Skip to content

Skip to table of contents

ਰੱਬ ਕੀ ਕਰ ਰਿਹਾ ਹੈ?

ਰੱਬ ਕੀ ਕਰ ਰਿਹਾ ਹੈ?

ਰੱਬ ਕੀ ਕਰ ਰਿਹਾ ਹੈ?

“ਹੇ ਯਹੋਵਾਹ, ਤੂੰ ਦੂਰ ਕਿਉਂ ਖੜਾ ਰਹਿੰਦਾ ਹੈਂ? ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈਂ?” *ਜ਼ਬੂਰਾਂ ਦੀ ਪੋਥੀ 10:1.

ਅਖ਼ਬਾਰਾਂ ਵਿਚ ਸਿਰਲੇਖ ਪੜ੍ਹ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਅਸੀਂ “ਬਿਪਤਾ ਦੇ ਵੇਲੇ” ਜੀ ਰਹੇ ਹਾਂ। ਜਦ ਕੋਈ ਬਿਪਤਾ ਸਾਡੇ ਉੱਤੇ ਆਉਂਦੀ ਹੈ, ਚਾਹੇ ਜੁਰਮ, ਹਾਦਸਾ ਜਾਂ ਕਿਸੇ ਪਿਆਰੇ ਦੀ ਮੌਤ, ਤਾਂ ਅਸੀਂ ਸ਼ਾਇਦ ਪੁੱਛੀਏ: ਕੀ ਰੱਬ ਦੇਖ ਰਿਹਾ ਹੈ? ਕੀ ਉਸ ਨੂੰ ਮੇਰਾ ਕੋਈ ਫ਼ਿਕਰ ਹੈ? ਕੀ ਰੱਬ ਸਾਥੋਂ ਦੂਰ ਹੋ ਗਿਆ ਹੈ?

ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਰੱਬ ਬਾਰੇ ਸ਼ਾਇਦ ਗ਼ਲਤ ਅਨੁਮਾਨ ਲਾ ਰਹੇ ਹੋ? ਮਿਸਾਲ ਲਈ, ਜ਼ਰਾ ਸੋਚੋ ਕਿ ਇਕ ਛੋਟਾ ਬੱਚਾ ਗੁੱਸੇ ਹੈ ਕਿਉਂਕਿ ਉਸ ਦਾ ਪਿਤਾ ਨੌਕਰੀ ਤੇ ਗਿਆ ਹੈ। ਬੱਚੇ ਨੂੰ ਪਿਤਾ ਦੀ ਬਹੁਤ ਯਾਦ ਆਉਂਦੀ ਹੈ ਤੇ ਉਹ ਚਾਹੁੰਦਾ ਹੈ ਕਿ ਉਹ ਘਰ ਆ ਜਾਵੇ। ਬੱਚੇ ਨੂੰ ਲੱਗਦਾ ਹੈ ਕਿ ਉਸ ਦਾ ਪਿਤਾ ਉਸ ਨੂੰ ਛੱਡ ਗਿਆ ਹੈ। ਦਿਨ ਦੌਰਾਨ ਉਹ ਪੁੱਛਦਾ ਰਹਿੰਦਾ ਹੈ, “ਡੈਡੀ ਕਿੱਥੇ ਹੈ?”

ਅਸੀਂ ਦੇਖ ਸਕਦੇ ਹਾਂ ਕਿ ਬੱਚੇ ਦੀ ਸੋਚਣੀ ਗ਼ਲਤ ਹੈ। ਪਿਤਾ ਤਾਂ ਨੌਕਰੀ ਕਰਨ ਗਿਆ ਹੈ ਤਾਂਕਿ ਉਹ ਪਰਿਵਾਰ ਦਾ ਗੁਜ਼ਾਰਾ ਤੋਰ ਸਕੇ। ਕੀ ਇਹ ਹੋ ਸਕਦਾ ਹੈ ਕਿ ਉਸ ਬੱਚੇ ਵਾਂਗ ਸਾਡੀ ਸੋਚਣੀ ਗ਼ਲਤ ਹੋਵੇ ਜਦ ਅਸੀਂ ਪੁਕਾਰਦੇ ਹਾਂ, “ਰੱਬ ਕਿੱਥੇ ਹੈ?”

ਮਿਸਾਲ ਲਈ, ਕੁਝ ਲੋਕ ਸ਼ਾਇਦ ਚਾਹੁਣ ਕਿ ਰੱਬ ਇਨਸਾਫ਼ ਕਰ ਕੇ ਫੁਰਤੀ ਨਾਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇ ਜੋ ਗ਼ਲਤ ਕੰਮ ਕਰਦੇ ਹਨ। ਦੂਜੇ ਪਾਸੇ, ਕਈ ਲੋਕ ਰੱਬ ਨੂੰ ਸਿਰਫ਼ ਦਾਤਾ ਸਮਝਦੇ ਹਨ ਜਿਸ ਨੂੰ ਉਨ੍ਹਾਂ ਦੀ ਹਰ ਮੰਗ ਪੂਰੀ ਕਰਨੀ ਚਾਹੀਦੀ ਹੈ ਜਿਵੇਂ ਨੌਕਰੀ, ਜੀਵਨ-ਸਾਥੀ ਜਾਂ ਬਹੁਤ ਸਾਰਾ ਪੈਸਾ ਜਿਤਾਉਣ ਵਾਲੀ ਲਾਟਰੀ ਟਿਕਟ।

ਇਸ ਤਰ੍ਹਾਂ ਸੋਚਣ ਨਾਲ ਲੋਕ ਇਹ ਮੰਨਦੇ ਹਨ ਕਿ ਜੇ ਰੱਬ ਇਕਦਮ ਇਨਸਾਫ਼ ਨਹੀਂ ਕਰਦਾ ਜਾਂ ਸਾਡੀ ਮੰਗ ਪੂਰੀ ਨਹੀਂ ਕਰਦਾ, ਤਾਂ ਇਸ ਦਾ ਮਤਲਬ ਹੈ ਕਿ ਉਹ ਨਾ ਹੀ ਸਾਡੇ ਦੁੱਖ ਸਮਝਦਾ ਹੈ ਤੇ ਨਾ ਹੀ ਸਾਡੀਆਂ ਜ਼ਰੂਰਤਾਂ ਜਾਣਦਾ ਹੈ। ਪਰ ਇਸ ਤਰ੍ਹਾਂ ਸੋਚਣਾ ਗ਼ਲਤ ਹੈ। ਦਰਅਸਲ ਯਹੋਵਾਹ ਪਰਮੇਸ਼ੁਰ ਇਸੇ ਪਲ ਕੰਮ ਕਰ ਰਿਹਾ ਹੈ ਤਾਂਕਿ ਸਾਰੇ ਇਨਸਾਨਾਂ ਦੀਆਂ ਲੋੜਾਂ ਪੂਰੀਆਂ ਹੋਣ, ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਅਸੀਂ ਸ਼ਾਇਦ ਸੋਚ ਰਹੇ ਹਾਂ।

ਤਾਂ ਫਿਰ, ਰੱਬ ਕਰ ਕੀ ਰਿਹਾ ਹੈ? ਇਸ ਸਵਾਲ ਦਾ ਜਵਾਬ ਦੇਣ ਲਈ ਸਾਨੂੰ ਇਤਿਹਾਸ ਵਿਚ ਉਸ ਸਮੇਂ ਵੱਲ ਝਾਤੀ ਮਾਰਨ ਦੀ ਲੋੜ ਹੈ ਜਦ ਰੱਬ ਨਾਲ ਮਨੁੱਖਜਾਤੀ ਦਾ ਰਿਸ਼ਤਾ ਵਿਗੜ ਗਿਆ ਸੀ। ਪਰ ਖ਼ੁਸ਼ੀ ਦੀ ਗੱਲ ਹੈ ਕਿ ਇਹ ਹਮੇਸ਼ਾ ਲਈ ਨਹੀਂ ਵਿਗੜਿਆ ਰਿਹਾ।

ਪਾਪ ਦੇ ਮਾੜੇ ਅਸਰ

ਕਲਪਨਾ ਕਰੋ ਕਿ ਕਈ ਸਾਲਾਂ ਤੋਂ ਇਕ ਘਰ ਦੀ ਹਾਲਤ ਮਾੜੀ ਹੈ। ਛੱਤ ਡਿੱਗੀ ਹੋਈ ਹੈ, ਦਰਵਾਜ਼ੇ ਦੇ ਕਬਜ਼ੇ ਟੁੱਟੇ ਹੋਏ ਹਨ ਤੇ ਬਾਹਰੋਂ ਘਰ ਦੀ ਭੰਨਤੋੜ ਕੀਤੀ ਗਈ ਹੈ। ਇਕ ਸਮਾਂ ਸੀ ਜਦ ਇਹ ਘਰ ਬਹੁਤ ਸੋਹਣਾ ਸੀ, ਪਰ ਹੁਣ ਨਹੀਂ ਹੈ। ਇਸ ਦੀ ਹਾਲਤ ਦੇਖ ਕੇ ਤੁਹਾਨੂੰ ਪਤਾ ਹੈ ਕਿ ਘਰ ਦੀ ਮੁਰੰਮਤ ਕਰਨੀ ਕੋਈ ਸੌਖਾ ਕੰਮ ਨਹੀਂ। ਮੁਰੰਮਤ ਰਾਤੋ-ਰਾਤ ਨਹੀਂ ਹੋ ਸਕਦੀ।

ਹੁਣ ਸੋਚੋ ਕਿ ਇਨਸਾਨਾਂ ਦੀ ਹਾਲਤ ਕਿੰਨੀ ਵਿਗੜ ਗਈ ਜਦ 6,000 ਸਾਲ ਪਹਿਲਾਂ ਇਕ ਬੁਰੇ ਦੂਤ, ਸ਼ਤਾਨ, ਨੇ ਪਹਿਲੇ ਮਨੁੱਖੀ ਜੋੜੇ ਨੂੰ ਰੱਬ ਦੇ ਖ਼ਿਲਾਫ਼ ਜਾਣ ਲਈ ਭਰਮਾਇਆ ਸੀ। ਇਸ ਤੋਂ ਪਹਿਲਾਂ ਆਦਮ ਤੇ ਹੱਵਾਹ ਬਿਲਕੁਲ ਤੰਦਰੁਸਤ ਸਨ ਅਤੇ ਉਨ੍ਹਾਂ ਕੋਲ ਆਉਣ ਵਾਲੀਆਂ ਪੀੜ੍ਹੀਆਂ ਨਾਲ ਹਮੇਸ਼ਾ ਲਈ ਜੀਣ ਦੀ ਉਮੀਦ ਸੀ। (ਉਤਪਤ 1:28) ਪਰ ਜਦ ਉਨ੍ਹਾਂ ਨੇ ਪਾਪ ਕੀਤਾ, ਤਾਂ ਇਸ ਤਰ੍ਹਾਂ ਸੀ ਜਿਵੇਂ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਕੀਤਾ।

ਉਨ੍ਹਾਂ ਦੀ ਬਗਾਵਤ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਇਸ ਦੇ ਬਹੁਤ ਬੁਰੇ ਅੰਜਾਮ ਨਿਕਲੇ। ਬਾਈਬਲ ਕਹਿੰਦੀ ਹੈ: “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ।” (ਰੋਮੀਆਂ 5:12) ਇਨਸਾਨਾਂ ਉੱਤੇ ਮੌਤ ਲਿਆਉਣ ਤੋਂ ਇਲਾਵਾ, ਪਾਪ ਨੇ ਰੱਬ ਨਾਲ ਸਾਡੇ ਰਿਸ਼ਤੇ ਨੂੰ ਵਿਗਾੜ ਦਿੱਤਾ ਹੈ ਅਤੇ ਸਾਡੇ ਸਰੀਰ, ਮਨ ਅਤੇ ਜਜ਼ਬਾਤਾਂ ਉੱਤੇ ਮਾੜਾ ਅਸਰ ਪਿਆ ਹੈ। ਨਤੀਜੇ ਵਜੋਂ ਸਾਡੀ ਹਾਲਤ ਉਸ ਟੁੱਟੇ-ਭੱਜੇ ਘਰ ਵਰਗੀ ਹੈ। ਅੱਯੂਬ ਨਾਂ ਦੇ ਧਰਮੀ ਆਦਮੀ ਨੇ ਸਹੀ ਹੀ ਕਿਹਾ ਸੀ ਕਿ ਆਦਮੀ “ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।”—ਅੱਯੂਬ 14:1.

ਆਦਮ ਤੇ ਹੱਵਾਹ ਦੇ ਪਾਪ ਤੋਂ ਬਾਅਦ ਕੀ ਰੱਬ ਨੇ ਇਨਸਾਨਾਂ ਨੂੰ ਛੱਡ ਦਿੱਤਾ ਸੀ? ਨਹੀਂ। ਅਸਲ ਵਿਚ ਉਸ ਸਮੇਂ ਤੋਂ ਲੈ ਕੇ ਸਾਡਾ ਸਵਰਗੀ ਪਿਤਾ, ਯਹੋਵਾਹ, ਇਨਸਾਨਾਂ ਦੀ ਹਾਲਤ ਸੁਧਾਰਨ ਲਈ ਉਨ੍ਹਾਂ ਦੀ ਖ਼ਾਤਰ ਕੰਮ ਕਰਦਾ ਆਇਆ ਹੈ। ਆਓ ਆਪਾਂ ਤਿੰਨ ਗੱਲਾਂ ਵੱਲ ਧਿਆਨ ਦੇਈਏ ਜੋ ਘਰ ਦੀ ਮੁਰੰਮਤ ਕਰਨ ਲਈ ਜ਼ਰੂਰੀ ਹਨ। ਇਨ੍ਹਾਂ ਗੱਲਾਂ ਵੱਲ ਦੇਖ ਕੇ ਅਸੀਂ ਚੰਗੀ ਤਰ੍ਹਾਂ ਸਮਝ ਸਕਾਂਗੇ ਕਿ ਰੱਬ ਨੇ ਸਾਡੇ ਲਈ ਕੀ-ਕੀ ਕੀਤਾ ਹੈ।

1 ਘਰ ਦੀ ਮਾੜੀ ਹਾਲਤ ਦੇਖਣ ਤੋਂ ਬਾਅਦ ਮਾਲਕ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਉਸ ਦੀ ਮੁਰੰਮਤ ਕਰੇਗਾ ਜਾਂ ਉਸ ਨੂੰ ਢਾਹ ਦੇਵੇਗਾ।

ਅਦਨ ਦੇ ਬਾਗ਼ ਵਿਚ ਬਗਾਵਤ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਇਨਸਾਨਾਂ ਦੀ ਹਾਲਤ ਸੁਧਾਰਨ ਦਾ ਆਪਣਾ ਫ਼ੈਸਲਾ ਸੁਣਾਇਆ। ਇਸ ਬਗਾਵਤ ਪਿੱਛੇ ਸ਼ਤਾਨ ਦਾ ਹੱਥ ਸੀ। ਸੋ ਰੱਬ ਨੇ ਸ਼ਤਾਨ ਨੂੰ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”—ਉਤਪਤ 3:15.

ਇਨ੍ਹਾਂ ਸ਼ਬਦਾਂ ਨਾਲ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਸ਼ਤਾਨ ਨੂੰ ਖ਼ਤਮ ਕਰੇਗਾ। (ਰੋਮੀਆਂ 16:20; ਪਰਕਾਸ਼ ਦੀ ਪੋਥੀ 12:9) ਇਸ ਦੇ ਨਾਲ-ਨਾਲ ਯਹੋਵਾਹ ਨੇ ਇਹ ਵੀ ਵਾਅਦਾ ਕੀਤਾ ਕਿ ਉਹ ਆਉਣ ਵਾਲੀ “ਸੰਤਾਨ” ਰਾਹੀਂ ਇਨਸਾਨਾਂ ਨੂੰ ਪਾਪ ਤੋਂ ਛੁਡਾਵੇਗਾ। * (1 ਯੂਹੰਨਾ 3:8) ਇਸ ਤਰ੍ਹਾਂ ਰੱਬ ਨੇ ਸਾਰਿਆਂ ਦੇ ਸਾਮ੍ਹਣੇ ਵਾਅਦਾ ਕੀਤਾ ਕਿ ਉਹ ਕੀ ਕਰਨ ਵਾਲਾ ਸੀ। ਉਸ ਨੇ ਦੁਨੀਆਂ ਨੂੰ ਖ਼ਤਮ ਨਹੀਂ ਕਰਨਾ ਸੀ, ਬਲਕਿ ਉਸ ਨੂੰ ਸੁਧਾਰਨਾ ਸੀ। ਪਰ ਇਸ ਤਰ੍ਹਾਂ ਕਰਨ ਲਈ ਸਮਾਂ ਲੱਗਣਾ ਸੀ।

2 ਆਰਕੀਟੈਕਟ ਨਕਸ਼ਾ ਤਿਆਰ ਕਰਦਾ ਹੈ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਘਰ ਦੀ ਮੁਰੰਮਤ ਕਿਸ ਤਰ੍ਹਾਂ ਕੀਤੀ ਜਾਵੇਗੀ।

ਯਹੋਵਾਹ ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਨਿਯਮ ਦਿੱਤੇ ਅਤੇ ਮੰਦਰ ਬਣਵਾਇਆ ਜਿੱਥੇ ਉਹ ਉਸ ਦੀ ਭਗਤੀ ਕਰ ਸਕਦੇ ਸਨ। ਬਾਈਬਲ ਕਹਿੰਦੀ ਹੈ: “ਏਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ।” (ਕੁਲੁੱਸੀਆਂ 2:17) “ਹੋਣ ਵਾਲੀਆਂ ਗੱਲਾਂ” ਕਿਤੇ ਮਹਾਨ ਸਨ ਅਤੇ ਇਹ ਸਾਰੀਆਂ ਚੀਜ਼ਾਂ ਸਿਰਫ਼ ਇਕ ਨਕਸ਼ਾ ਸਨ।

ਮਿਸਾਲ ਲਈ, ਇਸਰਾਏਲੀਆਂ ਨੇ ਜਾਨਵਰਾਂ ਦੀਆਂ ਬਲੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦੇ ਪਾਪ ਮਾਫ਼ ਹੋ ਸਕਣ। (ਲੇਵੀਆਂ 17:11) ਇਨ੍ਹਾਂ ਬਲੀਆਂ ਨੇ ਇਕ ਹੋਰ ਵੱਡੇ ਬਲੀਦਾਨ ਵੱਲ ਇਸ਼ਾਰਾ ਕੀਤਾ ਜੋ ਸਦੀਆਂ ਬਾਅਦ ਦਿੱਤਾ ਜਾਣਾ ਸੀ। ਇਸ ਬਲੀਦਾਨ ਨੇ ਇਨਸਾਨਾਂ ਨੂੰ ਪਾਪ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਸੀ। * ਡੇਰੇ ਅਤੇ ਮੰਦਰ ਦੇ ਡੀਜ਼ਾਈਨ ਨੇ ਉਨ੍ਹਾਂ ਕਦਮਾਂ ਦੀ ਝਲਕ ਦਿਖਾਈ ਜੋ ਭਵਿੱਖ ਵਿਚ ਮਸੀਹਾ ਨੇ ਆਪਣੀ ਮੌਤ ਤੋਂ ਲੈ ਕੇ ਸਵਰਗ ਨੂੰ ਚੜ੍ਹਨ ਤਕ ਚੁੱਕਣੇ ਸਨ।—ਸਫ਼ਾ 7 ਉੱਤੇ ਚਾਰਟ ਦੇਖੋ।

3 ਅਜਿਹੇ ਮਿਸਤਰੀ ਨੂੰ ਚੁਣਿਆ ਜਾਂਦਾ ਹੈ ਜੋ ਨਕਸ਼ਾ ਦੇਖ ਕੇ ਘਰ ਦੀ ਮੁਰੰਮਤ ਕਰੇਗਾ।

ਯਿਸੂ ਮਸੀਹਾ ਸੀ ਅਤੇ ਉਸ ਨੇ ਇਸਰਾਏਲੀਆਂ ਦੀਆਂ ਦਿੱਤੀਆਂ ਬਲੀਆਂ ਦੇ ਨਮੂਨੇ ਉੱਤੇ ਚੱਲ ਕੇ ਮਨੁੱਖਜਾਤੀ ਨੂੰ ਮੁਕਤੀ ਦਿਲਾਉਣ ਲਈ ਆਪਣੀ ਜਾਨ ਦੇਣੀ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨੂੰ “ਪਰਮੇਸ਼ੁਰ ਦਾ ਲੇਲਾ” ਕਿਹਾ “ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰਨਾ 1:29) ਯਿਸੂ ਖ਼ੁਸ਼ੀ-ਖ਼ੁਸ਼ੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋਇਆ। ਉਸ ਨੇ ਕਿਹਾ: “ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ।”—ਯੂਹੰਨਾ 6:38.

ਯਿਸੂ ਲਈ ਰੱਬ ਦੀ ਮਰਜ਼ੀ ਸਿਰਫ਼ ਇਹ ਨਹੀਂ ਸੀ ਕਿ ਉਹ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ” ਆਵੇ, ਸਗੋਂ ਇਹ ਵੀ ਕਿ ਉਹ ਆਪਣੇ ਚੇਲਿਆਂ ਨਾਲ ਨੇਮ ਬੰਨ੍ਹੇ ਤਾਂਕਿ ਉਹ ਸਵਰਗ ਵਿਚ ਉਸ ਨਾਲ ਰਾਜ ਕਰ ਸਕਣ। (ਮੱਤੀ 20:28; ਲੂਕਾ 22:29, 30) ਇਸ ਰਾਜ ਰਾਹੀਂ ਪਰਮੇਸ਼ੁਰ ਇਨਸਾਨਾਂ ਲਈ ਆਪਣੇ ਸਾਰੇ ਮਕਸਦ ਪੂਰੇ ਕਰੇਗਾ। ਪਰਮੇਸ਼ੁਰ ਦੇ ਰਾਜ ਬਾਰੇ ਸੰਦੇਸ਼ ਨੂੰ “ਖ਼ੁਸ਼ ਖ਼ਬਰੀ” ਕਿਹਾ ਗਿਆ ਹੈ ਕਿਉਂਕਿ ਇਹ ਸਮਝਾਉਂਦਾ ਹੈ ਕਿ ਰੱਬ ਨੇ ਸਵਰਗ ਵਿਚ ਰਾਜ ਸਥਾਪਿਤ ਕੀਤਾ ਹੈ ਜੋ ਧਰਤੀ ਦੀ ਹਾਲਤ ਸੁਧਾਰੇਗਾ!—ਮੱਤੀ 24:14; ਦਾਨੀਏਲ 2:44. *

ਮੁਰੰਮਤ ਕਰਨ ਦਾ ਕੰਮ ਚਾਲੂ ਹੈ

ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ [ਸ਼ਕਤੀ] ਦੇ ਨਾਮ ਵਿੱਚ ਬਪਤਿਸਮਾ ਦਿਓ। . . . ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।”—ਮੱਤੀ 28:19, 20.

ਸੋ ਦੁਨੀਆਂ ਨੂੰ ਸੁਧਾਰਨ ਦਾ ਕੰਮ ਯਿਸੂ ਦੀ ਮੌਤ ਨਾਲ ਖ਼ਤਮ ਨਹੀਂ ਹੋਣਾ ਸੀ। ਇਸ ਨੂੰ “ਜੁਗ ਦੇ ਅੰਤ” ਤਕ ਜਾਰੀ ਰੱਖਿਆ ਜਾਣਾ ਸੀ ਯਾਨੀ ਉਸ ਸਮੇਂ ਤਕ ਜਦ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਰਾਜ ਕਰਨ ਲੱਗੇਗਾ। ਇਹ ਸਮਾਂ ਹੁਣ ਹੈ। ਅਸੀਂ ਇਹ ਕਿਵੇਂ ਜਾਣਦੇ ਹਾਂ? ਕਿਉਂਕਿ ਯਿਸੂ ਨੇ “ਜੁਗ ਦੇ ਅੰਤ” ਦੀਆਂ ਜੋ ਨਿਸ਼ਾਨੀਆਂ ਦਿੱਤੀਆਂ ਸਨ ਉਹ ਹੁਣ ਪੂਰੀਆਂ ਹੋ ਰਹੀਆਂ ਹਨ। *ਮੱਤੀ 24:3-14; ਲੂਕਾ 21:7-11; 2 ਤਿਮੋਥਿਉਸ 3:1-5.

ਅੱਜ ਯਹੋਵਾਹ ਦੇ ਗਵਾਹ ਯਿਸੂ ਦੇ ਹੁਕਮ ਅਨੁਸਾਰ 236 ਦੇਸ਼ਾਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਇਹ ਰਸਾਲਾ, ਜੋ ਤੁਸੀਂ ਪੜ੍ਹ ਰਹੇ ਹੋ, ਤੁਹਾਨੂੰ ਉਸ ਰਾਜ ਬਾਰੇ ਹੋਰ ਸਿਖਾਉਣ ਲਈ ਤਿਆਰ ਕੀਤਾ ਗਿਆ ਹੈ। ਪਹਿਰਾਬੁਰਜ ਦੇ ਹਰ ਰਸਾਲੇ ਦੇ ਦੂਜੇ ਸਫ਼ੇ ਉੱਤੇ ਤੁਸੀਂ ਇਹ ਗੱਲ ਛਾਪੀ ਦੇਖੋਗੇ: “ਇਸ ਰਸਾਲੇ ਵਿਚ . . . ਖ਼ੁਸ਼ ਖ਼ਬਰੀ ਦਿੱਤੀ ਗਈ ਹੈ ਕਿ ਪਰਮੇਸ਼ੁਰ ਦਾ ਸਵਰਗੀ ਰਾਜ ਧਰਤੀ ਤੋਂ ਬੁਰਾਈ ਖ਼ਤਮ ਕਰੇਗਾ ਅਤੇ ਖ਼ੁਸ਼ੀਆਂ ਦੀ ਬਹਾਰ ਲਿਆਵੇਗਾ। ਇਸ ਵਿਚ ਸਮਝਾਇਆ ਗਿਆ ਹੈ ਕਿ ਸਾਨੂੰ ਯਿਸੂ ਮਸੀਹ ਉੱਤੇ ਨਿਹਚਾ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਉਸ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ।”

ਇਹ ਸੱਚ ਹੈ ਕਿ ਤੁਸੀਂ ਸ਼ਾਇਦ ਅੱਤਵਾਦੀ ਹਮਲਿਆਂ ਬਾਰੇ ਜਾਂ ਕੁਦਰਤੀ ਆਫ਼ਤਾਂ ਬਾਰੇ ਸੁਣੋ ਜਾਂ ਤੁਹਾਡੇ ਉੱਤੇ ਖ਼ੁਦ ਕੋਈ ਬਿਪਤਾ ਆ ਜਾਵੇ। ਪਰ ਬਾਈਬਲ ਸਟੱਡੀ ਕਰ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਰੱਬ ਨੇ ਇਨਸਾਨਾਂ ਨੂੰ ਨਹੀਂ ਛੱਡਿਆ। ਇਸ ਦੇ ਉਲਟ “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” (ਰਸੂਲਾਂ ਦੇ ਕਰਤੱਬ 17:27) ਉਸ ਨੇ ਵਾਅਦਾ ਕੀਤਾ ਹੈ ਕਿ ਉਹ ਸਭ ਕੁਝ ਸਾਨੂੰ ਦੇਵੇਗਾ ਜੋ ਸਾਡੇ ਪਹਿਲੇ ਮਾਂ-ਬਾਪ ਨੇ ਗੁਆਇਆ। ਉਸ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ।—ਯਸਾਯਾਹ 55:11. (w10-E 05/01)

[ਫੁਟਨੋਟ]

^ ਪੈਰਾ 2 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰੱਬ ਦਾ ਨਾਂ ਯਹੋਵਾਹ ਹੈ।

^ ਪੈਰਾ 16 ਉਤਪਤ 3:15 ਨੂੰ ਪੂਰੀ ਤਰ੍ਹਾਂ ਸਮਝਣ ਲਈ ਯਹੋਵਾਹ ਦੇ ਨੇੜੇ ਰਹੋ ਕਿਤਾਬ ਦਾ 19ਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 19 ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ 5ਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 22 ਪਰਮੇਸ਼ੁਰ ਦੇ ਰਾਜ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ 8ਵਾਂ ਅਧਿਆਇ ਦੇਖੋ।

^ ਪੈਰਾ 25 ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ 9ਵਾਂ ਅਧਿਆਇ ਦੇਖੋ।

[ਸਫ਼ਾ 7 ਉੱਤੇ ਚਾਰਟ/ਤਸਵੀਰਾਂ]

“ਅਸਲ ਦੀ ਨਕਲ”-ਡੇਰਾ ਕਿਨ੍ਹਾਂ ਚੀਜ਼ਾਂ ਦਾ ਨਕਸ਼ਾ ਸੀ?

(ਪੂਰੀ ਤਰ੍ਹਾਂ ਫੋਰਮੈਟ ਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਜਗਵੇਦੀ

ਯਿਸੂ ਦਾ ਬਲੀਦਾਨ ਕਬੂਲ ਕਰਨ ਲਈ ਰੱਬ ਦੀ ਰਜ਼ਾਮੰਦੀ।—ਇਬਰਾਨੀਆਂ 13:10-12.

ਪ੍ਰਧਾਨ ਜਾਜਕ

ਯਿਸੂ।—ਇਬਰਾਨੀਆਂ 9:11.

1 ਪ੍ਰਾਸਚਿਤ ਦੇ ਦਿਨ ਪ੍ਰਧਾਨ ਜਾਜਕ ਨੇ ਲੋਕਾਂ ਦੇ ਪਾਪਾਂ ਲਈ ਬਲੀਦਾਨ ਚੜ੍ਹਾਇਆ।—ਲੇਵੀਆਂ 16:15, 29-31.

1 14 ਨੀਸਾਨ 33 ਈ. ਨੂੰ ਯਿਸੂ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ।—ਇਬਰਾਨੀਆਂ 10:5-10; 1 ਯੂਹੰਨਾ 2:1, 2.

ਪਵਿੱਤਰ ਸਥਾਨ

ਮਸਹ ਕੀਤੇ ਜਾਣ ਤੋਂ ਬਾਅਦ ਯਿਸੂ ਦੀ ਹੈਸੀਅਤ।—ਮੱਤੀ 3:16, 17; ਰੋਮੀਆਂ 8:14-17; ਇਬਰਾਨੀਆਂ 5:4-6.

ਪਰਦਾ

ਯਿਸੂ ਦਾ ਸਰੀਰ ਜੋ ਧਰਤੀ ਅਤੇ ਸਵਰਗ ਵਿਚਕਾਰ ਪਰਦੇ ਵਾਂਗ ਸੀ।—1 ਕੁਰਿੰਥੀਆਂ 15:44, 50; ਇਬਰਾਨੀਆਂ 6:19, 20; 10:19, 20.

2 ਪ੍ਰਧਾਨ ਜਾਜਕ ਪਰਦੇ ਦੇ ਅੰਦਰ ਜਾਂਦਾ ਸੀ ਜੋ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਅਲੱਗ ਕਰਦਾ ਸੀ।

2 ਯਿਸੂ ਦੇ ਜੀ ਉੱਠਣ ਤੋਂ ਬਾਅਦ ਉਹ ਸਵਰਗ ਚੜ੍ਹ ਕੇ ‘ਪੜਦੇ ਦੇ ਦੂਜੇ ਪਾਸੇ ਦੀ ਲੰਘਿਆ’ ਤਾਂਕਿ “ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।”—ਇਬਰਾਨੀਆਂ 9:24-28.

ਅੱਤ ਪਵਿੱਤਰ ਸਥਾਨ

ਸਵਰਗ।—ਇਬਰਾਨੀਆਂ 9:24.

3 ਅੱਤ ਪਵਿੱਤਰ ਸਥਾਨ ਵਿਚ ਪ੍ਰਧਾਨ ਜਾਜਕ ਨੇਮ ਦੇ ਸੰਦੂਕ ਸਾਮ੍ਹਣੇ ਬਲੀਦਾਨ ਦਾ ਲਹੂ ਛਿੜਕਦਾ ਸੀ।—ਲੇਵੀਆਂ 16:12-14.

3 ਆਪਣੇ ਵਹਾਏ ਗਏ ਲਹੂ ਦੀ ਕੀਮਤ ਪੇਸ਼ ਕਰ ਕੇ ਯਿਸੂ ਨੇ ਸਾਡੇ ਪਾਪਾਂ ਲਈ ਪ੍ਰਾਸਚਿਤ ਕੀਤਾ।—ਇਬਰਾਨੀਆਂ 9:12, 24; 1 ਪਤਰਸ 3:21, 22.