Skip to content

Skip to table of contents

ਆਪਣਾ ਜੀਵਨ ਯਹੋਵਾਹ ਨੂੰ ਕਿਉਂ ਸਮਰਪਿਤ ਕਰੀਏ?

ਆਪਣਾ ਜੀਵਨ ਯਹੋਵਾਹ ਨੂੰ ਕਿਉਂ ਸਮਰਪਿਤ ਕਰੀਏ?

ਆਪਣਾ ਜੀਵਨ ਯਹੋਵਾਹ ਨੂੰ ਕਿਉਂ ਸਮਰਪਿਤ ਕਰੀਏ?

“ਉਹ ਪਰਮੇਸ਼ੁਰ ਜਿਹ ਦਾ ਮੈਂ ਹਾਂ . . . ਉਹ ਦਾ ਦੂਤ ਅੱਜ ਰਾਤ ਮੇਰੇ ਕੋਲ ਆਣ ਖਲੋਤਾ।”—ਰਸੂ. 27:23.

1. ਬਪਤਿਸਮਾ ਲੈਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਕੀ ਕੁਝ ਕਰਨ ਦੀ ਲੋੜ ਹੁੰਦੀ ਹੈ ਅਤੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

“ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ, ਕੀ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕੀਤੀ ਹੈ?” ਇਹ ਸਵਾਲ ਬਪਤਿਸਮੇ ਦੇ ਭਾਸ਼ਣ ਦੇ ਅਖ਼ੀਰ ਵਿਚ ਬਪਤਿਸਮਾ ਲੈਣ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ। ਮਸੀਹੀਆਂ ਨੂੰ ਆਪਣੀ ਜ਼ਿੰਦਗੀ ਯਹੋਵਾਹ ਨੂੰ ਕਿਉਂ ਸੌਂਪਣੀ ਚਾਹੀਦੀ ਹੈ? ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਸੌਂਪਣ ਦਾ ਕੀ ਸਾਨੂੰ ਕੋਈ ਫ਼ਾਇਦਾ ਹੁੰਦਾ ਹੈ? ਸਮਰਪਣ ਤੋਂ ਬਿਨਾਂ ਯਹੋਵਾਹ ਸਾਡੀ ਭਗਤੀ ਕਿਉਂ ਨਹੀਂ ਕਬੂਲ ਕਰੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਆਪਾਂ ਪਹਿਲਾਂ ਦੇਖੀਏ ਕਿ ਸਮਰਪਣ ਦਾ ਮਤਲਬ ਕੀ ਹੈ।

2. ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਕੀ ਮਤਲਬ ਹੈ?

2 ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਕੀ ਮਤਲਬ ਹੈ? ਧਿਆਨ ਦਿਓ ਕਿ ਪੌਲੁਸ ਰਸੂਲ ਨੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਕੀ ਕਿਹਾ। ਇਕ ਵਾਰ ਜਦੋਂ ਸਫ਼ਰ ਕਰਦਿਆਂ ਉਸ ਦਾ ਜਹਾਜ਼ ਡੁੱਬਣ ਵਾਲਾ ਸੀ, ਤਾਂ ਉਸ ਨੇ ਆਪਣੇ ਨਾਲ ਦੇ ਮੁਸਾਫ਼ਰਾਂ ਸਾਮ੍ਹਣੇ ਕਿਹਾ ਕਿ ‘ਮੈਂ ਯਹੋਵਾਹ ਪਰਮੇਸ਼ੁਰ ਦਾ ਹਾਂ।’ (ਰਸੂਲਾਂ ਦੇ ਕਰਤੱਬ 27:22-24 ਪੜ੍ਹੋ।) ਪੌਲੁਸ ਵਾਂਗ ਅੱਜ ਵੀ ਸਾਰੇ ਸੱਚੇ ਮਸੀਹੀ ਯਹੋਵਾਹ ਦੇ ਹਨ। ਪਰ ਦੁਨੀਆਂ ਦੇ ਲੋਕ ‘ਦੁਸ਼ਟ ਦੇ ਵੱਸ ਵਿੱਚ ਪਏ ਹੋਏ ਹਨ।’ (1 ਯੂਹੰ. 5:19) ਮਸੀਹੀ ਪਰਮੇਸ਼ੁਰ ਦੇ ਉਦੋਂ ਹੋ ਜਾਂਦੇ ਹਨ ਜਦੋਂ ਉਹ ਉਸ ਨੂੰ ਪ੍ਰਾਰਥਨਾ ਕਰ ਕੇ ਆਪਣੀ ਜ਼ਿੰਦਗੀ ਉਸ ਦੀ ਸੇਵਾ ਵਿਚ ਸੌਂਪ ਦਿੰਦੇ ਹਨ ਅਤੇ ਪਰਮੇਸ਼ੁਰ ਉਨ੍ਹਾਂ ਨੂੰ ਕਬੂਲ ਕਰ ਲੈਂਦਾ ਹੈ। ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੁੰਦਾ ਹੈ ਜਿਸ ਤੋਂ ਬਾਅਦ ਉਹ ਬਪਤਿਸਮਾ ਲੈ ਲੈਂਦੇ ਹਨ।

3. ਯਿਸੂ ਨੇ ਬਪਤਿਸਮਾ ਲੈ ਕੇ ਕੀ ਦਿਖਾਇਆ ਅਤੇ ਉਸ ਦੇ ਚੇਲੇ ਉਸ ਦੀ ਰੀਸ ਕਿਵੇਂ ਕਰ ਸਕਦੇ ਹਨ?

3 ਯਿਸੂ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਦਰਅਸਲ ਉਸ ਨੂੰ ਸਮਰਪਣ ਕਰਨ ਦੀ ਕੋਈ ਲੋੜ ਹੀ ਨਹੀਂ ਸੀ ਕਿਉਂਕਿ ਉਹ ਸਮਰਪਿਤ ਕੌਮ ਵਿਚ ਪੈਦਾ ਹੋਇਆ ਸੀ। ਫਿਰ ਵੀ ਉਸ ਨੇ ਬਪਤਿਸਮਾ ਲਿਆ ਭਾਵੇਂ ਕਿ ਬਿਵਸਥਾ ਵਿਚ ਇਸ ਦੀ ਕੋਈ ਮੰਗ ਨਹੀਂ ਕੀਤੀ ਜਾਂਦੀ ਸੀ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਯਿਸੂ ਨੇ ਬਪਤਿਸਮਾ ਲੈ ਕੇ ਕਿਹਾ: “ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ।” (ਇਬ. 10:7; ਲੂਕਾ 3:21) ਯਿਸੂ ਨੇ ਬਪਤਿਸਮਾ ਲੈ ਕੇ ਦਿਖਾਇਆ ਕਿ ਉਸ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਸੌਂਪ ਦਿੱਤੀ ਸੀ। ਉਸ ਦੇ ਚੇਲੇ ਵੀ ਉਸ ਦੀ ਰੀਸ ਕਰ ਕੇ ਬਪਤਿਸਮਾ ਲੈਂਦੇ ਹਨ। ਪਰ ਉਨ੍ਹਾਂ ਦਾ ਬਪਤਿਸਮਾ ਸਾਰਿਆਂ ਸਾਮ੍ਹਣੇ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਉਨ੍ਹਾਂ ਨੇ ਪ੍ਰਾਰਥਨਾ ਦੇ ਜ਼ਰੀਏ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਸੇਵਾ ਵਿਚ ਸੌਂਪ ਦਿੱਤੀ ਹੈ।

ਸਮਰਪਣ ਕਰਨ ਦੇ ਕੀ ਲਾਭ ਹੁੰਦੇ ਹਨ

4. ਦਾਊਦ ਅਤੇ ਯੋਨਾਥਾਨ ਦੀ ਦੋਸਤੀ ਤੋਂ ਫ਼ਰਜ਼ ਨਿਭਾਉਣ ਬਾਰੇ ਕੀ ਪਤਾ ਲੱਗਦਾ ਹੈ?

4 ਜਦੋਂ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਜ਼ਿੰਦਗੀ ਲਾਉਣ ਦਾ ਵਾਅਦਾ ਕਰਦੇ ਹਾਂ, ਤਾਂ ਅਸੀਂ ਕੋਈ ਆਮ ਵਾਅਦਾ ਨਹੀਂ ਕਰਦੇ। ਸਮਰਪਣ ਕਰਨ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਦੇਖੀਏ ਕਿ ਇਨਸਾਨੀ ਰਿਸ਼ਤੇ-ਨਾਤੇ ਨਿਭਾਉਣ ਦੇ ਕੀ ਫ਼ਾਇਦੇ ਹੁੰਦੇ ਹਨ। ਦੋਸਤੀ ਦੀ ਮਿਸਾਲ ਲੈ ਲਓ। ਜੇ ਤੁਸੀਂ ਕਿਸੇ ਦੇ ਦੋਸਤ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਆਪਣੀ ਦੋਸਤੀ ਦਾ ਫ਼ਰਜ਼ ਨਿਭਾਉਣਾ ਪਵੇਗਾ। ਕਹਿਣ ਦਾ ਮਤਲਬ ਕਿ ਤੁਸੀਂ ਹਰ ਹਾਲ ਵਿਚ ਉਸ ਦੇ ਵਫ਼ਾਦਾਰ ਰਹੋਗੇ, ਉਸ ਦਾ ਸਾਥ ਨਿਭਾਓਗੇ ਅਤੇ ਉਸ ਦੀ ਮਦਦ ਕਰੋਗੇ। ਬਾਈਬਲ ਵਿਚ ਦਾਊਦ ਅਤੇ ਯੋਨਾਥਾਨ ਦੀ ਬੇਮਿਸਾਲ ਦੋਸਤੀ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਜ਼ਿੰਦਗੀ ਭਰ ਇਕ-ਦੂਜੇ ਦਾ ਸਾਥ ਨਿਭਾਉਣ ਦੀ ਸੌਂਹ ਖਾਧੀ ਸੀ। (1 ਸਮੂਏਲ 17:57; 18:1, 3 ਪੜ੍ਹੋ।) ਅੱਜ-ਕੱਲ੍ਹ ਇਸ ਤਰ੍ਹਾਂ ਦੇ ਦੋਸਤ ਬਹੁਤ ਘੱਟ ਮਿਲਦੇ ਹਨ। ਫਿਰ ਵੀ ਜ਼ਿਆਦਾਤਰ ਦੋਸਤਾਂ ਦੀ ਉਦੋਂ ਨਿਭਦੀ ਹੈ ਜਦੋਂ ਉਹ ਇਕ-ਦੂਜੇ ਪ੍ਰਤਿ ਆਪਣੇ ਫ਼ਰਜ਼ ਪੂਰੇ ਕਰਦੇ ਹਨ।—ਕਹਾ. 17:17; 18:24.

5. ਨੌਕਰ ਆਪਣੇ ਚੰਗੇ ਮਾਲਕ ਦੀ ਛਤਰ-ਛਾਇਆ ਹੇਠ ਰਹਿ ਕੇ ਕਿਵੇਂ ਲਾਭ ਉਠਾ ਸਕਦਾ ਸੀ?

5 ਇਸਰਾਏਲੀਆਂ ਨੂੰ ਦਿੱਤੀ ਪਰਮੇਸ਼ੁਰ ਦੀ ਬਿਵਸਥਾ ਵਿਚ ਇਕ ਹੋਰ ਰਿਸ਼ਤੇ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਨਿਭਾ ਕੇ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਸੀ। ਉਹ ਸੀ ਨੌਕਰ-ਮਾਲਕ ਦਾ ਰਿਸ਼ਤਾ। ਜੇ ਨੌਕਰ ਹਮੇਸ਼ਾ ਆਪਣੇ ਚੰਗੇ ਮਾਲਕ ਦੀ ਛਤਰ-ਛਾਇਆ ਹੇਠ ਰਹਿਣਾ ਚਾਹੁੰਦਾ ਸੀ, ਤਾਂ ਉਹ ਦੋਵੇਂ ਆਪਸ ਵਿਚ ਪੱਕਾ ਇਕਰਾਰਨਾਮਾ ਕਰ ਸਕਦੇ ਸਨ। ਬਿਵਸਥਾ ਵਿਚ ਦੱਸਿਆ ਹੈ: “ਜੇਕਰ ਉਹ ਗੁਲਾਮ ਕਹੇ, ‘ਮੈਂ ਆਪਣੇ ਮਾਲਕ, ਪਤਨੀ ਅਤੇ ਪੁੱਤਰ ਧੀਆਂ ਨੂੰ ਪਿਆਰ ਕਰਦਾ ਹਾਂ’ ਤਾਂ ਉਸ ਦਾ ਮਾਲਕ ਉਸ ਨੂੰ ਪਰਮੇਸ਼ਰ ਦੇ ਸਾਮਹਣੇ ਉਪਾਸਨਾ ਵਾਲੀ ਥਾਂ ਤੇ ਲੈ ਜਾਵੇ। ਮਾਲਕ ਉਸ ਨੂੰ ਉਪਾਸਨਾ ਵਾਲੀ ਥਾਂ ਦੇ ਬੂਹੇ ਲਾਗੇ ਖੜਾ ਕਰਕੇ, ਉਸ ਦਾ ਕੰਨ ਬੂਹੇ ਦੀ ਚੋਗਾਠ ਨਾਲ ਲਾ ਕੇ ਵਿਨ੍ਹ ਦੇਵੇ। ਫਿਰ ਉਹ ਗੁਲਾਮ ਜੀਵਨ ਭਰ ਆਪਣੇ ਮਾਲਕ ਦੀ ਸੇਵਾ ਕਰੇ।”—ਕੂਚ 21:5, 6, CL.

6, 7. (ੳ) ਇਕਰਾਰ ਕਰਨ ਦਾ ਲੋਕਾਂ ਨੂੰ ਕੀ ਫ਼ਾਇਦਾ ਹੁੰਦਾ ਹੈ? (ਅ) ਇਸ ਤੋਂ ਯਹੋਵਾਹ ਨਾਲ ਸਾਡੇ ਰਿਸ਼ਤੇ ਬਾਰੇ ਕੀ ਪਤਾ ਲੱਗਦਾ ਹੈ?

6 ਵਿਆਹ ਵੀ ਇਕ ਅਜਿਹਾ ਰਿਸ਼ਤਾ ਹੈ ਜਿਸ ਨੂੰ ਨਿਭਾਉਣ ਲਈ ਪਤੀ-ਪਤਨੀ ਜ਼ਿੰਦਗੀ ਭਰ ਇਕ-ਦੂਸਰੇ ਦਾ ਸਾਥ ਨਿਭਾਉਣ ਦਾ ਪੱਕਾ ਵਾਅਦਾ ਕਰਦੇ ਹਨ। ਇਹ ਵਾਅਦਾ ਸਿਰਫ਼ ਕਾਗਜ਼ ਉੱਤੇ ਲਿਖ ਕੇ ਨਹੀਂ ਕੀਤਾ ਜਾਂਦਾ, ਸਗੋਂ ਇਕ ਇਨਸਾਨ ਨਾਲ ਕੀਤਾ ਜਾਂਦਾ ਹੈ। ਜਿਹੜੇ ਲੋਕ ਵਿਆਹ ਤੋਂ ਬਿਨਾਂ ਇਕੱਠੇ ਰਹਿੰਦੇ ਹਨ, ਉਨ੍ਹਾਂ ਨੂੰ ਤੇ ਉਨ੍ਹਾਂ ਦੇ ਬੱਚਿਆਂ ਨੂੰ ਸ਼ਾਇਦ ਡਰ ਰਹੇ ਕਿ ਮਾਂ ਜਾਂ ਪਿਉ ਉਨ੍ਹਾਂ ਨੂੰ ਛੱਡ ਕੇ ਚਲੇ ਨਾ ਜਾਵੇ। ਪਰ ਜਿਹੜੇ ਪਤੀ-ਪਤਨੀ ਪਰਮੇਸ਼ੁਰ ਅੱਗੇ ਵਿਆਹ ਦੇ ਬੰਧਨ ਵਿਚ ਬੱਝਦੇ ਹਨ, ਉਹ ਮਿਲ ਕੇ ਆਪਣੀਆਂ ਸਮੱਸਿਆਵਾਂ ਪਿਆਰ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ।—ਮੱਤੀ 19:5, 6; 1 ਕੁਰਿੰ. 13:7, 8; ਇਬ. 13:4.

7 ਪੁਰਾਣੇ ਜ਼ਮਾਨੇ ਵਿਚ ਇਸਰਾਏਲੀਆਂ ਨੂੰ ਕਾਰੋਬਾਰ ਅਤੇ ਕੰਮ ਦੇ ਮਾਮਲੇ ਵਿਚ ਇਕਰਾਰ ਕਰਨ ਦਾ ਫ਼ਾਇਦਾ ਹੋਇਆ ਸੀ। (ਮੱਤੀ 20:1, 2, 8) ਅੱਜ ਵੀ ਇੱਦਾਂ ਕਰਨ ਦੇ ਫ਼ਾਇਦੇ ਹਨ। ਮਿਸਾਲ ਲਈ, ਕੋਈ ਬਿਜ਼ਨਿਸ ਸ਼ੁਰੂ ਕਰਨ ਜਾਂ ਕਿਸੇ ਕੰਪਨੀ ਲਈ ਕੰਮ ਕਰਨ ਤੋਂ ਪਹਿਲਾਂ, ਸਾਡੇ ਲਈ ਲਿਖਤੀ ਇਕਰਾਰਨਾਮਾ ਕਰਨਾ ਫ਼ਾਇਦੇਮੰਦ ਹੁੰਦਾ ਹੈ। ਸੋ ਜੇ ਇਕਰਾਰ ਪੂਰਾ ਕਰ ਕੇ ਸਾਡੀ ਦੋਸਤੀ ਪੱਕੀ ਹੁੰਦੀ ਹੈ, ਵਿਆਹੁਤਾ-ਬੰਧਨ ਮਜ਼ਬੂਤ ਹੁੰਦਾ ਹੈ ਅਤੇ ਨੌਕਰੀ ਦੇ ਮਾਮਲੇ ਵਿਚ ਫ਼ਾਇਦਾ ਹੁੰਦਾ ਹੈ, ਤਾਂ ਬਿਨਾਂ ਸ਼ਰਤ ਦੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣ ਦਾ ਇਕਰਾਰ ਕਰ ਕੇ ਉਸ ਨਾਲ ਸਾਡਾ ਰਿਸ਼ਤਾ ਕਿੰਨਾ ਪੱਕਾ ਹੋ ਸਕਦਾ ਹੈ! ਆਓ ਆਪਾਂ ਹੁਣ ਦੇਖੀਏ ਕਿ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਹੋਣ ਕਰਕੇ ਇਸਰਾਏਲੀਆਂ ਨੂੰ ਕਿਵੇਂ ਫ਼ਾਇਦਾ ਹੋਇਆ ਅਤੇ ਯਹੋਵਾਹ ਅੱਗੇ ਕੀਤਾ ਉਨ੍ਹਾਂ ਦਾ ਵਾਅਦਾ ਕਿਉਂ ਕੋਈ ਆਮ ਗੱਲ ਨਹੀਂ ਸੀ।

ਪਰਮੇਸ਼ੁਰ ਨੂੰ ਸਮਰਪਿਤ ਹੋਣ ਦਾ ਇਸਰਾਏਲੀਆਂ ਨੂੰ ਕੀ ਫ਼ਾਇਦਾ ਹੋਇਆ

8. ਯਹੋਵਾਹ ਨੂੰ ਸਮਰਪਿਤ ਹੋਣਾ ਇਸਰਾਏਲੀਆਂ ਵਾਸਤੇ ਕੀ ਮਾਅਨੇ ਰੱਖਦਾ ਸੀ?

8 ਸਾਰੀ ਇਸਰਾਏਲੀ ਕੌਮ ਉਦੋਂ ਯਹੋਵਾਹ ਨੂੰ ਸਮਰਪਿਤ ਹੋ ਗਈ ਜਦੋਂ ਲੋਕਾਂ ਨੇ ਵਾਅਦਾ ਕੀਤਾ ਕਿ ਉਹ ਉਸ ਦੀ ਆਗਿਆ ਮੰਨਣਗੇ। ਯਹੋਵਾਹ ਨੇ ਉਨ੍ਹਾਂ ਨੂੰ ਸੀਨਈ ਪਹਾੜ ਦੇ ਲਾਗੇ ਇਕੱਠੇ ਕਰ ਕੇ ਕਿਹਾ ਸੀ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ।” ਸਾਰੇ ਲੋਕਾਂ ਨੇ ਰਲ ਕੇ ਕਿਹਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 19:4-8) ਯਹੋਵਾਹ ਨੂੰ ਸਮਰਪਿਤ ਹੋਣਾ ਇਸਰਾਏਲੀਆਂ ਵਾਸਤੇ ਕੋਈ ਛੋਟੀ-ਮੋਟੀ ਗੱਲ ਨਹੀਂ ਸੀ, ਸਗੋਂ ਉਨ੍ਹਾਂ ਲਈ ਬਹੁਤ ਮਾਅਨੇ ਰੱਖਦੀ ਸੀ। ਕਹਿਣ ਦਾ ਮਤਲਬ ਕਿ ਉਹ ਲੋਕ ਹੁਣ ਯਹੋਵਾਹ ਦੇ ਹੋ ਗਏ ਸਨ ਅਤੇ ਯਹੋਵਾਹ ਨੇ ਵੀ ਆਪਣੀ ਇਸ “ਨਿਜੀ ਪਰਜਾ” ਦੀ ਦੇਖ-ਭਾਲ ਕੀਤੀ।

9. ਯਹੋਵਾਹ ਨੂੰ ਸਮਰਪਿਤ ਹੋਣ ਦਾ ਇਸਰਾਏਲੀਆਂ ਨੂੰ ਕੀ ਫ਼ਾਇਦਾ ਹੋਇਆ?

9 ਯਹੋਵਾਹ ਦੀ ਨਿੱਜੀ ਪਰਜਾ ਬਣ ਕੇ ਇਸਰਾਏਲੀਆਂ ਨੂੰ ਫ਼ਾਇਦਾ ਹੋਇਆ। ਯਹੋਵਾਹ ਉਨ੍ਹਾਂ ਪ੍ਰਤਿ ਵਫ਼ਾਦਾਰ ਰਿਹਾ ਅਤੇ ਉਨ੍ਹਾਂ ਨੂੰ ਇਵੇਂ ਸੰਭਾਲਦਾ ਰਿਹਾ ਜਿਵੇਂ ਮਾਪੇ ਪਿਆਰ ਨਾਲ ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਕਰਦੇ ਹਨ। ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” (ਯਸਾ. 49:15) ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਕਰਨ ਲਈ ਉਨ੍ਹਾਂ ਨੂੰ ਬਿਵਸਥਾ ਦਿੱਤੀ, ਨਬੀਆਂ ਰਾਹੀਂ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਦੂਤਾਂ ਦੇ ਜ਼ਰੀਏ ਉਨ੍ਹਾਂ ਦੀ ਰੱਖਿਆ ਕੀਤੀ। ਜ਼ਬੂਰਾਂ ਦੇ ਇਕ ਲਿਖਾਰੀ ਨੇ ਲਿਖਿਆ: “ਉਹ ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਉਂ ਦੱਸਦਾ ਹੈ। ਉਹ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ।” (ਜ਼ਬੂ. 147:19, 20; ਜ਼ਬੂਰਾਂ ਦੀ ਪੋਥੀ 34:7, 19; 48:14 ਪੜ੍ਹੋ।) ਯਹੋਵਾਹ ਨੇ ਜਿਵੇਂ ਉਸ ਜ਼ਮਾਨੇ ਵਿਚ ਆਪਣੀ ਕੌਮ ਦੀ ਦੇਖ-ਭਾਲ ਕੀਤੀ ਸੀ, ਉਵੇਂ ਉਹ ਉਨ੍ਹਾਂ ਦੀ ਦੇਖ-ਭਾਲ ਕਰੇਗਾ ਜੋ ਅੱਜ ਆਪਣੇ-ਆਪ ਨੂੰ ਉਸ ਦੀ ਸੇਵਾ ਵਿਚ ਸਮਰਪਿਤ ਕਰਦੇ ਹਨ।

ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕਰਨਾ ਕਿਉਂ ਜ਼ਰੂਰੀ ਹੈ

10, 11. ਕੀ ਅਸੀਂ ਪਰਮੇਸ਼ੁਰ ਦੇ ਪਰਿਵਾਰ ਵਿਚ ਪੈਦਾ ਹੋਏ ਹਾਂ? ਸਮਝਾਓ।

10 ਜਦੋਂ ਕੋਈ ਸਮਰਪਣ ਅਤੇ ਬਪਤਿਸਮਾ ਲੈਣ ਬਾਰੇ ਸੋਚ-ਵਿਚਾਰ ਕਰਦਾ ਹੈ, ਤਾਂ ਉਹ ਸ਼ਾਇਦ ਸੋਚੇ, ‘ਮੈਂ ਸਮਰਪਣ ਕੀਤੇ ਬਗੈਰ ਪਰਮੇਸ਼ੁਰ ਦੀ ਭਗਤੀ ਕਿਉਂ ਨਹੀਂ ਕਰ ਸਕਦਾ?’ ਜਦੋਂ ਅਸੀਂ ਪਰਮੇਸ਼ੁਰ ਅੱਗੇ ਆਪਣੇ ਰਿਸ਼ਤੇ ਬਾਰੇ ਸੋਚਦੇ ਹਾਂ, ਤਾਂ ਇਸ ਦਾ ਜਵਾਬ ਸਾਫ਼ ਹੈ। ਯਾਦ ਰੱਖੋ, ਆਦਮ ਦੇ ਪਾਪ ਕਰਕੇ ਅਸੀਂ ਸਾਰੇ ਪਰਮੇਸ਼ੁਰ ਦੇ ਪਰਿਵਾਰ ਤੋਂ ਬਾਹਰ ਪੈਦਾ ਹੋਏ ਹਾਂ। (ਰੋਮੀ. 3:23; 5:12) ਜੇ ਅਸੀਂ ਉਸ ਦੇ ਪਰਿਵਾਰ ਦੇ ਮੈਂਬਰ ਬਣਨਾ ਹੈ, ਤਾਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਬਹੁਤ ਜ਼ਰੂਰੀ ਹੈ। ਆਓ ਦੇਖੀਏ ਕਿਉਂ।

11 ਸਾਡਾ ਕਿਸੇ ਦਾ ਵੀ ਅਜਿਹਾ ਪਿਤਾ ਨਹੀਂ ਹੈ ਜੋ ਸਾਨੂੰ ਅਜਿਹੀ ਜ਼ਿੰਦਗੀ ਦੇ ਸਕੇ ਜਿਸ ਵਿਚ ਕੋਈ ਦੁੱਖ ਨਾ ਹੋਵੇ। (1 ਤਿਮੋ. 6:19) ਅਸੀਂ ਪਰਮੇਸ਼ੁਰ ਦੇ ਪੁੱਤਰਾਂ-ਧੀਆਂ ਵਜੋਂ ਪੈਦਾ ਨਹੀਂ ਹੋਏ ਕਿਉਂਕਿ ਪਹਿਲੇ ਇਨਸਾਨੀ ਜੋੜੇ ਦੇ ਪਾਪ ਕਰਕੇ ਮਨੁੱਖਜਾਤੀ ਦਾ ਰਿਸ਼ਤਾ ਆਪਣੇ ਪਿਆਰੇ ਪਿਤਾ ਅਤੇ ਸਿਰਜਣਹਾਰ ਤੋਂ ਟੁੱਟ ਚੁੱਕਾ ਹੈ। (ਬਿਵਸਥਾ ਸਾਰ 32:5 ਦੇਖੋ।) ਉਸ ਸਮੇਂ ਤੋਂ ਸਾਰੀ ਦੁਨੀਆਂ ਯਹੋਵਾਹ ਦੇ ਪਰਿਵਾਰ ਤੋਂ ਅੱਡ ਹੋ ਕੇ ਰਹਿੰਦੀ ਹੈ ਜਿਸ ਕਰਕੇ ਉਸ ਦਾ ਪਰਮੇਸ਼ੁਰ ਨਾਲ ਕੋਈ ਨਾਤਾ ਨਹੀਂ ਹੈ।

12. (ੳ) ਪਾਪੀ ਇਨਸਾਨ ਪਰਮੇਸ਼ੁਰ ਦੇ ਪਰਿਵਾਰ ਦੇ ਮੈਂਬਰ ਕਿਵੇਂ ਬਣ ਸਕਦੇ ਹਨ? (ਅ) ਬਪਤਿਸਮਾ ਲੈਣ ਤੋਂ ਪਹਿਲਾਂ ਸਾਨੂੰ ਕੀ ਕੁਝ ਕਰਨ ਦੀ ਲੋੜ ਹੈ?

12 ਫਿਰ ਵੀ ਅਸੀਂ ਪਰਮੇਸ਼ੁਰ ਨੂੰ ਬੇਨਤੀ ਕਰ ਸਕਦੇ ਹਾਂ ਕਿ ਉਹ ਸਾਨੂੰ ਆਪਣੇ ਭਗਤਾਂ ਦੇ ਪਰਿਵਾਰ ਦੇ ਮੈਂਬਰ ਵਜੋਂ ਕਬੂਲ ਕਰੇ। * ਸਾਡੇ ਵਰਗੇ ਪਾਪੀਆਂ ਲਈ ਇਹ ਕਿਵੇਂ ਸੰਭਵ ਹੋ ਸਕਦਾ ਹੈ? ਪੌਲੁਸ ਰਸੂਲ ਨੇ ਲਿਖਿਆ: “ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤ੍ਰ ਦੀ ਮੌਤ ਦੇ ਵਸੀਲੇ ਮਿਲਾਏ ਗਏ।” (ਰੋਮੀ. 5:10) ਬਪਤਿਸਮਾ ਲੈਂਦੇ ਸਮੇਂ ਅਸੀਂ ਪਰਮੇਸ਼ੁਰ ਨੂੰ ਸ਼ੁੱਧ ਅੰਤਹਕਰਣ ਲਈ ਬੇਨਤੀ ਕਰਦੇ ਹਾਂ ਤਾਂਕਿ ਉਹ ਸਾਨੂੰ ਕਬੂਲ ਕਰੇ। (1 ਪਤ. 3:21) ਪਰ ਬਪਤਿਸਮੇ ਤੋਂ ਪਹਿਲਾਂ ਸਾਨੂੰ ਕੁਝ ਕਰਨ ਦੀ ਲੋੜ ਹੈ। ਸਾਨੂੰ ਪਰਮੇਸ਼ੁਰ ਬਾਰੇ ਗਿਆਨ ਲੈਣ, ਉਸ ਉੱਤੇ ਭਰੋਸਾ ਰੱਖਣਾ ਸਿੱਖਣ, ਪਾਪਾਂ ਤੋਂ ਤੋਬਾ ਕਰਨ ਅਤੇ ਆਪਣੇ ਜੀਵਨ-ਢੰਗ ਨੂੰ ਬਦਲਣ ਦੀ ਲੋੜ ਹੈ। (ਯੂਹੰ. 17:3; ਰਸੂ. 3:19; ਇਬ. 11:6) ਪਰ ਪਰਮੇਸ਼ੁਰ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਉਹ ਕੀ ਹੈ?

13. ਪਰਮੇਸ਼ੁਰ ਦੇ ਪਰਿਵਾਰ ਦਾ ਮੈਂਬਰ ਬਣਨ ਵਾਸਤੇ ਕਿਸੇ ਇਨਸਾਨ ਲਈ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਦਾ ਵਾਅਦਾ ਕਰਨਾ ਕਿਉਂ ਠੀਕ ਹੋਵੇਗਾ?

13 ਜੇ ਪਰਮੇਸ਼ੁਰ ਤੋਂ ਦੂਰ ਹੋਇਆ ਕੋਈ ਇਨਸਾਨ ਉਸ ਦੇ ਪਰਿਵਾਰ ਦਾ ਮੈਂਬਰ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਪਹਿਲਾਂ ਯਹੋਵਾਹ ਨਾਲ ਇਕ ਵਾਅਦਾ ਕਰਨਾ ਪਵੇਗਾ। ਇਹ ਗੱਲ ਸਮਝਣ ਲਈ ਆਓ ਆਪਾਂ ਇਕ ਮਿਸਾਲ ’ਤੇ ਗੌਰ ਕਰੀਏ। ਮੰਨ ਲਓ ਕਿ ਇਕ ਪਿਤਾ ਕਿਸੇ ਅਨਾਥ ਮੁੰਡੇ ਨੂੰ ਗੋਦ ਲੈ ਕੇ ਆਪਣੇ ਪਰਿਵਾਰ ਦਾ ਮੈਂਬਰ ਬਣਾਉਣਾ ਚਾਹੁੰਦਾ ਹੈ। ਇਹ ਪਿਤਾ ਬਹੁਤ ਚੰਗਾ ਆਦਮੀ ਹੈ ਅਤੇ ਸਮਾਜ ਵਿਚ ਉਸ ਦੀ ਬਹੁਤ ਇੱਜ਼ਤ ਹੈ। ਉਸ ਮੁੰਡੇ ਨੂੰ ਆਪਣਾ ਪੁੱਤਰ ਬਣਾਉਣ ਤੋਂ ਪਹਿਲਾਂ ਉਹ ਆਦਮੀ ਮੁੰਡੇ ਨੂੰ ਇਕ ਵਾਅਦਾ ਕਰਨ ਲਈ ਕਹਿੰਦਾ ਹੈ। ਉਹ ਕਹਿੰਦਾ ਹੈ: “ਤੈਨੂੰ ਪੁੱਤਰ ਬਣਾਉਣ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੂੰ ਮੈਨੂੰ ਆਪਣਾ ਪਿਤਾ ਮੰਨ ਕੇ ਮੈਨੂੰ ਪਿਆਰ ਕਰੇਂਗਾ ਅਤੇ ਮੇਰੀ ਇੱਜ਼ਤ ਕਰੇਂਗਾ।” ਜੇ ਮੁੰਡਾ ਇਹ ਵਾਅਦਾ ਕਰਨ ਲਈ ਤਿਆਰ ਹੈ, ਤਾਂ ਇਹ ਆਦਮੀ ਇਸ ਨੂੰ ਆਪਣੇ ਪਰਿਵਾਰ ਵਿਚ ਲੈ ਆਵੇਗਾ। ਕੀ ਤੁਹਾਨੂੰ ਇਹ ਗੱਲ ਠੀਕ ਨਹੀਂ ਲੱਗਦੀ? ਇਸੇ ਤਰ੍ਹਾਂ, ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਜੋਂ ਸਵੀਕਾਰ ਕਰਦਾ ਹੈ ਜੋ ਉਸ ਦੀ ਸੇਵਾ ਕਰਨ ਦਾ ਵਾਅਦਾ ਕਰਦੇ ਹਨ। ਬਾਈਬਲ ਦੱਸਦੀ ਹੈ: “ਤੁਸੀਂ ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਅੱਗੇ ਜਿਉਂਦੀ ਬਲੀ ਬਣ ਕੇ ਭੇਂਟ ਕਰੋ। ਇਹ ਭੇਂਟ ਸਿਰਫ਼ ਪਰਮੇਸ਼ੁਰ ਲਈ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਹੀ ਪ੍ਰਸੰਨ ਕਰਨ ਲਈ ਹੋਣੀ ਚਾਹੀਦੀ ਹੈ।”—ਰੋਮੀ. 12:1, ERV.

ਪਿਆਰ ਅਤੇ ਨਿਹਚਾ ਦਾ ਸਬੂਤ

14. ਸਮਰਪਣ ਪਿਆਰ ਦਾ ਸਬੂਤ ਕਿਉਂ ਹੈ?

14 ਯਹੋਵਾਹ ਅੱਗੇ ਸਮਰਪਣ ਦਾ ਵਾਅਦਾ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਦਿਲੋਂ ਪਿਆਰ ਕਰਦੇ ਹਾਂ। ਇਹ ਵਾਅਦਾ ਇਕ ਤਰ੍ਹਾਂ ਨਾਲ ਵਿਆਹ ਦੇ ਵੇਲੇ ਖਾਧੀ ਜਾਂਦੀ ਕਸਮ ਵਾਂਗ ਹੈ। ਮਸੀਹੀ ਲਾੜਾ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਕਸਮ ਖਾਂਦਾ ਹੈ ਕਿ ਉਹ ਆਪਣੀ ਲਾੜੀ ਪ੍ਰਤਿ ਹਰ ਹਾਲ ਵਿਚ ਵਫ਼ਾਦਾਰ ਰਹੇਗਾ। ਇਹ ਕੋਈ ਛੋਟਾ-ਮੋਟਾ ਵਾਅਦਾ ਨਹੀਂ ਜੋ ਕਿਸੇ ਕੰਮ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਹੈ, ਪਰ ਇਹ ਜ਼ਿੰਦਗੀ ਭਰ ਕਿਸੇ ਦਾ ਸਾਥ ਨਿਭਾਉਣ ਦਾ ਪੱਕਾ ਵਾਅਦਾ ਹੈ। ਮਸੀਹੀ ਲਾੜੇ ਨੂੰ ਪਤਾ ਹੈ ਕਿ ਵਿਆਹ ਦੀ ਸੌਂਹ ਖਾਧੇ ਬਿਨਾਂ ਉਹ ਆਪਣੀ ਵਹੁਟੀ ਨਾਲ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਅਸੀਂ ਪਰਮੇਸ਼ੁਰ ਨੂੰ ਸਮਰਪਣ ਕੀਤੇ ਬਿਨਾਂ ਉਸ ਦੇ ਪਰਿਵਾਰ ਦੇ ਮੈਂਬਰ ਨਹੀਂ ਬਣ ਸਕਦੇ ਅਤੇ ਨਾ ਹੀ ਸਾਨੂੰ ਬਰਕਤਾਂ ਮਿਲਣਗੀਆਂ। ਪਾਪੀ ਹੋਣ ਦੇ ਬਾਵਜੂਦ ਅਸੀਂ ਪਰਮੇਸ਼ੁਰ ਨੂੰ ਸਮਰਪਣ ਕਰਦੇ ਹਾਂ ਕਿਉਂਕਿ ਅਸੀਂ ਉਸ ਦੇ ਹੋਣਾ ਚਾਹੁੰਦੇ ਹਾਂ ਅਤੇ ਹਰ ਹਾਲ ਵਿਚ ਉਸ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ।—ਮੱਤੀ 22:37.

15. ਸਮਰਪਣ ਨਿਹਚਾ ਦਾ ਸਬੂਤ ਕਿਵੇਂ ਹੈ?

15 ਪਰਮੇਸ਼ੁਰ ਨੂੰ ਜ਼ਿੰਦਗੀ ਸਮਰਪਿਤ ਕਰ ਕੇ ਅਸੀਂ ਨਿਹਚਾ ਦਾ ਸਬੂਤ ਦਿੰਦੇ ਹਾਂ। ਇਹ ਕਿਉਂ ਕਿਹਾ ਜਾ ਸਕਦਾ ਹੈ? ਕਿਉਂਕਿ ਯਹੋਵਾਹ ਵਿਚ ਨਿਹਚਾ ਸਾਡੇ ਯਕੀਨ ਨੂੰ ਪੱਕਾ ਕਰਦੀ ਹੈ ਕਿ ਉਸ ਦੇ ਨੇੜੇ ਹੋਣਾ ਵਾਕਈ ਬਹੁਤ ਚੰਗੀ ਗੱਲ ਹੈ। (ਜ਼ਬੂ. 73:28) ਸਾਨੂੰ ਪਤਾ ਹੈ ਕਿ ਇਸ “ਵਿੰਗੀ ਟੇਢੀ ਪੀੜ੍ਹੀ ਵਿੱਚ” ਰਹਿੰਦਿਆਂ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣਾ ਹਮੇਸ਼ਾ ਸੌਖਾ ਨਹੀਂ ਹੋਵੇਗਾ, ਪਰ ਸਾਨੂੰ ਯਕੀਨ ਹੈ ਕਿ ਪਰਮੇਸ਼ੁਰ ਆਪਣੇ ਵਾਅਦੇ ਮੁਤਾਬਕ ਸਾਡਾ ਸਾਥ ਦੇਵੇਗਾ। (ਫ਼ਿਲਿ. 2:15; 4:13) ਅਸੀਂ ਇਹ ਵੀ ਜਾਣਦੇ ਹਾਂ ਕਿ ਅਸੀਂ ਭੁੱਲਣਹਾਰ ਹਾਂ, ਪਰ ਸਾਨੂੰ ਯਕੀਨ ਹੈ ਕਿ ਯਹੋਵਾਹ ਸਾਡੇ ’ਤੇ ਦਇਆ ਕਰੇਗਾ, ਉਦੋਂ ਵੀ ਜਦ ਸਾਡੇ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ। (ਜ਼ਬੂਰਾਂ ਦੀ ਪੋਥੀ 103:13, 14; ਰੋਮੀਆਂ 7:21-25 ਪੜ੍ਹੋ।) ਸਾਨੂੰ ਪੂਰੀ ਨਿਹਚਾ ਹੈ ਕਿ ਜੇ ਅਸੀਂ ਵਫ਼ਾਦਾਰ ਰਹਾਂਗੇ, ਤਾਂ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ।—ਅੱਯੂ. 27:5.

ਪਰਮੇਸ਼ੁਰ ਨੂੰ ਸਮਰਪਿਤ ਹੋ ਕੇ ਖ਼ੁਸ਼ੀ ਮਿਲਦੀ ਹੈ

16, 17. ਪਰਮੇਸ਼ੁਰ ਨੂੰ ਸਮਰਪਿਤ ਹੋ ਕੇ ਸਾਨੂੰ ਕਿਉਂ ਖ਼ੁਸ਼ੀ ਮਿਲਦੀ ਹੈ?

16 ਪਰਮੇਸ਼ੁਰ ਨੂੰ ਸਮਰਪਿਤ ਹੋਣ ਨਾਲ ਖ਼ੁਸ਼ੀ ਮਿਲਦੀ ਹੈ ਕਿਉਂਕਿ ਅਸੀਂ ਆਪਣਾ ਤਨ-ਮਨ ਉਸ ਦੀ ਸੇਵਾ ਵਿਚ ਲਾ ਦਿੰਦੇ ਹਾਂ। ਯਿਸੂ ਨੇ ਸੱਚ ਹੀ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂ. 20:35) ਯਿਸੂ ਨੂੰ ਇਹ ਖ਼ੁਸ਼ੀ ਮਿਲੀ ਸੀ ਕਿਉਂਕਿ ਉਸ ਨੇ ਆਪਣਾ ਤਨ-ਮਨ ਧਰਤੀ ਉੱਤੇ ਸੇਵਕਾਈ ਕਰਨ ਵਿਚ ਲਾ ਦਿੱਤਾ ਸੀ। ਲੋੜ ਪੈਣ ਤੇ ਉਹ ਬਿਨਾਂ ਆਰਾਮ ਕੀਤਿਆਂ ਅਤੇ ਖਾਧਿਆਂ-ਪੀਤਿਆਂ ਦੂਸਰਿਆਂ ਦੀ ਮਦਦ ਕਰਦਾ ਸੀ ਤਾਂਕਿ ਉਹ ਜ਼ਿੰਦਗੀ ਦੇ ਸਹੀ ਰਾਹ ’ਤੇ ਚੱਲ ਸਕਣ। (ਯੂਹੰ. 4:34) ਯਿਸੂ ਨੂੰ ਆਪਣੇ ਪਿਤਾ ਦਾ ਜੀ ਖ਼ੁਸ਼ ਕਰ ਕੇ ਬਹੁਤ ਆਨੰਦ ਮਿਲਿਆ। ਉਸ ਨੇ ਕਿਹਾ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।”—ਯੂਹੰ. 8:29; ਕਹਾ. 27:11.

17 ਇਸੇ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਸ਼ੀ ਪਾਉਣ ਦਾ ਰਾਜ਼ ਦੱਸਿਆ। ਉਸ ਨੇ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ।” (ਮੱਤੀ 16:24) ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੇ ਨੇੜੇ ਹੁੰਦੇ ਹਾਂ। ਪਰ ਜੇ ਅਸੀਂ ਕਿਸੇ ਹੋਰ ਦੇ ਹੱਥ ਆਪਣੇ-ਆਪ ਨੂੰ ਸੌਂਪ ਦੇਈਏ, ਤਾਂ ਕੀ ਉਹ ਯਹੋਵਾਹ ਨਾਲੋਂ ਵੀ ਜ਼ਿਆਦਾ ਸਾਡੀ ਦੇਖ-ਭਾਲ ਕਰੇਗਾ?

18. ਜੋ ਖ਼ੁਸ਼ੀ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਅਨੁਸਾਰ ਜੀ ਕੇ ਮਿਲਦੀ ਹੈ, ਉਹ ਕਿਸੇ ਚੀਜ਼ ਜਾਂ ਇਨਸਾਨ ਨੂੰ ਸਮਰਪਿਤ ਹੋ ਕੇ ਕਿਉਂ ਨਹੀਂ ਮਿਲਦੀ?

18 ਜੋ ਖ਼ੁਸ਼ੀ ਯਹੋਵਾਹ ਨੂੰ ਸਮਰਪਿਤ ਹੋ ਕੇ ਅਤੇ ਉਸ ਸਮਰਪਣ ਅਨੁਸਾਰ ਜੀ ਕੇ ਮਿਲਦੀ ਹੈ, ਉਹ ਖ਼ੁਸ਼ੀ ਕਿਸੇ ਚੀਜ਼ ਜਾਂ ਕਿਸੇ ਇਨਸਾਨ ਨੂੰ ਸਮਰਪਿਤ ਹੋ ਕੇ ਨਹੀਂ ਮਿਲਦੀ। ਮਿਸਾਲ ਲਈ, ਕਈ ਲੋਕ ਧਨ-ਦੌਲਤ ਕਮਾਉਣ ਵਿਚ ਆਪਣੀ ਸਾਰੀ ਜ਼ਿੰਦਗੀ ਲਾ ਦਿੰਦੇ ਹਨ, ਪਰ ਉਨ੍ਹਾਂ ਨੂੰ ਸੱਚੀ ਖ਼ੁਸ਼ੀ ਤੇ ਸੰਤੁਸ਼ਟੀ ਨਹੀਂ ਮਿਲਦੀ। ਸੱਚੀ ਖ਼ੁਸ਼ੀ ਉਨ੍ਹਾਂ ਨੂੰ ਮਿਲਦੀ ਹੈ ਜੋ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਸੌਂਪ ਦਿੰਦੇ ਹਨ। (ਮੱਤੀ 6:24) ਉਹ ਖ਼ੁਸ਼ ਹਨ ਕਿ ਉਨ੍ਹਾਂ ਨੂੰ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹੋਣ ਦਾ ਸਨਮਾਨ ਮਿਲਿਆ ਹੈ। (1 ਕੁਰਿੰ. 3:9) ਪਰ ਫਿਰ ਵੀ ਉਹ ਇਸ ਕੰਮ ਨੂੰ ਨਹੀਂ, ਸਗੋਂ ਪਰਮੇਸ਼ੁਰ ਨੂੰ ਸਮਰਪਿਤ ਹਨ ਜੋ ਆਪਣੇ ਭਗਤਾਂ ਦੀ ਕਦਰ ਕਰਦਾ ਹੈ। ਜਿੰਨੀ ਕਦਰ ਉਹ ਸਾਡੀਆਂ ਕੁਰਬਾਨੀਆਂ ਦੀ ਕਰਦਾ ਹੈ, ਉੱਨੀ ਕਦਰ ਕੋਈ ਹੋਰ ਨਹੀਂ ਕਰਦਾ। ਇੰਨਾ ਹੀ ਨਹੀਂ, ਉਹ ਭਵਿੱਖ ਵਿਚ ਆਪਣੇ ਵਫ਼ਾਦਾਰ ਭਗਤਾਂ ਨੂੰ ਮੁੜ ਜਵਾਨ ਵੀ ਕਰੇਗਾ ਤਾਂਕਿ ਉਹ ਹਮੇਸ਼ਾ ਲਈ ਪਰਮੇਸ਼ੁਰ ਦੀ ਛਤਰ-ਛਾਇਆ ਹੇਠ ਰਹਿਣ।—ਅੱਯੂ. 33:25; ਇਬਰਾਨੀਆਂ 6:10 ਪੜ੍ਹੋ।

19. ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲਿਆਂ ਨੂੰ ਕਿਹੜਾ ਸਨਮਾਨ ਮਿਲਿਆ ਹੈ?

19 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਤੁਸੀਂ ਉਸ ਨਾਲ ਗੂੜ੍ਹਾ ਰਿਸ਼ਤਾ ਬਣਾ ਸਕਦੇ ਹੋ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂ. 4:8; ਜ਼ਬੂ. 25:14) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਉਂ ਪੂਰੇ ਭਰੋਸੇ ਨਾਲ ਯਹੋਵਾਹ ਦੇ ਹੋਣ ਦਾ ਫ਼ੈਸਲਾ ਕਰ ਸਕਦੇ ਹਾਂ।

[ਫੁਟਨੋਟ]

^ ਪੈਰਾ 12 ਯਿਸੂ ਦੀਆਂ ‘ਹੋਰ ਭੇਡਾਂ’ ਤਦ ਤਕ ਪਰਮੇਸ਼ੁਰ ਦੇ ਧੀਆਂ-ਪੁੱਤਰ ਨਹੀਂ ਬਣਨਗੇ ਜਦ ਤਕ ਯਿਸੂ ਦਾ ਹਜ਼ਾਰ ਸਾਲ ਦਾ ਰਾਜ ਖ਼ਤਮ ਨਹੀਂ ਹੁੰਦਾ। ਪਰ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਸੇਵਾ ਵਿਚ ਸੌਂਪੀ ਹੈ, ਇਸ ਲਈ ਉਹ ਪਰਮੇਸ਼ੁਰ ਨੂੰ “ਪਿਤਾ” ਕਹਿ ਸਕਦੇ ਹਨ। ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਗਤਾਂ ਦੇ ਪਰਿਵਾਰ ਦੇ ਮੈਂਬਰ ਸਮਝਿਆ ਜਾ ਸਕਦਾ ਹੈ।—ਯੂਹੰ. 10:16; ਯਸਾ. 64:8; ਮੱਤੀ 6:9; ਪਰ. 20:5.

ਤੁਸੀਂ ਕਿਵੇਂ ਜਵਾਬ ਦਿਓਗੇ?

• ਪਰਮੇਸ਼ੁਰ ਨੂੰ ਸਮਰਪਣ ਕਰਨ ਦਾ ਕੀ ਮਤਲਬ ਹੈ?

• ਪਰਮੇਸ਼ੁਰ ਨੂੰ ਸਮਰਪਿਤ ਹੋਣ ਨਾਲ ਸਾਨੂੰ ਕੀ ਲਾਭ ਹੁੰਦੇ ਹਨ?

• ਮਸੀਹੀਆਂ ਲਈ ਯਹੋਵਾਹ ਨੂੰ ਸਮਰਪਿਤ ਹੋਣਾ ਕਿਉਂ ਜ਼ਰੂਰੀ ਹੈ?

[ਸਵਾਲ]

[ਸਫ਼ਾ 6 ਉੱਤੇ ਤਸਵੀਰ]

ਆਪਣੇ ਸਮਰਪਣ ਅਨੁਸਾਰ ਜੀ ਕੇ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ