Skip to content

Skip to table of contents

ਕੀ ਧਰਤੀ ਜ਼ਿੰਦਗੀ ਕਾਇਮ ਰੱਖਣ ਲਈ ਹਮੇਸ਼ਾ ਅਨਾਜ ਪੈਦਾ ਕਰਦੀ ਰਹੇਗੀ?

ਕੀ ਧਰਤੀ ਜ਼ਿੰਦਗੀ ਕਾਇਮ ਰੱਖਣ ਲਈ ਹਮੇਸ਼ਾ ਅਨਾਜ ਪੈਦਾ ਕਰਦੀ ਰਹੇਗੀ?

ਪਾਠਕਾਂ ਦੇ ਸਵਾਲ

ਕੀ ਧਰਤੀ ਜ਼ਿੰਦਗੀ ਕਾਇਮ ਰੱਖਣ ਲਈ ਹਮੇਸ਼ਾ ਅਨਾਜ ਪੈਦਾ ਕਰਦੀ ਰਹੇਗੀ?

▪ ਸਾਡੀ ਸੁੰਦਰ ਧਰਤੀ ਉੱਤੇ ਜ਼ਿੰਦਗੀ ਕਾਇਮ ਰੱਖਣ ਲਈ ਵੱਡੇ-ਵੱਡੇ ਕੁਦਰਤੀ ਭੰਡਾਰ ਹਨ। ਪਰ ਅੱਜ ਦੁਨੀਆਂ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਧਰਤੀ ਦੇ ਕੁਦਰਤੀ ਭੰਡਾਰ ਵੀ ਧੜਾਧੜ ਖਾਲੀ ਕੀਤੇ ਜਾ ਰਹੇ ਹਨ। ਇਹ ਦੇਖ ਕੇ ਕੋਈ ਸ਼ਾਇਦ ਸੋਚੇ: ‘ਕਿਤੇ ਦੁਨੀਆਂ ਭੁੱਖੀ ਤਾਂ ਨਹੀਂ ਮਰ ਜਾਵੇਗੀ? ਕੀ ਸਾਰਿਆਂ ਲਈ ਖਾਣਾ ਅਤੇ ਕੁਦਰਤੀ ਭੰਡਾਰ ਹੋਣਗੇ?’

ਇਸ ਸਵਾਲ ਦਾ ਜਵਾਬ ਦੇਣ ਲਈ ਅਸੀਂ ਪਰਮੇਸ਼ੁਰ ਦੇ ਉਸ ਵਾਅਦੇ ਉੱਤੇ ਯਕੀਨ ਰੱਖ ਸਕਦੇ ਹਾਂ ਜੋ ਉਸ ਨੇ 4,000 ਸਾਲ ਪਹਿਲਾਂ ਕੀਤਾ ਸੀ: “ਧਰਤੀ ਦੇ ਸਾਰੇ ਦਿਨਾਂ ਤੀਕ ਬੀਜਣ ਅਰ ਵੱਢਣ, ਪਾਲਾ ਅਰ ਧੁੱਪ, ਹਾੜੀ ਅਰ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ।” (ਉਤਪਤ 8:22) ਜਿਵੇਂ ਸਾਨੂੰ ਯਕੀਨ ਹੈ ਕਿ ਹਰ ਰੋਜ਼ ਸੂਰਜ ਚੜ੍ਹੇਗਾ, ਉਸੇ ਤਰ੍ਹਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਜੀਵਨ ਕਾਇਮ ਰੱਖਣ ਲਈ ਧਰਤੀ ਹਮੇਸ਼ਾ ਅਨਾਜ ਪੈਦਾ ਕਰਦੀ ਰਹੇਗੀ।

2004 ਵਿਚ ਵਾਤਾਵਰਣ ਦੇ ਪੱਤਰਕਾਰ ਐਲਿਕਸ ਕਰਬੀ ਨੇ ਇਕ ਰਿਪੋਰਟ ਲਿਖੀ ਜਿਸ ਦਾ ਵਿਸ਼ਾ ਸੀ: “ਕੀ ਧਰਤੀ ਸਾਰਿਆਂ ਦਾ ਢਿੱਡ ਭਰ ਸਕਦੀ ਹੈ?” ਉਸ ਨੇ ਲਿਖਿਆ: “ਧਰਤੀ ਸਾਰਿਆਂ ਲਈ ਬਥੇਰਾ ਅੰਨ ਪੈਦਾ ਕਰਦੀ ਹੈ। ਪਰ ਇਹ ਜ਼ਿਆਦਾਤਰ ਗ਼ਲਤ ਥਾਂ ’ਤੇ ਹੁੰਦਾ ਹੈ ਜਾਂ ਮਹਿੰਗਾ ਹੁੰਦਾ ਹੈ ਤੇ ਜਾਂ ਫਿਰ ਜ਼ਿਆਦਾ ਦੇਰ ਤਕ ਸੰਭਾਲ ਕੇ ਨਹੀਂ ਰੱਖਿਆ ਜਾ ਸਕਦਾ। ਸੋ ਸਾਰਿਆਂ ਨੂੰ ਖਾਣਾ ਦੇਣਾ ਸਿਆਸੀ ਮਾਮਲਾ ਹੈ।” ਪਰ ਜੇ ਧਰਤੀ ਦਾ ਧਿਆਨ ਰੱਖਿਆ ਜਾਵੇ ਅਤੇ ਇਸ ਦੇ ਕੁਦਰਤੀ ਭੰਡਾਰਾਂ ਦੀ ਸੋਚ-ਸਮਝ ਕੇ ਵਰਤੋਂ ਕੀਤੀ ਜਾਵੇ, ਤਾਂ ਅੰਨ ਦੀ ਘਾਟ ਦਾ ਖ਼ਤਰਾ ਪੈਦਾ ਨਹੀਂ ਹੋਵੇਗਾ। ਮਿਸਾਲ ਲਈ, ਇਸਰਾਏਲੀਆਂ ਦੇ ਦਿਨਾਂ ਵਿਚ ਪਰਮੇਸ਼ੁਰ ਨੇ ਜ਼ਮੀਨ ਦੀ ਸਹੀ ਵਰਤੋਂ ਬਾਰੇ ਸਲਾਹ ਦਿੱਤੀ ਸੀ। ਲੇਵੀਆਂ 25:4 ਵਿਚ ਉਸ ਨੇ ਇਸਰਾਏਲੀਆਂ ਨੂੰ ਕਿਹਾ ਸੀ: ‘ਸੱਤਵੇਂ ਵਰਹੇ ਵਿੱਚ ਧਰਤੀ ਦੇ ਵਿਸਰਾਮ ਦਾ ਸਬਤ ਹੋਵੇਗਾ ਤੂੰ ਆਪਣੀ ਪੈਲੀ ਨਾ ਬੀਜੀਂ।’ ਭਾਵੇਂ ਕਿ ਉਨ੍ਹਾਂ ਨੇ ਹਰ ਸੱਤਵੇਂ ਸਾਲ ਆਪਣੇ ਖੇਤਾਂ ਵਿਚ ਫ਼ਸਲ ਨਹੀਂ ਬੀਜਣੀ ਸੀ, ਫਿਰ ਵੀ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਲੋਕਾਂ ਕੋਲ ਖਾਣ ਲਈ ਬਥੇਰਾ ਅੰਨ ਹੋਵੇ।—ਲੇਵੀਆਂ 26:3-5.

ਅੱਜ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਰਤੀ ਅਤੇ ਇਸ ਦੇ ਕੁਦਰਤੀ ਭੰਡਾਰਾਂ ਨੂੰ ਹੋਰ ਨੁਕਸਾਨ ਨਾ ਹੋਵੇ, ਪਰ ਕਈਆਂ ਦਾ ਕਹਿਣਾ ਹੈ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ। ਬਾਈਬਲ ਦੱਸਦੀ ਹੈ ਕਿ ਸਿਰਫ਼ ਪਰਮੇਸ਼ੁਰ ਹੀ ਇਸ ਸਮੱਸਿਆ ਨੂੰ ਹੱਲ ਕਰ ਸਕਦਾ ਹੈ। ਪਰਕਾਸ਼ ਦੀ ਪੋਥੀ 11:18 ਵਿਚ ਲਿਖਿਆ ਹੈ ਕਿ ਯਹੋਵਾਹ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰ ਰਹੇ ਹਨ!’ ਯਹੋਵਾਹ ਧਰਤੀ ਦਾ ਨੁਕਸਾਨ ਕਰਨ ਵਾਲਿਆਂ ਨੂੰ ਹੀ ਨਾਸ਼ ਨਹੀਂ ਕਰੇਗਾ, ਸਗੋਂ ਇਹ ਵੀ ਧਿਆਨ ਰੱਖੇਗਾ ਕਿ ਧਰਤੀ ’ਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਭੋਜਨ ਦੀ ਕਮੀ ਨਾ ਆਵੇ। ਜਿਹੜੇ ਜ਼ਿੱਦੀ ਲੋਕ ਪਰਮੇਸ਼ੁਰ ਦੇ ਮਕਸਦ ਦੇ ਖ਼ਿਲਾਫ਼ ਚੱਲਦੇ ਹਨ ਤੇ ਆਪਣੇ ਹੀ ਫ਼ਾਇਦੇ ਲਈ ਧਰਤੀ ਦਾ ਨੁਕਸਾਨ ਕਰਦੇ ਹਨ, ਉਨ੍ਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ। ਦੂਜੇ ਪਾਸੇ, ਯਹੋਵਾਹ ਦੀ ਹਕੂਮਤ ਦਾ ਖ਼ੁਸ਼ੀ-ਖ਼ੁਸ਼ੀ ਪੱਖ ਲੈਣ ਵਾਲੇ ਲੋਕ ਜ਼ਬੂਰ 72:16 ਦੇ ਸ਼ਬਦਾਂ ਦੀ ਪੂਰਤੀ ਦੇਖਣਗੇ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’

ਯਹੋਵਾਹ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਬਹੁਤ ਬੁੱਧੀਮਾਨ ਹੈ, ਇਸ ਲਈ ਉਸ ਨੇ ਠਾਣਿਆ ਹੈ ਕਿ ਇਨਸਾਨ ਧਰਤੀ ਉੱਤੇ ਰਹਿਣਗੇ ਅਤੇ ਇਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨਗੇ। (ਉਤਪਤ 1:28) ਉਸ ਦੀ ਹਕੂਮਤ ਅਧੀਨ ਆਗਿਆਕਾਰ ਲੋਕ ਧਰਤੀ ਦੇ ਕੁਦਰਤੀ ਭੰਡਾਰਾਂ ਨੂੰ ਸਮਝਦਾਰੀ ਨਾਲ ਵਰਤਣਾ ਸਿੱਖਣਗੇ। ਅਸੀਂ ਆਪਣੇ ਅੰਨਦਾਤਾ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ। ਉਹ ਆਉਣ ਵਾਲੇ ਸਮੇਂ ਵਿਚ ਹਰ ਜੀਉਂਦੇ ਜੀਅ ਦੀ ਇੱਛਾ ਪੂਰੀ ਕਰੇਗਾ।—ਜ਼ਬੂਰਾਂ ਦੀ ਪੋਥੀ 145:16. (w10-E 03/01)

[ਸਫ਼ਾ 12 ਉੱਤੇ ਸੁਰਖੀ]

“ਸਾਰਿਆਂ ਨੂੰ ਖਾਣਾ ਦੇਣਾ ਸਿਆਸੀ ਮਾਮਲਾ ਹੈ”