Skip to content

Skip to table of contents

ਇੱਕੋ ਇੱਜੜ, ਇੱਕੋ ਅਯਾਲੀ

ਇੱਕੋ ਇੱਜੜ, ਇੱਕੋ ਅਯਾਲੀ

ਇੱਕੋ ਇੱਜੜ, ਇੱਕੋ ਅਯਾਲੀ

“ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।”—ਮੱਤੀ 19:28.

1. ਯਹੋਵਾਹ ਅਬਰਾਹਾਮ ਦੀ ਅੰਸ ਨਾਲ ਕਿਵੇਂ ਪੇਸ਼ ਆਇਆ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਹੋਰਨਾਂ ਲੋਕਾਂ ਦੀ ਵੀ ਪਰਵਾਹ ਕਰਦਾ ਸੀ?

ਯਹੋਵਾਹ ਅਬਰਾਹਾਮ ਨੂੰ ਪਿਆਰ ਕਰਦਾ ਸੀ, ਇਸ ਲਈ ਉਹ ਅਬਰਾਹਾਮ ਦੀ ਅੰਸ ਨੂੰ ਵੀ ਪਿਆਰ ਕਰਦਾ ਰਿਹਾ। 15 ਸਦੀਆਂ ਤਕ ਉਸ ਨੇ ਅਬਰਾਹਾਮ ਦੀ ਅੰਸ ਯਾਨੀ ਇਸਰਾਏਲ ਕੌਮ ਨੂੰ ਆਪਣੇ ਚੁਣੇ ਹੋਏ ਲੋਕ ਅਤੇ ਆਪਣੀ “ਨਿੱਜੀ ਪਰਜਾ” ਸਮਝਿਆ। (ਬਿਵਸਥਾ ਸਾਰ 7:6 ਪੜ੍ਹੋ।) ਕੀ ਇਸ ਦਾ ਇਹ ਮਤਲਬ ਸੀ ਕਿ ਯਹੋਵਾਹ ਹੋਰਨਾਂ ਕੌਮਾਂ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦਾ ਸੀ? ਇੱਦਾਂ ਦੀ ਕੋਈ ਗੱਲ ਨਹੀਂ ਸੀ। ਉਸ ਵੇਲੇ ਜਿਹੜੇ ਗ਼ੈਰ-ਇਸਰਾਏਲੀ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਸਨ, ਉਹ ਉਸ ਦੀ ਖ਼ਾਸ ਕੌਮ ਦਾ ਹਿੱਸਾ ਬਣ ਸਕਦੇ ਸਨ। ਯਹੂਦੀ ਧਰਮ ਨੂੰ ਅਪਣਾਉਣ ਵਾਲੇ ਇਹ ਲੋਕ ਕੌਮ ਦਾ ਹਿੱਸਾ ਹੀ ਸਮਝੇ ਜਾਂਦੇ ਸਨ। ਉਨ੍ਹਾਂ ਨਾਲ ਭਰਾਵਾਂ ਵਰਗਾ ਸਲੂਕ ਕੀਤਾ ਜਾਣਾ ਚਾਹੀਦਾ ਸੀ। (ਲੇਵੀ. 19:33, 34) ਪਰ ਇਨ੍ਹਾਂ ਲੋਕਾਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਨ।—ਲੇਵੀ. 24:22.

2. ਯਿਸੂ ਨੇ ਕਿਹੜੀ ਚੌਂਕਾ ਦੇਣ ਵਾਲੀ ਗੱਲ ਕਹੀ ਅਤੇ ਇਸ ਕਰਕੇ ਕਿਹੜੇ ਸਵਾਲ ਪੈਦਾ ਹੁੰਦੇ ਹਨ?

2 ਯਿਸੂ ਨੇ ਆਪਣੇ ਜ਼ਮਾਨੇ ਦੇ ਯਹੂਦੀਆਂ ਨੂੰ ਇਹ ਚੌਂਕਾ ਦੇਣ ਵਾਲੀ ਗੱਲ ਕਹੀ: “ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।” (ਮੱਤੀ 21:43) ਇਹ ਨਵੀਂ ਕੌਮ ਕਿਨ੍ਹਾਂ ਦੀ ਬਣੀ ਹੋਈ ਹੈ ਅਤੇ ਸਾਡੇ ਉੱਤੇ ਅੱਜ ਇਸ ਤਬਦੀਲੀ ਦਾ ਕੀ ਅਸਰ ਪੈਂਦਾ ਹੈ?

ਨਵੀਂ ਕੌਮ

3, 4. (ੳ) ਪਤਰਸ ਰਸੂਲ ਨੇ ਨਵੀਂ ਕੌਮ ਦੀ ਪਛਾਣ ਕਿਵੇਂ ਕਰਵਾਈ? (ਅ) ਇਹ ਨਵੀਂ ਕੌਮ ਕਿਨ੍ਹਾਂ ਦੀ ਬਣੀ ਹੋਈ ਹੈ?

3 ਪਤਰਸ ਰਸੂਲ ਨੇ ਇਸ ਨਵੀਂ ਕੌਮ ਦੀ ਪਛਾਣ ਕਰਵਾਈ। ਉਸ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਲਿਖਿਆ: “ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।” (1 ਪਤ. 2:9) ਜਿਨ੍ਹਾਂ ਯਹੂਦੀਆਂ ਨੇ ਯਿਸੂ ਨੂੰ ਮਸੀਹਾ ਵਜੋਂ ਕਬੂਲ ਕਰ ਲਿਆ ਸੀ, ਉਹ ਇਸ ਨਵੀਂ ਕੌਮ ਦੇ ਪਹਿਲੇ ਮੈਂਬਰ ਬਣੇ ਸਨ। (ਦਾਨੀ. 9:27ੳ; ਮੱਤੀ 10:6) ਬਾਅਦ ਵਿਚ ਹੋਰਨਾਂ ਕੌਮਾਂ ਦੇ ਲੋਕ ਵੀ ਇਸ ਕੌਮ ਵਿਚ ਸ਼ਾਮਲ ਹੋ ਗਏ ਕਿਉਂਕਿ ਪਤਰਸ ਨੇ ਕਿਹਾ: “ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਓ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ।”—1 ਪਤ. 2:10.

4 ਪਤਰਸ ਕਿਸ ਦੇ ਨਾਲ ਗੱਲ ਕਰ ਰਿਹਾ ਸੀ? ਆਪਣੀ ਚਿੱਠੀ ਦੇ ਸ਼ੁਰੂ ਵਿਚ ਉਸ ਨੇ ਕਿਹਾ: ‘ਪਰਮੇਸ਼ੁਰ ਨੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ। ਅਰਥਾਤ ਓਸ ਅਵਨਾਸੀ, ਨਿਰਮਲ ਅਤੇ ਨਾ ਕੁਮਲਾਉਣ ਵਾਲੇ ਅਧਕਾਰ ਲਈ ਜੋ ਸੁਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਹੈ।’ (1 ਪਤ. 1:3, 4) ਸੋ ਇਹ ਨਵੀਂ ਕੌਮ ਮਸਹ ਕੀਤੇ ਹੋਏ ਮਸੀਹੀਆਂ ਦੀ ਬਣੀ ਹੋਈ ਹੈ ਜਿਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ। ਉਹ ‘ਪਰਮੇਸ਼ੁਰ ਦਾ ਇਸਰਾਏਲ’ ਹਨ। (ਗਲਾ. 6:16) ਯੂਹੰਨਾ ਨੇ ਦਰਸ਼ਣ ਵਿਚ ਦੇਖਿਆ ਕਿ ਇਨ੍ਹਾਂ ਦੀ ਗਿਣਤੀ 1,44,000 ਹੈ। ਉਹ “ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ” ਤਾਂਕਿ ਉਹ ‘ਜਾਜਕਾਂ’ ਵਜੋਂ ਸੇਵਾ ਕਰਨ ਦੇ ਨਾਲ-ਨਾਲ “[ਯਿਸੂ] ਦੇ ਨਾਲ ਹਜ਼ਾਰ ਵਰ੍ਹੇ ਰਾਜ” ਕਰਨ।—ਪਰ. 5:10; 7:4; 14:1, 4; 20:6; ਯਾਕੂ. 1:18.

ਕੀ ਇਨ੍ਹਾਂ ਵਿਚ ਹੋਰ ਲੋਕ ਵੀ ਸ਼ਾਮਲ ਹਨ?

5. (ੳ) ‘ਪਰਮੇਸ਼ੁਰ ਦਾ ਇਸਰਾਏਲ’ ਕਿਨ੍ਹਾਂ ਨੂੰ ਕਿਹਾ ਗਿਆ ਹੈ? (ਅ) “ਇਸਰਾਏਲ” ਸ਼ਬਦ ਸਿਰਫ਼ ਮਸਹ ਕੀਤੇ ਮਸੀਹੀਆਂ ਲਈ ਹੀ ਕਿਉਂ ਨਹੀਂ ਵਰਤਿਆ ਜਾਂਦਾ?

5 ਬਿਨਾਂ ਸ਼ੱਕ ਗਲਾਤੀਆਂ 6:16 ਵਿਚ ਸਿਰਫ਼ ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਕਿਹਾ ਗਿਆ ਹੈ। ਪਰ ਕੀ ਕਦੇ ਯਹੋਵਾਹ ਨੇ ਮਸਹ ਕੀਤੇ ਹੋਇਆਂ ਤੋਂ ਇਲਾਵਾ ਹੋਰਨਾਂ ਮਸੀਹੀਆਂ ਲਈ ਵੀ ਇਸਰਾਏਲ ਸ਼ਬਦ ਵਰਤਿਆ ਹੈ? ਇਸ ਦਾ ਜਵਾਬ ਵਫ਼ਾਦਾਰ ਰਸੂਲਾਂ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ: ‘ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।’ (ਲੂਕਾ 22:28-30) ਇਹ ਨਿਆਂ ਉਹ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਕਰਨਗੇ ਜਦੋਂ “ਨਵੀਂ ਸਰਿਸ਼ਟ” ਯਾਨੀ ਸਾਰਾ ਕੁਝ ਫਿਰ ਤੋਂ ਨਵਾਂ ਬਣੇਗਾ।—ਮੱਤੀ 19:28 ਪੜ੍ਹੋ।

6, 7. ਮੱਤੀ 19:28 ਅਤੇ ਲੂਕਾ 22:30 ਦੇ ਮੁਤਾਬਕ ‘ਇਸਰਾਏਲ ਦੇ ਬਾਰਾਂ ਗੋਤ’ ਕਿਨ੍ਹਾਂ ਨੂੰ ਦਰਸਾਉਂਦੇ ਹਨ?

6 ਹਜ਼ਾਰ ਸਾਲ ਦੇ ਰਾਜ ਦੌਰਾਨ 1,44,000 ਮਸੀਹੀ ਸਵਰਗੀ ਰਾਜਿਆਂ, ਜਾਜਕਾਂ ਅਤੇ ਨਿਆਈਆਂ ਵਜੋਂ ਸੇਵਾ ਕਰਨਗੇ। (ਪਰ. 20:4) ਉਹ ਕਿਨ੍ਹਾਂ ਦਾ ਨਿਆਂ ਅਤੇ ਕਿਨ੍ਹਾਂ ਉੱਤੇ ਰਾਜ ਕਰਨਗੇ? ਮੱਤੀ 19:28 ਅਤੇ ਲੂਕਾ 22:30 ਵਿਚ ਸਾਨੂੰ ਦੱਸਿਆ ਗਿਆ ਹੈ ਕਿ ਉਹ “ਇਸਰਾਏਲ ਦੀਆਂ ਬਾਰਾਂ ਗੋਤਾਂ” ਦਾ ਨਿਆਂ ਕਰਨਗੇ। ਇੱਥੇ ‘ਇਸਰਾਏਲ ਦੇ ਬਾਰਾਂ ਗੋਤ’ ਕਿਨ੍ਹਾਂ ਨੂੰ ਦਰਸਾਉਂਦੇ ਹਨ? ਉਹ ਉਨ੍ਹਾਂ ਨੂੰ ਦਰਸਾਉਂਦੇ ਹਨ ਜਿਹੜੇ ਧਰਤੀ ’ਤੇ ਰਹਿਣ ਦੀ ਉਮੀਦ ਰੱਖਦੇ ਹਨ ਅਤੇ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਨ। ਪਰ ਉਹ ਜਾਜਕਾਂ ਦੀ ਸ਼ਾਹੀ ਮੰਡਲੀ ਵਿਚ ਸ਼ਾਮਲ ਨਹੀਂ ਹਨ। (ਲੇਵੀਆਂ ਦਾ ਗੋਤ ਪੈਦਾਇਸ਼ੀ ਇਸਰਾਏਲ ਦੇ 12 ਗੋਤਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ।) ਇਸਰਾਏਲ ਦੇ 12 ਗੋਤ ਉਨ੍ਹਾਂ ਲੋਕਾਂ ਨੂੰ ਦਰਸਾਉਂਦੇ ਹਨ ਜਿਹੜੇ 1,44,000 ਜਾਜਕਾਂ ਦੀਆਂ ਸੇਵਾਵਾਂ ਤੋਂ ਫ਼ਾਇਦਾ ਉਠਾਉਣਗੇ। ਇਹ ਵੀ ਪਰਮੇਸ਼ੁਰ ਦੇ ਲੋਕ ਹਨ ਅਤੇ ਉਹ ਇਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਅਪਣਾਉਂਦਾ ਹੈ। ਇਸ ਲਈ ਇਨ੍ਹਾਂ ਲੋਕਾਂ ਦੀ ਤੁਲਨਾ ਪੁਰਾਣੇ ਜ਼ਮਾਨੇ ਦੇ ਇਸਰਾਏਲੀਆਂ ਨਾਲ ਕੀਤੀ ਗਈ ਹੈ ਜੋ ਜਾਜਕ ਨਹੀਂ ਹੁੰਦੇ ਸਨ।

7 ਯੂਹੰਨਾ ਰਸੂਲ ਨੇ ਦੇਖਿਆ ਕਿ ਵੱਡੀ ਬਿਪਤਾ ਤੋਂ ਪਹਿਲਾਂ 1,44,000 ਮਸਹ ਕੀਤੇ ਹੋਏ ਇਸਰਾਏਲੀਆਂ ’ਤੇ ਪੱਕੀ ਮੋਹਰ ਲੱਗਦੀ ਹੈ ਅਤੇ ਇਸ ਤੋਂ ਬਾਅਦ ਉਸ ਨੇ ਅਣਗਿਣਤ ਲੋਕਾਂ ਦੀ ਇਕ “ਵੱਡੀ ਭੀੜ” ਦੇਖੀ ਜੋ “ਹਰੇਕ ਕੌਮ ਵਿੱਚੋਂ” ਆਉਂਦੀ ਹੈ। (ਪਰ. 7:9) ਇਹ ਲੋਕ ਵੱਡੀ ਬਿਪਤਾ ਵਿੱਚੋਂ ਬਚ ਕੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਵਿਚ ਵੜਨਗੇ। ਉਸ ਰਾਜ ਦੌਰਾਨ ਅਰਬਾਂ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ। (ਯੂਹੰ. 5:28, 29; ਪਰ. 20:13) ਇਨ੍ਹਾਂ ਸਾਰਿਆਂ ਲੋਕਾਂ ਨੂੰ “ਇਸਰਾਏਲ ਦੀਆਂ ਬਾਰਾਂ ਗੋਤਾਂ” ਕਿਹਾ ਗਿਆ ਹੈ ਜਿਨ੍ਹਾਂ ਦਾ ਨਿਆਂ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਕਰਨਗੇ।—ਰਸੂ. 17:31; 24:15; ਪਰ. 20:12.

8. ਸਾਲਾਨਾ ਪ੍ਰਾਸਚਿਤ ਦੇ ਦਿਨ ਤੋਂ ਅਸੀਂ 1,44,000 ਤੇ ਬਾਕੀ ਮਨੁੱਖਜਾਤੀ ਦੇ ਰਿਸ਼ਤੇ ਬਾਰੇ ਕੀ ਸਿੱਖਦੇ ਹਾਂ?

8 ਹਰ ਸਾਲ ਇਸਰਾਏਲ ਵਿਚ ਜਾਜਕ ਪ੍ਰਾਸਚਿਤ ਦੇ ਦਿਨ ’ਤੇ ਬਲੀਆਂ ਚੜ੍ਹਾਉਂਦਾ ਸੀ। (ਲੇਵੀ. 16:6-10) ਪ੍ਰਧਾਨ ਜਾਜਕ ਪਹਿਲਾਂ “ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ” ਬਲਦ ਦੀ ਬਲੀ ਚੜ੍ਹਾਉਂਦਾ ਸੀ। ਇਸ ਤੋਂ ਬਾਅਦ ਉਹ ਬਾਕੀ ਇਸਰਾਏਲੀਆਂ ਦੇ ਪਾਪਾਂ ਦੀ ਮਾਫ਼ੀ ਲਈ ਦੋ ਬੱਕਰਿਆਂ ਦੀ ਬਲੀ ਚੜ੍ਹਾਉਂਦਾ ਸੀ। ਇਸੇ ਤਰ੍ਹਾਂ ਯਿਸੂ ਦਾ ਬਲੀਦਾਨ ਪਹਿਲਾਂ ਉਸ ਦੇ ਟੱਬਰ ਯਾਨੀ ਸਵਰਗ ਵਿਚ ਉਸ ਨਾਲ ਸੇਵਾ ਕਰਨ ਵਾਲੇ ਜਾਜਕਾਂ ’ਤੇ ਲਾਗੂ ਹੁੰਦਾ ਹੈ। ਬਾਅਦ ਵਿਚ ਇਹ ਧਰਤੀ ’ਤੇ ਜੀਣ ਦੀ ਉਮੀਦ ਰੱਖਣ ਵਾਲਿਆਂ ’ਤੇ ਲਾਗੂ ਹੁੰਦਾ ਹੈ। ਸੋ ਮੱਤੀ 19:28 ਵਿਚ ‘ਇਸਰਾਏਲ ਦੇ ਬਾਰਾਂ ਗੋਤ’ ਸ਼ਬਦ ਯਿਸੂ ਦੇ ਮਸਹ ਕੀਤੇ ਹੋਏ ਜਾਜਕਾਂ ਉੱਤੇ ਲਾਗੂ ਨਹੀਂ ਹੁੰਦੇ, ਸਗੋਂ ਉਨ੍ਹਾਂ ਸਾਰਿਆਂ ਉੱਤੇ ਲਾਗੂ ਹੁੰਦੇ ਹਨ ਜੋ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਰੱਖਦੇ ਹਨ। * ਪੁਰਾਣੇ ਇਸਰਾਏਲ ਵਿਚ ਹੋਈਆਂ ਇਨ੍ਹਾਂ ਗੱਲਾਂ ਤੋਂ ਅਸੀਂ 1,44,000 ਅਤੇ ਬਾਕੀ ਮਨੁੱਖਜਾਤੀ ਦੇ ਰਿਸ਼ਤੇ ਨੂੰ ਸਮਝ ਸਕਦੇ ਹਾਂ।

9. ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਵਿਚ ਜਾਜਕ ਅਤੇ ਇਸਰਾਏਲ ਦੇ ਬਾਕੀ ਗੋਤ ਕਿਨ੍ਹਾਂ ਨੂੰ ਦਰਸਾਉਂਦੇ ਹਨ?

9 ਇਕ ਹੋਰ ਮਿਸਾਲ ਵੱਲ ਧਿਆਨ ਦਿਓ। ਹਿਜ਼ਕੀਏਲ ਨਬੀ ਨੂੰ ਯਹੋਵਾਹ ਦੀ ਹੈਕਲ ਦਾ ਦਰਸ਼ਣ ਦਿਖਾਇਆ ਗਿਆ ਸੀ। (ਹਿਜ਼., ਅਧਿਆਇ 40-48) ਇਸ ਦਰਸ਼ਣ ਵਿਚ ਜਾਜਕਾਂ ਨੂੰ ਹੈਕਲ ਵਿਚ ਸੇਵਾ ਕਰਦਿਆਂ, ਸਿੱਖਿਆ ਦਿੰਦਿਆਂ ਅਤੇ ਯਹੋਵਾਹ ਦੀ ਸਲਾਹ ਤੇ ਤਾੜਨਾ ਕਬੂਲ ਕਰਦਿਆਂ ਦਿਖਾਇਆ ਗਿਆ ਸੀ। (ਹਿਜ਼. 44:23-31) ਇਹ ਵੀ ਦਿਖਾਇਆ ਗਿਆ ਕਿ ਵੱਖੋ-ਵੱਖਰੇ ਗੋਤਾਂ ਦੇ ਲੋਕ ਭਗਤੀ ਕਰਨ ਅਤੇ ਬਲੀਆਂ ਚੜ੍ਹਾਉਣ ਆਉਂਦੇ ਸਨ। (ਹਿਜ਼. 45:16, 17) ਸੋ ਇੱਥੇ ਜਾਜਕ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦੇ ਹਨ ਅਤੇ ਇਸਰਾਏਲ ਦੇ ਬਾਕੀ ਗੋਤ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਦਰਸਾਉਂਦੇ ਹਨ। ਇਹ ਦਰਸ਼ਣ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਦੋਵੇਂ ਸਮੂਹ ਮਿਲ ਕੇ ਕੰਮ ਕਰਦੇ ਹਨ ਜਦਕਿ ਜਾਜਕ ਸੱਚੀ ਭਗਤੀ ਕਰਨ ਵਿਚ ਅਗਵਾਈ ਕਰਦੇ ਹਨ।

10, 11. (ੳ) ਯਿਸੂ ਦੇ ਕਿਨ੍ਹਾਂ ਸ਼ਬਦਾਂ ਦੀ ਪੂਰਤੀ ਦੇਖ ਕੇ ਸਾਡੀ ਨਿਹਚਾ ਪੱਕੀ ਹੁੰਦੀ ਹੈ? (ਅ) ਹੋਰ ਭੇਡਾਂ ਬਾਰੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?

10 ਯਿਸੂ ਨੇ ‘ਹੋਰ ਭੇਡਾਂ’ ਦੀ ਗੱਲ ਕੀਤੀ ਸੀ ਜੋ ਉਸ “ਇੱਜੜ” ਵਿਚ ਨਹੀਂ ਹਨ ਜਿਸ ਵਿਚ ਮਸਹ ਕੀਤੇ ਹੋਏ ਮਸੀਹੀਆਂ ਦਾ ‘ਛੋਟਾ ਝੁੰਡ’ ਹੈ। (ਯੂਹੰ. 10:16; ਲੂਕਾ 12:32) ਯਿਸੂ ਨੇ ਕਿਹਾ: “ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ ਅਰ ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ।” ਇਨ੍ਹਾਂ ਸ਼ਬਦਾਂ ਦੀ ਪੂਰਤੀ ਦੇਖ ਕੇ ਸਾਡੀ ਨਿਹਚਾ ਕਿੰਨੀ ਪੱਕੀ ਹੁੰਦੀ ਹੈ! ਲੋਕਾਂ ਦੇ ਦੋ ਸਮੂਹਾਂ ਨੂੰ ਇਕੱਠਾ ਕੀਤਾ ਗਿਆ ਹੈ—ਮਸਹ ਕੀਤੇ ਹੋਇਆਂ ਦਾ ਛੋਟਾ ਸਮੂਹ ਅਤੇ ਹੋਰ ਭੇਡਾਂ ਦੀ ਵੱਡੀ ਭੀੜ। (ਜ਼ਕਰਯਾਹ 8:23 ਪੜ੍ਹੋ।) ਭਾਵੇਂ ਕਿ ਹੋਰ ਭੇਡਾਂ ਹੈਕਲ ਦੇ ਅੰਦਰਲੇ ਵਿਹੜੇ ਵਿਚ ਸੇਵਾ ਨਹੀਂ ਕਰਦੀਆਂ, ਪਰ ਉਹ ਹੈਕਲ ਦੇ ਬਾਹਰਲੇ ਵਿਹੜੇ ਵਿਚ ਸੇਵਾ ਕਰਦੀਆਂ ਹਨ।

11 ਪਰ ਜੇ ਯਹੋਵਾਹ ਕਦੇ-ਕਦੇ ਹੋਰ ਭੇਡਾਂ ਨੂੰ ਦਰਸਾਉਣ ਲਈ ਪ੍ਰਾਚੀਨ ਇਸਰਾਏਲ ਦੇ ਉਨ੍ਹਾਂ ਲੋਕਾਂ ਦੀ ਮਿਸਾਲ ਵਰਤਦਾ ਹੈ ਜੋ ਜਾਜਕ ਨਹੀਂ ਸਨ, ਤਾਂ ਕੀ ਹੋਰ ਭੇਡਾਂ ਨੂੰ ਵੀ ਮੈਮੋਰੀਅਲ ਵੇਲੇ ਵਾਈਨ ਪੀਣੀ ਅਤੇ ਰੋਟੀ ਖਾਣੀ ਚਾਹੀਦੀ ਹੈ? ਅਸੀਂ ਹੁਣ ਇਸ ਸਵਾਲ ਦੇ ਜਵਾਬ ਉੱਤੇ ਗੌਰ ਕਰਾਂਗੇ।

ਨਵਾਂ ਨੇਮ

12. ਯਹੋਵਾਹ ਨੇ ਕਿਹੜੇ ਨਵੇਂ ਪ੍ਰਬੰਧ ਦਾ ਜ਼ਿਕਰ ਕੀਤਾ ਸੀ?

12 ਯਹੋਵਾਹ ਨੇ ਆਪਣੇ ਲੋਕਾਂ ਲਈ ਇਕ ਨਵੇਂ ਪ੍ਰਬੰਧ ਦਾ ਜ਼ਿਕਰ ਕਰਦਿਆਂ ਕਿਹਾ: “ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, . . . ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।” (ਯਿਰ. 31:31-33) ਅਬਰਾਹਾਮ ਨਾਲ ਕੀਤੇ ਯਹੋਵਾਹ ਦੇ ਵਾਅਦੇ ਦੀ ਸ਼ਾਨਦਾਰ ਪੂਰਤੀ ਇਸ ਨਵੇਂ ਨੇਮ ਦੇ ਜ਼ਰੀਏ ਹੋਣੀ ਸੀ।—ਉਤਪਤ 22:18 ਪੜ੍ਹੋ।

13, 14. (ੳ) ਨਵੇਂ ਨੇਮ ਦੇ ਹਿੱਸੇਦਾਰ ਕੌਣ ਹਨ? (ਅ) ਨਵੇਂ ਨੇਮ ਤੋਂ ਲਾਭ ਉਠਾਉਣ ਵਾਲੇ ਕੌਣ ਹਨ ਅਤੇ ਉਹ ਇਸ ਨੂੰ ਕਿਵੇਂ ‘ਫੜੀ ਰੱਖਦੇ’ ਹਨ?

13 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਇਸ ਨਵੇਂ ਨੇਮ ਦਾ ਜ਼ਿਕਰ ਕਰਦਿਆਂ ਕਿਹਾ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।” (ਲੂਕਾ 22:20; 1 ਕੁਰਿੰ. 11:25) ਚੇਲੇ ਪਿਆਲੇ ਵਿੱਚੋਂ ਪੀ ਕੇ ਇਸ ਨੇਮ ਦੇ ਹਿੱਸੇਦਾਰ ਬਣੇ। * ਕੀ ਇਹ ਨੇਮ ਸਾਰੇ ਮਸੀਹੀਆਂ ਨਾਲ ਬੰਨ੍ਹਿਆ ਗਿਆ ਹੈ? ਨਹੀਂ। ਸਿਰਫ਼ ਕੁਝ ਮਸੀਹੀ ਇਸ ਨਵੇਂ ਨੇਮ ਦੇ ਹਿੱਸੇਦਾਰ ਹਨ। ਯਿਸੂ ਨੇ ਚੇਲਿਆਂ ਨਾਲ ਇਕ ਹੋਰ ਨੇਮ ਵੀ ਬੰਨ੍ਹਿਆ ਕਿ ਉਹ ਉਸ ਨਾਲ ਸਵਰਗ ਵਿਚ ਰਾਜ ਕਰਨਗੇ। (ਲੂਕਾ 22:28-30) ਇਸ ਤਰ੍ਹਾਂ ਉਹ ਸਵਰਗ ਵਿਚ ਯਿਸੂ ਨਾਲ ਰਾਜੇ ਬਣਨਗੇ।—ਲੂਕਾ 22:15, 16.

14 ਉਨ੍ਹਾਂ ਬਾਰੇ ਕੀ ਜੋ ਯਿਸੂ ਦੇ ਰਾਜ ਅਧੀਨ ਧਰਤੀ ਉੱਤੇ ਰਹਿਣਗੇ? ਉਹ ਇਸ ਨਵੇਂ ਨੇਮ ਤੋਂ ਲਾਭ ਉਠਾਉਂਦੇ ਹਨ। (ਗਲਾ. 3:8, 9) ਭਾਵੇਂ ਉਹ ਇਸ ਨੇਮ ਦੇ ਹਿੱਸੇਦਾਰ ਨਹੀਂ ਹਨ, ਪਰ ਉਹ ਇਸ ਨੇਮ ਦੀਆਂ ਮੰਗਾਂ ਪੂਰੀਆਂ ਕਰ ਕੇ ਇਸ ਨੂੰ ‘ਫੜੀ ਰੱਖਦੇ’ ਹਨ। ਯਸਾਯਾਹ ਨੇ ਵੀ ਉਨ੍ਹਾਂ ਬਾਰੇ ਭਵਿੱਖਬਾਣੀ ਕੀਤੀ ਸੀ: ‘ਓਪਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਭਈ ਓਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ, ਹਰੇਕ ਜੋ ਸਬਤ ਨੂੰ ਬਿਨਾ ਪਲੀਤ ਕੀਤੇ ਮੰਨਦਾ, ਅਤੇ ਮੇਰੇ ਨਾਮ ਨੂੰ ਫੜੀ ਰੱਖਦਾ ਹੈ, ਏਹਨਾਂ ਨੂੰ ਮੈਂ ਆਪਣੇ ਪਵਿੱਤ੍ਰ ਪਹਾੜ ਨੂੰ ਲਿਆਵਾਂਗਾ ਅਤੇ ਓਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦੁਆਵਾਂਗਾ।’ ਯਹੋਵਾਹ ਅੱਗੇ ਕਹਿੰਦਾ ਹੈ: “ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ।”—ਯਸਾ. 56:6, 7.

ਕਿਨ੍ਹਾਂ ਨੂੰ ਵਾਈਨ ਤੇ ਰੋਟੀ ਲੈਣੀ ਚਾਹੀਦੀ ਹੈ?

15, 16. (ੳ) ਪੌਲੁਸ ਰਸੂਲ ਨੇ ਨਵੇਂ ਨੇਮ ਦਾ ਸੰਬੰਧ ਕਿਸ ਨਾਲ ਜੋੜਿਆ ਸੀ? (ਅ) ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਵਾਈਨ ਤੇ ਰੋਟੀ ਕਿਉਂ ਨਹੀਂ ਲੈਣੀ ਚਾਹੀਦੀ?

15 ਜਿਹੜੇ ਨਵੇਂ ਨੇਮ ਦੇ ਹਿੱਸੇਦਾਰ ਹਨ, ਉਨ੍ਹਾਂ ਕੋਲ “ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਿਲੇਰੀ ਹੈ।” (ਇਬਰਾਨੀਆਂ 10:15-20 ਪੜ੍ਹੋ।) ਇਨ੍ਹਾਂ ਨੂੰ ‘ਇੱਕ ਰਾਜ ਦਿੱਤਾ ਜਾਵੇਗਾ ਜਿਹੜਾ ਹਿਲਾਇਆ ਨਹੀਂ ਜਾਂਦਾ।’ (ਇਬ. 12:28) ਤਾਂ ਫਿਰ ਨਵੇਂ ਨੇਮ ਦੇ “ਪਿਆਲੇ” ਵਿੱਚੋਂ ਸਿਰਫ਼ ਉਨ੍ਹਾਂ ਨੂੰ ਹੀ ਪੀਣਾ ਚਾਹੀਦਾ ਹੈ ਜੋ ਯਿਸੂ ਮਸੀਹ ਨਾਲ ਸਵਰਗ ਵਿਚ ਜਾਜਕ ਅਤੇ ਰਾਜੇ ਹੋਣਗੇ। ਨਵੇਂ ਨੇਮ ਦੇ ਇਨ੍ਹਾਂ ਹਿੱਸੇਦਾਰਾਂ ਦੀ ਲੇਲੇ ਨਾਲ ਕੁੜਮਾਈ ਹੋਈ ਹੈ। (2 ਕੁਰਿੰ. 11:2; ਪਰ. 21:2, 9) ਮੈਮੋਰੀਅਲ ਵਿਚ ਹਾਜ਼ਰ ਹੁੰਦੇ ਬਾਕੀ ਸਾਰੇ ਲੋਕ ਇਸ ਮੌਕੇ ਦਾ ਆਦਰ ਕਰਦੇ ਹਨ, ਪਰ ਵਾਈਨ ਤੇ ਰੋਟੀ ਨਹੀਂ ਲੈਂਦੇ।

16 ਪੌਲੁਸ ਵੀ ਸਾਡੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਵਾਈਨ ਤੇ ਰੋਟੀ ਕਿਉਂ ਨਹੀਂ ਲੈਂਦੇ। ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਹਾ: ‘ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ।’ (1 ਕੁਰਿੰ. 11:26) ਪ੍ਰਭੂ ਕਦੋਂ ‘ਆਵੇਗਾ’? ਜਦ ਉਹ ਆਪਣੀ ਮਸਹ ਕੀਤੀ ਹੋਈ ਲਾੜੀ ਦੇ ਆਖ਼ਰੀ ਮੈਂਬਰ ਨੂੰ ਸਵਰਗ ਲੈ ਜਾਣ ਆਵੇਗਾ। (ਯੂਹੰ. 14:2, 3) ਸੋ ਯਿਸੂ ਦੀ ਮੌਤ ਦੀ ਯਾਦਗਾਰ ਹਮੇਸ਼ਾ ਦੇ ਲਈ ਨਹੀਂ ਮਨਾਈ ਜਾਂਦੀ ਰਹੇਗੀ। ਪਰ ਧਰਤੀ ’ਤੇ ਤੀਵੀਂ ਦੀ ਸੰਤਾਨ ਵਿੱਚੋਂ ਬਾਕੀ “ਰਹਿੰਦੇ” ਤਦ ਤਕ ਇਹ ਵਰ੍ਹੇਗੰਢ ਮਨਾਉਂਦੇ ਰਹਿਣਗੇ ਜਦ ਤਕ ਆਖ਼ਰੀ ਮੈਂਬਰ ਆਪਣਾ ਸਵਰਗੀ ਇਨਾਮ ਨਹੀਂ ਪਾ ਲੈਂਦਾ। (ਪਰ. 12:17) ਸਾਨੂੰ ਪਤਾ ਹੈ ਕਿ ਧਰਤੀ ’ਤੇ ਜੀਣ ਦੀ ਉਮੀਦ ਰੱਖਣ ਵਾਲੇ ਹਮੇਸ਼ਾ ਲਈ ਜੀਣਗੇ। ਸੋ ਜੇ ਉਨ੍ਹਾਂ ਨੂੰ ਵਾਈਨ ਤੇ ਰੋਟੀ ਲੈਣ ਦਾ ਹੱਕ ਹੁੰਦਾ, ਤਾਂ ਇਹ ਵਰ੍ਹੇਗੰਢ ਹਮੇਸ਼ਾ ਲਈ ਮਨਾਈ ਜਾਂਦੀ ਰਹਿਣੀ ਸੀ।

“ਓਹ ਮੇਰੀ ਪਰਜਾ ਹੋਣਗੇ”

17, 18. ਹਿਜ਼ਕੀਏਲ 37:26, 27 ਦੀ ਭਵਿੱਖਬਾਣੀ ਦੀ ਪੂਰਤੀ ਕਿਵੇਂ ਹੋਈ ਹੈ?

17 ਯਹੋਵਾਹ ਨੇ ਆਪਣੇ ਲੋਕਾਂ ਦੀ ਏਕਤਾ ਬਾਰੇ ਭਵਿੱਖਬਾਣੀ ਕਰਦੇ ਹੋਏ ਕਿਹਾ: “ਮੈਂ ਉਨ੍ਹਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨ੍ਹਾਂਗਾ ਅਤੇ ਮੈਂ ਉਨ੍ਹਾਂ ਨੂੰ ਵਸਾਵਾਂਗਾ ਅਤੇ ਉਨ੍ਹਾਂ ਨੂੰ ਵਧਾਵਾਂਗਾ ਅਤੇ ਉਨ੍ਹਾਂ ਦੇ ਵਿਚਕਾਰ ਆਪਣੇ ਪਵਿੱਤ੍ਰ ਅਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ। ਮੇਰਾ ਡੇਹਰਾ ਵੀ ਉਨ੍ਹਾਂ ਦੇ ਵਿੱਚ ਹੋਵੇਗਾ, ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।”—ਹਿਜ਼. 37:26, 27.

18 ਮਸੀਹੀ ਸ਼ਾਂਤੀ ਦੇ ਨੇਮ ਬਾਰੇ ਕੀਤੇ ਇਸ ਵਾਅਦੇ ਦੀ ਪੂਰਤੀ ਤੋਂ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਹੈ। ਯਹੋਵਾਹ ਨੇ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਗਾਰੰਟੀ ਦਿੱਤੀ ਹੈ ਕਿ ਉਹ ਸ਼ਾਂਤੀ ਨਾਲ ਰਹਿਣਗੇ। ਉਨ੍ਹਾਂ ਦੇ ਵਿਚ ਪਰਮੇਸ਼ੁਰ ਦੀ ਸ਼ਕਤੀ ਦਾ ਫਲ ਸਾਫ਼ ਨਜ਼ਰ ਆਉਂਦਾ ਹੈ। ਯਹੋਵਾਹ ਦਾ ਪਵਿੱਤਰ ਅਸਥਾਨ ਉਨ੍ਹਾਂ ਵਿਚਕਾਰ ਹੈ ਯਾਨੀ ਉਹ ਸ਼ੁੱਧ ਉਪਾਸਨਾ ਕਰਦੇ ਹਨ। ਉਹ ਸੱਚ-ਮੁੱਚ ਉਸ ਦੇ ਲੋਕ ਬਣ ਚੁੱਕੇ ਹਨ ਕਿਉਂਕਿ ਉਨ੍ਹਾਂ ਨੇ ਹਰ ਤਰ੍ਹਾਂ ਦੀ ਮੂਰਤੀ-ਪੂਜਾ ਛੱਡ ਦਿੱਤੀ ਹੈ ਅਤੇ ਸਿਰਫ਼ ਯਹੋਵਾਹ ਨੂੰ ਹੀ ਆਪਣਾ ਪਰਮੇਸ਼ੁਰ ਮੰਨਦੇ ਹਨ।

19, 20. ਕੌਣ ਉਨ੍ਹਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਯਹੋਵਾਹ “ਮੇਰੀ ਪਰਜਾ” ਕਹਿੰਦਾ ਹੈ ਅਤੇ ਨਵੇਂ ਨੇਮ ਦੇ ਜ਼ਰੀਏ ਕੀ ਮੁਮਕਿਨ ਹੋਇਆ ਹੈ?

19 ਸਾਨੂੰ ਆਪਣੇ ਜ਼ਮਾਨੇ ਵਿਚ ਦੋ ਸਮੂਹਾਂ ਨੂੰ ਏਕਤਾ ਨਾਲ ਰਹਿੰਦਿਆਂ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ! ਭਾਵੇਂ ਕਿ ਵਧਦੀ ਜਾ ਰਹੀ ਵੱਡੀ ਭੀੜ ਸਵਰਗ ਜਾਣ ਦੀ ਉਮੀਦ ਨਹੀਂ ਰੱਖਦੀ, ਪਰ ਉਹ ਇਸ ਨੂੰ ਮਾਣ ਦੀ ਗੱਲ ਸਮਝਦੀ ਹੈ ਕਿ ਉਹ ਇਹ ਉਮੀਦ ਰੱਖਣ ਵਾਲਿਆਂ ਦਾ ਸਾਥ ਦਿੰਦੀ ਹੈ। ਉਹ ਪਰਮੇਸ਼ੁਰ ਦੇ ਇਸਰਾਏਲ ਨਾਲ ਮਿਲ ਕੇ ਇਕ ਹੋ ਗਏ ਹਨ। ਇਸ ਤਰ੍ਹਾਂ ਕਰ ਕੇ ਉਹ ਉਨ੍ਹਾਂ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਯਹੋਵਾਹ “ਮੇਰੀ ਪਰਜਾ” ਕਹਿੰਦਾ ਹੈ। ਅਸੀਂ ਉਨ੍ਹਾਂ ’ਤੇ ਇਹ ਭਵਿੱਖਬਾਣੀ ਪੂਰੀ ਹੁੰਦੀ ਦੇਖਦੇ ਹਾਂ: ‘ਉਸ ਸਮੇਂ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਮੇਲ ਕਰ ਲੈਣਗੀਆਂ ਅਤੇ ਓਹ ਮੇਰੀ ਪਰਜਾ ਹੋਣਗੀਆਂ, ਮੈਂ ਓਹਨਾਂ ਦੇ ਵਿੱਚ ਵੱਸਾਂਗਾ।’—ਜ਼ਕ. 2:11; 8:21; ਯਸਾਯਾਹ 65:22; ਪਰਕਾਸ਼ ਦੀ ਪੋਥੀ 21:3, 4 ਪੜ੍ਹੋ।

20 ਇਸ ਨਵੇਂ ਨੇਮ ਦੇ ਜ਼ਰੀਏ ਯਹੋਵਾਹ ਨੇ ਸਭ ਕੁਝ ਮੁਮਕਿਨ ਕੀਤਾ ਹੈ। ਯਹੋਵਾਹ ਤੋਂ ਦੂਰ ਹੋਏ ਲੱਖਾਂ ਹੀ ਓਪਰੇ ਲੋਕ ਉਸ ਦੀ ਕੌਮ ਦਾ ਹਿੱਸਾ ਬਣੇ ਹਨ। (ਮੀਕਾ. 4:1-5) ਉਨ੍ਹਾਂ ਨੇ ਠਾਣ ਲਿਆ ਹੈ ਕਿ ਉਹ ਨਵੇਂ ਨੇਮ ਦੇ ਇੰਤਜ਼ਾਮਾਂ ਨੂੰ ਸਵੀਕਾਰ ਕਰ ਕੇ ਅਤੇ ਇਸ ਦੀਆਂ ਮੰਗਾਂ ਪੂਰੀਆਂ ਕਰ ਕੇ ਇਸ ਨੇਮ ਨੂੰ ਫੜੀ ਰੱਖਣਗੇ। (ਯਸਾ. 56:6, 7) ਇਸ ਤਰ੍ਹਾਂ ਕਰ ਕੇ ਉਹ ਪਰਮੇਸ਼ੁਰ ਦੇ ਇਸਰਾਏਲ ਨਾਲ ਮਿਲ ਕੇ ਸ਼ਾਂਤੀ ਦਾ ਆਨੰਦ ਮਾਣ ਰਹੇ ਹਨ। ਸਾਡੀ ਇਹੀ ਦੁਆ ਹੈ ਕਿ ਹੁਣ ਅਤੇ ਆਉਣ ਵਾਲੇ ਸਮੇਂ ਵਿਚ ਤੁਸੀਂ ਵੀ ਇਸ ਬਰਕਤ ਦਾ ਆਨੰਦ ਮਾਣਦੇ ਰਹੋ!

[ਫੁਟਨੋਟ]

^ ਪੈਰਾ 8 ਇਸੇ ਤਰ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਮੁੱਖ ਤੌਰ ਤੇ “ਕਲੀਸਿਯਾ” ਕਿਹਾ ਗਿਆ ਹੈ। (ਇਬ. 12:23) ਪਰ “ਕਲੀਸਿਯਾ” ਸ਼ਬਦ ਸਾਰੇ ਮਸੀਹੀਆਂ ’ਤੇ ਵੀ ਲਾਗੂ ਹੋ ਸਕਦਾ ਹੈ ਭਾਵੇਂ ਉਨ੍ਹਾਂ ਦੀ ਉਮੀਦ ਜੋ ਮਰਜ਼ੀ ਹੋਵੇ।—15 ਅਪ੍ਰੈਲ 2007 ਦੇ ਪਹਿਰਾਬੁਰਜ ਦੇ ਸਫ਼ੇ 21-23 ਦੇਖੋ।

^ ਪੈਰਾ 13 ਯਿਸੂ ਇਸ ਨੇਮ ਦਾ ਵਿਚੋਲਾ ਹੈ ਨਾ ਕਿ ਹਿੱਸੇਦਾਰ। ਵਿਚੋਲੇ ਵਜੋਂ ਉਸ ਨੇ ਨਾ ਹੀ ਵਾਈਨ ਪੀਤੀ ਹੋਣੀ ਤੇ ਨਾ ਹੀ ਰੋਟੀ ਖਾਧੀ ਹੋਣੀ।

ਕੀ ਤੁਹਾਨੂੰ ਯਾਦ ਹੈ?

• ‘ਇਸਰਾਏਲ ਦੇ ਬਾਰਾਂ ਗੋਤ’ ਕੌਣ ਹਨ ਜਿਨ੍ਹਾਂ ਦਾ ਨਿਆਂ 1,44,000 ਕਰਨਗੇ?

• ਨਵੇਂ ਨੇਮ ਵਿਚ ਮਸਹ ਕੀਤੇ ਹੋਇਆਂ ਅਤੇ ਹੋਰ ਭੇਡਾਂ ਦਾ ਕੀ ਰਿਸ਼ਤਾ ਹੈ?

• ਕੀ ਸਾਰੇ ਮਸੀਹੀਆਂ ਨੂੰ ਮੈਮੋਰੀਅਲ ਵੇਲੇ ਵਾਈਨ ਤੇ ਰੋਟੀ ਲੈਣੀ ਚਾਹੀਦੀ ਹੈ?

• ਸਾਡੇ ਜ਼ਮਾਨੇ ਵਿਚ ਕਿਹੜੀ ਏਕਤਾ ਦੀ ਭਵਿੱਖਬਾਣੀ ਕੀਤੀ ਗਈ ਸੀ?

[ਸਵਾਲ]

[ਸਫ਼ਾ 25 ਉੱਤੇ ਗ੍ਰਾਫ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਇਸਰਾਏਲ ਨਾਲ ਮਿਲ ਕੇ ਸੇਵਾ ਕਰ ਰਹੇ ਹਨ

73,13,173

40,17,213

14,83,430

3,73,430

1950 1970 1990 2009