Skip to content

Skip to table of contents

ਪਰਮੇਸ਼ੁਰ ਦੀ ਸੇਵਾ ਵਿਚ ਰੁੱਝ ਕੇ ਖ਼ੁਸ਼ ਰਹੋ

ਪਰਮੇਸ਼ੁਰ ਦੀ ਸੇਵਾ ਵਿਚ ਰੁੱਝ ਕੇ ਖ਼ੁਸ਼ ਰਹੋ

ਪਰਮੇਸ਼ੁਰ ਦੀ ਸੇਵਾ ਵਿਚ ਰੁੱਝ ਕੇ ਖ਼ੁਸ਼ ਰਹੋ

ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ। (ਜ਼ਬੂ. 100:2) ਉਸ ਦੇ ਸੇਵਕ ਹੋਣ ਦੇ ਨਾਤੇ ਤੁਸੀਂ ਸ਼ਾਇਦ ਬਿਜ਼ੀ ਰਹਿੰਦੇ ਹੋ। ਹੋ ਸਕਦਾ ਹੈ ਕਿ ਜਦ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਅਰਪਣ ਕੀਤੀ ਸੀ, ਤਾਂ ਤੁਸੀਂ ਇੰਨੇ ਬਿਜ਼ੀ ਨਹੀਂ ਸੀ। ਪਰ ਸ਼ਾਇਦ ਹੁਣ ਯਹੋਵਾਹ ਦੀ ਸੇਵਾ ਕਰਨ ਦੇ ਨਾਲ-ਨਾਲ ਹੋਰਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਤੁਹਾਡੇ ਲਈ ਬੋਝ ਬਣ ਗਿਆ ਹੈ। ਸ਼ਾਇਦ ਤੁਸੀਂ ਨਿਰਾਸ਼ ਹੋ ਜਾਂਦੇ ਹੋ ਕਿਉਂਕਿ ਤੁਸੀਂ ਉੱਨਾ ਨਹੀਂ ਕਰ ਪਾਉਂਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ। ਤੁਸੀਂ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹੋ ਤਾਂਕਿ ਤੁਸੀਂ “ਯਹੋਵਾਹ ਦਾ ਅਨੰਦ” ਪਾ ਸਕੋ?—ਨਹ. 8:10.

ਅਸੀਂ ਮੁਸ਼ਕਲ ਸਮਿਆਂ ਵਿਚ ਰਹਿੰਦੇ ਹਾਂ ਜਿਸ ਕਰਕੇ ਸਾਡੇ ’ਤੇ ਬਹੁਤ ਦਬਾਅ ਆਉਂਦੇ ਹਨ। ਇਸ ਲਈ ਸਾਨੂੰ ਆਪਣਾ ਸਮਾਂ ਧਿਆਨ ਨਾਲ ਬਿਤਾਉਣਾ ਚਾਹੀਦਾ ਹੈ। ਇਸ ਸੰਬੰਧ ਵਿਚ ਪੌਲੁਸ ਰਸੂਲ ਨੇ ਵਧੀਆ ਸਲਾਹ ਦਿੱਤੀ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।”—ਅਫ਼. 5:15, 16.

ਇਸ ਚੰਗੀ ਸਲਾਹ ਅਨੁਸਾਰ ਪਹਿਲਾਂ ਤਾਂ ਇਹ ਦੇਖਣਾ ਜ਼ਰੂਰੀ ਹੈ ਕਿ ਤੁਸੀਂ ਕਿੰਨਾ ਕੁ ਕੁਝ ਕਰ ਸਕਦੇ ਹੋ। ਇਹ ਵੀ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਦਾ ਅਧਿਐਨ ਕਰਨ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ, ਪ੍ਰਚਾਰ ਕਰਨ, ਨੌਕਰੀ ਕਰਨ ਤੇ ਹੋਰ ਕੰਮ ਕਰਨ ਲਈ ਸਮਾਂ ਤੈਅ ਕਰੋ।

ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਉਦੋਂ ਕਿੰਨੇ ਖ਼ੁਸ਼ ਸੀ ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਅਰਪਣ ਕਰ ਕੇ ਬਪਤਿਸਮਾ ਲਿਆ ਸੀ? ਤੁਹਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੋਣਾ ਜਦ ਤੁਸੀਂ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗਿਆਨ ਲਿਆ! ਇਸ ਗਿਆਨ ਨੂੰ ਸਮਝਣ ਅਤੇ ਖ਼ੁਸ਼ੀ ਪਾਉਣ ਲਈ ਤੁਸੀਂ ਸ਼ਾਇਦ ਕਈ ਮਹੀਨਿਆਂ ਤਕ ਲਗਨ ਨਾਲ ਸਟੱਡੀ ਕੀਤੀ ਹੋਵੇਗੀ। ਪਰ ਇਸ ਦਾ ਤੁਹਾਨੂੰ ਹੀ ਫ਼ਾਇਦਾ ਹੋਇਆ। ਇਸ ਗਿਆਨ ਨੇ ਤੁਹਾਡੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ! ਯਹੋਵਾਹ ਦੀ ਸੇਵਾ ਵਿਚ ਖ਼ੁਸ਼ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਦਾ ਅਧਿਐਨ ਕਰਦੇ ਰਹੋ। ਜੇ ਤੁਹਾਡੇ ਲਈ ਬਾਈਬਲ ਪੜ੍ਹਨ ਤੇ ਅਧਿਐਨ ਕਰਨ ਲਈ ਸਮਾਂ ਕੱਢਣਾ ਔਖਾ ਹੈ, ਤਾਂ ਦੇਖੋ ਕਿ ਤੁਸੀਂ ਆਪਣਾ ਸਮਾਂ ਕਿੱਦਾਂ ਵਰਤ ਰਹੇ ਹੋ। ਜੇ ਤੁਸੀਂ ਹਰ ਰੋਜ਼ ਕੁਝ ਹੀ ਮਿੰਟਾਂ ਲਈ ਸਟੱਡੀ ਅਤੇ ਮਨਨ ਕਰੋਗੇ, ਤਾਂ ਯਹੋਵਾਹ ਦੇ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਪੱਕਾ ਹੋਵੇਗਾ ਅਤੇ ਤੁਹਾਡੀ ਖ਼ੁਸ਼ੀ ਵਧੇਗੀ।

ਯਹੋਵਾਹ ਦੀ ਭਗਤੀ ਕਰਨ ਲਈ ਉਸ ਦੇ ਜ਼ਿਆਦਾਤਰ ਸੇਵਕ ਉਨ੍ਹਾਂ ਕੰਮਾਂ ਤੋਂ ਸਮਾਂ ਕੱਢ ਸਕਦੇ ਹਨ ਜੋ ਇੰਨੇ ਜ਼ਰੂਰੀ ਨਹੀਂ ਹਨ। ਆਪਣੇ-ਆਪ ਤੋਂ ਪੁੱਛੋ: ‘ਮੈਂ ਮੈਗਜ਼ੀਨ ਤੇ ਅਖ਼ਬਾਰਾਂ ਪੜ੍ਹਨ, ਟੀ.ਵੀ. ਦੇਖਣ, ਗਾਣੇ ਸੁਣਨ ਜਾਂ ਕਿਸੇ ਸ਼ੌਕ ਨੂੰ ਪੂਰਾ ਕਰਨ ਵਿਚ ਕਿੰਨਾ ਸਮਾਂ ਲਾਉਂਦਾ ਹਾਂ?’ ਸਾਨੂੰ ਇਨ੍ਹਾਂ ਚੀਜ਼ਾਂ ਦਾ ਤਾਂ ਹੀ ਮਜ਼ਾ ਆਵੇਗਾ ਜੇ ਅਸੀਂ ਇਨ੍ਹਾਂ ਨੂੰ ਆਪਣੀ ਜਗ੍ਹਾ ਰੱਖੀਏ। (1 ਤਿਮੋ. 4:8) ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਮਾਂ ਬਰਬਾਦ ਕਰ ਰਹੇ ਹੋ, ਤਾਂ ਇਸ ਬਾਰੇ ਕੁਝ ਕਰੋ।

ਐਡਮ ਨਾਂ ਦਾ ਪਤੀ ਤਿੰਨ ਬੱਚਿਆਂ ਦਾ ਬਾਪ ਅਤੇ ਕਲੀਸਿਯਾ ਵਿਚ ਇਕ ਬਜ਼ੁਰਗ ਵੀ ਹੈ। ਉਹ ਦੱਸਦਾ ਹੈ ਕਿ ਉਸ ਦੀ ਮਦਦ ਕਿਵੇਂ ਹੋਈ ਹੈ: “ਮੈਂ ਸਾਦੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਉਸ ਤਰ੍ਹਾਂ ਦੇ ਸ਼ੌਕ ਨਹੀਂ ਰੱਖਦਾ ਜੋ ਮੇਰਾ ਜ਼ਿਆਦਾ ਸਮਾਂ ਲੈਣਗੇ ਤੇ ਨਾ ਹੀ ਮੈਂ ਅਜਿਹੀਆਂ ਚੀਜ਼ਾਂ ਖ਼ਰੀਦਦਾ ਹਾਂ ਜਿਨ੍ਹਾਂ ਦੀ ਮੈਨੂੰ ਜ਼ਿਆਦਾ ਸਾਂਭ-ਸੰਭਾਲ ਕਰਨੀ ਪਵੇਗੀ। ਇਸ ਦਾ ਇਹ ਮਤਲਬ ਨਹੀਂ ਕਿ ਮੈਂ ਜ਼ਿੰਦਗੀ ਦਾ ਮਜ਼ਾ ਨਹੀਂ ਲੈਂਦਾ, ਪਰ ਮੈਂ ਅਜਿਹਾ ਮਨੋਰੰਜਨ ਕਰਨਾ ਪਸੰਦ ਕਰਦਾ ਹਾਂ ਜਿਸ ਵਿਚ ਮੇਰਾ ਜ਼ਿਆਦਾ ਸਮਾਂ ਜ਼ਾਇਆ ਨਹੀਂ ਹੁੰਦਾ।”

ਆਪਣੇ ਫ਼ੈਸਲਿਆਂ ਦੇ ਚੰਗੇ ਨਤੀਜਿਆਂ ਬਾਰੇ ਸੋਚ ਕੇ ਤੁਸੀਂ ਨਾ ਸਿਰਫ਼ ਖ਼ੁਸ਼ ਹੋਵੋਗੇ, ਸਗੋਂ ਸਹੀ ਨਜ਼ਰੀਆ ਵੀ ਰੱਖ ਸਕੋਗੇ। ਮਿਸਾਲ ਲਈ, ਮੋਰਯੂਸ਼ ਨਾਂ ਦਾ ਬਜ਼ੁਰਗ, ਜਿਸ ਦੇ ਤਿੰਨ ਬੱਚੇ ਹਨ, ਕਹਿੰਦਾ ਹੈ: “ਬਾਈਬਲ ਸਟੱਡੀ ਕਰਨ ਨਾਲ ਹੁਣ ਮੈਂ ਭਵਿੱਖ ਬਾਰੇ ਸੋਚ ਕੇ ਨਿਰਾਸ਼ ਨਹੀਂ ਹੁੰਦਾ। ਮੁਸ਼ਕਲਾਂ ਤਾਂ ਹਾਲੇ ਵੀ ਕਦੀ-ਕਦੀ ਮੈਨੂੰ ਆਉਂਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਸਿਰਫ਼ ਯਹੋਵਾਹ ਨੂੰ ਹੀ ਪਤਾ ਹਨ, ਪਰ ਉਸ ਦੀ ਮਦਦ ਨਾਲ ਮੈਂ ਭਵਿੱਖ ਬਾਰੇ ਸੋਚ ਕੇ ਖ਼ੁਸ਼ ਹਾਂ।”

ਮੋਰਯੂਸ਼ ਦੀ ਮਿਸਾਲ ਤੋਂ ਤੁਸੀਂ ਦੇਖ ਸਕਦੇ ਹੋ ਕਿ ਸਹੀ ਨਜ਼ਰੀਆ ਰੱਖਣ ਨਾਲ ਜ਼ਰੂਰੀ ਨਹੀਂ ਕਿ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋਣਗੀਆਂ। ਪਰ ਤੁਹਾਡੇ ’ਤੇ ਚੰਗਾ ਅਸਰ ਜ਼ਰੂਰ ਪੈ ਸਕਦਾ ਹੈ ਅਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤੁਹਾਨੂੰ ਹਿੰਮਤ ਮਿਲ ਸਕਦੀ ਹੈ। ਬਾਈਬਲ ਕਹਿੰਦੀ ਹੈ: “ਗਰੀਬ ਦਾ ਜੀਵਨ ਇਕ ਸੰਘਰਸ਼ ਹੁੰਦਾ ਹੈ, ਪਰ ਖੁਸ਼ ਮਨ ਮਨੁੱਖ ਹਮੇਸ਼ਾ ਮਜ਼ੇ ਕਰਦਾ ਹੈ।” (ਕਹਾ. 15:15, CL) ਇਸ ਬਾਰੇ ਵੀ ਸੋਚੋ ਕਿ ਯਹੋਵਾਹ ਨੇ ਹੁਣ ਤਕ ਤੁਹਾਡੇ ਨਾਲ ਕਿੰਨਾ ਪਿਆਰ ਕੀਤਾ ਹੈ! ਇਸ ਤਰ੍ਹਾਂ ਕਰ ਕੇ ਨਾ ਸਿਰਫ਼ ਉਸ ਲਈ ਤੁਹਾਡਾ ਪਿਆਰ ਵਧੇਗਾ, ਪਰ ਉਸ ਦੀ ਸੇਵਾ ਵਿਚ ਤੁਹਾਡੀ ਖ਼ੁਸ਼ੀ ਵੀ ਵਧੇਗੀ।—ਮੱਤੀ 22:37.

ਜੇ ਤੁਹਾਡਾ ਪਰਿਵਾਰ ਮਿਲ ਕੇ ਯਹੋਵਾਹ ਦੀ ਸੇਵਾ ਕਰੇਗਾ, ਤਾਂ ਸਾਰਾ ਪਰਿਵਾਰ ਖ਼ੁਸ਼ ਰਹੇਗਾ। ਯਹੋਵਾਹ ਵਰਗੇ ਗੁਣ ਪੈਦਾ ਕਰਨ ਨਾਲ ਘਰ ਵਿਚ ਝਗੜੇ ਘੱਟ ਹੋਣਗੇ ਤੇ ਘਰ ਦਾ ਮਾਹੌਲ ਬਿਹਤਰ ਹੋਵੇਗਾ। ਨਤੀਜੇ ਵਜੋਂ ਤੁਹਾਡੇ ਟੱਬਰ ਦੀ ਏਕਤਾ ਤੇ ਸ਼ਾਂਤੀ ਵਧੇਗੀ।—ਜ਼ਬੂ. 133:1.

ਪਰਿਵਾਰ ਵਜੋਂ ਅਸੀਂ ਜਿੰਨਾ ਜ਼ਿਆਦਾ ਯਹੋਵਾਹ ਦੀ ਸੇਵਾ ਕਰਾਂਗੇ, ਉੱਨਾ ਹੀ ਜ਼ਿਆਦਾ ਅਸੀਂ ਖ਼ੁਸ਼ ਹੋਵਾਂਗੇ। ਮੋਰਯੂਸ਼ ਅੱਗੇ ਕਹਿੰਦਾ ਹੈ: “ਮੈਨੂੰ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਕੇ ਬਹੁਤ ਚੰਗਾ ਲੱਗਦਾ ਹੈ। ਮੇਰੀ ਪਤਨੀ ਹਮੇਸ਼ਾ ਮੇਰਾ ਸਾਥ ਦਿੰਦੀ ਹੈ। ਜਦ ਹੋ ਸਕੇ, ਉਹ ਮੇਰੇ ਨਾਲ ਹੁੰਦੀ ਹੈ ਚਾਹੇ ਮੈਂ ਪ੍ਰਚਾਰ ਕਰਦਾ ਹੋਵਾਂ, ਸੰਮੇਲਨ ਤੋਂ ਪਹਿਲਾਂ ਸਟੇਡੀਅਮ ਦੀ ਸਫ਼ਾਈ ਕਰਦਾ ਹੋਵਾਂ ਜਾਂ ਕਿਸੇ ਹੋਰ ਕਲੀਸਿਯਾ ਵਿਚ ਪਬਲਿਕ ਭਾਸ਼ਣ ਦਿੰਦਾ ਹੋਵਾਂ। ਮੈਨੂੰ ਇਸ ਤੋਂ ਬਹੁਤ ਹੌਸਲਾ ਮਿਲਦਾ ਹੈ।”

ਬਾਈਬਲ ਮਸੀਹੀਆਂ ਨੂੰ ਹੁਕਮ ਦਿੰਦੀ ਹੈ ਕਿ ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ। (1 ਤਿਮੋ. 5:8) ਪਰ ਜੇ ਤੁਸੀਂ ਜ਼ਿਆਦਾ ਸਮਾਂ ਅਤੇ ਤਾਕਤ ਆਪਣੀ ਨੌਕਰੀ ਤੇ ਲਾਓਗੇ, ਤਾਂ ਯਹੋਵਾਹ ਦੀ ਸੇਵਾ ਵਿਚ ਤੁਹਾਡੀ ਖ਼ੁਸ਼ੀ ਘੱਟ ਸਕਦੀ ਹੈ। ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਜ਼ਬੂ. 55:22) ਯਹੋਵਾਹ ਦੇ ਰਾਜ ਨੂੰ ਪਹਿਲ ਦੇਣ ਲਈ ਕਈਆਂ ਨੇ ਆਪਣੀ ਨੌਕਰੀ ਬਦਲਣ ਦਾ ਫ਼ੈਸਲਾ ਕੀਤਾ ਹੈ। ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿਚ ਕਿਸੇ ਵੀ ਮਸੀਹੀ ਨੂੰ ਅਜਿਹੀ ਕੋਈ ਨੌਕਰੀ ਨਹੀਂ ਕਰਨੀ ਚਾਹੀਦੀ ਜੋ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕ ਸਕਦੀ ਹੈ।—ਕਹਾ. 22:3.

ਤੁਹਾਡੀ ਮਦਦ ਹੋ ਸਕਦੀ ਹੈ ਜੇ ਤੁਸੀਂ ਲਿਖੋ ਕਿ ਤੁਹਾਡੀ ਨੌਕਰੀ ਦੇ ਕੀ ਫ਼ਾਇਦੇ ਹਨ ਤੇ ਕੀ ਨੁਕਸਾਨ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਚੰਗੀ ਤਨਖ਼ਾਹ ਮਿਲੇ ਤੇ ਉਹ ਆਪਣੇ ਕੰਮ ਵਿਚ ਖ਼ੁਸ਼ ਹੋਵੇ। ਪਰ ਇਹ ਨੌਕਰੀ ਕਰਨ ਦੇ ਨਾਲ-ਨਾਲ ਕੀ ਤੁਸੀਂ ਯਹੋਵਾਹ ਦੀ ਸੇਵਾ ਕਰਨ ਵਿਚ ਆਪਣੇ ਪਰਿਵਾਰ ਦੀ ਮਦਦ ਕਰ ਪਾਉਂਦੇ ਹੋ? ਸਾਰੀਆਂ ਗੱਲਾਂ ਬਾਰੇ ਸੋਚ-ਸਮਝ ਕੇ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਸਦਕਾ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਬਣਿਆ ਰਹੇਗਾ।

ਜੇ ਆਪਣੀ ਨੌਕਰੀ ਕਰਕੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਤਰੱਕੀ ਨਹੀਂ ਕਰ ਪਾਉਂਦੇ, ਤਾਂ ਇਸ ਬਾਰੇ ਤੁਹਾਨੂੰ ਕੁਝ ਕਰਨਾ ਚਾਹੀਦਾ। ਕਈ ਭੈਣਾਂ-ਭਰਾਵਾਂ ਨੇ ਵੱਡੀਆਂ ਤਬਦੀਲੀਆਂ ਕੀਤੀਆਂ ਹਨ ਤਾਂਕਿ ਉਹ ਯਹੋਵਾਹ ਦੀ ਸੇਵਾ ਹੋਰ ਕਰ ਸਕਣ। ਪੋਲੈਂਡ ਵਿਚ ਰਹਿੰਦਾ ਇਕ ਭਰਾ ਕਹਿੰਦਾ ਹੈ: “ਬਿਜ਼ਨਿਸ ਦੇ ਸਿਲਸਿਲੇ ਵਿਚ ਮੈਨੂੰ ਕਈ ਵਾਰ ਘਰੋਂ ਦੂਰ ਜਾਣਾ ਪੈਂਦਾ ਸੀ। ਇਸ ਕਰਕੇ ਨਾ ਤਾਂ ਮੈਂ ਯਹੋਵਾਹ ਦੀ ਸੇਵਾ ਵਿਚ ਬਹੁਤਾ ਕਰ ਪਾਉਂਦਾ ਸੀ ਤੇ ਨਾ ਹੀ ਮੈਂ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਦਾ ਸੀ। ਮੈਨੂੰ ਹੋਰ ਕੋਈ ਚਾਰਾ ਨਹੀਂ ਦਿਸਿਆ, ਇਸ ਲਈ ਮੈਂ ਕੰਪਨੀ ਛੱਡਣ ਦਾ ਫ਼ੈਸਲਾ ਕੀਤਾ।” ਉਹ ਹੁਣ ਅਜਿਹੀ ਨੌਕਰੀ ਕਰ ਰਿਹਾ ਹੈ ਜਿਸ ਵਿਚ ਉਸ ਦਾ ਜ਼ਿਆਦਾ ਸਮਾਂ ਤੇ ਤਾਕਤ ਨਹੀਂ ਲੱਗਦੀ।

ਦੂਜਿਆਂ ਦੀ ਮਦਦ ਕਰ ਕੇ ਖ਼ੁਸ਼ੀ ਮਿਲਦੀ ਹੈ

ਯਿਸੂ ਨੇ ਕਿਹਾ ਸੀ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂ. 20:35) ਮਸੀਹੀਆਂ ਨੂੰ ਇਸ ਸਲਾਹ ’ਤੇ ਚੱਲਣ ਦੇ ਕਈ ਮੌਕੇ ਮਿਲਦੇ ਹਨ। ਕਈ ਵਾਰ ਕਿਸੇ ਨੂੰ ਮੁਸਕਾਨ ਦੇਣ, ਕਿਸੇ ਨਾਲ ਹੱਥ ਮਿਲਾਉਣ ਜਾਂ ਯਹੋਵਾਹ ਦੀ ਸੇਵਾ ਵਿਚ ਲਾਈ ਕਿਸੇ ਦੀ ਮਿਹਨਤ ਲਈ ਉਸ ਦਾ ਸ਼ੁਕਰੀਆ ਅਦਾ ਕਰਨ ਨਾਲ ਤੁਹਾਨੂੰ ਦੋਹਾਂ ਨੂੰ ਬਹੁਤ ਖ਼ੁਸ਼ੀ ਮਿਲ ਸਕਦੀ ਹੈ।

ਪੌਲੁਸ ਰਸੂਲ ਨੇ ਆਪਣੇ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: “ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ।” (1 ਥੱਸ. 5:14) ਕਮਦਿਲਿਆਂ ਜਾਂ ਡਿਪਰੈਸ਼ਨ ਦੇ ਸ਼ਿਕਾਰ ਭੈਣਾਂ-ਭਰਾਵਾਂ ਨੂੰ ਸ਼ਾਇਦ ਲੱਗੇ ਕਿ ਉਹ ਇਕੱਲੇ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰ ਸਕਦੇ। ਕੀ ਤੁਸੀਂ ਉਨ੍ਹਾਂ ਲਈ ਕੁਝ ਕਰ ਸਕਦੇ ਹੋ? ਜੇ ਤੁਸੀਂ ਦੇਖੋ ਕਿ ਕੋਈ ਭੈਣ-ਭਰਾ ਯਹੋਵਾਹ ਦੀ ਸੇਵਾ ਵਿਚ ਹਿੰਮਤ ਹਾਰ ਰਿਹਾ ਹੈ, ਤਾਂ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਹਾਡਾ ਵੀ ਹੌਸਲਾ ਵਧੇਗਾ। ਕਈ ਮੁਸ਼ਕਲਾਂ ਦਾ ਹੱਲ ਕਰਨਾ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ। ਫਿਰ ਵੀ ਤੁਸੀਂ ਆਪਣੇ ਭਰਾ ਜਾਂ ਭੈਣ ਨਾਲ ਦੁੱਖ-ਸੁਖ ਸਾਂਝਾ ਕਰ ਸਕਦੇ ਹੋ ਤੇ ਉਸ ਨੂੰ ਯਹੋਵਾਹ ਨੂੰ ਆਪਣਾ ਸਹਾਰਾ ਬਣਾਉਣ ਦੀ ਹੱਲਾਸ਼ੇਰੀ ਦੇ ਸਕਦੇ ਹੋ। ਯਹੋਵਾਹ ਕਦੇ ਵੀ ਆਪਣੇ ਸੇਵਕਾਂ ਨੂੰ ਛੱਡਦਾ ਨਹੀਂ, ਸਗੋਂ ਹਮੇਸ਼ਾ ਉਨ੍ਹਾਂ ਨੂੰ ਸਾਂਭਦਾ ਹੈ।—ਜ਼ਬੂ. 27:10; ਯਸਾ. 59:1.

ਕਿਸੇ ਨਿਰਾਸ਼ ਭੈਣ-ਭਰਾ ਦੀ ਮਦਦ ਕਰਨ ਲਈ ਤੁਸੀਂ ਉਸ ਨੂੰ ਆਪਣੇ ਨਾਲ ਪ੍ਰਚਾਰ ਕਰਨ ਲਈ ਵੀ ਕਹਿ ਸਕਦੇ ਹੋ। ਯਿਸੂ ਨੇ ਆਪਣੇ 70 ਚੇਲਿਆਂ ਨੂੰ “ਦੋ ਦੋ ਕਰਕੇ” ਪ੍ਰਚਾਰ ਕਰਨ ਲਈ ਭੇਜਿਆ ਸੀ। (ਲੂਕਾ 10:1) ਯਿਸੂ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ? ਤਾਂਕਿ ਉਹ ਇਕ-ਦੂਜੇ ਦਾ ਹੌਸਲਾ ਵਧਾ ਸਕਣ। ਕੀ ਤੁਸੀਂ ਵੀ ਉਨ੍ਹਾਂ ਦੀ ਮਿਸਾਲ ’ਤੇ ਚੱਲ ਕੇ ਕਿਸੇ ਦੀ ਮਦਦ ਕਰ ਸਕਦੇ ਹੋ?

ਜ਼ਿੰਦਗੀ ਵਿਚ ਸਾਨੂੰ ਕਿਸੇ-ਨਾ-ਕਿਸੇ ਗੱਲ ਬਾਰੇ ਚਿੰਤਾ ਤਾਂ ਰਹਿੰਦੀ ਹੈ। ਫਿਰ ਵੀ ਪੌਲੁਸ ਰਸੂਲ ਨੇ ਕਿਹਾ: “ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ।” (ਫ਼ਿਲਿ. 4:4) ਅਸੀਂ ਇਸ ਲਈ ਖ਼ੁਸ਼ ਹੋ ਸਕਦੇ ਹਾਂ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਉਸ ਦਾ ਕਹਿਣਾ ਮੰਨਦੇ ਹਾਂ ਅਤੇ ਜੋਸ਼ ਨਾਲ ਉਸ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ। ਇਹੀ ਸਾਡੀ ਜ਼ਿੰਦਗੀ ਦਾ ਮਕਸਦ ਹੈ। ਇਸ ਦੇ ਨਾਲ-ਨਾਲ ਯਹੋਵਾਹ ਸਾਨੂੰ ਰੋਜ਼ ਦੀਆਂ ਚਿੰਤਾਵਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦਾ ਹੈ।—ਰੋਮੀ. 2:6, 7.

ਅਸੀਂ ਨਿਹਚਾ ਦੀਆਂ ਅੱਖਾਂ ਨਾਲ ਦੇਖ ਸਕਦੇ ਹਾਂ ਕਿ ਯਹੋਵਾਹ ਦੀ ਨਵੀਂ ਦੁਨੀਆਂ ਕਿੰਨੀ ਨਜ਼ਦੀਕ ਹੈ! ਅਸੀਂ ਸੋਚ ਵੀ ਨਹੀਂ ਸਕਦੇ ਕਿ ਉਸ ਸਮੇਂ ਸਾਨੂੰ ਕਿੰਨੀਆਂ ਬਰਕਤਾਂ ਮਿਲਣਗੀਆਂ ਤੇ ਅਸੀਂ ਕਿੰਨੇ ਖ਼ੁਸ਼ ਹੋਵਾਂਗੇ! (ਜ਼ਬੂ. 37:34) ਇਹ ਨਾ ਭੁੱਲੋ ਕਿ ਹੁਣ ਵੀ ਯਹੋਵਾਹ ਸਾਨੂੰ ਕਈ ਬਰਕਤਾਂ ਦੇ ਰਿਹਾ ਹੈ। ਸੋ ਹੌਸਲਾ ਨਾ ਹਾਰੋ, ਪਰ “ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ।”—ਜ਼ਬੂ. 100:2.

[ਸਫ਼ਾ 8 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਤੁਹਾਨੂੰ ਸਮੇਂ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਲੋੜ ਹੈ ਜੇ ਤੁਸੀਂ ਖ਼ੁਸ਼ ਰਹਿਣਾ ਹੈ

ਮਨੋਰੰਜਨ

ਘਰ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ

ਨੌਕਰੀ

ਮੀਟਿੰਗਾਂ

ਬਾਈਬਲ ਸਟੱਡੀ

ਪ੍ਰਚਾਰ

[ਸਫ਼ਾ 10 ਉੱਤੇ ਤਸਵੀਰਾਂ]

ਕੀ ਤੁਸੀਂ ਖ਼ੁਸ਼ ਰਹਿਣ ਵਿਚ ਹੋਰਨਾਂ ਦੀ ਮਦਦ ਕਰ ਸਕਦੇ ਹੋ?