Skip to content

ਸ਼ਰਾਬ ਦੇ ਗ਼ੁਲਾਮ ਨਾ ਬਣੋ

ਸ਼ਰਾਬ ਦੇ ਗ਼ੁਲਾਮ ਨਾ ਬਣੋ

ਸ਼ਰਾਬ ਦੇ ਗ਼ੁਲਾਮ ਨਾ ਬਣੋ

ਤੁਹਾਨੂੰ ਯਾਦ ਹੋਣਾ ਕਿ ਪਹਿਲੇ ਲੇਖ ਵਿਚ ਟੋਨੀ ਨਾਂ ਦੇ ਆਦਮੀ ਦਾ ਜ਼ਿਕਰ ਕੀਤਾ ਗਿਆ ਸੀ। ਜੇ ਉਹ ਪਹਿਲਾਂ ਹੀ ਇਹ ਗੱਲ ਮੰਨ ਲੈਂਦਾ ਕਿ ਉਹ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ, ਤਾਂ ਉਹ ਕਈ ਮੁਸ਼ਕਲਾਂ ਤੋਂ ਬਚ ਸਕਦਾ ਸੀ। ਪਰ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਉਸ ਨੂੰ ਚੜ੍ਹਦੀ ਵੀ ਨਹੀਂ ਸੀ। ਇਸ ਲਈ ਉਸ ਨੂੰ ਲੱਗਦਾ ਸੀ ਕਿ ਜ਼ਿੰਦਗੀ ਵਿਚ ਸਭ ਕੁਝ ਠੀਕ ਹੈ। ਉਸ ਦਾ ਇੱਦਾਂ ਸੋਚਣਾ ਗ਼ਲਤ ਕਿਉਂ ਸੀ?

ਇਸ ਦਾ ਇਕ ਕਾਰਨ ਸੀ ਕਿ ਜ਼ਿਆਦਾ ਸ਼ਰਾਬ ਪੀਣ ਦਾ ਅਸਰ ਉਸ ਦੀ ਸੋਚਣ-ਸਮਝਣ ਦੀ ਕਾਬਲੀਅਤ ʼਤੇ ਪੈ ਗਿਆ ਸੀ। ਜ਼ਿਆਦਾ ਸ਼ਰਾਬ ਪੀਣ ਕਰਕੇ ਟੋਨੀ ਦਾ ਦਿਮਾਗ਼ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ। ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਸ਼ਰਾਬ ਉਸ ਦੇ ਸਰੀਰ, ਭਾਵਨਾਵਾਂ ਅਤੇ ਵਿਚਾਰਾਂ ਉੱਤੇ ਅਸਰ ਕਰ ਰਹੀ ਸੀ। ਉਹ ਜਿੰਨੀ ਜ਼ਿਆਦਾ ਸ਼ਰਾਬ ਪੀਂਦਾ ਸੀ, ਉਸ ਦਾ ਦਿਮਾਗ਼ ਉੱਨਾ ਹੀ ਘੱਟ ਕੰਮ ਕਰਦਾ ਸੀ।

ਦੂਜਾ ਕਾਰਨ ਸੀ ਕਿ ਪੀਣ ਦੀ ਜ਼ਬਰਦਸਤ ਇੱਛਾ ਕਰਕੇ ਟੋਨੀ ਇਸ ਆਦਤ ਨੂੰ ਛੱਡਣਾ ਹੀ ਨਹੀਂ ਚਾਹੁੰਦਾ ਸੀ। ਪਿਛਲੇ ਲੇਖਾਂ ਵਿਚ ਐਲਨ ਦਾ ਜ਼ਿਕਰ ਕੀਤਾ ਗਿਆ ਸੀ। ਉਹ ਵੀ ਪਹਿਲਾਂ-ਪਹਿਲਾਂ ਨਹੀਂ ਮੰਨਦਾ ਸੀ ਕਿ ਉਹ ਹੱਦੋਂ ਵੱਧ ਸ਼ਰਾਬ ਪੀ ਰਿਹਾ ਸੀ। ਉਹ ਕਹਿੰਦਾ ਹੈ, “ਮੈਂ ਦੂਜਿਆਂ ਤੋਂ ਲੁਕਾਉਂਦਾ ਸੀ ਕਿ ਮੈਂ ਜ਼ਿਆਦਾ ਸ਼ਰਾਬ ਪੀਂਦਾ ਸੀ ਅਤੇ ਬਹਾਨੇ ਬਣਾਉਂਦਾ ਸੀ। ਮੈਂ ਜ਼ੋਰ ਦੇ ਕੇ ਇਹ ਗੱਲ ਕਹਿੰਦਾ ਸੀ ਕਿ ਮੈਂ ਜ਼ਿਆਦਾ ਨਹੀਂ ਪੀਂਦਾ। ਪਰ ਅਸਲ ਵਿਚ ਮੇਰਾ ਪੱਕਾ ਇਰਾਦਾ ਸੀ ਕਿ ਸ਼ਰਾਬ ਪੀਣੀ ਨਾ ਛੱਡਾਂ।” ਹਾਲਾਂਕਿ ਦੂਸਰੇ ਦੇਖ ਸਕਦੇ ਸਨ ਕਿ ਟੋਨੀ ਅਤੇ ਐਲਨ ਹੱਦੋਂ ਵੱਧ ਸ਼ਰਾਬ ਪੀ ਰਹੇ ਸਨ, ਪਰ ਉਹ ਦੋਵੇਂ ਖ਼ੁਦ ਨੂੰ ਸਮਝਾਉਂਦੇ ਰਹੇ ਕਿ ਸਭ ਕੁਝ ਠੀਕ ਸੀ। ਉਨ੍ਹਾਂ ਦੋਵਾਂ ਨੂੰ ਆਪਣੀ ਆਦਤ ʼਤੇ ਕਾਬੂ ਪਾਉਣ ਲਈ ਕਦਮ ਚੁੱਕਣ ਦੀ ਲੋੜ ਸੀ। ਕਿਹੜਾ ਕਦਮ?

ਕਦਮ ਚੁੱਕੋ!

ਬਹੁਤ ਸਾਰੇ ਲੋਕਾਂ ਨੇ ਜ਼ਿਆਦਾ ਸ਼ਰਾਬ ਪੀਣੀ ਛੱਡ ਦਿੱਤੀ ਕਿਉਂਕਿ ਉਨ੍ਹਾਂ ਨੇ ਯਿਸੂ ਦੇ ਇਨ੍ਹਾਂ ਸ਼ਬਦਾਂ ਮੁਤਾਬਕ ਕਦਮ ਚੁੱਕਿਆ: “ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ, ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਬਜਾਇ ਇਸ ਦੇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’ ਵਿਚ ਸੁੱਟਿਆ ਜਾਵੇ।”​—ਮੱਤੀ 5:29.

ਯਿਸੂ ਇੱਥੇ ਇਹ ਨਹੀਂ ਕਹਿ ਰਿਹਾ ਸੀ ਕਿ ਅਸੀਂ ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਦੇਈਏ। ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚੋਂ ਉਹ ਹਰ ਚੀਜ਼ ਕੱਢ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਜਿਸ ਕਰਕੇ ਰੱਬ ਨਾਲੋਂ ਸਾਡਾ ਰਿਸ਼ਤਾ ਟੁੱਟ ਸਕਦਾ ਹੈ। ਇਹ ਕਦਮ ਚੁੱਕਣ ਨਾਲ ਸਾਨੂੰ ਤਕਲੀਫ਼ ਪਹੁੰਚ ਸਕਦੀ ਹੈ। ਪਰ ਇਸ ਤਰ੍ਹਾਂ ਕਰਨ ਨਾਲ ਅਸੀਂ ਅਜਿਹੀ ਸੋਚ ਅਤੇ ਹਾਲਾਤਾਂ ਤੋਂ ਬਚ ਸਕਾਂਗੇ ਜੋ ਜ਼ਿਆਦਾ ਸ਼ਰਾਬ ਪੀਣ ਦਾ ਕਾਰਨ ਬਣ ਸਕਦੇ ਹਨ। ਇਸ ਲਈ ਜੇ ਦੂਸਰੇ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਹੱਦੋਂ ਵੱਧ ਪੀਣ ਲੱਗ ਪਏ ਹੋ, ਤਾਂ ਆਪਣੀ ਇਸ ਸਮੱਸਿਆ ਦਾ ਕੁਝ ਕਰੋ। a ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਸ਼ਰਾਬ ਪੀਣੀ ਘੱਟ ਨਹੀਂ ਕਰ ਸਕਦੇ, ਤਾਂ ਇਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਪੂਰੀ ਤਰ੍ਹਾਂ ਕੱਢ ਦੇਣ ਲਈ ਤਿਆਰ ਰਹੋ। ਇਸ ਤਰ੍ਹਾਂ ਕਰਨ ਨਾਲ ਤਕਲੀਫ਼ ਹੋ ਸਕਦੀ ਹੈ, ਪਰ ਜ਼ਿੰਦਗੀ ਤਬਾਹ ਕਰਨ ਨਾਲੋਂ ਇਹ ਤਕਲੀਫ਼ ਸਹਿਣੀ ਬਿਹਤਰ ਹੈ।

ਭਾਵੇਂ ਤੁਹਾਨੂੰ ਸ਼ਰਾਬ ਪੀਣ ਦੀ ਲਤ ਨਹੀਂ ਲੱਗੀ, ਪਰ ਕੀ ਤੁਸੀਂ ਜ਼ਿਆਦਾ ਸ਼ਰਾਬ ਪੀਂਦੇ ਹੋ? ਤੁਸੀਂ ਹੱਦ ਵਿਚ ਰਹਿ ਕੇ ਸ਼ਰਾਬ ਪੀਣ ਲਈ ਕਿਹੜੇ ਕਦਮ ਚੁੱਕ ਸਕਦੇ ਹੋ?

ਮੈਨੂੰ ਕਿੱਥੋਂ ਮਦਦ ਮਿਲ ਸਕਦੀ ਹੈ?

1. ਲਗਾਤਾਰ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਤਾਕਤ ਮੰਗੋ। ਬਾਈਬਲ ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦੀ ਹੈ ਜੋ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ: “ਹਰ ਗੱਲ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਮਨ ਦੀ ਸ਼ਾਂਤੀ ਪਾਉਣ ਲਈ ਤੁਸੀਂ ਪ੍ਰਾਰਥਨਾ ਵਿਚ ਕੀ ਕਹਿ ਸਕਦੇ ਹੋ?

ਈਮਾਨਦਾਰੀ ਨਾਲ ਕਬੂਲ ਕਰੋ ਕਿ ਤੁਸੀਂ ਜ਼ਿਆਦਾ ਸ਼ਰਾਬ ਪੀਂਦੇ ਹੋ ਅਤੇ ਇਸ ਸਮੱਸਿਆ ਨੂੰ ਸੁਧਾਰਨਾ ਤੁਹਾਡੀ ਜ਼ਿੰਮੇਵਾਰੀ ਹੈ। ਰੱਬ ਨੂੰ ਦੱਸੋ ਕਿ ਤੁਸੀਂ ਇਸ ਬਾਰੇ ਕੀ ਕਰਨ ਦੀ ਸੋਚੀ ਹੈ। ਉਹ ਇਸ ਸਮੱਸਿਆ ʼਤੇ ਕਾਬੂ ਪਾਉਣ ਦੀਆਂ ਤੁਹਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇਗਾ ਅਤੇ ਤੁਸੀਂ ਹੋਰ ਗੰਭੀਰ ਮੁਸ਼ਕਲਾਂ ਤੋਂ ਬਚ ਸਕੋਗੇ। ਉਸ ਨੇ ਆਪਣੇ ਬਚਨ ਵਿਚ ਕਿਹਾ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ, ਉਹ ਸਫ਼ਲ ਨਹੀਂ ਹੋਵੇਗਾ, ਪਰ ਜਿਹੜਾ ਉਨ੍ਹਾਂ ਨੂੰ ਮੰਨ ਲੈਂਦਾ ਹੈ ਅਤੇ ਛੱਡ ਦਿੰਦਾ ਹੈ, ਉਸ ਉੱਤੇ ਰਹਿਮ ਕੀਤਾ ਜਾਵੇਗਾ।” (ਕਹਾਉਤਾਂ 28:13) ਯਿਸੂ ਨੇ ਵੀ ਕਿਹਾ ਸੀ ਕਿ ਅਸੀਂ ਇਹ ਪ੍ਰਾਰਥਨਾ ਕਰੀਏ: “ਸਾਨੂੰ ਪਰੀਖਿਆ ਵਿਚ ਨਾ ਪੈਣ ਦੇ ਤੇ ਸਾਨੂੰ ਸ਼ੈਤਾਨ ਤੋਂ ਬਚਾ।” (ਮੱਤੀ 6:13) ਤਾਂ ਫਿਰ, ਤੁਸੀਂ ਇਨ੍ਹਾਂ ਪ੍ਰਾਰਥਨਾਵਾਂ ਮੁਤਾਬਕ ਕਿਵੇਂ ਚੱਲ ਸਕਦੇ ਹੋ ਅਤੇ ਤੁਹਾਨੂੰ ਆਪਣੀਆਂ ਫ਼ਰਿਆਦਾਂ ਦਾ ਜਵਾਬ ਕਿੱਥੋਂ ਮਿਲ ਸਕਦਾ ਹੈ?

2. ਪਰਮੇਸ਼ੁਰ ਦੇ ਬਚਨ ਤੋਂ ਤਾਕਤ ਪਾਓ। “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ। . . . ਇਹ ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਜਾਣ ਸਕਦਾ ਹੈ।” (ਇਬਰਾਨੀਆਂ 4:12) ਹਰ ਰੋਜ਼ ਬਾਈਬਲ ਪੜ੍ਹਨ ਅਤੇ ਉਸ ʼਤੇ ਸੋਚ-ਵਿਚਾਰ ਕਰਨ ਨਾਲ ਉਨ੍ਹਾਂ ਬਹੁਤ ਸਾਰੇ ਲੋਕਾਂ ਦੀ ਮਦਦ ਹੋਈ ਹੈ ਜੋ ਪਹਿਲਾਂ ਜ਼ਿਆਦਾ ਸ਼ਰਾਬ ਪੀਂਦੇ ਸਨ। ਪਰਮੇਸ਼ੁਰ ਦਾ ਡਰ ਰੱਖਣ ਵਾਲੇ ਇਕ ਲਿਖਾਰੀ ਨੇ ਲਿਖਿਆ: ‘ਖ਼ੁਸ਼ ਹੈ ਉਹ ਆਦਮੀ ਜੋ ਦੁਸ਼ਟਾਂ ਦੀ ਸਲਾਹ ʼਤੇ ਨਹੀਂ ਚੱਲਦਾ। ਪਰ ਉਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ। ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ।’​—ਜ਼ਬੂਰ 1:1-3.

ਐਲਨ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਦੀ ਸਿੱਖਿਆ ਲੈਣ ਲੱਗ ਪਿਆ। ਇਸ ਤੋਂ ਮਿਲੀ ਤਾਕਤ ਨਾਲ ਉਹ ਜ਼ਿਆਦਾ ਸ਼ਰਾਬ ਪੀਣੀ ਛੱਡ ਸਕਿਆ। ਉਹ ਕਹਿੰਦਾ ਹੈ, “ਮੈਨੂੰ ਯਕੀਨ ਹੈ ਕਿ ਬਾਈਬਲ ਅਤੇ ਇਸ ਦੇ ਅਸੂਲਾਂ ਦੀ ਮਦਦ ਨਾਲ ਹੀ ਮੈਂ ਪੀਣੀ ਛੱਡੀ ਹੈ। ਨਹੀਂ ਤਾਂ ਮੈਂ ਅੱਜ ਜੀਉਂਦਾ ਨਹੀਂ ਹੋਣਾ ਸੀ।”

3. ਸੰਜਮ ਰੱਖੋ। ਬਾਈਬਲ ਵਿਚ ਮਸੀਹੀ ਮੰਡਲੀ ਦੇ ਕੁਝ ਲੋਕਾਂ ਬਾਰੇ ਦੱਸਿਆ ਗਿਆ ਹੈ ਜੋ ਪਹਿਲਾਂ ਸ਼ਰਾਬੀ ਹੁੰਦੇ ਸਨ। ਉਨ੍ਹਾਂ ਨੂੰ “ਪਰਮੇਸ਼ੁਰ ਦੀ ਸ਼ਕਤੀ ਨਾਲ” ਸ਼ੁੱਧ ਕੀਤਾ ਗਿਆ ਸੀ। (1 ਕੁਰਿੰਥੀਆਂ 6:9-11) ਕਿਵੇਂ? ਉਨ੍ਹਾਂ ਨੇ ਪਰਮੇਸ਼ੁਰ ਦੀ ਮਦਦ ਨਾਲ ਆਪਣੇ ਵਿਚ ਸੰਜਮ ਦਾ ਗੁਣ ਪੈਦਾ ਕੀਤਾ ਜਿਸ ਕਰਕੇ ਉਨ੍ਹਾਂ ਨੇ ਸ਼ਰਾਬ ਦੀ ਆਦਤ ʼਤੇ ਕਾਬੂ ਪਾਇਆ ਅਤੇ ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਛੱਡ ਦਿੱਤੀਆਂ। “ਸ਼ਰਾਬੀ ਨਾ ਹੋਵੋ ਕਿਉਂਕਿ ਸ਼ਰਾਬੀ ਇਨਸਾਨ ਅਯਾਸ਼ੀ ਕਰਨ ਲੱਗ ਪੈਂਦਾ ਹੈ, ਸਗੋਂ ਪਵਿੱਤਰ ਸ਼ਕਤੀ ਨਾਲ ਭਰਪੂਰ ਹੁੰਦੇ ਜਾਓ।” (ਅਫ਼ਸੀਆਂ 5:18; ਗਲਾਤੀਆਂ 5:21-23) ਯਿਸੂ ਮਸੀਹ ਨੇ ਵਾਅਦਾ ਕੀਤਾ ਸੀ ਕਿ “ਸਵਰਗ ਵਿਚ ਰਹਿੰਦਾ ਪਿਤਾ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!” ਇਸ ਲਈ ‘ਮੰਗਦੇ ਰਹੋ, ਤਾਂ ਤੁਹਾਨੂੰ ਇਹ ਦਿੱਤੀ ਜਾਵੇਗੀ।’​—ਲੂਕਾ 11:9, 13.

ਜੋ ਲੋਕ ਯਹੋਵਾਹ ਦੀ ਮਰਜ਼ੀ ਮੁਤਾਬਕ ਉਸ ਦੀ ਭਗਤੀ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਬਾਈਬਲ ਪੜ੍ਹਨ, ਇਸ ਉੱਤੇ ਸੋਚ-ਵਿਚਾਰ ਕਰਨ ਅਤੇ ਦਿਲੋਂ ਪ੍ਰਾਰਥਨਾ ਕਰਨ ਦੁਆਰਾ ਆਪਣੇ ਵਿਚ ਸੰਜਮ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਹਿੰਮਤ ਹਾਰਨ ਦੀ ਬਜਾਇ ਪਰਮੇਸ਼ੁਰ ਦੇ ਬਚਨ ਵਿਚ ਕੀਤੇ ਇਸ ਵਾਅਦੇ ʼਤੇ ਭਰੋਸਾ ਕਰਨਾ ਚਾਹੀਦਾ ਹੈ: “ਜਿਹੜਾ ਇਨਸਾਨ ਪਵਿੱਤਰ ਸ਼ਕਤੀ ਅਨੁਸਾਰ ਬੀਜਦਾ ਹੈ, ਉਹ ਪਵਿੱਤਰ ਸ਼ਕਤੀ ਦੁਆਰਾ ਹਮੇਸ਼ਾ ਦੀ ਜ਼ਿੰਦਗੀ ਦੀ ਫ਼ਸਲ ਵੱਢੇਗਾ। ਇਸ ਲਈ, ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ʼਤੇ ਅਸੀਂ ਚੰਗੀ ਫ਼ਸਲ ਜ਼ਰੂਰ ਵੱਢਾਂਗੇ।”​—ਗਲਾਤੀਆਂ 6:8, 9.

4. ਚੰਗੇ ਲੋਕਾਂ ਨਾਲ ਦੋਸਤੀ ਕਰੋ। “ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ, ਪਰ ਮੂਰਖਾਂ ਨਾਲ ਮੇਲ-ਜੋਲ ਰੱਖਣ ਵਾਲੇ ਨੂੰ ਦੁੱਖ ਹੋਵੇਗਾ।” (ਕਹਾਉਤਾਂ 13:20) ਆਪਣੇ ਦੋਸਤਾਂ ਨੂੰ ਆਪਣੇ ਇਰਾਦੇ ਬਾਰੇ ਦੱਸੋ ਕਿ ਤੁਸੀਂ ਜ਼ਿਆਦਾ ਸ਼ਰਾਬ ਨਹੀਂ ਪੀਓਗੇ। ਪਰ ਪਰਮੇਸ਼ੁਰ ਦੇ ਬਚਨ ਵਿਚ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਜਦੋਂ ਤੁਸੀਂ ‘ਹੱਦੋਂ ਵੱਧ ਸ਼ਰਾਬ ਪੀਣੀ, ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ, ਸ਼ਰਾਬ ਦੀਆਂ ਮਹਿਫ਼ਲਾਂ ਲਾਉਣੀਆਂ’ ਛੱਡ ਦਿਓਗੇ, ਤਾਂ ਤੁਹਾਡੇ ਕੁਝ ਪੁਰਾਣੇ ਦੋਸਤ ‘ਬੌਂਦਲ ਜਾਣਗੇ ਅਤੇ ਤੁਹਾਡੇ ਖ਼ਿਲਾਫ਼ ਬੁਰਾ-ਭਲਾ ਕਹਿਣਗੇ।’ (1 ਪਤਰਸ 4:3, 4) ਇਸ ਲਈ ਉਨ੍ਹਾਂ ਲੋਕਾਂ ਨਾਲੋਂ ਆਪਣੀ ਦੋਸਤੀ ਤੋੜਨ ਲਈ ਤਿਆਰ ਰਹੋ ਜੋ ਤੁਹਾਡੇ ਇਰਾਦੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ।

5. ਪੀਣ ਦੀ ਹੱਦ ਤੈਅ ਕਰੋ। “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ ਤਾਂਕਿ ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।” (ਰੋਮੀਆਂ 12:2) ਇਹ ਫ਼ੈਸਲਾ ਆਪਣੇ ਦੋਸਤਾਂ ਜਾਂ “ਇਸ ਦੁਨੀਆਂ” ʼਤੇ ਨਾ ਛੱਡੋ ਕਿ ਤੁਸੀਂ ਕਿੰਨੀ ਕੁ ਸ਼ਰਾਬ ਪੀਓਗੇ। ਪਰਮੇਸ਼ੁਰ ਦੇ ਬਚਨ ਵਿਚ ਦੱਸੇ ਅਸੂਲਾਂ ਦੀ ਮਦਦ ਨਾਲ ਆਪ ਤੈਅ ਕਰੋ ਕਿ ਤੁਸੀਂ ਹੱਦ ਵਿਚ ਰਹਿ ਕੇ ਪੀਓਗੇ। ਇਸ ਤਰ੍ਹਾਂ ਕਰ ਕੇ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਜ਼ਿੰਦਗੀ ਜੀਓਗੇ। ਪਰ ਤੁਸੀਂ ਕਿਵੇਂ ਤੈਅ ਕਰੋਗੇ ਕਿ ਇਹ ਹੱਦ ਕਿੰਨੀ ਕੁ ਹੋਣੀ ਚਾਹੀਦੀ ਹੈ?

ਜੇ ਥੋੜ੍ਹੀ ਜਿਹੀ ਸ਼ਰਾਬ ਪੀ ਕੇ ਵੀ ਤੁਹਾਨੂੰ ਚੜ੍ਹ ਜਾਂਦੀ ਹੈ ਤੇ ਤੁਸੀਂ ਸਹੀ ਢੰਗ ਨਾਲ ਸੋਚ ਨਹੀਂ ਪਾਉਂਦੇ, ਤਾਂ ਇਸ ਦਾ ਮਤਲਬ ਹੈ ਕਿ ਇੰਨੀ ਕੁ ਸ਼ਰਾਬ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਹੈ। ਇਸ ਲਈ ਜੇ ਤੁਸੀਂ ਸ਼ਰਾਬ ਪੀਣ ਦਾ ਫ਼ੈਸਲਾ ਕਰਦੇ ਹੋ, ਤਾਂ ਇਸ ਹੱਦ ਤਕ ਨਾ ਪੀਓ ਕਿ ਤੁਸੀਂ ਸ਼ਰਾਬੀ ਹੋਣ ਲੱਗ ਪਓ। ਖ਼ੁਦ ਨੂੰ ਧੋਖਾ ਨਾ ਦਿਓ, ਸਗੋਂ ਈਮਾਨਦਾਰੀ ਨਾਲ ਤੈਅ ਕਰੋ ਕਿ ਤੁਸੀਂ ਕਿੰਨੀ ਕੁ ਮਾਤਰਾ ਵਿਚ ਸ਼ਰਾਬ ਪੀਓਗੇ ਜਿਸ ਨਾਲ ਤੁਸੀਂ ਹੋਸ਼-ਹਵਾਸ ਵਿਚ ਰਹੋ ਤੇ ਉਸ ਤੋਂ ਵੱਧ ਬਿਲਕੁਲ ਨਹੀਂ ਪੀਓਗੇ। ਇਸ ਤਰ੍ਹਾਂ ਤੁਸੀਂ ਜ਼ਿਆਦਾ ਸ਼ਰਾਬ ਪੀਣ ਤੋਂ ਬਚ ਸਕੋਗੇ।

6. ਨਾਂਹ ਕਰਨੀ ਸਿੱਖੋ। “ਬੱਸ ਤੁਹਾਡੀ ‘ਹਾਂ’ ਦੀ ਹਾਂ ਅਤੇ ਤੁਹਾਡੀ ‘ਨਾਂਹ’ ਦੀ ਨਾਂਹ ਹੋਵੇ।” (ਮੱਤੀ 5:37) ਜੇ ਕੋਈ ਤੁਹਾਡੇ ʼਤੇ ਪੀਣ ਦਾ ਜ਼ੋਰ ਪਾਉਂਦਾ ਹੈ, ਤਾਂ ਪਿਆਰ ਤੇ ਨਰਮਾਈ ਨਾਲ ਮਨ੍ਹਾ ਕਰ ਦਿਓ। ਰੱਬ ਦਾ ਬਚਨ ਕਹਿੰਦਾ ਹੈ: “ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਹਮੇਸ਼ਾ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ। ਫਿਰ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।”​—ਕੁਲੁੱਸੀਆਂ 4:6.

7. ਦੂਜਿਆਂ ਦੀ ਮਦਦ ਲਓ। ਆਪਣੇ ਦੋਸਤਾਂ ਦੀ ਮਦਦ ਲਓ ਜੋ ਜ਼ਿਆਦਾ ਸ਼ਰਾਬ ਨਾ ਪੀਣ ਦੇ ਤੁਹਾਡੇ ਇਰਾਦੇ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਪਰਮੇਸ਼ੁਰ ਦੇ ਬਚਨ ਤੋਂ ਤੁਹਾਨੂੰ ਹੌਸਲਾ ਦੇ ਸਕਦੇ ਹਨ। “ਇਕ ਨਾਲੋਂ ਦੋ ਚੰਗੇ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਸਖ਼ਤ ਮਿਹਨਤ ਦਾ ਵਧੀਆ ਇਨਾਮ ਮਿਲਦਾ ਹੈ। ਜੇ ਇਕ ਡਿਗ ਪੈਂਦਾ ਹੈ, ਤਾਂ ਦੂਜਾ ਆਪਣੇ ਸਾਥੀ ਦੀ ਉੱਠਣ ਵਿਚ ਮਦਦ ਕਰ ਸਕਦਾ ਹੈ।” (ਉਪਦੇਸ਼ਕ ਦੀ ਕਿਤਾਬ 4:9, 10; ਯਾਕੂਬ 5:14, 16) ਸ਼ਰਾਬੀਆਂ ਦੀ ਮਦਦ ਕਰਨ ਵਾਲੀ ਇਕ ਅਮਰੀਕੀ ਸੰਸਥਾ ਕਹਿੰਦੀ ਹੈ, “ਸ਼ਰਾਬ ਪੀਣੀ ਘੱਟ ਕਰਨੀ ਕਈ ਵਾਰ ਔਖੀ ਲੱਗ ਸਕਦੀ ਹੈ। ਇਸ ਤਰ੍ਹਾਂ ਕਰਨ ਲਈ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਲਓ।”​—National Institute on Alcohol Abuse and Alcoholism.

8. ਆਪਣੇ ਇਰਾਦੇ ਦੇ ਪੱਕੇ ਰਹੋ। “ਤੁਸੀਂ ਬਚਨ ਉੱਤੇ ਚੱਲਣ ਵਾਲੇ ਬਣੋ, ਨਾ ਕਿ ਸਿਰਫ਼ ਸੁਣਨ ਵਾਲੇ ਜੋ ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ ਦਿੰਦੇ ਹਨ। ਪਰ ਜਿਹੜਾ ਇਨਸਾਨ ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ ਦੀ ਜਾਂਚ ਕਰਦਾ ਹੈ ਅਤੇ ਲਗਾਤਾਰ ਉਸ ਦੀ ਪਾਲਣਾ ਕਰਦਾ ਹੈ, ਉਹ ਬਚਨ ਨੂੰ ਸੁਣ ਕੇ ਭੁੱਲਦਾ ਨਹੀਂ, ਸਗੋਂ ਉਸ ਉੱਤੇ ਅਮਲ ਕਰਦਾ ਹੈ। ਉਹ ਜੋ ਵੀ ਕਰੇਗਾ, ਉਸ ਵਿਚ ਉਸ ਨੂੰ ਖ਼ੁਸ਼ੀ ਮਿਲੇਗੀ।”​—ਯਾਕੂਬ 1:22, 25.

ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ

ਜ਼ਰੂਰੀ ਨਹੀਂ ਕਿ ਜ਼ਿਆਦਾ ਸ਼ਰਾਬ ਪੀਣ ਵਾਲੇ ਸਾਰੇ ਲੋਕਾਂ ਨੂੰ ਸ਼ਰਾਬ ਦੀ ਲਤ ਲੱਗ ਜਾਂਦੀ ਹੈ। ਪਰ ਕੁਝ ਲੋਕ ਇੰਨੀ ਜ਼ਿਆਦਾ ਪੀਣ ਲੱਗ ਜਾਂਦੇ ਹਨ ਜਾਂ ਵਾਰ-ਵਾਰ ਪੀਂਦੇ ਹਨ ਕਿ ਉਹ ਸ਼ਰਾਬ ਦੇ ਆਦੀ ਹੋ ਜਾਂਦੇ ਹਨ। ਸ਼ਰਾਬ ਵਿਚ ਪਾਏ ਜਾਂਦੇ ਰਸਾਇਣਾਂ ਦਾ ਅਸਰ ਸਰੀਰ ਅਤੇ ਦਿਮਾਗ਼ ʼਤੇ ਪੈਂਦਾ ਹੈ ਜਿਸ ਕਰਕੇ ਸ਼ਰਾਬ ਤੋਂ ਬਗੈਰ ਰਹਿਣਾ ਔਖਾ ਹੋ ਜਾਂਦਾ ਹੈ। ਇਸ ਲਈ ਸ਼ਰਾਬ ਦੀ ਆਦਤ ਛੱਡਣ ਵਾਸਤੇ ਅਜਿਹੇ ਲੋਕਾਂ ਨੂੰ ਆਪਣਾ ਇਰਾਦਾ ਪੱਕਾ ਕਰਨ ਅਤੇ ਬਾਈਬਲ ਦੀ ਮਦਦ ਲੈਣ ਦੇ ਨਾਲ-ਨਾਲ ਸ਼ਾਇਦ ਡਾਕਟਰ ਦੀ ਮਦਦ ਲੈਣ ਦੀ ਵੀ ਲੋੜ ਹੋਵੇ। ਐਲਨ ਇਸ ਬਾਰੇ ਕਹਿੰਦਾ ਹੈ, “ਜਦੋਂ ਮੈਂ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਮੈਨੂੰ ਕਾਫ਼ੀ ਤਕਲੀਫ਼ ਸਹਿਣੀ ਪਈ। ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਬਾਈਬਲ ਦੀ ਮਦਦ ਤੋਂ ਇਲਾਵਾ ਮੈਨੂੰ ਡਾਕਟਰ ਤੋਂ ਵੀ ਇਲਾਜ ਕਰਾਉਣ ਦੀ ਲੋੜ ਸੀ।”

ਕਈ ਲੋਕਾਂ ਨੂੰ ਹੱਦੋਂ ਵੱਧ ਸ਼ਰਾਬ ਪੀਣੀ ਛੱਡਣ ਵਾਸਤੇ ਇਲਾਜ ਦੀ ਲੋੜ ਪੈਂਦੀ ਹੈ ਤਾਂਕਿ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦਾ ਉਨ੍ਹਾਂ ਦਾ ਇਰਾਦਾ ਹੋਰ ਪੱਕਾ ਹੋਵੇ। b ਸ਼ਰਾਬ ਛੱਡਣ ਵੇਲੇ ਕੁਝ ਲੋਕਾਂ ਦੇ ਸਰੀਰ ʼਤੇ ਅਸਰ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਹੋਣਾ ਪੈਂਦਾ ਹੈ। ਕਈ ਲੋਕਾਂ ਨੂੰ ਹਸਪਤਾਲ ਵਿਚ ਅਜਿਹੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਸ਼ਰਾਬ ਪੀਣ ਦੀ ਜ਼ਬਰਦਸਤ ਇੱਛਾ ਘਟਾਈ ਜਾ ਸਕਦੀ ਹੈ ਤੇ ਸ਼ਰਾਬ ਤੋਂ ਦੂਰ ਰਿਹਾ ਜਾ ਸਕਦਾ ਹੈ। ਪਰਮੇਸ਼ੁਰ ਦੇ ਪੁੱਤਰ, ਜਿਸ ਨੇ ਬਹੁਤ ਸਾਰੇ ਚਮਤਕਾਰ ਕੀਤੇ ਸਨ, ਨੇ ਕਿਹਾ ਸੀ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।”​—ਮਰਕੁਸ 2:17.

ਰੱਬ ਦੀ ਸਲਾਹ ਮੰਨਣ ਦੇ ਫ਼ਾਇਦੇ

ਸਾਡਾ ਭਲਾ ਚਾਹੁਣ ਵਾਲੇ ਸੱਚੇ ਪਰਮੇਸ਼ੁਰ ਨੇ ਸ਼ਰਾਬ ਬਾਰੇ ਬਾਈਬਲ ਵਿਚ ਵਧੀਆ ਸਲਾਹ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਨਾ ਸਿਰਫ਼ ਹੁਣ ਖ਼ੁਸ਼ ਰਹੀਏ, ਸਗੋਂ ਹਮੇਸ਼ਾ ਲਈ ਖ਼ੁਸ਼ ਰਹੀਏ। ਸ਼ਰਾਬ ਛੱਡਣ ਤੋਂ 24 ਸਾਲਾਂ ਬਾਅਦ ਐਲਨ ਦੱਸਦਾ ਹੈ: ‘ਇਹ ਜਾਣ ਕੇ ਮੈਂ ਬਹੁਤ ਖ਼ੁਸ਼ ਹੋਇਆ ਸੀ ਕਿ ਮੈਂ ਬਦਲ ਸਕਦਾ ਹਾਂ। ਮੈਂ ਸਿੱਖਿਆ ਕਿ ਯਹੋਵਾਹ ਜ਼ਿੰਦਗੀ ਸੁਧਾਰਨ ਵਿਚ ਮੇਰੀ ਕਰਨੀ ਚਾਹੁੰਦਾ ਹੈ।’ ਪੁਰਾਣੀਆਂ ਯਾਦਾਂ ਕਰਕੇ ਅੱਖਾਂ ਵਿਚ ਆਏ ਹੰਝੂਆਂ ਨੂੰ ਰੋਕਦੇ ਹੋਏ ਐਲਨ ਨੇ ਕਿਹਾ, ‘ਮੈਨੂੰ ਖ਼ੁਸ਼ੀ ਹੋਈ ਕਿ ਯਹੋਵਾਹ ਮੈਨੂੰ ਸਮਝਦਾ ਹੈ, ਮੇਰੀ ਪਰਵਾਹ ਕਰਦਾ ਹੈ ਅਤੇ ਮਦਦ ਕਰਦਾ ਹੈ।’

ਜੇ ਤੁਸੀਂ ਬਹੁਤ ਸ਼ਰਾਬ ਪੀਂਦੇ ਹੋ ਜਾਂ ਸ਼ਰਾਬ ਦੇ ਆਦੀ ਹੋ, ਤਾਂ ਹਾਰ ਨਾ ਮੰਨੋ। ਇੱਦਾਂ ਨਾ ਸੋਚੋ ਕਿ ਤੁਹਾਡੇ ਬਦਲਣ ਦੀ ਕੋਈ ਉਮੀਦ ਨਹੀਂ ਹੈ। ਐਲਨ ਤੇ ਹੋਰ ਬਹੁਤ ਸਾਰੇ ਲੋਕਾਂ ਦੀ ਹਾਲਤ ਪਹਿਲਾਂ ਤੁਹਾਡੇ ਵਰਗੀ ਸੀ। ਪਰ ਹੁਣ ਉਹ ਹੱਦ ਵਿਚ ਰਹਿ ਕੇ ਪੀਂਦੇ ਹਨ ਜਾਂ ਸ਼ਰਾਬ ਪੀਣੀ ਪੂਰੀ ਤਰ੍ਹਾਂ ਛੱਡ ਚੁੱਕੇ ਹਨ। ਉਨ੍ਹਾਂ ਨੂੰ ਇਹ ਬਦਲਾਅ ਕਰਨ ਦਾ ਕੋਈ ਪਛਤਾਵਾ ਨਹੀਂ ਹੈ ਤੇ ਨਾ ਹੀ ਤੁਹਾਨੂੰ ਹੋਵੇਗਾ।

ਚਾਹੇ ਤੁਸੀਂ ਹੱਦ ਵਿਚ ਰਹਿ ਕੇ ਪੀਣ ਜਾਂ ਪੂਰੀ ਤਰ੍ਹਾਂ ਛੱਡ ਦੇਣ ਦਾ ਫ਼ੈਸਲਾ ਕਰਦੇ ਹੋ, ਪਰ ਰੱਬ ਦੀ ਇਸ ਪਿਆਰ ਭਰੀ ਸਲਾਹ ਨੂੰ ਮੰਨੋ: “ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦੇਵੇਂ, ਤਾਂ ਤੇਰੀ ਸ਼ਾਂਤੀ ਨਦੀ ਵਾਂਗ ਅਤੇ ਤੇਰੀ ਧਾਰਮਿਕਤਾ ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗੀ।”​—ਯਸਾਯਾਹ 48:18.

[ਫੁਟਨੋਟ]

a ਸਫ਼ਾ 8 ʼਤੇ ਡੱਬੀ “ ਕੀ ਮੈਂ ਸ਼ਰਾਬ ਦਾ ਆਦੀ ਹੋ ਗਿਆ ਹਾਂ?” ਦੇਖੋ।

b ਸ਼ਰਾਬ ਦੀ ਆਦਤ ਤੋਂ ਛੁਟਕਾਰਾ ਪਾਉਣ ਵਿਚ ਕਈ ਕੇਂਦਰ, ਹਸਪਤਾਲ ਅਤੇ ਸੰਸਥਾਵਾਂ ਮਦਦ ਕਰਦੀਆਂ ਹਨ। ਪਹਿਰਾਬੁਰਜ ਰਸਾਲਾ ਇਹ ਨਹੀਂ ਦੱਸਦਾ ਕਿ ਇਲਾਜ ਕਿਵੇਂ ਤੇ ਕਿੱਥੇ ਕੀਤਾ ਜਾਵੇ। ਹਰ ਵਿਅਕਤੀ ਨੂੰ ਧਿਆਨ ਨਾਲ ਸੋਚ-ਵਿਚਾਰ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਇਲਾਜ ਬਾਈਬਲ ਦੇ ਅਸੂਲਾਂ ਤੋਂ ਉਲਟ ਨਾ ਹੋਵੇ।

[ਡੱਬੀ]

 ਕੀ ਮੈਂ ਸ਼ਰਾਬ ਦਾ ਆਦੀ ਹੋ ਗਿਆ ਹਾਂ?

ਆਪਣੇ ਆਪ ਤੋਂ ਪੁੱਛੋ:

ਕੀ ਮੈਂ ਪਹਿਲਾਂ ਨਾਲੋਂ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਹਾਂ?

ਕੀ ਮੈਂ ਅਕਸਰ ਪੀਣ ਲੱਗ ਪਿਆ ਹਾਂ?

ਕੀ ਮੈਂ ਸੁਧੀ (ਨੀਟ) ਸ਼ਰਾਬ ਪੀਣ ਲੱਗ ਪਿਆ ਹਾਂ?

ਕੀ ਮੈਂ ਪਰੇਸ਼ਾਨੀਆਂ ਜਾਂ ਮੁਸ਼ਕਲਾਂ ਤੋਂ ਭੱਜਣ ਲਈ ਸ਼ਰਾਬ ਪੀਂਦਾ ਹਾਂ?

ਕੀ ਮੇਰੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੇ ਮੈਨੂੰ ਕਿਹਾ ਹੈ ਕਿ ਮੈਂ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਹਾਂ?

ਕੀ ਮੇਰੇ ਪੀਣ ਕਰਕੇ ਮੇਰੇ ਘਰ, ਕੰਮ ʼਤੇ ਜਾਂ ਸਫ਼ਰ ਦੌਰਾਨ ਸਮੱਸਿਆਵਾਂ ਖੜ੍ਹੀਆਂ ਹੋਈਆਂ ਹਨ?

ਕੀ ਮੈਂ ਸ਼ਰਾਬ ਤੋਂ ਬਿਨਾਂ ਇਕ ਹਫ਼ਤਾ ਵੀ ਨਹੀਂ ਰਹਿ ਸਕਦਾ?

ਕੀ ਮੈਨੂੰ ਬੁਰਾ ਲੱਗਦਾ ਹੈ ਜਦੋਂ ਦੂਸਰੇ ਸ਼ਰਾਬ ਪੀਣ ਤੋਂ ਮਨ੍ਹਾ ਕਰਦੇ ਹਨ?

ਕੀ ਮੈਂ ਦੂਜਿਆਂ ਤੋਂ ਲੁਕਾਉਂਦਾ ਹਾਂ ਕਿ ਮੈਂ ਕਿੰਨੀ ਸ਼ਰਾਬ ਪੀਂਦਾ ਹਾਂ?

ਜੇ ਤੁਸੀਂ ਇਨ੍ਹਾਂ ਸਵਾਲਾਂ ਵਿੱਚੋਂ ਇਕ ਜਾਂ ਜ਼ਿਆਦਾ ਸਵਾਲਾਂ ਦਾ ਜਵਾਬ ਹਾਂ ਵਿਚ ਦਿੱਤਾ ਹੈ, ਤਾਂ ਤੁਹਾਨੂੰ ਸ਼ਰਾਬ ʼਤੇ ਕਾਬੂ ਪਾਉਣ ਲਈ ਕੁਝ ਕਦਮ ਚੁੱਕਣ ਦੀ ਲੋੜ ਹੈ।

[ਡੱਬੀ]

ਸ਼ਰਾਬ ਪੀਣ ਬਾਰੇ ਸੋਚ-ਸਮਝ ਕੇ ਫ਼ੈਸਲੇ ਕਰੋ

ਸ਼ਰਾਬ ਪੀਣ ਤੋਂ ਪਹਿਲਾਂ ਸੋਚੋ:

ਕੀ ਮੇਰੇ ਲਈ ਸ਼ਰਾਬ ਪੀਣੀ ਅਕਲਮੰਦੀ ਹੋਵੇਗੀ ਜਾਂ ਫਿਰ ਕੀ ਇਸ ਤੋਂ ਦੂਰ ਹੀ ਰਹਾਂ?

ਸੁਝਾਅ: ਜੋ ਹੱਦ ਵਿਚ ਰਹਿ ਕੇ ਨਹੀਂ ਪੀ ਸਕਦਾ, ਉਹ ਇਸ ਤੋਂ ਦੂਰ ਹੀ ਰਹੇ।

ਮੈਨੂੰ ਕਿੰਨੀ ਕੁ ਪੀਣੀ ਚਾਹੀਦੀ ਹੈ?

ਸੁਝਾਅ: ਸ਼ਰਾਬ ਦਿਮਾਗ਼ ʼਤੇ ਅਸਰ ਕਰਦੀ ਹੈ। ਇਸ ਲਈ ਪੀਣ ਤੋਂ ਪਹਿਲਾਂ ਤੈਅ ਕਰੋ ਕਿ ਤੁਸੀਂ ਕਿੰਨੀ ਕੁ ਪੀਓਗੇ।

ਮੈਂ ਕਦੋਂ ਪੀਵਾਂਗਾ?

ਸੁਝਾਅ: ਨਾ ਗੱਡੀ ਚਲਾਉਣ ਤੋਂ ਪਹਿਲਾਂ, ਨਾ ਕੋਈ ਕੰਮ ਕਰਨ ਤੋਂ ਪਹਿਲਾਂ ਜਿਸ ਨੂੰ ਧਿਆਨ ਨਾਲ ਕਰਨ ਦੀ ਲੋੜ ਹੈ, ਨਾ ਹੀ ਕੋਈ ਧਾਰਮਿਕ ਕੰਮ ਕਰਨ ਤੋਂ ਪਹਿਲਾਂ, ਨਾ ਕਿਸੇ ਦਵਾਈ ਨਾਲ ਪੀਣੀ ਚਾਹੀਦੀ ਹੈ ਤੇ ਨਾ ਹੀ ਗਰਭਵਤੀ ਔਰਤਾਂ ਨੂੰ ਪੀਣੀ ਚਾਹੀਦੀ।

ਮੈਂ ਕਿੱਥੇ ਪੀਵਾਂਗਾ?

ਸੁਝਾਅ: ਕਿਸੇ ਚੰਗੀ ਤੇ ਢੁਕਵੀਂ ਜਗ੍ਹਾ ʼਤੇ, ਪਰ ਦੂਜਿਆਂ ਤੋਂ ਚੋਰੀ-ਛਿਪੇ ਨਾ ਪੀਓ। ਉਨ੍ਹਾਂ ਲੋਕਾਂ ਸਾਮ੍ਹਣੇ ਨਾ ਪੀਓ ਜਿਨ੍ਹਾਂ ਨੂੰ ਸ਼ਰਾਬ ਕਰਕੇ ਠੇਸ ਲੱਗ ਸਕਦੀ ਹੈ।

ਮੈਂ ਕਿਨ੍ਹਾਂ ਨਾਲ ਪੀਵਾਂਗਾ?

ਸੁਝਾਅ: ਆਪਣੇ ਚੰਗੇ ਦੋਸਤਾਂ ਜਾਂ ਪਰਿਵਾਰ ਨਾਲ। ਉਨ੍ਹਾਂ ਨਾਲ ਨਹੀਂ ਜੋ ਜ਼ਿਆਦਾ ਪੀਂਦੇ ਹਨ।

[ਡੱਬੀ]

ਰੱਬ ਦੇ ਬਚਨ ਦੀ ਮਦਦ ਨਾਲ ਇਕ ਸ਼ਰਾਬੀ ਸੁਧਰ ਗਿਆ

ਥਾਈਲੈਂਡ ਵਿਚ ਰਹਿੰਦਾ ਸੂਪੋਟ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ। ਪਹਿਲਾਂ-ਪਹਿਲਾਂ ਉਹ ਸਿਰਫ਼ ਸ਼ਾਮ ਨੂੰ ਪੀਂਦਾ ਸੀ। ਹੌਲੀ-ਹੌਲੀ ਉਸ ਨੇ ਸਵੇਰ ਨੂੰ ਪੀਣੀ ਸ਼ੁਰੂ ਕਰ ਦਿੱਤੀ ਤੇ ਫਿਰ ਦੁਪਹਿਰ ਨੂੰ ਵੀ ਪੀਣ ਲੱਗ ਪਿਆ। ਉਹ ਕਈ ਵਾਰ ਬੱਸ ਸ਼ਰਾਬੀ ਹੋਣ ਲਈ ਪੀਂਦਾ ਸੀ। ਪਰ ਫਿਰ ਉਹ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਦੀ ਸਿੱਖਿਆ ਲੈਣ ਲੱਗ ਪਿਆ। ਉਸ ਨੇ ਸਿੱਖਿਆ ਕਿ ਸ਼ਰਾਬੀਪੁਣਾ ਯਹੋਵਾਹ ਪਰਮੇਸ਼ੁਰ ਨੂੰ ਪਸੰਦ ਨਹੀਂ ਹੈ ਜਿਸ ਕਰਕੇ ਸੂਪੋਟ ਨੇ ਪੀਣੀ ਛੱਡ ਦਿੱਤੀ। ਪਰ ਕੁਝ ਸਮੇਂ ਬਾਅਦ ਉਹ ਫਿਰ ਪੀਣ ਲੱਗ ਪਿਆ। ਇਹ ਦੇਖ ਕੇ ਉਸ ਦੇ ਪਰਿਵਾਰ ਨੂੰ ਬਹੁਤ ਦੁੱਖ ਲੱਗਾ।

ਪਰ ਸੂਪੋਟ ਹਾਲੇ ਵੀ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਸਹੀ ਢੰਗ ਨਾਲ ਉਸ ਦੀ ਭਗਤੀ ਕਰਨੀ ਚਾਹੁੰਦਾ ਸੀ। ਸੂਪੋਟ ਦੇ ਦੋਸਤ ਉਸ ਦਾ ਸਾਥ ਦਿੰਦੇ ਰਹੇ ਅਤੇ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਹਿੰਮਤ ਨਾ ਹਾਰਨ ਅਤੇ ਉਸ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਹੱਲਾਸ਼ੇਰੀ ਦਿੱਤੀ। ਉਸ ਸਮੇਂ ਸੂਪੋਟ ਨੇ 1 ਕੁਰਿੰਥੀਆਂ 6:10 ਪੜ੍ਹਿਆ ਜਿੱਥੇ ਲਿਖਿਆ: ‘ਸ਼ਰਾਬੀ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।’ ਉਸ ਨੂੰ ਪਤਾ ਲੱਗ ਗਿਆ ਕਿ ਉਸ ਦੀ ਹਾਲਤ ਕਿੰਨੀ ਗੰਭੀਰ ਹੈ। ਉਸ ਨੂੰ ਅਹਿਸਾਸ ਹੋਇਆ ਕਿ ਪੀਣ ਦੀ ਸਮੱਸਿਆ ʼਤੇ ਕਾਬੂ ਪਾਉਣ ਲਈ ਉਸ ਨੂੰ ਸਖ਼ਤ ਮਿਹਨਤ ਕਰਨੀ ਪੈਣੀ।

ਇਸ ਵਾਰ ਸੂਪੋਟ ਨੇ ਠਾਣ ਲਿਆ ਕਿ ਉਹ ਸ਼ਰਾਬ ਪੀਣੀ ਬਿਲਕੁਲ ਛੱਡ ਦੇਵੇਗਾ। ਅਖ਼ੀਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਤਾਕਤ, ਰੱਬ ਦੇ ਬਚਨ ਦੀ ਸਲਾਹ, ਆਪਣੇ ਪਰਿਵਾਰ ਅਤੇ ਮੰਡਲੀ ਦੀ ਮਦਦ ਨਾਲ ਸੂਪੋਟ ਨੂੰ ਹਿੰਮਤ ਮਿਲੀ ਜਿਸ ਕਰਕੇ ਉਹ ਸ਼ਰਾਬ ਪੀਣੀ ਛੱਡ ਸਕਿਆ। ਜਦੋਂ ਉਸ ਨੇ ਰੱਬ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ, ਤਾਂ ਉਸ ਦਾ ਪਰਿਵਾਰ ਬਹੁਤ ਖ਼ੁਸ਼ ਹੋਇਆ। ਹੁਣ ਸੂਪੋਟ ਦਾ ਰੱਬ ਨਾਲ ਕਰੀਬੀ ਰਿਸ਼ਤਾ ਹੈ ਜਿਸ ਦੀ ਉਹ ਹਮੇਸ਼ਾ ਤੋਂ ਕਾਮਨਾ ਕਰਦਾ ਸੀ ਅਤੇ ਉਹ ਰੱਬ ਬਾਰੇ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਦਾ ਹੈ।