Skip to content

Skip to table of contents

ਯਹੋਵਾਹ ਦੀ ਕਿਰਪਾ ਨਾਲ ਉਸ ਦੇ ਹੋਵੋ

ਯਹੋਵਾਹ ਦੀ ਕਿਰਪਾ ਨਾਲ ਉਸ ਦੇ ਹੋਵੋ

ਯਹੋਵਾਹ ਦੀ ਕਿਰਪਾ ਨਾਲ ਉਸ ਦੇ ਹੋਵੋ

‘ਅਸੀਂ ਯਹੋਵਾਹ ਦੇ ਹਾਂ।’—ਰੋਮੀ. 14:8.

1, 2. (ੳ) ਸਾਡੇ ਕੋਲ ਕਿਹੜਾ ਸਨਮਾਨ ਹੈ? (ਅ) ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

ਇਸਰਾਏਲੀਆਂ ਨੂੰ ਕਿੰਨਾ ਵੱਡਾ ਸਨਮਾਨ ਮਿਲਿਆ ਸੀ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ।” (ਕੂਚ 19:5) ਅੱਜ ਮਸੀਹੀ ਕਲੀਸਿਯਾ ਦੇ ਮੈਂਬਰਾਂ ਨੂੰ ਵੀ ਯਹੋਵਾਹ ਦੇ ਹੋਣ ਦਾ ਸਨਮਾਨ ਮਿਲਿਆ ਹੈ। (1 ਪਤ. 2:9; ਪਰ. 7:9, 14, 15) ਇਹ ਸਨਮਾਨ ਸਾਡੇ ਵਾਸਤੇ ਹਮੇਸ਼ਾ ਲਈ ਫ਼ਾਇਦੇਮੰਦ ਹੋ ਸਕਦਾ ਹੈ।

2 ਯਹੋਵਾਹ ਦੇ ਹੋਣਾ ਸਿਰਫ਼ ਸਨਮਾਨ ਹੀ ਨਹੀਂ, ਸਗੋਂ ਇਕ ਜ਼ਿੰਮੇਵਾਰੀ ਵੀ ਹੈ। ਇਸ ਲਈ ਕੁਝ ਸ਼ਾਇਦ ਸੋਚਣ: ‘ਕੀ ਮੈਂ ਉਹ ਕੁਝ ਕਰ ਪਾਵਾਂਗਾ ਜੋ ਯਹੋਵਾਹ ਮੇਰੇ ਤੋਂ ਚਾਹੁੰਦਾ ਹੈ? ਜੇ ਕਦੇ ਮੇਰੇ ਤੋਂ ਪਾਪ ਹੋ ਗਿਆ, ਤਾਂ ਕੀ ਉਹ ਮੈਨੂੰ ਛੱਡ ਦੇਵੇਗਾ? ਕੀ ਯਹੋਵਾਹ ਦਾ ਹੋ ਕੇ ਮੈਂ ਆਪਣੀ ਆਜ਼ਾਦੀ ਗੁਆ ਲਵਾਂਗਾ?’ ਇੱਦਾਂ ਸੋਚਣਾ ਚੰਗੀ ਗੱਲ ਹੈ। ਪਰ ਸਾਨੂੰ ਇਸ ਸਵਾਲ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ: ਯਹੋਵਾਹ ਦੇ ਹੋ ਕੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

ਯਹੋਵਾਹ ਦੇ ਹੋ ਕੇ ਖ਼ੁਸ਼ੀ ਮਿਲਦੀ ਹੈ

3. ਯਹੋਵਾਹ ਦੀ ਸੇਵਾ ਕਰਨ ਦੇ ਫ਼ੈਸਲੇ ਦਾ ਰਾਹਾਬ ਨੂੰ ਕੀ ਫ਼ਾਇਦਾ ਹੋਇਆ?

3 ਕੀ ਯਹੋਵਾਹ ਦੇ ਹੋ ਕੇ ਲੋਕਾਂ ਨੂੰ ਕੋਈ ਫ਼ਾਇਦਾ ਹੁੰਦਾ ਹੈ? ਰਾਹਾਬ ਨਾਂ ਦੀ ਇਕ ਵੇਸਵਾ ਦੀ ਹੀ ਮਿਸਾਲ ਲੈ ਲਓ ਜੋ ਯਰੀਹੋ ਸ਼ਹਿਰ ਵਿਚ ਰਹਿੰਦੀ ਸੀ। ਸ਼ੁਰੂ ਤੋਂ ਹੀ ਉਹ ਕਨਾਨ ਦੇ ਦੇਵਤਿਆਂ ਦੀ ਘਟੀਆ ਪੂਜਾ ਕਰਦੀ ਸੀ। ਪਰ ਜਦੋਂ ਉਸ ਨੇ ਸੁਣਿਆ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਕਿੰਨੀਆਂ ਜਿੱਤਾਂ ਦਿਵਾਈਆਂ, ਤਾਂ ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਇਸ ਲਈ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਪਰਮੇਸ਼ੁਰ ਦੇ ਲੋਕਾਂ ਦੀ ਜ਼ਿੰਦਗੀ ਬਚਾਈ ਅਤੇ ਆਪਣਾ ਭਵਿੱਖ ਉਨ੍ਹਾਂ ਦੇ ਹੱਥਾਂ ਵਿਚ ਸੌਂਪ ਦਿੱਤਾ। ਬਾਈਬਲ ਕਹਿੰਦੀ ਹੈ: “ਕੀ ਰਹਾਬ ਵੇਸਵਾ ਭੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਹਲਕਾਰਿਆਂ ਨੂੰ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾ?” (ਯਾਕੂ. 2:25) ਜ਼ਰਾ ਸੋਚੋ ਕਿ ਉਸ ਨੂੰ ਕਿੰਨਾ ਫ਼ਾਇਦਾ ਹੋਇਆ ਜਦੋਂ ਉਹ ਪਰਮੇਸ਼ੁਰ ਦੇ ਸ਼ੁੱਧ ਲੋਕਾਂ ਦਾ ਹਿੱਸਾ ਬਣ ਗਈ! ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਪਿਆਰ ਅਤੇ ਇਨਸਾਫ਼ ਕਰਨ ਬਾਰੇ ਸਿਖਾਇਆ ਗਿਆ ਸੀ। ਉਹ ਕਿੰਨੀ ਖ਼ੁਸ਼ ਹੋਣੀ ਕਿ ਉਸ ਨੇ ਆਪਣੇ ਜੀਉਣ ਦੇ ਪੁਰਾਣੇ ਤੌਰ-ਤਰੀਕੇ ਛੱਡ ਦਿੱਤੇ ਸਨ! ਉਸ ਨੇ ਇਕ ਇਸਰਾਏਲੀ ਬੰਦੇ ਨਾਲ ਵਿਆਹ ਕਰਾ ਲਿਆ ਅਤੇ ਆਪਣੇ ਪੁੱਤਰ ਬੋਅਜ਼ ਦੀ ਪਰਵਰਿਸ਼ ਕੀਤੀ ਜੋ ਪਰਮੇਸ਼ੁਰ ਦਾ ਭੈ ਮੰਨਣ ਵਾਲਾ ਬੰਦਾ ਸੀ।—ਯਹੋ. 6:25; ਰੂਥ 2:4-12; ਮੱਤੀ 1:5, 6.

4. ਯਹੋਵਾਹ ਦੀ ਸੇਵਾ ਕਰਨ ਦੇ ਫ਼ੈਸਲੇ ਦਾ ਰੂਥ ਨੂੰ ਕੀ ਫ਼ਾਇਦਾ ਹੋਇਆ?

4 ਮੋਆਬ ਦੀ ਰੂਥ ਨੇ ਵੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਬਚਪਨ ਤੋਂ ਹੀ ਉਹ ਸ਼ਾਇਦ ਕਮੋਸ਼ ਨਾਂ ਦੇ ਦੇਵਤੇ ਅਤੇ ਮੋਆਬ ਦੇ ਹੋਰਨਾਂ ਦੇਵਤਿਆਂ ਦੀ ਪੂਜਾ ਕਰਦੀ ਸੀ। ਪਰ ਫਿਰ ਉਸ ਨੇ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਜਾਣਿਆ ਅਤੇ ਬਾਅਦ ਵਿਚ ਇਕ ਇਸਰਾਏਲੀ ਬੰਦੇ ਨਾਲ ਵਿਆਹ ਕਰਾ ਲਿਆ ਜਿਸ ਨੇ ਮੋਆਬ ਵਿਚ ਪਨਾਹ ਲਈ ਸੀ। (ਰੂਥ 1:1-6 ਪੜ੍ਹੋ।) ਬਾਅਦ ਵਿਚ ਜਦੋਂ ਰੂਥ ਅਤੇ ਉਸ ਦੀ ਜਠਾਣੀ ਆਰਪਾਹ ਆਪਣੀ ਸੱਸ ਨਾਓਮੀ ਨਾਲ ਬੈਤਲਹਮ ਲਈ ਤੁਰ ਪਈਆਂ ਸਨ, ਤਾਂ ਨਾਓਮੀ ਨੇ ਦੋਹਾਂ ਜਣੀਆਂ ਨੂੰ ਘਰ ਮੁੜ ਜਾਣ ਲਈ ਕਿਹਾ। ਉਨ੍ਹਾਂ ਲਈ ਇਸਰਾਏਲ ਵਿਚ ਰਹਿਣਾ ਔਖਾ ਹੋਣਾ ਸੀ। ਆਰਪਾਹ ਤਾਂ “ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ,” ਪਰ ਰੂਥ ਨਹੀਂ ਮੁੜੀ। ਉਸ ਨੇ ਆਪਣੀ ਨਿਹਚਾ ਅਨੁਸਾਰ ਕੀਤਾ ਕਿਉਂਕਿ ਉਹ ਜਾਣਦੀ ਸੀ ਕਿ ਉਹ ਕਿਸ ਦੀ ਭਗਤੀ ਕਰਨੀ ਚਾਹੁੰਦੀ ਸੀ। ਉਸ ਨੇ ਨਾਓਮੀ ਨੂੰ ਕਿਹਾ: “ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਅਤੇ ਮਗਰੋਂ ਮੁੜਾਂ ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।” (ਰੂਥ 1:15, 16) ਰੂਥ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਇਸ ਕਾਰਨ ਉਸ ਨੂੰ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਕੀਤੇ ਇੰਤਜ਼ਾਮ ਤੋਂ ਫ਼ਾਇਦਾ ਹੋਇਆ। ਬਿਵਸਥਾ ਵਿਚ ਵਿਧਵਾਵਾਂ, ਗ਼ਰੀਬਾਂ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਕਿਹਾ ਗਿਆ ਸੀ ਜਿਨ੍ਹਾਂ ਦੀ ਕੋਈ ਜ਼ਮੀਨ ਨਹੀਂ ਸੀ ਹੁੰਦੀ। ਯਹੋਵਾਹ ਦੀ ਛਤਰ-ਛਾਇਆ ਹੇਠ ਰਹਿ ਕੇ ਉਸ ਨੂੰ ਖ਼ੁਸ਼ੀ ਮਿਲੀ ਤੇ ਉਹ ਸੁਰੱਖਿਅਤ ਰਹੀ।

5. ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਕੀ ਦੇਖਿਆ ਹੈ ਜੋ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ?

5 ਸ਼ਾਇਦ ਤੁਸੀਂ ਕੁਝ ਭੈਣਾਂ-ਭਰਾਵਾਂ ਨੂੰ ਜਾਣਦੇ ਹੋਵੋਗੇ ਜੋ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰਨ ਤੋਂ ਦਹਾਕਿਆਂ ਬਾਅਦ ਵੀ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਪੁੱਛੋ ਕਿ ਯਹੋਵਾਹ ਦੀ ਸੇਵਾ ਕਰਨ ਨਾਲ ਉਨ੍ਹਾਂ ਨੂੰ ਕਿਹੜੇ ਫ਼ਾਇਦੇ ਹੋਏ ਹਨ। ਸਮੱਸਿਆਵਾਂ ਤਾਂ ਸਾਰਿਆਂ ਨੂੰ ਆਉਂਦੀਆਂ ਹਨ, ਪਰ ਉਨ੍ਹਾਂ ਬਾਰੇ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਕਿੰਨੇ ਸੱਚ ਸਾਬਤ ਹੋਏ ਹਨ: “ਧੰਨ [ਖ਼ੁਸ਼] ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”—ਜ਼ਬੂ. 144:15.

ਯਹੋਵਾਹ ਸਾਡੇ ਤੋਂ ਹੱਦੋਂ ਵਧ ਉਮੀਦਾਂ ਨਹੀਂ ਰੱਖਦਾ

6. ਸਾਨੂੰ ਇਹ ਡਰ ਕਿਉਂ ਨਹੀਂ ਹੋਣਾ ਚਾਹੀਦਾ ਕਿ ਅਸੀਂ ਉਹ ਕੁਝ ਨਹੀਂ ਕਰ ਪਾਵਾਂਗੇ ਜੋ ਕੁਝ ਯਹੋਵਾਹ ਸਾਡੇ ਤੋਂ ਚਾਹੁੰਦਾ ਹੈ?

6 ਤੁਸੀਂ ਸ਼ਾਇਦ ਸੋਚਿਆ ਹੋਵੇਗਾ ਕਿ ਪਤਾ ਨਹੀਂ ਮੈਂ ਉਹ ਕੁਝ ਕਰ ਪਾਵਾਂਗਾ ਜੋ ਕੁਝ ਯਹੋਵਾਹ ਮੇਰੇ ਤੋਂ ਚਾਹੁੰਦਾ ਹੈ। ਇੱਦਾਂ ਦਾ ਡਰ ਕਈਆਂ ਨੂੰ ਰਹਿੰਦਾ ਹੈ ਕਿ ਉਹ ਪਰਮੇਸ਼ੁਰ ਦੇ ਭਗਤ ਬਣ ਕੇ ਆਉਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਪਾਉਣਗੇ ਜਾਂ ਨਹੀਂ, ਉਸ ਦੇ ਮਿਆਰਾਂ ’ਤੇ ਚੱਲ ਸਕਣਗੇ ਜਾਂ ਨਹੀਂ ਅਤੇ ਉਸ ਦੇ ਨਾਂ ’ਤੇ ਗਵਾਹੀ ਦੇ ਪਾਉਣਗੇ ਜਾਂ ਨਹੀਂ। ਮਿਸਾਲ ਲਈ, ਮੂਸਾ ਨੂੰ ਵੀ ਇੱਦਾਂ ਹੀ ਲੱਗਾ ਸੀ ਜਦੋਂ ਯਹੋਵਾਹ ਨੇ ਉਸ ਨੂੰ ਇਸਰਾਏਲੀਆਂ ਅਤੇ ਮਿਸਰ ਦੇ ਰਾਜੇ ਨਾਲ ਗੱਲ ਕਰਨ ਲਈ ਭੇਜਿਆ ਸੀ। ਪਰ ਯਹੋਵਾਹ ਨੇ ਮੂਸਾ ਨੂੰ ਉਹੀ ਕੁਝ ਕਰਨ ਲਈ ਕਿਹਾ ਸੀ ਜੋ ਕੁਝ ਮੂਸਾ ਕਰ ਸਕਦਾ ਸੀ। ਉਸ ਨੇ ਮੂਸਾ ਨੂੰ ਸਿਖਾਇਆ ਸੀ ਕਿ ਉਸ ਨੇ ਕੀ ਕੁਝ ਕਰਨਾ ਸੀ। (ਕੂਚ 3:11; 4:1, 10, 13-15 ਪੜ੍ਹੋ।) ਮੂਸਾ ਨੇ ਪਰਮੇਸ਼ੁਰ ਦੀ ਮਦਦ ਲਈ ਜਿਸ ਕਰਕੇ ਉਸ ਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਖ਼ੁਸ਼ੀ ਮਿਲੀ। ਯਹੋਵਾਹ ਸਾਡੇ ਤੋਂ ਵੀ ਜ਼ਿਆਦਾ ਕਰਨ ਦੀ ਉਮੀਦ ਨਹੀਂ ਰੱਖਦਾ। ਉਹ ਸਾਡੇ ਪਾਪੀ ਸੁਭਾਅ ਨੂੰ ਜਾਣਦਾ ਹੈ ਅਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ। (ਜ਼ਬੂ. 103:14) ਯਿਸੂ ਦੇ ਚੇਲਿਆਂ ਵਜੋਂ ਯਹੋਵਾਹ ਦੀ ਸੇਵਾ ਕਰਨ ਨਾਲ ਅਸੀਂ ਲੋਕਾਂ ਨੂੰ ਫ਼ਾਇਦਾ ਪਹੁੰਚਾਉਂਦੇ ਹਾਂ ਤੇ ਯਹੋਵਾਹ ਵੀ ਖ਼ੁਸ਼ ਹੁੰਦਾ ਹੈ। ਸੋ ਉਸ ਦੀ ਸੇਵਾ ਬੋਝ ਬਣਨ ਦੀ ਬਜਾਇ ਸਾਨੂੰ ਤਰੋਤਾਜ਼ਾ ਕਰਦੀ ਹੈ। ਯਿਸੂ ਨੇ ਕਿਹਾ ਸੀ: “ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ।”—ਮੱਤੀ 11:28, 29.

7. ਤੁਸੀਂ ਕਿਉਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਜੋ ਵੀ ਕੰਮ ਕਰਨ ਨੂੰ ਕਹਿੰਦਾ ਹੈ, ਉਹ ਕੰਮ ਪੂਰਾ ਕਰਨ ਵਿਚ ਉਹ ਤੁਹਾਡੀ ਮਦਦ ਕਰੇਗਾ?

7 ਜਦ ਤਾਈਂ ਅਸੀਂ ਤਾਕਤ ਲਈ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ, ਤਦ ਤਾਈਂ ਉਹ ਸਾਨੂੰ ਲੋੜੀਂਦਾ ਹੌਸਲਾ ਦਿੰਦਾ ਰਹੇਗਾ। ਮਿਸਾਲ ਲਈ, ਯਿਰਮਿਯਾਹ ਸ਼ਾਇਦ ਗੱਲ ਕਰਨ ਤੋਂ ਸੰਗਦਾ ਸੀ। ਇਸ ਲਈ ਜਦੋਂ ਯਹੋਵਾਹ ਨੇ ਉਸ ਨੂੰ ਨਬੀ ਚੁਣਿਆ, ਤਾਂ ਯਿਰਮਿਯਾਹ ਨੇ ਕਿਹਾ: “ਹਾਇ ਪ੍ਰਭੁ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।” ਬਾਅਦ ਵਿਚ ਉਸ ਨੇ ਇਹ ਵੀ ਕਿਹਾ: ‘ਮੈਂ ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ।’ (ਯਿਰ. 1:6; 20:9) ਫਿਰ ਵੀ, ਯਹੋਵਾਹ ਤੋਂ ਹੌਸਲਾ ਮਿਲਣ ਤੇ ਯਿਰਮਿਯਾਹ ਨੇ 40 ਸਾਲ ਉਸ ਸੰਦੇਸ਼ ਦਾ ਪ੍ਰਚਾਰ ਕੀਤਾ ਜੋ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਸੀ। ਯਹੋਵਾਹ ਨੇ ਵਾਰ-ਵਾਰ ਇਹ ਕਹਿ ਕੇ ਉਸ ਨੂੰ ਯਕੀਨ ਦਿਵਾਇਆ: “ਮੈਂ ਤੇਰੇ ਨਾਲ ਜੋ ਹਾਂ, ਭਈ ਤੈਨੂੰ ਬਚਾਵਾਂ ਅਤੇ ਤੈਨੂੰ ਛੁਡਾਵਾਂ।”—ਯਿਰ. 1:8, 19; 15:20.

8. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ?

8 ਜਿਵੇਂ ਯਹੋਵਾਹ ਨੇ ਮੂਸਾ ਅਤੇ ਯਿਰਮਿਯਾਹ ਨੂੰ ਹੌਸਲਾ ਦਿੱਤਾ ਸੀ, ਉਵੇਂ ਉਹ ਸਾਡੀ ਵੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਉਸ ਦਾ ਕੰਮ ਕਰ ਸਕੀਏ। ਪਰ ਉਹ ਤਾਂ ਹੀ ਸਾਡੀ ਮਦਦ ਕਰੇਗਾ ਜੇ ਅਸੀਂ ਉਸ ਉੱਤੇ ਭਰੋਸਾ ਰੱਖਾਂਗੇ। ਬਾਈਬਲ ਕਹਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾ. 3:5, 6) ਅਸੀਂ ਉਸ ਉੱਤੇ ਭਰੋਸਾ ਰੱਖਦੇ ਹਾਂ ਜਦੋਂ ਅਸੀਂ ਉਸ ਦੇ ਬਚਨ ਅਤੇ ਕਲੀਸਿਯਾ ਦੇ ਰਾਹੀਂ ਮਿਲਦੀ ਮਦਦ ਸਵੀਕਾਰਦੇ ਹਾਂ। ਜੇ ਅਸੀਂ ਯਹੋਵਾਹ ਦੀ ਸੇਧ ਅਨੁਸਾਰ ਜ਼ਿੰਦਗੀ ਜੀਉਂਦੇ ਹਾਂ, ਤਾਂ ਕੋਈ ਵੀ ਚੀਜ਼ ਸਾਨੂੰ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕੇਗੀ।

ਯਹੋਵਾਹ ਆਪਣੇ ਇਕੱਲੇ-ਇਕੱਲੇ ਭਗਤ ਦੀ ਪਰਵਾਹ ਕਰਦਾ ਹੈ

9, 10. ਜ਼ਬੂਰ 91ਵੇਂ ਵਿਚ ਕਿਸ ਤਰ੍ਹਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ ਗਿਆ ਹੈ?

9 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਬਾਰੇ ਸੋਚ-ਵਿਚਾਰ ਕਰਦਿਆਂ ਕੁਝ ਲੋਕ ਸ਼ਾਇਦ ਸੋਚਣ ਕਿ ਜੇ ਉਨ੍ਹਾਂ ਤੋਂ ਕੋਈ ਪਾਪ ਹੋ ਗਿਆ, ਤਾਂ ਉਹ ਕਿਸੇ ਕੰਮ ਦੇ ਨਹੀਂ ਰਹਿਣਗੇ ਤੇ ਯਹੋਵਾਹ ਉਨ੍ਹਾਂ ਨੂੰ ਠੁਕਰਾ ਦੇਵੇਗਾ। ਪਰ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਸਾਨੂੰ ਉਹ ਸਾਰਾ ਕੁਝ ਦਿੰਦਾ ਹੈ ਜੋ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਸਾਨੂੰ ਚਾਹੀਦਾ ਹੈ। ਆਓ ਆਪਾਂ ਦੇਖੀਏ ਕਿ ਇਸ ਬਾਰੇ 91ਵੇਂ ਜ਼ਬੂਰ ਵਿਚ ਕੀ ਦੱਸਿਆ ਹੈ।

10 ਇਹ ਜ਼ਬੂਰ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ: ‘ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ। ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ। ਉਹ ਤਾਂ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ ਛੁਟਕਾਰਾ ਦੇਵੇਗਾ।’ (ਜ਼ਬੂ. 91:1-3) ਧਿਆਨ ਦਿਓ ਕਿ ਯਹੋਵਾਹ ਉਨ੍ਹਾਂ ਦੀ ਰਾਖੀ ਕਰਨ ਦਾ ਵਾਅਦਾ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਅਤੇ ਉਸ ’ਤੇ ਭਰੋਸਾ ਰੱਖਦੇ ਹਨ। (ਜ਼ਬੂਰਾਂ ਦੀ ਪੋਥੀ 91:9, 14 ਪੜ੍ਹੋ।) ਜ਼ਬੂਰ ਕਿਸ ਤਰ੍ਹਾਂ ਦੀ ਰਾਖੀ ਦੀ ਗੱਲ ਕਰ ਰਿਹਾ ਸੀ? ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਕੁਝ ਸੇਵਕਾਂ ਦੀ ਜਾਨ ਬਚਾਈ ਸੀ। ਕੁਝ ਹਾਲਾਤਾਂ ਵਿਚ ਉਸ ਨੇ ਇਸ ਲਈ ਭਗਤਾਂ ਨੂੰ ਬਚਾਇਆ ਸੀ ਤਾਂਕਿ ਉਹ ਵੰਸ ਬਚਿਆ ਰਹੇ ਜਿਸ ਵਿੱਚੋਂ ਵਾਅਦਾ ਕੀਤੇ ਹੋਏ ਮਸੀਹਾ ਨੇ ਆਉਣਾ ਸੀ। ਪਰ ਕਈਆਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਰੋਕਣ ਲਈ ਕੈਦ ਵਿਚ ਸੁੱਟਿਆ ਗਿਆ, ਤਸੀਹੇ ਦਿੱਤੇ ਗਏ ਅਤੇ ਬੇਰਹਿਮੀ ਨਾਲ ਮਾਰਿਆ ਗਿਆ। (ਇਬ. 11:34-39) ਉਨ੍ਹਾਂ ਨੇ ਹਿੰਮਤ ਨਾਲ ਇਹ ਸਭ ਕੁਝ ਸਹਿਆ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੀ ਨਿਹਚਾ ਕਮਜ਼ੋਰ ਨਹੀਂ ਪੈਣ ਦਿੱਤੀ ਜਿਸ ਕਰਕੇ ਉਹ ਅੰਤ ਤਕ ਵਫ਼ਾਦਾਰ ਰਹੇ। ਇਸ ਲਈ, ਜ਼ਬੂਰ 91ਵੇਂ ਨੂੰ ਇਕ ਵਾਅਦਾ ਸਮਝਿਆ ਜਾ ਸਕਦਾ ਹੈ ਜਿਸ ਅਨੁਸਾਰ ਯਹੋਵਾਹ ਆਪਣੇ ਭਗਤਾਂ ਦੀ ਨਿਹਚਾ ਘਟਣ ਨਹੀਂ ਦੇਵੇਗਾ।

11. “ਅੱਤ ਮਹਾਨ ਦੀ ਓਟ” ਕੀ ਹੈ ਅਤੇ ਇਸ ਵਿਚ ਪਰਮੇਸ਼ੁਰ ਕਿਨ੍ਹਾਂ ਦੀ ਰਾਖੀ ਕਰਦਾ ਹੈ?

11 ਇਸ ਜ਼ਬੂਰ ਦੇ ਲਿਖਾਰੀ ਵੱਲੋਂ ਦੱਸੀ “ਅੱਤ ਮਹਾਨ ਦੀ ਓਟ” ਇਕ ਤਰ੍ਹਾਂ ਦੀ ਜਗ੍ਹਾ ਹੈ ਜਿੱਥੇ ਪਰਮੇਸ਼ੁਰ ਆਪਣੇ ਭਗਤਾਂ ਦੀ ਰਾਖੀ ਕਰਦਾ ਹੈ। ਜਿਹੜੇ ਲੋਕ ਪਰਮੇਸ਼ੁਰ ਦੇ ਮਹਿਮਾਨਾਂ ਵਜੋਂ ਇਸ ਜਗ੍ਹਾ ਵੱਸਦੇ ਹਨ, ਉਹ ਕਿਸੇ ਵੀ ਚੀਜ਼ ਅਤੇ ਇਨਸਾਨ ਤੋਂ ਬਚੇ ਰਹਿੰਦੇ ਹਨ ਜਿਸ ਤੋਂ ਉਨ੍ਹਾਂ ਦੀ ਨਿਹਚਾ ਨੂੰ ਖ਼ਤਰਾ ਹੈ ਅਤੇ ਜਿਸ ਕਾਰਨ ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਠੰਢਾ ਪੈ ਸਕਦਾ ਹੈ। (ਜ਼ਬੂ. 15:1, 2; 121:5) ਇਹ ਇਸ ਲਈ ਵੀ “ਓਟ” ਯਾਨੀ ਪਨਾਹ ਦੀ ਜਗ੍ਹਾ ਹੈ ਕਿਉਂਕਿ ਪਰਮੇਸ਼ੁਰ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਇਸ ਦਾ ਪਤਾ ਨਹੀਂ ਲੱਗ ਸਕਦਾ। ਇੱਥੇ ਯਹੋਵਾਹ ਉਨ੍ਹਾਂ ਲੋਕਾਂ ਦੀ ਰਾਖੀ ਕਰਦਾ ਹੈ ਜਿਹੜੇ ਅਸਲ ਵਿਚ ਕਹਿੰਦੇ ਹਨ: ‘ਤੂੰ ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ।’ ਜੇ ਅਸੀਂ ਉਸ ਦੀ ਪਨਾਹ ਵਿਚ ਰਹਾਂਗੇ, ਤਾਂ ਸਾਨੂੰ ਬੇਵਜ੍ਹਾ ਫ਼ਿਕਰ ਕਰਨ ਦੀ ਲੋੜ ਨਹੀਂ ਕਿ ਅਸੀਂ ਕਿਤੇ “ਫਾਂਧੀ” ਯਾਨੀ ਸ਼ਤਾਨ ਦੀ ਫਾਹੀ ਵਿਚ ਫਸ ਕੇ ਪਰਮੇਸ਼ੁਰ ਦੀ ਮਿਹਰ ਨਾ ਗੁਆ ਬੈਠੀਏ।

12. ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਕਿਹੜੇ ਖ਼ਤਰੇ ਹਨ?

12 ਕਿਹੜੇ ਖ਼ਤਰਿਆਂ ਕਾਰਨ ਪਰਮੇਸ਼ੁਰ ਨਾਲ ਸਾਡਾ ਅਨਮੋਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ? ਜ਼ਬੂਰ ਦੇ ਲਿਖਾਰੀ ਨੇ ਕਈ ਖ਼ਤਰਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚੋਂ ਇਕ ਹੈ ‘ਉਹ ਮਰੀ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ ਅਤੇ ਉਹ ਤਬਾਹੀ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ।’ (ਜ਼ਬੂ. 91:5, 6) “ਫਾਂਧੀ” ਨੇ ਬਹੁਤਿਆਂ ਨੂੰ ਆਪਣੀ ਮਨ-ਮਰਜ਼ੀ ਕਰਨ ਦੇ ਫੰਦੇ ਵਿਚ ਫਸਾਇਆ ਹੈ। (2 ਕੁਰਿੰ. 11:3) ਕਈਆਂ ਨੂੰ ਉਹ ਲਾਲਚ, ਘਮੰਡ ਅਤੇ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਜਾਂ ਪੈਸੇ ਪਿੱਛੇ ਭੱਜਣ ਦੀ ਫਾਹੀ ਵਿਚ ਫਸਾਉਂਦਾ ਹੈ। ਕਈਆਂ ਨੂੰ ਉਹ ਦੇਸ਼ਭਗਤੀ, ਵਿਕਾਸਵਾਦ ਦੀ ਥਿਊਰੀ ਅਤੇ ਝੂਠੇ ਧਰਮ ਰਾਹੀਂ ਗੁਮਰਾਹ ਕਰਦਾ ਹੈ। (ਕੁਲੁ. 2:8) ਅਤੇ ਕਈ ਨਾਜਾਇਜ਼ ਜਿਨਸੀ ਸੰਬੰਧਾਂ ਦੇ ਫੰਦੇ ਵਿਚ ਫਸ ਗਏ ਹਨ। ਇਹ ਸਭ ਕੁਝ ਮਰੀ ਦੀ ਤਰ੍ਹਾਂ ਹੈ ਜਿਸ ਕਾਰਨ ਲੱਖਾਂ ਹੀ ਲੋਕਾਂ ਨੇ ਪਰਮੇਸ਼ੁਰ ਨੂੰ ਪਿਆਰ ਕਰਨਾ ਛੱਡ ਦਿੱਤਾ ਹੈ।—ਜ਼ਬੂਰਾਂ ਦੀ ਪੋਥੀ 91:7-10 ਪੜ੍ਹੋ; ਮੱਤੀ 24:12.

ਪਰਮੇਸ਼ੁਰ ਨਾਲ ਆਪਣੇ ਪਿਆਰ ਦੀ ਰਾਖੀ ਕਰੋ

13. ਨਿਹਚਾ ਕਮਜ਼ੋਰ ਕਰਨ ਵਾਲੇ ਖ਼ਤਰਿਆਂ ਤੋਂ ਯਹੋਵਾਹ ਸਾਡੀ ਕਿਵੇਂ ਰਾਖੀ ਕਰਦਾ ਹੈ?

13 ਯਹੋਵਾਹ ਆਪਣੇ ਲੋਕਾਂ ਦੀ ਇਨ੍ਹਾਂ ਖ਼ਤਰਿਆਂ ਤੋਂ ਕਿਵੇਂ ਰਾਖੀ ਕਰਦਾ ਹੈ? ਜ਼ਬੂਰ ਕਹਿੰਦਾ ਹੈ: “ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਭਈ ਓਹ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਛਿਆ ਕਰਨ।” (ਜ਼ਬੂ. 91:11) ਸਵਰਗੀ ਦੂਤ ਸਾਡੀ ਅਗਵਾਈ ਤੇ ਰਾਖੀ ਕਰਦੇ ਹਨ ਤਾਂਕਿ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੀਏ। (ਪਰ. 14:6) ਦੂਤਾਂ ਤੋਂ ਇਲਾਵਾ, ਬਜ਼ੁਰਗ ਸਾਨੂੰ ਬਾਈਬਲ ਵਿੱਚੋਂ ਸਿੱਖਿਆ ਦੇ ਕੇ ਝੂਠੀਆਂ ਗੱਲਾਂ ਅਤੇ ਗ਼ਲਤ ਖ਼ਿਆਲਾਂ ਤੋਂ ਸਾਡੀ ਰਾਖੀ ਕਰਦੇ ਹਨ। ਜੇ ਕੋਈ ਭੈਣ ਜਾ ਭਰਾ ਦੁਨਿਆਵੀ ਰਵੱਈਏ ਨੂੰ ਛੱਡਣ ਲਈ ਜੱਦੋ-ਜਹਿਦ ਕਰ ਰਿਹਾ ਹੈ, ਤਾਂ ਬਜ਼ੁਰਗ ਉਸ ਦੀ ਮਦਦ ਕਰ ਸਕਦੇ ਹਨ। (ਤੀਤੁ. 1:9; 1 ਪਤ. 5:2) ਨਾਲੇ “ਮਾਤਬਰ ਅਤੇ ਬੁੱਧਵਾਨ ਨੌਕਰ” ਸਾਨੂੰ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ ਤਾਂਕਿ ਅਸੀਂ ਵਿਕਾਸਵਾਦ ਦੀ ਥਿਊਰੀ, ਅਨੈਤਿਕ ਕੰਮਾਂ ਦੀ ਲਾਲਸਾ, ਧਨ-ਦੌਲਤ, ਨਾਂ ਕਮਾਉਣ ਅਤੇ ਕਈ ਹੋਰ ਨੁਕਸਾਨਦੇਹ ਇੱਛਾਵਾਂ ਅਤੇ ਅਸਰਾਂ ਤੋਂ ਬਚ ਸਕੀਏ। (ਮੱਤੀ 24:45) ਤੁਸੀਂ ਕਿਸ ਗੱਲ ਦੀ ਮਦਦ ਨਾਲ ਕੁਝ ਖ਼ਤਰਿਆਂ ਵਿਚ ਪੈਣ ਤੋਂ ਬਚ ਸਕੇ ਹੋ?

14. ਯਹੋਵਾਹ ਸਾਡੀ ਰਾਖੀ ਕਰਨ ਲਈ ਜੋ ਕੁਝ ਕਰਦਾ ਹੈ, ਉਸ ਤੋਂ ਅਸੀਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ?

14 ਸਾਨੂੰ ਕੀ ਕਰਨ ਦੀ ਲੋੜ ਹੈ ਜੇ ਅਸੀਂ ਪਰਮੇਸ਼ੁਰ ਦੀ “ਓਟ” ਵਿਚ ਰਹਿਣਾ ਹੈ? ਜਿੱਦਾਂ ਸਾਨੂੰ ਆਪਣੀ ਜਾਨ ਬਚਾਉਣ ਲਈ ਹਾਦਸਿਆਂ, ਅਪਰਾਧੀਆਂ ਅਤੇ ਛੂਤ ਦੀਆਂ ਬੀਮਾਰੀਆਂ ਤੋਂ ਆਪਣੀ ਰੱਖਿਆ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਸਾਨੂੰ ਲਗਾਤਾਰ ਆਪਣੀ ਨਿਹਚਾ ਦੀ ਰਾਖੀ ਕਰਦੇ ਰਹਿਣ ਦੀ ਲੋੜ ਹੈ। ਇਸ ਲਈ, ਸਾਨੂੰ ਬਾਕਾਇਦਾ ਯਹੋਵਾਹ ਦੀ ਸੇਧ ਅਨੁਸਾਰ ਚੱਲਦੇ ਰਹਿਣ ਦੀ ਲੋੜ ਹੈ ਜੋ ਸਾਨੂੰ ਪ੍ਰਕਾਸ਼ਨਾਂ, ਕਲੀਸਿਯਾ ਦੀਆਂ ਮੀਟਿੰਗਾਂ ਅਤੇ ਅਸੈਂਬਲੀਆਂ ਰਾਹੀਂ ਮਿਲਦੀ ਹੈ। ਅਸੀਂ ਬਜ਼ੁਰਗਾਂ ਦੀ ਸਲਾਹ ਲੈਂਦੇ ਹਾਂ। ਨਾਲੇ ਸਾਨੂੰ ਉਦੋਂ ਵੀ ਫ਼ਾਇਦਾ ਹੁੰਦਾ ਹੈ ਜਦ ਭੈਣ-ਭਰਾ ਵੱਖੋ-ਵੱਖਰੇ ਗੁਣ ਜ਼ਾਹਰ ਕਰਦੇ ਹਨ। ਵਾਕਈ, ਕਲੀਸਿਯਾ ਨਾਲ ਸੰਗਤ ਕਰ ਕੇ ਅਸੀਂ ਬੁੱਧਵਾਨ ਬਣਦੇ ਹਾਂ।—ਕਹਾ. 13:20; 1 ਪਤਰਸ 4:10 ਪੜ੍ਹੋ।

15. ਤੁਹਾਨੂੰ ਕਿਉਂ ਭਰੋਸਾ ਹੈ ਕਿ ਯਹੋਵਾਹ ਤੁਹਾਨੂੰ ਉਸ ਹਰ ਚੀਜ਼ ਤੋਂ ਬਚਾ ਸਕਦਾ ਹੈ ਜਿਸ ਕਾਰਨ ਤੁਸੀਂ ਉਸ ਦੀ ਮਿਹਰ ਗੁਆ ਸਕਦੇ ਹੋ?

15 ਬਿਨਾਂ ਸ਼ੱਕ, ਯਹੋਵਾਹ ਸਾਨੂੰ ਉਸ ਹਰ ਚੀਜ਼ ਤੋਂ ਬਚਾ ਸਕਦਾ ਹੈ ਜਿਸ ਕਾਰਨ ਅਸੀਂ ਉਸ ਦੀ ਮਿਹਰ ਗੁਆ ਸਕਦੇ ਹਾਂ। (ਰੋਮੀ. 8:38, 39) ਉਸ ਨੇ ਸਾਨੂੰ ਤਾਕਤਵਰ ਧਾਰਮਿਕ ਅਤੇ ਰਾਜਨੀਤਿਕ ਦੁਸ਼ਮਣਾਂ ਤੋਂ ਬਚਾਇਆ ਹੈ ਜਿਨ੍ਹਾਂ ਦਾ ਮਕਸਦ ਸਾਨੂੰ ਮਾਰਨਾ ਨਹੀਂ, ਸਗੋਂ ਪਰਮੇਸ਼ੁਰ ਤੋਂ ਅੱਡ ਕਰਨਾ ਰਿਹਾ ਹੈ। ਪਰ ਯਹੋਵਾਹ ਦਾ ਇਹ ਵਾਅਦਾ ਸੱਚ ਸਾਬਤ ਹੋਇਆ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।”—ਯਸਾ. 54:17.

ਸਾਨੂੰ ਆਜ਼ਾਦੀ ਕੌਣ ਦਿੰਦਾ ਹੈ?

16. ਦੁਨੀਆਂ ਸਾਨੂੰ ਅਸਲ ਆਜ਼ਾਦੀ ਕਿਉਂ ਨਹੀਂ ਦੇ ਸਕਦੀ?

16 ਕੀ ਯਹੋਵਾਹ ਦੇ ਹੋ ਕੇ ਅਸੀਂ ਆਪਣੀ ਆਜ਼ਾਦੀ ਗੁਆ ਲਵਾਂਗੇ? ਨਹੀਂ! ਦਰਅਸਲ, ਦੁਨੀਆਂ ਦੇ ਹੋ ਕੇ ਅਸੀਂ ਆਪਣੀ ਆਜ਼ਾਦੀ ਗੁਆ ਬੈਠਾਂਗੇ। ਦੁਨੀਆਂ ਯਹੋਵਾਹ ਤੋਂ ਦੂਰ ਹੋ ਚੁੱਕੀ ਹੈ ਅਤੇ ਇਸ ਦਾ ਬੇਰਹਿਮ ਈਸ਼ਵਰ ਲੋਕਾਂ ਨੂੰ ਆਪਣੇ ਗ਼ੁਲਾਮ ਬਣਾਉਂਦਾ ਹੈ। (ਯੂਹੰ. 14:30) ਮਿਸਾਲ ਲਈ, ਸ਼ਤਾਨ ਦੀ ਵਿਵਸਥਾ ਲੋਕਾਂ ਉੱਤੇ ਆਰਥਿਕ ਦਬਾਅ ਪਾਉਂਦੀ ਹੈ ਜਿਸ ਕਰਕੇ ਉਹ ਆਪਣੀ ਆਜ਼ਾਦੀ ਗੁਆ ਲੈਂਦੇ ਹਨ। (ਪਰਕਾਸ਼ ਦੀ ਪੋਥੀ 13:16, 17 ਦੇਖੋ।) ਪਾਪ ਵੀ ਧੋਖੇ ਨਾਲ ਲੋਕਾਂ ਨੂੰ ਆਪਣੇ ਗ਼ੁਲਾਮ ਬਣਾਉਂਦਾ ਹੈ। (ਯੂਹੰ. 8:34; ਇਬ. 3:13) ਦੁਨੀਆਂ ਦੇ ਲੋਕ ਕਹਿੰਦੇ ਹਨ ਕਿ ਐਸ਼ੋ-ਆਰਾਮ ਦੀ ਜ਼ਿੰਦਗੀ ਹੀ ਅਸਲ ਆਜ਼ਾਦੀ ਹੈ, ਪਰ ਸਾਨੂੰ ਪਤਾ ਹੈ ਕਿ ਇਹ ਆਜ਼ਾਦੀ ਪਰਮੇਸ਼ੁਰ ਦੀ ਸਿੱਖਿਆ ਦੇ ਉਲਟ ਹੈ। ਇਸ ਲਈ ਜੋ ਵੀ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦਾ ਹੈ, ਉਹ ਅਜਿਹੀ ਜ਼ਿੰਦਗੀ ਦਾ ਗ਼ੁਲਾਮ ਬਣ ਕੇ ਰਹਿ ਜਾਂਦਾ ਹੈ ਜੋ ਪਾਪ ਅਤੇ ਗੰਦ-ਮੰਦ ਨਾਲ ਭਰੀ ਪਈ ਹੈ।—ਰੋਮੀ. 1:24-32.

17. ਯਹੋਵਾਹ ਸਾਨੂੰ ਕਿਸ ਤਰ੍ਹਾਂ ਦੀ ਆਜ਼ਾਦੀ ਦਿੰਦਾ ਹੈ?

17 ਦੂਜੇ ਪਾਸੇ, ਜੇ ਅਸੀਂ ਆਪਣੇ-ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਸੌਂਪੀਏ, ਤਾਂ ਉਹ ਸਾਨੂੰ ਉਸ ਸਭ ਕਾਸੇ ਤੋਂ ਆਜ਼ਾਦ ਕਰੇਗਾ ਜਿਸ ਤੋਂ ਸਾਨੂੰ ਨੁਕਸਾਨ ਹੋ ਸਕਦਾ ਹੈ। ਮਿਸਾਲ ਲਈ, ਸਾਡੀ ਹਾਲਤ ਉਸ ਮਰੀਜ਼ ਵਰਗੀ ਹੈ ਜੋ ਆਪਣੀ ਜ਼ਿੰਦਗੀ ਇਕ ਮਾਹਰ ਸਰਜਨ ਦੇ ਹੱਥ ਸੌਂਪ ਦਿੰਦਾ ਹੈ ਜੋ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਵੀ ਇਕ ਤਰ੍ਹਾਂ ਦੀ ਜਾਨਲੇਵਾ ਬੀਮਾਰੀ ਲੱਗੀ ਹੋਈ ਹੈ। ਉਹ ਹੈ ਵਿਰਸੇ ਵਿਚ ਮਿਲਿਆ ਪਾਪ। ਅਸੀਂ ਤਾਂ ਹੀ ਪਾਪ ਦੇ ਅਸਰਾਂ ਤੋਂ ਛੁੱਟ ਕੇ ਹਮੇਸ਼ਾ ਲਈ ਜੀ ਸਕਦੇ ਹਾਂ ਜੇ ਅਸੀਂ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪਦੇ ਹਾਂ। (ਯੂਹੰ. 3:36) ਜਦ ਸਾਨੂੰ ਸਰਜਨ ਦੇ ਬਾਰੇ ਪਤਾ ਲੱਗਦਾ ਹੈ ਕਿ ਉਹ ਕਿੰਨਾ ਵਧੀਆ ਡਾਕਟਰ ਹੈ, ਤਾਂ ਉਸ ਉੱਤੇ ਸਾਡਾ ਭਰੋਸਾ ਵਧਦਾ ਹੈ। ਉਸੇ ਤਰ੍ਹਾਂ, ਯਹੋਵਾਹ ਉੱਤੇ ਸਾਡਾ ਭਰੋਸਾ ਵਧੇਗਾ ਜਿਉਂ-ਜਿਉਂ ਅਸੀਂ ਉਸ ਬਾਰੇ ਸਿੱਖਦੇ ਜਾਵਾਂਗੇ। ਇਸ ਲਈ, ਅਸੀਂ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ ਕਿਉਂਕਿ ਇਸ ਦੀ ਮਦਦ ਨਾਲ ਅਸੀਂ ਉਸ ਨੂੰ ਪਿਆਰ ਕਰ ਸਕਾਂਗੇ ਅਤੇ ਫਿਰ ਬਿਨਾਂ ਕਿਸੇ ਡਰ ਤੋਂ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਸਕਾਂਗੇ।—1 ਯੂਹੰ. 4:18.

18. ਉਨ੍ਹਾਂ ਲੋਕਾਂ ਨੂੰ ਕੀ ਮਿਲੇਗਾ ਜੋ ਯਹੋਵਾਹ ਦੇ ਹੋ ਚੁੱਕੇ ਹਨ?

18 ਯਹੋਵਾਹ ਸਾਰੇ ਲੋਕਾਂ ਨੂੰ ਚੋਣ ਕਰਨ ਦੀ ਆਜ਼ਾਦੀ ਦਿੰਦਾ ਹੈ। ਉਸ ਦਾ ਬਚਨ ਕਹਿੰਦਾ ਹੈ: ‘ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ।’ (ਬਿਵ. 30:19, 20) ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਪਿਆਰ ਦੇ ਸਬੂਤ ਵਜੋਂ ਉਸ ਦੀ ਸੇਵਾ ਕਰਨੀ ਚੁਣੀਏ। ਜਿਸ ਪਰਮੇਸ਼ੁਰ ਨੂੰ ਅਸੀਂ ਪਿਆਰ ਕਰਦੇ ਹਾਂ, ਉਸ ਦੇ ਹੋਣ ਨਾਲ ਅਸੀਂ ਆਪਣੀ ਆਜ਼ਾਦੀ ਨਹੀਂ ਗੁਆਵਾਂਗੇ, ਸਗੋਂ ਹਮੇਸ਼ਾ ਖ਼ੁਸ਼ ਰਹਾਂਗੇ।

19. ਯਹੋਵਾਹ ਦੇ ਹੋਣਾ ਕਿਉਂ ਉਸ ਦੀ ਅਸੀਮ ਕਿਰਪਾ ਦਾ ਸਬੂਤ ਹੈ?

19 ਪਾਪੀ ਹੋਣ ਕਰਕੇ ਅਸੀਂ ਪਰਮੇਸ਼ੁਰ ਦੇ ਹੋਣ ਦੇ ਲਾਇਕ ਨਹੀਂ ਹਾਂ। ਸਿਰਫ਼ ਪਰਮੇਸ਼ੁਰ ਦੀ ਅਸੀਮ ਕਿਰਪਾ ਕਰਕੇ ਹੀ ਅਸੀਂ ਉਸ ਦੇ ਹੋ ਸਕਦੇ ਹਾਂ। (2 ਤਿਮੋ. 1:9) ਇਸ ਲਈ, ਪੌਲੁਸ ਨੇ ਲਿਖਿਆ: ‘ਜੇ ਅਸੀਂ ਜੀਵੀਏ ਤਾਂ ਯਹੋਵਾਹ ਦੇ ਲਈ ਜੀਉਂਦੇ ਹਾਂ ਅਰ ਜੇ ਅਸੀਂ ਮਰੀਏ ਤਾਂ ਯਹੋਵਾਹ ਦੇ ਲਈ ਮਰਦੇ ਹਾਂ। ਗੱਲ ਕਾਹਦੀ ਭਾਵੇਂ ਜੀਵੀਏ ਭਾਵੇਂ ਮਰੀਏ ਪਰ ਹਾਂ ਅਸੀਂ ਯਹੋਵਾਹ ਦੇ ਹੀ।’ (ਰੋਮੀ. 14:8) ਯਹੋਵਾਹ ਦੇ ਹੋਣ ਦਾ ਫ਼ੈਸਲਾ ਕਰ ਕੇ ਅਸੀਂ ਕਦੇ ਨਹੀਂ ਪਛਤਾਂਵਾਂਗੇ।

[ਸਫ਼ਾ 11 ਉੱਤੇ ਕੈਪਸ਼ਨ]

ਤੁਸੀਂ ਕਿਵੇਂ ਜਵਾਬ ਦਿਓਗੇ?

• ਯਹੋਵਾਹ ਦੇ ਹੋਣ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ?

• ਅਸੀਂ ਕਿਉਂ ਉਹ ਸਾਰਾ ਕੁਝ ਕਰ ਪਾਉਂਦੇ ਹਾਂ ਜੋ ਯਹੋਵਾਹ ਸਾਨੂੰ ਕਰਨ ਲਈ ਕਹਿੰਦਾ ਹੈ?

• ਯਹੋਵਾਹ ਆਪਣੇ ਸੇਵਕਾਂ ਦੀ ਕਿਵੇਂ ਰਾਖੀ ਕਰਦਾ ਹੈ?

[ਸਵਾਲ]

[ਸਫ਼ਾ 8 ਉੱਤੇ ਤਸਵੀਰਾਂ]

ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਯਹੋਵਾਹ ਦੀ ਸੇਵਾ ਕਰਨ ਨਾਲ ਉਨ੍ਹਾਂ ਨੂੰ ਕਿਹੜੇ ਫ਼ਾਇਦੇ ਹੋਏ ਹਨ

[ਸਫ਼ਾ 10 ਉੱਤੇ ਤਸਵੀਰ]

ਯਹੋਵਾਹ ਕਿਨ੍ਹਾਂ ਕੁਝ ਤਰੀਕਿਆਂ ਨਾਲ ਸਾਡੀ ਰੱਖਿਆ ਕਰਦਾ ਹੈ?