Skip to content

Skip to table of contents

ਕੀ ਪਰਮੇਸ਼ੁਰ ਵੀ ਕਦੇ ਪਛਤਾਉਂਦਾ ਹੈ?

ਕੀ ਪਰਮੇਸ਼ੁਰ ਵੀ ਕਦੇ ਪਛਤਾਉਂਦਾ ਹੈ?

ਪਰਮੇਸ਼ੁਰ ਨੂੰ ਜਾਣੋ

ਕੀ ਪਰਮੇਸ਼ੁਰ ਵੀ ਕਦੇ ਪਛਤਾਉਂਦਾ ਹੈ?

ਨਿਆਈਆਂ 2:11-18

ਸਾਡੇ ਸਾਰਿਆਂ ਤੋਂ ਕਦੇ-ਨ-ਕਦੇ ਗ਼ਲਤੀ ਹੋ ਜਾਂਦੀ ਹੈ ਅਤੇ ਫਿਰ ਅਸੀਂ ਪਛਤਾਉਂਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਬਾਈਬਲ ਅਨੁਸਾਰ ਯਹੋਵਾਹ ਵੀ ਰੰਜ ਜਾਂ ਪਛਤਾਵਾ ਕਰਦਾ ਹੈ। ਪਰ ਤੁਸੀਂ ਸ਼ਾਇਦ ਕਹੋ, ‘ਪਰਮੇਸ਼ੁਰ ਵਿਚ ਤਾਂ ਕੋਈ ਕਮੀ-ਕਮਜ਼ੋਰੀ ਨਹੀਂ ਹੈ, ਉਹ ਤਾਂ ਕਦੇ ਗ਼ਲਤੀ ਨਹੀਂ ਕਰਦਾ!’ ਤਾਂ ਫਿਰ ਪਰਮੇਸ਼ੁਰ ਕਿਵੇਂ ਪਛਤਾਵਾ ਕਰਦਾ ਹੈ? ਇਸ ਦਾ ਜਵਾਬ ਸਾਨੂੰ ਇਹ ਗੱਲ ਸਮਝਣ ਵਿਚ ਮਦਦ ਕਰੇਗਾ: ਯਹੋਵਾਹ ਦੇ ਵੀ ਜਜ਼ਬਾਤ ਹਨ ਅਤੇ ਸਾਡੇ ਕੰਮਾਂ ਦਾ ਉਨ੍ਹਾਂ ਜਜ਼ਬਾਤਾਂ ’ਤੇ ਅਸਰ ਪੈ ਸਕਦਾ ਹੈ ਯਾਨੀ ਅਸੀਂ ਜਾਂ ਤਾਂ ਉਸ ਨੂੰ ਖ਼ੁਸ਼ ਕਰ ਸਕਦੇ ਹਾਂ ਜਾਂ ਫਿਰ ਉਸ ਨੂੰ ਨਾਰਾਜ਼ ਕਰ ਸਕਦੇ ਹਾਂ। ਆਓ ਆਪਾਂ ਨਿਆਈਆਂ 2:11-18 ਉੱਤੇ ਗੌਰ ਕਰੀਏ।

ਨਿਆਈਆਂ ਦੀ ਪੋਥੀ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ ਇਸਰਾਏਲ ਵਿਚ ਬਹੁਤ ਹਲਚਲ ਮਚੀ ਹੋਈ ਸੀ। ਉਸ ਸਮੇਂ ਇਸਰਾਏਲੀ ਕਨਾਨ ਦੇਸ਼ ਵਿਚ ਵੱਸ ਰਹੇ ਸਨ। ਇਹ ਉਹ ਦੇਸ਼ ਸੀ ਜੋ ਪਰਮੇਸ਼ੁਰ ਨੇ ਅਬਰਾਹਾਮ ਨੂੰ ਦੇਣ ਦਾ ਵਾਅਦਾ ਕੀਤਾ ਸੀ। ਅਗਲੀਆਂ ਕਈ ਸਦੀਆਂ ਦੌਰਾਨ ਇਸਰਾਏਲੀਆਂ ਦਾ ਰਵੱਈਆ ਵਾਰ-ਵਾਰ ਇਸ ਤਰ੍ਹਾਂ ਰਿਹਾ: ਪਹਿਲਾਂ ਲੋਕ ਯਹੋਵਾਹ ਤੋਂ ਮੂੰਹ ਮੋੜ ਲੈਂਦੇ ਸਨ, ਫਿਰ ਉਹ ਜ਼ੁਲਮਾਂ ਦਾ ਸ਼ਿਕਾਰ ਬਣਦੇ ਸਨ, ਬਾਅਦ ਵਿਚ ਉਹ ਪਰਮੇਸ਼ੁਰ ਅੱਗੇ ਬੇਨਤੀਆਂ ਕਰਦੇ ਸਨ ਅਤੇ ਅਖ਼ੀਰ ਵਿਚ ਯਹੋਵਾਹ ਉਨ੍ਹਾਂ ਦਾ ਬਚਾਅ ਕਰਦਾ ਸੀ। *

ਯਹੋਵਾਹ ਤੋਂ ਮੂੰਹ ਮੋੜ ਲੈਣਾ। ਕਨਾਨੀ ਲੋਕਾਂ ਦੇ ਪਿੱਛੇ ਲੱਗ ਕੇ ਇਸਰਾਏਲੀਆਂ ਨੇ “ਯਹੋਵਾਹ ਨੂੰ ਛੱਡ ਦਿੱਤਾ” ਅਤੇ ਦੂਸਰੇ ਦੇਵੀ-ਦੇਵਤਿਆਂ, ਖ਼ਾਸ ਕਰਕੇ “ਬਆਲ ਅਤੇ ਅਸ਼ਤਾਰੋਥ ਦੀ ਪੂਜਾ” ਕਰਨ ਲੱਗ ਪਏ। * ਇਸ ਤਰ੍ਹਾਂ ਉਹ ਸੱਚੇ ਪਰਮੇਸ਼ੁਰ ਯਹੋਵਾਹ ਤੋਂ ਮੂੰਹ ਮੋੜ ਲੈਂਦੇ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ “ਯਹੋਵਾਹ ਦਾ ਕ੍ਰੋਧ ਉਕਸਾਇਆ,” ਜਿਸ ਨੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਂਦਾ ਸੀ।—ਆਇਤਾਂ 11-13; ਨਿਆਈਆਂ 2:1.

ਜ਼ੁਲਮਾਂ ਦਾ ਸ਼ਿਕਾਰ ਬਣਨਾ। ਨਾਰਾਜ਼ ਹੋ ਕੇ ਯਹੋਵਾਹ ਇਨ੍ਹਾਂ ਬੁਰੇ ਲੋਕਾਂ ਦੀ ਰੱਖਿਆ ਕਰਨੀ ਛੱਡ ਦਿੰਦਾ ਸੀ। ਫਿਰ ਇਸਰਾਏਲੀ ਆਪਣੇ ‘ਵੈਰੀਆਂ ਦੇ ਹੱਥੋਂ’ ਜ਼ੁਲਮਾਂ ਦਾ ਸ਼ਿਕਾਰ ਬਣ ਜਾਂਦੇ ਸਨ ਤੇ ਉਹ ਆ ਕੇ ਉਨ੍ਹਾਂ ਦੇ ਦੇਸ਼ ਨੂੰ ਲੁੱਟ ਲੈਂਦੇ ਸਨ।—ਆਇਤ 14.

ਪਰਮੇਸ਼ੁਰ ਅੱਗੇ ਬੇਨਤੀਆਂ। ਔਖੀਆਂ ਘੜੀਆਂ ਵਿਚ ਇਸਰਾਏਲੀ ਆਪਣੀਆਂ ਗ਼ਲਤੀਆਂ ਤੋਂ ਪਛਤਾਉਂਦੇ ਸਨ ਤੇ ਮਦਦ ਲਈ ਪਰਮੇਸ਼ੁਰ ਮੋਹਰੇ ਦੁਹਾਈ ਦਿੰਦੇ ਸਨ। ਬਾਈਬਲ ਕਹਿੰਦੀ ਹੈ ਕਿ ਉਹ ‘ਲੁਟੇਰਿਆਂ ਦੇ ਦੁੱਖ ਕਾਰਨ ਦੁਹਾਈ ਦਿੰਦੇ ਸਨ।’ (ਆਇਤ 18) ਜਦੋਂ ਵੀ ਇਸਰਾਏਲੀਆਂ ਉੱਤੇ ਦੁੱਖ ਆਉਂਦੇ ਸਨ, ਉਦੋਂ ਹੀ ਉਹ ਯਹੋਵਾਹ ਅੱਗੇ ਬੇਨਤੀਆਂ ਕਰਦੇ ਸਨ। (ਨਿਆਈਆਂ 3:9, 15; 4:3; 6:6, 7; 10:10) ਫਿਰ ਪਰਮੇਸ਼ੁਰ ਕੀ ਕਰਦਾ ਸੀ?

ਉਨ੍ਹਾਂ ਦਾ ਬਚਾਅ। ਯਹੋਵਾਹ ਇਸਰਾਏਲੀਆਂ ਦੀ ਦੁਹਾਈ ਸੁਣ ਕੇ ‘ਰੰਜ ਕਰਦਾ ਸੀ,’ ਜਾਂ ਪਛਤਾਉਂਦਾ ਸੀ। ਜਿਸ ਇਬਰਾਨੀ ਸ਼ਬਦ ਦਾ ਤਰਜਮਾ ‘ਰੰਜ ਕਰਨਾ’ ਕੀਤਾ ਗਿਆ ਹੈ, ਉਸ ਦਾ ਮਤਲਬ “ਮਨ ਜਾਂ ਇਰਾਦਾ ਬਦਲਣਾ” ਹੋ ਸਕਦਾ ਹੈ। ਇਕ ਕਿਤਾਬ ਅਨੁਸਾਰ, “ਉਨ੍ਹਾਂ ਦੀ ਦੁਹਾਈ ਸੁਣ ਕੇ ਯਹੋਵਾਹ ਆਪਣਾ ਇਰਾਦਾ ਬਦਲ ਲੈਂਦਾ ਸੀ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਇ ਬਚਾਉਂਦਾ ਸੀ।” ਉਨ੍ਹਾਂ ਉੱਤੇ ਰਹਿਮ ਕਰ ਕੇ ਯਹੋਵਾਹ ਉਨ੍ਹਾਂ ਲਈ ‘ਨਿਆਈਆਂ ਨੂੰ ਠਹਿਰਾਉਂਦਾ’ ਸੀ ਜਿਹੜੇ ਲੋਕਾਂ ਨੂੰ ਉਨ੍ਹਾਂ ਦੇ ਵੈਰੀਆਂ ਤੋਂ ਬਚਾਉਂਦੇ ਸਨ।—ਆਇਤ 18.

ਕੀ ਤੁਸੀਂ ਧਿਆਨ ਦਿੱਤਾ ਕਿ ਪਰਮੇਸ਼ੁਰ ਕਿਉਂ ਪਛਤਾਇਆ ਯਾਨੀ ਉਸ ਨੇ ਕਿਉਂ ਆਪਣਾ ਮਨ ਬਦਲਿਆ? ਕਿਉਂਕਿ ਲੋਕਾਂ ਨੇ ਆਪਣਾ ਰਵੱਈਆ ਬਦਲਿਆ ਸੀ। ਇਸ ਨੂੰ ਸਮਝਣ ਲਈ ਇਸ ਮਿਸਾਲ ’ਤੇ ਗੌਰ ਕਰੋ: ਇਕ ਪਿਤਾ ਆਪਣੇ ਬੱਚੇ ਦੀ ਗ਼ਲਤੀ ਲਈ ਉਸ ਨੂੰ ਸਜ਼ਾ ਦਿੰਦਾ ਹੈ, ਸ਼ਾਇਦ ਉਸ ’ਤੇ ਕੋਈ ਪਾਬੰਦੀ ਲਾਉਂਦਾ ਹੈ। ਪਰ ਜਦੋਂ ਉਹ ਦੇਖਦਾ ਹੈ ਕਿ ਬੱਚਾ ਸੱਚ-ਮੁੱਚ ਪਛਤਾ ਰਿਹਾ ਹੈ, ਤਾਂ ਪਿਤਾ ਸਜ਼ਾ ਦੇਣੋਂ ਹਟ ਜਾਂਦਾ ਹੈ।

ਅਸੀਂ ਇਸ ਬਿਰਤਾਂਤ ਤੋਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? ਜੇ ਅਸੀਂ ਜਾਣ-ਬੁੱਝ ਕੇ ਪਾਪ ਕਰਦੇ ਹਾਂ, ਤਾਂ ਉਸ ਨੂੰ ਗੁੱਸਾ ਆਉਂਦਾ ਹੈ, ਪਰ ਜੇ ਅਸੀਂ ਪਛਤਾਵਾ ਕਰੀਏ, ਤਾਂ ਉਹ ਸਾਡੇ ਉੱਤੇ ਰਹਿਮ ਕਰਦਾ ਹੈ। ਇਸ ਲਈ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨੂੰ ਜਾਂ ਤਾਂ ਖ਼ੁਸ਼ ਕਰ ਸਕਦੇ ਹਾਂ ਜਾਂ ਫਿਰ ਨਾਰਾਜ਼ ਕਰ ਸਕਦੇ ਹਾਂ। ਕਿਉਂ ਨਾ ਇਹ ਸਿੱਖਣ ਦਾ ਜਤਨ ਕਰੋ ਕਿ ਤੁਸੀਂ ਯਹੋਵਾਹ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹੋ? (ਕਹਾਉਤਾਂ 27:11) ਇਸ ਬਾਰੇ ਸਿੱਖਣ ਦਾ ਤੁਹਾਨੂੰ ਕਦੇ ਪਛਤਾਵਾ ਨਹੀਂ ਹੋਵੇਗਾ। (w10-E 02/01)

[ਫੁਟਨੋਟ]

^ ਪੈਰਾ 5 ਨਿਆਈਆਂ 2:11-18 ਵਿਚ ਇਸਰਾਏਲ ਕੌਮ ਦੇ ਰਵੱਈਏ ਬਾਰੇ ਥੋੜ੍ਹੇ ਸ਼ਬਦਾਂ ਵਿਚ ਦੱਸਿਆ ਗਿਆ ਹੈ ਤੇ ਫਿਰ ਅਗਲੇ ਅਧਿਆਵਾਂ ਵਿਚ ਖੋਲ੍ਹ ਕੇ ਲਿਖਿਆ ਗਿਆ ਹੈ।

^ ਪੈਰਾ 6 ਬਆਲ ਕਨਾਨੀਆਂ ਦਾ ਮੁੱਖ ਦੇਵਤਾ ਸੀ ਤੇ ਅਸ਼ਤਾਰੋਥ ਦੇਵੀ ਬਆਲ ਦੀ ਪਤਨੀ ਮੰਨੀ ਜਾਂਦੀ ਸੀ।