Skip to content

Skip to table of contents

ਬਾਈਬਲ ਦਾ ਅਧਿਐਨ ਕਰ ਕੇ ਹੋਰ ਵੀ ਵਧੀਆ ਪ੍ਰਾਰਥਨਾਵਾਂ ਕਰੋ

ਬਾਈਬਲ ਦਾ ਅਧਿਐਨ ਕਰ ਕੇ ਹੋਰ ਵੀ ਵਧੀਆ ਪ੍ਰਾਰਥਨਾਵਾਂ ਕਰੋ

ਬਾਈਬਲ ਦਾ ਅਧਿਐਨ ਕਰ ਕੇ ਹੋਰ ਵੀ ਵਧੀਆ ਪ੍ਰਾਰਥਨਾਵਾਂ ਕਰੋ

‘ਹੇ ਯਹੋਵਾਹ, ਆਪਣੇ ਦਾਸ ਦੀ ਪ੍ਰਾਰਥਨਾ ਉੱਤੇ ਤੇਰੇ ਕੰਨ ਲੱਗੇ ਰਹਿਣ।’—ਨਹ. 1:11.

1, 2. ਬਾਈਬਲ ਵਿਚ ਦਰਜ ਕੁਝ ਪ੍ਰਾਰਥਨਾਵਾਂ ’ਤੇ ਗੌਰ ਕਰਨਾ ਕਿਉਂ ਫ਼ਾਇਦੇਮੰਦ ਹੋਵੇਗਾ?

ਪ੍ਰਾਰਥਨਾ ਕਰਨੀ ਤੇ ਬਾਈਬਲ ਦਾ ਅਧਿਐਨ ਕਰਨਾ ਸੱਚੀ ਭਗਤੀ ਦਾ ਅਹਿਮ ਹਿੱਸਾ ਹਨ। (1 ਥੱਸ. 5:17; 2 ਤਿਮੋ. 3:16, 17) ਇਹ ਸੱਚ ਹੈ ਕਿ ਬਾਈਬਲ ਸਿਰਫ਼ ਪ੍ਰਾਰਥਨਾਵਾਂ ਨਾਲ ਭਰੀ ਕਿਤਾਬ ਨਹੀਂ ਹੈ, ਪਰ ਇਸ ਵਿਚ ਬਹੁਤ ਸਾਰੀਆਂ ਪ੍ਰਾਰਥਨਾਵਾਂ ਹਨ ਜਿਨ੍ਹਾਂ ਵਿੱਚੋਂ ਕਈ ਜ਼ਬੂਰਾਂ ਦੀ ਪੋਥੀ ਵਿਚ ਦਰਜ ਹਨ।

2 ਬਾਈਬਲ ਪੜ੍ਹਦਿਆਂ ਅਤੇ ਇਸ ਦਾ ਅਧਿਐਨ ਕਰਦਿਆਂ ਤੁਹਾਡੀ ਨਜ਼ਰ ਉਨ੍ਹਾਂ ਪ੍ਰਾਰਥਨਾਵਾਂ ਉੱਤੇ ਪਵੇਗੀ ਜੋ ਤੁਹਾਡੇ ਹਾਲਾਤਾਂ ’ਤੇ ਠੀਕ ਢੁਕਦੀਆਂ ਹਨ। ਦਰਅਸਲ, ਜਦੋਂ ਤੁਸੀਂ ਬਾਈਬਲ ਵਿਚ ਦਰਜ ਇਨ੍ਹਾਂ ਪ੍ਰਾਰਥਨਾਵਾਂ ਵਿਚਲੀਆਂ ਗੱਲਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਸ਼ਾਮਲ ਕਰਦੇ ਹੋ, ਤਾਂ ਤੁਹਾਡੀਆਂ ਪ੍ਰਾਰਥਨਾਵਾਂ ਹੋਰ ਵੀ ਵਧੀਆ ਹੋਣਗੀਆਂ। ਤੁਸੀਂ ਉਨ੍ਹਾਂ ਭਗਤਾਂ ਤੋਂ ਕੀ ਸਿੱਖ ਸਕਦੇ ਹੋ ਜਿਨ੍ਹਾਂ ਦੀਆਂ ਬੇਨਤੀਆਂ ਨੂੰ ਪਰਮੇਸ਼ੁਰ ਨੇ ਸੁਣਿਆ? ਅਤੇ ਪ੍ਰਾਰਥਨਾ ਵਿਚ ਉਨ੍ਹਾਂ ਨੇ ਜੋ ਕੁਝ ਕਿਹਾ ਸੀ, ਉਸ ਤੋਂ ਕੀ ਸਿੱਖਿਆ ਜਾ ਸਕਦਾ ਹੈ?

ਪਰਮੇਸ਼ੁਰ ਦੀ ਸੇਧ ਭਾਲੋ ਅਤੇ ਉਸ ’ਤੇ ਚੱਲੋ

3, 4. ਅਬਰਾਹਾਮ ਦੇ ਨੌਕਰ ਨੂੰ ਕੀ ਕੰਮ ਮਿਲਿਆ ਸੀ ਅਤੇ ਯਹੋਵਾਹ ਨੇ ਜੋ ਕੀਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

3 ਬਾਈਬਲ ਦਾ ਅਧਿਐਨ ਕਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਪਰਮੇਸ਼ੁਰ ਦੀ ਸੇਧ ਲਈ ਹਮੇਸ਼ਾ ਦੁਆ ਕਰਨੀ ਚਾਹੀਦੀ ਹੈ। ਧਿਆਨ ਦਿਓ ਕਿ ਉਦੋਂ ਕੀ ਹੋਇਆ ਸੀ ਜਦੋਂ ਅਬਰਾਹਾਮ ਨੇ ਆਪਣੇ ਸਭ ਤੋਂ ਪੁਰਾਣੇ ਨੌਕਰ ਅਲੀਅਜ਼ਰ ਨੂੰ ਮੇਸੋਪੋਟੇਮੀਆ ਘੱਲਿਆ ਕਿ ਉਹ ਇਸਹਾਕ ਲਈ ਪਰਮੇਸ਼ੁਰ ਦਾ ਭੈ ਮੰਨਣ ਵਾਲੀ ਪਤਨੀ ਲੱਭੇ। ਜਦੋਂ ਔਰਤਾਂ ਖੂਹ ਵਿੱਚੋਂ ਪਾਣੀ ਕੱਢ ਰਹੀਆਂ ਸਨ, ਤਾਂ ਅਲੀਅਜ਼ਰ ਨੇ ਬੇਨਤੀ ਕੀਤੀ: “ਹੇ ਯਹੋਵਾਹ . . . ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਕੋਡਾ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੋ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ ਅਤੇ ਮੈਂ ਏਸੇ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਹੈ।”—ਉਤ. 24:12-14.

4 ਪਰਮੇਸ਼ੁਰ ਨੇ ਅਬਰਾਹਾਮ ਦੇ ਨੌਕਰ ਦੀ ਪ੍ਰਾਰਥਨਾ ਸੁਣੀ ਜਦੋਂ ਰਿਬਕਾਹ ਨੇ ਉਸ ਦੇ ਊਠਾਂ ਨੂੰ ਪਾਣੀ ਪਿਲਾਇਆ। ਰਿਬਕਾਹ ਜਲਦੀ ਹੀ ਅਲੀਅਜ਼ਰ ਨਾਲ ਕਨਾਨ ਚਲੀ ਗਈ ਅਤੇ ਇਸਹਾਕ ਦੀ ਪਿਆਰੀ ਪਤਨੀ ਬਣੀ। ਇਹ ਤਾਂ ਠੀਕ ਹੈ ਕਿ ਤੁਸੀਂ ਇਹ ਉਮੀਦ ਨਹੀਂ ਰੱਖੋਗੇ ਕਿ ਪਰਮੇਸ਼ੁਰ ਤੁਹਾਨੂੰ ਵੀ ਕੋਈ ਨਿਸ਼ਾਨ ਦਿਖਾਵੇ। ਪਰ ਉਹ ਤੁਹਾਨੂੰ ਜ਼ਿੰਦਗੀ ਵਿਚ ਸੇਧ ਦੇਵੇਗਾ ਜੇ ਤੁਸੀਂ ਉਸ ਨੂੰ ਪ੍ਰਾਰਥਨਾ ਕਰੋਗੇ ਅਤੇ ਉਸ ਦੀ ਸ਼ਕਤੀ ਦੀ ਸੇਧ ਵਿਚ ਚੱਲੋਗੇ।—ਗਲਾ. 5:18.

ਪ੍ਰਾਰਥਨਾ ਕਰਨ ਨਾਲ ਚਿੰਤਾ ਘੱਟਦੀ ਹੈ

5, 6. ਏਸਾਓ ਨੂੰ ਮਿਲਣ ਤੋਂ ਥੋੜ੍ਹੇ ਹੀ ਚਿਰ ਪਹਿਲਾਂ ਯਾਕੂਬ ਵੱਲੋਂ ਕੀਤੀ ਪ੍ਰਾਰਥਨਾ ਦੀਆਂ ਕਿਹੜੀਆਂ ਕੁਝ ਗੱਲਾਂ ਧਿਆਨਯੋਗ ਹਨ?

5 ਪ੍ਰਾਰਥਨਾ ਕਰਨ ਨਾਲ ਸਾਡੀ ਚਿੰਤਾ ਘੱਟ ਸਕਦੀ ਹੈ। ਯਾਕੂਬ ਨੇ ਆਪਣੇ ਜੁੜਵਾਂ ਭਰਾ ਏਸਾਓ ਤੋਂ ਡਰਦੇ ਮਾਰੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਰ ਉਸ ਸਾਰੀ ਸਚਿਆਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ। ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆਕੇ ਮੈਨੂੰ ਅਰ ਮਾਵਾਂ ਨੂੰ ਪੁੱਤ੍ਰਾਂ ਸਣੇ ਨਾ ਮਾਰ ਸੁੱਟੇ। ਤੈਂ ਆਖਿਆ ਕਿ ਮੈਂ ਤੇਰੇ ਸੰਗ ਭਲਿਆਈ ਹੀ ਭਲਿਆਈ ਕਰਾਂਗਾ ਅਰ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗਰ ਜਿਹੜੀ ਬੁਹਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ਬਣਾਵਾਂਗਾ।’—ਉਤ. 32:9-12.

6 ਯਾਕੂਬ ਨੇ ਆਪਣੇ ਭਰਾ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕੇ ਸਨ। ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣੀ ਜਦੋਂ ਉਹ ਤੇ ਏਸਾਓ ਇਕ-ਦੂਜੇ ਨੂੰ ਮਿਲੇ ਅਤੇ ਉਨ੍ਹਾਂ ਦੀ ਸੁਲ੍ਹਾ-ਸਫ਼ਾਈ ਹੋ ਗਈ। (ਉਤ. 33:1-4) ਉਸ ਦੀ ਬੇਨਤੀ ਧਿਆਨ ਨਾਲ ਪੜ੍ਹੋ ਅਤੇ ਤੁਸੀਂ ਦੇਖੋਗੇ ਕਿ ਯਾਕੂਬ ਨੇ ਸਿਰਫ਼ ਮਦਦ ਲਈ ਹੀ ਦੁਆ ਨਹੀਂ ਸੀ ਕੀਤੀ। ਉਸ ਨੇ ਸੰਤਾਨ ਬਾਰੇ ਕੀਤੇ ਵਾਅਦੇ ਵਿਚ ਵੀ ਨਿਹਚਾ ਪ੍ਰਗਟਾਈ ਅਤੇ ਯਹੋਵਾਹ ਦੀ ਕਿਰਪਾ ਲਈ ਸ਼ੁਕਰੀਆ ਅਦਾ ਕੀਤਾ। ਕੀ ਤੁਹਾਡੇ ਅੰਦਰ ਕਿਸੇ ਤਰ੍ਹਾਂ ਦਾ “ਡਰ” ਹੈ? (2 ਕੁਰਿੰ. 7:5, CL) ਜੇ ਹੈ, ਤਾਂ ਯਾਕੂਬ ਦੀ ਬੇਨਤੀ ਤੁਹਾਨੂੰ ਚੇਤੇ ਕਰਾਏਗੀ ਕਿ ਪ੍ਰਾਰਥਨਾਵਾਂ ਚਿੰਤਾ ਨੂੰ ਘਟਾ ਸਕਦੀਆਂ ਹਨ। ਪ੍ਰਾਰਥਨਾ ਵਿਚ ਸਾਨੂੰ ਸਿਰਫ਼ ਚੀਜ਼ਾਂ ਬਾਰੇ ਹੀ ਗੱਲ ਨਹੀਂ ਕਰਨੀ ਚਾਹੀਦੀ, ਸਗੋਂ ਉਹ ਗੱਲਾਂ ਵੀ ਕਹਿਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਸਾਨੂੰ ਨਿਹਚਾ ਹੈ।

ਬੁੱਧ ਲਈ ਪ੍ਰਾਰਥਨਾ ਕਰੋ

7. ਮੂਸਾ ਨੇ ਕਿਉਂ ਪ੍ਰਾਰਥਨਾ ਕੀਤੀ ਕਿ ਯਹੋਵਾਹ ਉਸ ਨੂੰ ਆਪਣੇ ਰਾਹਾਂ ਬਾਰੇ ਦੱਸੇ?

7 ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਬੁੱਧ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਮੂਸਾ ਨੇ ਪ੍ਰਾਰਥਨਾ ਕੀਤੀ ਸੀ ਕਿ ਯਹੋਵਾਹ ਉਸ ਨੂੰ ਆਪਣੇ ਰਾਹਾਂ ਬਾਰੇ ਦੱਸੇ। ਉਸ ਨੇ ਅਰਜ਼ ਕੀਤੀ: “ਵੇਖ ਤੂੰ [ਯਹੋਵਾਹ] ਮੈਨੂੰ ਆਖਦਾ ਹੈਂ ਕਿ ਇਨ੍ਹਾਂ ਲੋਕਾਂ ਨੂੰ [ਮਿਸਰ ਤੋਂ] ਉਤਾਹਾਂ ਲੈ ਜਾਹ . . . ਸੋ ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਮੈਨੂੰ ਆਪਣਾ ਰਾਹ ਦੱਸ ਕਿ . . . ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਰਹੇ।” (ਕੂਚ 33:12, 13) ਪਰਮੇਸ਼ੁਰ ਨੇ ਮੂਸਾ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਉਸ ਨੂੰ ਆਪਣੇ ਰਾਹਾਂ ਬਾਰੇ ਹੋਰ ਦੱਸਿਆ। ਯਹੋਵਾਹ ਦੇ ਲੋਕਾਂ ਦੀ ਅਗਵਾਈ ਕਰਨ ਲਈ ਉਸ ਵਾਸਤੇ ਇਹ ਜਾਣਕਾਰੀ ਜ਼ਰੂਰੀ ਸੀ।

8. ਤੁਹਾਨੂੰ 1 ਰਾਜਿਆਂ 3:7-14 ਉੱਤੇ ਮਨਨ ਕਰ ਕੇ ਕਿਵੇਂ ਲਾਭ ਹੋਵੇਗਾ?

8 ਦਾਊਦ ਨੇ ਵੀ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ।” (ਜ਼ਬੂ. 25:4) ਦਾਊਦ ਦੇ ਪੁੱਤਰ ਸੁਲੇਮਾਨ ਨੇ ਪਰਮੇਸ਼ੁਰ ਨੂੰ ਬੁੱਧ ਲਈ ਬੇਨਤੀ ਕੀਤੀ ਸੀ ਤਾਂਕਿ ਉਹ ਇਸਰਾਏਲ ਵਿਚ ਰਾਜੇ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕੇ। ਯਹੋਵਾਹ ਸੁਲੇਮਾਨ ਦੀ ਬੇਨਤੀ ਤੋਂ ਖ਼ੁਸ਼ ਹੋਇਆ ਅਤੇ ਉਸ ਨੇ ਸੁਲੇਮਾਨ ਨੂੰ ਨਾ ਸਿਰਫ਼ ਬੁੱਧ ਦਿੱਤੀ, ਸਗੋਂ ਧਨ ਤੇ ਮਹਿਮਾ ਵੀ ਦਿੱਤੀ। (1 ਰਾਜਿਆਂ 3:7-14 ਪੜ੍ਹੋ।) ਜੇ ਤੁਹਾਨੂੰ ਕਲੀਸਿਯਾ ਵਿਚ ਮਿਲੀਆਂ ਜ਼ਿੰਮੇਵਾਰੀਆਂ ਭਾਰੀਆਂ ਲੱਗਦੀਆਂ ਹਨ, ਤਾਂ ਬੁੱਧ ਲਈ ਪ੍ਰਾਰਥਨਾ ਕਰੋ ਤੇ ਨਿਮਰ ਰਵੱਈਆ ਰੱਖੋ। ਫਿਰ ਪਰਮੇਸ਼ੁਰ ਤੁਹਾਨੂੰ ਉਹ ਗਿਆਨ ਤੇ ਬੁੱਧ ਦੇਵੇਗਾ ਜਿਸ ਨਾਲ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਤੇ ਪਿਆਰ ਨਾਲ ਨਿਭਾ ਸਕੋਗੇ।

ਦਿਲੋਂ ਪ੍ਰਾਰਥਨਾ ਕਰੋ

9, 10. ਮੰਦਰ ਦੇ ਉਦਘਾਟਨ ਵੇਲੇ ਸੁਲੇਮਾਨ ਨੇ ਆਪਣੀ ਪ੍ਰਾਰਥਨਾ ਵਿਚ ਮਨ ਬਾਰੇ ਜੋ ਗੱਲਾਂ ਕਹੀਆਂ ਸਨ, ਉਨ੍ਹਾਂ ਵਿੱਚੋਂ ਤੁਹਾਨੂੰ ਕਿਹੜੀ ਗੱਲ ਵਧੀਆ ਲੱਗੀ?

9 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਇਹ ਦਿਲੋਂ ਹੋਣੀਆਂ ਚਾਹੀਦੀਆਂ ਹਨ। ਸੁਲੇਮਾਨ ਨੇ 1026 ਈਸਵੀ ਪੂਰਵ ਵਿਚ ਯਹੋਵਾਹ ਦੇ ਮੰਦਰ ਦੇ ਉਦਘਾਟਨ ਸਮੇਂ ਯਰੂਸ਼ਲਮ ਵਿਚ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਅੱਗੇ ਦਿਲੋਂ ਪ੍ਰਾਰਥਨਾ ਕੀਤੀ ਸੀ। ਇਹ ਪ੍ਰਾਰਥਨਾ 1 ਰਾਜਿਆਂ ਦੇ 8ਵੇਂ ਅਧਿਆਇ ਵਿਚ ਦਰਜ ਹੈ। ਸੁਲੇਮਾਨ ਨੇ ਯਹੋਵਾਹ ਦੀ ਮਹਿਮਾ ਕੀਤੀ ਜਦੋਂ ਅੱਤ ਪਵਿੱਤਰ ਸਥਾਨ ਵਿਚ ਨੇਮ ਦਾ ਸੰਦੂਕ ਰੱਖਿਆ ਗਿਆ ਅਤੇ ਯਹੋਵਾਹ ਨੇ ਮੰਦਰ ਨੂੰ ਬੱਦਲ ਨਾਲ ਭਰ ਦਿੱਤਾ।

10 ਸੁਲੇਮਾਨ ਦੀ ਪ੍ਰਾਰਥਨਾ ਨੂੰ ਚੰਗੀ ਤਰ੍ਹਾਂ ਪੜ੍ਹੋ ਤੇ ਧਿਆਨ ਦਿਓ ਕਿ ਉਸ ਨੇ ਮਨ ਬਾਰੇ ਕੀ-ਕੀ ਕਿਹਾ। ਸੁਲੇਮਾਨ ਨੂੰ ਪਤਾ ਸੀ ਕਿ ਯਹੋਵਾਹ ਇਕੱਲਾ ਹੀ ਜਾਣਦਾ ਹੈ ਕਿ ਇਨਸਾਨ ਦੇ ਦਿਲ ਵਿਚ ਕੀ ਹੈ। (1 ਰਾਜ. 8:38, 39) ਇਸੇ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਪਾਪੀ ਪਰਮੇਸ਼ੁਰ ਵੱਲ ‘ਆਪਣੇ ਸਾਰੇ ਮਨ ਨਾਲ ਮੁੜੇਗਾ,’ ਉਹ ਯਹੋਵਾਹ ਦੀ ਮਿਹਰ ਦੁਬਾਰਾ ਪਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿਚ ਦੁਸ਼ਮਣਾਂ ਦੀ ਕੈਦ ਵਿਚ ਰਹਿੰਦੇ ਪਰਮੇਸ਼ੁਰ ਦੇ ਲੋਕਾਂ ਦੀ ਦੁਹਾਈ ਤਾਂ ਹੀ ਸੁਣੀ ਜਾਂਦੀ ਸੀ ਜੇ ਉਹ ਪੂਰੇ ਦਿਲ ਨਾਲ ਯਹੋਵਾਹ ਨੂੰ ਬੇਨਤੀ ਕਰਦੇ ਸਨ। (1 ਰਾਜ. 8:48, 58, 61) ਇਸ ਲਈ ਤੁਹਾਡੀਆਂ ਪ੍ਰਾਰਥਨਾਵਾਂ ਵੀ ਦਿਲੋਂ ਹੋਣੀਆਂ ਚਾਹੀਦੀਆਂ ਹਨ।

ਜ਼ਬੂਰਾਂ ਦੀ ਪੋਥੀ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਹੋਰ ਵਧੀਆ ਕਿਵੇਂ ਬਣਾ ਸਕਦੀ ਹੈ

11, 12. ਤੁਸੀਂ ਲੇਵੀ ਦੀ ਪ੍ਰਾਰਥਨਾ ਤੋਂ ਕੀ ਸਿੱਖਿਆ ਜਿਹੜਾ ਕੁਝ ਸਮੇਂ ਲਈ ਯਹੋਵਾਹ ਦੇ ਮੰਦਰ ਨਹੀਂ ਜਾ ਸਕਿਆ ਸੀ?

11 ਜ਼ਬੂਰਾਂ ਦੀ ਪੋਥੀ ਪੜ੍ਹ ਕੇ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਹੋਰ ਵਧੀਆ ਬਣਾ ਸਕਦੇ ਹੋ ਅਤੇ ਉਡੀਕ ਕਰ ਸਕਦੇ ਹੋ ਕਿ ਪਰਮੇਸ਼ੁਰ ਤੁਹਾਡੀ ਪ੍ਰਾਰਥਨਾ ਦਾ ਜਵਾਬ ਦੇਵੇਗਾ। ਜ਼ਰਾ ਗ਼ੁਲਾਮ ਲੇਵੀ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੇ ਧੀਰਜ ਰੱਖਿਆ। ਭਾਵੇਂ ਉਹ ਕੁਝ ਸਮੇਂ ਲਈ ਯਹੋਵਾਹ ਦੇ ਮੰਦਰ ਵਿਚ ਨਹੀਂ ਜਾ ਸਕਿਆ, ਫਿਰ ਵੀ ਉਸ ਨੇ ਗਾਇਆ: “ਹੇ ਮੇਰੇ ਜੀ, ਤੂੰ ਕਿਉਂ ਝੁਕਿਆ ਹੋਇਆ ਹੈਂ, ਅਤੇ ਮੇਰੇ ਵਿੱਚ ਕਿਉਂ ਵਿਆਕੁਲ ਹੈਂ? ਪਰਮੇਸ਼ੁਰ ਉੱਤੇ ਆਸ਼ਾ ਰੱਖ! ਮੈਂ ਤਾਂ ਉਸ ਦਾ ਫੇਰ ਧੰਨਵਾਦ ਕਰਾਂਗਾ, ਜਿਹੜਾ ਮੇਰੇ ਮੁਖੜੇ ਦਾ ਬਚਾਓ ਅਰ ਮੇਰਾ ਪਰਮੇਸ਼ੁਰ ਹੈ।”—ਜ਼ਬੂ. 42:5, 11; 43:5.

12 ਤੁਸੀਂ ਉਸ ਲੇਵੀ ਤੋਂ ਕੀ ਸਿੱਖ ਸਕਦੇ ਹੋ? ਜੇ ਧਰਮੀ ਰਾਹ ’ਤੇ ਚੱਲਣ ਕਰਕੇ ਤੁਹਾਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ ਅਤੇ ਤੁਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰ ਸਕਦੇ, ਤਾਂ ਧੀਰਜ ਨਾਲ ਪਰਮੇਸ਼ੁਰ ਦੀ ਉਡੀਕ ਕਰੋ ਕਿ ਉਹ ਤੁਹਾਡੇ ਲਈ ਕੁਝ ਕਰੇ। (ਜ਼ਬੂ. 37:5) ਉਨ੍ਹਾਂ ਪਲਾਂ ਬਾਰੇ ਸੋਚੋ ਕਿ ਪਰਮੇਸ਼ੁਰ ਦੀ ਸੇਵਾ ਵਿਚ ਕਿਹੜੀਆਂ ਗੱਲਾਂ ਤੋਂ ਤੁਹਾਨੂੰ ਖ਼ੁਸ਼ੀ ਮਿਲਦੀ ਸੀ ਅਤੇ ‘ਪਰਮੇਸ਼ੁਰ ਉੱਤੇ ਆਸ਼ਾ ਰੱਖਦਿਆਂ’ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਸਹਿਣ ਦੀ ਤਾਕਤ ਦੇਵੇ ਅਤੇ ਤੁਸੀਂ ਭੈਣਾਂ-ਭਰਾਵਾਂ ਨੂੰ ਦੁਬਾਰਾ ਮਿਲ-ਜੁਲ ਸਕੋ।

ਨਿਹਚਾ ਨਾਲ ਪ੍ਰਾਰਥਨਾ ਕਰੋ

13. ਯਾਕੂਬ 1:5-8 ਦੇ ਅਨੁਸਾਰ ਤੁਹਾਨੂੰ ਨਿਹਚਾ ਨਾਲ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

13 ਹਮੇਸ਼ਾ ਨਿਹਚਾ ਨਾਲ ਪ੍ਰਾਰਥਨਾ ਕਰੋ ਭਾਵੇਂ ਤੁਹਾਡੇ ਹਾਲਾਤ ਜੋ ਮਰਜ਼ੀ ਹੋਣ। ਜੇ ਤੁਹਾਡੀ ਨਿਹਚਾ ਦੀ ਪਰਖ ਹੋ ਰਹੀ ਹੈ, ਤਾਂ ਚੇਲੇ ਯਾਕੂਬ ਦੀ ਸਲਾਹ ਨੂੰ ਮੰਨੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਸ਼ੱਕ ਨਾ ਕਰੋ ਕਿ ਉਹ ਤੁਹਾਨੂੰ ਅਜ਼ਮਾਇਸ਼ ਨਾਲ ਸਿੱਝਣ ਲਈ ਬੁੱਧ ਦੇਵੇਗਾ ਜਾ ਨਹੀਂ। (ਯਾਕੂਬ 1:5-8 ਪੜ੍ਹੋ।) ਪਰਮੇਸ਼ੁਰ ਨੂੰ ਪਤਾ ਹੈ ਕਿ ਤੁਹਾਨੂੰ ਕਿਹੜੀ ਗੱਲ ਪਰੇਸ਼ਾਨ ਕਰ ਰਹੀ ਹੈ, ਇਸ ਲਈ ਉਹ ਤੁਹਾਨੂੰ ਆਪਣੀ ਸ਼ਕਤੀ ਰਾਹੀਂ ਸੇਧ ਤੇ ਦਿਲਾਸਾ ਦੇਵੇਗਾ। ਪੂਰੀ ਨਿਹਚਾ ਨਾਲ ਉਸ ਅੱਗੇ ਆਪਣਾ ਦਿਲ ਖੋਲ੍ਹੋ ਤੇ ‘ਕੁਝ ਭਰਮ ਨਾ ਕਰੋ।’ ਉਸ ਦੇ ਬਚਨ ਦੀ ਸਲਾਹ ਮੰਨੋ ਅਤੇ ਉਸ ਦੀ ਸ਼ਕਤੀ ਦੀ ਸੇਧ ਵਿਚ ਚੱਲੋ।

14, 15. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਹੰਨਾਹ ਨੇ ਨਿਹਚਾ ਨਾਲ ਪ੍ਰਾਰਥਨਾ ਕਰ ਕੇ ਉਸ ਅਨੁਸਾਰ ਕੁਝ ਕੀਤਾ ਵੀ?

14 ਅਲਕਾਨਾਹ ਨਾਂ ਦੇ ਲੇਵੀ ਦੀਆਂ ਦੋ ਪਤਨੀਆਂ ਸਨ। ਉਸ ਦੀ ਇਕ ਪਤਨੀ ਹੰਨਾਹ ਨੇ ਨਿਹਚਾ ਨਾਲ ਪ੍ਰਾਰਥਨਾ ਕੀਤੀ ਤੇ ਉਸ ਅਨੁਸਾਰ ਕੁਝ ਕੀਤਾ ਵੀ। ਬਾਂਝ ਹੰਨਾਹ ਨੂੰ ਦੂਸਰੀ ਪਤਨੀ ਪਨਿੰਨਾਹ ਤਾਅਨੇ ਮਾਰਦੀ ਰਹਿੰਦੀ ਸੀ ਜਿਸ ਦੇ ਕਈ ਨਿਆਣੇ ਸਨ। ਮੰਦਰ ਵਿਚ ਹੰਨਾਹ ਨੇ ਸੁੱਖਣਾ ਸੁੱਖੀ ਕਿ ਜੇ ਉਸ ਦੇ ਪੁੱਤਰ ਹੋਇਆ, ਤਾਂ ਉਹ ਉਸ ਨੂੰ ਯਹੋਵਾਹ ਦੀ ਸੇਵਾ ਵਿਚ ਸੌਂਪ ਦੇਵੇਗੀ। ਪ੍ਰਾਰਥਨਾ ਕਰਦਿਆਂ ਉਸ ਦੇ ਬੁੱਲ੍ਹ ਹਿਲ ਰਹੇ ਸਨ, ਇਸ ਲਈ ਪ੍ਰਧਾਨ ਜਾਜਕ ਏਲੀ ਨੇ ਸੋਚਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਪਰ ਜਦ ਏਲੀ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਤਾਂ ਉਸ ਨੇ ਕਿਹਾ: “ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ।” ਭਾਵੇਂ ਹੰਨਾਹ ਨੂੰ ਪਤਾ ਨਹੀਂ ਸੀ ਕਿ ਯਹੋਵਾਹ ਉਸ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦੇਵੇਗਾ, ਪਰ ਉਸ ਨੂੰ ਨਿਹਚਾ ਸੀ ਕਿ ਉਸ ਦੀ ਪ੍ਰਾਰਥਨਾ ਜ਼ਰੂਰ ਸੁਣੀ ਜਾਵੇਗੀ। ਇਸ ਲਈ “ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।”—1 ਸਮੂ. 1:9-18.

15 ਸਮੂਏਲ ਦੇ ਜਨਮ ਅਤੇ ਦੁੱਧ ਛੁਡਾਉਣ ਤੋਂ ਬਾਅਦ ਹੰਨਾਹ ਨੇ ਉਸ ਨੂੰ ਮੰਦਰ ਵਿਚ ਯਹੋਵਾਹ ਦੀ ਸੇਵਾ ਵਿਚ ਸੌਂਪ ਦਿੱਤਾ। (1 ਸਮੂ. 1:19-28) ਹੰਨਾਹ ਦੀ ਪ੍ਰਾਰਥਨਾ ਉੱਤੇ ਮਨਨ ਕਰਨ ਨਾਲ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਧੀਆ ਬਣਾ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਆਪਣੀ ਉਦਾਸੀ ਘਟਾ ਸਕੋਗੇ ਜਿਸ ਦਾ ਕਾਰਨ ਜਿਹੜੀ ਮਰਜ਼ੀ ਸਮੱਸਿਆ ਹੋਵੇ। ਪਰ ਇਹ ਉਦਾਸੀ ਤਾਂ ਹੀ ਘਟੇਗੀ ਜੇ ਤੁਸੀਂ ਨਿਹਚਾ ਨਾਲ ਪ੍ਰਾਰਥਨਾ ਕਰੋ ਕਿ ਯਹੋਵਾਹ ਤੁਹਾਡੀ ਸੁਣੇਗਾ।—1 ਸਮੂ. 2:1-10.

16, 17. ਨਹਮਯਾਹ ਵੱਲੋਂ ਨਿਹਚਾ ਨਾਲ ਪ੍ਰਾਰਥਨਾ ਕਰਨ ਅਤੇ ਉਸ ਅਨੁਸਾਰ ਕਦਮ ਚੁੱਕਣ ਦਾ ਕੀ ਨਤੀਜਾ ਨਿਕਲਿਆ?

16 ਪੰਜਵੀਂ ਸਦੀ ਈਸਵੀ ਪੂਰਵ ਦੇ ਧਰਮੀ ਬੰਦੇ ਨਹਮਯਾਹ ਨੇ ਨਿਹਚਾ ਨਾਲ ਪ੍ਰਾਰਥਨਾ ਕੀਤੀ ਤੇ ਉਸ ਅਨੁਸਾਰ ਕਦਮ ਚੁੱਕੇ। ਉਸ ਨੇ ਦੁਆ ਕੀਤੀ: “ਹੇ ਪ੍ਰਭੁ, ਆਪਣੇ ਦਾਸ ਦੀ ਪ੍ਰਾਰਥਨਾ ਉੱਤੇ ਤੇਰੇ ਕੰਨ ਲੱਗੇ ਰਹਿਣ, ਆਪਣੇ ਦਾਸਾਂ ਦੀ ਪ੍ਰਾਰਥਨਾ ਉੱਤੇ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ ਅਤੇ ਅੱਜ ਤੂੰ ਆਪਣੇ ਦਾਸ ਨੂੰ ਸੁਫਲ ਕਰ ਅਤੇ ਏਸ ਮਨੁੱਖ ਦੇ ਅੱਗੇ ਮੈਨੂੰ ਤਰਸਾਂ ਦਾ ਭਾਗੀ ਬਣਾ।” ਇਹ “ਮਨੁੱਖ” ਕੌਣ ਸੀ? ਇਹ ਫ਼ਾਰਸੀ ਰਾਜਾ ਅਰਤਹਸ਼ਸ਼ਤਾ ਸੀ ਜਿਸ ਦਾ ਨਹਮਯਾਹ ਸਾਕੀ ਸੀ।—ਨਹ. 1:11.

17 ਜਦੋਂ ਨਹਮਯਾਹ ਨੂੰ ਪਤਾ ਲੱਗਾ ਕਿ ਬਾਬਲ ਤੋਂ ਆਜ਼ਾਦ ਹੋਏ ਯਹੂਦੀ ‘ਵੱਡੀ ਦੂਰਦਸ਼ਾ ਅਤੇ ਨਿਰਾਦਰੀ ਵਿੱਚ ਸਨ ਅਤੇ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਸਨ,’ ਤਾਂ ਉਹ ਕਈ ਦਿਨਾਂ ਤਾਈਂ ਨਿਹਚਾ ਨਾਲ ਪ੍ਰਾਰਥਨਾ ਕਰਦਾ ਰਿਹਾ। (ਨਹ. 1:3, 4) ਨਹਮਯਾਹ ਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜੋ ਜਵਾਬ ਮਿਲਿਆ, ਉਸ ਦੀ ਉਸ ਨੂੰ ਉਮੀਦ ਵੀ ਨਹੀਂ ਸੀ। ਰਾਜਾ ਅਰਤਹਸ਼ਸ਼ਤਾ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ ਕਿ ਉਹ ਯਰੂਸ਼ਲਮ ਜਾ ਕੇ ਇਸ ਦੀਆਂ ਕੰਧਾਂ ਨੂੰ ਮੁੜ ਉਸਾਰੇ। (ਨਹ. 2:1-8) ਥੋੜ੍ਹੇ ਹੀ ਚਿਰ ਵਿਚ ਕੰਧਾਂ ਦੀ ਮੁਰੰਮਤ ਹੋ ਗਈ। ਨਹਮਯਾਹ ਦੀਆਂ ਪ੍ਰਾਰਥਨਾਵਾਂ ਇਸ ਲਈ ਸੁਣੀਆਂ ਗਈਆਂ ਕਿਉਂਕਿ ਉਸ ਨੇ ਨਿਹਚਾ ਨਾਲ ਸੱਚੀ ਭਗਤੀ ਲਈ ਇਹ ਪ੍ਰਾਰਥਨਾਵਾਂ ਕੀਤੀਆਂ ਸਨ। ਕੀ ਤੁਸੀਂ ਵੀ ਇਸੇ ਤਰ੍ਹਾਂ ਪ੍ਰਾਰਥਨਾਵਾਂ ਕਰਦੇ ਹੋ?

ਵਡਿਆਈ ਅਤੇ ਧੰਨਵਾਦ ਕਰਨਾ ਨਾ ਭੁੱਲੋ

18, 19. ਯਹੋਵਾਹ ਦੇ ਹਰ ਭਗਤ ਨੂੰ ਕਿਨ੍ਹਾਂ ਕਾਰਨਾਂ ਕਰਕੇ ਉਸ ਦੀ ਵਡਿਆਈ ਅਤੇ ਧੰਨਵਾਦ ਕਰਨਾ ਚਾਹੀਦਾ ਹੈ?

18 ਪ੍ਰਾਰਥਨਾ ਕਰਦਿਆਂ ਯਹੋਵਾਹ ਦੀ ਵਡਿਆਈ ਅਤੇ ਧੰਨਵਾਦ ਕਰਨਾ ਨਾ ਭੁੱਲੋ। ਤੁਹਾਡੇ ਕੋਲ ਇਸ ਤਰ੍ਹਾਂ ਕਰਨ ਦੇ ਕਈ ਕਾਰਨ ਹਨ! ਮਿਸਾਲ ਲਈ, ਦਾਊਦ ਨੇ ਜੋਸ਼ ਨਾਲ ਯਹੋਵਾਹ ਦੀ ਪਾਤਸ਼ਾਹੀ ਨੂੰ ਵਡਿਆਇਆ। (ਜ਼ਬੂਰਾਂ ਦੀ ਪੋਥੀ 145:10-13 ਪੜ੍ਹੋ।) ਕੀ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਦੇ ਰਾਜ ਦਾ ਐਲਾਨ ਕਰਨ ਨੂੰ ਸਨਮਾਨ ਸਮਝਦੇ ਹੋ? ਜ਼ਬੂਰਾਂ ਦੇ ਲਿਖਾਰੀਆਂ ਦੇ ਸ਼ਬਦਾਂ ਦੀ ਮਦਦ ਨਾਲ ਤੁਸੀਂ ਵੀ ਪ੍ਰਾਰਥਨਾ ਵਿਚ ਦਿਲੋਂ ਮਸੀਹੀ ਸਭਾਵਾਂ, ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਲਈ ਯਹੋਵਾਹ ਦਾ ਸ਼ੁਕਰੀਆ ਅਦਾ ਕਰ ਸਕਦੇ ਹੋ।—ਜ਼ਬੂ. 27:4; 122:1.

19 ਯਹੋਵਾਹ ਨਾਲ ਆਪਣੇ ਅਨਮੋਲ ਰਿਸ਼ਤੇ ਲਈ ਧੰਨਵਾਦ ਕਰਨ ਨਾਲ ਤੁਹਾਨੂੰ ਵੀ ਇਨ੍ਹਾਂ ਸ਼ਬਦਾਂ ਅਨੁਸਾਰ ਦਿਲੋਂ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਮਿਲ ਸਕਦੀ ਹੈ: “ਹੇ ਪ੍ਰਭੁ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਮੈਂ ਉੱਮਤਾਂ ਵਿੱਚ ਤੇਰਾ ਭਜਨ ਕੀਰਤਨ ਕਰਾਂਗਾ! ਤੇਰੀ ਦਯਾ ਤਾਂ ਅਕਾਸ਼ਾਂ ਤੀਕ, ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੀਕ ਵੱਡੀ ਹੈ। ਹੇ ਪਰਮੇਸ਼ੁਰ, ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ, ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ!” (ਜ਼ਬੂ. 57:9-11) ਕਿੰਨੇ ਸੋਹਣੇ ਸ਼ਬਦ! ਕੀ ਤੁਸੀਂ ਸਹਿਮਤ ਨਹੀਂ ਹੋ ਕਿ ਦਿਲਾਂ ਨੂੰ ਟੁੰਬ ਲੈਣ ਵਾਲੇ ਜ਼ਬੂਰਾਂ ਦੇ ਇਹ ਸ਼ਬਦ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਹੋਰ ਵੀ ਵਧੀਆ ਬਣਾ ਸਕਦੇ ਹਨ?

ਆਦਰ ਨਾਲ ਪ੍ਰਾਰਥਨਾ ਕਰੋ

20. ਮਰਿਯਮ ਨੇ ਕਿਵੇਂ ਪਰਮੇਸ਼ੁਰ ਪ੍ਰਤਿ ਆਪਣੀ ਸ਼ਰਧਾ ਜ਼ਾਹਰ ਕੀਤੀ?

20 ਸਾਡੀਆਂ ਪ੍ਰਾਰਥਨਾਵਾਂ ਤੋਂ ਜ਼ਾਹਰ ਹੋਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ। ਜਦੋਂ ਮਰਿਯਮ ਨੂੰ ਪਤਾ ਲੱਗਾ ਕਿ ਉਹ ਮਸੀਹਾ ਦੀ ਮਾਂ ਬਣੇਗੀ, ਤਾਂ ਉਸ ਨੇ ਆਦਰ-ਭਰੇ ਸ਼ਬਦ ਕਹੇ ਸਨ ਜਿਸ ਤਰ੍ਹਾਂ ਦੇ ਸ਼ਬਦ ਹੰਨਾਹ ਨੇ ਸਮੂਏਲ ਨੂੰ ਮੰਦਰ ਵਿਚ ਸੇਵਾ ਕਰਨ ਲਈ ਸੌਂਪਣ ਵੇਲੇ ਕਹੇ ਸਨ। ਮਰਿਯਮ ਦੇ ਇਨ੍ਹਾਂ ਸ਼ਬਦਾਂ ਤੋਂ ਪਰਮੇਸ਼ੁਰ ਲਈ ਆਦਰ ਸਾਫ਼ ਝਲਕਦਾ ਹੈ: “ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ, ਅਤੇ ਮੇਰਾ ਆਤਮਾ ਮੇਰੇ ਮੁਕਤੀ ਦਾਤੇ ਪਰਮੇਸ਼ੁਰ ਤੋਂ ਨਿਹਾਲ ਹੋਇਆ।” (ਲੂਕਾ 1:46, 47) ਕੀ ਤੁਸੀਂ ਵੀ ਆਪਣੀਆਂ ਪ੍ਰਾਰਥਨਾਵਾਂ ਵਿਚ ਇਹੋ ਜਿਹੀਆਂ ਭਾਵਨਾਵਾਂ ਜ਼ਾਹਰ ਕਰ ਸਕਦੇ ਹੋ? ਇਸੇ ਕਰਕੇ ਧਰਮੀ ਮਰਿਯਮ ਨੂੰ ਮਸੀਹਾ ਯਾਨੀ ਯਿਸੂ ਦੀ ਮਾਂ ਬਣਨ ਦਾ ਸਨਮਾਨ ਮਿਲਿਆ!

21. ਯਿਸੂ ਦੀਆਂ ਪ੍ਰਾਰਥਨਾਵਾਂ ਤੋਂ ਸ਼ਰਧਾ ਤੇ ਨਿਹਚਾ ਕਿਵੇਂ ਜ਼ਾਹਰ ਹੁੰਦੀਆਂ ਹਨ?

21 ਯਿਸੂ ਬੜੀ ਸ਼ਰਧਾ ਤੇ ਪੂਰੀ ਨਿਹਚਾ ਨਾਲ ਪ੍ਰਾਰਥਨਾ ਕਰਦਾ ਸੀ। ਮਿਸਾਲ ਲਈ, ਲਾਜ਼ਰ ਨੂੰ ਜੀ ਉਠਾਉਣ ਤੋਂ ਪਹਿਲਾਂ, “ਯਿਸੂ ਨੇ ਅੱਖਾਂ ਉਤਾਹਾਂ ਕਰ ਕੇ ਆਖਿਆ, ਹੇ ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ। ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ।” (ਯੂਹੰ. 11:41, 42) ਕੀ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਵੀ ਇਹੋ ਜਿਹੀ ਸ਼ਰਧਾ ਤੇ ਨਿਹਚਾ ਜ਼ਾਹਰ ਹੁੰਦੀ ਹੈ? ਯਿਸੂ ਦੀ ਆਦਰ ਨਾਲ ਕੀਤੀ ਉਹ ਪ੍ਰਾਰਥਨਾ ਧਿਆਨ ਨਾਲ ਪੜ੍ਹੋ ਜੋ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ। ਤੁਸੀਂ ਦੇਖੋਗੇ ਕਿ ਪ੍ਰਾਰਥਨਾ ਵਿਚ ਉਸ ਨੇ ਸਭ ਤੋਂ ਪਹਿਲਾਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ, ਉਸ ਦੇ ਰਾਜ ਦੇ ਆਉਣ ਅਤੇ ਉਸ ਦੀ ਮਰਜ਼ੀ ਪੂਰੀ ਹੋਣ ’ਤੇ ਜ਼ੋਰ ਦਿੱਤਾ ਸੀ। (ਮੱਤੀ 6:9, 10) ਆਪਣੀਆਂ ਪ੍ਰਾਰਥਨਾਵਾਂ ਬਾਰੇ ਸੋਚੋ। ਕੀ ਤੁਸੀਂ ਵੀ ਪ੍ਰਾਰਥਨਾ ਵਿਚ ਦਿਲੋਂ ਕਹਿੰਦੇ ਹੋ ਕਿ ਯਹੋਵਾਹ ਦਾ ਰਾਜ ਆਵੇ, ਉਸ ਦੀ ਮਰਜ਼ੀ ਪੂਰੀ ਹੋਵੇ ਅਤੇ ਉਸ ਦੇ ਨਾਮ ਨੂੰ ਪਵਿੱਤਰ ਕੀਤਾ ਜਾਵੇ? ਤੁਹਾਨੂੰ ਇਵੇਂ ਕਰਨਾ ਚਾਹੀਦਾ ਹੈ।

22. ਤੁਸੀਂ ਕਿਉਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਤਾਕਤ ਦੇਵੇਗਾ?

22 ਸਤਾਹਟਾਂ ਜਾਂ ਹੋਰ ਅਜ਼ਮਾਇਸ਼ਾਂ ਆਉਣ ਤੇ ਅਸੀਂ ਅਕਸਰ ਮਦਦ ਲਈ ਬੇਨਤੀਆਂ ਕਰਦੇ ਹਾਂ ਤਾਂਕਿ ਅਸੀਂ ਦਲੇਰੀ ਨਾਲ ਯਹੋਵਾਹ ਦੀ ਸੇਵਾ ਕਰ ਸਕੀਏ। ਜਦੋਂ ਮਹਾਸਭਾ ਨੇ ਪਤਰਸ ਤੇ ਯੂਹੰਨਾ ਨੂੰ ‘ਯਿਸੂ ਦੇ ਨਾਮ ਉੱਤੇ ਸਿੱਖਿਆ ਨਾ ਦੇਣ’ ਦਾ ਹੁਕਮ ਦਿੱਤਾ, ਤਾਂ ਰਸੂਲਾਂ ਨੇ ਦਲੇਰੀ ਨਾਲ ਕਿਹਾ ਕਿ ਉਹ ਸਿੱਖਿਆ ਦਿੰਦੇ ਰਹਿਣਗੇ। (ਰਸੂ. 4:18-20) ਰਿਹਾ ਹੋਣ ਤੋਂ ਬਾਅਦ, ਉਨ੍ਹਾਂ ਨੇ ਭੈਣਾਂ-ਭਰਾਵਾਂ ਨੂੰ ਸਾਰਾ ਕੁਝ ਦੱਸਿਆ ਕਿ ਉਨ੍ਹਾਂ ਨਾਲ ਕੀ ਕੁਝ ਹੋਇਆ। ਫਿਰ ਉਨ੍ਹਾਂ ਸਾਰਿਆਂ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਉਹ ਦਲੇਰੀ ਨਾਲ ਬਚਨ ਸੁਣਾਉਣ ਵਿਚ ਉਨ੍ਹਾਂ ਦੀ ਮਦਦ ਕਰੇ। ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੋਈ ਜਦੋਂ ਉਨ੍ਹਾਂ ਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਮਿਲਿਆ ਕਿਉਂਕਿ ਉਹ “ਸੱਭੋ ਪਵਿੱਤ੍ਰ ਆਤਮਾ [ਸ਼ਕਤੀ] ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ”! (ਰਸੂਲਾਂ ਦੇ ਕਰਤੱਬ 4:24-31 ਪੜ੍ਹੋ।) ਨਤੀਜੇ ਵਜੋਂ, ਬਹੁਤ ਸਾਰੇ ਲੋਕ ਯਹੋਵਾਹ ਦੇ ਭਗਤ ਬਣ ਗਏ। ਜੀ ਹਾਂ, ਪ੍ਰਾਰਥਨਾ ਕਰਨ ਨਾਲ ਤੁਹਾਨੂੰ ਦਲੇਰੀ ਨਾਲ ਖ਼ੁਸ਼ ਖ਼ਬਰੀ ਸੁਣਾਉਣ ਦੀ ਵੀ ਤਾਕਤ ਮਿਲ ਸਕਦੀ ਹੈ।

ਆਪਣੀਆਂ ਪ੍ਰਾਰਥਨਾਵਾਂ ਸੁਧਾਰਦੇ ਰਹੋ

23, 24. (ੳ) ਹੋਰ ਮਿਸਾਲਾਂ ਦਿਓ ਜੋ ਦਿਖਾਉਂਦੀਆਂ ਹਨ ਕਿ ਬਾਈਬਲ ਦਾ ਅਧਿਐਨ ਕਰਨ ਨਾਲ ਤੁਹਾਡੀਆਂ ਪ੍ਰਾਰਥਨਾਵਾਂ ਸੁਧਰ ਸਕਦੀਆਂ ਹਨ। (ਅ) ਤੁਸੀਂ ਆਪਣੀਆਂ ਪ੍ਰਾਰਥਨਾਵਾਂ ਨੂੰ ਸੁਧਾਰਨ ਲਈ ਕੀ ਕਰੋਗੇ?

23 ਹੋਰ ਵੀ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਨੂੰ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਨਾਲ ਤੁਹਾਡੀਆਂ ਪ੍ਰਾਰਥਨਾਵਾਂ ਸੁਧਰ ਸਕਦੀਆਂ ਹਨ। ਮਿਸਾਲ ਲਈ, ਯੂਨਾਹ ਦੀ ਤਰ੍ਹਾਂ ਤੁਸੀਂ ਵੀ ਪ੍ਰਾਰਥਨਾ ਵਿਚ ਕਹਿ ਸਕਦੇ ਹੋ ਕਿ “ਬਚਾਉ ਯਹੋਵਾਹ ਵੱਲੋਂ ਹੀ ਹੈ!” (ਯੂਨਾ. 2:1-10) ਜੇ ਤੁਸੀਂ ਕਿਸੇ ਗੰਭੀਰ ਪਾਪ ਕਰਕੇ ਪਰੇਸ਼ਾਨ ਹੋ ਅਤੇ ਬਜ਼ੁਰਗਾਂ ਤੋਂ ਮਦਦ ਲਈ ਹੈ, ਤਾਂ ਤੁਸੀਂ ਸ਼ਾਇਦ ਆਪਣੀਆਂ ਪ੍ਰਾਰਥਨਾਵਾਂ ਵਿਚ ਦਾਊਦ ਵਰਗੀਆਂ ਭਾਵਨਾਵਾਂ ਜ਼ਾਹਰ ਕਰ ਕੇ ਦਿਖਾ ਸਕਦੇ ਹੋ ਕਿ ਤੁਹਾਨੂੰ ਪਾਪ ਦਾ ਕਿੰਨਾ ਪਛਤਾਵਾ ਹੈ। (ਜ਼ਬੂ. 51:1-12) ਕੁਝ ਪ੍ਰਾਰਥਨਾਵਾਂ ਵਿਚ ਤੁਸੀਂ ਯਿਰਮਿਯਾਹ ਵਾਂਗ ਯਹੋਵਾਹ ਦੀ ਉਸਤਤ ਕਰ ਸਕਦੇ ਹੋ। (ਯਿਰ. 32:16-19) ਜੇ ਤੁਸੀਂ ਜੀਵਨ-ਸਾਥੀ ਦੀ ਤਲਾਸ਼ ਕਰ ਰਹੇ ਹੋ, ਤਾਂ ਅਜ਼ਰਾ ਦੇ ਨੌਵੇਂ ਅਧਿਆਇ ਵਿਚਲੀ ਪ੍ਰਾਰਥਨਾ ਦਾ ਅਧਿਐਨ ਕਰੋ। ਇਸ ਦੇ ਨਾਲ-ਨਾਲ ਖ਼ੁਦ ਪ੍ਰਾਰਥਨਾ ਕਰੋ ਜਿਸ ਨਾਲ ਤੁਹਾਡਾ ਇਰਾਦਾ ਪੱਕਾ ਹੋ ਸਕਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਹੁਕਮ ਅਨੁਸਾਰ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰੋਗੇ।—1 ਕੁਰਿੰ. 7:39; ਅਜ਼. 9:6, 10-15.

24 ਬਾਈਬਲ ਪੜ੍ਹਦੇ ਰਹੋ, ਇਸ ਦਾ ਅਧਿਐਨ ਕਰਦੇ ਰਹੋ ਤੇ ਰੀਸਰਚ ਕਰਦੇ ਰਹੋ। ਉਹ ਗੱਲਾਂ ਲੱਭੋ ਜੋ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸ਼ਾਮਲ ਕਰ ਸਕਦੇ ਹੋ। ਤੁਸੀਂ ਇਹ ਗੱਲਾਂ ਸ਼ਾਇਦ ਆਪਣੀਆਂ ਬੇਨਤੀਆਂ ਤੇ ਪ੍ਰਾਰਥਨਾਵਾਂ ਵਿਚ ਸ਼ਾਮਲ ਕਰ ਸਕਦੇ ਹੋ ਜਦੋਂ ਤੁਸੀਂ ਯਹੋਵਾਹ ਦਾ ਧੰਨਵਾਦ ਤੇ ਵਡਿਆਈ ਕਰਦੇ ਹੋ। ਜਿਉਂ-ਜਿਉਂ ਤੁਸੀਂ ਬਾਈਬਲ ਦਾ ਅਧਿਐਨ ਕਰ ਕੇ ਆਪਣੀਆਂ ਪ੍ਰਾਰਥਨਾਵਾਂ ਸੁਧਾਰਦੇ ਹੋ, ਤਾਂ ਤੁਸੀਂ ਯਕੀਨਨ ਯਹੋਵਾਹ ਦੇ ਹੋਰ ਨੇੜੇ ਜਾਓਗੇ।

ਤੁਸੀਂ ਕਿਵੇਂ ਜਵਾਬ ਦਿਓਗੇ?

• ਸਾਨੂੰ ਪਰਮੇਸ਼ੁਰ ਦੀ ਸੇਧ ਕਿਉਂ ਭਾਲਣੀ ਤੇ ਉਸ ਅਨੁਸਾਰ ਚੱਲਣਾ ਚਾਹੀਦਾ ਹੈ?

• ਬੁੱਧ ਲਈ ਪ੍ਰਾਰਥਨਾ ਕਰਨ ਵਾਸਤੇ ਸਾਨੂੰ ਕਿਹੜੀ ਗੱਲ ਤੋਂ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ?

• ਜ਼ਬੂਰਾਂ ਦੀ ਪੋਥੀ ਸਾਡੀਆਂ ਪ੍ਰਾਰਥਨਾਵਾਂ ਨੂੰ ਹੋਰ ਵਧੀਆ ਕਿਵੇਂ ਬਣਾ ਸਕਦੀ ਹੈ?

• ਸਾਨੂੰ ਨਿਹਚਾ ਅਤੇ ਸ਼ਰਧਾ ਨਾਲ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

[ਸਵਾਲ]

[ਸਫ਼ਾ 8 ਉੱਤੇ ਤਸਵੀਰ]

ਅਬਰਾਹਾਮ ਦੇ ਨੌਕਰ ਨੇ ਪਰਮੇਸ਼ੁਰ ਨੂੰ ਸੇਧ ਲਈ ਪ੍ਰਾਰਥਨਾ ਕੀਤੀ ਸੀ, ਕੀ ਤੁਸੀਂ ਵੀ ਕਰਦੇ ਹੋ?

[ਸਫ਼ਾ 10 ਉੱਤੇ ਤਸਵੀਰ]

ਪਰਿਵਾਰਕ ਸਟੱਡੀ ਕਰਨ ਨਾਲ ਤੁਹਾਡੀਆਂ ਪ੍ਰਾਰਥਨਾਵਾਂ ਵਧੀਆ ਬਣ ਸਕਦੀਆਂ ਹਨ