Skip to content

Skip to table of contents

ਯਿਸੂ ਮਸੀਹ—ਉਸ ਨੇ ਪਰਮੇਸ਼ੁਰ ਬਾਰੇ ਕੀ ਸਿਖਾਇਆ

ਯਿਸੂ ਮਸੀਹ—ਉਸ ਨੇ ਪਰਮੇਸ਼ੁਰ ਬਾਰੇ ਕੀ ਸਿਖਾਇਆ

ਯਿਸੂ ਮਸੀਹ​—ਉਸ ਨੇ ਪਰਮੇਸ਼ੁਰ ਬਾਰੇ ਕੀ ਸਿਖਾਇਆ

“ਕੇਵਲ ਪੁੱਤਰ ਹੀ ਜਾਣਦਾ ਹੈ ਕਿ ਪਿਤਾ ਕੌਣ ਹੈ। ਅਤੇ ਜਿਹੜੇ ਲੋਕਾਂ ਨੂੰ ਪੁੱਤਰ ਪ੍ਰਗਟ ਕਰਨਾ ਚਾਹੇਗਾ ਕਿ ਪਿਤਾ ਕੌਣ ਹੈ ਕੇਵਲ ਓਹੀ ਪਿਤਾ ਨੂੰ ਜਾਣ ਸਕਣਗੇ।”—ਲੂਕਾ 10:22, ERV.

ਸਵਰਗ ਵਿਚ ਪਰਮੇਸ਼ੁਰ ਦਾ ਜੇਠਾ ਪੁੱਤਰ ਯੁਗਾਂ-ਯੁਗਾਂ ਤਕ ਆਪਣੇ ਪਿਤਾ ਨਾਲ ਰਿਹਾ ਸੀ। (ਕੁਲੁੱਸੀਆਂ 1:15) ਇਸ ਤਰ੍ਹਾਂ ਪੁੱਤਰ ਨੇ ਆਪਣੇ ਪਿਤਾ ਦੀ ਸੋਚ, ਭਾਵਨਾਵਾਂ ਅਤੇ ਰਾਹਾਂ ਨੂੰ ਚੰਗੀ ਤਰ੍ਹਾਂ ਜਾਣਿਆ। ਜਦ ਇਹ ਪੁੱਤਰ ਬਾਅਦ ਵਿਚ ਮਨੁੱਖ ਦੇ ਰੂਪ ਵਿਚ ਧਰਤੀ ਉੱਤੇ ਯਿਸੂ ਬਣ ਕੇ ਆਇਆ, ਤਾਂ ਉਸ ਨੇ ਆਪਣੇ ਪਿਤਾ ਬਾਰੇ ਖ਼ੁਸ਼ੀ-ਖ਼ੁਸ਼ੀ ਸੱਚਾਈ ਸਿਖਾਈ। ਯਿਸੂ ਦੀਆਂ ਗੱਲਾਂ ਸੁਣ ਕੇ ਅਸੀਂ ਪਰਮੇਸ਼ੁਰ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ।

ਪਰਮੇਸ਼ੁਰ ਦਾ ਨਾਂ: ਯਿਸੂ ਲਈ ਪਰਮੇਸ਼ੁਰ ਦਾ ਨਾਂ ਯਹੋਵਾਹ ਬਹੁਤ ਅਹਿਮੀਅਤ ਰੱਖਦਾ ਸੀ। ਯਿਸੂ ਚਾਹੁੰਦਾ ਸੀ ਕਿ ਦੂਸਰੇ ਵੀ ਉਸ ਦੇ ਪਿਤਾ ਦਾ ਨਾਂ ਜਾਣਨ ਅਤੇ ਉਸ ਨੂੰ ਵਰਤਣ। ਯਿਸੂ ਦੇ ਆਪਣੇ ਨਾਂ ਦਾ ਮਤਲਬ ਹੈ: “ਯਹੋਵਾਹ ਮੁਕਤੀ ਹੈ।” ਆਪਣੀ ਮੌਤ ਤੋਂ ਪਹਿਲਾਂ ਯਿਸੂ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਹਿ ਸਕਿਆ: “ਮੈਂ ਤੇਰਾ ਨਾਮ . . . ਪਰਗਟ ਕੀਤਾ।” (ਯੂਹੰਨਾ 17:26) ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਨੇ ਆਪ ਪਰਮੇਸ਼ੁਰ ਦਾ ਨਾਂ ਵਰਤਿਆ ਅਤੇ ਦੂਜਿਆਂ ਨੂੰ ਇਸ ਬਾਰੇ ਜਾ ਕੇ ਦੱਸਿਆ। ਜੇ ਲੋਕਾਂ ਨੂੰ ਪਰਮੇਸ਼ੁਰ ਦੇ ਨਾਂ ਅਤੇ ਉਸ ਦੇ ਮਤਲਬ ਬਾਰੇ ਪਤਾ ਹੀ ਨਾ ਹੁੰਦਾ, ਤਾਂ ਉਹ ਯਹੋਵਾਹ ਬਾਰੇ ਸੱਚਾਈ ਕਿੱਦਾਂ ਜਾਣ ਸਕਦੇ ਸਨ? *

ਪਰਮੇਸ਼ੁਰ ਦਾ ਪਿਆਰ: ਇਕ ਵਾਰੀ ਯਿਸੂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਕਿਹਾ: “ਤੈਂ ਮੇਰੇ ਨਾਲ ਜਗਤ ਦੀ ਨੀਉਂ ਧਰਨ ਤੋਂ ਅੱਗੇ ਹੀ ਪਿਆਰ ਕੀਤਾ।” (ਯੂਹੰਨਾ 17:24) ਸਵਰਗ ਵਿਚ ਯਿਸੂ ਨੇ ਪਰਮੇਸ਼ੁਰ ਦਾ ਪਿਆਰ ਪਾਇਆ ਸੀ, ਇਸ ਲਈ ਧਰਤੀ ਉੱਤੇ ਉਸ ਨੇ ਆਪਣੇ ਪਿਤਾ ਦੇ ਅਨਮੋਲ ਗੁਣਾਂ ਬਾਰੇ ਦੱਸਿਆ।

ਯਿਸੂ ਨੇ ਦਿਖਾਇਆ ਕਿ ਯਹੋਵਾਹ ਸਾਰਿਆਂ ਨਾਲ ਪਿਆਰ ਕਰਦਾ ਹੈ। ਯਿਸੂ ਨੇ ਕਿਹਾ ਸੀ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਜੀ ਹਾਂ, ਪਰਮੇਸ਼ੁਰ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ। ਪਰਮੇਸ਼ੁਰ ਨੇ ਇਨਸਾਨਾਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦਿੱਤੀ ਤਾਂਕਿ ਵਫ਼ਾਦਾਰ ਇਨਸਾਨ ਪਾਪ ਅਤੇ ਮੌਤ ਦੇ ਪੰਜੇ ਤੋਂ ਛੁੱਟ ਕੇ ਹਮੇਸ਼ਾ ਦੀ ਜ਼ਿੰਦਗੀ ਪਾਉਣ। ਯਹੋਵਾਹ ਪਿਆਰ ਦਾ ਸਾਗਰ ਹੈ ਜਿਸ ਦੀ ਡੂੰਘਾਈ ਸਾਡੀ ਸਮਝ ਤੋਂ ਬਾਹਰ ਹੈ।—ਰੋਮੀਆਂ 8:38, 39.

ਯਿਸੂ ਨੇ ਦਿਲ ਨੂੰ ਭਰੋਸਾ ਦੇਣ ਵਾਲੀ ਇਹ ਗੱਲ ਦੱਸੀ ਕਿ ਯਹੋਵਾਹ ਆਪਣੇ ਹਰੇਕ ਸੇਵਕ ਨਾਲ ਬਹੁਤ ਪਿਆਰ ਕਰਦਾ ਹੈ। ਯਿਸੂ ਨੇ ਸਿਖਾਇਆ ਕਿ ਜਿਵੇਂ ਇਕ ਚਰਵਾਹਾ ਆਪਣੀ ਹਰੇਕ ਭੇਡ ਨੂੰ ਜਾਣਦਾ ਹੈ, ਤਿਵੇਂ ਯਹੋਵਾਹ ਆਪਣੇ ਹਰੇਕ ਸੇਵਕ ਨੂੰ ਜਾਣਦਾ ਹੀ ਨਹੀਂ, ਸਗੋਂ ਉਸ ਦੀ ਦੇਖ-ਭਾਲ ਵੀ ਕਰਦਾ ਹੈ। (ਮੱਤੀ 18:12-14) ਯਿਸੂ ਨੇ ਇਹ ਵੀ ਕਿਹਾ ਸੀ ਕਿ ਜੇ ਇਕ ਚਿੜੀ ਵੀ ਜ਼ਮੀਨ ਉੱਤੇ ਡਿੱਗਦੀ ਹੈ, ਤਾਂ ਯਹੋਵਾਹ ਨੂੰ ਇਸ ਬਾਰੇ ਪਤਾ ਹੁੰਦਾ ਹੈ। ਉਸ ਨੇ ਅੱਗੇ ਕਿਹਾ: “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ।” (ਮੱਤੀ 10:29-31) ਜੇ ਯਹੋਵਾਹ ਜਾਣਦਾ ਹੈ ਕਿ ਕੋਈ ਚਿੜੀ ਆਪਣੇ ਆਲ੍ਹਣੇ ਵਾਪਸ ਨਹੀਂ ਆਈ ਹੈ, ਤਾਂ ਕੀ ਉਹ ਆਪਣੇ ਹਰੇਕ ਸੇਵਕ ਦਾ ਧਿਆਨ ਨਹੀਂ ਰੱਖੇਗਾ? ਜੇ ਯਹੋਵਾਹ ਨੇ ਸਾਡੇ ਸਿਰ ਦੇ ਵਾਲ ਗਿਣੇ ਹੋਏ ਹਨ, ਤਾਂ ਕੀ ਸਾਡੀ ਜ਼ਿੰਦਗੀ ਵਿਚ ਅਜਿਹੀ ਕੋਈ ਵੀ ਗੱਲ ਹੋ ਸਕਦੀ ਹੈ ਜਿਸ ਬਾਰੇ ਉਸ ਨੂੰ ਪਤਾ ਨਾ ਹੋਵੇ? ਵਾਕਈ ਉਹ ਸਾਡੀਆਂ ਲੋੜਾਂ, ਮੁਸ਼ਕਲਾਂ ਅਤੇ ਚਿੰਤਾਵਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ।

ਸਵਰਗੀ ਪਿਤਾ: ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਯਿਸੂ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਹੈ। ਇਸੇ ਕਰਕੇ ਇਸ ਪਿਆਰੇ ਪੁੱਤਰ ਨੇ ਯਹੋਵਾਹ ਨੂੰ ਆਪਣਾ “ਪਿਤਾ” ਕਿਹਾ ਸੀ। ਜਦ ਯਿਸੂ ਸਿਰਫ਼ 12 ਸਾਲਾਂ ਦਾ ਸੀ, ਤਾਂ ਪਰਮੇਸ਼ੁਰ ਦੇ ਮੰਦਰ ਵਿਚ ਉਸ ਨੇ ਯਹੋਵਾਹ ਨੂੰ ‘ਆਪਣਾ ਪਿਤਾ’ ਕਿਹਾ ਸੀ। ਇਹ ਬਾਈਬਲ ਵਿਚ ਦਰਜ ਕੀਤੇ ਗਏ ਯਿਸੂ ਦੇ ਪਹਿਲੇ ਸ਼ਬਦ ਹਨ। (ਲੂਕਾ 2:49) ਇੰਜੀਲਾਂ ਵਿਚ ਪਰਮੇਸ਼ੁਰ ਲਈ “ਪਿਤਾ” ਸ਼ਬਦ ਲਗਭਗ 190 ਵਾਰ ਇਸਤੇਮਾਲ ਕੀਤਾ ਗਿਆ ਹੈ। ਯਿਸੂ ਨੇ ਯਹੋਵਾਹ ਨੂੰ ‘ਤੁਹਾਡਾ ਪਿਤਾ,’ ‘ਸਾਡਾ ਪਿਤਾ’ ਅਤੇ ‘ਮੇਰਾ ਪਿਤਾ’ ਕਿਹਾ ਸੀ। (ਮੱਤੀ 5:16; 6:9; 7:21) ਵਾਰ-ਵਾਰ “ਪਿਤਾ” ਸ਼ਬਦ ਵਰਤ ਕੇ ਯਿਸੂ ਨੇ ਦਿਖਾਇਆ ਕਿ ਪਾਪੀ ਹੋਣ ਦੇ ਬਾਵਜੂਦ ਵੀ ਇਨਸਾਨ ਯਹੋਵਾਹ ਦੇ ਨਾਲ ਗੂੜ੍ਹਾ ਰਿਸ਼ਤਾ ਜੋੜ ਸਕਦੇ ਹਨ।

ਦਇਆਵਾਨ ਅਤੇ ਮਾਫ਼ ਕਰਨ ਲਈ ਤਿਆਰ: ਯਿਸੂ ਜਾਣਦਾ ਸੀ ਕਿ ਪਾਪੀ ਇਨਸਾਨਾਂ ਨੂੰ ਯਹੋਵਾਹ ਦੀ ਦਇਆ ਦੀ ਲੋੜ ਹੈ। ਇਸ ਸੰਬੰਧ ਵਿਚ ਯਿਸੂ ਨੇ ਇਕ ਵਾਰੀ ਇਕ ਉਜਾੜੂ ਪੁੱਤਰ ਦੀ ਕਹਾਣੀ ਸੁਣਾਈ ਸੀ ਜਿਸ ਵਿਚ ਉਸ ਦੇ ਦਿਆਲੂ ਪਿਤਾ ਨੇ ਪੁੱਤਰ ਨੂੰ ਮਾਫ਼ ਕੀਤਾ ਜਦੋਂ ਪੁੱਤਰ ਨੇ ਆਪਣੇ ਗ਼ਲਤ ਕੰਮਾਂ ਤੋਂ ਤੋਬਾ ਕੀਤੀ। ਇਸੇ ਤਰ੍ਹਾਂ ਯਹੋਵਾਹ ਵੀ ਸਾਡੇ ਨਾਲ ਦਇਆ ਨਾਲ ਪੇਸ਼ ਆਉਂਦਾ ਹੈ। (ਲੂਕਾ 15:11-32) ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਯਹੋਵਾਹ ਦੇਖਦਾ ਹੈ ਕਿ ਅਸੀਂ ਆਪਣੇ ਦਿਲ ਵਿਚ ਤੋਬਾ ਕੀਤੀ ਹੈ ਅਤੇ ਫਿਰ ਉਹ ਦਇਆ ਕਰ ਕੇ ਸਾਨੂੰ ਮਾਫ਼ ਕਰ ਦਿੰਦਾ ਹੈ। ਯਿਸੂ ਨੇ ਸਮਝਾਇਆ: “ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।” (ਲੂਕਾ 15:7) ਕੀ ਅਸੀਂ ਅਜਿਹੇ ਦਇਆਵਾਨ ਪਰਮੇਸ਼ੁਰ ਨਾਲ ਰਿਸ਼ਤਾ ਨਹੀਂ ਜੋੜਨਾ ਚਾਹਾਂਗੇ?

ਪ੍ਰਾਰਥਨਾਵਾਂ ਸੁਣਨ ਵਾਲਾ: ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਨੇ ਸਵਰਗ ਵਿਚ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ ਅਤੇ ਉਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਖ਼ੁਸ਼ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 65:2) ਆਪਣੀ ਸੇਵਕਾਈ ਦੌਰਾਨ ਯਿਸੂ ਨੇ ਸਿਖਾਇਆ ਕਿ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ ਅਤੇ ਕਿਨ੍ਹਾਂ ਗੱਲਾਂ ਲਈ ਪ੍ਰਾਰਥਨਾ ਕੀਤੀ ਜਾ ਸਕਦੀ ਹੈ। ਉਸ ਨੇ ਸਲਾਹ ਦਿੱਤੀ ਕਿ “ਪ੍ਰਾਰਥਨਾ ਕਰਦੇ ਵੇਲੇ ਆਪਣੀ ਪ੍ਰਾਰਥਨਾ ਵਿਚ ਅੰਧ-ਵਿਸ਼ਵਾਸੀਆਂ ਦੀ ਤਰ੍ਹਾਂ ਬਾਰ ਬਾਰ ਇਕ ਹੀ ਗੱਲ ਨਾ ਕਰੋ।” ਉਸ ਨੇ ਇਸ ਬਾਰੇ ਵੀ ਪ੍ਰਾਰਥਨਾ ਕਰਨ ਲਈ ਕਿਹਾ ਕਿ ਪਰਮੇਸ਼ੁਰ ਦੀ ਮਰਜ਼ੀ “ਜਿਸ ਤਰ੍ਹਾਂ ਸਵਰਗ ਵਿਚ ਪੂਰੀ ਹੁੰਦੀ ਹੈ, ਧਰਤੀ ਤੇ ਵੀ ਪੂਰੀ ਹੋਵੇ।” ਅਸੀਂ ਰੋਜ਼ ਦੀ ਰੋਟੀ, ਪਾਪਾਂ ਦੀ ਮਾਫ਼ੀ ਅਤੇ ਗ਼ਲਤ ਕੰਮਾਂ ਵਿਚ ਨਾ ਪੈਣ ਲਈ ਪ੍ਰਾਰਥਨਾ ਕਰ ਸਕਦੇ ਹਾਂ। (ਮੱਤੀ 6:5-13, CL) ਯਿਸੂ ਨੇ ਦੱਸਿਆ ਕਿ ਪਰਮੇਸ਼ੁਰ ਇਕ ਪਿਆਰੇ ਪਿਤਾ ਵਾਂਗ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਜੋ ਪੂਰੀ ਨਿਹਚਾ ਨਾਲ ਉਸ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਨ।—ਮੱਤੀ 7:7-11.

ਸੱਚ-ਮੁੱਚ ਯਿਸੂ ਨੇ ਯਹੋਵਾਹ ਅਤੇ ਉਸ ਦੇ ਗੁਣਾਂ ਬਾਰੇ ਸੱਚਾਈ ਸਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਇੰਨਾ ਹੀ ਨਹੀਂ, ਯਿਸੂ ਇਹ ਵੀ ਸਿਖਾਉਣਾ ਚਾਹੁੰਦਾ ਸੀ ਕਿ ਯਹੋਵਾਹ ਦੁਨੀਆਂ ਵਿਚ ਤਬਦੀਲੀਆਂ ਲਿਆ ਕੇ ਧਰਤੀ ਅਤੇ ਇਨਸਾਨਾਂ ਲਈ ਆਪਣਾ ਮਕਸਦ ਕਿਸ ਤਰ੍ਹਾਂ ਪੂਰਾ ਕਰੇਗਾ। ਅਸਲ ਵਿਚ ਯਿਸੂ ਦੇ ਪ੍ਰਚਾਰ ਦਾ ਮੁੱਖ ਸੰਦੇਸ਼ ਇਹੀ ਸੀ। (w10-E 04/01)

[ਫੁਟਨੋਟ]

^ ਪੈਰਾ 4 ਜਦੋਂ ਬਾਈਬਲ ਲਿਖੀ ਗਈ ਸੀ, ਤਾਂ ਉਸ ਵਿਚ ਯਹੋਵਾਹ ਦਾ ਨਾਂ ਤਕਰੀਬਨ 7,000 ਵਾਰ ਵਰਤਿਆ ਗਿਆ ਸੀ। ਉਸ ਨਾਂ ਦਾ ਮਤਲਬ ਹੈ: “ਮੈਂ ਬਣਾਂਗਾ ਜੋ ਮੈਂ ਬਣਾਂਗਾ।” (ਕੂਚ 3:13-15, NW) ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰਨ ਲਈ ਉਹੀ ਬਣ ਜਾਂਦਾ ਹੈ ਜੋ ਉਸ ਨੂੰ ਬਣਨ ਦੀ ਲੋੜ ਹੁੰਦੀ ਹੈ। ਉਸ ਦਾ ਨਾਂ ਇਸ ਗੱਲ ਦੀ ਗਾਰੰਟੀ ਹੈ ਕਿ ਉਹ ਹਮੇਸ਼ਾ ਸੱਚਾ ਸਾਬਤ ਹੋਵੇਗਾ ਅਤੇ ਆਪਣੇ ਵਾਅਦੇ ਪੂਰੇ ਕਰੇਗਾ।