Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਕਿਹੜੀ ਗੱਲ ਕਰਕੇ ਰਸਤਾਫੈਰੀਅਨ a ਪੰਥ ਦੇ ਇਕ ਆਦਮੀ ਨੇ ਆਪਣੀਆਂ ਜਟਾਂ ਕਟਾ ਦਿੱਤੀਆਂ ਅਤੇ ਗੋਰੇ ਲੋਕਾਂ ਨਾਲ ਭੇਦ-ਭਾਵ ਕਰਨਾ ਛੱਡ ਦਿੱਤਾ? ਨਾਲੇ ਕਿਹੜੀ ਗੱਲ ਕਰਕੇ ਇਕ ਹਿੰਸਕ ਵਿਅਕਤੀ ਨੇ ਆਪਣੀ ਜ਼ਿੰਦਗੀ ਬਦਲੀ ਜੋ ਪਹਿਲਾਂ ਡ੍ਰੱਗਜ਼ ਮਾਫੀਆ ਲਈ ਲੋਕਾਂ ਤੋਂ ਹਫ਼ਤਾ ਵਸੂਲ ਕਰਦਾ ਸੀ? ਧਿਆਨ ਦਿਓ ਕਿ ਉਨ੍ਹਾਂ ਦਾ ਕੀ ਕਹਿਣਾ ਹੈ।

“ਮੈਂ ਭੇਦ-ਭਾਵ ਕਰਨਾ ਵੀ ਛੱਡ ਦਿੱਤਾ।”​—ਹਾਫੇਨੀ ਨਗਾਮਾ

ਉਮਰ: 34

ਦੇਸ਼: ਜ਼ੈਂਬੀਆ

ਅਤੀਤ: ਰਸਤਾਫੈਰੀਅਨ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰਾ ਜਨਮ ਜ਼ੈਂਬੀਆ ਦੇ ਇਕ ਸ਼ਰਨਾਰਥੀ ਕੈਂਪ ਵਿਚ ਹੋਇਆ ਸੀ। ਯੁੱਧ ਵੇਲੇ ਮੇਰੇ ਮੰਮੀ ਨੂੰ ਨਮੀਬੀਆ ਭੱਜਣਾ ਪਿਆ ਜਿੱਥੇ ਉਹ ਦੱਖਣ-ਪੱਛਮੀ ਅਫ਼ਰੀਕਾ ਦੇ ਲੋਕਾਂ ਦੇ ਇਕ ਸੰਗਠਨ ਦਾ ਹਿੱਸਾ ਬਣ ਗਏ। ਇਹ ਸੰਗਠਨ ਦੱਖਣੀ ਅਫ਼ਰੀਕੀ ਸਰਕਾਰ ਖ਼ਿਲਾਫ਼ ਲੜ ਰਿਹਾ ਸੀ। ਉਸ ਸਮੇਂ ਨਮੀਬੀਆ ʼਤੇ ਦੱਖਣੀ ਅਫ਼ਰੀਕਾ ਦਾ ਰਾਜ ਸੀ।

15 ਸਾਲਾਂ ਦੀ ਉਮਰ ਤਕ ਮੈਂ ਕਈ ਸ਼ਰਨਾਰਥੀ ਕੈਂਪਾਂ ਵਿਚ ਰਿਹਾ। ਉੱਥੇ ਛੋਟੇ ਹੁੰਦਿਆਂ ਤੋਂ ਹੀ ਸਾਡੇ ਅੰਦਰ ਸਰਕਾਰ ਅਤੇ ਗੋਰੇ ਲੋਕਾਂ ਲਈ ਨਫ਼ਰਤ ਭਰੀ ਜਾਂਦੀ ਸੀ। ਇੰਨਾ ਹੀ ਨਹੀਂ, ਉਹ ਚਾਹੁੰਦੇ ਸਨ ਕਿ ਅਸੀਂ ਕਾਲੇ ਲੋਕਾਂ ਦੇ ਹੱਕ ਵਿਚ ਲੜਨ ਲਈ ਵੀ ਤਿਆਰ ਹੋਈਏ।

ਸਾਡੇ ਕੈਂਪ ਵਿਚ ਇਕ ਚਰਚ ਹੁੰਦਾ ਸੀ ਜਿਸ ਵਿਚ ਕੈਥੋਲਿਕ, ਲੂਥਰਨ, ਐਂਗਲੀਕਨ ਅਤੇ ਕੁਝ ਹੋਰ ਪੰਥ ਦੇ ਮੈਂਬਰ ਹੁੰਦੇ ਸਨ। ਜਦੋਂ ਮੈਂ 11 ਸਾਲਾਂ ਦਾ ਸੀ, ਤਾਂ ਮੈਂ ਉਸ ਚਰਚ ਦਾ ਮੈਂਬਰ ਬਣਨਾ ਚਾਹੁੰਦਾ ਸੀ। ਪਰ ਉੱਥੇ ਦੇ ਪਾਦਰੀ ਨੇ ਮੈਨੂੰ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕਰ ਦਿੱਤਾ। ਉਦੋਂ ਤੋਂ ਮੈਂ ਨਾਸਤਿਕ ਬਣ ਗਿਆ। ਮੈਨੂੰ ਰੇਗੇ ਸੰਗੀਤ ਬਹੁਤ ਪਸੰਦ ਸੀ ਜਿਸ ਤੋਂ ਸਾਮਵਾਦੀ ਸੋਚ ਝਲਕਦੀ ਸੀ। ਨਾਲੇ ਮੈਂ ਕਾਲੇ ਅਫ਼ਰੀਕੀ ਲੋਕਾਂ ਨਾਲ ਹੁੰਦੀ ਬੇਇਨਸਾਫ਼ੀ ਖ਼ਤਮ ਕਰਨੀ ਚਾਹੁੰਦਾ ਸੀ। ਇਸ ਲਈ ਮੈਂ 15 ਸਾਲਾਂ ਦੀ ਉਮਰ ਵਿਚ ਰਸਤਾਫੈਰੀਅਨ ਪੰਥ ਦਾ ਹਿੱਸਾ ਬਣ ਗਿਆ। ਮੈਂ ਆਪਣੇ ਵਾਲ਼ ਵਧਾ ਲਏ, ਮੀਟ ਖਾਣਾ ਬੰਦ ਕਰ ਦਿੱਤਾ, ਭੰਗ ਪੀਣੀ ਸ਼ੁਰੂ ਕਰ ਦਿੱਤੀ ਅਤੇ ਕਾਲੇ ਲੋਕਾਂ ਦੀ ਆਜ਼ਾਦੀ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਪਰ ਮੈਂ ਅਜੇ ਵੀ ਅਨੈਤਿਕ ਜ਼ਿੰਦਗੀ ਜੀਉਂਦਾ ਸੀ, ਹਿੰਸਕ ਫ਼ਿਲਮਾਂ ਦੇਖਦਾ ਸੀ ਅਤੇ ਗਾਲ਼ੀ-ਗਲੋਚ ਵੀ ਕਰਦਾ ਸੀ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: 1995 ਵਿਚ ਜਦੋਂ ਮੈਂ 20 ਕੁ ਸਾਲਾਂ ਦਾ ਸੀ, ਤਾਂ ਮੈਂ ਇਸ ਬਾਰੇ ਸੋਚਣ ਲੱਗਾ ਕਿ ਮੈਂ ਅੱਗੇ ਚੱਲ ਕੇ ਜ਼ਿੰਦਗੀ ਵਿਚ ਕੀ ਕਰਾਂਗਾ। ਮੈਂ ਰਸਤਾਫੈਰੀਅਨ ਲੋਕਾਂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕੁਝ ਕਿਤਾਬਾਂ ਵਿਚ ਬਾਈਬਲ ਦੀਆਂ ਗੱਲਾਂ ਦਾ ਵੀ ਜ਼ਿਕਰ ਸੀ, ਪਰ ਮੈਨੂੰ ਉਹ ਸਮਝ ਨਹੀਂ ਆਉਂਦੀਆਂ ਸਨ। ਇਸ ਲਈ ਮੈਂ ਸਿੱਧਾ ਬਾਈਬਲ ਪੜ੍ਹਨ ਦਾ ਹੀ ਫ਼ੈਸਲਾ ਕੀਤਾ।

ਕੁਝ ਸਮੇਂ ਬਾਅਦ ਮੇਰੇ ਇਕ ਰਸਤਾਫੈਰੀਅਨ ਦੋਸਤ ਨੇ ਮੈਨੂੰ ਇਕ ਕਿਤਾਬ ਦਿੱਤੀ ਜਿਸ ਵਿਚ ਬਾਈਬਲ ਤੋਂ ਗੱਲਾਂ ਸਮਝਾਈਆਂ ਗਈਆਂ ਸਨ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ। ਮੈਂ ਬਾਈਬਲ ਦੇ ਨਾਲ-ਨਾਲ ਇਹ ਕਿਤਾਬ ਵੀ ਪੜ੍ਹਨੀ ਸ਼ੁਰੂ ਕਰ ਦਿੱਤੀ। ਬਾਅਦ ਵਿਚ, ਮੈਂ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।

ਕਾਫ਼ੀ ਜੱਦੋ-ਜਹਿਦ ਕਰਨ ਤੋਂ ਬਾਅਦ ਮੈਂ ਸਿਗਰਟਾਂ ਪੀਣੀਆਂ ਅਤੇ ਹੱਦੋਂ-ਵੱਧ ਸ਼ਰਾਬ ਪੀਣੀ ਛੱਡ ਦਿੱਤੀ। (2 ਕੁਰਿੰਥੀਆਂ 7:1) ਮੈ ਆਪਣਾ ਹੁਲੀਆ ਸੁਧਾਰਿਆ, ਆਪਣੀਆਂ ਜਟਾਂ ਕੱਟ ਲਈਆਂ, ਗੰਦੀਆਂ-ਮੰਦੀਆਂ ਤਸਵੀਰਾਂ, ਵੀਡੀਓਜ਼ ਅਤੇ ਮਾਰ-ਧਾੜ ਵਾਲੀਆਂ ਫ਼ਿਲਮਾਂ ਦੇਖਣੀਆਂ ਛੱਡ ਦਿੱਤੀਆਂ। ਨਾਲੇ ਗਾਲ਼ੀ-ਗਲੋਚ ਕਰਨਾ ਵੀ ਬੰਦ ਕਰ ਦਿੱਤਾ। (ਅਫ਼ਸੀਆਂ 5:3, 4) ਮੈਂ ਗੋਰੇ ਲੋਕਾਂ ਨਾਲ ਭੇਦ-ਭਾਵ ਕਰਨਾ ਵੀ ਛੱਡ ਦਿੱਤਾ। (ਰਸੂਲਾਂ ਦੇ ਕੰਮ 10:34, 35) ਇਹ ਬਦਲਾਅ ਕਰਨ ਲਈ ਮੈਨੂੰ ਹੋਰ ਵੀ ਕਦਮ ਚੁੱਕਣੇ ਪਏ। ਮੈਂ ਉਹ ਸੰਗੀਤ ਸੁਣਨਾ ਛੱਡ ਦਿੱਤਾ ਜਿਸ ਕਰਕੇ ਮੇਰੇ ਅੰਦਰ ਗੋਰੇ ਲੋਕਾਂ ਲਈ ਨਫ਼ਰਤ ਭਰਦੀ ਸੀ। ਨਾਲੇ ਮੈਂ ਉਨ੍ਹਾਂ ਲੋਕਾਂ ਨਾਲ ਦੋਸਤੀ ਵੀ ਤੋੜ ਦਿੱਤੀ ਜਿਹੜੇ ਮੈਨੂੰ ਫਿਰ ਤੋਂ ਮੇਰੀ ਪੁਰਾਣੀ ਜ਼ਿੰਦਗੀ ਵੱਲ ਧੱਕਣ ਦੀ ਕੋਸ਼ਿਸ਼ ਕਰਦੇ ਸਨ।

ਇਹ ਸਾਰੇ ਬਦਲਾਅ ਕਰਨ ਤੋਂ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਗਿਆ ਤੇ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਦੇ ਧਰਮ ਨਾਲ ਜੁੜਨਾ ਚਾਹੁੰਦਾ ਹਾਂ। ਮੈਂ ਸਟੱਡੀ ਕਰਨੀ ਜਾਰੀ ਰੱਖੀ। ਜਦੋਂ ਮੈਂ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈਣ ਦਾ ਫ਼ੈਸਲਾ ਲਿਆ, ਤਾਂ ਮੇਰਾ ਪਰਿਵਾਰ ਇਸ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਸੀ। ਮੇਰੇ ਮੰਮੀ ਨੇ ਕਿਹਾ, “ਤੂੰ ਜਿਹੜੇ ਮਰਜ਼ੀ ਚਰਚ ਦਾ ਮੈਂਬਰ ਬਣ ਜਾ, ਬੱਸ ਯਹੋਵਾਹ ਦਾ ਗਵਾਹ ਨਾ ਬਣੀਂ।” ਮੇਰੇ ਦੂਰ ਦੇ ਮਾਮਾ ਜੀ ਇਕ ਨੇਤਾ ਸੀ ਜਿਨ੍ਹਾਂ ਦਾ ਕਾਫ਼ੀ ਨਾਂ ਸੀ। ਗਵਾਹਾਂ ਨਾਲ ਸੰਗਤ ਕਰਨ ਕਰਕੇ ਉਹ ਵੀ ਮੈਨੂੰ ਬੁਰਾ-ਭਲਾ ਕਹਿੰਦੇ ਸਨ।

ਪਰ ਮੈਂ ਸਿੱਖਿਆ ਸੀ ਕਿ ਯਿਸੂ ਲੋਕਾਂ ਨਾਲ ਕਿੱਦਾਂ ਪੇਸ਼ ਆਉਂਦਾ ਸੀ ਅਤੇ ਮੈਂ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਮੇਰੀ ਮਦਦ ਹੋਈ ਕਿ ਮੈਂ ਵਿਰੋਧ ਅਤੇ ਦੂਜਿਆਂ ਦੇ ਤਾਅਨੇ-ਮੇਹਣੇ ਬਰਦਾਸ਼ਤ ਕਰ ਸਕਾਂ। ਮੈਂ ਦੇਖਿਆ ਕਿ ਗਵਾਹ ਜੋ ਵੀ ਸਿਖਾਉਂਦੇ ਸਨ, ਉਹ ਬਾਈਬਲ ਤੋਂ ਹੀ ਹੁੰਦਾ ਸੀ। ਇਸ ਕਰਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਇਹੀ ਸੱਚਾ ਧਰਮ ਹੈ। ਮਿਸਾਲ ਲਈ, ਉਹ ਬਾਈਬਲ ਵਿਚ ਦਿੱਤਾ ਪ੍ਰਚਾਰ ਕਰਨ ਦਾ ਹੁਕਮ ਮੰਨਦੇ ਹਨ। (ਮੱਤੀ 28:19, 20; ਰਸੂਲਾਂ ਦੇ ਕੰਮ 15:14) ਨਾਲੇ ਉਹ ਰਾਜਨੀਤੀ ਵਿਚ ਵੀ ਹਿੱਸਾ ਨਹੀਂ ਲੈਂਦੇ।​—ਜ਼ਬੂਰ 146:3, 4; ਯੂਹੰਨਾ 15:17, 18.

ਅੱਜ ਮੇਰੀ ਜ਼ਿੰਦਗੀ: ਬਾਈਬਲ ਤੋਂ ਸਿੱਖਣ ਕਰਕੇ ਮੈਨੂੰ ਬਹੁਤ ਫ਼ਾਇਦੇ ਹੋਏ ਹਨ। ਜਿੱਦਾਂ ਭੰਗ ਛੱਡਣ ਕਰਕੇ ਮੇਰੇ ਬਹੁਤ ਸਾਰੇ ਪੈਸੇ ਬਚੇ ਅਤੇ ਮੈਂ ਨਸ਼ਿਆਂ ਦੇ ਹੋਰ ਬਹੁਤ ਸਾਰੇ ਬੁਰੇ ਪ੍ਰਭਾਵਾਂ ਤੋਂ ਵੀ ਬਚਿਆ ਹਾਂ। ਹੁਣ ਮੈਂ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਹਾਂ।

ਹੁਣ ਮੇਰੇ ਕੋਲ ਜੀਉਣ ਦਾ ਮਕਸਦ ਹੈ ਜਿਸ ਦੀ ਮੈਨੂੰ ਛੋਟੇ ਹੁੰਦਿਆਂ ਤੋਂ ਹੀ ਤਲਾਸ਼ ਸੀ। ਨਾਲੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਮੇਰਾ ਰੱਬ ਦੇ ਨਾਲ ਇਕ ਕਰੀਬੀ ਰਿਸ਼ਤਾ ਹੈ।​—ਯਾਕੂਬ 4:8.

“ਮੈਂ ਆਪਣੇ ਗੁੱਸੇ ʼਤੇ ਕਾਬੂ ਪਾਉਣਾ ਸਿੱਖਿਆ।”​—ਮਾਰਟੀਨੋ ਪੇਟਰੇਯੀ

ਉਮਰ: 43

ਦੇਸ਼: ਆਸਟ੍ਰੇਲੀਆ

ਅਤੀਤ: ਨਸ਼ੇ ਵੇਚਣ ਵਾਲਾ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਜਦੋਂ ਮੈਂ ਛੋਟਾ ਸੀ, ਉਦੋਂ ਅਸੀਂ ਕਈ ਘਰ ਬਦਲੇ। ਅਸੀਂ ਕਦੀ-ਕਦਾਈਂ ਛੋਟੇ-ਛੋਟੇ ਕਸਬਿਆਂ ਵਿਚ ਰਹਿੰਦੇ ਸੀ ਤੇ ਕਦੀ ਵੱਡੇ-ਵੱਡੇ ਸ਼ਹਿਰਾਂ ਵਿਚ। ਕੁਝ ਸਮੇਂ ਲਈ ਤਾਂ ਅਸੀਂ ਇਕ ਦੂਰ-ਦੁਰੇਡੀ ਬਸਤੀ ਵਿਚ ਆਦਿਵਾਸੀ ਲੋਕਾਂ ਨਾਲ ਵੀ ਰਹੇ। ਉੱਥੇ ਰਹਿੰਦਿਆਂ ਮੈਨੂੰ ਉਹ ਖ਼ੁਸ਼ਨੁਮਾ ਪਲ ਹਾਲੇ ਵੀ ਯਾਦ ਹਨ ਜੋ ਮੈਂ ਆਪਣੇ ਰਿਸ਼ਤੇਦਾਰਾਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਬਿਤਾਏ ਸਨ। ਅਸੀਂ ਇਕੱਠੇ ਮੱਛੀਆਂ ਫੜਨ ਤੇ ਸ਼ਿਕਾਰ ਕਰਨ ਜਾਂਦੇ ਸੀ। ਨਾਲੇ ਅਸੀਂ ਉੱਥੇ ਦੇ ਇਲਾਕੇ ਦੀਆਂ ਕਈ ਸੋਹਣੀਆਂ ਚੀਜ਼ਾਂ ਬਣਾਉਂਦੇ ਹੁੰਦੇ ਸੀ।

ਮੇਰੇ ਡੈਡੀ ਇਕ ਮੁੱਕੇਬਾਜ਼ ਸੀ। ਜਦੋਂ ਮੈਂ ਅਜੇ ਛੋਟਾ ਹੀ ਸੀ, ਉਦੋਂ ਤੋਂ ਹੀ ਉਨ੍ਹਾਂ ਨੇ ਮੈਨੂੰ ਲੜਨਾ ਸਿਖਾ ਦਿੱਤਾ। ਮੈਂ ਮਾਰ-ਧਾੜ ਕਰਨ ਲੱਗ ਪਿਆ। ਅੱਲ੍ਹੜ ਉਮਰ ਵਿਚ ਮੈਂ ਕਈ-ਕਈ ਘੰਟੇ ਬਾਰ ਵਿਚ ਸ਼ਰਾਬ ਪੀਂਦਾ ਰਹਿੰਦਾ ਸੀ। ਮੈਂ ਤੇ ਮੇਰੇ ਦੋਸਤ ਹਮੇਸ਼ਾ ਦੂਸਰਿਆਂ ਨਾਲ ਲੜਨ ਦੇ ਮੌਕੇ ਭਾਲਦੇ ਹੁੰਦੇ ਸੀ। ਕਦੇ-ਕਦੇ ਤਾਂ ਅਸੀਂ ਚਾਕੂ-ਛੁਰੀਆਂ ਤੇ ਬੱਲਿਆਂ ਨਾਲ 20 ਤੋਂ ਵੀ ਵੱਧ ਲੋਕਾਂ ਨਾਲ ਲੜਦੇ ਸੀ।

ਮੈਂ ਨਸ਼ੇ ਅਤੇ ਉਹ ਸਮਾਨ ਵੇਚ ਕੇ ਪੈਸਾ ਕਮਾਉਂਦਾ ਸੀ ਜੋ ਬੰਦਰਗਾਹਾਂ ʼਤੇ ਕੰਮ ਕਰਨ ਵਾਲੇ ਚੋਰੀ ਕਰਦੇ ਸਨ। ਮੈਂ ਨਸ਼ੇ ਵੇਚਣ ਵਾਲਿਆਂ ਲਈ ਵੀ ਕੰਮ ਕਰਦਾ ਸੀ। ਜਦੋਂ ਕੋਈ ਉਨ੍ਹਾਂ ਤੋਂ ਨਸ਼ੇ ਖ਼ਰੀਦਦਾ ਸੀ, ਪਰ ਪੈਸੇ ਨਹੀਂ ਸੀ ਦਿੰਦਾ, ਤਾਂ ਉਹ ਮੈਨੂੰ ਉਨ੍ਹਾਂ ਕੋਲੋਂ ਪੈਸੇ ਕਢਾਉਣ ਲਈ ਭੇਜਦੇ ਸਨ। ਉਨ੍ਹਾਂ ਨੂੰ ਡਰਾਉਣ-ਧਮਕਾਉਣ ਲਈ ਮੈਂ ਆਪਣੇ ਕੋਲ ਬੰਦੂਕ ਰੱਖਦਾ ਸੀ। ਮੈਂ ਹਤਿਆਰਾ ਬਣਨਾ ਚਾਹੁੰਦਾ ਸੀ। ਮੇਰੀ ਜ਼ਿੰਦਗੀ ਦਾ ਇੱਕੋ ਅਸੂਲ ਸੀ, ਮਰੋ ਜਾਂ ਮਾਰੋ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਛੋਟੇ ਹੁੰਦਿਆਂ ਮੈਂ ਯਹੋਵਾਹ ਦੇ ਗਵਾਹਾਂ ਬਾਰੇ ਸੁਣਿਆ ਸੀ। ਮੈਨੂੰ ਯਾਦ ਹੈ ਜਦੋਂ ਮੈਂ 21-22 ਸਾਲਾਂ ਦਾ ਸੀ, ਤਾਂ ਮੈਂ ਆਪਣੀ ਮੰਮੀ ਨੂੰ ਪੁੱਛਿਆ ਕਿ ਉਹ ਕਿਸੇ ਯਹੋਵਾਹ ਦੇ ਗਵਾਹ ਨੂੰ ਜਾਣਦੇ ਆ। ਦੋ ਦਿਨਾਂ ਬਾਅਦ ਡਿਕਸਨ ਨਾਂ ਦਾ ਇਕ ਗਵਾਹ ਸਾਡੇ ਘਰ ਆਇਆ। ਕੁਝ ਦੇਰ ਗੱਲ ਕਰਨ ਤੋਂ ਬਾਅਦ ਉਸ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ʼਤੇ ਆਉਣ ਦਾ ਸੱਦਾ ਦਿੱਤਾ। ਮੈਂ ਉਸ ਮੀਟਿੰਗ ʼਤੇ ਗਿਆ ਤੇ ਹੁਣ ਮੈਨੂੰ ਮੀਟਿੰਗਾਂ ʼਤੇ ਜਾਂਦਿਆਂ ਨੂੰ 20 ਤੋਂ ਜ਼ਿਆਦਾ ਸਾਲ ਹੋ ਗਏ ਹਨ। ਜਦੋਂ ਵੀ ਮੇਰੇ ਮਨ ਵਿਚ ਕੋਈ ਸਵਾਲ ਆਉਂਦਾ ਸੀ, ਤਾਂ ਗਵਾਹ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੰਦੇ ਸਨ।

ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਯਹੋਵਾਹ ਨੂੰ ਹਰੇਕ ਇਨਸਾਨ ਦੀ ਬਹੁਤ ਪਰਵਾਹ ਹੈ, ਉਨ੍ਹਾਂ ਦੀ ਵੀ ਜੋ ਬੁਰੇ ਕੰਮ ਕਰਦੇ ਹਨ। (2 ਪਤਰਸ 3:9) ਮੈਂ ਸਿੱਖਿਆ ਕਿ ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਚਾਹੇ ਹੋਰ ਕਿਸੇ ਨੂੰ ਮੇਰੀ ਪਰਵਾਹ ਹੋਵੇ ਜਾਂ ਨਾ, ਪਰ ਉਹ ਜ਼ਰੂਰ ਮੇਰਾ ਖ਼ਿਆਲ ਰੱਖੇਗਾ। ਮੈਨੂੰ ਇਹ ਜਾਣ ਕੇ ਬਹੁਤ ਤਸੱਲੀ ਮਿਲੀ ਕਿ ਜੇ ਮੈਂ ਆਪਣੇ ਆਪ ਨੂੰ ਬਦਲਾਂ, ਤਾਂ ਉਹ ਮੇਰੇ ਪਾਪ ਮਾਫ਼ ਕਰ ਦੇਵੇਗਾ। ਅਫ਼ਸੀਆਂ 4:22-24 ਵਿਚ ਲਿਖੀ ਗੱਲ ਨੇ ਮੇਰੇ ਦਿਲ ʼਤੇ ਡੂੰਘਾ ਅਸਰ ਪਾਇਆ। ਇਸ ਤੋਂ ਮੈਨੂੰ ਹੱਲਾਸ਼ੇਰੀ ਮਿਲੀ ਕਿ ਮੈਂ “ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ” ਦੇਵਾਂ ਅਤੇ ‘ਨਵੇਂ ਸੁਭਾਅ ਨੂੰ ਪਹਿਨ ਸਕਾਂ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਹੈ।’

ਪਰ ਮੈਨੂੰ ਆਪਣੇ ਆਪ ਨੂੰ ਬਦਲਣ ਵਿਚ ਸਮਾਂ ਲੱਗਾ। ਹਫ਼ਤੇ ਦੌਰਾਨ ਤਾਂ ਮੈਂ ਨਸ਼ਿਆਂ ਨੂੰ ਹੱਥ ਵੀ ਨਹੀਂ ਲਾਉਂਦਾ ਸੀ, ਪਰ ਸ਼ਨੀ-ਐਤਵਾਰ ਨੂੰ ਜਦੋਂ ਮੈਂ ਆਪਣੇ ਦੋਸਤਾਂ ਨਾਲ ਹੁੰਦਾ ਸੀ, ਤਾਂ ਮੇਰੇ ਤੋਂ ਨਸ਼ਾ ਕੀਤੇ ਬਿਨਾਂ ਰਿਹਾ ਹੀ ਨਹੀਂ ਸੀ ਜਾਂਦਾ। ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹਾਂ, ਤਾਂ ਮੈਨੂੰ ਆਪਣੇ ਦੋਸਤਾਂ ਨੂੰ ਛੱਡਣਾ ਪੈਣਾ। ਇਸ ਲਈ ਮੈਂ ਕਿਸੇ ਹੋਰ ਸ਼ਹਿਰ ਜਾਣ ਦਾ ਫ਼ੈਸਲਾ ਕੀਤਾ। ਮੇਰੇ ਕੁਝ ਦੋਸਤਾਂ ਨੇ ਕਿਹਾ ਕਿ ਉਹ ਮੈਨੂੰ ਉਸ ਸ਼ਹਿਰ ਛੱਡਣ ਲਈ ਮੇਰੇ ਨਾਲ ਆਉਣਾ ਚਾਹੁੰਦੇ ਹਨ ਅਤੇ ਮੈਂ ਉਨ੍ਹਾਂ ਨੂੰ ਮਨ੍ਹਾ ਨਹੀਂ ਕੀਤਾ। ਪਰ ਸਫ਼ਰ ਦੌਰਾਨ ਉਨ੍ਹਾਂ ਨੇ ਭੰਗ ਪੀਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੇ ਮੈਨੂੰ ਵੀ ਪੀਣ ਲਈ ਦਿੱਤੀ। ਪਰ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਹ ਸਭ ਕੁਝ ਛੱਡ ਰਿਹਾ ਹਾਂ। ਇਸ ਕਰਕੇ ਉਹ ਉਸੇ ਵੇਲੇ ਮੈਨੂੰ ਛੱਡ ਕੇ ਚਲੇ ਗਏ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਮੈਨੂੰ ਛੱਡਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੇ ਬੰਦੂਕ ਦੀ ਨੋਕ ʼਤੇ ਇਕ ਬੈਂਕ ਲੁੱਟਿਆ।

ਅੱਜ ਮੇਰੀ ਜ਼ਿੰਦਗੀ: ਆਪਣੇ ਦੋਸਤਾਂ ਨੂੰ ਛੱਡਣ ਤੋਂ ਬਾਅਦ ਮੇਰੇ ਲਈ ਆਪਣੇ ਵਿਚ ਬਦਲਾਅ ਕਰਨੇ ਸੌਖੇ ਹੋ ਗਏ। 1989 ਵਿਚ ਮੈਂ ਬਪਤਿਸਮਾ ਲੈ ਲਿਆ ਅਤੇ ਮੇਰੇ ਬਪਤਿਸਮੇ ਤੋਂ ਬਾਅਦ ਮੇਰੇ ਮੰਮੀ-ਡੈਡੀ ਅਤੇ ਛੋਟੀ ਭੈਣ ਵੀ ਸੱਚਾਈ ਵਿਚ ਆ ਗਏ।

ਮੇਰੇ ਵਿਆਹ ਨੂੰ 17 ਸਾਲ ਹੋ ਗਏ ਹਨ ਅਤੇ ਸਾਡੇ ਤਿੰਨ ਪਿਆਰੇ ਬੱਚੇ ਹਨ। ਮੈਂ ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਣਾ ਸਿੱਖ ਲਿਆ ਹੈ। ਮੈਂ ਉਦੋਂ ਵੀ ਸ਼ਾਂਤ ਰਹਿੰਦਾ ਹਾਂ ਜਦੋਂ ਕੋਈ ਮੈਨੂੰ ਗੁੱਸਾ ਚੜ੍ਹਾਉਂਦਾ ਹੈ। ਨਾਲੇ ਮੈਂ ਹਰ ‘ਕੌਮ, ਕਬੀਲੇ ਜਾਂ ਭਾਸ਼ਾ’ ਬੋਲਣ ਵਾਲੇ ਲੋਕਾਂ ਨੂੰ ਵੀ ਪਿਆਰ ਕਰਨਾ ਸਿੱਖਿਆ। (ਪ੍ਰਕਾਸ਼ ਦੀ ਕਿਤਾਬ 7:9) ਯਿਸੂ ਦੀ ਗੱਲ ਮੇਰੇ ʼਤੇ ਸੱਚ ਸਾਬਤ ਹੋਈ, ਉਸ ਨੇ ਕਿਹਾ ਸੀ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।”​—ਯੂਹੰਨਾ 8:31, 32.

[ਫੁਟਨੋਟ]

a ਰਸਤਾਫੈਰੀਅਨ ਲੋਕ ਜਮੈਕਾ ਦੇ ਇਕ ਪੰਥ ਦੇ ਮੈਂਬਰ ਹੁੰਦੇ ਹਨ। ਉਹ ਆਮ ਤੌਰ ਤੇ ਜਟਾਂ ਰੱਖਦੇ ਹਨ ਅਤੇ ਇਥੋਪੀਆ ਦੇਸ਼ ਦੇ ਹਾਇਲੀ ਸਲੈਸੀ ਨੂੰ ਰੱਬ ਮੰਨਦੇ ਹਨ।

[ਵੱਡੇ ਅੱਖਰਾਂ ਵਿਚ ਖ਼ਾਸ ਗੱਲ]

ਬਦਲਾਅ ਕਰਨ ਵਿਚ ਉਹ ਸੰਗੀਤ ਛੱਡਣਾ ਵੀ ਸ਼ਾਮਲ ਸੀ ਜੋ ਨਸਲੀ ਭੇਦ-ਭਾਵ ਪੈਦਾ ਕਰਦਾ ਸੀ

[ਵੱਡੇ ਅੱਖਰਾਂ ਵਿਚ ਖ਼ਾਸ ਗੱਲ]

ਮੈਂ ਤੇ ਮੇਰੇ ਦੋਸਤ ਹਮੇਸ਼ਾ ਲੜਾਈ ਕਰਨ ਦੇ ਮੌਕੇ ਭਾਲਦੇ ਸੀ। ਅਸੀਂ ਚਾਕੂ-ਛੁਰੀਆਂ ਤੇ ਬੱਲਿਆਂ ਨਾਲ 20 ਤੋਂ ਵੀ ਵੱਧ ਲੋਕਾਂ ਨਾਲ ਲੜਦੇ ਸੀ