Skip to content

Skip to table of contents

ਕੀ ਇਹ ਬੇਈਮਾਨੀ ਹੈ?

ਕੀ ਇਹ ਬੇਈਮਾਨੀ ਹੈ?

ਕੀ ਇਹ ਬੇਈਮਾਨੀ ਹੈ?

“ਐਕਸੀਡੈਂਟ ਬਾਰੇ ਘੱਟ-ਵਧ ਰਿਪੋਰਟ ਕਰਨ ਵਿਚ ਕੋਈ ਹਰਜ਼ ਨਹੀਂ।”

“ਟੈਕਸ ਵਾਲਿਆਂ ਨੂੰ ਸਭ ਕੁਝ ਜਾਣਨ ਦੀ ਲੋੜ ਨਹੀਂ।”

“ਜੋ ਕਰਨਾ ਹੈ ਕਰੋ, ਪਰ ਫੜੇ ਜਾਣ ਤੋਂ ਬਚ ਕੇ ਰਹੋ।”

“ਮੁਫ਼ਤ ਮਿਲ ਸਕੇ, ਤਾਂ ਪੈਸਾ ਖ਼ਰਚਣ ਦੀ ਕੀ ਲੋੜ?”

ਤੁਸੀਂ ਕਿਸੇ ਤੋਂ ਪੈਸਿਆਂ ਸੰਬੰਧੀ ਸਲਾਹ ਲੈਂਦਿਆਂ ਸ਼ਾਇਦ ਅਜਿਹੇ ਮਸ਼ਵਰੇ ਸੁਣ ਕੇ ਹੈਰਾਨ ਨਾ ਹੋਵੋ। ਕਈਆਂ ਲੋਕਾਂ ਨੂੰ ਹਰ ਗੱਲ ਦਾ ਚੁਸਤੀ ਨਾਲ ਜਵਾਬ ਦੇਣਾ ਆਉਂਦਾ ਹੈ। ਪਰ ਕੀ ਉਨ੍ਹਾਂ ਦੇ ਸੁਝਾਅ ਬੇਈਮਾਨ ਹਨ?

ਅੱਜ-ਕੱਲ੍ਹ ਬੇਈਮਾਨੀ ਦਾ ਇੰਨਾ ਬੋਲਬਾਲਾ ਹੈ ਕਿ ਲੋਕ ਸਜ਼ਾ ਤੋਂ ਬਚਣ, ਪੈਸਾ ਹੜੱਪਣ ਜਾਂ ਦੂਸਰਿਆਂ ਨਾਲੋਂ ਅੱਗੇ ਵਧਣ ਲਈ ਝੂਠ, ਠੱਗੀ ਤੇ ਚੋਰੀ ਨੂੰ ਕੋਈ ਵੱਡਾ ਪਾਪ ਨਹੀਂ ਮੰਨਦੇ। ਬੇਈਮਾਨੀ ਦੇ ਸੰਬੰਧ ਵਿਚ ਅਸੀਂ ਅਕਸਰ ਵੱਡੇ ਲੋਕਾਂ ਦੀਆਂ ਭੈੜੀਆਂ ਮਿਸਾਲਾਂ ਬਾਰੇ ਪੜ੍ਹਦੇ ਹਾਂ। ਇਕ ਯੂਰਪੀ ਦੇਸ਼ ਦੀ ਮਿਸਾਲ ’ਤੇ ਗੌਰ ਕਰੋ ਜਿਸ ਵਿਚ 2005 ਤੋਂ ਲੈ ਕੇ 2006 ਤਕ ਠੱਗੀ ਤੇ ਹੇਰਾਫੇਰੀ ਦੇ 85 ਫੀ ਸਦੀ ਕੇਸ ਵਧੇ। ਪਰ ਇਸ ਗਿਣਤੀ ਵਿਚ ਛੋਟੀਆਂ-ਮੋਟੀਆਂ ਬੇਈਮਾਨੀਆਂ ਨਹੀਂ ਗਿਣੀਆਂ ਗਈਆਂ ਸਨ। ਫਿਰ ਅਸੀਂ ਇਹ ਸੁਣ ਕੇ ਹੈਰਾਨ ਨਹੀਂ ਹੁੰਦੇ ਕਿ ਉਸ ਦੇਸ਼ ਦੇ ਬਿਜ਼ਨਿਸ ਤੇ ਸਿਆਸੀ ਲੀਡਰਾਂ ਦੇ ਨਾਂ ਇਕ ਸਕੈਂਡਲ ਨਾਲ ਜੁੜੇ ਹੋਏ ਸਨ ਜਿਸ ਤੋਂ ਪਤਾ ਚੱਲਿਆ ਕਿ ਉਹ ਜਾਅਲੀ ਡਿਪਲੋਮਿਆਂ ਦੇ ਸਹਾਰੇ ਹੀ ਤਰੱਕੀ ਦੀਆਂ ਪੌੜੀਆਂ ਦੇ ਸਿਰੇ ਚੜ੍ਹੇ ਸਨ।

ਸੰਸਾਰ ਦੀ ਨਸ-ਨਸ ਵਿਚ ਭਰੀ ਬੇਈਮਾਨੀ ਦੇ ਬਾਵਜੂਦ, ਕਈ ਲੋਕ ਫਿਰ ਵੀ ਈਮਾਨਦਾਰ ਰਹਿਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਵਿੱਚੋਂ ਇਕ ਹੋਵੋ। ਸ਼ਾਇਦ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ ਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨਾ ਚਾਹੁੰਦੇ ਹੋ। (1 ਯੂਹੰਨਾ 5:3) ਤੁਸੀਂ ਸ਼ਾਇਦ ਪੌਲੁਸ ਰਸੂਲ ਦੀ ਤਰ੍ਹਾਂ ਮਹਿਸੂਸ ਕਰਦੇ ਹੋ ਜਿਸ ਨੇ ਲਿਖਿਆ: “ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਇਸ ਲਈ ਆਓ ਆਪਾਂ ਉਨ੍ਹਾਂ ਕੁਝ ਸਥਿਤੀਆਂ ’ਤੇ ਗੌਰ ਕਰੀਏ ਜੋ “ਸਾਰੀਆਂ ਗੱਲਾਂ ਵਿੱਚ ਨੇਕੀ ਨਾਲ” ਚਲਣ ਵਿਚ ਸਾਡੀ ਦਿਲੀ ਇੱਛਾ ਨੂੰ ਅਜ਼ਮਾ ਸਕਦੀਆਂ ਹਨ। ਅਸੀਂ ਬਾਈਬਲ ਦੇ ਕੁਝ ਅਸੂਲਾਂ ’ਤੇ ਵੀ ਗੌਰ ਕਰਾਂਗੇ ਜੋ ਅਜਿਹੇ ਹਾਲਾਤਾਂ ਵਿਚ ਸਾਡੀ ਮਦਦ ਕਰ ਸਕਦੇ ਹਨ।

ਐਕਸੀਡੈਂਟ ਦਾ ਹਰਜਾਨਾ ਕੌਣ ਭਰੇ?

ਇਕ ਦਿਨ ਲੀਸਾ * ਗੱਡੀ ਚਲਾ ਰਹੀ ਸੀ ਤੇ ਅਚਾਨਕ ਉਸ ਦੀ ਗੱਡੀ ਕਿਸੇ ਦੀ ਗੱਡੀ ਨਾਲ ਜਾ ਟਕਰਾਈ। ਚਾਹੇ ਕਿਸੇ ਦੇ ਵੀ ਸੱਟ ਨਹੀਂ ਲੱਗੀ, ਕਸੂਰ ਲੀਸਾ ਦਾ ਸੀ ਤੇ ਦੋਵੇਂ ਗੱਡੀਆਂ ਦਾ ਨੁਕਸਾਨ ਹੋਇਆ। ਉਸ ਦੇਸ਼ ਵਿਚ ਨੌਜਵਾਨ ਡ੍ਰਾਈਵਰਾਂ ਨੂੰ ਗੱਡੀ ਦੀਆਂ ਬੀਮਾ ਕਿਸ਼ਤਾਂ ਬਹੁਤ ਮਹਿੰਗੀਆਂ ਪੈਂਦੀਆਂ ਹਨ ਤੇ ਹਰ ਐਕਸੀਡੈਂਟ ਹੋਣ ਤੇ ਕਿਸ਼ਤ ਹੋਰ ਵੀ ਮਹਿੰਗੀ ਹੋ ਜਾਂਦੀ ਹੈ। ਲੀਸਾ ਦੇ ਨਾਲ ਗੱਡੀ ਵਿਚ ਉਸ ਦਾ ਨਜ਼ਦੀਕੀ ਰਿਸ਼ਤੇਦਾਰ ਗ੍ਰੈਗਰ ਬੈਠਾ ਸੀ, ਜੋ ਉਸ ਤੋਂ ਉਮਰ ਵਿਚ ਵੱਡਾ ਸੀ, ਇਸ ਲਈ ਉਨ੍ਹਾਂ ਦੇ ਇਕ ਦੋਸਤ ਨੇ ਸਲਾਹ ਦਿੱਤੀ ਕਿ ਗ੍ਰੈਗਰ ਨੂੰ ਕਹਿਣਾ ਚਾਹੀਦਾ ਹੈ ਕਿ ਉਹੀ ਗੱਡੀ ਚਲਾ ਰਿਹਾ ਸੀ। ਇਸ ਤਰ੍ਹਾਂ ਕਰਨ ਨਾਲ ਲੀਸਾ ਦੀਆਂ ਕਿਸ਼ਤਾਂ ਦੀ ਰਕਮ ਨਹੀਂ ਵਧੇਗੀ। ਇਹ ਉਪਾਅ ਲੱਗਦਾ ਤਾਂ ਠੀਕ ਹੈ। ਲੀਸਾ ਨੂੰ ਕੀ ਕਰਨਾ ਚਾਹੀਦਾ ਹੈ?

ਯਾਦ ਰੱਖੋ ਕਿ ਬੀਮਾ ਕੰਪਨੀਆਂ ਖ਼ਿਲਾਫ਼ ਕੀਤੇ ਕਲੇਮ ਦੂਸਰੇ ਗਾਹਕਾਂ ਦੀਆਂ ਜੇਬਾਂ ਤੋਂ ਭਰੇ ਜਾਂਦੇ ਹਨ। ਇਸ ਕਰਕੇ ਆਪਣੇ ਦੋਸਤ ਦੀ ਸਲਾਹ ’ਤੇ ਚੱਲ ਕੇ ਲੀਸਾ ਅਸਲ ਵਿਚ ਦੂਸਰੇ ਗਾਹਕਾਂ ਨੂੰ ਉਸ ਦੇ ਐਕਸੀਡੈਂਟ ਦਾ ਹਰਜਾਨਾ ਭਰਨ ਲਈ ਮਜਬੂਰ ਕਰੇਗੀ ਕਿਉਂਕਿ ਉਨ੍ਹਾਂ ਦਾ ਬੀਮਾ ਵਧ ਜਾਵੇਗਾ। ਉਹ ਝੂਠੀ ਕਲੇਮ ਹੀ ਨਹੀਂ ਕਰ ਰਹੀ ਹੋਵੇਗੀ, ਸਗੋਂ ਦੂਸਰਿਆਂ ਤੋਂ ਚੋਰੀ ਵੀ ਕਰ ਰਹੀ ਹੋਵੇਗੀ। ਇਹ ਗੱਲ ਉਦੋਂ ਵੀ ਸੱਚ ਹੁੰਦੀ ਹੈ ਜਦੋਂ ਲੋਕ ਝੂਠੀਆਂ ਰਿਪੋਰਟਾਂ ਕਰ ਕੇ ਬੀਮਾ ਕੰਪਨੀਆਂ ਤੋਂ ਪੈਸਾ ਠੱਗਦੇ ਹਨ।

ਲੋਕ ਸ਼ਾਇਦ ਕਾਨੂੰਨੀ ਸਜ਼ਾ ਦੇ ਡਰ ਮਾਰੇ ਇਸ ਤਰ੍ਹਾਂ ਦੀ ਬੇਈਮਾਨੀ ਕਰਨ ਤੋਂ ਪਰਹੇਜ਼ ਕਰਨ। ਪਰ ਬੇਈਮਾਨੀ ਤੋਂ ਪਰਹੇਜ਼ ਕਰਨ ਦਾ ਇਕ ਹੋਰ ਵੀ ਵੱਡਾ ਕਾਰਨ ਹੈ, ਜੋ ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਪਾਇਆ ਜਾਂਦਾ ਹੈ। ਪਰਮੇਸ਼ੁਰ ਦਾ ਇਕ ਹੁਕਮ ਇਹ ਹੈ ਕਿ “ਤੂੰ ਚੋਰੀ ਨਾ ਕਰ।” (ਕੂਚ 20:15) ਪੌਲੁਸ ਰਸੂਲ ਨੇ ਵੀ ਮਸੀਹੀਆਂ ਨੂੰ ਇਹ ਹੁਕਮ ਯਾਦ ਦਿਲਾਇਆ ਜਦੋਂ ਉਸ ਨੇ ਕਿਹਾ “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ।” (ਅਫ਼ਸੀਆਂ 4:28) ਬੀਮਾ ਵਰਗੇ ਮਾਮਲਿਆਂ ਵਿਚ ਬਾਈਬਲ ਦੇ ਇਸ ਹੁਕਮ ਦੀ ਪਾਲਣਾ ਕਰ ਕੇ ਅਸੀਂ ਉਸ ਚੀਜ਼ ਤੋਂ ਪਰਹੇਜ਼ ਕਰਦੇ ਹਾਂ ਜਿਸ ਨੂੰ ਪਰਮੇਸ਼ੁਰ ਨਿੰਦਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਨਿਯਮਾਂ ਅਤੇ ਆਪਣੇ ਗੁਆਂਢੀ ਲਈ ਵੀ ਪਿਆਰ ਅਤੇ ਸਤਿਕਾਰ ਦਿਖਾਉਂਦੇ ਹਾਂ।—ਜ਼ਬੂਰਾਂ ਦੀ ਪੋਥੀ 119:97.

‘ਕੈਸਰ ਦੀਆਂ ਚੀਜ਼ਾਂ ਕੈਸਰ ਨੂੰ ਦਿਓ’

ਪੀਟਰ ਇਕ ਬਿਜ਼ਨਿਸ ਚਲਾਉਂਦਾ ਹੈ। ਉਸ ਦੇ ਅਕਾਊਂਟੈਂਟ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਨੂੰ ਟੈਕਸ ਵਾਲਿਆਂ ਨੂੰ ਕਹਿ ਦੇਣਾ ਚਾਹੀਦਾ ਹੈ ਕਿ ਉਸ ਨੇ ਮਹਿੰਗੇ ਕੰਪਿਊਟਰ ਖ਼ਰੀਦੇ ਸਨ। ਫਿਰ ਉਸ ਨੂੰ ਟੈਕਸ ਕਟਾਈ ਦੀ ਕਲੇਮ ਕਰਨੀ ਚਾਹੀਦੀ ਹੈ। ਪੀਟਰ ਵਰਗੀ ਬਿਜ਼ਨਿਸ ਵਿਚ ਅਜਿਹੀ ਖ਼ਰੀਦਾਰੀ ਕੋਈ ਅਨੋਖੀ ਗੱਲ ਨਹੀਂ। ਭਾਵੇਂ ਪੀਟਰ ਨੇ ਅਸਲ ਵਿਚ ਇਹ ਸਾਮਾਨ ਨਹੀਂ ਖ਼ਰੀਦਿਆ, ਪਰ ਸਰਕਾਰ ਅਜਿਹੀ ਖ਼ਰੀਦੋ-ਫ਼ਰੋਖਤ ਬਾਰੇ ਪੁੱਛ-ਗਿੱਛ ਨਹੀਂ ਕਰੇਗੀ। ਟੈਕਸ ਘਟਵਾ ਕੇ ਪੀਟਰ ਕਾਫ਼ੀ ਪੈਸਾ ਬਚਾ ਸਕਦਾ ਹੈ। ਉਸ ਨੂੰ ਕੀ ਕਰਨਾ ਚਾਹੀਦਾ ਹੈ? ਉਸ ਦੇ ਫ਼ੈਸਲੇ ਦਾ ਕੀ ਆਧਾਰ ਹੋਵੇਗਾ?

ਪੌਲੁਸ ਰਸੂਲ ਨੇ ਆਪਣੇ ਜ਼ਮਾਨੇ ਦੇ ਮਸੀਹੀਆਂ ਨੂੰ ਕਿਹਾ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ . . . ਸਭਨਾਂ ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ।” (ਰੋਮੀਆਂ 13:1, 7) ਜੋ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਉਹ ਅਧਿਕਾਰੀਆਂ ਦੁਆਰਾ ਮੰਗੇ ਜਾਂਦੇ ਸਾਰੇ ਟੈਕਸ ਭਰਦੇ ਹਨ। ਦੂਜੇ ਪਾਸੇ, ਜੇ ਸਰਕਾਰ ਖ਼ਾਸ ਲੋਕਾਂ ਜਾਂ ਬਿਜ਼ਨਿਸਾਂ ਨੂੰ ਟੈਕਸ ਭਰਨ ਤੋਂ ਛੋਟ ਦਿੰਦੀ ਹੈ, ਤਾਂ ਇਸ ਦਾ ਫ਼ਾਇਦਾ ਉਠਾਉਣ ਵਿਚ ਕੋਈ ਹਰਜ਼ ਨਹੀਂ ਹੈ ਜੇ ਤੁਸੀਂ ਕਾਨੂੰਨੀ ਤੌਰ ਤੇ ਹੱਕਦਾਰ ਹੋ।

ਇਕ ਹੋਰ ਮਿਸਾਲ ’ਤੇ ਗੌਰ ਕਰੋ। ਡੇਵਿਡ ਇਕ ਦੁਕਾਨਦਾਰ ਹੈ। ਇਕ ਗਾਹਕ ਉਸ ਨੂੰ ਕਿਸੇ ਚੀਜ਼ ਦਾ ਭਾਅ ਪੁੱਛਦਾ ਹੈ, ਪਰ ਉਹ ਅੱਗੇ ਪੁੱਛਦਾ ਹੈ ਕਿ ਬਿਨਾਂ ਰਸੀਦ ਉਹ ਚੀਜ਼ ਕਿੰਨੇ ਭਾਅ ਤੇ ਮਿਲ ਸਕਦੀ ਹੈ। ਉਹ ਗਾਹਕ ਦੀ ਗੱਲ ਸੁਣ ਕੇ ਉਸ ਨੂੰ ਸਸਤੇ ਭਾਅ ਤੇ ਚੀਜ਼ ਵੇਚ ਸਕਦਾ ਹੈ। ਕੋਈ ਕੱਚੀ-ਪੱਕੀ ਰਸੀਦ ਦੀ ਗੱਲ ਹੀ ਨਹੀਂ! ਕਈਆਂ ਲੋਕਾਂ ਲਈ ਇਹ ਆਮ ਗੱਲ ਹੈ ਕਿਉਂਕਿ ਇਸ ਵਿਚ ਦੁਕਾਨਦਾਰ ਵੀ ਖ਼ੁਸ਼ ਤੇ ਗਾਹਕ ਵੀ ਖ਼ੁਸ਼ ਹੁੰਦਾ ਹੈ। ਪਰ ਕਿਉਂਕਿ ਡੇਵਿਡ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਇਸ ਸੌਦੇ ਬਾਰੇ ਉਸ ਦਾ ਕੀ ਵਿਚਾਰ ਹੋਣਾ ਚਾਹੀਦਾ ਹੈ?

ਭਾਵੇਂ ਕਿ ਇਸ ਤਰ੍ਹਾਂ ਦਾ ਸੌਦਾ ਕਰਨ ਵਾਲਾ ਬੰਦਾ ਨਾ ਵੀ ਫੜਿਆ ਜਾਵੇ, ਪਰ ਉਹ ਸਰਕਾਰ ਨੂੰ ਉਹ ਟੈਕਸ ਨਹੀਂ ਦੇ ਰਿਹਾ ਜੋ ਸਰਕਾਰ ਉਸ ਤੋਂ ਵਸੂਲਣ ਦਾ ਹੱਕ ਰੱਖਦੀ ਹੈ। ਯਿਸੂ ਨੇ ਹੁਕਮ ਦਿੱਤਾ ਸੀ: “ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” (ਮੱਤੀ 22:17-21) ਯਿਸੂ ਨੇ ਇਹ ਕਹਿ ਕੇ ਟੈਕਸ ਦੇ ਸੰਬੰਧ ਵਿਚ ਆਪਣੇ ਸੁਣਨ ਵਾਲਿਆਂ ਦੀ ਸੋਚਣੀ ਸੁਧਾਰੀ। ਯਿਸੂ ਨੇ ਸਰਕਾਰਾਂ ਨੂੰ ਕੈਸਰ ਕਿਹਾ ਜੋ ਆਪਣੇ ਆਪ ਨੂੰ ਟੈਕਸ ਲੈਣ ਦੇ ਹੱਕਦਾਰ ਮੰਨਦੇ ਹਨ। ਇਸ ਲਈ ਯਿਸੂ ਦੇ ਚੇਲੇ ਸਮਝਦੇ ਹਨ ਕਿ ਬਾਈਬਲ ਅਨੁਸਾਰ ਸਾਰੇ ਟੈਕਸ ਭਰਨੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ।

ਇਮਤਿਹਾਨਾਂ ਵਿਚ ਨਕਲ ਮਾਰਨੀ

ਮਾਰਟਾ ਦੀ ਮਿਸਾਲ ’ਤੇ ਗੌਰ ਕਰੋ ਜੋ ਵੱਡੇ ਸਕੂਲ ਵਿਚ ਆਪਣੇ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਹੈ। ਉਹ ਦਿਨ-ਰਾਤ ਰੱਟਾ ਲਾਉਂਦੀ ਹੈ ਕਿਉਂਕਿ ਉਸ ਨੂੰ ਚੰਗੇ ਨੰਬਰਾਂ ਤੋਂ ਬਗੈਰ ਚੰਗੀ ਨੌਕਰੀ ਨਹੀਂ ਮਿਲ ਸਕਦੀ। ਬਾਕੀ ਸਟੂਡੈਂਟਾਂ ਨੇ ਵੀ ਤਿਆਰੀ ਕੀਤੀ ਹੈ, ਪਰ ਵੱਖਰੀ ਤਰ੍ਹਾਂ। ਉਹ ਚੰਗੇ ਨੰਬਰ ਲੈਣ ਲਈ ਕੈਲਕੁਲੇਟਰ ਵਰਗੇ ਯੰਤਰ ਇਸਤੇਮਾਲ ਕਰ ਕੇ ਚੀਟਿੰਗ ਕਰਨਗੇ। ਕੀ ਮਾਰਟਾ ਨੂੰ ਵੀ ਚੰਗੇ ਨੰਬਰ ਲੈਣ ਲਈ ਉਹੀ ਕਰਨਾ ਚਾਹੀਦਾ ਹੈ ਜੋ ਸਾਰੇ ਜਣੇ ਕਰ ਰਹੇ ਹਨ?

ਨਕਲ ਮਾਰਨੀ ਬਹੁਤ ਆਮ ਗੱਲ ਹੋਣ ਕਰਕੇ ਕਈ ਲੋਕ ਸੋਚਦੇ ਹਨ ਕਿ ਇਹ ਠੀਕ ਹੈ। ਉਹ ਕਹਿੰਦੇ ਹਨ ਕਿ “ਜੋ ਕਰਨਾ ਹੈ ਕਰੋ, ਪਰ ਫੜੇ ਜਾਣ ਤੋਂ ਬਚ ਕੇ ਰਹੋ।” ਪਰ ਸੱਚੇ ਮਸੀਹੀਆਂ ਵਾਸਤੇ ਇਸ ਤਰ੍ਹਾਂ ਸੋਚਣਾ ਗ਼ਲਤ ਹੈ। ਭਾਵੇਂ ਕਿ ਨਕਲ ਮਾਰਨ ਵਾਲੇ ਵਿਅਕਤੀ ਟੀਚਰਾਂ ਨੂੰ ਧੋਖਾ ਦੇ ਸਕਦੇ ਹਨ, ਪਰ ਰੱਬ ਸਭ ਕੁਝ ਦੇਖਦਾ ਹੈ। ਯਹੋਵਾਹ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਕੀ ਕਰਦੇ ਹਾਂ ਤੇ ਉਹ ਸਾਡਾ ਲੇਖਾ ਲਵੇਗਾ। ਪੌਲੁਸ ਨੇ ਲਿਖਿਆ: “ਸਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13) ਪਰਮੇਸ਼ੁਰ ਸਾਨੂੰ ਸਹੀ ਕੰਮ ਕਰਦੇ ਦੇਖਣਾ ਚਾਹੁੰਦਾ ਹੈ। ਇਹ ਗੱਲ ਸਾਨੂੰ ਇਮਤਿਹਾਨ ਲੈਣ ਵੇਲੇ ਈਮਾਨਦਾਰ ਰਹਿਣ ਲਈ ਪ੍ਰੇਰਣਾ ਦਿੰਦੀ ਹੈ।

ਤੁਸੀਂ ਕੀ ਕਰੋਗੇ?

ਲੀਸਾ, ਗ੍ਰੈਗਰ, ਪੀਟਰ, ਡੈਵਿਡ ਅਤੇ ਮਾਰਟਾ ਨੇ ਇਨ੍ਹਾਂ ਹਾਲਾਤਾਂ ਨੂੰ ਮਾਮੂਲੀ ਨਹੀਂ ਸਮਝਿਆ। ਉਨ੍ਹਾਂ ਨੇ ਕੀ ਫ਼ੈਸਲਾ ਕੀਤਾ? ਉਨ੍ਹਾਂ ਨੇ ਈਮਾਨਦਾਰ ਰਹਿਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਸ਼ੁੱਧ ਜ਼ਮੀਰ ਅਤੇ ਨੇਕ ਚਾਲ-ਚੱਲਣ ਕਾਇਮ ਰੱਖ ਸਕਣ। ਇਸ ਤਰ੍ਹਾਂ ਦੇ ਹਾਲਾਤਾਂ ਵਿਚ ਤੁਸੀਂ ਕੀ ਕਰੋਗੇ?

ਤੁਹਾਡੇ ਕਲੀਗ, ਸਕੂਲ ਦੇ ਮੁੰਡੇ-ਕੁੜੀਆਂ ਅਤੇ ਗੁਆਂਢੀ ਸ਼ਾਇਦ ਬਿਨਾਂ ਕਿਸੇ ਪਰਵਾਹ ਝੂਠ ਬੋਲਣ, ਚੀਟਿੰਗ ਕਰਨ ਤੇ ਚੋਰੀ ਕਰਨ। ਦਰਅਸਲ ਉਹ ਸ਼ਾਇਦ ਤੁਹਾਡਾ ਮਖੌਲ ਉਡਾ ਕੇ ਤੁਹਾਡੇ ਉੱਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰਨ ਕਿ ਤੁਸੀਂ ਵੀ ਉਨ੍ਹਾਂ ਵਾਂਗ ਬੇਈਮਾਨ ਬਣੋ। ਇਸ ਦੇ ਬਾਵਜੂਦ ਸਹੀ ਫ਼ੈਸਲੇ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?

ਯਾਦ ਰੱਖੋ ਕਿ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਣ ਨਾਲ ਸਾਡੀ ਜ਼ਮੀਰ ਸ਼ੁੱਧ ਰਹੇਗੀ ਅਤੇ ਅਸੀਂ ਪਰਮੇਸ਼ੁਰ ਦੀ ਕਿਰਪਾ ਪਾਵਾਂਗੇ। ਰਾਜਾ ਦਾਊਦ ਨੇ ਲਿਖਿਆ: “ਹੇ ਯਹੋਵਾਹ, ਤੇਰੇ ਡੇਹਰੇ ਵਿੱਚ ਕੌਣ ਟਿਕੇਗਾ? ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵੱਸੇਗਾ? ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ . . . ਜਿਹੜਾ ਏਹ ਕਰਦਾ ਹੈ ਉਹ ਕਦੀ ਵੀ ਨਹੀਂ ਡੋਲੇਗਾ।” (ਜ਼ਬੂਰਾਂ ਦੀ ਪੋਥੀ 15:1-5) ਬੇਈਮਾਨੀ ਦੀ ਖੱਟੀ ਨਾਲੋਂ ਸ਼ੁੱਧ ਜ਼ਮੀਰ ਅਤੇ ਯਹੋਵਾਹ ਪਰਮੇਸ਼ੁਰ ਨਾਲ ਦੋਸਤੀ ਕਿਤੇ ਹੀ ਅਨਮੋਲ ਹਨ। (w10-E 06/01)

[ਫੁਟਨੋਟ]

^ ਪੈਰਾ 10 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 18 ਉੱਤੇ ਸੁਰਖੀ]

“ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ।”

ਪਰਮੇਸ਼ੁਰ ਦੇ ਕਾਨੂੰਨ ਮੰਨਦੇ ਹੋਏ ਅਤੇ ਗੁਆਂਢੀ ਲਈ ਪ੍ਰੇਮ ਰੱਖਦੇ ਹੋਏ ਸਾਨੂੰ ਬੀਮੇ ਦੇ ਮਾਮਲਿਆਂ ਵਿਚ ਈਮਾਨਦਾਰ ਰਹਿਣ ਲਈ ਉਤਸ਼ਾਹ ਮਿਲਦਾ ਹੈ

[ਸਫ਼ਾ 18 ਉੱਤੇ ਸੁਰਖੀ]

“ਸਭਨਾਂ ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ।”

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮਨਜ਼ੂਰਸ਼ੁਦਾ ਰਹਿਣ ਲਈ ਅਸੀਂ ਹਕੂਮਤਾਂ ਨੂੰ ਸਾਰੇ ਟੈਕਸ ਭਰਦੇ ਹਾਂ

[ਸਫ਼ਾ 19 ਉੱਤੇ ਸੁਰਖੀ]

“ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ . . . ਖੁਲ੍ਹੀਆਂ ਪਈਆਂ ਹਨ।”

ਭਾਵੇਂ ਕਿ ਟੀਚਰ ਸਾਨੂੰ ਨਕਲ ਮਾਰਦੇ ਨਹੀਂ ਫੜਦੇ, ਫਿਰ ਵੀ ਸਾਨੂੰ ਰੱਬ ਦੀਆਂ ਨਜ਼ਰਾਂ ਵਿਚ ਈਮਾਨਦਾਰ ਰਹਿਣਾ ਚਾਹੀਦਾ ਹੈ

[ਸਫ਼ਾ 20 ਉੱਤੇ ਡੱਬੀ/ਤਸਵੀਰਾਂ]

ਚੋਰੀ ਜੋ ਦੂਸਰੇ ਨਹੀਂ ਦੇਖਦੇ

ਤੁਹਾਡੇ ਦੋਸਤ ਨੇ ਕੰਪਿਊਟਰ ਦਾ ਨਵੇਂ ਤੋਂ ਨਵਾਂ ਪ੍ਰੋਗ੍ਰਾਮ ਖ਼ਰੀਦਿਆ ਹੈ ਤੇ ਤੁਸੀਂ ਵੀ ਉਹ ਲੈਣਾ ਚਾਹੁੰਦੇ ਹੋ। ਉਹ ਕਹਿੰਦਾ ਹੈ ਕਿ ਤੁਹਾਨੂੰ ਪੈਸਾ ਖ਼ਰਚਣ ਦੀ ਕੀ ਲੋੜ ਹੈ ਜਦ ਕਿ ਉਹ ਤੁਹਾਡੇ ਲਈ ਇਕ ਕਾਪੀ ਬਣਾ ਦੇਵੇਗਾ? ਕੀ ਇਹ ਬੇਈਮਾਨੀ ਹੈ?

ਜਦੋਂ ਲੋਕ ਕੰਪਿਊਟਰ ਸਾਫ਼ਟਵੇਅਰ ਖ਼ਰੀਦਦੇ ਹਨ ਉਹ ਉਸ ਦੇ ਲਸੰਸ ਵਿਚ ਦੱਸੀਆਂ ਸ਼ਰਤਾਂ ਪੂਰੀਆਂ ਕਰਨ ਦਾ ਵਾਅਦਾ ਕਰਦੇ ਹਨ। ਲਸੰਸ ਗਾਹਕ ਨੂੰ ਸ਼ਾਇਦ ਉਸ ਦੇ ਹੀ ਕੰਪਿਊਟਰ ’ਤੇ ਖ਼ਰੀਦਿਆ ਪ੍ਰੋਗ੍ਰਾਮ ਵਰਤਣ ਦੀ ਇਜਾਜ਼ਤ ਦੇਵੇ। ਇਸ ਕਰਕੇ ਜੇ ਤੁਸੀਂ ਹੋਰਨਾਂ ਨੂੰ ਕਾਪੀਆਂ ਬਣਾ-ਬਣਾ ਕੇ ਦਿੰਦੇ ਹੋ, ਤਾਂ ਤੁਸੀਂ ਉਸ ਲਸੰਸ ਦੀਆਂ ਹਿਦਾਇਤਾਂ ਨੂੰ ਤੋੜ ਰਹੋ ਹੋ ਤੇ ਇਹ ਗ਼ੈਰ-ਕਾਨੂੰਨੀ ਹੈ। (ਰੋਮੀਆਂ 13:4) ਇਸ ਤਰ੍ਹਾਂ ਕਾਪੀਆਂ ਬਣਾਉਣੀਆਂ ਚੋਰੀ ਕਰਨ ਦੇ ਬਰਾਬਰ ਹੈ ਕਿਉਂਕਿ ਕਾਪੀਰਾਈਟ ਹੋਲਡਰ ਆਪਣੀ ਮਿਹਨਤ ਦੀ ਕਮਾਈ ਨਹੀਂ ਖੱਟਦਾ ਜੋ ਉਸ ਦਾ ਹੱਕ ਹੈ।—ਅਫ਼ਸੀਆਂ 4:28.

ਕੁਝ ਲੋਕ ਸ਼ਾਇਦ ਕਹਿਣ, ‘ਕਿਸੇ ਨੂੰ ਕੀ ਪਤਾ?’ ਭਾਵੇਂ ਇਹ ਗੱਲ ਸੱਚ ਹੋਵੇ, ਪਰ ਸਾਨੂੰ ਯਿਸੂ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਆਪਣੀ ਕੰਮ ਦੀ ਪੂਰੀ ਕਮਾਈ ਮਿਲੇ ਤੇ ਦੂਸਰੇ ਲੋਕ ਸਾਡੀ ਅਮਾਨਤ ਦੀ ਕਦਰ ਕਰਨ। ਇਸ ਕਰਕੇ ਸਾਨੂੰ ਵੀ ਦੂਸਰਿਆਂ ਦਾ ਲਿਹਾਜ਼ ਰੱਖਣਾ ਚਾਹੀਦਾ ਹੈ। ਅਸੀਂ ਇੰਟਲੈਕਚੂਅਲ ਅਮਾਨਤ * ਦੀ ਚੋਰੀ ਕਰਨ ਤੋਂ ਪਰਹੇਜ਼ ਕਰਦੇ ਹਾਂ।—ਕੂਚ 22:7-9.

[ਫੁਟਨੋਟ]

^ ਪੈਰਾ 40 ਇੰਟਲੈਕਚੂਅਲ ਅਮਾਨਤ ਵਿਚ ਸੰਗੀਤ, ਪੁਸਤਕਾਂ, ਜਾਂ ਸਾਫ਼ਟਵੇਅਰ ਵਰਗੀਆਂ ਚੀਜ਼ਾਂ ਸ਼ਾਮਲ ਹਨ ਚਾਹੇ ਉਹ ਕਾਗਜ਼ ’ਤੇ ਛਪੀਆਂ ਜਾਂ ਇਲੈਕਟ੍ਰਾਨਿਕ ਰੂਪ ਵਿਚ ਹੋਣ। ਟ੍ਰੇਡ-ਮਾਰਕ, ਪੇਟੈਂਟ, ਟ੍ਰੇਡ ਸੀਕ੍ਰੇਟਾਂ ਅਤੇ ਕੰਪਨੀ ਦੇ ਕਾਨੂੰਨੀ ਹੱਕ ਵੀ ਇਸ ਵਿਚ ਸ਼ਾਮਲ ਹਨ।