Skip to content

Skip to table of contents

ਯਿਸੂ ਵਾਂਗ ਆਗਿਆਕਾਰ ਤੇ ਦਲੇਰ ਹੋਵੋ

ਯਿਸੂ ਵਾਂਗ ਆਗਿਆਕਾਰ ਤੇ ਦਲੇਰ ਹੋਵੋ

ਯਿਸੂ ਵਾਂਗ ਆਗਿਆਕਾਰ ਤੇ ਦਲੇਰ ਹੋਵੋ

“ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।”—ਯੂਹੰ. 16:33.

1. ਯਿਸੂ ਕਿਸ ਹੱਦ ਤਕ ਪਰਮੇਸ਼ੁਰ ਪ੍ਰਤਿ ਆਗਿਆਕਾਰ ਰਿਹਾ?

ਯਿਸੂ ਮਸੀਹ ਹਮੇਸ਼ਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਸੀ। ਉਸ ਦੇ ਮਨ ਵਿਚ ਇਕ ਵਾਰ ਵੀ ਨਹੀਂ ਆਇਆ ਕਿ ਉਹ ਆਪਣੇ ਸਵਰਗੀ ਪਿਤਾ ਦਾ ਕਹਿਣਾ ਨਹੀਂ ਮੰਨੇਗਾ। (ਯੂਹੰ. 4:34; ਇਬ. 7:26) ਉਸ ਨੂੰ ਧਰਤੀ ’ਤੇ ਕਠਿਨ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਜਿਸ ਕਰਕੇ ਉਸ ਵਾਸਤੇ ਆਗਿਆਕਾਰ ਰਹਿਣਾ ਇੰਨਾ ਸੌਖਾ ਨਹੀਂ ਸੀ। ਜਦੋਂ ਯਿਸੂ ਨੇ ਪ੍ਰਚਾਰ ਕਰਨਾ ਸ਼ੁਰੂ ਹੀ ਕੀਤਾ ਸੀ, ਤਾਂ ਉਸ ਦੇ ਦੁਸ਼ਮਣਾਂ ਅਤੇ ਸ਼ਤਾਨ ਨੇ ਉਸ ਨੂੰ ਯਕੀਨ ਦਿਵਾਉਣ, ਮਜਬੂਰ ਕਰਨ ਜਾਂ ਉਸ ਨਾਲ ਚਲਾਕੀ ਖੇਡਣ ਦੀ ਕੋਸ਼ਿਸ਼ ਕੀਤੀ ਕਿ ਉਹ ਪਰਮੇਸ਼ੁਰੀ ਰਾਹ ’ਤੇ ਚੱਲਣਾ ਛੱਡ ਦੇਵੇ। (ਮੱਤੀ 4:1-11; ਲੂਕਾ 20:20-25) ਇਨ੍ਹਾਂ ਦੁਸ਼ਮਣਾਂ ਨੇ ਯਿਸੂ ਨੂੰ ਮਾਨਸਿਕ, ਜਜ਼ਬਾਤੀ ਅਤੇ ਸਰੀਰਕ ਤੌਰ ਤੇ ਬਹੁਤ ਦੁਖੀ ਕੀਤਾ। ਅਖ਼ੀਰ ਉਨ੍ਹਾਂ ਨੇ ਯਿਸੂ ਨੂੰ ਸੂਲੀ ਉੱਤੇ ਟੰਗ ਕੇ ਮਾਰ ਦਿੱਤਾ। (ਮੱਤੀ 26:37, 38; ਲੂਕਾ 22:44; ਯੂਹੰ. 19:1, 17, 18) ਇਨ੍ਹਾਂ ਦੁੱਖਾਂ ਦੇ ਬਾਵਜੂਦ ਯਿਸੂ “ਮੌਤ ਤਾਈਂ ਆਗਿਆਕਾਰ” ਰਿਹਾ।—ਫ਼ਿਲਿੱਪੀਆਂ 2:8 ਪੜ੍ਹੋ।

2, 3. ਯਿਸੂ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਜੋ ਦੁੱਖਾਂ ਦੇ ਬਾਵਜੂਦ ਵਫ਼ਾਦਾਰ ਰਿਹਾ?

2 ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਆ ਕੇ ਯਿਸੂ ਨੇ ਕਈ ਹਾਲਾਤਾਂ ਵਿੱਚੋਂ ਗੁਜ਼ਰਦਿਆਂ ਆਗਿਆਕਾਰ ਰਹਿਣਾ ਸਿੱਖਿਆ। (ਇਬ. 5:8) ਤੁਹਾਨੂੰ ਸ਼ਾਇਦ ਲੱਗੇ ਕਿ ਯਿਸੂ ਨੂੰ ਇਹ ਸਿੱਖਣ ਦੀ ਲੋੜ ਨਹੀਂ ਸੀ ਕਿ ਯਹੋਵਾਹ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ। ਉਹ ਤਾਂ ਯਹੋਵਾਹ ਨਾਲ ਸਵਰਗ ਵਿਚ ਯੁਗਾਂ-ਯੁਗਾਂ ਤੋਂ ਸੀ ਅਤੇ ਸ੍ਰਿਸ਼ਟੀ ਰਚਦਿਆਂ ਪਰਮੇਸ਼ੁਰ ਦੇ “ਰਾਜ ਮਿਸਤਰੀ” ਵਜੋਂ ਕੰਮ ਕੀਤਾ। (ਕਹਾ. 8:30) ਫਿਰ ਵੀ, ਉਹ ਇਨਸਾਨ ਦੇ ਰੂਪ ਵਿਚ ਦੁੱਖ ਸਹਿ ਕੇ ਪੂਰੀ ਤਰ੍ਹਾਂ ਵਫ਼ਾਦਾਰ ਰਿਹਾ। ਇਸ ਤਰ੍ਹਾਂ ਪਰਮੇਸ਼ੁਰ ਦਾ ਪੁੱਤਰ ਯਿਸੂ ਆਗਿਆਕਾਰੀ ਸਿੱਖਦਾ ਰਿਹਾ। ਯਿਸੂ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

3 ਭਾਵੇਂ ਯਿਸੂ ਮੁਕੰਮਲ ਸੀ, ਪਰ ਉਸ ਨੇ ਆਪਣੇ ਬਲ ’ਤੇ ਪੂਰੀ ਤਰ੍ਹਾਂ ਆਗਿਆਕਾਰ ਰਹਿਣ ਦੀ ਕੋਸ਼ਿਸ਼ ਨਹੀਂ ਕੀਤੀ। ਆਗਿਆਕਾਰ ਰਹਿਣ ਲਈ ਉਸ ਨੇ ਪਰਮੇਸ਼ੁਰ ਤੋਂ ਮਦਦ ਮੰਗੀ। (ਇਬਰਾਨੀਆਂ 5:7 ਪੜ੍ਹੋ।) ਵਫ਼ਾਦਾਰ ਰਹਿਣ ਲਈ ਸਾਨੂੰ ਵੀ ਨਿਮਰ ਹੋ ਕੇ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਤੋਂ ਮਦਦ ਮੰਗਣੀ ਚਾਹੀਦੀ ਹੈ। ਇਸ ਲਈ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ। ਉਸ ਨੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਆਗਿਆਕਾਰ ਬਣਿਆ।” (ਫ਼ਿਲਿ. 2:5-8) ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਇਸ ਬੁਰੀ ਦੁਨੀਆਂ ਵਿਚ ਰਹਿ ਕੇ ਵੀ ਇਨਸਾਨ ਪਰਮੇਸ਼ੁਰ ਦੇ ਆਗਿਆਕਾਰ ਰਹਿ ਸਕਦੇ ਹਨ। ਇਹ ਤਾਂ ਸੱਚ ਹੈ ਕਿ ਯਿਸੂ ਮੁਕੰਮਲ ਸੀ, ਪਰ ਸਾਡੇ ਵਰਗੇ ਨਾਮੁਕੰਮਲ ਇਨਸਾਨਾਂ ਬਾਰੇ ਕੀ?

ਨਾਮੁਕੰਮਲ ਹੋਣ ਦੇ ਬਾਵਜੂਦ ਆਗਿਆਕਾਰ

4. ਆਪਣੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ ਹੋਣ ਦਾ ਕੀ ਮਤਲਬ ਹੈ?

4 ਪਰਮੇਸ਼ੁਰ ਨੇ ਜਦੋਂ ਆਦਮ ਤੇ ਹੱਵਾਹ ਨੂੰ ਬਣਾਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਸੀ। ਉਨ੍ਹਾਂ ਦੇ ਬੱਚੇ ਹੋਣ ਦੇ ਨਾਤੇ ਅਸੀਂ ਵੀ ਆਪਣੇ ਫ਼ੈਸਲੇ ਖ਼ੁਦ ਕਰ ਸਕਦੇ ਹਾਂ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਅਸੀਂ ਜਾਂ ਤਾਂ ਚੰਗੇ ਜਾਂ ਮਾੜੇ ਕੰਮ ਕਰ ਸਕਦੇ ਹਾਂ। ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਨੇ ਸਾਨੂੰ ਉਸ ਦੀ ਆਗਿਆ ਮੰਨਣ ਜਾਂ ਨਾ ਮੰਨਣ ਦੀ ਆਜ਼ਾਦੀ ਦਿੱਤੀ ਹੈ। ਅਸੀਂ ਜੋ ਵੀ ਫ਼ੈਸਲੇ ਕਰਾਂਗੇ, ਸਾਨੂੰ ਉਨ੍ਹਾਂ ਦਾ ਲੇਖਾ ਦੇਣਾ ਪਵੇਗਾ। ਚੰਗੇ ਜਾਂ ਮਾੜੇ ਫ਼ੈਸਲਿਆਂ ਦਾ ਨਤੀਜਾ ਜ਼ਿੰਦਗੀ ਜਾਂ ਮੌਤ ਹੋ ਸਕਦੀ ਹੈ। ਸਾਡੇ ਫ਼ੈਸਲਿਆਂ ਦਾ ਹੋਰਨਾਂ ਲੋਕਾਂ ’ਤੇ ਵੀ ਅਸਰ ਪੈ ਸਕਦਾ ਹੈ।

5. ਅਸੀਂ ਸਾਰੇ ਕਿਹੜਾ ਸੰਘਰਸ਼ ਕਰ ਰਹੇ ਹਾਂ ਤੇ ਅਸੀਂ ਕਿਵੇਂ ਸਫ਼ਲ ਹੋ ਸਕਦੇ ਹਾਂ?

5 ਨਾਮੁਕੰਮਲ ਹੋਣ ਕਰਕੇ ਸਾਡੇ ਲਈ ਆਗਿਆਕਾਰ ਰਹਿਣਾ ਸੌਖਾ ਨਹੀਂ ਹੈ। ਇਸ ਲਈ ਕਦੇ-ਕਦੇ ਸ਼ਾਇਦ ਸਾਨੂੰ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਔਖਾ ਲੱਗੇ। ਪੌਲੁਸ ਨੂੰ ਵੀ ਆਗਿਆਕਾਰ ਰਹਿਣ ਲਈ ਸੰਘਰਸ਼ ਕਰਨਾ ਪਿਆ। ਉਸ ਨੇ ਲਿਖਿਆ: “ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।” (ਰੋਮੀ. 7:23) ਸਾਨੂੰ ਆਗਿਆਕਾਰ ਰਹਿਣਾ ਉਦੋਂ ਸੌਖਾ ਲੱਗਦਾ ਹੈ ਜਦੋਂ ਕੋਈ ਕੁਰਬਾਨੀ ਦੇਣ, ਤਕਲੀਫ਼ ਸਹਿਣ ਜਾਂ ਖੇਚਲ ਕਰਨ ਦੀ ਲੋੜ ਨਹੀਂ ਹੁੰਦੀ। ਪਰ ਕੀ ਅਸੀਂ ਉਦੋਂ ਵੀ ਪਰਮੇਸ਼ੁਰ ਦੇ ਆਗਿਆਕਾਰ ਰਹਿੰਦੇ ਹਾਂ ਜਦੋਂ ਆਗਿਆ ਮੰਨਣ ਦੀ ਸਾਡੀ ਇੱਛਾ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ” ਦੇ ਉਲਟ ਹੁੰਦੀ ਹੈ? ਇਹ ਜ਼ਬਰਦਸਤ ਕਾਮਨਾਵਾਂ ਇਸ ਲਈ ਸਾਡੇ ਵਿਚ ਪੈਦਾ ਹੁੰਦੀਆਂ ਹਨ ਕਿਉਂਕਿ ਅਸੀਂ ਨਾਮੁਕੰਮਲ ਹਾਂ ਅਤੇ ਦੁਨੀਆਂ ਦਾ ਮਾੜਾ ਅਸਰ ਸਾਡੇ ਉੱਤੇ ਪੈਂਦਾ ਹੈ। (1 ਯੂਹੰ. 2:16; 1 ਕੁਰਿੰ. 2:12) ਇਨ੍ਹਾਂ ਕਾਮਨਾਵਾਂ ਤੋਂ ਬਚਣ ਲਈ ਸਾਨੂੰ ਆਪਣੇ “ਮਨ” ਤਿਆਰ ਕਰਨ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਸਾਡੇ ਉੱਤੇ ਪਰਤਾਵੇ ਜਾਂ ਅਜ਼ਮਾਇਸ਼ਾਂ ਆਉਣ। ਇਸ ਲਈ ਸਾਨੂੰ ਧਾਰ ਲੈਣਾ ਚਾਹੀਦਾ ਹੈ ਕਿ ਅਸੀਂ ਹਰ ਹਾਲ ਵਿਚ ਯਹੋਵਾਹ ਦੇ ਆਗਿਆਕਾਰ ਰਹਾਂਗੇ। (ਜ਼ਬੂ. 78:8) ਬਾਈਬਲ ਵਿਚ ਕਈ ਭਗਤਾਂ ਦੀਆਂ ਉਦਾਹਰਣਾਂ ਹਨ ਜੋ ਬੁਰੀਆਂ ਇੱਛਾਵਾਂ ਨੂੰ ਕਾਬੂ ਰੱਖਣ ਵਿਚ ਸਫ਼ਲ ਰਹੇ ਕਿਉਂਕਿ ਉਨ੍ਹਾਂ ਨੇ ਆਪਣੇ ਮਨ ਨੂੰ ਤਿਆਰ ਕੀਤਾ ਹੋਇਆ ਸੀ।—ਅਜ਼. 7:10; ਦਾਨੀ. 1:8.

6, 7. ਉਦਾਹਰਣ ਦੇ ਕੇ ਦੱਸੋ ਕਿ ਨਿੱਜੀ ਅਧਿਐਨ ਦੀ ਮਦਦ ਨਾਲ ਤੁਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹੋ?

6 ਆਪਣੇ ਦਿਲ ਨੂੰ ਤਿਆਰ ਕਰਨ ਦਾ ਇਕ ਤਰੀਕਾ ਹੈ ਲਗਨ ਨਾਲ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਨਾ। ਕਲਪਨਾ ਕਰੋ ਕਿ ਤੁਸੀਂ ਇੱਦਾਂ ਕਰਨ ਦੀ ਸੋਚੀ ਹੈ: ਮੰਨ ਲਓ ਕਿ ਤੁਸੀਂ ਸ਼ਾਮ ਨੂੰ ਨਿੱਜੀ ਅਧਿਐਨ ਕਰ ਕਹੇ ਹੋ। ਤੁਸੀਂ ਹੁਣੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਹੈ ਕਿ ਉਹ ਤੁਹਾਨੂੰ ਆਪਣੀ ਸ਼ਕਤੀ ਦੇਵੇ ਤਾਂਕਿ ਤੁਸੀਂ ਉਸ ਦੀ ਮਦਦ ਨਾਲ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਉੱਤੇ ਚੱਲ ਸਕੋ। ਅਗਲੀ ਸ਼ਾਮ ਨੂੰ ਤੁਸੀਂ ਟੈਲੀਵਿਯਨ ਉੱਤੇ ਕੋਈ ਫ਼ਿਲਮ ਦੇਖਣ ਦਾ ਮਨ ਬਣਾਇਆ ਹੈ। ਭਾਵੇਂ ਕਈਆਂ ਨੇ ਇਸ ਫ਼ਿਲਮ ਦੀ ਤਾਰੀਫ਼ ਕੀਤੀ ਹੈ, ਪਰ ਤੁਸੀਂ ਇਹ ਵੀ ਸੁਣਿਆ ਹੈ ਕਿ ਇਸ ਫ਼ਿਲਮ ਵਿਚ ਕੁਝ ਗੰਦੇ ਸੀਨ ਤੇ ਮਾਰ-ਧਾੜ ਹੈ।

7 ਤੁਸੀਂ ਅਫ਼ਸੀਆਂ 5:3 ਵਿਚ ਦਿੱਤੀ ਪੌਲੁਸ ਦੀ ਸਲਾਹ ਉੱਤੇ ਵਿਚਾਰ ਕਰਦੇ ਹੋ: “ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ।” ਤੁਸੀਂ ਫ਼ਿਲਿੱਪੀਆਂ 4:8 ਵਿਚ ਦਿੱਤੀ ਪੌਲੁਸ ਦੀ ਸਲਾਹ ਨੂੰ ਵੀ ਯਾਦ ਕਰਦੇ ਹੋ। (ਪੜ੍ਹੋ।) ਇਸ ਸਲਾਹ ਬਾਰੇ ਸੋਚਦਿਆਂ ਤੁਸੀਂ ਆਪਣੇ ਤੋਂ ਪੁੱਛਦੇ ਹੋ, ‘ਜੇ ਮੈਂ ਜਾਣ-ਬੁੱਝ ਕੇ ਆਪਣੇ ਦਿਲ-ਦਿਮਾਗ਼ ਨੂੰ ਇਹੋ ਜਿਹੇ ਪ੍ਰੋਗ੍ਰਾਮਾਂ ਨਾਲ ਭਰਦਾ ਹਾਂ, ਤਾਂ ਕੀ ਮੈਂ ਯਿਸੂ ਦੀ ਰੀਸ ਕਰ ਰਿਹਾ ਹਾਂ ਜੋ ਛੋਟੀ ਤੋਂ ਛੋਟੀ ਗੱਲ ਵਿਚ ਵੀ ਪਰਮੇਸ਼ੁਰ ਦਾ ਆਗਿਆਕਾਰ ਰਿਹਾ ਸੀ?’ ਤੁਸੀਂ ਕੀ ਕਰੋਗੇ? ਕੀ ਤੁਸੀਂ ਉਹ ਫ਼ਿਲਮ ਹਾਲੇ ਵੀ ਦੇਖੋਗੇ?

8. ਸਾਨੂੰ ਚਾਲ-ਚਲਣ ਅਤੇ ਭਗਤੀ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਨੂੰ ਕਿਉਂ ਬਰਕਰਾਰ ਰੱਖਣਾ ਚਾਹੀਦਾ ਹੈ?

8 ਅਸੀਂ ਚਾਲ-ਚਲਣ ਅਤੇ ਭਗਤੀ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਦੀ ਪਰਵਾਹ ਨਾ ਕਰ ਕੇ ਗ਼ਲਤੀ ਕਰ ਰਹੇ ਹੋਵਾਂਗੇ। ਅਸੀਂ ਸ਼ਾਇਦ ਸੋਚੀਏ ਕਿ ਸਾਡੀ ਨਿਹਚਾ ਇੰਨੀ ਤਕੜੀ ਹੈ ਕਿ ਬੁਰੀ ਸੰਗਤ ਅਤੇ ਮਾਰ-ਧਾੜ ਤੇ ਗੰਦੇ ਮਨੋਰੰਜਨ ਦਾ ਸਾਡੇ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਪਰ ਇਸ ਤਰ੍ਹਾਂ ਸੋਚਣ ਦੀ ਬਜਾਇ, ਸਾਨੂੰ ਖ਼ੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਸ਼ਤਾਨ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣਾ ਚਾਹੀਦਾ ਹੈ। ਮਿਸਾਲ ਲਈ, ਕੰਪਿਊਟਰ ਵਰਤਣ ਵਾਲੇ ਆਪਣੇ ਕੰਪਿਊਟਰ ਨੂੰ ਵਾਇਰਸਾਂ ਤੋਂ ਬਚਾਉਣ ਲਈ ਕਾਫ਼ੀ ਕੁਝ ਕਰਦੇ ਹਨ ਤਾਂਕਿ ਕੰਪਿਊਟਰ ਵਿਚਲੀ ਜਾਣਕਾਰੀ ਤਬਾਹ ਨਾ ਹੋ ਜਾਵੇ, ਮਸ਼ੀਨ ਖ਼ਰਾਬ ਨਾ ਹੋਵੇ ਤੇ ਕੋਈ ਵਾਇਰਸ ਮਸ਼ੀਨ ਨੂੰ ਵਰਤ ਕੇ ਦੂਜੇ ਕੰਪਿਊਟਰਾਂ ’ਤੇ ਹਮਲਾ ਨਾ ਕਰ ਦੇਵੇ। ਤਾਂ ਫਿਰ ਕੀ ਸਾਨੂੰ ਸ਼ਤਾਨ ਦੇ “ਛਲ ਛਿੱਦ੍ਰਾਂ” ਤੋਂ ਆਪਣੀ ਰਾਖੀ ਨਹੀਂ ਕਰਨੀ ਚਾਹੀਦੀ?—ਅਫ਼. 6:11.

9. ਸਾਨੂੰ ਹਰ ਰੋਜ਼ ਯਹੋਵਾਹ ਦੀ ਆਗਿਆ ਮੰਨਣ ਦਾ ਪੱਕਾ ਇਰਾਦਾ ਕਿਉਂ ਕਰਨਾ ਚਾਹੀਦਾ ਹੈ?

9 ਹਰ ਰੋਜ਼ ਸਾਨੂੰ ਦੇਖਣਾ ਪੈਂਦਾ ਹੈ ਕਿ ਅਸੀਂ ਜੋ ਵੀ ਕਰਦੇ ਹਾਂ, ਉਹ ਯਹੋਵਾਹ ਦੇ ਮਿਆਰਾਂ ਅਨੁਸਾਰ ਹੈ ਜਾਂ ਨਹੀਂ। ਮੁਕਤੀ ਪਾਉਣ ਲਈ ਸਾਨੂੰ ਪਰਮੇਸ਼ੁਰ ਦੀ ਆਗਿਆ ਮੰਨਣੀ ਚਾਹੀਦੀ ਹੈ ਤੇ ਉਸ ਦੇ ਧਰਮੀ ਅਸੂਲਾਂ ’ਤੇ ਚੱਲਣਾ ਚਾਹੀਦਾ ਹੈ। ਯਿਸੂ ਵਾਂਗ “ਮੌਤ ਤਾਈਂ” ਆਗਿਆਕਾਰ ਰਹਿ ਕੇ ਅਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਯਹੋਵਾਹ ਸਾਨੂੰ ਸਾਡੀ ਵਫ਼ਾਦਾਰੀ ਦਾ ਫਲ ਦੇਵੇਗਾ। ਯਿਸੂ ਨੇ ਵਾਅਦਾ ਕੀਤਾ ਸੀ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਜ਼ਾਹਰ ਹੈ ਕਿ ਇਸ ਵਾਸਤੇ ਸਾਨੂੰ ਯਿਸੂ ਵਾਂਗ ਦਲੇਰ ਹੋਣ ਦੀ ਲੋੜ ਹੈ।—ਜ਼ਬੂ. 31:24.

ਯਿਸੂ—ਦਲੇਰੀ ਦੀ ਸਭ ਤੋਂ ਵਧੀਆ ਮਿਸਾਲ

10. ਸਾਡੇ ਉੱਤੇ ਸ਼ਾਇਦ ਕਿਹੜੇ ਦਬਾਅ ਆਉਣ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ?

10 ਇਸ ਦੁਨੀਆਂ ਦੇ ਬੁਰੇ ਰਵੱਈਏ ਅਤੇ ਕੰਮਾਂ ਤੋਂ ਪਰੇ ਰਹਿਣ ਲਈ ਸਾਨੂੰ ਦਲੇਰ ਬਣਨ ਦੀ ਲੋੜ ਹੈ ਤਾਂਕਿ ਸਾਡੇ ਉੱਤੇ ਮਾੜਾ ਅਸਰ ਨਾ ਪਵੇ। ਸਾਨੂੰ ਨੈਤਿਕ, ਸਮਾਜਕ, ਆਰਥਿਕ ਅਤੇ ਧਾਰਮਿਕ ਦਬਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਕਰਕੇ ਅਸੀਂ ਯਹੋਵਾਹ ਦੇ ਧਰਮੀ ਰਾਹਾਂ ਤੋਂ ਭਟਕ ਸਕਦੇ ਹਾਂ। ਕਈਆਂ ਦੇ ਘਰ ਦੇ ਵਿਰੋਧ ਕਰਦੇ ਹਨ। ਕਈ ਦੇਸ਼ਾਂ ਵਿਚ ਸਕੂਲਾਂ-ਕਾਲਜਾਂ ਵਿਚ ਵਿਕਾਸਵਾਦ ਦੀ ਥਿਊਰੀ ਸਿਖਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਲੋਕੀ ਜ਼ਿਆਦਾ ਤੋਂ ਜ਼ਿਆਦਾ ਨਾਸਤਿਕ ਬਣਦੇ ਜਾ ਰਹੇ ਹਨ। ਇਹ ਦਬਾਅ ਆਉਣ ਤੇ ਅਸੀਂ ਹੱਥ ’ਤੇ ਹੱਥ ਧਰ ਕੇ ਨਹੀਂ ਬੈਠ ਜਾਵਾਂਗੇ, ਸਗੋਂ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਕੁਝ ਕਰਾਂਗੇ ਤਾਂਕਿ ਸਾਡੀ ਰਾਖੀ ਹੋ ਸਕੇ। ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਵੇਂ ਇਨ੍ਹਾਂ ਦਬਾਵਾਂ ਦਾ ਸਾਮ੍ਹਣਾ ਕਰ ਸਕਦੇ ਹਾਂ।

11. ਯਿਸੂ ਦੀ ਮਿਸਾਲ ਉੱਤੇ ਸੋਚ-ਵਿਚਾਰ ਕਰ ਕੇ ਸਾਨੂੰ ਹੋਰ ਹਿੰਮਤ ਕਿਵੇਂ ਮਿਲ ਸਕਦੀ ਹੈ?

11 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” (ਯੂਹੰ. 16:33) ਯਿਸੂ ਕਦੇ ਵੀ ਦੁਨੀਆਂ ਦੇ ਅਸਰ ਅੱਗੇ ਨਹੀਂ ਝੁਕਿਆ। ਉਸ ਨੇ ਆਪਣੇ ਪ੍ਰਚਾਰ ਦੇ ਕੰਮ ਵਿਚ ਦੁਨੀਆਂ ਨੂੰ ਕਦੇ ਰੋੜਾ ਨਹੀਂ ਬਣਨ ਦਿੱਤਾ ਅਤੇ ਨਾ ਹੀ ਉਸ ਨੇ ਸੱਚੀ ਭਗਤੀ ਅਤੇ ਚਾਲ-ਚਲਣ ਸੰਬੰਧੀ ਮਿਆਰਾਂ ਨੂੰ ਅਣਗੌਲਿਆ। ਸਾਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ ਹੈ। ਪ੍ਰਾਰਥਨਾ ਕਰਦਿਆਂ ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰ. 17:16) ਮਸੀਹ ਦੀ ਦਲੇਰੀ ਬਾਰੇ ਪੜ੍ਹ ਕੇ ਅਤੇ ਇਸ ’ਤੇ ਸੋਚ-ਵਿਚਾਰ ਕਰ ਕੇ ਸਾਨੂੰ ਜਗਤ ਤੋਂ ਅਲੱਗ ਰਹਿਣ ਦੀ ਹਿੰਮਤ ਮਿਲ ਸਕਦੀ ਹੈ।

ਯਿਸੂ ਤੋਂ ਦਲੇਰ ਬਣਨਾ ਸਿੱਖੋ

12-14. ਉਹ ਮਿਸਾਲਾਂ ਦੱਸੋ ਜਦੋਂ ਯਿਸੂ ਨੇ ਦਲੇਰੀ ਦਿਖਾਈ।

12 ਸੇਵਕਾਈ ਦੌਰਾਨ ਯਿਸੂ ਨੇ ਦਲੇਰੀ ਭਰੇ ਕੰਮ ਕੀਤੇ। ਪਰਮੇਸ਼ੁਰ ਦੇ ਪੁੱਤਰ ਵਜੋਂ ਆਪਣੇ ਅਧਿਕਾਰ ਨੂੰ ਵਰਤਦੇ ਹੋਏ ਉਹ ਨਿਡਰਤਾ ਨਾਲ “ਹੈਕਲ ਵਿੱਚ ਗਿਆ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਕੱਢ ਦਿੱਤਾ ਅਤੇ ਸਰਾਫਾਂ ਦੇ ਤਖ਼ਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸੁੱਟੀਆਂ।” (ਮੱਤੀ 21:12) ਧਰਤੀ ਉੱਤੇ ਯਿਸੂ ਦੀ ਆਖ਼ਰੀ ਰਾਤ ਵੇਲੇ ਜਦੋਂ ਸਿਪਾਹੀ ਉਸ ਨੂੰ ਗਿਰਫ਼ਤਾਰ ਕਰਨ ਆਏ, ਤਾਂ ਚੇਲਿਆਂ ਦੀ ਰਾਖੀ ਕਰਨ ਲਈ ਉਸ ਨੇ ਦਲੇਰੀ ਨਾਲ ਅੱਗੇ ਆ ਕੇ ਕਿਹਾ: “ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਏਹਨਾਂ ਨੂੰ ਜਾਣ ਦਿਓ।” (ਯੂਹੰ. 18:8) ਕੁਝ ਪਲਾਂ ਬਾਅਦ ਉਸ ਨੇ ਪਤਰਸ ਨੂੰ ਤਲਵਾਰ ਮਿਆਨ ਵਿਚ ਪਾਉਣ ਲਈ ਕਿਹਾ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਉਹ ਹਥਿਆਰਾਂ ਉੱਤੇ ਨਹੀਂ, ਸਗੋਂ ਯਹੋਵਾਹ ਉੱਤੇ ਭਰੋਸਾ ਰੱਖਦਾ ਸੀ।—ਯੂਹੰ. 18:11.

13 ਯਿਸੂ ਨੇ ਨਿਡਰ ਹੋ ਕੇ ਆਪਣੇ ਜ਼ਮਾਨੇ ਦੇ ਪੱਥਰ-ਦਿਲ ਗੁਰੂਆਂ ਅਤੇ ਉਨ੍ਹਾਂ ਦੀਆਂ ਗ਼ਲਤ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕੀਤਾ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਇਸ ਲਈ ਜੋ ਤੁਸੀਂ ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ . . . ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ। . . . ਤੁਸੀਂ ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਓਹ ਲੁੱਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ।” (ਮੱਤੀ 23:13, 23, 25) ਯਿਸੂ ਦੇ ਚੇਲਿਆਂ ਨੂੰ ਵੀ ਇਸੇ ਤਰ੍ਹਾਂ ਦਲੇਰ ਹੋਣ ਦੀ ਲੋੜ ਸੀ ਕਿਉਂਕਿ ਝੂਠੇ ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ਸਤਾਉਣਾ ਸੀ ਤੇ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਮਾਰ ਦੇਣਾ ਸੀ।—ਮੱਤੀ 23:34; 24:9.

14 ਯਿਸੂ ਨੇ ਦਲੇਰੀ ਨਾਲ ਬਾਗ਼ੀ ਦੂਤਾਂ ਦਾ ਵੀ ਸਾਮ੍ਹਣਾ ਕੀਤਾ। ਇਕ ਮੌਕੇ ਤੇ ਉਸ ਦਾ ਟਾਕਰਾ ਇਕ ਅਜਿਹੇ ਬੰਦੇ ਨਾਲ ਹੋਇਆ ਜਿਸ ਨੂੰ ਭੂਤ ਚਿੰਬੜੇ ਹੋਏ ਸਨ। ਉਸ ਵਿਚ ਇੰਨੀ ਤਾਕਤ ਸੀ ਕਿ ਕੋਈ ਵੀ ਉਸ ਨੂੰ ਸੰਗਲਾਂ ਨਾਲ ਨਹੀਂ ਸੀ ਜਕੜ ਸਕਦਾ। ਯਿਸੂ ਨੇ ਬਿਨਾਂ ਡਰੇ ਉਸ ਬੰਦੇ ਨੂੰ ਭੂਤਾਂ ਦੇ ਚੁੰਗਲ ਵਿੱਚੋਂ ਛੁਡਾਇਆ। (ਮਰ. 5:1-13) ਅੱਜ ਪਰਮੇਸ਼ੁਰ ਨੇ ਮਸੀਹੀਆਂ ਨੂੰ ਇਹੋ ਜਿਹੇ ਚਮਤਕਾਰ ਕਰਨ ਦੀ ਸ਼ਕਤੀ ਨਹੀਂ ਦਿੱਤੀ। ਫਿਰ ਵੀ ਸਾਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਜ਼ਰੀਏ ਸ਼ਤਾਨ ਨਾਲ ਲੜਨਾ ਪੈਂਦਾ ਹੈ ਜਿਸ ਨੇ “ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ” ਹਨ। (2 ਕੁਰਿੰ. 4:4) ਯਿਸੂ ਦੀ ਤਰ੍ਹਾਂ ਸਾਡੇ ਵੀ ਹਥਿਆਰ “ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਭਾਣੇ ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ।” ਇਹ ਹਥਿਆਰ ਦਿਲ ਵਿਚ ਜੜ੍ਹ ਫੜ ਚੁੱਕੇ ਗ਼ਲਤ ਧਾਰਮਿਕ ਵਿਚਾਰਾਂ ਨੂੰ ਜੜ੍ਹੋਂ ਉਖਾੜ ਸਕਦੇ ਹਨ। (2 ਕੁਰਿੰ. 10:4) ਪਰਮੇਸ਼ੁਰ ਨੇ ਸਾਨੂੰ ਜੋ ਹਥਿਆਰ ਦਿੱਤੇ ਹਨ, ਉਨ੍ਹਾਂ ਨੂੰ ਵਰਤਣ ਸੰਬੰਧੀ ਅਸੀਂ ਯਿਸੂ ਦੀ ਮਿਸਾਲ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ।

15. ਯਿਸੂ ਦੀ ਦਲੇਰੀ ਕਿਸ ਚੀਜ਼ ਉੱਤੇ ਆਧਾਰਿਤ ਸੀ?

15 ਯਿਸੂ ਦੀ ਦਲੇਰੀ ਬਹਾਦਰੀ ਦੇ ਕੰਮਾਂ ਉੱਤੇ ਨਹੀਂ ਸਗੋਂ ਨਿਹਚਾ ਉੱਤੇ ਆਧਾਰਿਤ ਸੀ। ਸਾਡੀ ਦਲੇਰੀ ਵੀ ਇਹੋ ਜਿਹੀ ਹੋਣੀ ਚਾਹੀਦੀ ਹੈ। (ਮਰ. 4:40) ਅਸੀਂ ਆਪਣੀ ਨਿਹਚਾ ਪੱਕੀ ਕਿਵੇਂ ਕਰ ਸਕਦੇ ਹਾਂ? ਯਿਸੂ ਦੀ ਮਿਸਾਲ ਉੱਤੇ ਚੱਲ ਕੇ ਪਤਾ ਲੱਗਦਾ ਹੈ। ਉਸ ਨੂੰ ਸ਼ਾਸਤਰਾਂ ਦਾ ਪੂਰਾ ਗਿਆਨ ਸੀ ਤੇ ਇਨ੍ਹਾਂ ਵਿਚ ਪੱਕਾ ਵਿਸ਼ਵਾਸ ਸੀ। ਉਸ ਨੇ ਸੱਚੀ-ਮੁੱਚੀ ਦੀ ਤਲਵਾਰ ਵਰਤਣ ਦੀ ਬਜਾਇ ਪਰਮੇਸ਼ੁਰ ਦੇ ਬਚਨ ਨੂੰ ਹਥਿਆਰ ਵਜੋਂ ਵਰਤਿਆ। ਉਹ ਸਿੱਖਿਆ ਦਿੰਦੇ ਸਮੇਂ ਵਾਰ-ਵਾਰ ਸ਼ਾਸਤਰਾਂ ਦਾ ਹਵਾਲਾ ਦਿੰਦਾ ਸੀ। ਉਹ ਅਕਸਰ ਆਪਣੀ ਗੱਲ ਇੱਦਾਂ ਸ਼ੁਰੂ ਕਰਦਾ ਸੀ: “ਲਿਖਿਆ ਹੈ” ਯਾਨੀ ਪਰਮੇਸ਼ੁਰ ਦੇ ਬਚਨ ਵਿਚ ਲਿਖਿਆ ਹੈ। *

16. ਅਸੀਂ ਆਪਣੀ ਨਿਹਚਾ ਕਿਵੇਂ ਪੱਕੀ ਕਰ ਸਕਦੇ ਹਾਂ?

16 ਯਿਸੂ ਦੇ ਚੇਲੇ ਬਣ ਕੇ ਜੋ ਅਜ਼ਮਾਇਸ਼ਾਂ ਆਉਂਦੀਆਂ ਹਨ, ਉਨ੍ਹਾਂ ਦਾ ਦ੍ਰਿੜ੍ਹਤਾ ਨਾਲ ਸਾਮ੍ਹਣਾ ਕਰਨ ਲਈ ਨਿਹਚਾ ਦੀ ਲੋੜ ਹੈ। ਨਿਹਚਾ ਪੱਕੀ ਕਰਨ ਵਾਸਤੇ ਸਾਨੂੰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ, ਮੀਟਿੰਗਾਂ ਵਿਚ ਹਾਜ਼ਰ ਹੋਣਾ ਚਾਹੀਦਾ ਹੈ ਤੇ ਆਪਣੇ ਮਨਾਂ ਵਿਚ ਉਹ ਸੱਚਾਈਆਂ ਬਿਠਾਉਣੀਆਂ ਚਾਹੀਦੀਆਂ ਹਨ ਜੋ ਨਿਹਚਾ ਉੱਤੇ ਆਧਾਰਿਤ ਹਨ। (ਰੋਮੀ. 10:17) ਸਿੱਖੀਆਂ ਗੱਲਾਂ ਉੱਤੇ ਸਾਨੂੰ ਮਨਨ ਵੀ ਕਰਨਾ ਚਾਹੀਦਾ ਹੈ ਤਾਂਕਿ ਇਹ ਸਾਡੇ ਦਿਲਾਂ ’ਤੇ ਅਸਰ ਕਰਨ। ਅਸੀਂ ਜੀਉਂਦੀ-ਜਾਗਦੀ ਨਿਹਚਾ ਕਰ ਕੇ ਹੀ ਦਲੇਰ ਬਣ ਸਕਦੇ ਹਾਂ। (ਯਾਕੂ. 2:17) ਸਾਨੂੰ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ ਕਿਉਂਕਿ ਨਿਹਚਾ ਸ਼ਕਤੀ ਦੇ ਫਲ ਦਾ ਹੀ ਹਿੱਸਾ ਹੈ।—ਗਲਾ. 5:22.

17, 18. ਇਕ ਨੌਜਵਾਨ ਭੈਣ ਨੇ ਸਕੂਲ ਵਿਚ ਦਲੇਰੀ ਕਿਵੇਂ ਦਿਖਾਈ?

17 ਕਿਟੀ ਨਾਂ ਦੀ ਨੌਜਵਾਨ ਭੈਣ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਪੱਕੀ ਨਿਹਚਾ ਹੋਣ ਨਾਲ ਅਸੀਂ ਕਿਵੇਂ ਦਲੇਰੀ ਦਿਖਾ ਸਕਦੇ ਹਾਂ। ਬਚਪਨ ਤੋਂ ਹੀ ਉਹ ਜਾਣਦੀ ਸੀ ਕਿ ਉਸ ਨੂੰ ਸਕੂਲ ਵਿਚ “ਇੰਜੀਲ” ਦਾ ਪ੍ਰਚਾਰ ਕਰਨ ਤੋਂ ‘ਸ਼ਰਮਾਉਣਾ ਨਹੀਂ’ ਚਾਹੀਦਾ। ਉਹ ਆਪਣੇ ਸਹਿਪਾਠੀਆਂ ਨੂੰ ਚੰਗੀ ਗਵਾਹੀ ਦੇਣਾ ਚਾਹੁੰਦੀ ਸੀ। (ਰੋਮੀ. 1:16) ਹਰ ਸਾਲ ਉਹ ਖ਼ੁਸ਼ ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕਰਦੀ ਸੀ, ਪਰ ਦਲੇਰ ਨਾ ਹੋਣ ਕਰਕੇ ਉਹ ਪਿੱਛੇ ਹਟ ਜਾਂਦੀ ਸੀ। 18-19 ਸਾਲਾਂ ਦੀ ਹੋਣ ਤੇ ਉਸ ਨੇ ਸਕੂਲ ਬਦਲ ਲਿਆ। ਉਸ ਨੇ ਕਿਹਾ ਕਿ “ਇਸ ਵਾਰ ਮੈਂ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਵਾਂਗੀ।” ਕਿਟੀ ਨੇ ਮਸੀਹ ਵਰਗੀ ਦਲੇਰੀ, ਸਮਝਦਾਰੀ ਅਤੇ ਸਹੀ ਮੌਕੇ ਵਾਸਤੇ ਪ੍ਰਾਰਥਨਾ ਕੀਤੀ।

18 ਸਕੂਲ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਇਕ-ਇਕ ਕਰ ਕੇ ਆਪਣੀ ਜਾਣ-ਪਛਾਣ ਕਰਾਉਣ। ਕਈਆਂ ਨੇ ਦੱਸਿਆ ਕਿ ਉਹ ਕਿਹੜੇ ਧਰਮ ਦੇ ਸਨ। ਪਰ ਇਹ ਵੀ ਕਿਹਾ ਕਿ ਉਹ ਆਪਣੇ ਧਰਮ ਅਨੁਸਾਰ ਚੱਲਦੇ ਨਹੀਂ। ਕਿਟੀ ਨੇ ਜਾਣ ਲਿਆ ਕਿ ਉਸ ਨੇ ਇਸੇ ਮੌਕੇ ਲਈ ਪ੍ਰਾਰਥਨਾ ਕੀਤੀ ਸੀ। ਜਦ ਉਸ ਦੀ ਵਾਰੀ ਆਈ, ਤਾਂ ਉਸ ਨੇ ਫ਼ਖ਼ਰ ਨਾਲ ਕਿਹਾ, “ਮੈਂ ਯਹੋਵਾਹ ਦੀ ਗਵਾਹ ਹਾਂ ਤੇ ਬਾਈਬਲ ਅਨੁਸਾਰ ਭਗਤੀ ਕਰਦੀ ਅਤੇ ਚੱਲਦੀ ਹਾਂ।” ਜਦ ਉਹ ਦੱਸ ਰਹੀ ਸੀ, ਤਾਂ ਕੁਝ ਵਿਦਿਆਰਥੀ ਮੂੰਹ ਬਣਾਉਣ ਲੱਗੇ। ਪਰ ਕਈਆਂ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਤੇ ਬਾਅਦ ਵਿਚ ਸਵਾਲ ਪੁੱਛੇ। ਕਿਟੀ ਦੇ ਅਧਿਆਪਕ ਨੇ ਦੂਜਿਆਂ ਸਾਮ੍ਹਣੇ ਕਿਟੀ ਦੀ ਚੰਗੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਧਰਮ ਨੂੰ ਨਾ ਸਿਰਫ਼ ਮੰਨਦੀ ਹੈ, ਸਗੋਂ ਉਸ ਅਨੁਸਾਰ ਚੱਲਦੀ ਵੀ ਹੈ। ਕਿਟੀ ਬਹੁਤ ਖ਼ੁਸ਼ ਹੈ ਕਿ ਉਸ ਨੇ ਯਿਸੂ ਦੀ ਮਿਸਾਲ ਉੱਤੇ ਚੱਲ ਕੇ ਦਲੇਰ ਹੋਣਾ ਸਿੱਖਿਆ।

ਮਸੀਹ ਵਰਗੀ ਨਿਹਚਾ ਅਤੇ ਦਲੇਰੀ ਦਿਖਾਓ

19. (ੳ) ਪੱਕੀ ਨਿਹਚਾ ਵਾਸਤੇ ਕੀ-ਕੀ ਕਰਨ ਦੀ ਲੋੜ ਹੈ? (ਅ) ਅਸੀਂ ਯਹੋਵਾਹ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ?

19 ਰਸੂਲਾਂ ਨੂੰ ਵੀ ਪਤਾ ਸੀ ਕਿ ਉਨ੍ਹਾਂ ਦੀ ਦਲੇਰੀ ਦੇ ਕੰਮ ਨਿਹਚਾ ਉੱਤੇ ਆਧਾਰਿਤ ਹੋਣੇ ਚਾਹੀਦੇ ਸਨ। ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ: “ਸਾਡੀ ਨਿਹਚਾ ਵਧਾ।” (ਲੂਕਾ 17:5, 6 ਪੜ੍ਹੋ।) ਪੱਕੀ ਨਿਹਚਾ ਸਿਰਫ਼ ਇਹ ਮੰਨਣਾ ਨਹੀਂ ਹੈ ਕਿ ਰੱਬ ਹੈ। ਸਾਨੂੰ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜਨ ਦੀ ਵੀ ਲੋੜ ਹੈ, ਜਿਸ ਤਰ੍ਹਾਂ ਦਾ ਰਿਸ਼ਤਾ ਇਕ ਛੋਟੇ ਜਿਹੇ ਬੱਚੇ ਦਾ ਆਪਣੇ ਪਿਆਰ ਕਰਨ ਵਾਲੇ ਪਿਤਾ ਨਾਲ ਹੁੰਦਾ ਹੈ। ਸੁਲੇਮਾਨ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਿਆ: “ਮੇਰੇ ਪੁੱਤ੍ਰ, ਜੇ ਤੇਰਾ ਮਨ ਬੁੱਧਵਾਨ ਹੋਵੇ, ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ! ਅਤੇ ਜਾਂ ਤੇਰੇ ਬੁੱਲ੍ਹਾਂ ਤੋਂ ਸਿੱਧੀਆਂ ਗੱਲਾਂ ਨਿੱਕਲਣਗੀਆਂ, ਤਾਂ ਮੇਰਾ ਦਿਲ ਬਾਗ ਬਾਗ ਹੋਵੇਗਾ।” (ਕਹਾ. 23:15, 16) ਜਦ ਅਸੀਂ ਧਰਮੀ ਅਸੂਲਾਂ ਉੱਤੇ ਚੱਲ ਕੇ ਦਲੇਰੀ ਦਿਖਾਉਂਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ। ਇਹ ਜਾਣ ਕੇ ਅਸੀਂ ਹੋਰ ਦਲੇਰ ਹੁੰਦੇ ਹਾਂ। ਇਸ ਲਈ ਆਓ ਅਸੀਂ ਹਮੇਸ਼ਾ ਯਿਸੂ ਦੀ ਰੀਸ ਕਰਦਿਆਂ ਧਰਮੀ ਅਸੂਲਾਂ ਉੱਤੇ ਚੱਲ ਕੇ ਦਲੇਰੀ ਦਿਖਾਈਏ!

[ਫੁਟਨੋਟ]

ਕੀ ਤੁਸੀਂ ਸਮਝਾ ਸਕਦੇ ਹੋ?

• ਨਾਮੁਕੰਮਲ ਹੋਣ ਦੇ ਬਾਵਜੂਦ ਕਿਹੜੀ ਗੱਲ ਆਗਿਆਕਾਰ ਰਹਿਣ ਵਿਚ ਸਾਡੀ ਮਦਦ ਕਰੇਗੀ?

• ਪੱਕੀ ਨਿਹਚਾ ਕਿਸ ਉੱਤੇ ਆਧਾਰਿਤ ਹੈ ਅਤੇ ਇਸ ਨਾਲ ਸਾਨੂੰ ਦਲੇਰ ਬਣਨ ਵਿਚ ਕਿਵੇਂ ਮਦਦ ਮਿਲ ਸਕਦੀ ਹੈ?

• ਆਗਿਆਕਾਰ ਰਹਿਣ ਅਤੇ ਮਸੀਹ ਵਾਂਗ ਦਲੇਰੀ ਦਿਖਾਉਣ ਦੇ ਕੀ ਨਤੀਜੇ ਨਿਕਲਣਗੇ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਕੀ ਤੁਸੀਂ ਆਪਣੇ “ਮਨ” ਨੂੰ ਤਿਆਰ ਕਰ ਰਹੇ ਹੋ?

[ਸਫ਼ਾ 15 ਉੱਤੇ ਤਸਵੀਰ]

ਯਿਸੂ ਵਾਂਗ ਅਸੀਂ ਨਿਹਚਾ ਉੱਤੇ ਆਧਾਰਿਤ ਦਲੇਰੀ ਦਿਖਾ ਸਕਦੇ ਹਾਂ