏ ਕਰਕੇ ਅਸੀਂ ਸ਼ਾਇਦ ਨਿਰਾਸ਼ ਹੋ ਜਾਈਏ, ਪਰ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਯਹੋਵਾਹ ਨੇ ਪੌਲੁਸ ਦੇ ਰਾਹੀਂ ਸਾਨੂੰ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਭੈੜੇ “ਅੰਤ ਦਿਆਂ ਦਿਨਾਂ ਵਿੱਚ” ਸਾਨੂੰ ਉਨ੍ਹਾਂ ਲੋਕਾਂ ਨਾਲ ਮਿਲਣਾ-ਵਰਤਣਾ ਪਵੇਗਾ ਜੋ ‘ਆਪ ਸੁਆਰਥੀ ਤੇ ਨਿਰਮੋਹ’ ਹਨ।—2 ਤਿਮੋ. 3:1-3.

16. ਅਸੀਂ ਕਲੀਸਿਯਾ ਵਿਚ ਯਿਸੂ ਵਾਂਗ ਦਿਆਲਤਾ ਕਿਵੇਂ ਦਿਖਾ ਸਕਦੇ ਹਾਂ?

16 ਦੂਜੇ ਪਾਸੇ, ਇਸ ਦੁਨੀਆਂ ਦੇ ਭੈੜੇ ਮਾਹੌਲ ਦੇ ਉਲਟ ਸੱਚੀ ਮਸੀਹੀ ਕਲੀਸਿਯਾ ਵਿਚ ਸਾਨੂੰ ਤਾਜ਼ਗੀ ਮਿਲਦੀ ਹੈ। ਯਿਸੂ ਦੀ ਰੀਸ ਕਰ ਕੇ ਅਸੀਂ ਸਾਰੇ ਹੀ ਕਲੀਸਿਯਾ ਦੇ ਮਾਹੌਲ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾ ਸਕਦੇ ਹਾਂ। ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ? ਕਲੀਸਿਯਾ ਵਿਚ ਕਈਆਂ ਨੂੰ ਮਾੜੀ ਸਿਹਤ ਜਾਂ ਹੋਰ ਔਖੇ ਹਾਲਾਤਾਂ ਕਰਕੇ ਸਾਡੀ ਮਦਦ ਤੇ ਹੌਸਲੇ ਦੀ ਲੋੜ ਹੁੰਦੀ ਹੈ। ਇਨ੍ਹਾਂ “ਅੰਤ ਦਿਆਂ ਦਿਨਾਂ ਵਿੱਚ” ਇਹੋ ਜਿਹੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ ਜੋ ਕਿ ਨਵੀਂ ਗੱਲ ਨਹੀਂ ਹੈ। ਪਹਿਲੀ ਸਦੀ ਵਿਚ ਵੀ ਮਸੀਹੀਆਂ ਨੂੰ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਸੀ। ਉਨ੍ਹਾਂ ਮਸੀਹੀਆਂ ਦੀ ਤਰ੍ਹਾਂ ਅੱਜ ਵੀ ਔਖੇ ਹਾਲਾਤਾਂ ਵਿੱਚੋਂ ਲੰਘ ਰਹੇ ਮਸੀਹੀਆਂ ਨੂੰ ਮਦਦ ਦੀ ਲੋੜ ਹੈ। ਇਸ ਲਈ ਪੌਲੁਸ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ, ਸਭਨਾਂ ਨਾਲ ਧੀਰਜ ਕਰੋ।” (1 ਥੱਸ. 5:14) ਇਸ ਦਾ ਮਤਲਬ ਹੈ ਕਿ ਸਾਨੂੰ ਯਿਸੂ ਵਾਂਗ ਦਿਆਲਤਾ ਦੇ ਕੰਮ ਕਰਨੇ ਚਾਹੀਦੇ ਹਨ।

17, 18. ਅਸੀਂ ਕਿਹੜੇ ਤਰੀਕਿਆਂ ਨਾਲ ਯਿਸੂ ਵਾਂਗ ਦਿਆਲਤਾ ਦਿਖਾ ਸਕਦੇ ਹਾਂ?

17 ਮਸੀਹੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ‘ਭਰਾਵਾਂ ਦੀ ਆਗਤ ਭਾਗਤ ਕਰਨ’ ਅਤੇ ਉਨ੍ਹਾਂ ਨਾਲ ਯਿਸੂ ਵਾਂਗ ਪੇਸ਼ ਆਉਣ। ਸਾਨੂੰ ਸਾਰਿਆਂ ਵਿਚ ਗਹਿਰੀ ਦਿਲਚਸਪੀ ਲੈਣੀ ਚਾਹੀਦੀ ਹੈ ਭਾਵੇਂ ਅਸੀਂ ਉਨ੍ਹਾਂ ਨੂੰ ਸਾਲਾਂ ਤੋਂ ਜਾਣਦੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਕਦੇ ਮਿਲੇ ਹੀ ਨਹੀਂ। (3 ਯੂਹੰ. 5-8) ਜਿੱਦਾਂ ਯਿਸੂ ਨੇ ਪਹਿਲ-ਕਦਮੀ ਕਰ ਕੇ ਹੋਰਨਾਂ ਨਾਲ ਹਮਦਰਦੀ ਜਤਾਈ ਸੀ, ਉਸੇ ਤਰ੍ਹਾਂ ਸਾਨੂੰ ਵੀ ਕਰਨਾ ਚਾਹੀਦਾ ਹੈ ਤਾਂਕਿ ਦੂਸਰਿਆਂ ਨੂੰ ਹਮੇਸ਼ਾ ਸਾਡੇ ਤੋਂ ਤਾਜ਼ਗੀ ਮਿਲੇ।—ਯਸਾ. 32:2; ਮੱਤੀ 11:28-30.

18 ਅਸੀਂ ਸਾਰੇ ਹੀ ਦਿਆਲਤਾ ਦੇ ਕੰਮ ਕਰ ਕੇ ਦਿਖਾ ਸਕਦੇ ਹਾਂ ਕਿ ਅਸੀਂ ਦੂਸਰਿਆਂ ਦੀ ਪਰਵਾਹ ਕਰਦੇ ਹਾਂ ਤੇ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦੇ ਹਾਂ। ਸਾਨੂੰ ਦੇਖਣਾ ਚਾਹੀਦਾ ਹੈ ਕਿ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ! ਪੌਲੁਸ ਨੇ ਕਿਹਾ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀ. 12:10) ਮਤਲਬ ਕਿ ਸਾਨੂੰ ਮਸੀਹ ਦੀ ਪੈੜ ਉੱਤੇ ਤੁਰਨਾ, ਹੋਰਨਾਂ ਨਾਲ ਪਿਆਰ ਤੇ ਦਿਆਲਤਾ ਨਾਲ ਪੇਸ਼ ਆਉਣਾ ਅਤੇ “ਨਿਸ਼ਕਪਟ ਪ੍ਰੇਮ” ਕਰਨਾ ਸਿੱਖਣਾ ਚਾਹੀਦਾ ਹੈ। (2 ਕੁਰਿੰ. 6:6) ਪੌਲੁਸ ਨੇ ਮਸੀਹ ਵਰਗੇ ਪਿਆਰ ਦਾ ਇਸ ਤਰ੍ਹਾਂ ਵਰਣਨ ਕੀਤਾ: “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਖੁਣਸ ਨਹੀਂ ਕਰਦਾ। ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ।” (1 ਕੁਰਿੰ. 13:4) ਆਪਣੇ ਭੈਣਾਂ-ਭਰਾਵਾਂ ਲਈ ਦਿਲ ਵਿਚ ਗਿਲੇ-ਸ਼ਿਕਵੇ ਰੱਖਣ ਦੀ ਬਜਾਇ ਸਾਨੂੰ ਇਹ ਸਲਾਹ ਮੰਨਣ ਦੀ ਲੋੜ ਹੈ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।”—ਅਫ਼. 4:32.

19. ਮਸੀਹ ਵਾਂਗ ਦਿਆਲੂ ਬਣਨ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ?

19 ਸਾਨੂੰ ਮਸੀਹ ਵਾਂਗ ਦਿਆਲੂ ਬਣਨਾ ਚਾਹੀਦਾ ਹੈ। ਹਰ ਸਮੇਂ ਅਤੇ ਹਰ ਹਾਲ ਵਿਚ ਦਿਆਲਤਾ ਦਿਖਾਉਣ ਨਾਲ ਸਾਨੂੰ ਬਰਕਤਾਂ ਮਿਲਣਗੀਆਂ। ਸਾਰੀ ਕਲੀਸਿਯਾ ਉੱਤੇ ਯਹੋਵਾਹ ਦੀ ਸ਼ਕਤੀ ਕੰਮ ਕਰੇਗੀ ਤੇ ਹਰ ਕੋਈ ਆਪਣੇ ਵਿਚ ਸ਼ਕਤੀ ਦਾ ਫਲ ਪੈਦਾ ਕਰੇਗਾ। ਇਸ ਤੋਂ ਇਲਾਵਾ, ਜਦੋਂ ਅਸੀਂ ਯਿਸੂ ਦੀ ਪੈੜ ਉੱਤੇ ਚੱਲ ਕੇ ਦੂਸਰਿਆਂ ਨੂੰ ਵੀ ਚੱਲਣ ਦੀ ਹੱਲਾਸ਼ੇਰੀ ਦਿੰਦੇ ਹਾਂ, ਤਾਂ ਅਸੀਂ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰਾਂਗੇ ਜਿਸ ਤੋਂ ਉਹ ਖ਼ੁਸ਼ ਹੋਵੇਗਾ। ਇਸ ਲਈ ਆਓ ਆਪਾਂ ਦੂਜਿਆਂ ਨਾਲ ਨਰਮਾਈ ਅਤੇ ਦਿਆਲਤਾ ਨਾਲ ਪੇਸ਼ ਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਰਹੀਏ।

ਕੀ ਤੁਸੀਂ ਸਮਝਾ ਸਕਦੇ ਹੋ?

• ਯਿਸੂ ਨੇ ਕਿਵੇਂ ਦਿਖਾਇਆ ਕਿ ਉਹ “ਕੋਮਲ ਅਤੇ ਮਨ ਦਾ ਗ਼ਰੀਬ” ਸੀ?

• ਯਿਸੂ ਨੇ ਦਿਆਲਤਾ ਕਿਵੇਂ ਦਿਖਾਈ?

• ਇਸ ਦੁਨੀਆਂ ਵਿਚ ਅਸੀਂ ਕਿਹੜੇ ਤਰੀਕਿਆਂ ਨਾਲ ਮਸੀਹ ਵਾਂਗ ਨਰਮਾਈ ਤੇ ਦਿਆਲਤਾ ਨਾਲ ਪੇਸ਼ ਆ ਸਕਦੇ ਹਾਂ?

[ਸਵਾਲ]

[ਸਫ਼ਾ 8 ਉੱਤੇ ਤਸਵੀਰ]

ਜਦੋਂ ਪਤਰਸ ਵਾਂਗ ਕਿਸੇ ਭਰਾ ਦੀ ਨਿਹਚਾ ਕਮਜ਼ੋਰ ਹੋ ਜਾਂਦੀ ਹੈ, ਤਾਂ ਕੀ ਅਸੀਂ ਮਾਨੋ ਹੱਥ ਵਧਾ ਕੇ ਮਦਦ ਕਰਾਂਗੇ?

[ਸਫ਼ਾ 10 ਉੱਤੇ ਤਸਵੀਰ]

ਕਲੀਸਿਯਾ ਵਿਚ ਦਿਆਲਤਾ ਦਿਖਾਉਣ ਲਈ ਤੁਸੀਂ ਕੀ ਕਰ ਸਕਦੇ ਹੋ?