Skip to content

Skip to table of contents

ਕੀ ਤੁਸੀਂ ਪੂਰੀ ਤਰ੍ਹਾਂ ਮਸੀਹ ਦੇ ਮਗਰ ਚੱਲ ਰਹੇ ਹੋ?

ਕੀ ਤੁਸੀਂ ਪੂਰੀ ਤਰ੍ਹਾਂ ਮਸੀਹ ਦੇ ਮਗਰ ਚੱਲ ਰਹੇ ਹੋ?

ਕੀ ਤੁਸੀਂ ਪੂਰੀ ਤਰ੍ਹਾਂ ਮਸੀਹ ਦੇ ਮਗਰ ਚੱਲ ਰਹੇ ਹੋ?

“ਜਿਵੇਂ ਤੁਸੀਂ ਚੱਲਦੇ ਵੀ ਹੋ—ਸੋ ਇਸ ਵਿੱਚ ਹੋਰ ਭੀ ਵਧਦੇ ਚੱਲੇ ਜਾਓ।”—1 ਥੱਸ. 4:1.

1, 2. (ੳ) ਯਿਸੂ ਦੇ ਜ਼ਮਾਨੇ ਵਿਚ ਲੋਕਾਂ ਨੇ ਕਿਹੜੇ ਵੱਡੇ-ਵੱਡੇ ਕੰਮ ਦੇਖੇ ਸਨ? (ਅ) ਸਾਡਾ ਜ਼ਮਾਨਾ ਵੀ ਕਿਉਂ ਬਹੁਤ ਮਹੱਤਵਪੂਰਣ ਹੈ?

ਕੀ ਤੁਸੀਂ ਕਦੇ ਸੋਚਿਆ ਕਿ ਕਾਸ਼ ਮੈਂ ਯਿਸੂ ਦੇ ਜ਼ਮਾਨੇ ਵਿਚ ਹੁੰਦਾ, ਤਾਂ ਮੈਨੂੰ ਕਿੰਨਾ ਮਜ਼ਾ ਆਉਂਦਾ? ਜੇ ਤੁਸੀਂ ਬੀਮਾਰ ਹੋ, ਤਾਂ ਸ਼ਾਇਦ ਤੁਸੀਂ ਸੋਚਿਆ ਹੋਣਾ ਕਿ ਤੁਹਾਨੂੰ ਕਿਸੇ ਭੈੜੀ ਬੀਮਾਰੀ ਦੀ ਮਾਰ ਨਾ ਸਹਿਣੀ ਪੈਂਦੀ ਜੇ ਤੁਸੀਂ ਯਿਸੂ ਦੇ ਹੱਥੋਂ ਠੀਕ ਹੋਏ ਹੁੰਦੇ। ਸ਼ਾਇਦ ਤੁਹਾਡੀ ਤਮੰਨਾ ਯਿਸੂ ਨੂੰ ਦੇਖਣ ਤੇ ਉਸ ਦੀਆਂ ਗੱਲਾਂ ਸੁਣਨ ਦੀ ਹੋਵੇ ਤਾਂਕਿ ਤੁਸੀਂ ਉਸ ਤੋਂ ਕੁਝ ਸਿੱਖ ਸਕਦੇ ਜਾਂ ਉਸ ਨੂੰ ਕੋਈ ਚਮਤਕਾਰ ਕਰਦਿਆਂ ਦੇਖ ਸਕਦੇ। (ਮਰ. 4:1, 2; ਲੂਕਾ 5:3-9; 9:11) ਸੱਚ-ਮੁੱਚ, ਉਸ ਜ਼ਮਾਨੇ ਵਿਚ ਹੋਣਾ ਬਹੁਤ ਵੱਡੇ ਸਨਮਾਨ ਦੀ ਗੱਲ ਹੁੰਦੀ ਜਦੋਂ ਯਿਸੂ ਨੇ ਇਹ ਸਭ ਕੁਝ ਕੀਤਾ ਸੀ! (ਲੂਕਾ 19:37) ਉਸ ਤੋਂ ਬਾਅਦ ਕਿਸੇ ਵੀ ਪੀੜ੍ਹੀ ਨੇ ਇੱਦਾਂ ਦੇ ਕੰਮ ਹੁੰਦੇ ਨਹੀਂ ਦੇਖੇ। ਉਸ ਵੇਲੇ ਯਿਸੂ ਨੇ ‘ਆਪਣਾ ਬਲੀਦਾਨ’ ਕਰ ਕੇ ਧਰਤੀ ਉੱਤੇ ਜੋ ਕੁਝ ਕੀਤਾ, ਉਹ ਫਿਰ ਕਦੇ ਨਹੀਂ ਦੁਹਰਾਇਆ ਜਾਵੇਗਾ।—ਇਬ. 9:26; ਯੂਹੰ. 14:19.

2 ਪਰ ਸਾਡਾ ਜ਼ਮਾਨਾ ਵੀ ਬਹੁਤ ਮਹੱਤਵਪੂਰਣ ਹੈ। ਉਹ ਕਿਉਂ? ਅਸੀਂ ਜਿਸ ਜ਼ਮਾਨੇ ਵਿਚ ਰਹਿੰਦੇ ਹਾਂ, ਉਹ ਬਾਈਬਲ ਦੇ ਮੁਤਾਬਕ ‘ਓੜਕ ਦਾ ਸਮਾਂ’ ਅਤੇ ‘ਅੰਤ ਦੇ ਦਿਨ’ ਹਨ। (ਦਾਨੀ. 12:1-4, 9; 2 ਤਿਮੋ. 3:1) ਇਸ ਸਮੇਂ ਦੌਰਾਨ ਸ਼ਤਾਨ ਨੂੰ ਸਵਰਗੋਂ ਥੱਲੇ ਸੁੱਟਿਆ ਗਿਆ। ਜਲਦੀ ਹੀ ਉਸ ਨੂੰ ਬੰਨ੍ਹ ਕੇ “ਅਥਾਹ ਕੁੰਡ ਵਿੱਚ” ਸੁੱਟ ਦਿੱਤਾ ਜਾਵੇਗਾ। (ਪਰ. 12:7-9, 12; 20:1-3) ਇਸੇ ਸਮੇਂ ਦੌਰਾਨ ਅਸੀਂ ਦੁਨੀਆਂ ਭਰ ਵਿਚ “ਖ਼ੁਸ਼ ਖ਼ਬਰੀ ਦਾ ਪਰਚਾਰ” ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਇਸ ਧਰਤੀ ਉੱਤੇ ਸੋਹਣੇ ਹਾਲਾਤ ਆਉਣ ਵਾਲੇ ਹਨ। ਹਾਂ, ਇਹ ਕੰਮ ਵੀ ਫਿਰ ਕਦੇ ਨਹੀਂ ਹੋਵੇਗਾ।—ਮੱਤੀ 24:14.

3. ਸਵਰਗ ਜਾਣ ਤੋਂ ਕੁਝ ਹੀ ਚਿਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਅਤੇ ਇਸ ਕੰਮ ਵਿਚ ਕੀ ਕੁਝ ਕਰਨਾ ਸ਼ਾਮਲ ਸੀ?

3 ਸਵਰਗ ਜਾਣ ਤੋਂ ਕੁਝ ਹੀ ਚਿਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: ‘ਤੁਸੀਂ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’ (ਰਸੂ. 1:8) ਲੋਕਾਂ ਨੂੰ ਸਿੱਖਿਆ ਦੇਣ ਦਾ ਕੰਮ ਸਾਰੀ ਦੁਨੀਆਂ ਵਿਚ ਕੀਤਾ ਜਾਣਾ ਸੀ। ਕਿਸ ਮਕਸਦ ਲਈ? ਅੰਤ ਆਉਣ ਤੋਂ ਪਹਿਲਾਂ-ਪਹਿਲਾਂ ਯਿਸੂ ਮਸੀਹ ਦੇ ਹੋਰ ਚੇਲੇ ਬਣਾਉਣ ਲਈ। (ਮੱਤੀ 28:19, 20) ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਮਸੀਹ ਦੇ ਇਸ ਕੰਮ ਵਿਚ ਸਫ਼ਲ ਹੋਣਾ ਚਾਹੁੰਦੇ ਹਾਂ?

4. (ੳ) 2 ਪਤਰਸ 3:11, 12 ਵਿਚ ਪਤਰਸ ਨੇ ਕਿਹੜੀ ਗੱਲ ਉੱਤੇ ਜ਼ੋਰ ਦਿੱਤਾ? (ਅ) ਸਾਨੂੰ ਕਿਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ?

4 ਪਤਰਸ ਰਸੂਲ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦਿਓ: “ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।” (2 ਪਤ. 3:11, 12) ਪਤਰਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਅੰਤਿਮ ਦਿਨਾਂ ਵਿਚ ਸਾਨੂੰ ਸਚੇਤ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਜ਼ਿੰਦਗੀ ਵਿਚ ਭਗਤੀ ਦੇ ਕੰਮਾਂ ਨੂੰ ਪਹਿਲ ਦੇ ਸਕੀਏ। ਇਨ੍ਹਾਂ ਕੰਮਾਂ ਵਿੱਚੋਂ ਇਕ ਹੈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਇਸ ਲਈ ਦੁਨੀਆਂ ਭਰ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਜੋਸ਼ ਨਾਲ ਮਸੀਹ ਦਾ ਇਹ ਕੰਮ ਕਰਦਿਆਂ ਦੇਖ ਕੇ ਅਸੀਂ ਖ਼ੁਸ਼ ਹੁੰਦੇ ਹਾਂ। ਪਰ ਸਾਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਸ਼ਤਾਨ ਦੀ ਦੁਨੀਆਂ ਤੋਂ ਆਉਂਦੇ ਦਬਾਵਾਂ ਅਤੇ ਆਪਣੇ ਗ਼ਲਤ ਝੁਕਾਵਾਂ ਕਾਰਨ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਆਪਣਾ ਜੋਸ਼ ਠੰਢਾ ਨਾ ਪੈਣ ਦੇਈਏ। ਇਸ ਲਈ ਆਓ ਦੇਖੀਏ ਕਿ ਆਪਾਂ ਮਸੀਹ ਦੇ ਮਗਰ ਕਿਵੇਂ ਚੱਲਦੇ ਰਹਿ ਸਕਦੇ ਹਾਂ।

ਪਰਮੇਸ਼ੁਰ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਉਠਾਓ

5, 6. (ੳ) ਪੌਲੁਸ ਨੇ ਕਿਸ ਗੱਲ ਲਈ ਯਰੂਸ਼ਲਮ ਦੇ ਭੈਣਾਂ-ਭਰਾਵਾਂ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਕਿਹੜੀ ਗੱਲ ਤੋਂ ਖ਼ਬਰਦਾਰ ਕੀਤਾ? (ਅ) ਸਾਨੂੰ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਐਵੇਂ ਕਿਉਂ ਨਹੀਂ ਸਮਝਣਾ ਚਾਹੀਦਾ?

5 ਯਰੂਸ਼ਲਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਦੀ ਤਾਰੀਫ਼ ਕੀਤੀ ਕਿ ਉਹ ਸਤਾਹਟਾਂ ਦੇ ਬਾਵਜੂਦ ਵਫ਼ਾਦਾਰ ਰਹੇ। ਉਸ ਨੇ ਕਿਹਾ: “ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਪਿੱਛੋਂ ਤੁਸਾਂ ਦੁਖਾਂ ਦੇ ਵੱਡੇ ਘੋਲਮਘੋਲੇ ਨੂੰ ਸਹਿ ਲਿਆ।” ਹਾਂ, ਯਹੋਵਾਹ ਨੇ ਉਨ੍ਹਾਂ ਦੀ ਇਸ ਵਫ਼ਾਦਾਰੀ ਨੂੰ ਚੇਤੇ ਰੱਖਿਆ। (ਇਬ. 6:10; 10:32-34) ਪੌਲੁਸ ਵੱਲੋਂ ਕੀਤੀ ਤਾਰੀਫ਼ ਦੇ ਸ਼ਬਦ ਪੜ੍ਹ ਕੇ ਇਬਰਾਨੀ ਮਸੀਹੀਆਂ ਨੂੰ ਬਹੁਤ ਉਤਸ਼ਾਹ ਮਿਲਿਆ ਹੋਵੇਗਾ। ਪਰ ਇਸੇ ਚਿੱਠੀ ਵਿਚ ਪੌਲੁਸ ਨੇ ਖ਼ਬਰਦਾਰ ਕੀਤਾ ਕਿ ਪਰਮੇਸ਼ੁਰ ਦੀ ਸੇਵਾ ਵਿਚ ਸਾਡਾ ਜੋਸ਼ ਘੱਟ ਸਕਦਾ ਹੈ ਜੇ ਅਸੀਂ ਆਪਣੇ ਇਕ ਇਨਸਾਨੀ ਰੁਝਾਨ ਨੂੰ ਕੰਟ੍ਰੋਲ ਨਾ ਕਰੀਏ। ਉਹ ਹੈ ਬਹਾਨੇ ਬਣਾਉਣ ਦਾ ਰੁਝਾਨ। ਉਸ ਨੇ ਕਿਹਾ ਕਿ ਮਸੀਹੀਆਂ ਨੂੰ ਪਰਮੇਸ਼ੁਰ ਦੇ ਹੁਕਮਾਂ ਤੋਂ ‘ਮੂੰਹ ਨਹੀਂ ਮੋੜਨਾ’ ਚਾਹੀਦਾ ਯਾਨੀ ਬਹਾਨੇ ਨਹੀਂ ਬਣਾਉਣੇ ਚਾਹੀਦੇ।—ਇਬ. 12:25.

6 ਇਹ ਚੇਤਾਵਨੀ ਸਾਡੇ ਲਈ ਵੀ ਹੈ ਕਿ ਪਰਮੇਸ਼ੁਰ ਤੋਂ ਮਿਲੀਆਂ ਜ਼ਿੰਮੇਵਾਰੀਆਂ ਤੋਂ ਕੰਨੀ ਕਤਰਾਉਣ ਲਈ ਸਾਨੂੰ ਬਹਾਨੇ ਨਹੀਂ ਲੱਭਣੇ ਚਾਹੀਦੇ। ਸਾਡਾ ਇਰਾਦਾ ਪੱਕਾ ਹੋਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਐਵੇਂ ਨਹੀਂ ਸਮਝਾਂਗੇ ਜਾਂ ਪਰਮੇਸ਼ੁਰ ਦੀ ਸੇਵਾ ਵਿਚ ਆਪਣਾ ਜੋਸ਼ ਘਟਣ ਨਹੀਂ ਦੇਵਾਂਗੇ। (ਇਬ. 10:39) ਆਖ਼ਰ ਪਰਮੇਸ਼ੁਰ ਦੀ ਸੇਵਾ ਕਰਨੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ।—1 ਤਿਮੋ. 4:16.

7, 8. (ੳ) ਕਿਹੜੀ ਗੱਲ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਆਪਣਾ ਜੋਸ਼ ਬਰਕਰਾਰ ਰੱਖ ਸਕਦੇ ਹਾਂ? (ਅ) ਜੇ ਸਾਡਾ ਜੋਸ਼ ਮਾੜਾ-ਮੋਟਾ ਠੰਢਾ ਪੈ ਗਿਆ ਹੈ, ਤਾਂ ਸਾਨੂੰ ਯਹੋਵਾਹ ਅਤੇ ਯਿਸੂ ਬਾਰੇ ਕਿਹੜੀ ਗੱਲ ਚੇਤੇ ਰੱਖਣੀ ਚਾਹੀਦੀ ਹੈ?

7 ਕਿਹੜੀ ਗੱਲ ਸਾਡੀ ਮਦਦ ਕਰੇਗੀ ਤਾਂਕਿ ਅਸੀਂ ਪਰਮੇਸ਼ੁਰ ਪ੍ਰਤਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਤਰਾਉਣ ਲਈ ਬਹਾਨੇ ਨਾ ਬਣਾਈਏ? ਅਸੀਂ ਆਪਣੇ ਸਮਰਪਣ ਵੇਲੇ ਖਾਧੀ ਸੌਂਹ ਦੀ ਅਹਿਮੀਅਤ ਉੱਤੇ ਬਾਕਾਇਦਾ ਸੋਚ-ਵਿਚਾਰ ਕਰ ਸਕਦੇ ਹਾਂ। ਉਸ ਵੇਲੇ ਅਸੀਂ ਯਹੋਵਾਹ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜ਼ਿੰਦਗੀ ਵਿਚ ਉਸ ਦੀ ਇੱਛਾ ਨੂੰ ਪਹਿਲ ਦੇਵਾਂਗੇ। ਅਸੀਂ ਇਹ ਵਾਅਦਾ ਨਿਭਾਉਣਾ ਚਾਹੁੰਦੇ ਹਾਂ। (ਮੱਤੀ 16:24 ਪੜ੍ਹੋ।) ਇਸ ਲਈ ਕਦੇ-ਕਦੇ ਸਾਨੂੰ ਆਪਣੇ ਤੋਂ ਪੁੱਛਣ ਦੀ ਲੋੜ ਹੈ: ‘ਕੀ ਮੈਂ ਹਾਲੇ ਵੀ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਅਨੁਸਾਰ ਜੀਉਣ ਦਾ ਇਰਾਦਾ ਰੱਖਦਾ ਹਾਂ ਜਿਵੇਂ ਬਪਤਿਸਮੇ ਵੇਲੇ ਰੱਖਦਾ ਸੀ? ਜਾਂ ਕੀ ਸਾਲਾਂ ਦੇ ਬੀਤਣ ਨਾਲ ਮੇਰਾ ਜੋਸ਼ ਥੋੜ੍ਹਾ-ਬਹੁਤ ਘੱਟ ਗਿਆ ਹੈ?’

8 ਆਪਣੀ ਜਾਂਚ ਕਰ ਕੇ ਜੇ ਲੱਗਦਾ ਹੈ ਕਿ ਅਸੀਂ ਥੋੜ੍ਹੇ ਜਿਹੇ ਠੰਢੇ ਪੈ ਗਏ ਹਾਂ, ਤਾਂ ਸਾਨੂੰ ਨਬੀ ਸਫ਼ਨਯਾਹ ਦੇ ਇਹ ਸ਼ਬਦ ਚੇਤੇ ਕਰਨੇ ਚਾਹੀਦੇ ਹਨ: “ਤੇਰੇ ਹੱਥ ਢਿੱਲੇ ਨਾ ਪੈ ਜਾਣ! ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ। ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ।” (ਸਫ਼. 3:16, 17) ਇਨ੍ਹਾਂ ਸ਼ਬਦਾਂ ਨਾਲ ਪੁਰਾਣੇ ਜ਼ਮਾਨੇ ਦੇ ਇਸਰਾਏਲੀਆਂ ਨੂੰ ਹੌਸਲਾ ਦਿੱਤਾ ਗਿਆ ਸੀ ਜਿਹੜੇ ਬਾਬਲ ਦੀ ਗ਼ੁਲਾਮੀ ਕੱਟ ਕੇ ਯਰੂਸ਼ਲਮ ਪਰਤੇ ਸਨ। ਪਰ ਇਨ੍ਹਾਂ ਸ਼ਬਦਾਂ ਤੋਂ ਅੱਜ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਹੌਸਲਾ ਮਿਲਦਾ ਹੈ। ਸਾਨੂੰ ਪਤਾ ਹੈ ਕਿ ਜੋ ਕੰਮ ਅਸੀਂ ਕਰਦੇ ਹਾਂ, ਉਹ ਯਹੋਵਾਹ ਦਾ ਹੈ। ਇਸ ਲਈ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਅਤੇ ਯਿਸੂ ਸਾਡੇ ਨਾਲ ਹਨ ਅਤੇ ਸਾਨੂੰ ਤਾਕਤ ਦਿੰਦੇ ਹਨ ਤਾਂਕਿ ਅਸੀਂ ਪਰਮੇਸ਼ੁਰ ਤੋਂ ਮਿਲੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਸਕੀਏ। (ਮੱਤੀ 28:20; ਫ਼ਿਲਿ. 4:13) ਜੇ ਅਸੀਂ ਜੋਸ਼ ਨਾਲ ਪਰਮੇਸ਼ੁਰ ਦਾ ਕੰਮ ਕਰਾਂਗੇ, ਤਾਂ ਸਾਡੇ ਉੱਤੇ ਉਸ ਦੀ ਅਸੀਸ ਰਹੇਗੀ ਅਤੇ ਉਹ ਤਰੱਕੀ ਕਰਨ ਵਿਚ ਸਾਡੀ ਮਦਦ ਕਰੇਗਾ।

ਜੋਸ਼ ਨਾਲ ‘ਪਹਿਲਾਂ ਉਹ ਦੇ ਰਾਜ ਨੂੰ ਭਾਲੋ’

9, 10. ਵੱਡੀ ਦਾਅਵਤ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਵਿਚ ਕਿਹੜੀ ਗੱਲ ਸਮਝਾਈ ਗਈ ਹੈ ਤੇ ਅਸੀਂ ਇਸ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ?

9 ਫ਼ਰੀਸੀਆਂ ਦੇ ਇਕ ਸਰਦਾਰ ਦੇ ਘਰ ਖਾਣਾ ਖਾਂਦਿਆਂ ਯਿਸੂ ਨੇ ਇਕ ਵੱਡੀ ਸਾਰੀ ਦਾਅਵਤ ਦਾ ਦ੍ਰਿਸ਼ਟਾਂਤ ਦਿੱਤਾ। ਇਸ ਦ੍ਰਿਸ਼ਟਾਂਤ ਵਿਚ ਉਸ ਨੇ ਸਮਝਾਇਆ ਕਿ ਵੱਖੋ-ਵੱਖਰੇ ਲੋਕਾਂ ਨੂੰ ਸਵਰਗੀ ਰਾਜ ਦੇ ਵਾਰਸ ਬਣਨ ਦਾ ਮੌਕਾ ਮਿਲਿਆ ਸੀ। ਉਸ ਨੇ “ਉਜ਼ਰ ਕਰਨ” ਦਾ ਮਤਲਬ ਵੀ ਸਮਝਾਇਆ। (ਲੂਕਾ 14:16-21 ਪੜ੍ਹੋ।) ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਸੱਦੇ ਗਏ ਮਹਿਮਾਨਾਂ ਨੇ ਦਾਅਵਤ ਵਿਚ ਨਾ ਆਉਣ ਦੇ ਬਹਾਨੇ ਬਣਾਏ। ਇਕ ਨੇ ਕਿਹਾ ਕਿ ਉਹ ਹੁਣੇ-ਹੁਣੇ ਖ਼ਰੀਦੇ ਖੇਤ ਨੂੰ ਦੇਖਣ ਜਾ ਰਿਹਾ ਸੀ। ਦੂਜੇ ਨੇ ਕਿਹਾ ਕਿ ਉਸ ਨੇ ਪਸ਼ੂ ਖ਼ਰੀਦੇ ਸਨ ਜਿਨ੍ਹਾਂ ਨੂੰ ਉਹ ਪਰਖਣਾ ਚਾਹੁੰਦਾ ਸੀ। ਇਕ ਹੋਰ ਨੇ ਕਿਹਾ: ‘ਮੈਂ ਵਿਆਹ ਕੀਤਾ ਹੈ ਅਤੇ ਇਸ ਲਈ ਮੈਂ ਨਹੀਂ ਆ ਸੱਕਦਾ।’ ਇਹ ਸਿਰਫ਼ ਬਹਾਨੇ ਸਨ। ਜਦ ਕੋਈ ਬੰਦਾ ਖੇਤ ਜਾਂ ਪਸ਼ੂ ਖ਼ਰੀਦਦਾ ਹੈ, ਤਾਂ ਉਹ ਇਨ੍ਹਾਂ ਨੂੰ ਪਹਿਲਾਂ ਜਾਂਚਦਾ ਹੈ। ਬਾਅਦ ਵਿਚ ਇਨ੍ਹਾਂ ਨੂੰ ਜਾਂਚਣਾ ਇੰਨਾ ਜ਼ਰੂਰੀ ਨਹੀਂ ਹੁੰਦਾ। ਨਾਲੇ ਨਵੇਂ-ਨਵੇਂ ਵਿਆਹੇ ਜੋੜੇ ਨੂੰ ਦਾਅਵਤ ਦਾ ਸੱਦਾ ਕਬੂਲਣ ਵਿਚ ਕੀ ਦਿੱਕਤ ਹੋਣੀ ਚਾਹੀਦੀ ਹੈ? ਤਾਂ ਫਿਰ ਦ੍ਰਿਸ਼ਟਾਂਤ ਵਿਚਲੇ ਮੇਜ਼ਬਾਨ ਦਾ ਗੁੱਸਾ ਭੜਕਣਾ ਹੀ ਸੀ!

10 ਯਿਸੂ ਦੇ ਦ੍ਰਿਸ਼ਟਾਂਤ ਤੋਂ ਪਰਮੇਸ਼ੁਰ ਦੇ ਸਾਰੇ ਹੀ ਲੋਕ ਸਬਕ ਸਿੱਖ ਸਕਦੇ ਹਨ। ਕਿਹੜਾ ਸਬਕ? ਸਾਨੂੰ ਕਦੇ ਵੀ ਆਮ ਗੱਲਾਂ ਨੂੰ ਇੰਨੀ ਅਹਿਮੀਅਤ ਨਹੀਂ ਦੇਣੀ ਚਾਹੀਦੀ ਕਿ ਪਰਮੇਸ਼ੁਰ ਦੀ ਸੇਵਾ ਨੂੰ ਹੀ ਭੁਲਾ ਦੇਈਏ, ਜਿਵੇਂ ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਲੋਕਾਂ ਨੇ ਕੀਤਾ ਸੀ। ਜੇ ਕੋਈ ਮਸੀਹੀ ਇਹੋ ਜਿਹੀਆਂ ਗੱਲਾਂ ਨੂੰ ਇਨ੍ਹਾਂ ਦੀ ਆਪਣੀ ਥਾਂ ਤੇ ਨਹੀਂ ਰੱਖਦਾ, ਤਾਂ ਹੌਲੀ-ਹੌਲੀ ਪ੍ਰਚਾਰ ਵਿਚ ਉਸ ਦਾ ਜੋਸ਼ ਘੱਟਦਾ ਜਾਵੇਗਾ। (ਲੂਕਾ 8:14 ਪੜ੍ਹੋ।) ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਇੱਦਾਂ ਹੋਵੇ, ਇਸ ਲਈ ਅਸੀਂ ਯਿਸੂ ਦੀ ਸਲਾਹ ਮੰਨਦੇ ਹਾਂ: “ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।” (ਮੱਤੀ 6:33) ਇਹ ਦੇਖ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਪਰਮੇਸ਼ੁਰ ਦੇ ਵੱਡੇ ਤੇ ਛੋਟੇ, ਸਾਰੇ ਹੀ ਸੇਵਕ ਇਸ ਜ਼ਰੂਰੀ ਸਲਾਹ ’ਤੇ ਚੱਲਦੇ ਹਨ! ਇਸੇ ਲਈ ਕਈਆਂ ਨੇ ਆਪਣੀ ਜ਼ਿੰਦਗੀ ਸਾਦੀ ਕੀਤੀ ਹੈ ਤਾਂਕਿ ਉਹ ਜ਼ਿਆਦਾ ਸਮਾਂ ਪ੍ਰਚਾਰ ਕਰ ਸਕਣ। ਉਹ ਆਪਣੇ ਤਜਰਬੇ ਤੋਂ ਸਿੱਖਦੇ ਹਨ ਕਿ ਜੋਸ਼ ਨਾਲ ਰਾਜ ਨੂੰ ਪਹਿਲਾਂ ਭਾਲਣ ਨਾਲ ਅਸਲੀ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ।

11. ਬਾਈਬਲ ਦੇ ਕਿਹੜੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸੇਵਾ ਦਿਲੋਂ ਅਤੇ ਜੋਸ਼ ਨਾਲ ਕਰਨੀ ਜ਼ਰੂਰੀ ਹੈ?

11 ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦੀ ਅਹਿਮੀਅਤ ਸਮਝਣ ਲਈ ਆਓ ਆਪਾਂ ਇਕ ਘਟਨਾ ਉੱਤੇ ਗੌਰ ਕਰੀਏ ਜੋ ਇਸਰਾਏਲ ਦੇ ਰਾਜਾ ਯੋਆਸ਼ ਦੀ ਜ਼ਿੰਦਗੀ ਵਿਚ ਘਟੀ ਸੀ। ਉਹ ਇਸ ਗੱਲੋਂ ਫ਼ਿਕਰਮੰਦ ਸੀ ਕਿ ਇਸਰਾਏਲ ਅਰਾਮ ਦੇਸ਼ ਦੇ ਹੱਥੋਂ ਹਾਰ ਜਾਵੇਗਾ। ਯੋਆਸ਼ ਰੋਂਦਾ-ਰੋਂਦਾ ਅਲੀਸ਼ਾ ਕੋਲ ਆਇਆ। ਅਲੀਸ਼ਾ ਨਬੀ ਨੇ ਉਸ ਨੂੰ ਕਿਹਾ ਕਿ ਉਹ ਖਿੜਕੀ ਵਿੱਚੋਂ ਦੀ ਅਰਾਮ ਵੱਲ ਤੀਰ ਮਾਰੇ ਜੋ ਇਸ ਗੱਲ ਦਾ ਸੰਕੇਤ ਸੀ ਕਿ ਯਹੋਵਾਹ ਯੋਆਸ਼ ਨੂੰ ਅਰਾਮ ਦੇਸ਼ ਉੱਤੇ ਜਿੱਤ ਦਿਵਾਏਗਾ। ਇਹ ਜਾਣ ਕੇ ਯੋਆਸ਼ ਦੀ ਜਾਨ ਵਿਚ ਜਾਨ ਆ ਗਈ ਹੋਣੀ! ਫਿਰ ਅਲੀਸ਼ਾ ਨੇ ਯੋਆਸ਼ ਨੂੰ ਕਿਹਾ ਕਿ ਆਪਣੇ ਤੀਰ ਲੈ ਕੇ ਉਨ੍ਹਾਂ ਨੂੰ ਧਰਤੀ ਉੱਤੇ ਮਾਰ। ਯੋਆਸ਼ ਨੇ ਤਿੰਨ ਵਾਰ ਧਰਤੀ ’ਤੇ ਤੀਰ ਮਾਰੇ। ਇਹ ਦੇਖ ਕੇ ਅਲੀਸ਼ਾ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਧਰਤੀ ਉੱਤੇ ਪੰਜ-ਛੇ ਵਾਰ ਤੀਰ ਮਾਰਨ ਦਾ ਮਤਲਬ ਸੀ ਕਿ ਯੋਆਸ਼ “ਅਰਾਮ ਨੂੰ ਐਨਾ ਮਾਰਦਾ ਭਈ ਉਹ ਨੂੰ ਨਾਸ ਕਰ ਦਿੰਦਾ।” ਹੁਣ ਯੋਆਸ਼ ਨੂੰ ਸਿਰਫ਼ ਤਿੰਨ ਜਿੱਤਾਂ ਹੀ ਮਿਲਣੀਆਂ ਸਨ। ਸੋ ਜੋਸ਼ ਦੀ ਘਾਟ ਕਾਰਨ ਉਸ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲੀ। (2 ਰਾਜ. 13:14-19) ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਯਹੋਵਾਹ ਸਾਨੂੰ ਤਾਂ ਹੀ ਭਰਪੂਰ ਬਰਕਤਾਂ ਦੇਵੇਗਾ ਜੇ ਅਸੀਂ ਉਸ ਦਾ ਕੰਮ ਦਿਲੋਂ ਅਤੇ ਜੋਸ਼ ਨਾਲ ਕਰਾਂਗੇ।

12. (ੳ) ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਕਿਨ੍ਹਾਂ ਗੱਲਾਂ ਦੀ ਮਦਦ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਆਪਣਾ ਜੋਸ਼ ਬਰਕਰਾਰ ਰੱਖ ਸਕਦੇ ਹਾਂ? (ਅ) ਦੱਸੋ ਕਿ ਪ੍ਰਚਾਰ ਵਿਚ ਰੁੱਝੇ ਰਹਿ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ।

12 ਜ਼ਿੰਦਗੀ ਵਿਚ ਜਦੋਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸਾਡੀ ਪਰਖ ਹੁੰਦੀ ਹੈ ਕਿ ਅਸੀਂ ਪਰਮੇਸ਼ੁਰ ਦੀ ਭਗਤੀ ਲਈ ਕਿੰਨਾ ਕੁ ਜੋਸ਼ ਅਤੇ ਸ਼ਰਧਾ ਰੱਖਦੇ ਹਾਂ। ਕਈ ਭੈਣ-ਭਰਾ ਪੈਸੇ-ਧੇਲੇ ਪੱਖੋਂ ਤੰਗ ਹਨ। ਕਈ ਗੰਭੀਰ ਬੀਮਾਰੀ ਤੋਂ ਤੰਗ ਆ ਜਾਂਦੇ ਹਨ ਜਿਸ ਕਰਕੇ ਉਹ ਯਹੋਵਾਹ ਦੀ ਸੇਵਾ ਪਹਿਲਾਂ ਵਾਂਗ ਨਹੀਂ ਕਰ ਪਾਉਂਦੇ। ਫਿਰ ਵੀ ਅਸੀਂ ਕੁਝ-ਨਾ-ਕੁਝ ਕਰ ਕੇ ਆਪਣਾ ਜੋਸ਼ ਬਰਕਰਾਰ ਰੱਖ ਸਕਦੇ ਹਾਂ ਤੇ ਮਸੀਹ ਦੇ ਮਗਰ ਪੂਰੀ ਤਰ੍ਹਾਂ ਚੱਲਦੇ ਰਹਿ ਸਕਦੇ ਹਾਂ। ਕਿਰਪਾ ਕਰ ਕੇ “ਮਸੀਹ ਦੇ ਮਗਰ ਚੱਲਦੇ ਰਹਿਣ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰਨਗੀਆਂ?” ਨਾਂ ਦੀ ਡੱਬੀ ਵਿਚ ਦਿੱਤੇ ਕੁਝ ਸੁਝਾਵਾਂ ਅਤੇ ਹਵਾਲਿਆਂ ਉੱਤੇ ਗੌਰ ਕਰੋ। ਦੇਖੋ ਕਿ ਤੁਸੀਂ ਇਨ੍ਹਾਂ ਗੱਲਾਂ ’ਤੇ ਚੰਗੀ ਤਰ੍ਹਾਂ ਕਿਵੇਂ ਚੱਲ ਸਕਦੇ ਹੋ। ਇਨ੍ਹਾਂ ’ਤੇ ਚੱਲ ਕੇ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਪ੍ਰਚਾਰ ਵਿਚ ਰੁੱਝੇ ਰਹਿਣ ਨਾਲ ਅਸੀਂ ਮਜ਼ਬੂਤ ਹੁੰਦੇ ਹਾਂ, ਜ਼ਿੰਦਗੀ ਮਕਸਦ ਭਰੀ ਬਣਦੀ ਹੈ ਅਤੇ ਸ਼ਾਂਤੀ ਤੇ ਖ਼ੁਸ਼ੀ ਮਿਲਦੀ ਹੈ। (1 ਕੁਰਿੰ. 15:58) ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਸੇਵਾ ਤਨ-ਮਨ ਨਾਲ ਕਰ ਕੇ ਅਸੀਂ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹਿੰਦੇ’ ਹਾਂ।—2 ਪਤ. 3:12.

ਆਪਣੇ ਹਾਲਾਤਾਂ ਨੂੰ ਜਾਂਚੋ

13. ਅਸੀਂ ਕਿਵੇਂ ਦੇਖ ਸਕਦੇ ਹਾਂ ਕਿ ਤਨ-ਮਨ ਨਾਲ ਸੇਵਾ ਕਰਨ ਨੂੰ ਅਸੀਂ ਕਿੰਨੀ ਕੁ ਅਹਿਮੀਅਤ ਦਿੰਦੇ ਹਾਂ?

13 ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਤਨ-ਮਨ ਨਾਲ ਸੇਵਾ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਪ੍ਰਚਾਰ ਵਿਚ ਬਹੁਤ ਜ਼ਿਆਦਾ ਵਕਤ ਗੁਜ਼ਾਰੋ। ਸਾਰਿਆਂ ਦੇ ਹਾਲਾਤ ਇੱਕੋ ਜਿਹੇ ਨਹੀਂ ਹਨ। ਜੇ ਕਿਸੇ ਭੈਣ-ਭਰਾ ਦੀ ਸਿਹਤ ਖ਼ਰਾਬ ਰਹਿੰਦੀ ਹੈ ਤੇ ਉਹ ਹਰ ਮਹੀਨੇ ਸਿਰਫ਼ ਇਕ-ਦੋ ਘੰਟੇ ਹੀ ਪ੍ਰਚਾਰ ਕਰ ਪਾਉਂਦਾ ਹੈ, ਤਾਂ ਯਹੋਵਾਹ ਇੰਨੇ ਤੋਂ ਹੀ ਬਹੁਤ ਖ਼ੁਸ਼ ਹੁੰਦਾ ਹੈ। (ਮਰ. 12:41-44 ਦੇਖੋ।) ਇਸ ਲਈ ਸਾਨੂੰ ਆਪਣੀਆਂ ਕਾਬਲੀਅਤਾਂ ਅਤੇ ਹਾਲਾਤਾਂ ਨੂੰ ਜਾਂਚਣ ਦੀ ਲੋੜ ਹੈ ਤਾਂਕਿ ਅਸੀਂ ਦੇਖ ਸਕੀਏ ਕਿ ਅਸੀਂ ਤਨ-ਮਨ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। ਮਸੀਹ ਦੇ ਚੇਲੇ ਹੋਣ ਕਰਕੇ ਅਸੀਂ ਉਸ ਵਰਗਾ ਨਜ਼ਰੀਆ ਰੱਖਣਾ ਚਾਹੁੰਦੇ ਹਾਂ। (ਰੋਮੀਆਂ 15:5 ਪੜ੍ਹੋ; 1 ਕੁਰਿੰ. 2:16) ਯਿਸੂ ਨੇ ਕਿਹੜੀ ਗੱਲ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੱਤੀ? ਕਫ਼ਰਨਾਹੂਮ ਤੋਂ ਆਈ ਲੋਕਾਂ ਦੀ ਭੀੜ ਨੂੰ ਉਸ ਨੇ ਕਿਹਾ: ‘ਮੈਨੂੰ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।’ (ਲੂਕਾ 4:43; ਯੂਹੰ. 18:37) ਯਿਸੂ ਜੋਸ਼ ਨਾਲ ਪ੍ਰਚਾਰ ਕਰਦਾ ਸੀ। ਇਹ ਗੱਲ ਚੇਤੇ ਰੱਖ ਕੇ ਆਪਣੇ ਹਾਲਾਤਾਂ ਦੀ ਜਾਂਚ ਕਰਨ ਨਾਲ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਹੋਰ ਕਿੰਨਾ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹਾਂ।—1 ਕੁਰਿੰ. 10:33.

14. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਵਧ-ਚੜ੍ਹ ਕੇ ਸੇਵਾ ਕਰ ਸਕਦੇ ਹਾਂ?

14 ਧਿਆਨ ਨਾਲ ਆਪਣੇ ਹਾਲਾਤਾਂ ਦੀ ਜਾਂਚ ਕਰ ਕੇ ਸ਼ਾਇਦ ਸਾਨੂੰ ਪਤਾ ਲੱਗੇ ਕਿ ਅਸੀਂ ਜ਼ਿਆਦਾ ਵਕਤ ਪ੍ਰਚਾਰ ਕਰ ਸਕਦੇ ਹਾਂ। (ਮੱਤੀ 9:37, 38) ਉਦਾਹਰਣ ਲਈ, ਹਾਲ ਹੀ ਵਿਚ ਕਈ ਹਜ਼ਾਰ ਨੌਜਵਾਨ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਆਪਣਾ ਜ਼ਿਆਦਾਤਰ ਸਮਾਂ ਪ੍ਰਚਾਰ ਕਰਨ ਵਿਚ ਲਾਉਣ ਲੱਗ ਪਏ ਅਤੇ ਹੁਣ ਜੋਸ਼ ਨਾਲ ਪਾਇਨੀਅਰਿੰਗ ਕਰਨ ਦਾ ਲੁਤਫ਼ ਉਠਾ ਰਹੇ ਹਨ। ਕੀ ਤੁਸੀਂ ਵੀ ਇਹ ਲੁਤਫ਼ ਉਠਾਉਣਾ ਚਾਹੁੰਦੇ ਹੋ? ਕੁਝ ਭੈਣਾਂ-ਭਰਾਵਾਂ ਨੇ ਆਪਣੇ ਹਾਲਾਤਾਂ ਉੱਤੇ ਗੌਰ ਕਰ ਕੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਦੇਸ਼ ਦੇ ਕਿਸੇ ਇਲਾਕੇ ਵਿਚ ਜਾਂ ਕਿਸੇ ਹੋਰ ਦੇਸ਼ ਜਾ ਕੇ ਪ੍ਰਚਾਰ ਕਰ ਸਕਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕੁਝ ਜਣਿਆਂ ਨੇ ਨਵੀਂ ਭਾਸ਼ਾ ਸਿੱਖੀ ਹੈ ਤਾਂਕਿ ਉਹ ਉਸ ਭਾਸ਼ਾ ਦੇ ਲੋਕਾਂ ਨੂੰ ਸੱਚਾਈ ਸਿਖਾ ਸਕਣ। ਇਸ ਤਰੀਕੇ ਨਾਲ ਵਧ-ਚੜ੍ਹ ਕੇ ਸੇਵਾ ਕਰਨੀ ਇਕ ਚੁਣੌਤੀ ਹੋ ਸਕਦੀ ਹੈ, ਪਰ ਇਸ ਤਰ੍ਹਾਂ ਕਰਨ ਨਾਲ ਬਰਕਤਾਂ ਮਿਲਦੀਆਂ ਹਨ। ਇਸ ਤਰ੍ਹਾਂ ਅਸੀਂ “ਸਤ ਦੇ ਗਿਆਨ ਤੀਕ ਪਹੁੰਚਣ” ਵਿਚ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਸਕਾਂਗੇ।—1 ਤਿਮੋ. 2:3, 4; 2 ਕੁਰਿੰ. 9:6.

ਬਾਈਬਲ ਵਿਚ

ਦੱਸੀਆਂ ਮਿਸਾਲਾਂ ’ਤੇ ਚੱਲੋ

15, 16. ਮਸੀਹ ਦੇ ਜੋਸ਼ੀਲੇ ਚੇਲੇ ਬਣਨ ਲਈ ਅਸੀਂ ਕਿਨ੍ਹਾਂ ਦੀਆਂ ਉਦਾਹਰਣਾਂ ਉੱਤੇ ਚੱਲ ਸਕਦੇ ਹਾਂ?

15 ਜਿਹੜੇ ਲੋਕ ਯਿਸੂ ਦੇ ਰਸੂਲ ਬਣੇ ਸਨ, ਉਨ੍ਹਾਂ ਨੇ ਕਿਹੋ ਜਿਹਾ ਹੁੰਗਾਰਾ ਭਰਿਆ ਸੀ ਜਦੋਂ ਯਿਸੂ ਨੇ ਉਨ੍ਹਾਂ ਨੂੰ ਆਪਣੇ ਮਗਰ ਚੱਲਣ ਲਈ ਕਿਹਾ ਸੀ? ਮੱਤੀ ਬਾਰੇ ਬਿਰਤਾਂਤ ਕਹਿੰਦਾ ਹੈ: “ਉਹ ਸੱਭੋ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ।” (ਲੂਕਾ 5:27, 28) ਮੱਛੀਆਂ ਫੜ ਰਹੇ ਪਤਰਸ ਅਤੇ ਅੰਦ੍ਰਿਯਾਸ ਬਾਰੇ ਅਸੀਂ ਪੜ੍ਹਦੇ ਹਾਂ: “ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।” ਫਿਰ ਯਿਸੂ ਨੇ ਯਾਕੂਬ ਅਤੇ ਯੂਹੰਨਾ ਨੂੰ ਦੇਖਿਆ ਜੋ ਆਪਣੇ ਪਿਤਾ ਨਾਲ ਜਾਲ ਠੀਕ ਕਰ ਰਹੇ ਸਨ। ਉਨ੍ਹਾਂ ਨੇ ਯਿਸੂ ਦੇ ਸੱਦੇ ਦਾ ਕੀ ਜਵਾਬ ਦਿੱਤਾ? “ਓਹ ਝੱਟ ਬੇੜੀ ਨੂੰ ਅਤੇ ਆਪਣੇ ਪਿਉ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।”—ਮੱਤੀ 4:18-22.

16 ਇਕ ਹੋਰ ਉਦਾਹਰਣ ਸੌਲੁਸ ਦੀ ਹੈ ਜੋ ਪੌਲੁਸ ਰਸੂਲ ਨਾਂ ਤੋਂ ਜਾਣਿਆ ਜਾਣ ਲੱਗਾ। ਉਹ ਕੱਟੜ ਇਨਸਾਨ ਮਸੀਹ ਦੇ ਚੇਲਿਆਂ ਉੱਤੇ ਜ਼ੁਲਮ ਢਾਹੁੰਦਾ ਹੁੰਦਾ ਸੀ, ਪਰ ਬਾਅਦ ਵਿਚ ਉਹ ਬਦਲ ਗਿਆ ਅਤੇ ਮਸੀਹ ਦੇ ਨਾਂ ਦਾ ਪ੍ਰਚਾਰ ਕਰਨ ਲਈ ਉਸ ਦਾ “ਚੁਣਿਆ ਹੋਇਆ ਵਸੀਲਾ” ਬਣ ਗਿਆ। “ਉਹ ਤੁਰਤ ਸਮਾਜਾਂ ਵਿੱਚ ਯਿਸੂ ਦਾ ਪਰਚਾਰ ਕਰਨ ਲੱਗਾ ਭਈ ਉਹ ਪਰਮੇਸ਼ੁਰ ਦਾ ਪੁੱਤ੍ਰ ਹੈ।” (ਰਸੂ. 9:3-22) ਪੌਲੁਸ ਨੇ ਬਹੁਤ ਸਾਰੀਆਂ ਕਠਿਨਾਈਆਂ ਅਤੇ ਜ਼ੁਲਮ ਸਹਿਣ ਦੇ ਬਾਵਜੂਦ ਕਦੇ ਵੀ ਆਪਣਾ ਜੋਸ਼ ਠੰਢਾ ਨਹੀਂ ਪੈਣ ਦਿੱਤਾ।—2 ਕੁਰਿੰ. 11:23-29; 12:15.

17. (ੳ) ਮਸੀਹ ਦੇ ਮਗਰ ਚੱਲਣ ਸੰਬੰਧੀ ਤੁਹਾਡੀ ਕੀ ਇੱਛਾ ਹੈ? (ਅ) ਦਿਲੋਂ-ਜਾਨ ਨਾਲ ਯਹੋਵਾਹ ਦੀ ਇੱਛਾ ਪੂਰੀ ਕਰਨ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

17 ਅਸੀਂ ਉਨ੍ਹਾਂ ਚੇਲਿਆਂ ਦੀਆਂ ਚੰਗੀਆਂ ਮਿਸਾਲਾਂ ਉੱਤੇ ਚੱਲ ਕੇ ਬਿਨਾਂ ਹਿਚਕਿਚਾਏ ਤੁਰੰਤ ਕਦਮ ਉਠਾਉਣਾ ਚਾਹੁੰਦੇ ਹਾਂ। (ਇਬ. 6:11, 12) ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਜਦ ਅਸੀਂ ਜੋਸ਼ ਨਾਲ ਤੇ ਪੂਰੀ ਤਰ੍ਹਾਂ ਮਸੀਹ ਦੇ ਮਗਰ ਚੱਲਦੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ? ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ ਅਤੇ ਉਸ ਦੀ ਸੇਵਾ ਕਰਨ ਦੇ ਵਾਧੂ ਸਨਮਾਨ ਅਤੇ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰ ਕੇ ਸੰਤੁਸ਼ਟੀ ਮਿਲਦੀ ਹੈ। (ਜ਼ਬੂ. 40:8; 1 ਥੱਸਲੁਨੀਕੀਆਂ 4:1 ਪੜ੍ਹੋ।) ਜੀ ਹਾਂ, ਜਦ ਅਸੀਂ ਜੀ-ਜਾਨ ਨਾਲ ਮਸੀਹ ਮਗਰ ਚੱਲਦੇ ਹਾਂ, ਤਾਂ ਸਾਨੂੰ ਹਮੇਸ਼ਾ ਬਰਕਤਾਂ ਮਿਲਣਗੀਆਂ ਜਿਵੇਂ ਮਨ ਦੀ ਸ਼ਾਂਤੀ, ਸੰਤੁਸ਼ਟੀ, ਪਰਮੇਸ਼ੁਰ ਦੀ ਮਿਹਰ ਅਤੇ ਅਖ਼ੀਰ ਸਦਾ ਦੀ ਜ਼ਿੰਦਗੀ।—1 ਤਿਮੋ. 4:10.

ਕੀ ਤੁਹਾਨੂੰ ਯਾਦ ਹੈ?

• ਸਾਨੂੰ ਕਿਹੜਾ ਜ਼ਰੂਰੀ ਕੰਮ ਮਿਲਿਆ ਹੈ ਅਤੇ ਸਾਨੂੰ ਇਹ ਕੰਮ ਕਿਵੇਂ ਵਿਚਾਰਨਾ ਚਾਹੀਦਾ ਹੈ?

• ਸਾਨੂੰ ਕਿਹੜੇ ਇਨਸਾਨੀ ਰੁਝਾਨ ’ਤੇ ਕੰਟ੍ਰੋਲ ਰੱਖਣਾ ਚਾਹੀਦਾ ਹੈ ਤੇ ਕਿਉਂ?

• ਸਾਨੂੰ ਕਿਹੜੀ ਜਾਂਚ ਕਰਨੀ ਚਾਹੀਦੀ ਹੈ?

• ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਮਸੀਹ ਦੇ ਮਗਰ ਚੱਲਦੇ ਰਹਿ ਸਕਦੇ ਹਾਂ?

[ਸਵਾਲ]

[ਸਫ਼ਾ 27 ਉੱਤੇ ਡੱਬੀ/ਤਸਵੀਰਾਂ]

ਮਸੀਹ ਦੇ ਮਗਰ ਚੱਲਦੇ ਰਹਿਣ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰਨਗੀਆਂ?

▪ ਹਰ ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹੋ ਅਤੇ ਪੜ੍ਹੀਆਂ ਗੱਲਾਂ ਉੱਤੇ ਮਨਨ ਕਰੋ।—ਜ਼ਬੂ. 1:1-3; 1 ਤਿਮੋ. 4:15.

▪ ਅਕਸਰ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤੁਹਾਡੀ ਮਦਦ ਕਰੇ ਤੇ ਸੇਧ ਦੇਵੇ।—ਜ਼ਕ. 4:6; ਲੂਕਾ 11:9, 13.

▪ ਉਨ੍ਹਾਂ ਨਾਲ ਮਿਲੋ-ਗਿਲੋ ਜੋ ਜੋਸ਼ ਨਾਲ ਪ੍ਰਚਾਰ ਕਰਦੇ ਹਨ।—ਕਹਾ. 13:20; ਇਬ. 10:24, 25.

▪ ਇਸ ਸਮੇਂ ਦੀ ਨਜ਼ਾਕਤ ਨੂੰ ਸਮਝੋ।—ਅਫ਼. 5:15, 16.

▪ ‘ਉਜ਼ਰ ਕਰਨ’ ਯਾਨੀ ਬਹਾਨੇ ਬਣਾਉਣ ਦੇ ਗੰਭੀਰ ਨਤੀਜਿਆਂ ਨੂੰ ਧਿਆਨ ਵਿਚ ਰੱਖੋ।—ਲੂਕਾ 9:59-62.

▪ ਬਾਕਾਇਦਾ ਸੋਚ-ਵਿਚਾਰ ਕਰੋ ਕਿ ਤੁਸੀਂ ਸਮਰਪਣ ਵੇਲੇ ਕਿਹੜੀ ਸੌਂਹ ਖਾਧੀ ਸੀ ਅਤੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਤੇ ਮਸੀਹ ਦੇ ਮਗਰ ਚੱਲਣ ਨਾਲ ਕਿੰਨੀਆਂ ਬਰਕਤਾਂ ਮਿਲਦੀਆਂ ਹਨ।—ਜ਼ਬੂ. 116:12-14; 133:3; ਕਹਾ. 10:22.