Skip to content

Skip to table of contents

ਕੀ ਯਹੋਵਾਹ ਦੇ ਗਵਾਹ ਪ੍ਰੋਟੈਸਟੈਂਟ ਮਤ ਦੇ ਹਨ?

ਕੀ ਯਹੋਵਾਹ ਦੇ ਗਵਾਹ ਪ੍ਰੋਟੈਸਟੈਂਟ ਮਤ ਦੇ ਹਨ?

ਪਾਠਕਾਂ ਦੇ ਸਵਾਲ

ਕੀ ਯਹੋਵਾਹ ਦੇ ਗਵਾਹ ਪ੍ਰੋਟੈਸਟੈਂਟ ਮਤ ਦੇ ਹਨ?

ਯਹੋਵਾਹ ਦੇ ਗਵਾਹ ਆਪਣੇ ਆਪ ਨੂੰ ਪ੍ਰੋਟੈਸਟੈਂਟ ਮਤ ਦੇ ਨਹੀਂ ਸਮਝਦੇ। ਕਿਉਂ ਨਹੀਂ?

ਪ੍ਰੋਟੈਸਟੈਂਟ ਮਤ 16ਵੀਂ ਸਦੀ ਵਿਚ ਰੋਮਨ ਕੈਥੋਲਿਕ ਚਰਚ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ (ਰਿਫੋਰਮੇਸ਼ਨ) ਤੋਂ ਉਤਪੰਨ ਹੋਇਆ ਸੀ। 1529 ਵਿਚ ਜਰਮਨੀ ਵਿਚ ਇਕ ਧਾਰਮਿਕ ਸੰਮੇਲਨ ਦੌਰਾਨ ਮਾਰਟਿਨ ਲੂਥਰ ਦੇ ਪੈਰੋਕਾਰਾਂ ਨੂੰ ਪਹਿਲੀ ਵਾਰ “ਪ੍ਰੋਟੈਸਟੈਂਟ” ਕਰਾਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਉਨ੍ਹਾਂ ਲੋਕਾਂ ਨੂੰ ਪ੍ਰੋਟੈਸਟੈਂਟ ਸੱਦਿਆ ਜਾਂਦਾ ਹੈ ਜੋ ਰਿਫੋਰਮੇਸ਼ਨ ਦੇ ਸਿਧਾਂਤਾਂ ’ਤੇ ਚੱਲਦੇ ਹਨ। ਇਕ ਸ਼ਬਦ-ਕੋਸ਼ ਅਨੁਸਾਰ “ਉਨ੍ਹਾਂ ਚਰਚਾਂ ਦੇ ਮੈਂਬਰਾਂ ਨੂੰ ਪ੍ਰੋਟੈਸਟੈਂਟ ਕਿਹਾ ਜਾਂਦਾ ਹੈ ਜੋ ਇਸ ਗੱਲ ਦਾ ਇਨਕਾਰ ਕਰਦੇ ਹਨ ਕਿ ਪੋਪ ਕੋਲ ਰੱਬ ਜਿਹਾ ਅਧਿਕਾਰ ਹੈ ਅਤੇ ਜੋ ਰਿਫੋਰਮੇਸ਼ਨ ਦੀਆਂ ਸਿੱਖਿਆਵਾਂ ’ਤੇ ਚੱਲਦੇ ਹਨ ਜਿਵੇਂ ਕਿ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨ ਲਈ ਸਿਰਫ਼ ਨਿਹਚਾ ਕਰਨ ਦੀ ਲੋੜ ਹੈ, ਅਤੇ ਨਿਹਚਾ ਕਰਨ ਵਾਲੇ ਸਾਰੇ ਲੋਕ ਪੁਜਾਰੀ ਹਨ, ਅਤੇ ਬਾਈਬਲ ਹੀ ਸੱਚਾਈ ਦਾ ਸ੍ਰੋਤ ਹੈ।”

ਭਾਵੇਂ ਕਿ ਯਹੋਵਾਹ ਦੇ ਗਵਾਹ ਪੋਪ ਨੂੰ ਰੱਬ ਜਿਹਾ ਨਹੀਂ ਮੰਨਦੇ ਅਤੇ ਦਿਲੋਂ ਬਾਈਬਲ ਨੂੰ ਸੱਚਾਈ ਦਾ ਸ੍ਰੋਤ ਮੰਨਦੇ ਹਨ, ਫਿਰ ਵੀ ਉਹ ਪ੍ਰੋਟੈਸਟੈਂਟ ਲੋਕਾਂ ਨਾਲੋਂ ਕਈ ਮੁੱਖ ਗੱਲਾਂ ਵਿਚ ਵੱਖਰੇ ਹਨ। ਇਕ ਕੋਸ਼ ਯਹੋਵਾਹ ਦੇ ਗਵਾਹਾਂ ਬਾਰੇ ਕਹਿੰਦਾ ਹੈ ਕਿ ਉਹ “ਨਿਰਾਲੇ” ਹਨ। ਗੌਰ ਕਰੋ ਕਿ ਉਹ ਕਿਨ੍ਹਾਂ ਤਿੰਨ ਗੱਲਾਂ ਵਿਚ ਵੱਖਰੇ ਹਨ।

ਪਹਿਲੀ ਗੱਲ, ਭਾਵੇਂ ਪ੍ਰੋਟੈਸਟੈਂਟ ਲੋਕ ਕੈਥੋਲਿਕ ਧਰਮ ਦੇ ਕੁਝ ਵਿਸ਼ਵਾਸ ਰੱਦ ਕਰਦੇ ਹਨ, ਪਰ ਰਿਫੋਰਮੇਸ਼ਨ ਦੇ ਲੀਡਰਾਂ ਨੇ ਕੁਝ ਕੈਥੋਲਿਕ ਸਿੱਖਿਆਵਾਂ ਗ੍ਰਹਿਣ ਕੀਤੀਆਂ ਹਨ ਜਿਵੇਂ ਕਿ ਤ੍ਰਿਏਕ, ਨਰਕ ਦੀ ਅੱਗ ਤੇ ਅਮਰ ਆਤਮਾ ਦੀ ਸਿੱਖਿਆ। ਪਰ ਯਹੋਵਾਹ ਦੇ ਗਵਾਹਾਂ ਦਾ ਵਿਸ਼ਵਾਸ ਹੈ ਕਿ ਇਹ ਸਿੱਖਿਆਵਾਂ ਨਾ ਸਿਰਫ਼ ਬਾਈਬਲ ਦੇ ਉਲਟ ਹਨ, ਸਗੋਂ ਇਨ੍ਹਾਂ ਕਰਕੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਗ਼ਲਤਫ਼ਹਿਮੀ ਵੀ ਹੁੰਦੀ ਹੈ।

ਦੂਸਰੀ ਗੱਲ, ਯਹੋਵਾਹ ਦੇ ਗਵਾਹਾਂ ਦਾ ਧਰਮ ਦੂਸਰਿਆਂ ਨੂੰ ਗ਼ਲਤ ਸਿੱਧ ਕਰਨ ਤੇ ਨਹੀਂ ਤੁਲਿਆ ਹੋਇਆ, ਸਗੋਂ ਉਨ੍ਹਾਂ ਦਾ ਸੰਦੇਸ਼ ਵਧੀਆ ਸਿੱਖਿਆ ਦਿੰਦਾ ਹੈ। ਉਹ ਬਾਈਬਲ ਦੀ ਸਲਾਹ ਉੱਤੇ ਚੱਲਦੇ ਹਨ: “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ ਅਤੇ ਸਬਰ ਕਰਨ ਵਾਲਾ ਹੋਵੇ ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ।” (2 ਤਿਮੋਥਿਉਸ 2:24, 25) ਯਹੋਵਾਹ ਦੇ ਗਵਾਹ ਲੋਕਾਂ ਨੂੰ ਧਾਰਮਿਕ ਗਰੁੱਪਾਂ ਦੀਆਂ ਸਿੱਖਿਆਵਾਂ ਅਤੇ ਬਾਈਬਲ ਦੀਆਂ ਸਿੱਖਿਆਵਾਂ ਵਿਚਕਾਰ ਫ਼ਰਕ ਬਾਰੇ ਜ਼ਰੂਰ ਦੱਸਦੇ ਹਨ। ਪਰ ਇਵੇਂ ਕਰਕੇ ਉਹ ਦੂਸਰੀਆਂ ਧਾਰਮਿਕ ਸੰਸਥਾਵਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਦੀ ਬਜਾਇ ਉਹ ਨੇਕ-ਦਿਲ ਲੋਕਾਂ ਨੂੰ ਪਰਮੇਸ਼ੁਰ ਤੇ ਉਸ ਦੇ ਬਚਨ ਦਾ ਸਹੀ ਗਿਆਨ ਦੇਣਾ ਚਾਹੁੰਦੇ ਹਨ। (ਕੁਲੁੱਸੀਆਂ 1:9, 10) ਜਦੋਂ ਦੂਸਰੇ ਧਰਮਾਂ ਦੇ ਲੋਕ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹੁੰਦੇ, ਤਾਂ ਯਹੋਵਾਹ ਦੇ ਗਵਾਹ ਉਨ੍ਹਾਂ ਨਾਲ ਬਹਿਸ ਨਹੀਂ ਕਰਦੇ।—2 ਤਿਮੋਥਿਉਸ 2:23.

ਤੀਸਰੀ ਗੱਲ, ਪ੍ਰੋਟੈਸਟੈਂਟ ਧਰਮ ਦੇ ਸੈਂਕੜੇ ਪੰਥ ਬਣ ਗਏ ਹਨ, ਪਰ 230 ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਭਾਈਚਾਰੇ ਨੇ ਆਪਣੀ ਏਕਤਾ ਬਣਾਈ ਰੱਖੀ ਹੈ। ਬਾਈਬਲ ਦੀਆਂ ਸਿੱਖਿਆਵਾਂ ਦੇ ਸੰਬੰਧ ਵਿਚ ਯਹੋਵਾਹ ਦੇ ਗਵਾਹ ਪੌਲੁਸ ਰਸੂਲ ਦੀ ਸਲਾਹ ’ਤੇ ਚੱਲ ਕੇ ‘ਇੱਕੋ ਗੱਲ ਬੋਲਦੇ ਹਨ।’ ਉਨ੍ਹਾਂ ਦੇ ਆਪਸ ਵਿਚ ਕੋਈ ਫੁੱਟ ਨਹੀਂ ਹੈ, ਸਗੋਂ ਉਹ ਸੱਚ-ਮੁੱਚ “ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ” ਹਨ। (1 ਕੁਰਿੰਥੀਆਂ 1:10) ਉਹ ਆਪਸ ਵਿਚ “ਮਿਲਾਪ ਦੇ ਬੰਧ ਵਿੱਚ . . . ਏਕਤਾ ਦੀ ਪਾਲਨਾ” ਕਰਦੇ ਹਨ।—ਅਫ਼ਸੀਆਂ 4:3. (w09-E 11/01)