Skip to content

Skip to table of contents

ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ

ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ

ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ

‘ਪ੍ਰੇਮ ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।’—1 ਕੁਰਿੰ. 13:7, 8.

1. (ੳ) ਪਿਆਰ ਨੂੰ ਅਕਸਰ ਕਿਵੇਂ ਪੇਸ਼ ਕੀਤਾ ਜਾਂਦਾ ਹੈ? (ਅ) ਕਈ ਕਿਸ ਨੂੰ ਤੇ ਕਿਹੜੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਨ?

ਪਿਆਰ ਬਾਰੇ ਕਾਫ਼ੀ ਕੁਝ ਕਿਹਾ ਜਾਂਦਾ ਹੈ। ਗੀਤਾਂ ਵਿਚ ਪਿਆਰ ਨੂੰ ਸਲਾਹਿਆ ਜਾਂਦਾ ਹੈ ਅਤੇ ਇਸ ਨੂੰ ਰੋਮਾਂਸ ਦਾ ਨਾਂ ਦਿੱਤਾ ਜਾਂਦਾ ਹੈ। ਪਿਆਰ ਦੀ ਤਾਂ ਹਰ ਇਨਸਾਨ ਨੂੰ ਲੋੜ ਹੈ। ਪਰ ਕਿਤਾਬਾਂ ਤੇ ਫਿਲਮਾਂ ਵਿਚ ਜੋ ਪ੍ਰੇਮ ਕਹਾਣੀਆਂ ਹੁੰਦੀਆਂ ਹਨ, ਉਹ ਅਸਲ ਨਹੀਂ ਹੁੰਦੀਆਂ ਤੇ ਬਾਜ਼ਾਰਾਂ ਵਿਚ ਇਨ੍ਹਾਂ ਦੀ ਕਾਫ਼ੀ ਭਰਮਾਰ ਹੈ। ਪਰ ਪਰਮੇਸ਼ੁਰ ਅਤੇ ਗੁਆਂਢੀ ਲਈ ਸੱਚੇ ਪਿਆਰ ਦੀ ਬਹੁਤ ਘਾਟ ਹੈ। ਅਸੀਂ ਇਨ੍ਹਾਂ ਆਖ਼ਰੀ ਦਿਨਾਂ ਵਿਚ ਉਹ ਗੱਲਾਂ ਹੁੰਦੀਆਂ ਦੇਖ ਰਹੇ ਹਾਂ ਜੋ ਬਾਈਬਲ ਵਿਚ ਬਹੁਤ ਪਹਿਲਾਂ ਦੱਸੀਆਂ ਗਈਆਂ ਸਨ। ਮਨੁੱਖ ‘ਆਪ ਸੁਆਰਥੀ, ਮਾਇਆ ਦੇ ਲੋਭੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ’ ਹਨ।—2 ਤਿਮੋ. 3:1-5.

2. ਬਾਈਬਲ ਕੁਰਾਹੇ ਪਾਉਣ ਵਾਲੇ ਪਿਆਰ ਬਾਰੇ ਕਿਹੜੀ ਚੇਤਾਵਨੀ ਦਿੰਦੀ ਹੈ?

2 ਇਨਸਾਨਾਂ ਵਿਚ ਪਿਆਰ ਦਿਖਾਉਣ ਦੀ ਕਾਬਲੀਅਤ ਹੈ, ਪਰ ਪਰਮੇਸ਼ੁਰ ਦਾ ਬਚਨ ਸਾਨੂੰ ਅਜਿਹਾ ਪਿਆਰ ਕਰਨ ਤੋਂ ਖ਼ਬਰਦਾਰ ਕਰਦਾ ਹੈ ਜੋ ਸਾਨੂੰ ਕੁਰਾਹੇ ਪਾ ਸਕਦਾ ਹੈ। ਬਾਈਬਲ ਦੱਸਦੀ ਹੈ ਕਿ ਜਦੋਂ ਕਿਸੇ ਦੇ ਦਿਲ ਵਿਚ ਅਜਿਹਾ ਪਿਆਰ ਪੈਦਾ ਹੋ ਜਾਂਦਾ ਹੈ, ਤਾਂ ਕੀ ਹੁੰਦਾ ਹੈ। (1 ਤਿਮੋ. 6:9, 10) ਕੀ ਤੁਹਾਨੂੰ ਯਾਦ ਹੈ ਕਿ ਪੌਲੁਸ ਰਸੂਲ ਨੇ ਦੇਮਾਸ ਬਾਰੇ ਕੀ ਲਿਖਿਆ ਸੀ? ਭਾਵੇਂ ਉਹ ਪੌਲੁਸ ਨਾਲ ਮਿਲ ਕੇ ਸੇਵਾ ਕਰਦਾ ਸੀ, ਪਰ ਬਾਅਦ ਵਿਚ ਉਸ ਨੂੰ ਛੱਡ ਕੇ ਉਹ ਦੁਨੀਆਂ ਦੀਆਂ ਚੀਜ਼ਾਂ ਨਾਲ ਪਿਆਰ ਕਰਨ ਲੱਗ ਪਿਆ। (2 ਤਿਮੋ. 4:10) ਯੂਹੰਨਾ ਰਸੂਲ ਨੇ ਮਸੀਹੀਆਂ ਨੂੰ ਇਸ ਖ਼ਤਰੇ ਤੋਂ ਚੁਕੰਨੇ ਕੀਤਾ। (1 ਯੂਹੰਨਾ 2:15, 16 ਪੜ੍ਹੋ।) ਜੇ ਅਸੀਂ ਦੁਨੀਆਂ ਅਤੇ ਇਸ ਦੀਆਂ ਪਲ-ਭਰ ਦੀਆਂ ਚੀਜ਼ਾਂ ਅਤੇ ਰਾਹਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਅਤੇ ਉਸ ਦੇ ਰਾਹਾਂ ਨੂੰ ਪਿਆਰ ਨਹੀਂ ਕਰ ਸਕਦੇ।

3. ਅਸੀਂ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਦੇ ਹਾਂ ਅਤੇ ਕਿਹੜੇ ਸਵਾਲ ਪੈਦਾ ਹੁੰਦੇ ਹਨ?

3 ਭਾਵੇਂ ਅਸੀਂ ਇਸ ਦੁਨੀਆਂ ਵਿਚ ਰਹਿੰਦੇ ਹਾਂ, ਪਰ ਅਸੀਂ ਇਸ ਦਾ ਹਿੱਸਾ ਨਹੀਂ ਹਾਂ। ਇਸ ਲਈ ਪਿਆਰ ਬਾਰੇ ਦੁਨੀਆਂ ਦੇ ਗ਼ਲਤ ਖ਼ਿਆਲਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਜੋ ਕਿ ਇਕ ਚੁਣੌਤੀ ਹੈ। ਜੀ ਹਾਂ, ਉਸ ਪਿਆਰ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ ਜੋ ਸਾਨੂੰ ਕੁਰਾਹੇ ਪਾ ਸਕਦਾ ਹੈ। ਤਾਂ ਫਿਰ, ਸਾਨੂੰ ਕਿਨ੍ਹਾਂ ਲਈ ਸੱਚਾ ਪਿਆਰ ਪੈਦਾ ਕਰਨ ਦੀ ਲੋੜ ਹੈ? ਕਿਹੜੇ ਇੰਤਜ਼ਾਮਾਂ ਦੀ ਮਦਦ ਨਾਲ ਅਸੀਂ ਅਜਿਹਾ ਪਿਆਰ ਪੈਦਾ ਕਰ ਸਕਦੇ ਹਾਂ ਜੋ ਸਭ ਕੁਝ ਸਹਿ ਲੈਂਦਾ ਅਤੇ ਕਦੇ ਟਲਦਾ ਨਹੀਂ? ਇੱਦਾਂ ਕਰ ਕੇ ਸਾਨੂੰ ਹੁਣ ਕਿਹੜੇ ਲਾਭ ਮਿਲਦੇ ਹਨ ਅਤੇ ਸਾਡੇ ਭਵਿੱਖ ਉੱਤੇ ਕਿਹੋ ਜਿਹਾ ਅਸਰ ਪਵੇਗਾ? ਸਾਨੂੰ ਉਹ ਜਵਾਬ ਚਾਹੀਦੇ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦਾ ਨਜ਼ਰੀਆ ਝਲਕਦਾ ਹੈ ਤਾਂਕਿ ਅਸੀਂ ਕੁਰਾਹੇ ਨਾ ਪਈਏ।

ਯਹੋਵਾਹ ਲਈ ਪਿਆਰ ਪੈਦਾ ਕਰੋ

4. ਪਰਮੇਸ਼ੁਰ ਲਈ ਪਿਆਰ ਕਿਵੇਂ ਵਧਦਾ ਹੈ?

4 ਬੀ ਦੇ ਵਧਣ ਲਈ ਸਹੀ ਵਾਤਾਵਰਣ ਤਿਆਰ ਕਰਨਾ ਜ਼ਰੂਰੀ ਹੈ। ਇਕ ਕਿਸਾਨ ਦੀ ਮਿਸਾਲ ਲੈ ਲਓ ਜੋ ਸਖ਼ਤ ਮਿਹਨਤ ਕਰ ਕੇ ਮਿੱਟੀ ਨੂੰ ਤਿਆਰ ਕਰਦਾ ਹੈ ਅਤੇ ਬੀ ਬੀਜਦਾ ਹੈ। ਉਸ ਨੂੰ ਉਮੀਦ ਹੈ ਕਿ ਇਹ ਬੀ ਉੱਗ ਕੇ ਵਧਣਗੇ। (ਇਬ. 6:7) ਇਸੇ ਤਰ੍ਹਾਂ, ਪਰਮੇਸ਼ੁਰ ਲਈ ਸਾਡਾ ਪਿਆਰ ਵਧਣਾ ਚਾਹੀਦਾ ਹੈ। ਇਸ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਸਾਨੂੰ ਵੀ ਸਖ਼ਤ ਮਿਹਨਤ ਕਰ ਕੇ ਚੰਗੀ ਮਿੱਟੀ ਤਿਆਰ ਕਰਨ ਯਾਨੀ ਆਪਣੇ ਦਿਲ ਨੂੰ ਤਿਆਰ ਕਰਨ ਦੀ ਲੋੜ ਹੈ ਜਿੱਥੇ ਸੱਚਾਈ ਦਾ ਬੀ ਬੀਜਿਆ ਗਿਆ ਸੀ। ਇਸ ਤਰ੍ਹਾਂ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਲਗਨ ਨਾਲ ਅਧਿਐਨ ਕਰਨ ਦੀ ਲੋੜ ਹੈ ਤਾਂਕਿ ਅਸੀਂ ਉਸ ਦਾ ਜ਼ਿਆਦਾ ਤੋਂ ਜ਼ਿਆਦਾ ਗਿਆਨ ਲੈ ਸਕੀਏ। (ਕੁਲੁ. 1:10) ਬਾਕਾਇਦਾ ਮੀਟਿੰਗਾਂ ਵਿਚ ਜਾਣ ਅਤੇ ਹਿੱਸਾ ਲੈਣ ਨਾਲ ਵੀ ਸਾਡਾ ਗਿਆਨ ਵਧੇਗਾ। ਕੀ ਅਸੀਂ ਖ਼ੁਦ ਡੂੰਘਾ ਗਿਆਨ ਲੈਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ?—ਕਹਾ. 2:1-7.

5. (ੳ) ਅਸੀਂ ਯਹੋਵਾਹ ਦੇ ਮੁੱਖ ਗੁਣਾਂ ਬਾਰੇ ਕਿਵੇਂ ਜਾਣ ਸਕਦੇ ਹਾਂ? (ਅ) ਤੁਸੀਂ ਪਰਮੇਸ਼ੁਰ ਦੇ ਨਿਆਂ, ਬੁੱਧ ਅਤੇ ਸ਼ਕਤੀ ਬਾਰੇ ਕੀ ਕਹਿ ਸਕਦੇ ਹੋ?

5 ਯਹੋਵਾਹ ਆਪਣੇ ਬਚਨ ਰਾਹੀਂ ਆਪਣੀ ਸ਼ਖ਼ਸੀਅਤ ਬਾਰੇ ਦੱਸਦਾ ਹੈ। ਬਾਈਬਲ ਪੜ੍ਹਨ ਅਤੇ ਯਹੋਵਾਹ ਦਾ ਗਿਆਨ ਲੈਂਦੇ ਰਹਿਣ ਨਾਲ ਉਸ ਦੇ ਗੁਣਾਂ ਲਈ ਸਾਡੀ ਕਦਰ ਵਧੇਗੀ ਜਿਵੇਂ ਨਿਆਂ, ਸ਼ਕਤੀ, ਬੁੱਧ ਅਤੇ ਉਸ ਦਾ ਉੱਤਮ ਪਿਆਰ। ਯਹੋਵਾਹ ਦੇ ਨਿਆਂ ਦਾ ਸਬੂਤ ਅਸੀਂ ਉਸ ਦੇ ਸਾਰੇ ਰਾਹਾਂ ਅਤੇ ਉਸ ਦੀ ਬਿਵਸਥਾ ਤੋਂ ਦੇਖ ਸਕਦੇ ਹਾਂ। (ਬਿਵ. 32:4; ਜ਼ਬੂ. 19:7) ਜਦ ਅਸੀਂ ਯਹੋਵਾਹ ਦੀ ਸ੍ਰਿਸ਼ਟੀ ਦੇ ਕੰਮਾਂ ’ਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਉਸ ਦੀ ਉੱਤਮ ਬੁੱਧ ਦੇਖ ਕੇ ਹੱਕੇ-ਬੱਕੇ ਰਹਿ ਜਾਵਾਂਗੇ। (ਜ਼ਬੂ. 104:24) ਕਮਾਲ ਦਾ ਬ੍ਰਹਿਮੰਡ ਵੀ ਵੱਡਾ ਸਬੂਤ ਹੈ ਕਿ ਯਹੋਵਾਹ ਕਿੰਨਾ ਸ਼ਕਤੀਸ਼ਾਲੀ ਅਤੇ ਬਲਵਾਨ ਹੈ।—ਯਸਾ. 40:26.

6. ਪਰਮੇਸ਼ੁਰ ਨੇ ਸਾਡੇ ਲਈ ਪਿਆਰ ਕਿਵੇਂ ਜ਼ਾਹਰ ਕੀਤਾ ਅਤੇ ਇਸ ਦਾ ਤੁਹਾਡੇ ’ਤੇ ਕੀ ਅਸਰ ਪਿਆ ਹੈ?

6 ਪਰਮੇਸ਼ੁਰ ਦੇ ਮੁੱਖ ਗੁਣ ਪਿਆਰ ਬਾਰੇ ਕੀ ਕਿਹਾ ਜਾ ਸਕਦਾ ਹੈ? ਉਸ ਦੇ ਪਿਆਰ ਦੀ ਕੋਈ ਸੀਮਾ ਨਹੀਂ ਅਤੇ ਇਹ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਪਿਆਰ ਉਸ ਨੇ ਮਨੁੱਖਜਾਤੀ ਦੇ ਛੁਟਕਾਰੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਜ਼ਾਹਰ ਕੀਤਾ ਹੈ। (ਰੋਮੀਆਂ 5:8 ਪੜ੍ਹੋ।) ਹਾਲਾਂਕਿ ਇਹ ਕੁਰਬਾਨੀ ਸਾਰੀ ਮਨੁੱਖਜਾਤੀ ਲਈ ਦਿੱਤੀ ਗਈ ਸੀ, ਪਰ ਇਸ ਦਾ ਫ਼ਾਇਦਾ ਉਨ੍ਹਾਂ ਲੋਕਾਂ ਨੂੰ ਹੀ ਹੋਵੇਗਾ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਤੇ ਉਸ ਦੇ ਪੁੱਤਰ ਉੱਤੇ ਨਿਹਚਾ ਰੱਖਦੇ ਹਨ। (ਯੂਹੰ. 3:16, 36) ਪਰਮੇਸ਼ੁਰ ਨੇ ਸਾਡੇ ਪਾਪਾਂ ਦੀ ਮਾਫ਼ੀ ਲਈ ਯਿਸੂ ਦੀ ਕੁਰਬਾਨੀ ਦਿੱਤੀ ਹੈ, ਤਾਂ ਫਿਰ ਕੀ ਸਾਨੂੰ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਨਾ ਚਾਹੀਦਾ?

7, 8. (ੳ) ਪਰਮੇਸ਼ੁਰ ਲਈ ਪਿਆਰ ਜ਼ਾਹਰ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਕੀ ਹੋਣ ਦੇ ਬਾਵਜੂਦ ਪਰਮੇਸ਼ੁਰ ਦੇ ਲੋਕ ਉਸ ਦੇ ਹੁਕਮਾਂ ਨੂੰ ਮੰਨਦੇ ਹਨ?

7 ਪਰਮੇਸ਼ੁਰ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਦੇ ਬਦਲੇ ਅਸੀਂ ਉਸ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ? ਬਾਈਬਲ ਸਪੱਸ਼ਟ ਜਵਾਬ ਦਿੰਦੀ ਹੈ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰ. 5:3) ਜੀ ਹਾਂ, ਯਹੋਵਾਹ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ। ਇਸੇ ਕਾਰਨ ਕਰਕੇ ਅਸੀਂ ਉਸ ਦੇ ਨਾਂ ਅਤੇ ਰਾਜ ਬਾਰੇ ਗਵਾਹੀ ਦਿੰਦੇ ਹਾਂ ਜਿਸ ਤੋਂ ਦੂਜਿਆਂ ਨੂੰ ਫ਼ਾਇਦਾ ਹੁੰਦਾ ਹੈ। ਪੂਰੇ ਦਿਲ ਨਾਲ ਇਹ ਕੰਮ ਕਰ ਕੇ ਅਸੀਂ ਸਬੂਤ ਦਿੰਦੇ ਹਾਂ ਕਿ ਅਸੀਂ ਕਿਸੇ ਸੁਆਰਥ ਲਈ ਉਸ ਦੇ ਹੁਕਮਾਂ ਨੂੰ ਨਹੀਂ ਮੰਨਦੇ।—ਮੱਤੀ 12:34.

8 ਜ਼ਿਆਦਾਤਰ ਲੋਕ ਨਾ ਤਾਂ ਸਾਡੀ ਗੱਲ ਸੁਣਦੇ ਹਨ ਅਤੇ ਨਾ ਹੀ ਰਾਜ ਦੇ ਸੰਦੇਸ਼ ਵਿਚ ਕੋਈ ਰੁਚੀ ਲੈਂਦੇ ਹਨ। ਇਸ ਦੇ ਬਾਵਜੂਦ ਦੁਨੀਆਂ ਭਰ ਵਿਚ ਰਹਿੰਦੇ ਸਾਡੇ ਭੈਣ-ਭਰਾ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦੇ ਹੋਏ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹਨ। (2 ਤਿਮੋ. 4:5) ਉਨ੍ਹਾਂ ਵਾਂਗ ਅਸੀਂ ਵੀ ਲੋਕਾਂ ਨਾਲ ਪਰਮੇਸ਼ੁਰ ਦਾ ਗਿਆਨ ਸਾਂਝਾ ਕਰਦੇ ਹਾਂ ਅਤੇ ਉਸ ਦੇ ਹੋਰ ਸਾਰੇ ਹੁਕਮਾਂ ਨੂੰ ਮੰਨਦੇ ਹਾਂ।

ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਕਿਉਂ ਪਿਆਰ ਕਰਦੇ ਹਾਂ

9. ਮਸੀਹ ਨੇ ਕੀ ਕੁਝ ਸਹਿਆ ਅਤੇ ਕਿਸ ਕਾਰਨ ਸਹਿਆ?

9 ਅਸੀਂ ਪਰਮੇਸ਼ੁਰ ਨੂੰ ਤਾਂ ਪਿਆਰ ਕਰਦੇ ਹੀ ਹਾਂ, ਪਰ ਉਸ ਦੇ ਪੁੱਤਰ ਲਈ ਵੀ ਪਿਆਰ ਪੈਦਾ ਕਰਨ ਦੇ ਕਈ ਕਾਰਨ ਹਨ। ਭਾਵੇਂ ਅਸੀਂ ਯਿਸੂ ਨੂੰ ਕਦੇ ਦੇਖਿਆ ਨਹੀਂ, ਪਰ ਜਿੱਦਾਂ-ਜਿੱਦਾਂ ਅਸੀਂ ਉਸ ਦੇ ਬਾਰੇ ਸਿੱਖਦੇ ਜਾਂਦੇ ਹਾਂ, ਉਸ ਲਈ ਸਾਡਾ ਪਿਆਰ ਗੂੜ੍ਹਾ ਹੁੰਦਾ ਜਾਂਦਾ ਹੈ। (1 ਪਤ. 1:8) ਯਿਸੂ ਨੂੰ ਕੀ ਕੁਝ ਸਹਿਣਾ ਪਿਆ? ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਦਿਆਂ ਯਿਸੂ ਨਾਲ ਬਿਨਾਂ ਕਿਸੇ ਕਾਰਨ ਨਫ਼ਰਤ ਕੀਤੀ ਗਈ, ਉਸ ਨੂੰ ਸਤਾਇਆ ਗਿਆ, ਝੂਠੇ ਦੋਸ਼ ਲਾਏ ਗਏ, ਮਖੌਲ ਉਡਾਇਆ ਗਿਆ, ਗਾਲ੍ਹਾਂ ਦਿੱਤੀਆਂ ਗਈਆਂ ਅਤੇ ਉਸ ਦੀ ਬੇਇੱਜ਼ਤੀ ਵੀ ਕੀਤੀ ਗਈ। (ਯੂਹੰਨਾ 15:25 ਪੜ੍ਹੋ।) ਯਿਸੂ ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਦਾ ਸੀ ਜਿਸ ਕਰਕੇ ਉਸ ਨੇ ਇਹ ਸਾਰੀਆਂ ਅਜ਼ਮਾਇਸ਼ਾਂ ਸਹੀਆਂ। ਪਿਆਰ ਦੀ ਖ਼ਾਤਰ ਉਸ ਨੇ ਮਨੁੱਖਜਾਤੀ ਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ।—ਮੱਤੀ 20:28.

10, 11. ਮਸੀਹ ਨੇ ਸਾਡੇ ਲਈ ਜੋ ਕੁਝ ਕੀਤਾ, ਉਸ ਦੇ ਬਦਲੇ ਸਾਨੂੰ ਕੀ ਕਰਨਾ ਚਾਹੀਦਾ ਹੈ?

10 ਯਿਸੂ ਨੇ ਜੋ ਕੁਝ ਜ਼ਿੰਦਗੀ ਵਿਚ ਕੀਤਾ, ਉਸ ਤੋਂ ਸਾਨੂੰ ਵੀ ਕੁਝ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਉਸ ਲਈ ਸਾਡਾ ਪਿਆਰ ਗੂੜ੍ਹਾ ਹੁੰਦਾ ਹੈ ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਮਸੀਹ ਨੇ ਸਾਡੇ ਲਈ ਕੀ ਕੀਤਾ ਹੈ। ਉਸ ਦੇ ਚੇਲੇ ਹੋਣ ਦੇ ਨਾਤੇ, ਸਾਨੂੰ ਵੀ ਆਪਣੇ ਵਿਚ ਉਸ ਵਰਗਾ ਪਿਆਰ ਪੈਦਾ ਕਰਦੇ ਤੇ ਦਿਖਾਉਂਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਦੇ ਰਹੀਏ।—ਮੱਤੀ 28:19, 20.

11 ਸਾਰੀ ਮਨੁੱਖਜਾਤੀ ਲਈ ਮਸੀਹ ਦਾ ਪਿਆਰ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਅੰਤ ਆਉਣ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰੀਏ। (2 ਕੁਰਿੰਥੀਆਂ 5:14, 15 ਪੜ੍ਹੋ।) ਪਿਆਰ ਦੀ ਖ਼ਾਤਰ ਹੀ ਮਸੀਹ ਮਨੁੱਖਜਾਤੀ ਲਈ ਰੱਖੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਆਇਆ ਸੀ। ਉਸ ਦੀ ਮਿਸਾਲ ’ਤੇ ਚੱਲ ਕੇ ਅਸੀਂ ਵੀ ਪਰਮੇਸ਼ੁਰ ਦੇ ਉਸ ਮਕਸਦ ਵਿਚ ਹਿੱਸਾ ਪਾ ਸਕਦੇ ਹਾਂ। ਇਸ ਦੇ ਲਈ ਸਾਨੂੰ ਆਪਣੇ ਦਿਲ ਵਿਚ ਜ਼ਿਆਦਾ ਤੋਂ ਜ਼ਿਆਦਾ ਪਰਮੇਸ਼ੁਰ ਲਈ ਪਿਆਰ ਪੈਦਾ ਕਰਨ ਦੀ ਲੋੜ ਹੈ। (ਮੱਤੀ 22:37) ਯਿਸੂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਯਿਸੂ ਦੀ ਤਰ੍ਹਾਂ ਹਰ ਹਾਲ ਵਿਚ ਪਰਮੇਸ਼ੁਰ ਦੀ ਹਕੂਮਤ ਦਾ ਪੱਖ ਲੈਂਦੇ ਹਾਂ।—ਯੂਹੰ. 14:23, 24; 15:10.

ਪਰਮੇਸ਼ੁਰ ਦੇ ਸ੍ਰੇਸ਼ਟ ਮਾਰਗ ’ਤੇ ਚੱਲੋ

12. “ਸਰੇਸ਼ਟ ਮਾਰਗ” ਕਹਿਣ ਤੋਂ ਪੌਲੁਸ ਦਾ ਕੀ ਮਤਲਬ ਸੀ?

12 ਪੌਲੁਸ ਰਸੂਲ ਮਸੀਹ ਦੀ ਨਕਲ ਕਰਦਾ ਸੀ। ਇਸ ਲਈ ਪੌਲੁਸ ਭਰਾਵਾਂ ਨੂੰ ਖੁੱਲ੍ਹ ਕੇ ਕਹਿੰਦਾ ਸੀ ਕਿ ਮੇਰੀ ਰੀਸ ਕਰੋ। (1 ਕੁਰਿੰ. 10:33) ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕੁਝ ਦਾਤਾਂ ਲੋਚਦੇ ਰਹਿਣ ਲਈ ਕਿਹਾ ਸੀ ਜੋ ਪਹਿਲੀ ਸਦੀ ਵਿਚ ਪਵਿੱਤਰ ਸ਼ਕਤੀ ਦੇ ਜ਼ਰੀਏ ਮਸੀਹੀਆਂ ਨੂੰ ਮਿਲੀਆਂ ਸਨ ਜਿਵੇਂ ਬੀਮਾਰਾਂ ਨੂੰ ਠੀਕ ਕਰਨ ਅਤੇ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਬੋਲਣ ਦੀਆਂ ਦਾਤਾਂ। ਪਰ ਪੌਲੁਸ ਨੇ ਇਨ੍ਹਾਂ ਦਾਤਾਂ ਤੋਂ ਵੀ ਬਿਹਤਰ ਇਕ ਚੀਜ਼ ਲੋਚਣ ਲਈ ਉਨ੍ਹਾਂ ਨੂੰ ਕਿਹਾ। ਉਸ ਨੇ 1 ਕੁਰਿੰਥੀਆਂ 12:31 ਵਿਚ ਕਿਹਾ: “ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਸਰੇਸ਼ਟ ਮਾਰਗ ਦੱਸਦਾ ਹਾਂ।” ਅਗਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਿਆਰ ਦਾ ਸ੍ਰੇਸ਼ਟ ਮਾਰਗ ਸੀ। ਕਿਸ ਅਰਥ ਵਿਚ ਇਹ ਸ੍ਰੇਸ਼ਟ ਮਾਰਗ ਸੀ? ਉਸ ਨੇ ਉਦਾਹਰਣ ਦੇ ਕੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਇਸ ਗੱਲ ਦਾ ਮਤਲਬ ਸਮਝਾਇਆ। (1 ਕੁਰਿੰਥੀਆਂ 13:1-3 ਪੜ੍ਹੋ।) ਪੌਲੁਸ ਵਿਚ ਵਧੀਆ ਕਾਬਲੀਅਤਾਂ ਸਨ ਅਤੇ ਉਸ ਨੇ ਵੱਡੇ-ਵੱਡੇ ਕੰਮ ਵੀ ਕੀਤੇ ਸਨ। ਪਰ ਕੀ ਇਹ ਸਭ ਕੁਝ ਕਰਨ ਦਾ ਉਸ ਨੂੰ ਕੋਈ ਫ਼ਾਇਦਾ ਹੁੰਦਾ ਜੇ ਉਸ ਦੇ ਦਿਲ ਵਿਚ ਪਿਆਰ ਨਾ ਹੁੰਦਾ? ਕੋਈ ਫ਼ਾਇਦਾ ਨਹੀਂ ਸੀ ਹੋਣਾ! ਪੌਲੁਸ ਨੇ ਇਹ ਗੱਲ ਸਮਝਾ ਕੇ ਸਾਡੇ ਉੱਤੇ ਕਿੰਨੀ ਗਹਿਰੀ ਛਾਪ ਛੱਡੀ!

13. (ੳ) ਸਾਲ 2010 ਦਾ ਮੁੱਖ ਹਵਾਲਾ ਕੀ ਹੈ? (ਅ) ਕਿਸ ਅਰਥ ਵਿਚ ਪਿਆਰ ਕਦੇ ਨਹੀਂ ਟਲੇਗਾ?

13 ਪੌਲੁਸ ਅੱਗੋਂ ਦੱਸਦਾ ਹੈ ਕਿ ਪਿਆਰ ਕੀ ਹੈ ਅਤੇ ਕੀ ਨਹੀਂ। (1 ਕੁਰਿੰਥੀਆਂ 13:4-8 ਪੜ੍ਹੋ।) ਹੁਣ ਧਿਆਨ ਦਿਓ ਕਿ ਇਸ ਤਰ੍ਹਾਂ ਦਾ ਪਿਆਰ ਦਿਖਾਉਣ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ। ਜ਼ਰਾ 7ਵੀਂ ਆਇਤ ਦੇ ਆਖ਼ਰੀ ਲਫ਼ਜ਼ਾਂ ਅਤੇ 8ਵੀਂ ਆਇਤ ਦੇ ਪਹਿਲੇ ਵਾਕ ’ਤੇ ਧਿਆਨ ਦਿਓ: ‘ਪ੍ਰੇਮ ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।’ ਇਹ ਸਾਲ 2010 ਦਾ ਮੁੱਖ ਹਵਾਲਾ ਹੋਵੇਗਾ। ਧਿਆਨ ਦਿਓ ਕਿ 8ਵੀਂ ਆਇਤ ਵਿਚ ਪੌਲੁਸ ਨੇ ਕਿਹਾ ਕਿ ਪਵਿੱਤਰ ਸ਼ਕਤੀ ਦੇ ਜ਼ਰੀਏ ਮਿਲੀਆਂ ਦਾਤਾਂ ਖ਼ਤਮ ਹੋ ਜਾਣਗੀਆਂ ਜਿਨ੍ਹਾਂ ਵਿਚ ਭਵਿੱਖਬਾਣੀਆਂ ਕਰਨੀਆਂ ਅਤੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣੀਆਂ ਸ਼ਾਮਲ ਸੀ। ਇਹ ਦਾਤਾਂ ਉਦੋਂ ਵਰਤੀਆਂ ਜਾਂਦੀਆਂ ਸਨ ਜਦੋਂ ਮਸੀਹੀ ਕਲੀਸਿਯਾ ਨਵੀਂ-ਨਵੀਂ ਬਣੀ ਸੀ। ਇਹ ਸਭ ਦਾਤਾਂ ਮੁੱਕ ਜਾਣੀਆਂ ਸਨ, ਪਰ ਪਿਆਰ ਹਮੇਸ਼ਾ ਰਹੇਗਾ। ਯਹੋਵਾਹ ਪਿਆਰ ਦੀ ਮੂਰਤ ਹੈ ਜੋ ਹਮੇਸ਼ਾ ਲਈ ਜੀਉਂਦਾ ਰਹੇਗਾ। ਸੋ ਪਿਆਰ ਕਦੇ ਨਹੀਂ ਟਲੇਗਾ ਯਾਨੀ ਹਮੇਸ਼ਾ ਲਈ ਰਹੇਗਾ।—1 ਯੂਹੰ. 4:8.

ਪਿਆਰ ਸਭ ਕੁਝ ਸਹਿ ਲੈਂਦਾ ਹੈ

14, 15. (ੳ) ਅਜ਼ਮਾਇਸ਼ਾਂ ਸਹਿਣ ਵਿਚ ਪਿਆਰ ਸਾਡੀ ਕਿਵੇਂ ਮਦਦ ਕਰ ਸਕਦਾ ਹੈ? (ਅ) ਇਕ ਨੌਜਵਾਨ ਭਰਾ ਨੇ ਨਿਹਚਾ ਦਾ ਸਮਝੌਤਾ ਕਰਨ ਤੋਂ ਕਿਉਂ ਇਨਕਾਰ ਕਰ ਦਿੱਤਾ?

14 ਮਸੀਹੀਆਂ ਨੂੰ ਭਾਵੇਂ ਜਿਹੜੀਆਂ ਮਰਜ਼ੀ ਅਜ਼ਮਾਇਸ਼ਾਂ, ਔਖੀਆਂ ਘੜੀਆਂ ਅਤੇ ਸਮੱਸਿਆਵਾਂ ਆ ਜਾਣ, ਉਹ ਕਿਹੜੀ ਚੀਜ਼ ਦੀ ਮਦਦ ਨਾਲ ਇਹ ਸਭ ਸਹਿ ਲੈਂਦੇ ਹਨ? ਮਸੀਹੀ ਪਿਆਰ ਦੀ ਮਦਦ ਨਾਲ। ਇਸ ਪਿਆਰ ਸਦਕਾ ਅਸੀਂ ਨਾ ਸਿਰਫ਼ ਆਪਣੀਆਂ ਚੀਜ਼ਾਂ ਤਿਆਗ ਦਿੰਦੇ ਹਾਂ, ਸਗੋਂ ਇਸ ਤੋਂ ਵੱਧ ਕਰਦੇ ਹਾਂ। ਅਸੀਂ ਵਫ਼ਾਦਾਰ ਰਹਿੰਦੇ ਹਾਂ ਅਤੇ ਮਸੀਹ ਦੀ ਖ਼ਾਤਰ ਆਪਣੀ ਜਾਨ ਦੇਣ ਲਈ ਵੀ ਤਿਆਰ ਰਹਿੰਦੇ ਹਾਂ। (ਲੂਕਾ 9:24, 25) ਜ਼ਰਾ ਉਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ’ਤੇ ਗੌਰ ਕਰੋ ਜਿਨ੍ਹਾਂ ਨੂੰ ਦੂਜੇ ਵਿਸ਼ਵ-ਯੁੱਧ ਦੌਰਾਨ ਅਤੇ ਬਾਅਦ ਵਿਚ ਤਸ਼ੱਦਦ ਕੈਂਪਾਂ, ਲੇਬਰ ਕੈਂਪਾਂ ਅਤੇ ਜੇਲ੍ਹਾਂ ਵਿਚ ਸੁੱਟਿਆ ਤੇ ਸਤਾਇਆ ਗਿਆ।

15 ਇਹ ਸਾਨੂੰ ਜਰਮਨੀ ਦੇ ਨੌਜਵਾਨ ਗਵਾਹ ਵਿਲਹੈਲਮ ਦੀ ਮਿਸਾਲ ਤੋਂ ਪਤਾ ਲੱਗਦਾ ਹੈ। ਨਿਹਚਾ ਦਾ ਸਮਝੌਤਾ ਕਰਨ ਦੀ ਬਜਾਇ ਉਹ ਵਫ਼ਾਦਾਰ ਰਿਹਾ ਜਿਸ ਕਰਕੇ ਨਾਜ਼ੀਆਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮਰਨ ਤੋਂ ਪਹਿਲਾਂ ਉਸ ਨੇ ਆਪਣੇ ਪਰਿਵਾਰ ਨੂੰ ਚਿੱਠੀ ਵਿਚ ਲਿਖਿਆ: “ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰੀਏ ਜਿਵੇਂ ਸਾਡੇ ਆਗੂ ਯਿਸੂ ਮਸੀਹ ਨੇ ਸਾਨੂੰ ਹੁਕਮ ਦਿੱਤਾ ਹੈ। ਜੇ ਅਸੀਂ ਉਸ ਦਾ ਪੱਖ ਲਵਾਂਗੇ, ਤਾਂ ਉਹ ਸਾਨੂੰ ਇਨਾਮ ਦੇਵੇਗਾ।” ਬਾਅਦ ਵਿਚ ਪਹਿਰਾਬੁਰਜ ਦੇ ਇਕ ਲੇਖ ਵਿਚ ਉਸ ਦੇ ਪਰਿਵਾਰ ਦੇ ਇਕ ਮੈਂਬਰ ਨੇ ਲਿਖਿਆ: “ਔਖੀਆਂ ਘੜੀਆਂ ਵਿਚ ਵੀ ਸਾਡੇ ਪਰਿਵਾਰ ਨੇ ਠਾਣੀ ਹੋਈ ਸੀ ਕਿ ਅਸੀਂ ਹਰ ਹਾਲ ਵਿਚ ਪਰਮੇਸ਼ੁਰ ਨੂੰ ਹੀ ਪਿਆਰ ਕਰਾਂਗੇ।” ਇਸ ਵੇਲੇ ਆਰਮੀਨੀਆ, ਐਰੀਟ੍ਰੀਆ, ਦੱਖਣੀ ਕੋਰੀਆ ਅਤੇ ਹੋਰਨਾਂ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਕਈ ਭਰਾਵਾਂ ਦਾ ਵੀ ਇਹੋ ਰਵੱਈਆ ਹੈ। ਉਨ੍ਹਾਂ ਨੇ ਵੀ ਠਾਣੀ ਹੋਈ ਹੈ ਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਰਹਿਣਗੇ।

16. ਮਲਾਵੀ ਵਿਚ ਸਾਡੇ ਭਰਾਵਾਂ ਨੇ ਕੀ ਕੁਝ ਸਹਿਆ?

16 ਕਈ ਥਾਵਾਂ ਤੇ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਕਾਰਨ ਸਾਡੇ ਭਰਾਵਾਂ ਦੀ ਨਿਹਚਾ ਅਤੇ ਧੀਰਜ ਦੀ ਪਰਖ ਹੁੰਦੀ ਹੈ। ਮਲਾਵੀ ਵਿਚ 26 ਸਾਲਾਂ ਤਕ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾਈ ਰੱਖੀ। ਇਸ ਦੇ ਨਾਲ-ਨਾਲ ਗਵਾਹਾਂ ਨੇ ਸਖ਼ਤ ਵਿਰੋਧ ਅਤੇ ਕਈ ਹੋਰ ਅਤਿਆਚਾਰਾਂ ਦਾ ਸਾਮ੍ਹਣਾ ਕੀਤਾ। ਪਰ ਉਨ੍ਹਾਂ ਨੂੰ ਧੀਰਜ ਦਾ ਫਲ ਮਿਲਿਆ। ਜਦੋਂ ਮਲਾਵੀ ਵਿਚ ਅਜ਼ਮਾਇਸ਼ਾਂ ਦਾ ਦੌਰ ਸ਼ੁਰੂ ਹੋਇਆ ਸੀ, ਤਾਂ ਉੱਥੇ ਲਗਭਗ 18,000 ਗਵਾਹ ਸਨ। 30 ਸਾਲਾਂ ਬਾਅਦ ਗਵਾਹਾਂ ਦੀ ਗਿਣਤੀ ਦੋ ਗੁਣਾ ਨਾਲੋਂ ਵਧ ਕੇ 38,393 ਹੋ ਗਈ। ਦੂਜੇ ਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਦਾ ਵਾਧਾ ਹੋਇਆ ਹੈ।

17. (ੳ) ਉਨ੍ਹਾਂ ਭੈਣਾਂ-ਭਰਾਵਾਂ ਨੂੰ ਕੀ ਕੁਝ ਸਹਿਣਾ ਪੈਂਦਾ ਹੈ ਜਿਨ੍ਹਾਂ ਦੇ ਘਰਦੇ ਯਹੋਵਾਹ ਨੂੰ ਨਹੀਂ ਮੰਨਦੇ? (ਅ) ਉਹ ਮਾੜੇ ਸਲੂਕ ਨੂੰ ਕਿਉਂ ਸਹਿ ਸਕੇ ਹਨ?

17 ਪਰਮੇਸ਼ੁਰ ਦੇ ਲੋਕਾਂ ਨੂੰ ਬਹੁਤ ਔਖ ਹੁੰਦੀ ਹੈ ਜਦੋਂ ਉਨ੍ਹਾਂ ’ਤੇ ਸਿੱਧੇ ਹਮਲੇ ਹੁੰਦੇ ਹਨ। ਪਰ ਉਨ੍ਹਾਂ ਲਈ ਉਦੋਂ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵਿਰੋਧ ਕਰਦੇ ਹਨ। ਉਨ੍ਹਾਂ ਨੂੰ ਸ਼ਾਇਦ ਆਪਣੇ ਘਰਦਿਆਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਕਾਰਨ ਤਣਾਅ ਦੇ ਸ਼ਿਕਾਰ ਹੋਣਾ ਪਵੇ। ਕੀ ਯਿਸੂ ਨੇ ਪਹਿਲਾਂ ਹੀ ਨਹੀਂ ਦੱਸ ਦਿੱਤਾ ਸੀ ਕਿ ਇੱਦਾਂ ਹੋਵੇਗਾ? ਜੀ ਹਾਂ, ਕਈਆਂ ਨਾਲ ਇਸ ਤਰ੍ਹਾਂ ਹੋਇਆ ਹੈ। (ਮੱਤੀ 10:35, 36) ਅੱਲ੍ਹੜ ਉਮਰ ਦੇ ਗਵਾਹਾਂ ਨੇ ਆਪਣੇ ਮਾਪਿਆਂ ਦੇ ਵਿਰੋਧ ਦਾ ਸਾਮ੍ਹਣਾ ਕੀਤਾ ਹੈ। ਕੁਝ ਨੂੰ ਤਾਂ ਘਰੋਂ ਬਾਹਰ ਕੱਢ ਦਿੱਤਾ ਗਿਆ, ਪਰ ਪਿਆਰੇ ਭੈਣਾਂ-ਭਰਾਵਾਂ ਨੇ ਉਨ੍ਹਾਂ ਨੂੰ ਆਪਣੇ ਘਰ ਪਨਾਹ ਦਿੱਤੀ ਹੈ। ਕਈਆਂ ਦੇ ਘਰਦਿਆਂ ਨੇ ਤਾਂ ਉਨ੍ਹਾਂ ਨਾਲੋਂ ਨਾਤਾ ਹੀ ਤੋੜ ਲਿਆ ਹੈ। ਉਹ ਇਸ ਮਾੜੇ ਸਲੂਕ ਨੂੰ ਕਿਉਂ ਸਹਿ ਸਕੇ? ਕਿਉਂਕਿ ਉਹ ਭਰਾਵਾਂ ਨਾਲ ਪਿਆਰ ਕਰਦੇ ਹਨ, ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਯਹੋਵਾਹ ਅਤੇ ਉਸ ਦੇ ਪੁੱਤਰ ਨੂੰ ਸੱਚਾ ਪਿਆਰ ਕਰਦੇ ਹਨ।—1 ਪਤ. 1:22; 1 ਯੂਹੰ. 4:21.

18. ਜੋ ਪਿਆਰ ਸਭ ਕੁਝ ਸਹਿ ਲੈਂਦਾ ਹੈ, ਉਹ ਪਿਆਰ ਵਿਆਹੇ ਮਸੀਹੀਆਂ ਦੀ ਕਿਵੇਂ ਮਦਦ ਕਰਦਾ ਹੈ?

18 ਜ਼ਿੰਦਗੀ ਵਿਚ ਕਈ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਵਿਚ ਸਾਨੂੰ ਉਹ ਪਿਆਰ ਦਿਖਾਉਣ ਦੀ ਲੋੜ ਪੈਂਦੀ ਹੈ ਜੋ ਸਭ ਕੁਝ ਸਹਿ ਲੈਂਦਾ ਹੈ। ਵਿਆਹ ਦੇ ਬੰਧਨ ਵਿਚ ਬੱਝੇ ਪਤੀ-ਪਤਨੀ ਪਿਆਰ ਕਰਕੇ ਯਿਸੂ ਦੇ ਇਨ੍ਹਾਂ ਸ਼ਬਦਾਂ ਅਨੁਸਾਰ ਚੱਲਦੇ ਹਨ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:6) ਜਦੋਂ ਵਿਆਹੇ ਮਸੀਹੀ ‘ਸਰੀਰ ਵਿੱਚ ਦੁਖ ਭੋਗਦੇ’ ਹਨ, ਤਾਂ ਉਨ੍ਹਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਉਨ੍ਹਾਂ ਦੇ ਰਿਸ਼ਤੇ ਦਾ ਅਹਿਮ ਹਿੱਸਾ ਹੈ। (1 ਕੁਰਿੰ. 7:28) ਉਸ ਦਾ ਬਚਨ ਕਹਿੰਦਾ ਹੈ ਕਿ ‘ਪ੍ਰੇਮ ਸਭ ਕੁਝ ਸਹਿ ਲੈਂਦਾ’ ਹੈ ਅਤੇ ਅਜਿਹਾ ਪਿਆਰ ਕਰਨ ਵਾਲੇ ਪਤੀ-ਪਤਨੀ ਇਕ-ਦੂਸਰੇ ਦਾ ਸਾਥ ਨਿਭਾਉਂਦੇ ਹਨ ਤੇ ਆਪਣੇ ਵਿਆਹੁਤਾ-ਬੰਧਨ ਵਿਚ ਬੱਝੇ ਰਹਿੰਦੇ ਹਨ।—ਕੁਲੁ. 3:14.

19. ਕੁਦਰਤੀ ਆਫ਼ਤਾਂ ਆਉਣ ਤੇ ਪਰਮੇਸ਼ੁਰ ਦੇ ਲੋਕ ਕੀ ਕਰਦੇ ਹਨ?

19 ਕੁਦਰਤੀ ਆਫ਼ਤਾਂ ਆਉਣ ਤੇ ਪਿਆਰ ਸਭ ਕੁਝ ਸਹਿਣ ਵਿਚ ਸਾਡੀ ਮਦਦ ਕਰਦਾ ਹੈ। ਇਹ ਪਿਆਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਦੱਖਣੀ ਪੀਰੂ ਵਿਚ ਭੁਚਾਲ ਆਇਆ ਅਤੇ ਹਰੀਕੇਨ ਕਟਰੀਨਾ ਨੇ ਅਮਰੀਕਾ ਦੇ ਨਿਊ ਓਰਲੀਨਜ਼ ਇਲਾਕੇ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਤਬਾਹੀਆਂ ਕਾਰਨ ਕਈ ਭਰਾਵਾਂ ਦੇ ਘਰ ਜਾਂ ਚੀਜ਼ਾਂ ਤਬਾਹ ਹੋ ਗਈਆਂ। ਪਿਆਰ ਤੋਂ ਪ੍ਰੇਰਿਤ ਹੋ ਕੇ ਦੁਨੀਆਂ ਭਰ ਵਿਚ ਰਹਿੰਦੇ ਭੈਣਾਂ-ਭਰਾਵਾਂ ਨੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਨੂੰ ਰਾਹਤ-ਸਾਮੱਗਰੀ ਪਹੁੰਚਾਈ ਅਤੇ ਵਲੰਟੀਅਰਾਂ ਨੇ ਘਰਾਂ ਨੂੰ ਮੁੜ ਬਣਾਉਣ ਅਤੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਨ ਵਿਚ ਮਦਦ ਕੀਤੀ। ਇਨ੍ਹਾਂ ਕੰਮਾਂ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਭੈਣ-ਭਰਾ ਹਰ ਹਾਲ ਵਿਚ ਹਰ ਵਕਤ ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਇਕ-ਦੂਜੇ ਦੀ ਪਰਵਾਹ ਕਰਦੇ ਹਨ।—ਯੂਹੰ. 13:34, 35; 1 ਪਤ. 2:17.

ਪ੍ਰੇਮ ਕਦੇ ਟਲਦਾ ਨਹੀਂ

20, 21.  (ੳ)  ਪਿਆਰ ਕਿਉਂ ਹਰ ਹਾਲ ਵਿਚ ਕੰਮ ਆਉਂਦਾ ਹੈ? (ਅ) ਤੁਸੀਂ ਕਿਉਂ ਪਿਆਰ ਦੇ ਸ੍ਰੇਸ਼ਟ ਮਾਰਗ ਉੱਤੇ ਚੱਲਣਾ ਚਾਹੁੰਦੇ ਹੋ?

20 ਅੱਜ ਅਸੀਂ ਦੇਖ ਸਕਦੇ ਹਾਂ ਕਿ ਪਿਆਰ ਦੇ ਸ੍ਰੇਸ਼ਟ ਮਾਰਗ ’ਤੇ ਚੱਲਣਾ ਕਿੰਨੀ ਵਧੀਆ ਗੱਲ ਹੈ! ਸੱਚ-ਮੁੱਚ, ਪਿਆਰ ਹੀ ਹਰ ਹਾਲ ਵਿਚ ਕੰਮ ਆਉਂਦਾ ਹੈ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਇਸ ਗੱਲ ’ਤੇ ਕਿਵੇਂ ਜ਼ੋਰ ਦਿੱਤਾ। ਪਹਿਲਾਂ ਉਸ ਨੇ ਕਿਹਾ ਕਿ ਪਵਿੱਤਰ ਸ਼ਕਤੀ ਦੁਆਰਾ ਮਿਲੀਆਂ ਦਾਤਾਂ ਜਾਂਦੀਆਂ ਰਹਿਣਗੀਆਂ ਅਤੇ ਨਵੀਂ-ਨਵੀਂ ਬਣੀ ਛੋਟੀ ਜਿਹੀ ਮਸੀਹੀ ਕਲੀਸਿਯਾ ਵੱਡੀ ਹੁੰਦੀ ਜਾਵੇਗੀ। ਫਿਰ ਉਸ ਨੇ ਕਿਹਾ: “ਹੁਣ ਤਾਂ ਨਿਹਚਾ, ਆਸ਼ਾ, ਪ੍ਰੇਮ, ਏਹ ਤਿੰਨੇ ਰਹਿੰਦੇ ਹਨ ਪਰ ਏਹਨਾਂ ਵਿੱਚੋਂ ਉੱਤਮ ਪ੍ਰੇਮ ਹੀ ਹੈ।”—1 ਕੁਰਿੰ. 13:13.

21 ਜਿਨ੍ਹਾਂ ਗੱਲਾਂ ਵਿਚ ਅਸੀਂ ਹੁਣ ਨਿਹਚਾ ਕਰਦੇ ਹਾਂ, ਉਹ ਅਖ਼ੀਰ ਵਿਚ ਹਕੀਕਤ ਬਣ ਜਾਣਗੀਆਂ ਤੇ ਸਾਨੂੰ ਫਿਰ ਉਨ੍ਹਾਂ ਵਿਚ ਨਿਹਚਾ ਕਰਨ ਦੀ ਲੋੜ ਨਹੀਂ ਪਵੇਗੀ। ਨਾਲੇ ਇਸ ਵੇਲੇ ਅਸੀਂ ਵਾਅਦਿਆਂ ਦੇ ਪੂਰੇ ਹੋਣ ਦੀ ਆਸ਼ਾ ਰੱਖਦੇ ਹਾਂ। ਉਨ੍ਹਾਂ ਵਾਅਦਿਆਂ ਮੁਤਾਬਕ ਸਭ ਕੁਝ ਨਵਾਂ ਬਣਨ ਤੋਂ ਬਾਅਦ ਸਾਨੂੰ ਆਸ਼ਾ ਰੱਖਣ ਦੀ ਲੋੜ ਨਹੀਂ ਪਵੇਗੀ। ਪਰ ਪਿਆਰ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹ ਕਦੀ ਨਹੀਂ ਟਲੇਗਾ। ਉਹ ਹਮੇਸ਼ਾ ਰਹੇਗਾ। ਅਸੀਂ ਹਮੇਸ਼ਾ ਲਈ ਜੀਵਾਂਗੇ, ਇਸ ਲਈ ਅਸੀਂ ਪਰਮੇਸ਼ੁਰ ਦੇ ਪਿਆਰ ਦੇ ਪਹਿਲੂਆਂ ਨੂੰ ਹੋਰ ਚੰਗੀ ਤਰ੍ਹਾਂ ਦੇਖਾਂ-ਸਮਝਾਂਗੇ। ਸੋ ਜੇ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਿਆਂ ਨਾ ਟਲਣ ਵਾਲੇ ਪਿਆਰ ਦੇ ਸ੍ਰੇਸ਼ਟ ਮਾਰਗ ’ਤੇ ਚੱਲਦੇ ਹਾਂ, ਤਾਂ ਅਸੀਂ ਹਮੇਸ਼ਾ ਲਈ ਜ਼ਿੰਦਾ ਰਹਿ ਸਕਦੇ ਹਾਂ।—1 ਯੂਹੰ. 2:17.

ਤੁਸੀਂ ਕਿਵੇਂ ਜਵਾਬ ਦਿਓਗੇ?

• ਸਾਨੂੰ ਅਜਿਹਾ ਪਿਆਰ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ ਜੋ ਸਾਨੂੰ ਕੁਰਾਹੇ ਪਾ ਸਕਦਾ ਹੈ?

• ਪਿਆਰ ਦੀ ਮਦਦ ਨਾਲ ਅਸੀਂ ਕੀ ਕੁਝ ਸਹਿ ਸਕਦੇ ਹਾਂ?

• ਕਿਸ ਅਰਥ ਵਿਚ ਪਿਆਰ ਕਦੇ ਟਲਦਾ ਨਹੀਂ?

[ਸਵਾਲ]

[ਸਫ਼ਾ 27 ਉੱਤੇ ਸੁਰਖੀ]

2010 ਦਾ ਮੁੱਖ ਹਵਾਲਾ ਹੋਵੇਗਾ: ‘ਪ੍ਰੇਮ ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।’—1 ਕੁਰਿੰ. 13:7, 8.

[ਸਫ਼ਾ 25 ਉੱਤੇ ਤਸਵੀਰ]

ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਅਸੀਂ ਗਵਾਹੀ ਦਿੰਦੇ ਹਾਂ

[ਸਫ਼ਾ 26 ਉੱਤੇ ਤਸਵੀਰ]

ਨਾ ਟਲਣ ਵਾਲੇ ਪਿਆਰ ਕਾਰਨ ਮਲਾਵੀ ਵਿਚ ਸਾਡੇ ਭੈਣ-ਭਰਾ ਅਜ਼ਮਾਇਸ਼ਾਂ ਸਹਿ ਸਕੇ