Skip to content

Skip to table of contents

ਕਿਸ ਦੇ ਨਾਂ ਉੱਤੇ ਬਪਤਿਸਮਾ?

ਕਿਸ ਦੇ ਨਾਂ ਉੱਤੇ ਬਪਤਿਸਮਾ?

ਕਿਸ ਦੇ ਨਾਂ ਉੱਤੇ ਬਪਤਿਸਮਾ?

‘ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਸ਼ਕਤੀ ਦੇ ਨਾਮ ਵਿੱਚ ਬਪਤਿਸਮਾ ਦਿਓ।’—ਮੱਤੀ 28:19.

1, 2. (ੳ) ਪੰਤੇਕੁਸਤ 33 ਈਸਵੀ ਦੇ ਦਿਨ ਯਰੂਸ਼ਲਮ ਵਿਚ ਕੀ ਹੋਇਆ? (ਅ) ਭੀੜਾਂ ਵਿੱਚੋਂ ਕਈ ਲੋਕਾਂ ਨੇ ਕਿਉਂ ਬਪਤਿਸਮਾ ਲਿਆ?

ਯਰੂਸ਼ਲਮ ਵਿਚ ਕਈ ਦੇਸ਼ਾਂ ਤੋਂ ਲੋਕਾਂ ਦੀਆਂ ਭੀੜਾਂ ਦੀਆਂ ਭੀੜਾਂ ਆਈਆਂ ਹੋਈਆਂ ਸਨ। ਪੰਤੇਕੁਸਤ 33 ਈਸਵੀ ਦੇ ਦਿਨ ਇਕ ਅਹਿਮ ਤਿਉਹਾਰ ਮਨਾਇਆ ਜਾ ਰਿਹਾ ਸੀ ਜਿਸ ਵਿਚ ਕਈ ਲੋਕ ਹਿੱਸਾ ਲੈ ਰਹੇ ਸਨ। ਪਰ ਫਿਰ ਇਕ ਅਨੋਖੀ ਗੱਲ ਹੋਈ ਜਿਸ ਤੋਂ ਬਾਅਦ ਪਤਰਸ ਰਸੂਲ ਨੇ ਜੋਸ਼ੀਲਾ ਭਾਸ਼ਣ ਦਿੱਤਾ ਜਿਸ ਦਾ ਲੋਕਾਂ ਉੱਤੇ ਬਹੁਤ ਅਸਰ ਪਿਆ। ਤਕਰੀਬਨ 3,000 ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਦੇ ਦਿਲਾਂ ਨੂੰ ਉਸ ਦੀਆਂ ਗੱਲਾਂ ਛੋਹ ਗਈਆਂ। ਇਸ ਕਰਕੇ ਉਨ੍ਹਾਂ ਨੇ ਪਾਪਾਂ ਤੋਂ ਤੋਬਾ ਕੀਤੀ ਅਤੇ ਪਾਣੀ ਵਿਚ ਬਪਤਿਸਮਾ ਲੈ ਲਿਆ। ਇਸ ਤਰ੍ਹਾਂ ਇਹ ਲੋਕ ਨਵੀਂ ਬਣੀ ਮਸੀਹੀ ਕਲੀਸਿਯਾ ਵਿਚ ਸ਼ਾਮਲ ਹੋ ਗਏ। (ਰਸੂ. 2:41) ਯਰੂਸ਼ਲਮ ਵਿਚ ਜੰਗਲ ਦੀ ਅੱਗ ਵਾਂਗ ਇਹ ਗੱਲ ਫੈਲ ਗਈ ਕਿ ਤਲਾਬਾਂ ਜਾਂ ਝੀਲਾਂ ਵਿਚ ਕਿੰਨੇ ਸਾਰੇ ਲੋਕਾਂ ਨੇ ਬਪਤਿਸਮਾ ਲਿਆ!

2 ਕਿਸ ਗੱਲ ਕਾਰਨ ਇੰਨੇ ਸਾਰੇ ਲੋਕਾਂ ਨੇ ਬਪਤਿਸਮਾ ਲਿਆ? ਉਸ ਦਿਨ ਬਪਤਿਸਮੇ ਤੋਂ ਪਹਿਲਾਂ “ਅਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ।” ਚੁਬਾਰੇ ਵਿਚ ਇਕੱਠੇ ਹੋਏ ਯਿਸੂ ਦੇ 120 ਚੇਲਿਆਂ ਉੱਤੇ ਪਵਿੱਤਰ ਸ਼ਕਤੀ ਆਈ। ਇਸ ਤੋਂ ਬਾਅਦ ਕਈ ਧਰਮੀ ਆਦਮੀ ਤੇ ਔਰਤਾਂ ਇਕੱਠੇ ਹੋ ਗਏ ਅਤੇ ਚੇਲਿਆਂ ਨੂੰ ‘ਹੋਰ ਬੋਲੀਆਂ ਬੋਲਦਿਆਂ’ ਸੁਣ ਕੇ ਹੈਰਾਨ ਹੋਏ। ਹੋਰ ਗੱਲਾਂ ਦੇ ਨਾਲ-ਨਾਲ ਯਿਸੂ ਦੀ ਮੌਤ ਬਾਰੇ ਪਤਰਸ ਦੀਆਂ ਪ੍ਰਭਾਵਸ਼ਾਲੀ ਗੱਲਾਂ ਸੁਣ ਕੇ ਕਈਆਂ ਦੇ “ਦਿਲ ਛਿਦ ਗਏ।” ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ? ਪਤਰਸ ਨੇ ਕਿਹਾ: ‘ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤ੍ਰ ਸ਼ਕਤੀ ਦਾ ਦਾਨ ਪਾਓਗੇ।’—ਰਸੂ. 2:1-4, 36-38.

3. ਪੰਤੇਕੁਸਤ ਦੇ ਦਿਨ ਤੋਬਾ ਕਰਨ ਵਾਲੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਕੀ ਕਰਨ ਦੀ ਲੋੜ ਸੀ?

3 ਜ਼ਰਾ ਸੋਚੋ ਕਿ ਪਤਰਸ ਦੀ ਗੱਲ ਸੁਣਨ ਵਾਲੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਕਿੰਨਾ ਕੁ ਧਾਰਮਿਕ ਗਿਆਨ ਸੀ। ਉਨ੍ਹਾਂ ਨੇ ਪਹਿਲਾਂ ਹੀ ਯਹੋਵਾਹ ਨੂੰ ਆਪਣਾ ਰੱਬ ਮੰਨ ਲਿਆ ਸੀ। ਇਬਰਾਨੀ ਸ਼ਾਸਤਰਾਂ ਤੋਂ ਉਹ ਪਵਿੱਤਰ ਸ਼ਕਤੀ ਬਾਰੇ ਜਾਣਦੇ ਸਨ। ਉਹ ਇਹ ਵੀ ਜਾਣਦੇ ਸਨ ਕਿ ਯਹੋਵਾਹ ਇਹ ਸ਼ਕਤੀ ਸਭ ਕੁਝ ਰਚਣ ਵੇਲੇ ਅਤੇ ਉਸ ਤੋਂ ਬਾਅਦ ਵੀ ਇਸਤੇਮਾਲ ਕਰਦਾ ਰਿਹਾ। (ਉਤ. 1:2; ਨਿਆ. 14:5, 6; 1 ਸਮੂ. 10:6; ਜ਼ਬੂ. 33:6) ਪਰ ਉਨ੍ਹਾਂ ਨੂੰ ਹੋਰ ਵੀ ਕੁਝ ਜਾਣਨ ਦੀ ਲੋੜ ਸੀ। ਉਨ੍ਹਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਸੀ ਕਿ ਮਸੀਹਾ ਯਾਨੀ ਯਿਸੂ ਹੀ ਪਰਮੇਸ਼ੁਰ ਵੱਲੋਂ ਮੁਕਤੀ ਦਾ ਜ਼ਰੀਆ ਸੀ ਜਿਸ ਨੂੰ ਸਵੀਕਾਰ ਕਰਨ ਦੀ ਲੋੜ ਸੀ। ਇਸੇ ਲਈ ਪਤਰਸ ਨੇ ‘ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲੈਣ’ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਤੋਂ ਥੋੜ੍ਹੇ ਹੀ ਦਿਨ ਪਹਿਲਾਂ ਮੁੜ ਜੀਉਂਦੇ ਹੋਏ ਯਿਸੂ ਨੇ ਪਤਰਸ ਅਤੇ ਹੋਰਨਾਂ ਨੂੰ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ‘ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਸ਼ਕਤੀ ਦੇ ਨਾਮ ਵਿੱਚ’ ਬਪਤਿਸਮਾ ਦੇਣ। (ਮੱਤੀ 28:19, 20) ਇਹ ਗੱਲ ਪਹਿਲੀ ਸਦੀ ਵਿਚ ਬਹੁਤ ਮਾਅਨੇ ਰੱਖਦੀ ਸੀ ਤੇ ਅੱਜ ਵੀ ਰੱਖਦੀ ਹੈ। ਪਰ ਇਸ ਗੱਲ ਦਾ ਕੀ ਮਤਲਬ ਹੈ?

ਪਿਤਾ ਦੇ ਨਾਂ ’ਤੇ

4. ਯਹੋਵਾਹ ਨੇ ਕਿਹੜੀ ਵੱਡੀ ਤਬਦੀਲੀ ਕੀਤੀ?

4 ਪਤਰਸ ਦਾ ਭਾਸ਼ਣ ਸੁਣ ਕੇ ਬਪਤਿਸਮਾ ਲੈਣ ਵਾਲੇ ਪਹਿਲਾਂ ਹੀ ਯਹੋਵਾਹ ਦੀ ਭਗਤੀ ਕਰਦੇ ਸਨ ਅਤੇ ਉਸ ਨਾਲ ਉਨ੍ਹਾਂ ਦਾ ਚੰਗਾ ਰਿਸ਼ਤਾ ਸੀ। ਉਹ ਬਿਵਸਥਾ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਰਕੇ ਉਹ ਹੋਰਨਾਂ ਦੇਸ਼ਾਂ ਤੋਂ ਯਰੂਸ਼ਲਮ ਆਏ ਸਨ। (ਰਸੂ. 2:5-11) ਪਰ ਹੁਣ ਪਰਮੇਸ਼ੁਰ ਨੇ ਇਕ ਬਹੁਤ ਵੱਡੀ ਤਬਦੀਲੀ ਕੀਤੀ ਸੀ। ਉਸ ਨੇ ਯਹੂਦੀਆਂ ਨੂੰ ਆਪਣੀ ਖ਼ਾਸ ਕੌਮ ਵਜੋਂ ਰੱਦ ਕਰ ਦਿੱਤਾ ਸੀ, ਇਸ ਕਰਕੇ ਹੁਣ ਉਹ ਬਿਵਸਥਾ ਦੀ ਪਾਲਣਾ ਕਰ ਕੇ ਉਸ ਦੀ ਮਿਹਰ ਨਹੀਂ ਪਾ ਸਕਦੇ ਸਨ। (ਮੱਤੀ 21:43; ਕੁਲੁ. 2:14) ਜੇ ਪਤਰਸ ਦੀ ਗੱਲ ਸੁਣਨ ਵਾਲੇ ਯਹੋਵਾਹ ਨਾਲ ਆਪਣਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਕੁਝ ਹੋਰ ਕਰਨ ਦੀ ਲੋੜ ਸੀ।

5, 6. ਪਰਮੇਸ਼ੁਰ ਨਾਲ ਰਿਸ਼ਤਾ ਰੱਖਣ ਲਈ ਪਹਿਲੀ ਸਦੀ ਦੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੇ ਕੀ ਕੀਤਾ?

5 ਉਨ੍ਹਾਂ ਵਾਸਤੇ ਇਹ ਆਪਣੇ ਜੀਵਨ-ਦਾਤਾ ਯਹੋਵਾਹ ਤੋਂ ਮੂੰਹ ਮੋੜਨ ਦਾ ਵੇਲਾ ਨਹੀਂ ਸੀ। (ਰਸੂ. 4:24) ਪਤਰਸ ਦੀ ਗੱਲ ਸੁਣਨ ਵਾਲੇ ਹੁਣ ਚੰਗੀ ਤਰ੍ਹਾਂ ਦੇਖ ਸਕਦੇ ਸਨ ਕਿ ਯਹੋਵਾਹ ਕਿੰਨਾ ਪਿਆਰਾ ਪਿਤਾ ਹੈ। ਉਸ ਨੇ ਉਨ੍ਹਾਂ ਦੇ ਛੁਟਕਾਰੇ ਲਈ ਮਸੀਹਾ ਨੂੰ ਭੇਜਿਆ ਅਤੇ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨ ਲਈ ਤਿਆਰ ਸੀ ਜਿਨ੍ਹਾਂ ਨੂੰ ਪਤਰਸ ਨੇ ਕਿਹਾ: “ਇਸਰਾਏਲ ਦਾ ਸਾਰਾ ਘਰਾਣਾ ਪੱਕ ਜਾਣੇ ਭਈ ਇਸੇ ਯਿਸੂ ਨੂੰ ਜਿਹ ਨੂੰ ਤੁਸਾਂ ਸਲੀਬ ਉੱਤੇ ਚਾੜ੍ਹਿਆ ਪਰਮੇਸ਼ੁਰ ਨੇ ਓਸ ਨੂੰ ਪ੍ਰਭੁ ਭੀ ਅਤੇ ਮਸੀਹ ਭੀ ਕੀਤਾ।” ਦਰਅਸਲ, ਜਿਹੜੇ ਪਤਰਸ ਦੇ ਇਨ੍ਹਾਂ ਸ਼ਬਦਾਂ ਨੂੰ ਮੰਨ ਕੇ ਪਰਮੇਸ਼ੁਰ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਸਨ, ਉਹ ਹੁਣ ਪਰਮੇਸ਼ੁਰ ਦੇ ਹੋਰ ਵੀ ਸ਼ੁਕਰਗੁਜ਼ਾਰ ਹੋ ਸਕਦੇ ਸਨ ਕਿ ਉਸ ਨੇ ਉਨ੍ਹਾਂ ਲਈ ਕਿੰਨਾ ਕੁਝ ਕੀਤਾ।—ਰਸੂਲਾਂ ਦੇ ਕਰਤੱਬ 2:30-36 ਪੜ੍ਹੋ।

6 ਵਾਕਈ, ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਯਹੋਵਾਹ ਨਾਲ ਰਿਸ਼ਤਾ ਕਾਇਮ ਰੱਖਣ ਲਈ ਇਹ ਮੰਨਣਾ ਜ਼ਰੂਰੀ ਸੀ ਕਿ ਯਹੋਵਾਹ ਯਿਸੂ ਦੇ ਰਾਹੀਂ ਮੁਕਤੀ ਦਿਵਾਏਗਾ। ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਉਨ੍ਹਾਂ ਨੇ ਆਪਣੇ ਪਾਪਾਂ ਤੋਂ ਕਿਉਂ ਤੋਬਾ ਕੀਤੀ ਸੀ, ਉਸ ਪਾਪ ਤੋਂ ਵੀ ਜੋ ਉਨ੍ਹਾਂ ਨੇ ਜਾਣੇ-ਅਣਜਾਣੇ ਵਿਚ ਯਿਸੂ ਨੂੰ ਮਾਰ ਕੇ ਕੀਤਾ ਸੀ। ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਬਾਅਦ ਦੇ ਦਿਨਾਂ ਦੌਰਾਨ ਉਹ ਕਿਉਂ ‘ਲਗਾਤਾਰ ਰਸੂਲਾਂ ਦੀ ਸਿੱਖਿਆ ਵਿੱਚ ਲੱਗੇ ਰਹੇ।’ (ਰਸੂ. 2:42) ਉਹ ‘ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲਣਾ’ ਚਾਹੁੰਦੇ ਸਨ।—ਇਬ. 4:16.

7. ਅੱਜ ਕਈਆਂ ਨੇ ਪਰਮੇਸ਼ੁਰ ਬਾਰੇ ਆਪਣਾ ਨਜ਼ਰੀਆ ਕਿਵੇਂ ਬਦਲਿਆ ਹੈ ਅਤੇ ਪਿਤਾ ਦੇ ਨਾਂ ’ਤੇ ਬਪਤਿਸਮਾ ਲਿਆ ਹੈ?

7 ਅੱਜ ਵੱਖੋ-ਵੱਖਰੇ ਪਿਛੋਕੜਾਂ ਦੇ ਲੱਖਾਂ ਹੀ ਲੋਕਾਂ ਨੇ ਬਾਈਬਲ ਤੋਂ ਯਹੋਵਾਹ ਬਾਰੇ ਸੱਚਾਈ ਸਿੱਖੀ ਹੈ। (ਯਸਾ. 2:2, 3) ਕੁਝ ਲੋਕ ਨਾਸਤਿਕ ਜਾਂ ਈਸ਼ਵਰਵਾਦੀ * ਸਨ, ਪਰ ਬਾਅਦ ਵਿਚ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਸ੍ਰਿਸ਼ਟੀਕਰਤਾ ਅਸਲ ਵਿਚ ਹੈ ਜਿਸ ਨਾਲ ਉਹ ਚੰਗਾ ਰਿਸ਼ਤਾ ਜੋੜ ਸਕਦੇ ਹਨ। ਕਈ ਹੋਰ ਤ੍ਰਿਏਕ ਦੇਵਤੇ ਜਾਂ ਵੱਖੋ-ਵੱਖਰੀਆਂ ਮੂਰਤੀਆਂ ਨੂੰ ਪੂਜਦੇ ਸਨ। ਪਰ ਉਹ ਜਾਣ ਗਏ ਹਨ ਕਿ ਸਿਰਫ਼ ਯਹੋਵਾਹ ਹੀ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਅਤੇ ਉਸ ਦਾ ਨਾਂ ਲੈ ਕੇ ਉਸ ਨੂੰ ਸੰਬੋਧਿਤ ਕਰਦੇ ਹਨ। ਇਹ ਗੱਲ ਚੇਲਿਆਂ ਨੂੰ ਕਹੀ ਯਿਸੂ ਦੀ ਇਸ ਗੱਲ ਅਨੁਸਾਰ ਹੈ ਕਿ ਉਨ੍ਹਾਂ ਨੂੰ ਪਿਤਾ ਦੇ ਨਾਂ ’ਤੇ ਬਪਤਿਸਮਾ ਲੈਣਾ ਚਾਹੀਦਾ ਹੈ।

8. ਆਦਮ ਤੋਂ ਮਿਲੇ ਪਾਪ ਬਾਰੇ ਅਣਜਾਣ ਲੋਕਾਂ ਨੂੰ ਪਿਤਾ ਬਾਰੇ ਕੀ ਜਾਣਨ ਦੀ ਲੋੜ ਹੈ?

8 ਉਨ੍ਹਾਂ ਨੇ ਇਹ ਵੀ ਸਿੱਖਿਆ ਕਿ ਉਨ੍ਹਾਂ ਨੂੰ ਆਦਮ ਤੋਂ ਪਾਪ ਵਿਰਸੇ ਵਿਚ ਮਿਲਿਆ ਹੈ। (ਰੋਮੀ. 5:12) ਇਹ ਗੱਲ ਉਨ੍ਹਾਂ ਲਈ ਨਵੀਂ ਸੀ ਜੋ ਉਨ੍ਹਾਂ ਨੂੰ ਮੰਨਣੀ ਪਈ। ਇਨ੍ਹਾਂ ਲੋਕਾਂ ਦੀ ਤੁਲਨਾ ਇਕ ਬੀਮਾਰ ਬੰਦੇ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਪਤਾ ਨਹੀਂ ਕਿ ਉਸ ਨੂੰ ਬੀਮਾਰੀ ਹੈ। ਉਸ ਵਿਚ ਸ਼ਾਇਦ ਬੀਮਾਰੀ ਦੇ ਕੁਝ ਲੱਛਣ ਨਜ਼ਰ ਆਏ ਹੋਣਗੇ ਜਿਵੇਂ ਕਦੇ-ਕਦੇ ਦਰਦ ਹੋਣਾ। ਉਸ ਨੇ ਚੈੱਕਅਪ ਕਰਾ ਕੇ ਨਹੀਂ ਦੇਖਿਆ ਕਿ ਉਸ ਨੂੰ ਬੀਮਾਰੀ ਹੈ। ਉਸ ਨੇ ਸੋਚਿਆ ਹੋਣਾ ਕਿ ਉਹ ਬਿਲਕੁਲ ਠੀਕ ਹੈ। ਪਰ ਸੱਚਾਈ ਕੁਝ ਹੋਰ ਹੀ ਹੈ। (1 ਕੁਰਿੰਥੀਆਂ 4:4 ਦੇਖੋ।) ਪਰ ਜੇ ਉਸ ਨੇ ਚੈੱਕਅਪ ਕਰਾ ਕੇ ਬੀਮਾਰੀ ਦਾ ਪਤਾ ਲਾਇਆ ਹੈ, ਤਾਂ ਉਹ ਕੀ ਕਰੇਗਾ? ਕੀ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ ਕਿ ਉਹ ਮੰਨਿਆ-ਪ੍ਰਮੰਨਿਆ ਇਲਾਜ ਕਰਾਵੇ? ਇਸੇ ਤਰ੍ਹਾਂ, ਪਾਪ ਬਾਰੇ ਸੱਚਾਈ ਜਾਣਨ ਤੋਂ ਬਾਅਦ ਕਈਆਂ ਨੇ ਬਾਈਬਲ ਦਾ ਗਿਆਨ ਲਿਆ ਹੈ ਜੋ ਕਿ “ਚੈੱਕਅਪ” ਕਰਾਉਣ ਵਾਂਗ ਹੈ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਯਹੋਵਾਹ ਹੀ ਪਾਪ ਦਾ “ਇਲਾਜ” ਕਰ ਸਕਦਾ ਹੈ। ਹਾਂ, ਪਿਤਾ ਤੋਂ ਦੂਰ ਹੋਏ ਸਾਰੇ ਲੋਕਾਂ ਨੂੰ ਉਸ ਵੱਲ ਮੁੜਨ ਦੀ ਲੋੜ ਹੈ ਤਾਂਕਿ ਉਹ ਉਨ੍ਹਾਂ ਦਾ ਇਲਾਜ ਕਰ ਸਕੇ।—ਅਫ਼. 4:17-19.

9. ਯਹੋਵਾਹ ਨੇ ਕੀ ਕੀਤਾ ਹੈ ਤਾਂਕਿ ਅਸੀਂ ਉਸ ਨਾਲ ਰਿਸ਼ਤਾ ਕਾਇਮ ਕਰ ਸਕੀਏ?

9 ਜੇ ਤੁਸੀਂ ਪਹਿਲਾਂ ਹੀ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਜੀਵਨ ਸੌਂਪ ਕੇ ਬਪਤਿਸਮਾ ਲੈ ਲਿਆ ਹੈ, ਤਾਂ ਤੁਸੀਂ ਜਾਣਦੇ ਹੋ ਕਿ ਉਸ ਨਾਲ ਰਿਸ਼ਤਾ ਕਾਇਮ ਕਰਨਾ ਕਿੰਨੀ ਚੰਗੀ ਗੱਲ ਹੈ। ਹੁਣ ਤੁਸੀਂ ਸਮਝ ਗਏ ਹੋ ਕਿ ਯਹੋਵਾਹ ਕਿੰਨਾ ਪਿਆਰ ਕਰਨ ਵਾਲਾ ਪਿਤਾ ਹੈ। (ਰੋਮੀਆਂ 5:8 ਪੜ੍ਹੋ।) ਭਾਵੇਂ ਕਿ ਆਦਮ ਅਤੇ ਹੱਵਾਹ ਨੇ ਉਸ ਖ਼ਿਲਾਫ਼ ਪਾਪ ਕੀਤਾ ਸੀ, ਫਿਰ ਵੀ ਪਰਮੇਸ਼ੁਰ ਨੇ ਪਹਿਲ ਕੀਤੀ ਕਿ ਉਨ੍ਹਾਂ ਦੀ ਔਲਾਦ ਯਾਨੀ ਅਸੀਂ ਉਸ ਨਾਲ ਚੰਗਾ ਰਿਸ਼ਤਾ ਬਣਾਈਏ। ਇਹ ਕਰਨ ਵਾਸਤੇ ਪਰਮੇਸ਼ੁਰ ਨੂੰ ਕਿੰਨਾ ਦੁੱਖ ਝੱਲਣਾ ਪਿਆ ਜਦੋਂ ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਤੜਫ਼ ਕੇ ਮਰਦਿਆਂ ਦੇਖਿਆ। ਕੀ ਇਹ ਜਾਣ ਕੇ ਸਾਨੂੰ ਪਿਆਰ ਦੀ ਖ਼ਾਤਰ ਪਰਮੇਸ਼ੁਰ ਦੇ ਅਧਿਕਾਰ ਅਤੇ ਉਸ ਦੇ ਹੁਕਮਾਂ ਨੂੰ ਨਹੀਂ ਮੰਨਣਾ ਚਾਹੀਦਾ? ਜੇ ਤੁਸੀਂ ਹਾਲੇ ਤਕ ਪਰਮੇਸ਼ੁਰ ਦੀ ਸੇਵਾ ਵਿਚ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਨਹੀਂ ਲਿਆ ਹੈ, ਤਾਂ ਕਿਉਂ ਨਾ ਇਸ ਬਾਰੇ ਸੋਚੋ!

ਪੁੱਤਰ ਦੇ ਨਾਂ ’ਤੇ

10, 11. (ੳ) ਤੁਸੀਂ ਯਿਸੂ ਦੇ ਕਿੰਨੇ ਕੁ ਕਰਜ਼ਦਾਰ ਹੋ? (ਅ) ਇਹ ਸੋਚ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਯਿਸੂ ਤੁਹਾਡੇ ਲਈ ਮਰਿਆ?

10 ਫਿਰ ਇਕ ਵਾਰ ਸੋਚੋ ਕਿ ਪਤਰਸ ਨੇ ਭੀੜ ਨੂੰ ਕੀ ਕਿਹਾ ਸੀ। ਉਸ ਨੇ ਯਿਸੂ ਨੂੰ ਸਵੀਕਾਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ ਜਿਸ ਦਾ ਸੰਬੰਧ ‘ਪੁੱਤ੍ਰ ਦੇ ਨਾਮ ਵਿੱਚ’ ਬਪਤਿਸਮਾ ਲੈਣ ਨਾਲ ਹੈ। ਇਹ ਉਸ ਵੇਲੇ ਕਿਉਂ ਜ਼ਰੂਰੀ ਸੀ ਤੇ ਅੱਜ ਕਿਉਂ ਜ਼ਰੂਰੀ ਹੈ? ਯਿਸੂ ਨੂੰ ਸਵੀਕਾਰ ਕਰਨ ਅਤੇ ਉਸ ਦੇ ਨਾਂ ’ਤੇ ਬਪਤਿਸਮਾ ਲੈਣ ਦਾ ਮਤਲਬ ਹੈ ਕਿ ਅਸੀਂ ਪਛਾਣਦੇ ਹਾਂ ਕਿ ਯਿਸੂ ਤੋਂ ਬਿਨਾਂ ਅਸੀਂ ਯਹੋਵਾਹ ਨਾਲ ਰਿਸ਼ਤਾ ਨਹੀਂ ਜੋੜ ਸਕਦੇ। ਯਿਸੂ ਨੂੰ ਸੂਲੀ ਉੱਤੇ ਮਰਨਾ ਪੈਣਾ ਸੀ ਤਾਂਕਿ ਉਹ ਯਹੂਦੀਆਂ ਨੂੰ ਸ਼ਰਾ ਦੇ ਸਰਾਪ ਤੋਂ ਛੁਡਾ ਸਕੇ, ਪਰ ਉਸ ਦੇ ਮਰਨ ਦਾ ਹੋਰ ਵੀ ਫ਼ਾਇਦਾ ਹੋਣਾ ਸੀ। (ਗਲਾ. 3:13) ਉਸ ਨੇ ਆਪਣੀ ਕੁਰਬਾਨੀ ਦਿੱਤੀ ਜਿਸ ਦੀ ਸਾਰੇ ਇਨਸਾਨਾਂ ਨੂੰ ਲੋੜ ਸੀ। (ਅਫ਼. 2:15, 16; ਕੁਲੁ. 1:20; 1 ਯੂਹੰ. 2:1, 2) ਇਸ ਦੇ ਲਈ ਉਸ ਨੂੰ ਬੇਇਨਸਾਫ਼ੀ, ਗਾਲ੍ਹਾਂ, ਅਤਿਆਚਾਰ ਅਤੇ ਅਖ਼ੀਰ ਵਿਚ ਮੌਤ ਝੱਲਣੀ ਪਈ। ਤੁਸੀਂ ਉਸ ਦੀ ਕੁਰਬਾਨੀ ਦੀ ਕਿੰਨੀ ਕੁ ਕਦਰ ਕਰਦੇ ਹੋ? ਮਿਸਾਲ ਲਈ ਤੁਸੀਂ ਟਾਈਟੈਨਿਕ ਜਹਾਜ਼ ਬਾਰੇ ਸੁਣਿਆ ਹੋਵੇਗਾ ਜੋ 1912 ਵਿਚ ਬਰਫ਼ ਦੀ ਇਕ ਚਟਾਨ ਨਾਲ ਟਕਰਾ ਕੇ ਸਮੁੰਦਰ ਵਿਚ ਡੁੱਬ ਗਿਆ ਸੀ। ਮੰਨ ਲਓ ਕਿ ਤੁਸੀਂ ਇਸ ਜਹਾਜ਼ ਵਿਚ ਸਫ਼ਰ ਕਰ ਰਹੇ ਸੀ। ਤੁਸੀਂ ਆਪਣੀ ਜਾਨ ਬਚਾਉਣ ਲਈ ਲਾਈਫ਼-ਬੋਟ ਵਿਚ ਜਾਣ ਦੀ ਕੋਸ਼ਿਸ਼ ਕੀਤੀ, ਪਰ ਇਹ ਪਹਿਲਾਂ ਹੀ ਲੋਕਾਂ ਨਾਲ ਭਰੀ ਪਈ ਸੀ। ਫਿਰ ਲਾਈਫ਼-ਬੋਟ ਵਿਚ ਇਕ ਆਦਮੀ ਨੇ ਆਪਣੀ ਪਤਨੀ ਨੂੰ ਚੁੰਮਿਆ ਅਤੇ ਤੁਹਾਨੂੰ ਲਾਈਫ਼-ਬੋਟ ਵਿਚ ਬਿਠਾ ਕੇ ਆਪ ਜਹਾਜ਼ ਵਿਚ ਪਰਤ ਗਿਆ। ਤੁਸੀਂ ਕਿਵੇਂ ਮਹਿਸੂਸ ਕਰਦੇ? ਬੇਸ਼ੱਕ ਤੁਸੀਂ ਉਸ ਦੇ ਸ਼ੁਕਰਗੁਜ਼ਾਰ ਹੁੰਦੇ! ਹੁਣ ਤੁਸੀਂ ਸਮਝ ਸਕਦੇ ਹੋ ਇਕ 12 ਸਾਲਾਂ ਦੇ ਮੁੰਡੇ ਨੇ ਕਿਵੇਂ ਮਹਿਸੂਸ ਕੀਤਾ ਹੋਵੇਗਾ ਜਿਸ ਨਾਲ ਇਸੇ ਤਰ੍ਹਾਂ ਹੋਇਆ ਸੀ। * ਪਰ ਯਿਸੂ ਨੇ ਤਾਂ ਇਸ ਨਾਲੋਂ ਵੀ ਵਧ ਕੀਤਾ ਹੈ। ਉਸ ਨੇ ਇਸ ਲਈ ਮੌਤ ਗਲੇ ਲਗਾਈ ਤਾਂਕਿ ਤੁਸੀਂ ਹਮੇਸ਼ਾ ਲਈ ਜੀ ਸਕੋ।

11 ਪਰਮੇਸ਼ੁਰ ਦੇ ਪੁੱਤਰ ਨੇ ਜੋ ਕੁਝ ਤੁਹਾਡੇ ਲਈ ਕੀਤਾ ਹੈ, ਉਸ ਬਾਰੇ ਜਾਣ ਕੇ ਤੁਹਾਨੂੰ ਕਿਵੇਂ ਲੱਗਦਾ ਹੈ? ( 2 ਕੁਰਿੰਥੀਆਂ 5:14, 15 ਪੜ੍ਹੋ।) ਤੁਸੀਂ ਵੀ ਬਹੁਤ ਸ਼ੁਕਰਗੁਜ਼ਾਰ ਹੋਏ ਹੋਵੋਗੇ। ਇਸ ਕਾਰਨ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਦਿੱਤੀ ਅਤੇ ‘ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਂਦੇ ਹੋ ਜਿਹੜਾ ਤੁਹਾਡੇ ਲਈ ਮੋਇਆ।’ ਪੁੱਤਰ ਦੇ ਨਾਂ ’ਤੇ ਬਪਤਿਸਮਾ ਲੈਣ ਦਾ ਮਤਲਬ ਹੈ ਕਿ ਤੁਸੀਂ ਉਹ ਸਭ ਕੁਝ ਮੰਨਦੇ ਹੋ ਜੋ ਕੁਝ ਯਿਸੂ ਨੇ ਤੁਹਾਡੇ ਲਈ ਕੀਤਾ ਅਤੇ “ਜੀਉਣ ਦੇ ਕਰਤਾ” ਵਜੋਂ ਉਸ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹੋ। (ਰਸੂ. 3:15; 5:31) ਇਸ ਤੋਂ ਪਹਿਲਾਂ ਸਿਰਜਣਹਾਰ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਸੀ ਅਤੇ ਨਾ ਹੀ ਤੁਹਾਡੇ ਕੋਲ ਕੋਈ ਉਮੀਦ ਦੀ ਕਿਰਨ ਸੀ। ਪਰ ਯਿਸੂ ਮਸੀਹ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਤੁਸੀਂ ਬਪਤਿਸਮਾ ਲਿਆ ਹੈ। ਇਸ ਲਈ ਹੁਣ ਪਿਤਾ ਨਾਲ ਤੁਹਾਡਾ ਚੰਗਾ ਰਿਸ਼ਤਾ ਹੈ। (ਅਫ਼. 2:12, 13) ਪੌਲੁਸ ਰਸੂਲ ਨੇ ਲਿਖਿਆ: “ਇਕ ਸਮਾਂ ਸੀ ਜਦੋਂ ਤੁਸੀਂ ਵੀ ਪਰਮੇਸ਼ੁਰ ਤੋਂ ਦੂਰ ਸਾਉ ਅਤੇ ਆਪਣੇ ਭੈੜੇ ਵਿਚਾਰਾਂ ਅਤੇ ਕੰਮਾਂ ਕਰਕੇ ਉਸ ਦੇ ਦੁਸ਼ਮਣ ਸਾਉ। ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਰਾਹੀਂ ਅਰਥਾਤ ਉਸ ਦੀ ਸਰੀਰਕ ਮੌਤ ਦੇ ਰਾਹੀਂ ਤੁਹਾਡਾ ਮੇਲ ਆਪਣੇ ਨਾਲ ਕੀਤਾ ਹੈ ਕਿ ਉਹ ਤੁਹਾਨੂੰ ਆਪਣੇ ਸਾਹਮਣੇ ਸ਼ੁੱਧ ਨਿਹਕਲੰਕ ਅਤੇ ਨਿਰਦੋਸ਼ੀ ਹਾਲਤ ਵਿਚ ਪੇਸ਼ ਕਰੇ।”—ਕੁਲੁ. 1:21, 22, CL.

12, 13. (ੳ) ਪੁੱਤਰ ਦੇ ਨਾਂ ’ਤੇ ਬਪਤਿਸਮਾ ਲੈਣ ਕਾਰਨ ਤੁਸੀਂ ਉਦੋਂ ਕੀ ਕਰੋਗੇ ਜਦੋਂ ਕੋਈ ਤੁਹਾਨੂੰ ਠੇਸ ਪਹੁੰਚਾਉਂਦਾ ਹੈ? (ਅ) ਯਿਸੂ ਦੇ ਨਾਂ ’ਤੇ ਬਪਤਿਸਮਾ ਲੈਣ ਵਾਲੇ ਮਸੀਹੀ ਵਜੋਂ ਤੁਹਾਡਾ ਕੀ ਫ਼ਰਜ਼ ਬਣਦਾ ਹੈ?

12 ਭਾਵੇਂ ਤੁਸੀਂ ਪੁੱਤਰ ਦੇ ਨਾਂ ’ਤੇ ਬਪਤਿਸਮਾ ਲਿਆ ਸੀ, ਫਿਰ ਵੀ ਤੁਹਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਤੁਹਾਡੇ ਵਿਚ ਕਮੀਆਂ-ਕਮਜ਼ੋਰੀਆਂ ਹਨ। ਇਹ ਅਹਿਸਾਸ ਤੁਹਾਡੀ ਹਰ ਰੋਜ਼ ਮਦਦ ਕਰ ਸਕਦਾ ਹੈ। ਮਿਸਾਲ ਲਈ, ਜੇ ਕੋਈ ਤੁਹਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਕੀ ਤੁਸੀਂ ਚੇਤੇ ਰੱਖਦੇ ਹੋ ਕਿ ਤੁਸੀਂ ਦੋਵੇਂ ਪਾਪੀ ਹੋ? ਤੁਹਾਨੂੰ ਦੋਵਾਂ ਨੂੰ ਪਰਮੇਸ਼ੁਰ ਤੋਂ ਮਾਫ਼ੀ ਦੀ ਲੋੜ ਹੈ ਤੇ ਦੋਹਾਂ ਨੂੰ ਮਾਫ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। (ਮਰ. 11:25) ਇਸ ਗੱਲ ਉੱਤੇ ਜ਼ੋਰ ਦੇਣ ਲਈ ਯਿਸੂ ਨੇ ਇਕ ਦ੍ਰਿਸ਼ਟਾਂਤ ਦਿੱਤਾ। ਇਕ ਮਾਲਕ ਨੇ ਆਪਣੇ ਨੌਕਰ ਨੂੰ ਦਸ ਹਜ਼ਾਰ ਤੋੜੇ (6 ਕਰੋੜ ਦੀਨਾਰ) ਕਰਜ਼ ਮਾਫ਼ ਕਰ ਦਿੱਤਾ। ਬਾਅਦ ਵਿਚ ਇਸ ਨੌਕਰ ਨੇ ਆਪਣੇ ਨਾਲ ਦੇ ਨੌਕਰ ਨੂੰ 100 ਦੀਨਾਰ ਦਾ ਦਿੱਤਾ ਕਰਜ਼ਾ ਮਾਫ਼ ਨਹੀਂ ਕੀਤਾ। ਯਿਸੂ ਨੇ ਗੱਲ ਦਾ ਨਿਚੋੜ ਦੱਸਦੇ ਹੋਏ ਕਿਹਾ: ਜਿਹੜਾ ਆਪਣੇ ਭਰਾ ਨੂੰ ਮਾਫ਼ ਨਹੀਂ ਕਰਦਾ, ਯਹੋਵਾਹ ਵੀ ਉਸ ਨੂੰ ਮਾਫ਼ ਨਹੀਂ ਕਰੇਗਾ। (ਮੱਤੀ 18:23-35) ਹਾਂ, ਪੁੱਤਰ ਦੇ ਨਾਂ ’ਤੇ ਬਪਤਿਸਮਾ ਲੈਣ ਦਾ ਮਤਲਬ ਹੈ ਕਿ ਅਸੀਂ ਯਿਸੂ ਦੇ ਅਧਿਕਾਰ ਨੂੰ ਮੰਨਦੇ ਹਾਂ ਅਤੇ ਉਸ ਦੀ ਮਿਸਾਲ ਤੇ ਸਿੱਖਿਆਵਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਵਿਚ ਦੂਜਿਆਂ ਨੂੰ ਮਾਫ਼ ਕਰਨਾ ਵੀ ਸ਼ਾਮਲ ਹੈ।—1 ਪਤ. 2:21; 1 ਯੂਹੰ. 2:6.

13 ਪਾਪੀ ਹੋਣ ਕਰਕੇ ਤੁਸੀਂ ਪੂਰੀ ਤਰ੍ਹਾਂ ਯਿਸੂ ਦੀ ਨਕਲ ਨਹੀਂ ਕਰ ਸਕਦੇ। ਫਿਰ ਵੀ ਪਰਮੇਸ਼ੁਰ ਨੂੰ ਜ਼ਿੰਦਗੀ ਸਮਰਪਣ ਕਰਨ ਕਰਕੇ ਤੁਸੀਂ ਆਪਣੀ ਪੂਰੀ ਵਾਹ ਲਾ ਕੇ ਯਿਸੂ ਦੀ ਨਕਲ ਕਰਨੀ ਚਾਹੁੰਦੇ ਹੋ। ਇਸ ਵਿਚ ਸ਼ਾਮਲ ਹੈ ਕਿ ਸਾਨੂੰ ਪੁਰਾਣੇ ਸੁਭਾਅ ਨੂੰ ਛੱਡ ਕੇ ਨਵੇਂ ਸੁਭਾਅ ਦੇ ਬਣਦੇ ਜਾਣਾ ਚਾਹੀਦਾ ਹੈ। (ਅਫ਼ਸੀਆਂ 4:20-24 ਪੜ੍ਹੋ।) ਜਦ ਤੁਸੀਂ ਆਪਣੇ ਕਿਸੇ ਦੋਸਤ ਦਾ ਆਦਰ ਕਰਦੇ ਹੋ, ਤਾਂ ਤੁਸੀਂ ਉਸ ਦੀ ਮਿਸਾਲ ਅਤੇ ਉਸ ਦੇ ਚੰਗੇ ਗੁਣਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹੋ। ਇਸੇ ਤਰ੍ਹਾਂ ਤੁਸੀਂ ਮਸੀਹ ਤੋਂ ਸਿੱਖ ਕੇ ਉਸ ਦੀ ਰੀਸ ਕਰਨੀ ਚਾਹੁੰਦੇ ਹੋ।

14. ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਸਵਰਗੀ ਰਾਜੇ ਵਜੋਂ ਯਿਸੂ ਦੇ ਅਧਿਕਾਰ ਨੂੰ ਮੰਨਦੇ ਹੋ?

14 ਇਕ ਹੋਰ ਤਰੀਕੇ ਨਾਲ ਤੁਸੀਂ ਦਿਖਾ ਸਕਦੇ ਹੋ ਕਿ ਪੁੱਤਰ ਦੇ ਨਾਂ ’ਤੇ ਬਪਤਿਸਮਾ ਲੈਣ ਵਿਚ ਜੋ ਗੱਲਾਂ ਸ਼ਾਮਲ ਹਨ, ਉਨ੍ਹਾਂ ਨੂੰ ਤੁਸੀਂ ਸਮਝਦੇ ਹੋ। ਪਰਮੇਸ਼ੁਰ ਨੇ “ਸੱਭੋ ਕੁਝ [ਯਿਸੂ] ਦੇ ਪੈਰਾਂ ਹੇਠ ਕਰ ਦਿਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ।” (ਅਫ਼. 1:22) ਇਸ ਲਈ ਸਾਨੂੰ ਉਸ ਪ੍ਰਬੰਧ ਦਾ ਆਦਰ ਕਰਨਾ ਚਾਹੀਦਾ ਹੈ ਜਿਸ ਰਾਹੀਂ ਯਿਸੂ ਯਹੋਵਾਹ ਦੀ ਸੇਵਾ ਵਿਚ ਸਮਰਪਿਤ ਲੋਕਾਂ ਦੀ ਅਗਵਾਈ ਕਰਦਾ ਹੈ। ਯਿਸੂ ਕਲੀਸਿਯਾ ਵਿਚ ਨਾਮੁਕੰਮਲ ਇਨਸਾਨਾਂ ਨੂੰ ਵਰਤ ਰਿਹਾ ਹੈ, ਖ਼ਾਸਕਰ ਬਜ਼ੁਰਗਾਂ ਨੂੰ ਜੋ ਨਿਹਚਾ ਵਿਚ ਤਕੜੇ ਹਨ। ਇਹ ਬਜ਼ੁਰਗ ਇਸ ਲਈ ਨਿਯੁਕਤ ਕੀਤੇ ਗਏ ਹਨ “ਤਾਂ ਜੋ . . . ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ।” (ਅਫ਼. 4:11, 12) ਜੇ ਕੋਈ ਇਨਸਾਨ ਗ਼ਲਤੀ ਕਰਦਾ ਹੈ, ਤਾਂ ਯਿਸੂ ਸਵਰਗੀ ਰਾਜ ਦੇ ਰਾਜੇ ਵਜੋਂ ਇਸ ਮਸਲੇ ਨੂੰ ਆਪਣੇ ਸਮੇਂ ਤੇ ਆਪਣੇ ਤਰੀਕੇ ਨਾਲ ਸੁਲਝਾ ਸਕਦਾ ਹੈ। ਕੀ ਤੁਸੀਂ ਇਹ ਮੰਨਦੇ ਹੋ?

15. ਜੇ ਤੁਸੀਂ ਬਪਤਿਸਮਾ ਲਵੋਗੇ, ਤਾਂ ਤੁਹਾਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ?

15 ਕੁਝ ਲੋਕਾਂ ਨੇ ਹਾਲੇ ਤਕ ਯਹੋਵਾਹ ਨੂੰ ਸਮਰਪਣ ਕਰ ਕੇ ਬਪਤਿਸਮਾ ਨਹੀਂ ਲਿਆ ਹੈ। ਜੇ ਤੁਸੀਂ ਵੀ ਇਨ੍ਹਾਂ ਲੋਕਾਂ ਵਿੱਚੋਂ ਹੋ, ਤਾਂ ਕੀ ਤੁਸੀਂ ਉੱਪਰ ਦੱਸੀਆਂ ਗੱਲਾਂ ਤੋਂ ਦੇਖ ਸਕਦੇ ਹੋ ਕਿ ਪੁੱਤਰ ’ਤੇ ਵਿਸ਼ਵਾਸ ਕਰਨਾ ਨਾ ਸਿਰਫ਼ ਅਕਲਮੰਦੀ ਦੀ ਗੱਲ ਹੈ, ਬਲਕਿ ਇਹ ਤੁਹਾਡੀ ਸ਼ੁਕਰਗੁਜ਼ਾਰੀ ਦਾ ਵੀ ਸਬੂਤ ਹੈ? ਪੁੱਤਰ ਦੇ ਨਾਂ ’ਤੇ ਬਪਤਿਸਮਾ ਲੈਣ ਨਾਲ ਤੁਹਾਨੂੰ ਵੱਡੀਆਂ ਬਰਕਤਾਂ ਮਿਲਣਗੀਆਂ।—ਯੂਹੰਨਾ 10:9-11 ਪੜ੍ਹੋ।

ਪਵਿੱਤਰ ਸ਼ਕਤੀ ਦੇ ਨਾਂ ’ਤੇ

16, 17. ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਲੈਣਾ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ?

16 ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ? ਅਸੀਂ ਪਹਿਲਾਂ ਦੇਖਿਆ ਸੀ ਕਿ ਪੰਤੇਕੁਸਤ ਦੇ ਦਿਨ ਪਤਰਸ ਦੀ ਗੱਲ ਸੁਣਨ ਵਾਲੇ ਪਵਿੱਤਰ ਸ਼ਕਤੀ ਬਾਰੇ ਜਾਣਦੇ ਸਨ। ਉਹ ਆਪਣੀ ਅੱਖੀਂ ਇਸ ਗੱਲ ਦਾ ਸਬੂਤ ਦੇਖ ਸਕਦੇ ਸਨ ਕਿ ਯਹੋਵਾਹ ਪਵਿੱਤਰ ਸ਼ਕਤੀ ਨੂੰ ਵਰਤ ਰਿਹਾ ਸੀ। ਪਤਰਸ ਵੀ ਉਨ੍ਹਾਂ ਲੋਕਾਂ ਵਿਚ ਸੀ ਜੋ ‘ਪਵਿੱਤ੍ਰ ਸ਼ਕਤੀ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ’ ਸਨ। (ਰਸੂ. 2:4, 8) ਜ਼ਰੂਰੀ ਨਹੀਂ ਕਿ “ਦੇ ਨਾਮ ਵਿੱਚ” ਕਹਿਣ ਦਾ ਮਤਲਬ ਹੈ ਕਿਸੇ ਇਨਸਾਨ ਦਾ ਨਾਂ। ਅੱਜ ਕਈ ਕੰਮ “ਸਰਕਾਰ ਦੇ ਨਾਂ ’ਤੇ” ਕੀਤੇ ਜਾਂਦੇ ਹਨ, ਪਰ ਸਰਕਾਰ ਕੋਈ ਇਨਸਾਨ ਨਹੀਂ ਹੈ। ਉਹ ਕੰਮ ਸਰਕਾਰ ਦੇ ਅਧਿਕਾਰ ਨਾਲ ਕੀਤੇ ਜਾਂਦੇ ਹਨ। ਇਸੇ ਤਰ੍ਹਾਂ, ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਲੈਣ ਵਾਲਾ ਇਨਸਾਨ ਸਮਝਦਾ ਹੈ ਕਿ ਪਵਿੱਤਰ ਸ਼ਕਤੀ ਕੋਈ ਸ਼ਖ਼ਸ ਨਹੀਂ, ਸਗੋਂ ਯਹੋਵਾਹ ਦੀ ਸ਼ਕਤੀ ਹੈ ਜਿਸ ਨਾਲ ਉਹ ਸਾਰੇ ਕੰਮ ਕਰਦਾ ਹੈ। ਇਸ ਨਾਂ ’ਤੇ ਬਪਤਿਸਮਾ ਲੈਣ ਦਾ ਮਤਲਬ ਹੈ ਕਿ ਇਕ ਵਿਅਕਤੀ ਪਰਮੇਸ਼ੁਰ ਦੇ ਮਕਸਦ ਵਿਚ ਪਵਿੱਤਰ ਸ਼ਕਤੀ ਦੇ ਰੋਲ ਨੂੰ ਪਛਾਣਦਾ ਹੈ।

17 ਕੀ ਬਾਈਬਲ ਦੀ ਸਟੱਡੀ ਕਰ ਕੇ ਤੁਸੀਂ ਪਵਿੱਤਰ ਸ਼ਕਤੀ ਦੇ ਬਾਰੇ ਨਹੀਂ ਜਾਣਿਆ? ਮਿਸਾਲ ਲਈ, ਤੁਸੀਂ ਜਾਣਿਆ ਹੈ ਕਿ ਬਾਈਬਲ ਪਵਿੱਤਰ ਸ਼ਕਤੀ ਦੀ ਸੇਧ ਨਾਲ ਲਿਖੀ ਗਈ ਸੀ। (2 ਤਿਮੋ. 3:16) ਜਿਉਂ-ਜਿਉਂ ਤੁਸੀਂ ਤਰੱਕੀ ਕਰਦੇ ਹੋ, ਤਿਉਂ-ਤਿਉਂ ਇਸ ਗੱਲ ਲਈ ਤੁਹਾਡੀ ਕਦਰ ਵਧੇਗੀ ਕਿ ‘ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਸ਼ਕਤੀ ਦਿੰਦਾ ਹੈ’ ਜਿਨ੍ਹਾਂ ਵਿਚ ਤੁਸੀਂ ਵੀ ਹੋ। (ਲੂਕਾ 11:13) ਤੁਸੀਂ ਖ਼ੁਦ ਦੇਖਿਆ ਹੋਣਾ ਕਿ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਕੰਮ ਕਰ ਰਹੀ ਹੈ। ਪਰ ਜੇ ਤੁਸੀਂ ਪਵਿੱਤਰ ਸ਼ਕਤੀ ਦੇ ਨਾਂ ’ਤੇ ਅਜੇ ਬਪਤਿਸਮਾ ਨਹੀਂ ਲਿਆ ਹੈ, ਤਾਂ ਯਾਦ ਰੱਖੋ ਕਿ ਬਪਤਿਸਮਾ ਲੈਣ ਨਾਲ ਯਿਸੂ ਦੇ ਵਾਅਦੇ ਮੁਤਾਬਕ ਪਿਤਾ ਤੁਹਾਨੂੰ ਪਵਿੱਤਰ ਸ਼ਕਤੀ ਦੇਵੇਗਾ ਜਿਸ ਦੇ ਰਾਹੀਂ ਤੁਹਾਨੂੰ ਬਰਕਤਾਂ ਮਿਲਣਗੀਆਂ।

18. ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਜਿਨ੍ਹਾਂ ਨੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਲਿਆ ਹੈ?

18 ਅੱਜ ਵੀ ਇਹ ਜ਼ਾਹਰ ਹੈ ਕਿ ਯਹੋਵਾਹ ਆਪਣੀ ਸ਼ਕਤੀ ਰਾਹੀਂ ਮਸੀਹੀ ਕਲੀਸਿਯਾ ਦੀ ਅਗਵਾਈ ਕਰਦਾ ਹੈ। ਇਹ ਹਰ ਰੋਜ਼ ਦੇ ਕੰਮਾਂ-ਕਾਰਾਂ ਵਿਚ ਸਾਡੀ ਮਦਦ ਕਰਦੀ ਹੈ। ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਲੈ ਕੇ ਅਸੀਂ ਸਵੀਕਾਰਦੇ ਹਾਂ ਕਿ ਇਹ ਸਾਡੀ ਜ਼ਿੰਦਗੀ ਵਿਚ ਕੀ ਰੋਲ ਅਦਾ ਕਰਦੀ ਹੈ ਅਤੇ ਅਸੀਂ ਖ਼ੁਸ਼ੀ ਨਾਲ ਇਸ ਦੀ ਸੇਧ ਵਿਚ ਚੱਲਦੇ ਹਾਂ। ਪਰ ਕੁਝ ਸ਼ਾਇਦ ਸੋਚਣ ਕਿ ਅਸੀਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਮੁਤਾਬਕ ਕਿਵੇਂ ਖਰੇ ਉੱਤਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਵਿਚ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ? ਇਹ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

[ਫੁਟਨੋਟ]

^ ਪੈਰਾ 7 ਈਸ਼ਵਰਵਾਦੀ ਮੰਨਦੇ ਹਨ ਕਿ ਪਰਮੇਸ਼ੁਰ ਹੈ, ਪਰ ਆਪਣੀ ਸ੍ਰਿਸ਼ਟੀ ਵਿਚ ਕੋਈ ਦਿਲਚਸਪੀ ਨਹੀਂ ਰੱਖਦਾ।

^ ਪੈਰਾ 10 ਜਾਗਰੂਕ ਬਣੋ! 22 ਅਕਤੂਬਰ 1981 (ਅੰਗ੍ਰੇਜ਼ੀ), ਸਫ਼ੇ 3-8 ਦੇਖੋ।

ਕੀ ਤੁਹਾਨੂੰ ਯਾਦ ਹੈ?

• ਪਿਤਾ ਦੇ ਨਾਂ ’ਤੇ ਬਪਤਿਸਮਾ ਲੈਣਾ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ?

• ਪੁੱਤਰ ਦੇ ਨਾਂ ’ਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ?

• ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਪਿਤਾ ਅਤੇ ਪੁੱਤਰ ਦੇ ਨਾਂ ’ਤੇ ਬਪਤਿਸਮਾ ਲੈਣ ਦੀ ਅਹਿਮੀਅਤ ਨੂੰ ਸਮਝਦੇ ਹੋ?

• ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ?

[ਸਵਾਲ]

[ਸਫ਼ਾ 10 ਉੱਤੇ ਤਸਵੀਰਾਂ]

ਪੰਤੇਕੁਸਤ 33 ਈਸਵੀ ਤੋਂ ਬਾਅਦ ਨਵੇਂ ਚੇਲੇ ਪਿਤਾ ਨਾਲ ਕਿਹੋ ਜਿਹਾ ਰਿਸ਼ਤਾ ਬਣਾ ਸਕੇ?

[ਤਸਵੀਰ ਦੀ ਕ੍ਰੈਡਿਟ ਲਾਈਨ]

By permission of the Israel Museum, Jerusalem