Skip to content

Skip to table of contents

ਪਤਰਸ ਨੇ ਯਿਸੂ ਤੋਂ ਮਾਫ਼ੀ ਬਾਰੇ ਸਿੱਖਿਆ

ਪਤਰਸ ਨੇ ਯਿਸੂ ਤੋਂ ਮਾਫ਼ੀ ਬਾਰੇ ਸਿੱਖਿਆ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

ਪਤਰਸ ਨੇ ਯਿਸੂ ਤੋਂ ਮਾਫ਼ੀ ਬਾਰੇ ਸਿੱਖਿਆ

ਪਤਰਸ ਉਹ ਦੁਖਦਾਈ ਪਲ ਕਦੇ ਨਹੀਂ ਭੁੱਲ ਸਕਦਾ ਸੀ ਜਦੋਂ ਉਸ ਦੀ ਅਤੇ ਉਸ ਦੇ ਮਾਲਕ ਯਿਸੂ ਦੀ ਨਜ਼ਰ ਟਕਰਾਈ। ਕੀ ਯਿਸੂ ਉਸ ਨੂੰ ਘੂਰ ਕੇ ਦੇਖ ਰਿਹਾ ਸੀ? ਕੀ ਉਹ ਉਸ ਤੋਂ ਨਾਰਾਜ਼ ਸੀ? ਇਸ ਬਾਰੇ ਅਸਲੀਅਤ ਕਿਸੇ ਨੂੰ ਨਹੀਂ ਪਤਾ ਕਿਉਂਕਿ ਬਾਈਬਲ ਸਿਰਫ਼ ਇਹੋ ਕਹਿੰਦੀ ਹੈ ਕਿ “ਪ੍ਰਭੁ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ।” (ਲੂਕਾ 22:61) ਪਰ ਉਸ ਪਲ ਪਤਰਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸ ਨੂੰ ਪਤਾ ਲਗਾ ਕਿ ਉਹ ਉਹੀ ਗ਼ਲਤੀ ਕਰ ਬੈਠਾ ਸੀ ਜਿਸ ਬਾਰੇ ਯਿਸੂ ਨੇ ਭਵਿੱਖਬਾਣੀ ਕੀਤੀ ਸੀ। ਪਤਰਸ ਫ਼ਖ਼ਰ ਨਾਲ ਕਹਿ ਚੁੱਕਾ ਸੀ ਕਿ ਉਹ ਕਦੇ ਵੀ ਯਿਸੂ ਦਾ ਇਨਕਾਰ ਨਹੀਂ ਕਰੇਗਾ। ਪਰ ਅਫ਼ਸੋਸ, ਉਹ ਆਪਣੇ ਪਿਆਰੇ ਮਾਲਕ ਨਾਲ ਦਗ਼ਾ ਕਰ ਬੈਠਾ ਸੀ। ਪਤਰਸ ਆਪਣੀਆਂ ਹੀ ਨਜ਼ਰਾਂ ਵਿਚ ਡਿੱਗ ਗਿਆ ਸੀ। ਹੋ ਸਕਦਾ ਹੈ ਕਿ ਇਹ ਉਸ ਦੇ ਸਭ ਤੋਂ ਮਾੜੇ ਦਿਨ ਦਾ ਸਭ ਤੋਂ ਮਾੜਾ ਪਲ ਸੀ।

ਪਰ ਸਭ ਕੁਝ ਨਹੀਂ ਹੱਥੋਂ ਗੁਆਚਾ ਸੀ। ਪਤਰਸ ਵੱਡੀ ਨਿਹਚਾ ਵਾਲਾ ਬੰਦਾ ਸੀ, ਇਸ ਲਈ ਉਸ ਕੋਲ ਹਾਲੇ ਵੀ ਆਪਣੇ ਆਪ ਨੂੰ ਸੰਭਾਲਣ ਅਤੇ ਯਿਸੂ ਦੇ ਇਕ ਸਭ ਤੋਂ ਵੱਡੇ ਸਬਕ ਤੋਂ ਸਿੱਖਣ ਦਾ ਮੌਕਾ ਪੇਸ਼ ਸੀ। ਇਹ ਸਬਕ ਮਾਫ਼ੀ ਨਾਲ ਸੰਬੰਧ ਰੱਖਦਾ ਸੀ। ਸਾਨੂੰ ਸਾਰਿਆਂ ਨੂੰ ਇਹ ਸਬਕ ਸਿੱਖਣ ਦੀ ਲੋੜ ਹੈ, ਇਸ ਲਈ ਆਓ ਆਪਾਂ ਗੌਰ ਕਰੀਏ ਕਿ ਪਤਰਸ ਨਾਲ ਕੀ ਹੋਇਆ ਸੀ।

ਪਤਰਸ ਨੂੰ ਸਬਕ ਸਿੱਖਣ ਦੀ ਵੱਡੀ ਲੋੜ

ਛੇ ਕੁ ਮਹੀਨੇ ਪਹਿਲਾਂ ਆਪਣੇ ਜੱਦੀ ਸ਼ਹਿਰ ਕਫ਼ਰਨਾਹੂਮ ਵਿਚ ਪਤਰਸ ਯਿਸੂ ਕੋਲ ਆਣ ਕੇ ਪੁੱਛਣ ਲੱਗਾ: “ਪ੍ਰਭੁ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੀਕਰ?” ਪਤਰਸ ਸ਼ਾਇਦ ਸੋਚਦਾ ਸੀ ਕਿ ਉਹ ਬੜਾ ਦਿਆਲੂ ਬਣ ਰਿਹਾ ਸੀ। ਆਖ਼ਰਕਾਰ ਉੱਨੀ ਦਿਨੀਂ ਗ੍ਰੰਥੀ ਸਿਖਾਉਂਦੇ ਸਨ ਕਿ ਕਿਸੇ ਨੂੰ ਤਿੰਨ ਵਾਰ ਮਾਫ਼ ਕਰਨਾ ਬਥੇਰਾ ਹੈ! ਯਿਸੂ ਨੇ ਜਵਾਬ ਦਿੱਤਾ: “ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ।”​—ਮੱਤੀ 18:21, 22.

ਕੀ ਯਿਸੂ ਇਹ ਕਹਿ ਰਿਹਾ ਸੀ ਕਿ ਪਤਰਸ ਨੂੰ ਦੂਸਰਿਆਂ ਦੇ ਪਾਪਾਂ ਦਾ ਗਿਣ-ਗਿਣ ਕੇ ਹਿਸਾਬ ਰੱਖਣਾ ਚਾਹੀਦਾ ਹੈ? ਨਹੀਂ, ਸਗੋਂ ਪਤਰਸ ਦੇ 7 ਪਾਪਾਂ ਦੀ ਗਿਣਤੀ ਨੂੰ 77 ਵਿਚ ਬਦਲ ਕੇ ਯਿਸੂ ਕਹਿ ਰਿਹਾ ਸੀ ਕਿ ਸਾਨੂੰ ਦੂਜਿਆਂ ਦੇ ਪਾਪਾਂ ਨੂੰ ਮਾਫ਼ ਕਰਦੇ ਰਹਿਣਾ ਚਾਹੀਦੀ ਹੈ। ਯਿਸੂ ਨੇ ਦਿਖਾਇਆ ਕਿ ਪਤਰਸ ’ਤੇ ਵੀ ਉਸ ਬੇਰਹਿਮੀ ਦਾ ਅਸਰ ਪੈ ਚੁੱਕਾ ਸੀ ਜੋ ਉਨ੍ਹਾਂ ਦਿਨਾਂ ਵਿਚ ਆਮ ਸੀ। ਅਜਿਹੀ ਬੇਰਹਿਮੀ ਕਰਕੇ ਲੋਕ ਸੋਚਦੇ ਸਨ ਕਿ ਮਾਫ਼ੀ ਦਾ ਹਿਸਾਬ-ਕਿਤਾਬ ਰੱਖਿਆ ਜਾਣਾ ਚਾਹੀਦਾ ਹੈ। ਪਰ ਪਰਮੇਸ਼ੁਰ ਖੁੱਲ੍ਹੇ ਦਿਲ ਨਾਲ ਮਾਫ਼ ਕਰਨ ਵਾਲਾ ਹੈ।

ਪਤਰਸ ਨੇ ਯਿਸੂ ਨਾਲ ਬਹਿਸ ਨਹੀਂ ਕੀਤੀ। ਪਰ ਕੀ ਯਿਸੂ ਦੀ ਨਸੀਹਤ ਤੋਂ ਪਤਰਸ ਦੇ ਦਿਲ ਉੱਤੇ ਕੋਈ ਅਸਰ ਪਿਆ? ਕਦੇ-ਕਦੇ ਅਸੀਂ ਮਾਫ਼ੀ ਦੇਣ ਦੇ ਮਾਮਲੇ ਵਿਚ ਉਦੋਂ ਹੀ ਪੂਰੀ ਤਰ੍ਹਾਂ ਸਬਕ ਸਿੱਖਦੇ ਹਾਂ ਜਦੋਂ ਸਾਨੂੰ ਖ਼ੁਦ ਮਾਫ਼ੀ ਦੀ ਜ਼ਬਰਦਸਤ ਲੋੜ ਪੈਂਦੀ ਹੈ। ਆਓ ਆਪਾਂ ਯਿਸੂ ਦੀ ਮੌਤ ਦੇ ਸਮੇਂ ’ਤੇ ਹੋਣ ਵਾਲੀਆਂ ਘਟਨਾਵਾਂ ਵੱਲ ਦੁਬਾਰਾ ਧਿਆਨ ਦੇਈਏ। ਉਨ੍ਹਾਂ ਔਖੀਆਂ ਘੜੀਆਂ ਵਿਚ ਪਤਰਸ ਨੇ ਅਜਿਹਾ ਕੁਝ ਕੀਤਾ ਜਿਸ ਲਈ ਉਸ ਨੂੰ ਯਿਸੂ ਵੱਲੋਂ ਮਾਫ਼ੀ ਦੀ ਲੋੜ ਸੀ।

ਮਾਫ਼ੀ ਦੇਣ ਦੀ ਵਧ ਰਹੀ ਲੋੜ

ਧਰਤੀ ਉੱਤੇ ਯਿਸੂ ਦੀ ਆਖ਼ਰੀ ਰਾਤ ਇਕ ਬਹੁਤ ਯਾਦਗਾਰੀ ਰਾਤ ਸੀ। ਯਿਸੂ ਨੇ ਹਾਲੇ ਆਪਣੇ ਚੇਲਿਆਂ ਨੂੰ ਬਹੁਤ ਕੁਝ ਸਿਖਾਉਣਾ ਸੀ ਜਿਵੇਂ ਕਿ ਹਲੀਮੀ ਦਾ ਸਬਕ। ਯਿਸੂ ਨੇ ਉਨ੍ਹਾਂ ਦੇ ਪੈਰ ਧੋ ਕੇ ਹਲੀਮੀ ਦੀ ਮਿਸਾਲ ਕਾਇਮ ਕੀਤੀ ਕਿਉਂਕਿ ਇਹ ਕੰਮ ਆਮ ਤੌਰ ਤੇ ਕੋਈ ਛੋਟਾ-ਮੋਟਾ ਨੌਕਰ-ਚਾਕਰ ਕਰਦਾ ਹੁੰਦਾ ਸੀ। ਪਹਿਲਾਂ-ਪਹਿਲ ਪਤਰਸ ਨੇ ਇਤਰਾਜ਼ ਕੀਤਾ। ਫਿਰ ਉਸ ਨੇ ਆਪਣੇ ਪੈਰ ਧੁਆਏ ਜਾਣ ਤੋਂ ਇਨਕਾਰ ਕੀਤਾ। ਫਿਰ ਉਸ ਨੇ ਜ਼ੋਰ ਪਾਇਆ ਕਿ ਯਿਸੂ ਨਾ ਸਿਰਫ਼ ਉਸ ਦੇ ਪੈਰ, ਸਗੋਂ ਉਸ ਦੇ ਹੱਥ ਅਤੇ ਸਿਰ ਵੀ ਧੋਵੇ! ਯਿਸੂ ਉਸ ਨਾਲ ਖਿਝਿਆ ਨਹੀਂ, ਪਰ ਉਸ ਨੇ ਸ਼ਾਂਤੀ ਨਾਲ ਸਮਝਾਇਆ ਕਿ ਉਹ ਇਵੇਂ ਕਿਉਂ ਕਰ ਰਿਹਾ ਸੀ ਤੇ ਇਸ ਦੀ ਅਹਿਮੀਅਤ ਕੀ ਸੀ।​—ਯੂਹੰਨਾ 13:1-17.

ਕੁਝ ਹੀ ਦੇਰ ਬਾਅਦ ਚੇਲਿਆਂ ਦੇ ਆਪਸ ਵਿਚ ਝਗੜਾ ਛਿੜ ਪਿਆ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ। ਪਤਰਸ ਨੇ ਵੀ ਜ਼ਰੂਰ ਇਸ ਝਗੜੇ ਵਿਚ ਹਿੱਸਾ ਲਿਆ ਹੋਣਾ। ਫਿਰ ਵੀ ਯਿਸੂ ਨੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਇਆ ਨਾਲੇ ਇਸ ਗੱਲ ਦੀ ਵੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਵਫ਼ਾਦਾਰੀ ਨਾਲ ਉਸ ਦਾ ਸਾਥ ਦਿੱਤਾ ਸੀ। ਪਰ ਉਸ ਨੇ ਭਵਿੱਖਬਾਣੀ ਕੀਤੀ ਕਿ ਉਹ ਸਾਰੇ ਜਣੇ ਉਸ ਨੂੰ ਛੱਡ ਕੇ ਭੱਜ ਜਾਣਗੇ। ਪਤਰਸ ਨੇ ਜਵਾਬ ਦਿੱਤਾ ਕਿ ਉਹ ਮੌਤ ਦੇ ਸਾਮ੍ਹਣੇ ਵੀ ਯਿਸੂ ਦਾ ਸਾਥ ਕਦੇ ਨਹੀਂ ਛੱਡੇਗਾ। ਯਿਸੂ ਨੇ ਭਵਿੱਖਬਾਣੀ ਕਰ ਕੇ ਕਿਹਾ ਕਿ ਇਸ ਦੇ ਉਲਟ, ਪਤਰਸ ਉਸੇ ਰਾਤ ਇਕ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਆਪਣੇ ਮਾਲਕ ਦਾ ਇਨਕਾਰ ਕਰੇਗਾ। ਪਤਰਸ ਨੇ ਇਹੀ ਨਹੀਂ ਕਿਹਾ ਕਿ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ, ਪਰ ਘਮੰਡ ਵਿਚ ਆ ਕੇ ਕਿਹਾ ਕਿ ਉਹ ਦੂਸਰਿਆਂ ਸਾਰਿਆਂ ਚੇਲਿਆਂ ਨਾਲੋਂ ਵੀ ਜ਼ਿਆਦਾ ਵਫ਼ਾਦਾਰ ਰਹੇਗਾ!​—ਮੱਤੀ 26:31-35; ਮਰਕੁਸ 14:27-31; ਲੂਕਾ 22:24-28.

ਕੀ ਯਿਸੂ ਉਸ ਨਾਲ ਗੁੱਸੇ ਹੋਇਆ? ਨਹੀਂ। ਭਾਵੇਂ ਯਿਸੂ ਦੇ ਰਸੂਲ ਗ਼ਲਤੀਆਂ ਕਰਦੇ ਸਨ, ਫਿਰ ਵੀ ਯਿਸੂ ਨੇ ਉਨ੍ਹਾਂ ਦੇ ਚੰਗੇ ਗੁਣਾਂ ਨੂੰ ਧਿਆਨ ਵਿਚ ਰੱਖਿਆ। ਉਹ ਜਾਣਦਾ ਸੀ ਕਿ ਪਤਰਸ ਉਸ ਨੂੰ ਨਿਰਾਸ਼ ਕਰੇਗਾ, ਪਰ ਫਿਰ ਵੀ ਉਸ ਨੇ ਕਿਹਾ: “ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ ਅਰ ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।” (ਲੂਕਾ 22:32) ਯਿਸੂ ਨੂੰ ਭਰੋਸਾ ਸੀ ਕਿ ਗ਼ਲਤੀ ਕਰਨ ਤੋਂ ਬਾਅਦ ਵੀ ਪਤਰਸ ਮੁੜ ਕੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰੇਗਾ। ਮਾਫ਼ ਕਰਨ ਦੀ ਕਿੱਡੀ ਵੱਡੀ ਮਿਸਾਲ!

ਬਾਅਦ ਵਿਚ ਗਥਸਮਨੀ ਦੇ ਬਾਗ਼ ਵਿਚ ਪਤਰਸ ਨੂੰ ਫਿਰ ਸੁਧਾਰਨ ਦੀ ਲੋੜ ਪਈ। ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਜਾਗਦੇ ਰਹਿਣ ਲਈ ਕਿਹਾ ਜਦ ਕਿ ਉਹ ਆਪ ਪ੍ਰਾਰਥਨਾ ਕਰਨ ਲਈ ਗਿਆ। ਯਿਸੂ ਇਸ ਵੇਲੇ ਬਹੁਤ ਪਰੇਸ਼ਾਨ ਸੀ ਤੇ ਉਸ ਨੂੰ ਸਹਾਰੇ ਦੀ ਲੋੜ ਸੀ, ਪਰ ਪਤਰਸ ਤੇ ਦੂਸਰੇ ਚੇਲੇ ਜਾਗਦੇ ਨਾ ਰਹੇ। ਫਿਰ ਵੀ ਯਿਸੂ ਦੀ ਇਸ ਗੱਲ ਤੋਂ ਉਸ ਦੀ ਹਮਦਰਦੀ ਤੇ ਮਾਫ਼ੀ ਜ਼ਾਹਰ ਹੁੰਦੀ ਹੈ ਕਿ “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”​—ਮਰਕੁਸ 14:32-38.

ਥੋੜ੍ਹੀ ਦੇਰ ਬਾਅਦ ਇਕ ਵੱਡੀ ਭੀੜ ਇਕੱਠੀ ਹੋਈ ਜਿਨ੍ਹਾਂ ਦੇ ਹੱਥਾਂ ਵਿਚ ਮਸ਼ਾਲਾਂ, ਤਲਵਾਰਾਂ ਤੇ ਡਾਂਗਾਂ ਸਨ। ਇਹ ਸਾਵਧਾਨ ਹੋਣ ਤੇ ਸਮਝਦਾਰੀ ਵਰਤਣ ਦਾ ਵੇਲਾ ਸੀ। ਪਰ ਪਤਰਸ ਨੇ ਸਰਦਾਰ ਜਾਜਕ ਦੇ ਨੌਕਰ ਮਲਖੁਸ ਦੇ ਸਿਰ ’ਤੇ ਤਲਵਾਰ ਵਗਾਈ ਅਤੇ ਉਸ ਦਾ ਕੰਨ ਵੱਢ ਸੁੱਟਿਆ। ਯਿਸੂ ਨੇ ਸ਼ਾਂਤੀ ਨਾਲ ਪਤਰਸ ਨੂੰ ਸੁਧਾਰਿਆ, ਜ਼ਖ਼ਮ ਨੂੰ ਚੰਗਾ ਕੀਤਾ ਤੇ ਅਹਿੰਸਾ ਦਾ ਇਕ ਅਸੂਲ ਸਮਝਾਇਆ ਜਿਸ ਉੱਤੇ ਅੱਜ ਤਕ ਉਸ ਦੇ ਚੇਲੇ ਚੱਲਦੇ ਹਨ। (ਮੱਤੀ 26:47-55; ਲੂਕਾ 22:47-51; ਯੂਹੰਨਾ 18:10, 11) ਪਤਰਸ ਹੁਣ ਤਕ ਕਈ ਗ਼ਲਤੀਆਂ ਕਰ ਚੁੱਕਾ ਸੀ ਜਿਸ ਕਾਰਨ ਉਸ ਨੂੰ ਆਪਣੇ ਮਾਲਕ ਯਿਸੂ ਦੀ ਮਾਫ਼ੀ ਦੀ ਲੋੜ ਸੀ। ਉਸ ਦੀ ਉਦਾਹਰਣ ਸਾਨੂੰ ਯਾਦ ਦਿਲਾਉਂਦੀ ਹੈ ਕਿ “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।” (ਯਾਕੂਬ 3:2) ਸਾਡੇ ਵਿੱਚੋਂ ਕੌਣ ਹੈ ਜਿਸ ਨੂੰ ਹਰ ਰੋਜ਼ ਰੱਬ ਦੀ ਮਾਫ਼ੀ ਦੀ ਲੋੜ ਨਹੀਂ ਪੈਂਦੀ? ਪਰ ਪਤਰਸ ਨਾਲ ਉਸ ਰਾਤ ਹੋਰ ਕਈ ਕੁਝ ਹੋਣ ਵਾਲਾ ਸੀ। ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਹਾਲੇ ਜ਼ਾਹਰ ਹੋਣ ਵਾਲੀ ਸੀ।

ਪਤਰਸ ਦੀ ਸਭ ਤੋਂ ਵੱਡੀ ਕਮਜ਼ੋਰੀ

ਯਿਸੂ ਨੇ ਭੀੜ ਨੂੰ ਸਮਝਾਇਆ ਕਿ ਜੇ ਉਹ ਉਸ ਨੂੰ ਭਾਲ ਰਹੇ ਸਨ, ਤਾਂ ਉਹ ਉਸ ਦੇ ਰਸੂਲਾਂ ਨੂੰ ਛੱਡ ਦੇਣ। ਬੇਬੱਸ ਖੜ੍ਹਾ ਪਤਰਸ ਦੇਖਦਾ ਰਹਿ ਗਿਆ ਜਦ ਭੀੜ ਯਿਸੂ ਨੂੰ ਫੜ ਕੇ ਲੈ ਗਈ। ਫਿਰ ਉਹ ਵੀ ਬਾਕੀ ਰਸੂਲਾਂ ਵਾਂਗ ਉੱਥੋਂ ਭੱਜ ਨਿਕਲਿਆ।

ਰਾਹ ਵਿਚ ਪਤਰਸ ਤੇ ਯੂਹੰਨਾ ਦੋਵੇਂ ਰੁਕੇ, ਸ਼ਾਇਦ ਸਾਬਕਾ ਸਰਦਾਰ ਜਾਜਕ ਅੰਨਾਸ ਦੇ ਵਿਹੜੇ ਦੇ ਨਜ਼ਦੀਕ ਜਿੱਥੇ ਪੁੱਛ-ਗਿੱਛ ਕਰਨ ਲਈ ਯਿਸੂ ਨੂੰ ਪਹਿਲਾਂ ਲਿਜਾਇਆ ਗਿਆ। ਜਦੋਂ ਯਿਸੂ ਨੂੰ ਉੱਥੋਂ ਅਗਾਹਾਂ ਲਿਜਾਇਆ ਗਿਆ, ਪਤਰਸ ਅਤੇ ਯੂਹੰਨਾ “ਕੁਝ ਵਿੱਥ ਨਾਲ” ਯਾਨੀ ਕੁਝ ਫ਼ਾਸਲੇ ਤੇ ਉਸ ਦੇ ਮਗਰ-ਮਗਰ ਆਉਂਦੇ ਰਹੇ। (ਮੱਤੀ 26:58; ਯੂਹੰਨਾ 18:12, 13) ਪਤਰਸ ਕੋਈ ਡਰਪੋਕ ਨਹੀਂ ਸੀ। ਯਿਸੂ ਦੇ ਮਗਰ-ਮਗਰ ਜਾਣ ਲਈ ਵੀ ਹਿੰਮਤ ਦੀ ਲੋੜ ਸੀ। ਭੀੜ ਹਥਿਆਰਬੰਦ ਸੀ ਤੇ ਪਤਰਸ ਨੇ ਉਨ੍ਹਾਂ ਵਿੱਚੋਂ ਇਕ ਨੂੰ ਜ਼ਖ਼ਮੀ ਵੀ ਕੀਤਾ ਸੀ। ਫਿਰ ਵੀ ਪਤਰਸ ਦੀ ਮਿਸਾਲ ਤੋਂ ਅਸੀਂ ਉਸ ਤਰ੍ਹਾਂ ਦੀ ਵਫ਼ਾਦਾਰੀ ਨਹੀਂ ਦੇਖ ਸਕਦੇ ਜਿਸ ਦੀ ਉਹ ਪਹਿਲਾਂ ਫੜ੍ਹਾਂ ਮਾਰਦਾ ਸੀ ਯਾਨੀ ਕਿ ਉਹ ਆਪਣੇ ਮਾਲਕ ਲਈ ਜਾਨ ਦੇਣ ਲਈ ਤਿਆਰ ਸੀ।​—ਮਰਕੁਸ 14:31.

ਪਤਰਸ ਦੀ ਤਰ੍ਹਾਂ ਕਈ ਲੋਕ ਕੁਝ ਫ਼ਾਸਲਾ ਰੱਖ ਕੇ ਯਿਸੂ ਦੀ ਮਿਸਾਲ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਕੋਈ ਦੇਖ ਨਾ ਲਵੇ। ਪਰ ਜਿਵੇਂ ਪਤਰਸ ਨੇ ਖ਼ੁਦ ਬਾਅਦ ਵਿਚ ਲਿਖਿਆ ਸੀ, ਮਸੀਹ ਦੀ ਪੈੜ ਉੱਤੇ ਚੰਗੀ ਤਰ੍ਹਾਂ ਚੱਲਣ ਦਾ ਇੱਕੋ-ਇਕ ਤਰੀਕਾ ਹੈ ਉਸ ਦੇ ਨਮੂਨੇ ’ਤੇ ਚੱਲਣਾ, ਭਾਵੇਂ ਇਸ ਦਾ ਜੋ ਮਰਜ਼ੀ ਅੰਜਾਮ ਹੋਵੇ।​—1 ਪਤਰਸ 2:21.

ਪਤਰਸ ਦੱਬੇ-ਪੈਰ ਸਿਪਾਹੀਆਂ ਦੇ ਮਗਰ-ਮਗਰ ਯਰੂਸ਼ਲਮ ਦੇ ਸਭ ਤੋਂ ਸ਼ਾਨਦਾਰ ਕੋਠੀ ਦੇ ਫਾਟਕ ’ਤੇ ਪਹੁੰਚ ਗਿਆ। ਇਹ ਪ੍ਰਧਾਨ ਜਾਜਕ ਕਯਾਫ਼ਾ ਦਾ ਘਰ ਸੀ ਜੋ ਸ਼ਕਤੀਸ਼ਾਲੀ ਤੇ ਧਨਵਾਨ ਸੀ। ਅਜਿਹੇ ਘਰਾਂ ਦਾ ਵੱਡਾ ਸਾਰਾ ਵਿਹੜਾ ਤੇ ਉਸ ਦੇ ਮੋਹਰੇ ਇਕ ਫਾਟਕ ਹੁੰਦਾ ਸੀ। ਪਤਰਸ ਫਾਟਕ ’ਤੇ ਪਹੁੰਚ ਤਾਂ ਗਿਆ, ਪਰ ਉਹ ਵਿਹੜੇ ਵਿਚ ਅੰਦਰ ਨਹੀਂ ਲੰਘ ਸਕਿਆ। ਯੂਹੰਨਾ, ਜੋ ਪਹਿਲਾਂ ਹੀ ਅੰਦਰ ਜਾ ਚੁੱਕਾ ਸੀ, ਨੇ ਦਰਬਾਰਣ ਨੂੰ ਕਹਿ ਕੇ ਪਤਰਸ ਨੂੰ ਅੰਦਰ ਲੰਘਾ ਲਿਆ। ਜਾਪਦਾ ਹੈ ਕਿ ਪਤਰਸ ਤੇ ਯੂਹੰਨਾ ਇਕੱਠੇ ਨਹੀਂ ਰਹੇ ਤੇ ਨਾ ਹੀ ਪਤਰਸ ਨੇ ਘਰ ਦੇ ਅੰਦਰ ਜਾ ਕੇ ਯਿਸੂ ਦੇ ਨਾਲ ਖੜ੍ਹਨ ਦੀ ਕੋਸ਼ਿਸ਼ ਕੀਤੀ। ਉਹ ਵਿਹੜੇ ਵਿਚ ਰਿਹਾ ਜਿੱਥੇ ਕੁਝ ਨੌਕਰ-ਚਾਕਰ ਉਸ ਠੰਢੀ ਰਾਤ ਬੈਠੇ ਕੋਲਿਆਂ ਦੀ ਅੱਗ ਸੇਕ ਰਹੇ ਸਨ। ਉਹ ਘਰ ਦੇ ਅੰਦਰ ਚਲਾਏ ਜਾ ਰਹੇ ਮੁਕੱਦਮੇ ਸੰਬੰਧੀ ਯਿਸੂ ਦੇ ਖ਼ਿਲਾਫ਼ ਝੂਠੇ ਗਵਾਹਾਂ ਨੂੰ ਆਉਂਦੇ-ਜਾਂਦੇ ਦੇਖ ਰਹੇ ਸਨ।​—ਮਰਕੁਸ 14:54-57; ਯੂਹੰਨਾ 18:15, 16, 18.

ਅੱਗ ਦੀ ਲੋਅ ਵਿਚ ਉਹ ਕੁੜੀ ਪਤਰਸ ਨੂੰ ਚੰਗੀ ਤਰ੍ਹਾਂ ਦੇਖ ਸਕੀ ਜਿਸ ਨੇ ਉਸ ਨੂੰ ਅੰਦਰ ਵਾੜਿਆ ਸੀ। ਉਹ ਉਸ ਨੂੰ ਜਾਣਦੀ ਸੀ। ਉਸ ਨੇ ਉਸ ’ਤੇ ਦੋਸ਼ ਲਾਇਆ ਕਿ “ਯਿਸੂ ਗਲੀਲੀ ਦੇ ਨਾਲ ਤੂੰ ਭੀ ਸੈਂ।” ਪਰ ਪਤਰਸ ਮੁੱਕਰ ਕੇ ਕਹਿਣ ਲੱਗਾ ਕਿ ਉਹ ਨਾ ਹੀ ਯਿਸੂ ਨੂੰ ਜਾਣਦਾ ਸੀ ਅਤੇ ਨਾ ਹੀ ਉਹ ਉਸ ਕੁੜੀ ਦੀ ਗੱਲ ਸਮਝ ਸਕਦਾ ਸੀ। ਉਹ ਬਾਹਰ ਡਿਉੜ੍ਹੀ ਵਿਚ ਚਲਾ ਗਿਆ ਤਾਂਕਿ ਉਸ ਨੂੰ ਕੋਈ ਦੇਖ ਨਾ ਸਕੇ, ਪਰ ਇਕ ਹੋਰ ਨੌਕਰਾਣੀ ਉਸ ਨੂੰ ਵੇਖ ਕੇ ਕਹਿਣ ਲੱਗੀ: “ਇਹ ਭੀ ਯਿਸੂ ਨਾਸਰੀ ਦੇ ਨਾਲ ਸੀ।” ਪਤਰਸ ਸੌਂਹ ਖਾ ਕੇ ਫੇਰ ਮੁੱਕਰ ਗਿਆ ਕਿ “ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ।” (ਮੱਤੀ 26:69-72) ਹੋ ਸਕਦਾ ਹੈ ਕਿ ਇਸ ਦੂਸਰੀ ਵਾਰ ਮੁੱਕਰ ਜਾਣ ਤੋਂ ਬਾਅਦ ਪਤਰਸ ਨੇ ਕੁੱਕੜ ਦੀ ਬਾਂਗ ਸੁਣੀ, ਪਰ ਉਹ ਇੰਨਾ ਬੇਧਿਆਨਾ ਸੀ ਕਿ ਉਸ ਨੂੰ ਯਿਸੂ ਦੀ ਉਹ ਭਵਿੱਖਬਾਣੀ ਯਾਦ ਹੀ ਨਹੀਂ ਆਈ ਜੋ ਉਸ ਨੇ ਕੁਝ ਘੰਟੇ ਪਹਿਲਾਂ ਕੀਤੀ ਸੀ।

ਥੋੜ੍ਹੀ ਦੇਰ ਬਾਅਦ ਪਤਰਸ ਹਾਲੇ ਵੀ ਬੜੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਕਿਸੇ ਦੇ ਧਿਆਨ ਵਿਚ ਨਾ ਆਵੇ। ਪਰ ਵਿਹੜੇ ਵਿਚ ਖੜ੍ਹੇ ਲੋਕਾਂ ਵਿੱਚੋਂ ਕੁਝ ਉਸ ਦੇ ਨਜ਼ਦੀਕ ਆਏ। ਉਨ੍ਹਾਂ ਵਿੱਚੋਂ ਇਕ ਉਸ ਮਲਖੁਸ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ। ਉਸ ਨੇ ਪਤਰਸ ਨੂੰ ਕਿਹਾ: “ਭਲਾ, ਮੈਂ ਤੈਨੂੰ ਉਹ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ?” ਪਤਰਸ ਨੇ ਮਜਬੂਰ ਹੋ ਕੇ ਉਨ੍ਹਾਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਪਤਰਸ ਸੌਂਹ ਖਾ ਕੇ ਕਹਿਣ ਲੱਗਾ ਕਿ ਜੇ ਉਹ ਝੂਠ ਬੋਲ ਰਿਹਾ ਹੋਵੇ, ਤਾਂ ਉਹ ਸਰਾਪਿਆ ਜਾਵੇ। ਪਤਰਸ ਦੇ ਮੂੰਹੋਂ ਹਾਲੇ ਇਹ ਬੋਲ ਨਿਕਲ ਹੀ ਰਹੇ ਸਨ ਕਿ ਉਸ ਨੇ ਕੁੱਕੜ ਦੀ ਦੂਸਰੀ ਵਾਰ ਬਾਂਗ ਸੁਣੀ।​—ਯੂਹੰਨਾ 18:26, 27; ਮਰਕੁਸ 14:71, 72.

ਯਿਸੂ ਬਾਹਰ ਕੋਠੇ ’ਤੇ ਅਜੇ ਆ ਕੇ ਖੜ੍ਹਾ ਹੀ ਹੋਇਆ ਸੀ ਜਿੱਥੋਂ ਵਿਹੜਾ ਦੇਖਿਆ ਜਾ ਸਕਦਾ ਸੀ। ਉਸੇ ਪਲ ਉਸ ਦੀਆਂ ਨਜ਼ਰਾਂ ਪਤਰਸ ਦੀਆਂ ਨਜ਼ਰਾਂ ਨਾਲ ਟਕਰਾਈਆਂ ਜਿਵੇਂ ਅਸੀਂ ਲੇਖ ਦੇ ਸ਼ੁਰੂ ਵਿਚ ਪੜ੍ਹਿਆ ਸੀ। ਪਤਰਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਮਾਲਕ ਨਾਲ ਕਿੰਨੀ ਬੁਰੀ ਤਰ੍ਹਾਂ ਦਗ਼ਾ ਕਰ ਚੁੱਕਾ ਸੀ। ਪਤਰਸ ਵਿਹੜੇ ਵਿੱਚੋਂ ਚਲਾ ਗਿਆ ਕਿਉਂਕਿ ਦੋਸ਼ ਨਾਲ ਉਸ ਦਾ ਹੁਣ ਦਮ ਘੁੱਟ ਰਿਹਾ ਸੀ। ਉਹ ਚੰਦ ਦੀ ਲੋਅ ਵਿਚ ਸ਼ਹਿਰ ਦੀਆਂ ਗਲੀਆਂ ਵਿਚ ਘੁੰਮਣ ਲੱਗਾ। ਉਸ ਰਾਤ ਦੀਆਂ ਘਟਨਾਵਾਂ ਉਸ ਦੀਆਂ ਅੱਖਾਂ ਸਾਮ੍ਹਣੇ ਝਲਕ ਰਹੀਆਂ ਸਨ। ਉਸ ਦੀਆਂ ਅੱਖਾਂ ਭਰ ਆਈਆਂ। ਉਹ ਫੁੱਟ-ਫੁੱਟ ਕੇ ਰੋਇਆ।​—ਮਰਕੁਸ 14:72; ਲੂਕਾ 22:61, 62.

ਆਪਣੀ ਗ਼ਲਤੀ ਦਾ ਅਹਿਸਾਸ ਹੋਣ ਤੇ ਇਕ ਵਿਅਕਤੀ ਸ਼ਾਇਦ ਇਹ ਸੋਚੇ ਕਿ ਉਸ ਦੇ ਵੱਡੇ ਪਾਪ ਕਰਕੇ ਉਸ ਨੂੰ ਕਦੇ ਵੀ ਮਾਫ਼ੀ ਨਹੀਂ ਮਿਲ ਸਕਦੀ। ਪਤਰਸ ਵੀ ਸ਼ਾਇਦ ਇਸੇ ਤਰ੍ਹਾਂ ਸੋਚਦਾ ਸੀ। ਪਰ ਕੀ ਇਹ ਗੱਲ ਸੱਚ ਹੈ?

ਕੀ ਪਤਰਸ ਮਾਫ਼ ਕੀਤਾ ਜਾ ਸਕਦੀ ਸੀ?

ਸੂਰਜ ਚੜ੍ਹਦਿਆਂ ਪਤਰਸ ਦੇ ਜਜ਼ਬਾਤਾਂ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਉਸ ਨੇ ਆਪਣੇ ਆਪ ਨੂੰ ਕਿੰਨਾ ਕੋਸਿਆ ਹੋਣਾ ਜਦੋਂ ਦੁਪਹਿਰ ਨੂੰ ਯਿਸੂ ਨੇ ਘੰਟਿਆਂ ਬੱਧੀ ਤੜਫ-ਤੜਫ ਕੇ ਦਮ ਤੋੜਿਆ! ਇਹ ਸੋਚ ਕੇ ਪਤਰਸ ਨੇ ਆਪਣੇ ਆਪ ਨੂੰ ਦੋਸ਼ ਦਿੱਤਾ ਹੋਣਾ ਕਿ ਉਸ ਨੇ ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਅਖ਼ੀਰਲੇ ਦਿਨ ਦਾ ਤੜਫਣਾ ਹੋਰ ਵੀ ਵਧਾਇਆ। ਭਾਵੇਂ ਕਿ ਪਤਰਸ ਦਾ ਦਿਲ ਟੁੱਟਾ ਹੋਇਆ ਸੀ, ਫਿਰ ਵੀ ਉਸ ਨੇ ਹਾਰ ਨਹੀਂ ਮੰਨੀ। ਅਸੀਂ ਇਹ ਜਾਣਦੇ ਹਾਂ ਕਿਉਂਕਿ ਇਨ੍ਹਾਂ ਘਟਨਾਵਾਂ ਤੋਂ ਜਲਦੀ ਹੀ ਬਾਅਦ ਅਸੀਂ ਉਸ ਨੂੰ ਉਸ ਦੇ ਭਰਾਵਾਂ ਦੀ ਸੰਗਤ ਵਿਚ ਪਾਉਂਦੇ ਹਾਂ। (ਲੂਕਾ 24:33) ਕੋਈ ਸ਼ੱਕ ਨਹੀਂ ਕਿ ਰਸੂਲ ਉਸ ਕਾਲੀ ਰਾਤ ਆਪਣੀ ਕਰਨੀ ਤੋਂ ਬੇਹੱਦ ਪਛਤਾਏ ਹੋਣੇ ਤੇ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਨ ਦੀ ਕੋਸ਼ਿਸ਼ ਕੀਤੀ ਹੋਣੀ।

ਵੈਸੇ ਅਸੀਂ ਪਤਰਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦੋਂ ਰੱਬ ਦਾ ਇਕ ਭਗਤ ਗ਼ਲਤੀ ਕਰ ਬੈਠਦਾ ਹੈ, ਤਾਂ ਵੱਡੀ ਗੱਲ ਇਹ ਨਹੀਂ ਹੁੰਦੀ ਹੈ ਕਿ ਉਸ ਦਾ ਪਾਪ ਕਿੰਨਾ ਗੰਭੀਰ ਹੈ, ਪਰ ਇਹ ਕਿ ਉਹ ਮੁੜ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਕਿੰਨੀ ਕੁ ਹਿੰਮਤ ਕਰਦਾ ਹੈ। (ਕਹਾਉਤਾਂ 24:16) ਭਾਵੇਂ ਪਤਰਸ ਬਹੁਤ ਹੀ ਉਦਾਸ ਸੀ, ਪਰ ਉਸ ਨੇ ਆਪਣੇ ਭਰਾਵਾਂ ਨਾਲ ਸੰਗਤ ਕਰ ਕੇ ਦਿਖਾਇਆ ਕਿ ਉਸ ਦੀ ਨਿਹਚਾ ਕਿੰਨੀ ਪੱਕੀ ਸੀ। ਜਦੋਂ ਅਸੀਂ ਪਛਤਾਵੇ ਦੇ ਬੋਝ ਹੇਠਾਂ ਆ ਕੇ ਉਦਾਸ ਹੁੰਦੇ ਹਾਂ, ਤਾਂ ਅਸੀਂ ਭਾਵੇਂ ਦੂਸਰਿਆਂ ਤੋਂ ਵੱਖਰਾ ਰਹਿਣਾ ਚਾਹੁੰਦੇ ਹਾਂ, ਪਰ ਇਵੇਂ ਕਰਨਾ ਖ਼ਤਰਨਾਕ ਹੈ। (ਕਹਾਉਤਾਂ 18:1) ਆਪਣੇ ਭੈਣਾਂ-ਭਰਾਵਾਂ ਦੇ ਨਜ਼ਦੀਕ ਰਹਿ ਕੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਦੁਬਾਰਾ ਤਕੜੇ ਕਰਨਾ ਅਕਲਮੰਦੀ ਦੀ ਗੱਲ ਹੈ।​—ਇਬਰਾਨੀਆਂ 10:24, 25.

ਆਪਣੇ ਭੈਣਾਂ-ਭਰਾਵਾਂ ਦੇ ਨਾਲ ਸੰਗਤ ਰੱਖਣ ਕਰਕੇ ਹੀ ਪਤਰਸ ਨੂੰ ਇਹ ਹੈਰਾਨ ਕਰਨ ਵਾਲੀ ਗੱਲ ਪਤਾ ਲੱਗੀ ਕਿ ਯਿਸੂ ਦੀ ਕਬਰ ਖਾਲੀ ਸੀ। ਪਤਰਸ ਤੇ ਯੂਹੰਨਾ ਦੋਵੇਂ ਕਬਰ ਵੱਲ ਨੱਠੇ ਜਿੱਥੇ ਯਿਸੂ ਨੂੰ ਦਫ਼ਨਾ ਕੇ ਰੱਖਿਆ ਗਿਆ ਸੀ। ਹੋ ਸਕਦਾ ਹੈ ਕਿ ਯੂਹੰਨਾ ਪਤਰਸ ਨਾਲੋਂ ਜਵਾਨ ਸੀ ਤੇ ਉਹ ਭੱਜ ਕੇ ਕਬਰ ਤੇ ਪਹਿਲਾਂ ਪਹੁੰਚ ਗਿਆ। ਕਬਰ ਦੇ ਮੂੰਹ ਤੋਂ ਪੱਥਰ ਹਟਾਇਆ ਦੇਖ ਕੇ ਯੂਹੰਨਾ ਅੰਦਰ ਜਾਣ ਤੋਂ ਝਿਜਕਿਆ। ਪਰ ਪਤਰਸ ਬਿਲਕੁਲ ਨਹੀਂ। ਭਾਵੇਂ ਦੌੜਨ ਕਰਕੇ ਉਸ ਨੂੰ ਸਾਹ ਚੜ੍ਹਿਆ ਹੋਇਆ ਸੀ, ਉਹ ਫਿਰ ਵੀ ਸਿੱਧਾ ਅੰਦਰ ਜਾ ਵੜਿਆ। ਪਰ ਕਬਰ ਤਾਂ ਖਾਲੀ ਸੀ!​—ਯੂਹੰਨਾ 20:3-9.

ਕੀ ਪਤਰਸ ਨੇ ਇਹ ਸੋਚਿਆ ਕਿ ਯਿਸੂ ਮੁੜ ਕੇ ਜ਼ਿੰਦਾ ਹੋ ਗਿਆ ਸੀ? ਪਹਿਲਾਂ-ਪਹਿਲ ਨਹੀਂ, ਭਾਵੇਂ ਕਿ ਵਫ਼ਾਦਾਰ ਔਰਤਾਂ ਦੱਸ ਚੁੱਕੀਆਂ ਸਨ ਕਿ ਦੂਤਾਂ ਨੇ ਦਰਸ਼ਣ ਵਿਚ ਉਨ੍ਹਾਂ ਨੂੰ ਦੱਸਿਆ ਸੀ ਕਿ ਯਿਸੂ ਮਰਿਆਂ ਤੋਂ ਜੀਉਂਦਾ ਕੀਤਾ ਜਾ ਚੁੱਕਾ ਹੈ। (ਲੂਕਾ 23:55–24:11) ਸ਼ਾਮ ਤਕ ਪਤਰਸ ਦੇ ਦਿਲੋਂ ਯਿਸੂ ਦੇ ਜ਼ਿੰਦਾ ਹੋਣ ਦਾ ਸਾਰਾ ਸ਼ੱਕ ਨਿਕਲ ਚੁੱਕਾ ਸੀ ਤੇ ਉਹ ਹੁਣ ਜ਼ਰਾ ਵੀ ਉਦਾਸ ਨਹੀਂ ਸੀ। ਯਿਸੂ ਹੁਣ ਜੀਉਂਦਾ-ਜਾਗਦਾ ਸੀ! ਉਹ ਆਪਣੇ ਸਾਰੇ ਰਸੂਲਾਂ ਨੂੰ ਪ੍ਰਗਟ ਹੋਇਆ, ਪਰ ਪਹਿਲਾਂ ਉਹ ਪਤਰਸ ਨੂੰ ਮਿਲਿਆ। ਉਸ ਦਿਨ ਰਸੂਲਾਂ ਨੇ ਦੱਸਿਆ: “ਪ੍ਰਭੁ ਸੱਚੀ ਮੁੱਚੀ ਜੀ ਉੱਠਿਆ ਅਰ ਸ਼ਮਊਨ ਨੂੰ ਵਿਖਾਈ ਦਿੱਤਾ!” (ਲੂਕਾ 24:34) ਇਸੇ ਤਰ੍ਹਾਂ ਪੌਲੁਸ ਰਸੂਲ ਨੇ ਵੀ ਉਸ ਹੈਰਾਨਕੁਨ ਦਿਨ ਬਾਰੇ ਲਿਖਿਆ ਕਿ ਯਿਸੂ ਨੇ “ਕੇਫ਼ਾਸ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ।” (1 ਕੁਰਿੰਥੀਆਂ 15:5) ਸ਼ਮਊਨ ਅਤੇ ਕੇਫ਼ਾਸ ਦੋਵੇਂ ਪਤਰਸ ਦੇ ਹੋਰ ਨਾਂ ਸਨ। ਜ਼ਾਹਰ ਹੈ ਕਿ ਯਿਸੂ ਨੇ ਪਤਰਸ ਨੂੰ ਦਰਸ਼ਣ ਦਿੱਤਾ ਜਦੋਂ ਉਹ ਇਕੱਲਾ ਸੀ।

ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ ਕਿ ਉਨ੍ਹਾਂ ਦੀ ਮਿਲਣੀ ਕਿੱਦਾਂ ਦੀ ਸੀ। ਅਸੀਂ ਇਸ ਦਾ ਅੰਦਾਜ਼ਾ ਹੀ ਲਗਾ ਸਕਦੇ ਹਾਂ ਕਿ ਪਤਰਸ ਆਪਣੇ ਪਿਆਰੇ ਪ੍ਰਭੂ ਨੂੰ ਦੁਬਾਰਾ ਦੇਖ ਕੇ ਕਿੰਨਾ ਖ਼ੁਸ਼ ਹੋਇਆ ਹੋਣਾ। ਇਸ ਮੌਕੇ ਤੇ ਉਹ ਯਿਸੂ ਨੂੰ ਦੱਸ ਸਕਿਆ ਹੋਣਾ ਕਿ ਉਹ ਆਪਣੀਆਂ ਗ਼ਲਤੀਆਂ ਕਰਕੇ ਕਿੰਨਾ ਦੁਖੀ ਹੋਇਆ ਸੀ ਤੇ ਕਿੰਨਾ ਪਛਤਾਇਆ ਸੀ। ਹੋਰ ਕਿਸੇ ਚੀਜ਼ ਨਾਲੋਂ ਉਹ ਸਭ ਤੋਂ ਜ਼ਿਆਦਾ ਯਿਸੂ ਤੋਂ ਮਾਫ਼ੀ ਚਾਹੁੰਦਾ ਸੀ। ਕੀ ਕੋਈ ਸ਼ੱਕ ਕਰ ਸਕਦਾ ਹੈ ਕਿ ਯਿਸੂ ਨੇ ਉਸ ਨੂੰ ਦਿਲੋਂ ਮਾਫ਼ ਕਰ ਦਿੱਤਾ ਸੀ? ਪਾਪ ਕਰ ਬੈਠਣ ਵਾਲੇ ਮਸੀਹੀਆਂ ਨੂੰ ਪਤਰਸ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ। ਸਾਨੂੰ ਇਹ ਕਦੇ ਵੀ ਨਹੀਂ ਸੋਚਣਾ ਚਾਹੀਦਾ ਹੈ ਕਿ ਰੱਬ ਸਾਨੂੰ ਕਦੇ ਮਾਫ਼ ਨਹੀਂ ਕਰੇਗਾ। ਯਿਸੂ ਨੇ ਆਪਣੇ ਪਿਤਾ ਨੂੰ ਪੂਰੀ ਤਰ੍ਹਾਂ ਦਰਸਾਇਆ ਜੋ “ਅੱਤ ਦਿਆਲੂ” ਅਤੇ ਮਾਫ਼ ਕਰਨ ਲਈ ਤਿਆਰ ਹੈ।​—ਯਸਾਯਾਹ 55:7.

ਮਾਫ਼ੀ ਦਾ ਹੋਰ ਸਬੂਤ

ਯਿਸੂ ਨੇ ਆਪਣੇ ਰਸੂਲਾਂ ਨੂੰ ਗਲੀਲ ਜਾਣ ਲਈ ਕਿਹਾ ਜਿੱਥੇ ਉਹ ਉਸ ਨੂੰ ਦੁਬਾਰਾ ਮਿਲਣਗੇ। ਜਦੋਂ ਉਹ ਉੱਥੇ ਪਹੁੰਚੇ, ਤਾਂ ਪਤਰਸ ਨੇ ਗਲੀਲ ਦੀ ਝੀਲ ’ਤੇ ਜਾ ਕੇ ਮੱਛੀਆਂ ਫੜਨ ਦਾ ਫ਼ੈਸਲਾ ਕੀਤਾ। ਦੂਸਰੇ ਵੀ ਉਸ ਦੇ ਨਾਲ ਚਲੇ ਗਏ। ਪਤਰਸ ਇਸ ਝੀਲ ’ਤੇ ਅੱਗੇ ਵੀ ਬਹੁਤ ਵਾਰੀ ਜਾ ਚੁੱਕਾ ਸੀ। ਉਹ ਉੱਥੇ ਦੇ ਨਜ਼ਾਰਿਆਂ ਅਤੇ ਵੱਖੋ-ਵੱਖਰੀਆਂ ਆਵਾਜ਼ਾਂ ਨਾਲ ਚੰਗੀ ਤਰ੍ਹਾਂ ਵਾਕਫ਼ ਸੀ ਜਿਵੇਂ ਕਿ ਕਿਸ਼ਤੀ ਦੀ ਚੀਂ-ਚੀਂ, ਲਹਿਰਾਂ ਦੀ ਸ਼ਾਂ-ਸ਼ਾਂ ਤੇ ਇਹ ਮਾਹੌਲ ਉਸ ਨੂੰ ਪਸੰਦ ਸੀ। ਕੀ ਉਹ ਉਸ ਰਾਤ ਫਿਰ ਤੋਂ ਆਪਣੇ ਪੇਸ਼ੇ ਬਾਰੇ ਸੋਚਦਾ ਸੀ ਕਿਉਂਕਿ ਹੁਣ ਯਿਸੂ ਤਾਂ ਧਰਤੀ ਤੇ ਆਪਣੀ ਸੇਵਕਾਈ ਪੂਰੀ ਕਰ ਚੁੱਕਾ ਸੀ? ਕੀ ਉਸ ਨੂੰ ਫਿਰ ਤੋਂ ਮਛਿਆਰੇ ਦੀ ਸਿੱਧੀ-ਸਾਦੀ ਜ਼ਿੰਦਗੀ ਵੱਲ ਖਿੱਚ ਪੈ ਰਹੀ ਸੀ? ਸ਼ਾਇਦ, ਪਰ ਉਨ੍ਹਾਂ ਨੇ ਉਸ ਰਾਤ ਕੱਖ ਨਹੀਂ ਫੜਿਆ।​—ਮੱਤੀ 26:32; ਯੂਹੰਨਾ 21:1-3.

ਜਦੋਂ ਦਿਨ ਚੜ੍ਹਿਆ, ਤਾਂ ਝੀਲ ਦੇ ਕੰਢੇ ’ਤੇ ਖੜ੍ਹੇ ਇਕ ਬੰਦੇ ਨੇ ਉਨ੍ਹਾਂ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਉਹ ਕਿਸ਼ਤੀ ਦੇ ਦੂਸਰੇ ਪਾਸੇ ਆਪਣੇ ਜਾਲ ਸੁੱਟਣ। ਉਨ੍ਹਾਂ ਨੇ ਉਸ ਦੇ ਕਹਿਣੇ ਅਨੁਸਾਰ ਕੀਤਾ ਤੇ 153 ਮੱਛੀਆਂ ਫੜੀਆਂ! ਪਤਰਸ ਜਾਣਦਾ ਸੀ ਕਿ ਉਹ ਬੰਦਾ ਕੌਣ ਸੀ। ਉਸ ਨੇ ਪਾਣੀ ਵਿਚ ਛਾਲ ਮਾਰੀ ਤੇ ਤੈਰ ਕੇ ਕੰਢੇ ’ਤੇ ਆ ਪਹੁੰਚਿਆ। ਯਿਸੂ ਨੇ ਚੇਲਿਆਂ ਨੂੰ ਕੋਲਿਆਂ ਦੀ ਅੱਗ ’ਤੇ ਮੱਛੀ ਪਕਾ ਕੇ ਖਾਣ ਨੂੰ ਦਿੱਤੀ। ਫਿਰ ਯਿਸੂ ਨੇ ਪਤਰਸ ਵੱਲ ਧਿਆਨ ਦਿੱਤਾ।

ਯਿਸੂ ਨੇ ਪਤਰਸ ਨੂੰ ਪੁੱਛਿਆ ਕਿ ਕੀ ਉਹ ਆਪਣੇ ਮਾਲਕ ਨੂੰ “ਇਨ੍ਹਾਂ ਨਾਲੋਂ ਵਧ” ਯਾਨੀ ਢੇਰ ਸਾਰੀਆਂ ਮੱਛੀਆਂ ਨਾਲੋਂ ਵਧ ਪਿਆਰ ਕਰਦਾ ਸੀ। ਕੀ ਪਤਰਸ ਯਿਸੂ ਨਾਲੋਂ ਮੱਛੀਆਂ ਦੀ ਬਿਜ਼ਨਿਸ ਨਾਲ ਜ਼ਿਆਦਾ ਪਿਆਰ ਕਰਦਾ ਸੀ? ਜਿਸ ਤਰ੍ਹਾਂ ਪਤਰਸ ਨੇ ਪ੍ਰਭੂ ਦਾ ਤਿੰਨ ਵਾਰ ਇਨਕਾਰ ਕੀਤਾ ਸੀ, ਉਸੇ ਤਰ੍ਹਾਂ ਯਿਸੂ ਨੇ ਉਸ ਨੂੰ ਭਰਾਵਾਂ ਦੇ ਸਾਮ੍ਹਣੇ ਤਿੰਨ ਵਾਰ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਮੌਕਾ ਦਿੱਤਾ। ਜਿਉਂ ਹੀ ਪਤਰਸ ਨੇ ਇਹ ਕੀਤਾ, ਤਾਂ ਯਿਸੂ ਨੇ ਉਸ ਨੂੰ ਦੱਸਿਆ ਕਿ ਉਹ ਇਹ ਪਿਆਰ ਕਿੱਦਾਂ ਦਿਖਾ ਸਕਦਾ ਹੈ: ਉਹ ਹੋਰ ਸਾਰਿਆਂ ਧੰਦਿਆਂ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਨੂੰ ਪਹਿਲੀ ਥਾਂ ਦੇ ਸਕਦਾ ਸੀ ਅਤੇ ਯਿਸੂ ਦੀਆਂ ਭੇਡਾਂ ਯਾਨੀ ਉਸ ਦੇ ਵਫ਼ਾਦਾਰ ਚੇਲਿਆਂ ਦੀ ਦੇਖ-ਭਾਲ ਕਰ ਸਕਦਾ ਸੀ।​—ਯੂਹੰਨਾ 21:4-17.

ਯਿਸੂ ਨੇ ਪਤਰਸ ਨੂੰ ਯਕੀਨ ਦਿਲਾਇਆ ਕਿ ਉਹ ਹਾਲੇ ਵੀ ਉਸ ਦੇ ਅਤੇ ਉਸ ਦੇ ਪਿਤਾ ਦੇ ਕੰਮ ਆਵੇਗਾ। ਪਤਰਸ ਨੇ ਕਲੀਸਿਯਾ ਵਿਚ ਮਸੀਹ ਦੀ ਸੇਧ ਵਿਚ ਚੱਲ ਕੇ ਬਹੁਤ ਕੰਮ ਕਰਨਾ ਸੀ। ਇਹ ਕਿੰਨਾ ਵੱਡਾ ਸਬੂਤ ਹੈ ਕਿ ਯਿਸੂ ਨੇ ਪਤਰਸ ਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਸੀ! ਬਿਨਾਂ ਸ਼ੱਕ ਯਿਸੂ ਦੇ ਰਹਿਮ ਨੇ ਪਤਰਸ ਦੇ ਦਿਲ ਨੂੰ ਛੋਹਿਆ ਹੋਣਾ।

ਪਤਰਸ ਨੇ ਸਾਲਾਂ ਬੱਧੀ ਵਫ਼ਾਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਤਕੜਿਆਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਉਸ ਰਾਤ ਉਸ ਨੂੰ ਹੁਕਮ ਦਿੱਤਾ ਸੀ ਜਿਸ ਰਾਤ ਉਹ ਜਾਨੋਂ ਮਾਰਿਆ ਗਿਆ ਸੀ। ਪਤਰਸ ਨੇ ਪਿਆਰ ਤੇ ਧੀਰਜ ਨਾਲ ਮਸੀਹ ਦੇ ਚੇਲਿਆਂ ਦੀ ਦੇਖ-ਭਾਲ ਕੀਤੀ। ਯਿਸੂ ਨੇ ਸ਼ਮਊਨ ਨੂੰ ਪਤਰਸ ਨਾਂ ਦਿੱਤਾ ਸੀ ਅਤੇ ਉਹ ਉਸ ਨਾਂ ’ਤੇ ਪੂਰਾ ਉਤਰਿਆ। ਉਸ ਨੇ ਕਲੀਸਿਯਾ ਦੀ ਭਲਿਆਈ ਲਈ ਮਜ਼ਬੂਤ ਤੇ ਭਰੋਸੇਯੋਗ ਬਣ ਕੇ ਸਾਬਤ ਕੀਤਾ ਕਿ ਉਹ ਪੱਕਾ ਪਤਰਸ ਸੀ ਜਿਸ ਦਾ ਮਤਲਬ ਹੈ ਚਟਾਨ। ਇਸ ਗੱਲ ਦਾ ਢੇਰ ਸਾਰਾ ਸਬੂਤ ਪਤਰਸ ਦੁਆਰਾ ਲਿਖੀਆਂ ਦੋ ਨਿੱਜੀ ਤੇ ਪਿਆਰੀਆਂ ਪੋਥੀਆਂ ਵਿਚ ਪਾਇਆ ਜਾਂਦਾ ਹੈ ਜੋ ਹੁਣ ਬਾਈਬਲ ਦਾ ਅਨਮੋਲ ਹਿੱਸਾ ਹਨ। ਉਨ੍ਹਾਂ ਪੋਥੀਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਪਤਰਸ ਮਾਫ਼ੀ ਸੰਬੰਧਿਤ ਯਿਸੂ ਤੋਂ ਸਿੱਖੇ ਸਬਕ ਕਦੇ ਨਹੀਂ ਭੁੱਲਿਆ।​—1 ਪਤਰਸ 3:8, 9; 4:8.

ਆਓ ਆਪਾਂ ਵੀ ਇਹ ਸਬਕ ਸਿੱਖੀਏ। ਕੀ ਅਸੀਂ ਰੋਜ਼ ਰੱਬ ਤੋਂ ਆਪਣੀਆਂ ਗ਼ਲਤੀਆਂ ਦੀ ਮਾਫ਼ੀ ਮੰਗਦੇ ਹਾਂ? ਫਿਰ ਕੀ ਅਸੀਂ ਉਸ ਮਾਫ਼ੀ ਨੂੰ ਕਬੂਲ ਕਰ ਕੇ ਇਹ ਯਕੀਨ ਕਰਦੇ ਹਾਂ ਕਿ ਅਸੀਂ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਹੋ ਸਕਦੇ ਹਾਂ? ਨਾਲੇ ਕੀ ਅਸੀਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ? ਜੇ ਅਸੀਂ ਕਰਦੇ ਹਾਂ, ਤਾਂ ਅਸੀਂ ਪਤਰਸ ਦੀ ਨਿਹਚਾ ਅਤੇ ਯਿਸੂ ਦੇ ਰਹਿਮ ਦੀ ਰੀਸ ਕਰਦੇ ਹੋਵਾਂਗੇ। (w10-E 04/01)

[ਸਫ਼ਾ 14 ਉੱਤੇ ਸੁਰਖੀ]

ਯਿਸੂ ਨੇ ਕਈ ਵਾਰ ਪਤਰਸ ਨੂੰ ਮਾਫ਼ ਕੀਤਾ ਸੀ, ਪਰ ਸਾਡੇ ਸਾਰਿਆਂ ਵਿੱਚੋਂ ਕੌਣ ਹੈ ਜਿਸ ਨੂੰ ਮਾਫ਼ੀ ਦੀ ਲੋੜ ਨਹੀਂ?

[ਸਫ਼ਾ 15 ਉੱਤੇ ਤਸਵੀਰ]

“ਪ੍ਰਭੁ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ”

[ਸਫ਼ਾ 16 ਉੱਤੇ ਤਸਵੀਰ]

“ਪ੍ਰਭੁ . . . ਸ਼ਮਊਨ ਨੂੰ ਵਿਖਾਈ ਦਿੱਤਾ!”