Skip to content

Skip to table of contents

ਪਰਮੇਸ਼ੁਰ ਦੀ ਉੱਤਮ ਸਿੱਖਿਆ

ਪਰਮੇਸ਼ੁਰ ਦੀ ਉੱਤਮ ਸਿੱਖਿਆ

ਪਰਮੇਸ਼ੁਰ ਦੀ ਉੱਤਮ ਸਿੱਖਿਆ

“ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ।”—ਫ਼ਿਲਿ. 3:8.

1, 2. ਕੁਝ ਮਸੀਹੀਆਂ ਨੇ ਕੀ ਕਰਨ ਦੀ ਸੋਚੀ ਤੇ ਕਿਉਂ?

ਛੋਟੀ ਉਮਰ ਤੋਂ ਹੀ ਰੌਬਰਟ ਸਕੂਲ ਵਿਚ ਬਹੁਤ ਹੁਸ਼ਿਆਰ ਸੀ। ਜਦੋਂ ਉਹ ਸਿਰਫ਼ ਅੱਠਾਂ ਸਾਲਾਂ ਦਾ ਸੀ, ਤਾਂ ਉਸ ਦੀ ਅਧਿਆਪਕਾ ਉਸ ਦੇ ਘਰ ਉਸ ਦੇ ਮਾਪਿਆਂ ਨੂੰ ਮਿਲਣ ਆਈ ਅਤੇ ਕਿਹਾ ਕਿ ਇਕ ਦਿਨ ਤੁਹਾਡਾ ਮੁੰਡਾ ਕੁਝ ਬਣ ਕੇ ਦਿਖਾਵੇਗਾ। ਉਸ ਨੇ ਉਮੀਦ ਪ੍ਰਗਟਾਈ ਕਿ ਉਹ ਇਕ ਦਿਨ ਡਾਕਟਰ ਬਣੇਗਾ। ਹਾਈ-ਸਕੂਲ ਵਿਚ ਵੀ ਉਹ ਅੱਵਲ ਆਉਂਦਾ ਸੀ ਜਿਸ ਕਰਕੇ ਉਹ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਸਕਦਾ ਸੀ। ਕਈ ਲੋਕ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਇੱਦਾਂ ਦੇ ਸੁਨਹਿਰੇ ਮੌਕੇ ਵਾਰ-ਵਾਰ ਨਹੀਂ ਆਉਂਦੇ। ਪਰ ਰੌਬਰਟ ਨੇ ਇਸ ਮੌਕੇ ਦਾ ਲਾਹਾ ਲੈਣ ਦੀ ਬਜਾਇ ਰੈਗੂਲਰ ਪਾਇਨੀਅਰ ਬਣਨ ਦਾ ਟੀਚਾ ਰੱਖਿਆ।

2 ਰੌਬਰਟ ਦੀ ਤਰ੍ਹਾਂ ਕਈ ਬੱਚਿਆਂ ਅਤੇ ਵੱਡੀ ਉਮਰ ਦੇ ਮਸੀਹੀਆਂ ਨੂੰ ਇਸ ਦੁਨੀਆਂ ਵਿਚ ਤਰੱਕੀ ਕਰਨ ਦੇ ਮੌਕੇ ਮਿਲਦੇ ਹਨ। ਕੁਝ ਇਨ੍ਹਾਂ ਮੌਕਿਆਂ ਦਾ ਫ਼ਾਇਦਾ ਨਹੀਂ ਉਠਾਉਂਦੇ ਕਿਉਂਕਿ ਉਹ ਪਰਮੇਸ਼ੁਰ ਦੀ ਸੇਵਾ ਸੰਬੰਧੀ ਰੱਖੇ ਆਪਣੇ ਟੀਚਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ। (1 ਕੁਰਿੰ. 7:29-31) ਰੌਬਰਟ ਦੀ ਤਰ੍ਹਾਂ ਹੋਰਨਾਂ ਮਸੀਹੀਆਂ ਨੂੰ ਵਧ-ਚੜ੍ਹ ਕੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਕਿੱਥੋਂ ਮਿਲਦੀ ਹੈ? ਸਭ ਤੋਂ ਵੱਡਾ ਕਾਰਨ ਹੈ ਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ। ਇਸ ਤੋਂ ਇਲਾਵਾ, ਉਹ ਪਰਮੇਸ਼ੁਰ ਦੀ ਉੱਤਮ ਸਿੱਖਿਆ ਦੀ ਬਹੁਤ ਕਦਰ ਕਰਦੇ ਹਨ। ਕੀ ਤੁਸੀਂ ਸੋਚਿਆ ਹੈ ਕਿ ਜੇ ਤੁਹਾਡੇ ਕੋਲ ਸੱਚਾਈ ਦਾ ਗਿਆਨ ਨਾ ਹੁੰਦਾ, ਤਾਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ? ਯਹੋਵਾਹ ਤੋਂ ਮਿਲੀ ਸਿੱਖਿਆ ਸਦਕਾ ਸਾਨੂੰ ਜੋ ਸ਼ਾਨਦਾਰ ਬਰਕਤਾਂ ਮਿਲੀਆਂ ਹਨ, ਉਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਨਾ ਸਿਰਫ਼ ਖ਼ੁਸ਼ ਖ਼ਬਰੀ ਲਈ ਆਪਣੀ ਕਦਰ ਬਰਕਰਾਰ ਰੱਖ ਸਕਾਂਗੇ, ਸਗੋਂ ਜੋਸ਼ ਨਾਲ ਇਸ ਨੂੰ ਦੂਜਿਆਂ ਨਾਲ ਸਾਂਝਿਆਂ ਵੀ ਕਰਾਂਗੇ।

ਪਰਮੇਸ਼ੁਰ ਵੱਲੋਂ ਸਿਖਾਏ ਜਾਣ ਦਾ ਸਨਮਾਨ

3. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨਾਮੁਕੰਮਲ ਇਨਸਾਨਾਂ ਨੂੰ ਸਿੱਖਿਆ ਦਿੰਦਾ ਹੈ?

3 ਯਹੋਵਾਹ ਇੰਨਾ ਦਿਆਲੂ ਹੈ ਕਿ ਉਹ ਨਾਮੁਕੰਮਲ ਇਨਸਾਨਾਂ ਨੂੰ ਸਿੱਖਿਆ ਦਿੰਦਾ ਹੈ। ਮਸਹ ਕੀਤੇ ਹੋਏ ਮਸੀਹੀਆਂ ਬਾਰੇ ਯਸਾਯਾਹ 54:13 ਭਵਿੱਖਬਾਣੀ ਕਰਦਾ ਹੈ: “ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।” ਇਹ ਸ਼ਬਦ ਮਸੀਹ ਦੀਆਂ ‘ਹੋਰ ਭੇਡਾਂ’ ਉੱਤੇ ਵੀ ਲਾਗੂ ਹੁੰਦੇ ਹਨ। (ਯੂਹੰ. 10:16) ਇਹ ਅਸੀਂ ਉਸ ਭਵਿੱਖਬਾਣੀ ਤੋਂ ਦੇਖ ਸਕਦੇ ਹਾਂ ਜੋ ਸਾਡੇ ਦਿਨਾਂ ਵਿਚ ਪੂਰੀ ਹੋ ਰਹੀ ਹੈ। ਦਰਸ਼ਣ ਵਿਚ ਯਸਾਯਾਹ ਨੇ ਦੇਖਿਆ ਸੀ ਕਿ ਸਾਰੀਆਂ ਕੌਮਾਂ ਦੇ ਲੋਕ ਸੱਚੀ ਭਗਤੀ ਵੱਲ ਖਿੱਚੇ ਚਲੇ ਆ ਰਹੇ ਸਨ। ਉਸ ਨੇ ਉਨ੍ਹਾਂ ਨੂੰ ਇਕ-ਦੂਸਰੇ ਨੂੰ ਇਹ ਕਹਿੰਦੇ ਹੋਏ ਦੇਖਿਆ: “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।” (ਯਸਾ. 2:1-3) ਇਹ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਪਰਮੇਸ਼ੁਰ ਵੱਲੋਂ ਸਿਖਾਏ ਜਾ ਰਹੇ ਹਾਂ!

4. ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਜਿਨ੍ਹਾਂ ਨੂੰ ਉਹ ਸਿਖਾਉਂਦਾ ਹੈ?

4 ਪਰਮੇਸ਼ੁਰ ਦੀ ਸਿੱਖਿਆ ਤੋਂ ਫ਼ਾਇਦਾ ਉਠਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਜ਼ਰੂਰੀ ਹੈ ਕਿ ਅਸੀਂ ਨਿਮਰ ਹੋਈਏ ਤੇ ਸਿੱਖਣ ਲਈ ਤਿਆਰ ਰਹੀਏ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ: ‘ਯਹੋਵਾਹ ਭਲਾ ਅਰ ਸੱਚਾ ਹੈ, ਉਹ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ।’ (ਜ਼ਬੂ. 25:8, 9) ਅਤੇ ਯਿਸੂ ਨੇ ਕਿਹਾ: “ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਰ ਉਨ੍ਹਾਂ ਨੂੰ ਇਆਣਿਆਂ ਉੱਤੇ ਪਰਗਟ ਕੀਤਾ।” (ਲੂਕਾ 10:21) ਕੀ ਤੁਸੀਂ ਇਹੋ ਜਿਹੇ ਪਰਮੇਸ਼ੁਰ ਦੇ ਨੇੜੇ ਨਹੀਂ ਆਉਣਾ ਚਾਹੋਗੇ ਜੋ “ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ”?—1 ਪਤ. 5:5.

5. ਪਰਮੇਸ਼ੁਰ ਦਾ ਗਿਆਨ ਪਾਉਣਾ ਸਾਡੇ ਲਈ ਕਿਵੇਂ ਸੰਭਵ ਹੋਇਆ?

5 ਯਹੋਵਾਹ ਦੇ ਭਗਤਾਂ ਵਜੋਂ, ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਆਪ ਹੀ ਸੱਚਾਈ ਵਿਚ ਆ ਗਏ? ਨਹੀਂ! ਦਰਅਸਲ, ਅਸੀਂ ਕਦੇ ਵੀ ਆਪਣੇ ਆਪ ਪਰਮੇਸ਼ੁਰ ਦਾ ਗਿਆਨ ਨਹੀਂ ਸੀ ਪਾ ਸਕਦੇ। ਯਿਸੂ ਨੇ ਕਿਹਾ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰ. 6:44) ਯਹੋਵਾਹ ਪ੍ਰਚਾਰ ਦੇ ਕੰਮ ਅਤੇ ਪਵਿੱਤਰ ਸ਼ਕਤੀ ਦੇ ਜ਼ਰੀਏ ‘ਸਾਰੀਆਂ ਕੌਮਾਂ ਦੇ ਪਦਾਰਥਾਂ’ ਯਾਨੀ ਭੇਡ-ਸਮਾਨ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। (ਹੱਜ. 2:7) ਕੀ ਤੁਸੀਂ ਸ਼ੁਕਰਗੁਜ਼ਾਰ ਨਹੀਂ ਹੋ ਕਿ ਯਹੋਵਾਹ ਨੇ ਤੁਹਾਨੂੰ ਆਪਣੇ ਪੁੱਤਰ ਵੱਲ ਖਿੱਚਿਆ ਹੈ?—ਯਿਰਮਿਯਾਹ 9:23, 24 ਪੜ੍ਹੋ।

ਜ਼ਿੰਦਗੀਆਂ ਸੁਧਾਰਨ ਦੀ ਤਾਕਤ

6. “ਯਹੋਵਾਹ ਦੇ ਗਿਆਨ” ਦਾ ਲੋਕਾਂ ’ਤੇ ਕਿਹੜਾ ਜ਼ਬਰਦਸਤ ਅਸਰ ਪੈ ਰਿਹਾ ਹੈ?

6 ਯਸਾਯਾਹ ਆਪਣੀ ਭਵਿੱਖਬਾਣੀ ਵਿਚ ਇਨਸਾਨਾਂ ਦੇ ਬਦਲ ਰਹੇ ਸੁਭਾਅ ਦਾ ਬਹੁਤ ਸੋਹਣੇ ਲਫ਼ਜ਼ਾਂ ਵਿਚ ਬਿਆਨ ਕਰਦਾ ਹੈ। ਇਹ ਭਵਿੱਖਬਾਣੀ ਸਾਡੇ ਜ਼ਮਾਨੇ ਵਿਚ ਪੂਰੀ ਹੋ ਰਹੀ ਹੈ। ਜੋ ਲੋਕ ਪਹਿਲਾਂ ਮਾਰ-ਧਾੜ ਕਰਦੇ ਸਨ, ਹੁਣ ਸ਼ਾਂਤੀ-ਪਸੰਦ ਹਨ। (ਯਸਾਯਾਹ 11:6-9 ਪੜ੍ਹੋ।) ਜੋ ਲੋਕ ਪਹਿਲਾਂ ਨਸਲ, ਕੌਮ, ਕਬੀਲੇ ਜਾਂ ਹੋਰ ਸਭਿਆਚਾਰਕ ਕਾਰਨ ਕਰਕੇ ਇਕ-ਦੂਸਰੇ ਦੇ ਦੁਸ਼ਮਣ ਸਨ, ਉਨ੍ਹਾਂ ਨੇ ਹੁਣ ਇਕਮੁੱਠ ਹੋ ਕੇ ਰਹਿਣਾ ਸਿੱਖਿਆ ਹੈ। ਇਕ ਤਰ੍ਹਾਂ ਨਾਲ ਮਾਨੋ ਉਨ੍ਹਾਂ ਨੇ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਇਆ ਹੈ।’ (ਯਸਾ. 2:4) ਉਨ੍ਹਾਂ ਵਿਚ ਇਹ ਮਾਅਰਕੇ ਦੀਆਂ ਤਬਦੀਲੀਆਂ ਦੀ ਵਜ੍ਹਾ ਕੀ ਹੈ? ਇਨ੍ਹਾਂ ਲੋਕਾਂ ਨੇ ‘ਯਹੋਵਾਹ ਦਾ ਗਿਆਨ’ ਲੈ ਕੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕੀਤਾ ਹੈ। ਭਾਵੇਂ ਕਿ ਯਹੋਵਾਹ ਦੇ ਭਗਤ ਨਾਮੁਕੰਮਲ ਹਨ, ਫਿਰ ਵੀ ਉਹ ਦੁਨੀਆਂ ਭਰ ਵਿਚ ਮਿਲ ਕੇ ਰਹਿੰਦੇ ਹਨ। ਜੀ ਹਾਂ, ਸੰਸਾਰ ਭਰ ਵਿਚ ਅਨੇਕ ਲੋਕ ਖ਼ੁਸ਼ ਖ਼ਬਰੀ ਨੂੰ ਸੁਣ ਰਹੇ ਹਨ। ਨਤੀਜੇ ਵਜੋਂ, ਲੋਕਾਂ ਦੀਆਂ ਜ਼ਿੰਦਗੀਆਂ ਬਦਲ ਰਹੀਆਂ ਹਨ ਜੋ ਪਰਮੇਸ਼ੁਰ ਦੀ ਉੱਤਮ ਸਿੱਖਿਆ ਦਾ ਸਬੂਤ ਹੈ।—ਮੱਤੀ 11:19.

7, 8. (ੳ) ਪਰਮੇਸ਼ੁਰ ਦੀ ਸਿੱਖਿਆ ਕਿਹੜੇ “ਕਿਲ੍ਹਿਆਂ” ਤੋਂ ਲੋਕਾਂ ਨੂੰ ਆਜ਼ਾਦ ਕਰਦੀ ਹੈ? (ਅ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰੀ ਸਿੱਖਿਆ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ?

7 ਪੌਲੁਸ ਰਸੂਲ ਨੇ ਯਹੋਵਾਹ ਦੇ ਭਗਤਾਂ ਦੀ ਸੇਵਕਾਈ ਦੀ ਤੁਲਨਾ ਇਕ ਤਰ੍ਹਾਂ ਦੇ ਯੁੱਧ ਨਾਲ ਕੀਤੀ। ਉਸ ਨੇ ਲਿਖਿਆ: “ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਭਾਣੇ ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ। ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ।” (2 ਕੁਰਿੰ. 10:4, 5) ਇਹ ‘ਕਿਲ੍ਹੇ’ ਕੀ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦੀ ਸਿੱਖਿਆ ਲੋਕਾਂ ਨੂੰ ਆਜ਼ਾਦ ਕਰਦੀ ਹੈ? ਕੁਝ ਹਨ ਕਿਲ੍ਹਿਆਂ ਵਰਗੀਆਂ ਝੂਠੀਆਂ ਸਿੱਖਿਆਵਾਂ, ਅੰਧਵਿਸ਼ਵਾਸ ਅਤੇ ਮਨੁੱਖੀ ਫ਼ਲਸਫ਼ੇ ਜਿਨ੍ਹਾਂ ਦੇ ਬੋਝ ਥੱਲੇ ਲੋਕ ਦੱਬੇ ਪਏ ਹਨ। (ਕੁਲੁ. 2:8) ਪਰ ਪਰਮੇਸ਼ੁਰ ਦੀ ਸਿੱਖਿਆ ਲੈ ਕੇ ਲੋਕ ਬੁਰੀਆਂ ਆਦਤਾਂ ਛੱਡ ਰਹੇ ਹਨ ਤੇ ਆਪਣੇ ਵਿਚ ਰੱਬੀ ਗੁਣ ਪੈਦਾ ਕਰ ਰਹੇ ਹਨ। (1 ਕੁਰਿੰ. 6:9-11) ਇਹ ਸਿੱਖਿਆ ਪਰਿਵਾਰਕ ਜ਼ਿੰਦਗੀ ਨੂੰ ਸੁਧਾਰਦੀ ਹੈ। ਇਸ ਤੋਂ ਇਲਾਵਾ, ਨਾ-ਉਮੀਦਾਂ ਨੂੰ ਜੀਣ ਦਾ ਅਸਲੀ ਮਕਸਦ ਪਤਾ ਲੱਗਦਾ ਹੈ। ਅੱਜ ਲੋਕਾਂ ਨੂੰ ਇਸੇ ਤਰ੍ਹਾਂ ਦੀ ਸਿੱਖਿਆ ਦੀ ਲੋੜ ਹੈ।

8 ਲੋਕ ਯਹੋਵਾਹ ਦੀ ਮਦਦ ਨਾਲ ਆਪਣੇ ਵਿਚ ਇਕ ਗੁਣ ਜੋ ਪੈਦਾ ਕਰਦੇ ਹਨ, ਉਹ ਹੈ ਨੇਕੀ। ਇਹ ਅਸੀਂ ਇਸ ਉਦਾਹਰਣ ਤੋਂ ਦੇਖ ਸਕਦੇ ਹਾਂ। (ਇਬ. 13:18) ਭਾਰਤ ਵਿਚ ਇਕ ਤੀਵੀਂ ਨੇ ਬਾਈਬਲ ਦੀ ਸਟੱਡੀ ਕੀਤੀ ਤੇ ਕੁਝ ਸਮੇਂ ਬਾਅਦ ਪਬਲੀਸ਼ਰ ਬਣ ਗਈ। ਇਕ ਦਿਨ ਜਦੋਂ ਉਹ ਕਿੰਗਡਮ ਹਾਲ ਉਸਾਰੀ ਪ੍ਰਾਜੈਕਟ ਉੱਤੇ ਕੰਮ ਕਰ ਕੇ ਘਰ ਵਾਪਸ ਆ ਰਹੀ ਸੀ, ਤਾਂ ਉਸ ਨੇ ਬੱਸ ਸਟੈਂਡ ਦੇ ਨੇੜੇ ਜ਼ਮੀਨ ਉੱਤੇ ਪਈ ਸੋਨੇ ਦੀ ਇਕ ਚੇਨ ਦੇਖੀ ਜਿਸ ਦੀ ਕੀਮਤ ਤਕਰੀਬਨ 40,000 ਰੁਪਏ ਸੀ। ਗ਼ਰੀਬ ਹੋਣ ਦੇ ਬਾਵਜੂਦ ਉਸ ਨੇ ਚੇਨ ਪੁਲਿਸ ਸਟੇਸ਼ਨ ਲੈ ਜਾ ਕੇ ਪੁਲਸ ਨੂੰ ਦੇ ਦਿੱਤੀ। ਪੁਲਸ ਅਫ਼ਸਰ ਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਹੋਇਆ! ਬਾਅਦ ਵਿਚ ਇਕ ਹੋਰ ਅਫ਼ਸਰ ਨੇ ਉਸ ਨੂੰ ਪੁੱਛਿਆ, “ਤੂੰ ਚੇਨ ਆਪਣੇ ਕੋਲ ਕਿਉਂ ਨਹੀਂ ਰੱਖੀ?” ਉਸ ਨੇ ਦੱਸਿਆ: “ਬਾਈਬਲ ਦੀ ਸਿੱਖਿਆ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ, ਇਸ ਲਈ ਮੈਂ ਹੁਣ ਨੇਕੀ ਦੇ ਕੰਮ ਕਰਦੀ ਹਾਂ।” ਅਫ਼ਸਰ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਪੁਲਸ ਸਟੇਸ਼ਨ ਤੀਵੀਂ ਨਾਲ ਆਏ ਮਸੀਹੀ ਬਜ਼ੁਰਗ ਨੂੰ ਕਿਹਾ: “ਇਸ ਸੂਬੇ ਵਿਚ 3,80,000,00 ਲੋਕ ਹਨ। ਜੇ ਤੁਸੀਂ ਸਿਰਫ਼ 10 ਲੋਕਾਂ ਨੂੰ ਇਸ ਔਰਤ ਵਰਗੇ ਨੇਕ ਬਣਾ ਦਿਓ, ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ।” ਜਦੋਂ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਦੀ ਸਿੱਖਿਆ ਨੇ ਲੱਖਾਂ ਜ਼ਿੰਦਗੀਆਂ ਨੂੰ ਬਦਲਿਆ ਹੈ, ਤਾਂ ਕੀ ਇਹ ਯਹੋਵਾਹ ਦੀ ਵਡਿਆਈ ਕਰਨ ਦੇ ਬਹੁਤ ਸਾਰੇ ਕਾਰਨ ਨਹੀਂ ਹਨ?

9. ਲੋਕਾਂ ਲਈ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਕਿਵੇਂ ਸੰਭਵ ਹੋਈਆਂ?

9 ਪਰਮੇਸ਼ੁਰ ਦੇ ਬਚਨ ਵਿਚ ਜ਼ਿੰਦਗੀਆਂ ਬਦਲਣ ਦੀ ਤਾਕਤ ਤਾਂ ਹੈ ਹੀ, ਪਰ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਵੀ ਲੋਕਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਆਪਣੀਆਂ ਜ਼ਿੰਦਗੀਆਂ ਬਦਲ ਸਕਣ। (ਰੋਮੀ. 12:2; ਗਲਾ. 5:22, 23) ਕੁਲੁੱਸੀਆਂ 3:10 ਕਹਿੰਦਾ ਹੈ: ‘ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।’ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਇੰਨੀ ਤਾਕਤ ਹੈ ਕਿ ਇਹ ਜ਼ਾਹਰ ਕਰ ਦਿੰਦੀ ਹੈ ਕਿ ਇਨਸਾਨ ਅੰਦਰੋਂ ਕਿਸ ਤਰ੍ਹਾਂ ਦਾ ਹੈ। ਇਹ ਤਾਕਤ ਉਸ ਦੀ ਸੋਚ ਅਤੇ ਭਾਵਨਾਵਾਂ ਨੂੰ ਬਦਲ ਕੇ ਰੱਖ ਦਿੰਦੀ ਹੈ। (ਇਬਰਾਨੀਆਂ 4:12 ਪੜ੍ਹੋ।) ਬਾਈਬਲ ਦਾ ਸੱਚਾ ਗਿਆਨ ਲੈ ਕੇ ਅਤੇ ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਚੱਲ ਕੇ ਇਨਸਾਨ ਪਰਮੇਸ਼ੁਰ ਦਾ ਦੋਸਤ ਬਣ ਸਕਦਾ ਹੈ ਤੇ ਹਮੇਸ਼ਾ ਜੀਣ ਦੀ ਉਮੀਦ ਰੱਖ ਸਕਦਾ ਹੈ।

ਭਵਿੱਖ ਲਈ ਤਿਆਰੀ

10. (ੳ) ਭਵਿੱਖ ਦੀ ਤਿਆਰੀ ਕਰਨ ਵਾਸਤੇ ਯਹੋਵਾਹ ਕਿਉਂ ਸਾਡੀ ਮਦਦ ਕਰ ਸਕਦਾ ਹੈ? (ਅ) ਜਲਦੀ ਹੀ ਸਾਰੀ ਧਰਤੀ ਉੱਤੇ ਕਿਹੜੀਆਂ ਜ਼ਬਰਦਸਤ ਤਬਦੀਲੀਆਂ ਹੋਣਗੀਆਂ?

10 ਯਹੋਵਾਹ ਭਵਿੱਖ ਲਈ ਤਿਆਰੀ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ। ਉਸ ਨੇ ਤੈਅ ਕੀਤਾ ਹੈ ਕਿ ਇਨਸਾਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। (ਯਸਾ. 46:9, 10) ਬਾਈਬਲ ਵਿਚ ਭਵਿੱਖਬਾਣੀ ਕੀਤੀ ਹੈ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।” (ਸਫ਼. 1:14) ਉਸ ਦਿਨ ਕਹਾਉਤਾਂ 11:4 ਦੇ ਇਹ ਸ਼ਬਦ ਸੱਚ ਸਾਬਤ ਹੋਣਗੇ: “ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।” ਜਦੋਂ ਸ਼ਤਾਨ ਦੀ ਦੁਨੀਆਂ ਨੂੰ ਸਜ਼ਾ ਦੇਣ ਦਾ ਯਹੋਵਾਹ ਦਾ ਸਮਾਂ ਆਵੇਗਾ, ਤਾਂ ਉਦੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੋਵੇਗੀ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਹੈ। ਉਸ ਵੇਲੇ ਧਨ-ਦੌਲਤ ਕਿਸੇ ਕੰਮ ਦੀ ਨਹੀਂ ਹੋਵੇਗੀ। ਦਰਅਸਲ ਹਿਜ਼ਕੀਏਲ 7:19 ਕਹਿੰਦਾ ਹੈ: “ਓਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਨ੍ਹਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਾਂਗਰ ਹੋਵੇਗਾ।” ਇਹ ਜਾਣ ਕੇ ਅਸੀਂ ਹੁਣੇ ਅਕਲ ਤੋਂ ਕੰਮ ਲੈ ਸਕਦੇ ਹਾਂ।

11. ਪਰਮੇਸ਼ੁਰੀ ਸਿੱਖਿਆ ਕਿਹੜੇ ਇਕ ਤਰੀਕੇ ਨਾਲ ਸਾਨੂੰ ਭਵਿੱਖ ਵਾਸਤੇ ਤਿਆਰ ਕਰਨ ਵਿਚ ਮਦਦ ਕਰਦੀ ਹੈ?

11 ਪਰਮੇਸ਼ੁਰੀ ਸਿੱਖਿਆ ਸਾਨੂੰ ਯਹੋਵਾਹ ਦੇ ਦਿਨ ਵਾਸਤੇ ਤਿਆਰ ਕਰਦੀ ਹੈ। ਇਕ ਤਰੀਕਾ ਹੈ ਕਿ ਇਹ ਜ਼ਿੰਦਗੀ ਵਿਚ ਜ਼ਰੂਰੀ ਗੱਲਾਂ ਨੂੰ ਪਹਿਲ ਦੇਣ ਵਿਚ ਸਾਡੀ ਮਦਦ ਕਰਦੀ ਹੈ। ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਲਿਖਿਆ: “ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ।” ਭਾਵੇਂ ਕਿ ਅਸੀਂ ਅਮੀਰ ਨਹੀਂ ਹਾਂ, ਫਿਰ ਵੀ ਅਸੀਂ ਪਰਮੇਸ਼ੁਰ ਦੀ ਇਸ ਸਲਾਹ ਤੋਂ ਲਾਭ ਉਠਾ ਸਕਦੇ ਹਾਂ। ਪਰ ਸਾਨੂੰ ਕੀ ਕਰਨ ਦੀ ਲੋੜ ਹੈ? ਪੈਸਾ ਤੇ ਚੀਜ਼ਾਂ ਜੋੜਨ ਦੀ ਬਜਾਇ, ਅਸੀਂ “ਪਰਉਪਕਾਰੀ” ਅਤੇ “ਸ਼ੁਭ ਕਰਮਾਂ ਵਿੱਚ ਧਨੀ” ਬਣਨ ਦੀ ਕੋਸ਼ਿਸ਼ ਕਰਾਂਗੇ। ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰੀ ਕੰਮਾਂ ਨੂੰ ਤਵੱਜੋ ਦੇ ਕੇ ਅਸੀਂ ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਦੇ ਹਾਂ।’ (1 ਤਿਮੋ. 6:17-19) ਇਸ ਤਰ੍ਹਾਂ ਕਰ ਕੇ ਅਸੀਂ ਬੁੱਧ ਤੋਂ ਕੰਮ ਲੈ ਰਹੇ ਹੋਵਾਂਗੇ ਕਿਉਂਕਿ ਯਿਸੂ ਨੇ ਵੀ ਕਿਹਾ ਸੀ: “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ?” (ਮੱਤੀ 16:26, 27) ਯਹੋਵਾਹ ਦੇ ਦਿਨ ਨੂੰ ਨੇੜੇ ਆਉਂਦਿਆਂ ਦੇਖ ਕੇ ਚੰਗਾ ਹੋਵੇਗਾ ਜੇ ਅਸੀਂ ਆਪਣੇ ਤੋਂ ਇਹ ਸਵਾਲ ਪੁੱਛੀਏ: ‘ਮੈਂ ਧਨ ਕਿੱਥੇ ਜੋੜਦਾ ਹਾਂ? ਕੀ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ ਜਾਂ ਮਾਇਆ ਦੀ?’—ਮੱਤੀ 6:19, 20, 24.

12. ਸਾਨੂੰ ਸੰਦੇਸ਼ ਸੁਣਾਉਣ ਤੋਂ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ ਜਦੋਂ ਕੁਝ ਲੋਕ ਸਾਡੀ ਸੇਵਕਾਈ ਨੂੰ ਘਟੀਆ ਸਮਝਦੇ ਹਨ?

12 ਪਰਮੇਸ਼ੁਰ ਦੇ ਬਚਨ ਵਿਚ ਦੱਸੇ “ਸ਼ੁਭ ਕਰਮਾਂ” ਵਿੱਚੋਂ ਜ਼ਰੂਰੀ ਕੰਮ ਜੋ ਅਸੀਂ ਕਰਦੇ ਹਾਂ, ਉਹ ਹੈ ਰਾਜ ਦਾ ਪ੍ਰਚਾਰ ਕਰਨਾ ਤੇ ਚੇਲੇ ਬਣਾਉਣ ਦਾ ਕੰਮ ਜੋ ਕਿ ਜਾਨਾਂ ਬਚਾਉਂਦਾ ਹੈ। (ਮੱਤੀ 24:14; 28:19, 20) ਪਹਿਲੀ ਸਦੀ ਦੀ ਤਰ੍ਹਾਂ ਅੱਜ ਵੀ ਕੁਝ ਲੋਕ ਸਾਡੇ ਕੰਮ ਨੂੰ ਘਟੀਆ ਸਮਝਦੇ ਹਨ। (1 ਕੁਰਿੰਥੀਆਂ 1:18-21 ਪੜ੍ਹੋ।) ਪਰ ਇਸ ਨਾਲ ਨਾ ਤਾਂ ਸਾਡੇ ਸੰਦੇਸ਼ ਦੀ ਅਹਿਮੀਅਤ ਘੱਟਦੀ ਹੈ ਅਤੇ ਨਾ ਹੀ ਅਸੀਂ ਲੋਕਾਂ ਨੂੰ ਸੰਦੇਸ਼ ਸੁਣਾਉਣ ਤੋਂ ਪਿੱਛੇ ਹਟਦੇ ਹਾਂ ਕਿਉਂਕਿ ਉਨ੍ਹਾਂ ਕੋਲ ਨਿਹਚਾ ਕਰਨ ਦਾ ਅਜੇ ਵੀ ਮੌਕਾ ਹੈ। (ਰੋਮੀ. 10:13, 14) ਹੋਰਨਾਂ ਨੂੰ ਪਰਮੇਸ਼ੁਰੀ ਸਿੱਖਿਆ ਤੋਂ ਲਾਭ ਉਠਾਉਣ ਵਿਚ ਮਦਦ ਕਰ ਕੇ ਸਾਨੂੰ ਵੀ ਬਰਕਤਾਂ ਮਿਲਣਗੀਆਂ।

ਕੁਰਬਾਨੀਆਂ ਕਰਨ ਨਾਲ ਮਿਲਦੀਆਂ ਬਰਕਤਾਂ

13. ਖ਼ੁਸ਼ ਖ਼ਬਰੀ ਦੀ ਖ਼ਾਤਰ ਪੌਲੁਸ ਰਸੂਲ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ?

13 ਪੌਲੁਸ ਰਸੂਲ ਮਸੀਹੀ ਬਣਨ ਤੋਂ ਪਹਿਲਾਂ ਯਹੂਦੀ ਸਮਾਜ ਵਿਚ ਕਾਮਯਾਬੀ ਪਾਉਣ ਦੀ ਤਿਆਰੀ ਕਰ ਰਿਹਾ ਸੀ। ਲਗਭਗ 13 ਸਾਲਾਂ ਦੀ ਉਮਰ ਵਿਚ ਉਹ ਆਪਣੇ ਸ਼ਹਿਰ ਤਰਸੁਸ ਤੋਂ ਯਰੂਸ਼ਲਮ ਆਇਆ ਤਾਂਕਿ ਉਹ ਯਹੂਦੀ ਕਾਨੂੰਨ ਦੇ ਗੁਰੂ ਗਮਲੀਏਲ ਕੋਲ ਪੜ੍ਹ ਸਕੇ। (ਰਸੂ. 22:3) ਸਮੇਂ ਦੇ ਬੀਤਣ ਨਾਲ ਪੌਲੁਸ ਆਪਣੇ ਜ਼ਮਾਨੇ ਦੇ ਲੋਕਾਂ ਨਾਲੋਂ ਜ਼ਿਆਦਾ ਤਰੱਕੀ ਕਰਨ ਲੱਗਾ। ਜੇ ਉਹ ਇੱਦਾਂ ਹੀ ਤਰੱਕੀ ਕਰਦਾ ਰਹਿੰਦਾ, ਤਾਂ ਉਸ ਨੇ ਯਹੂਦੀ ਸਮਾਜ ਵਿਚ ਕਾਫ਼ੀ ਸ਼ੁਹਰਤ ਪਾ ਲੈਣੀ ਸੀ। (ਗਲਾ. 1:13, 14) ਪਰ ਜਦੋਂ ਉਹ ਖ਼ੁਸ਼ ਖ਼ਬਰੀ ਕਬੂਲ ਕਰ ਕੇ ਪ੍ਰਚਾਰ ਕਰਨ ਲੱਗ ਪਿਆ, ਤਾਂ ਉਸ ਨੇ ਸਾਰਾ ਕੁਝ ਪਿੱਛੇ ਛੱਡ ਦਿੱਤਾ। ਕੀ ਪੌਲੁਸ ਨੂੰ ਆਪਣੇ ਇਸ ਫ਼ੈਸਲੇ ’ਤੇ ਕੋਈ ਪਛਤਾਵਾ ਹੋਇਆ? ਨਹੀਂ। ਉਸ ਨੇ ਲਿਖਿਆ: “ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ।”—ਫ਼ਿਲਿ. 3:8.

14, 15. “ਪਰਮੇਸ਼ੁਰ ਦੇ ਸਾਂਝੀ” ਹੋਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

14 ਪੌਲੁਸ ਦੀ ਤਰ੍ਹਾਂ ਅੱਜ ਵੀ ਮਸੀਹੀ ਖ਼ੁਸ਼ ਖ਼ਬਰੀ ਦੀ ਖ਼ਾਤਰ ਕਈ ਕੁਰਬਾਨੀਆਂ ਕਰਦੇ ਹਨ। (ਮਰ. 10:29, 30) ਕੀ ਇੱਦਾਂ ਕਰ ਕੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਹੁੰਦੀ ਹੈ? ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਰੌਬਰਟ ਕਈਆਂ ਦੀ ਤਰ੍ਹਾਂ ਕਹਿੰਦਾ ਹੈ: “ਮੈਨੂੰ ਜ਼ਰਾ ਜਿੰਨਾ ਵੀ ਪਛਤਾਵਾ ਨਹੀਂ। ਪਾਇਨੀਅਰਿੰਗ ਕਰਨ ਨਾਲ ਮੈਨੂੰ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ ਅਤੇ ਮੈਂ ‘ਚੱਖ ਕੇ ਵੇਖ ਸਕਿਆ ਹਾਂ ਕਿ ਯਹੋਵਾਹ ਭਲਾ ਹੈ।’ ਜਦੋਂ ਵੀ ਮੈਂ ਪਰਮੇਸ਼ੁਰ ਦੀ ਸੇਵਾ ਸੰਬੰਧੀ ਰੱਖੇ ਟੀਚਿਆਂ ਨੂੰ ਪੂਰਿਆਂ ਕਰਨ ਲਈ ਕਿਸੇ ਵੀ ਚੀਜ਼ ਨੂੰ ਕੁਰਬਾਨ ਕੀਤਾ ਹੈ, ਤਾਂ ਯਹੋਵਾਹ ਨੇ ਹਮੇਸ਼ਾ ਉਸ ਨਾਲੋਂ ਵਧ ਬਰਕਤਾਂ ਦਿੱਤੀਆਂ ਹਨ। ਇਹ ਮੇਰੇ ਲਈ ਇਵੇਂ ਹੈ ਜਿਵੇਂ ਕਿ ਮੈਂ ਕੁਝ ਵੀ ਕੁਰਬਾਨ ਨਾ ਕੀਤਾ ਹੋਵੇ, ਸਗੋਂ ਮੈਨੂੰ ਹਮੇਸ਼ਾ ਮਿਲਿਆ ਹੀ ਹੈ!”—ਜ਼ਬੂ. 34:8; ਕਹਾ. 10:22.

15 ਜੇ ਤੁਸੀਂ ਕੁਝ ਸਮੇਂ ਤੋਂ ਪ੍ਰਚਾਰ ਅਤੇ ਸਿਖਾਉਣ ਦਾ ਕੰਮ ਕਰ ਰਹੇ ਹੋ, ਤਾਂ ਬਿਨਾਂ ਸ਼ੱਕ ਤੁਹਾਨੂੰ ਵੀ ਚੱਖਣ ਅਤੇ ਦੇਖਣ ਦੇ ਮੌਕੇ ਮਿਲੇ ਹੋਣਗੇ ਕਿ ਯਹੋਵਾਹ ਭਲਾ ਹੈ। ਕੀ ਤੁਸੀਂ ਉਨ੍ਹਾਂ ਮੌਕਿਆਂ ਨੂੰ ਯਾਦ ਕਰ ਸਕਦੇ ਹੋ ਜਦੋਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਤੁਹਾਡੀ ਮਦਦ ਕੀਤੀ? ਕੀ ਤੁਸੀਂ ਲੋਕਾਂ ਦੀਆਂ ਅੱਖਾਂ ਵਿਚ ਚਮਕ ਦੇਖੀ ਜਦੋਂ ਯਹੋਵਾਹ ਨੇ ਉਨ੍ਹਾਂ ਦੇ ਦਿਲ ਖੋਲ੍ਹ ਦਿੱਤੇ ਤਾਂਕਿ ਉਹ ਸੰਦੇਸ਼ ਨੂੰ ਸਮਝ ਸਕਣ? (ਰਸੂ. 16:14) ਕੀ ਯਹੋਵਾਹ ਨੇ ਔਕੜਾਂ ਪਾਰ ਕਰਨ ਵਿਚ ਤੁਹਾਡੀ ਮਦਦ ਕੀਤੀ ਤਾਂਕਿ ਤੁਸੀਂ ਵਧ-ਚੜ੍ਹ ਕੇ ਪ੍ਰਚਾਰ ਕਰ ਸਕੋ? ਕੀ ਯਹੋਵਾਹ ਨੇ ਮੁਸ਼ਕਲ ਘੜੀਆਂ ਵਿਚ ਤੁਹਾਡਾ ਸਾਥ ਦਿੱਤਾ ਜਿਸ ਕਰਕੇ ਤੁਸੀਂ ਉਸ ਦੀ ਸੇਵਾ ਕਰਦੇ ਰਹਿ ਸਕੇ, ਉਦੋਂ ਵੀ ਜਦੋਂ ਤੁਸੀਂ ਬਹੁਤ ਹੀ ਥੱਕੇ ਹੋਏ ਸੀ? (ਫ਼ਿਲਿ. 4:13) ਪ੍ਰਚਾਰ ਕਰਦਿਆਂ ਜਦੋਂ ਸਾਨੂੰ ਖ਼ੁਦ ਯਹੋਵਾਹ ਦੀ ਮਦਦ ਦਾ ਅਹਿਸਾਸ ਹੁੰਦਾ ਹੈ, ਤਾਂ ਸਾਡੇ ਲਈ ਉਹ ਹੋਰ ਵੀ ਅਸਲੀ ਬਣ ਜਾਂਦਾ ਹੈ ਤੇ ਅਸੀਂ ਉਸ ਦੇ ਹੋਰ ਨੇੜੇ ਹੁੰਦੇ ਹਾਂ। (ਯਸਾ. 41:10) ਕੀ ਪਰਮੇਸ਼ੁਰੀ ਸਿੱਖਿਆ ਦੇਣ ਵਿਚ “ਪਰਮੇਸ਼ੁਰ ਦੇ ਸਾਂਝੀ” ਹੋਣਾ ਸਾਡੀ ਲਈ ਬਰਕਤ ਨਹੀਂ ਹੈ?—1 ਕੁਰਿੰ. 3:9.

16. ਤੁਸੀਂ ਪਰਮੇਸ਼ੁਰੀ ਸਿੱਖਿਆ ਦੇਣ ਸੰਬੰਧੀ ਕੀਤੇ ਜਤਨਾਂ ਅਤੇ ਕੁਰਬਾਨੀਆਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

16 ਕਈ ਲੋਕ ਆਪਣੀ ਜ਼ਿੰਦਗੀ ਵਿਚ ਅਜਿਹਾ ਕੁਝ ਕਰਨਾ ਚਾਹੁੰਦੇ ਹਨ ਜਿਸ ਨੂੰ ਦੂਜੇ ਭੁਲਾ ਨਾ ਸਕਣ। ਪਰ ਅਸੀਂ ਦੇਖਿਆ ਹੈ ਕਿ ਦੁਨੀਆਂ ਵਿਚ ਕੀਤੀਆਂ ਵੱਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਨੂੰ ਵੀ ਭੁਲਾ ਦਿੱਤਾ ਜਾਂਦਾ ਹੈ। ਪਰ ਜੋ ਕੰਮ ਯਹੋਵਾਹ ਆਪਣੇ ਨਾਂ ਨੂੰ ਉੱਚਾ ਕਰਨ ਲਈ ਕਰ ਰਿਹਾ ਹੈ, ਉਹ ਹਮੇਸ਼ਾ ਲਈ ਯਾਦ ਰੱਖੇ ਜਾਣਗੇ। (ਕਹਾ. 10:7; ਇਬ. 6:10) ਆਓ ਅਸੀਂ ਵੀ ਪਰਮੇਸ਼ੁਰੀ ਸਿੱਖਿਆ ਦੇਣ ਦੇ ਕੰਮ ਵਿਚ ਲੱਗੇ ਰਹੀਏ ਜੋ ਕਦੇ ਵੀ ਭੁਲਾਇਆ ਨਹੀਂ ਜਾਵੇਗਾ।

ਤੁਸੀਂ ਕਿਵੇਂ ਜਵਾਬ ਦਿਓਗੇ?

• ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਜਿਨ੍ਹਾਂ ਨੂੰ ਉਹ ਸਿੱਖਿਆ ਦਿੰਦਾ ਹੈ?

• ਪਰਮੇਸ਼ੁਰੀ ਸਿੱਖਿਆ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਿਵੇਂ ਸੁਧਾਰਦੀ ਹੈ?

• ਪਰਮੇਸ਼ੁਰੀ ਸਿੱਖਿਆ ਤੋਂ ਫ਼ਾਇਦਾ ਉਠਾਉਣ ਵਿਚ ਦੂਜਿਆਂ ਦੀ ਮਦਦ ਕਰਨ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਯਹੋਵਾਹ ਵੱਲੋਂ ਸਿਖਾਏ ਹੋਏ ਭੈਣ-ਭਰਾ ਦੁਨੀਆਂ ਭਰ ਵਿਚ ਮਿਲ ਕੇ ਰਹਿੰਦੇ ਹਨ

[ਸਫ਼ਾ 24 ਉੱਤੇ ਤਸਵੀਰ]

ਕੀ “ਪਰਮੇਸ਼ੁਰ ਦੇ ਸਾਂਝੀ” ਹੋਣਾ ਸਾਡੇ ਲਈ ਬਰਕਤ ਨਹੀਂ?