Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਜਿਨ੍ਹਾਂ ਨੇ ਯਿਸੂ ਬਾਰੇ ਲਿਖਿਆ

ਜਿਨ੍ਹਾਂ ਨੇ ਯਿਸੂ ਬਾਰੇ ਲਿਖਿਆ

ਕੀ ਤੁਸੀਂ ਇਕੱਠੇ ਬੈਠ ਕੇ ਯਿਸੂ ਬਾਰੇ ਪੜ੍ਹਨਾ ਪਸੰਦ ਕਰਦੇ ਹੋ?— * ਕੁਝ ਲੋਕ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਯਿਸੂ ਨੇ ਬਾਈਬਲ ਦਾ ਕੋਈ ਵੀ ਹਿੱਸਾ ਨਹੀਂ ਲਿਖਿਆ। ਪਰ ਬਾਈਬਲ ਦੇ ਅੱਠ ਲੇਖਕ ਸਾਨੂੰ ਉਸ ਬਾਰੇ ਕਾਫ਼ੀ ਦੱਸਦੇ ਹਨ। ਇਹ ਸਾਰੇ ਯਿਸੂ ਦੇ ਜ਼ਮਾਨੇ ਵਿਚ ਜੀਉਂਦੇ ਸਨ ਅਤੇ ਉਹ ਸਾਨੂੰ ਯਿਸੂ ਦੀਆਂ ਸਿੱਖਿਆਵਾਂ ਬਾਰੇ ਦੱਸਦੇ ਹਨ। ਕੀ ਤੁਸੀਂ ਇਨ੍ਹਾਂ ਅੱਠ ਲੇਖਕਾਂ ਦੇ ਨਾਂ ਜਾਣਦੇ ਹੋ?— ਉਨ੍ਹਾਂ ਵਿੱਚੋਂ ਚਾਰ ਹਨ ਮੱਤੀ, ਮਰਕੁਸ, ਲੂਕਾ ਤੇ ਯੂਹੰਨਾ। ਬਾਕੀਆਂ ਦੇ ਨਾਂ ਹਨ ਪਤਰਸ, ਯਾਕੂਬ, ਯਹੂਦਾਹ ਅਤੇ ਪੌਲੁਸ। ਤੁਸੀਂ ਇਨ੍ਹਾਂ ਲੇਖਕਾਂ ਬਾਰੇ ਕੀ ਜਾਣਦੇ ਹੋ?—

ਆਓ ਆਪਾਂ ਉਨ੍ਹਾਂ ਤਿੰਨ ਲੇਖਕਾਂ ਬਾਰੇ ਪਤਾ ਕਰੀਏ ਜੋ ਯਿਸੂ ਦੇ 12 ਰਸੂਲਾਂ ਵਿੱਚੋਂ ਸਨ। ਕੀ ਤੁਸੀਂ ਉਨ੍ਹਾਂ ਦੇ ਨਾਂ ਜਾਣਦੇ ਹੋ?— ਪਤਰਸ, ਯੂਹੰਨਾ ਅਤੇ ਮੱਤੀ। ਪਤਰਸ ਨੇ ਮਸੀਹੀਆਂ ਨੂੰ ਦੋ ਚਿੱਠੀਆਂ ਲਿਖੀਆਂ। ਉਨ੍ਹਾਂ ਵਿਚ ਉਸ ਨੇ ਉਹ ਗੱਲਾਂ ਦੱਸੀਆਂ ਜਿਨ੍ਹਾਂ ਦਾ ਉਹ ਖ਼ੁਦ ਗਵਾਹ ਸੀ। ਬਾਈਬਲ ਵਿਚ 2 ਪਤਰਸ 1:16-18 ਖੋਲ੍ਹੋ ਅਤੇ ਉੱਥੇ ਪੜ੍ਹੋ ਕਿ ਪਤਰਸ ਨੇ ਕੀ ਲਿਖਿਆ ਜਦ ਉਸ ਨੇ ਸਵਰਗੋਂ ਯਹੋਵਾਹ ਪਰਮੇਸ਼ੁਰ ਨੂੰ ਯਿਸੂ ਨਾਲ ਗੱਲ ਕਰਦੇ ਸੁਣਿਆ।—ਮੱਤੀ 17:5.

ਯੂਹੰਨਾ ਰਸੂਲ ਨੇ ਬਾਈਬਲ ਦੀਆਂ ਪੰਜ ਕਿਤਾਬਾਂ ਲਿਖੀਆਂ। ਜਦ ਯਿਸੂ ਨੇ ਆਪਣੇ ਚੇਲਿਆਂ ਨਾਲ ਆਖ਼ਰੀ ਭੋਜਨ ਖਾਧਾ, ਤਾਂ ਉਹ ਯਿਸੂ ਦੇ ਲਾਗੇ ਬੈਠਾ ਸੀ। ਯੂਹੰਨਾ ਉਦੋਂ ਵੀ ਉੱਥੇ ਹੀ ਸੀ ਜਦ ਯਿਸੂ ਦੀ ਮੌਤ ਹੋਈ। (ਯੂਹੰਨਾ 13:23-26; 19:26) ਯੂਹੰਨਾ ਨੇ ਯਿਸੂ ਦੀ ਜ਼ਿੰਦਗੀ ਬਾਰੇ ਚੌਥੀ ਇੰਜੀਲ ਲਿਖੀ। ਉਸ ਨੇ ਪਰਕਾਸ਼ ਦੀ ਪੋਥੀ ਤੋਂ ਇਲਾਵਾ ਤਿੰਨ ਚਿੱਠੀਆਂ ਵੀ ਲਿਖੀਆਂ ਜੋ ਉਸ ਦੇ ਨਾਂ ਤੋਂ ਜਾਣੀਆਂ ਜਾਂਦੀਆਂ ਹਨ। (ਪਰਕਾਸ਼ ਦੀ ਪੋਥੀ 1:1) ਮੱਤੀ ਉਹ ਤੀਜਾ ਲੇਖਕ ਸੀ ਜੋ ਯਿਸੂ ਦਾ ਰਸੂਲ ਬਣਿਆ। ਉਹ ਪਹਿਲਾਂ ਟੈਕਸ ਵਸੂਲ ਕਰਦਾ ਹੁੰਦਾ ਸੀ।

ਦੋ ਹਰ ਲੇਖਕਾਂ ਦੀ ਯਿਸੂ ਨਾਲ ਖ਼ਾਸ ਜਾਣ-ਪਛਾਣ ਸੀ। ਉਹ ਉਸ ਦੇ ਮਤਰੇਏ ਭਰਾ ਸਨ ਯਾਨੀ ਯੂਸੁਫ਼ ਤੇ ਮਰਿਯਮ ਦੇ ਲੜਕੇ। (ਮੱਤੀ 13:55) ਉਹ ਪਹਿਲਾਂ-ਪਹਿਲਾਂ ਯਿਸੂ ਦੇ ਚੇਲੇ ਨਹੀਂ ਬਣੇ ਸਨ। ਉਹ ਸੋਚਦੇ ਸਨ ਕਿ ਜੋਸ਼ ਨਾਲ ਪ੍ਰਚਾਰ ਕਰਨ ਕਰਕੇ ਯਿਸੂ ਪਾਗਲ ਹੋ ਗਿਆ ਸੀ। (ਮਰਕੁਸ 3:21) ਇਹ ਭਰਾ ਕੌਣ ਸਨ?— ਇਕ ਸੀ ਯਾਕੂਬ ਜਿਸ ਨੇ ਯਾਕੂਬ ਨਾਂ ਦੀ ਚਿੱਠੀ ਲਿਖੀ। ਦੂਸਰਾ ਸੀ ਯਹੂਦਾਹ ਜਿਸ ਨੇ ਯਹੂਦਾਹ ਨਾਂ ਦੀ ਚਿੱਠੀ ਲਿਖੀ।—ਯਹੂਦਾਹ 1.

ਮਰਕੁਸ ਅਤੇ ਲੂਕਾ ਨੇ ਵੀ ਯਿਸੂ ਦੀ ਜ਼ਿੰਦਗੀ ਬਾਰੇ ਲਿਖਿਆ। ਮਰਕੁਸ ਦੀ ਮਾਂ ਮਰਿਯਮ ਦਾ ਯਰੂਸ਼ਲਮ ਵਿਚ ਵੱਡਾ ਘਰ ਸੀ ਜਿੱਥੇ ਮਸੀਹੀ ਇਕੱਠੇ ਹੁੰਦੇ ਸਨ। ਇਨ੍ਹਾਂ ਵਿਚ ਪਤਰਸ ਰਸੂਲ ਵੀ ਸ਼ਾਮਲ ਸੀ। (ਰਸੂਲਾਂ ਦੇ ਕਰਤੱਬ 12:11, 12) ਕੁਝ ਸਾਲ ਪਹਿਲਾਂ ਜਦ ਯਿਸੂ ਨੇ ਆਪਣੇ ਰਸੂਲਾਂ ਨਾਲ ਆਖ਼ਰੀ ਵਾਰ ਪਸਾਹ ਮਨਾਇਆ ਸੀ, ਤਾਂ ਹੋ ਸਕਦਾ ਹੈ ਕਿ ਮਰਕੁਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਜਦ ਉਹ ਗਥਸਮਨੀ ਦੇ ਬਾਗ਼ ਗਏ ਸਨ। ਯਿਸੂ ਦੇ ਗਿਰਫ਼ਤਾਰ ਹੋਣ ਵੇਲੇ ਫ਼ੌਜੀਆਂ ਨੇ ਮਰਕੁਸ ਨੂੰ ਪਕੜ ਲਿਆ, ਪਰ ਉਹ ਆਪਣੇ ਕੱਪੜੇ ਉਨ੍ਹਾਂ ਦੇ ਹੱਥਾਂ ਵਿਚ ਛੱਡ ਕੇ ਭੱਜ ਨਿਕਲਿਆ।—ਮਰਕੁਸ 14:51, 52.

ਲੂਕਾ ਪੜ੍ਹਿਆ-ਲਿਖਿਆ ਡਾਕਟਰ ਸੀ ਜੋ ਸ਼ਾਇਦ ਯਿਸੂ ਦੀ ਮੌਤ ਤੋਂ ਬਾਅਦ ਉਸ ਦਾ ਚੇਲਾ ਬਣਿਆ। ਉਸ ਨੇ ਯਿਸੂ ਦੀ ਜ਼ਿੰਦਗੀ ਬਾਰੇ ਕਾਫ਼ੀ ਖੋਜ ਕੀਤੀ ਅਤੇ ਇਸ ਬਾਰੇ ਸਾਫ਼-ਸਾਫ਼ ਲਿਖਿਆ। ਬਾਅਦ ਵਿਚ ਲੂਕਾ ਨੇ ਪੌਲੁਸ ਰਸੂਲ ਨਾਲ ਸਫ਼ਰ ਕੀਤਾ ਅਤੇ ਰਸੂਲਾਂ ਦੇ ਕਰਤੱਬ ਨਾਂ ਦੀ ਕਿਤਾਬ ਲਿਖੀ।—ਲੂਕਾ 1:1-3; ਰਸੂਲਾਂ ਦੇ ਕਰਤੱਬ 1:1.

ਪੌਲੁਸ ਅੱਠਵਾਂ ਲੇਖਕ ਸੀ ਜਿਸ ਨੇ ਯਿਸੂ ਬਾਰੇ ਲਿਖਿਆ। ਉਹ ਮੰਨੇ-ਪ੍ਰਮੰਨੇ ਗੁਰੂ ਗਮਲੀਏਲ ਦੇ ਚਰਨਾਂ ਵਿਚ ਬੈਠ ਕੇ ਪੜ੍ਹਿਆ ਸੀ। ਪੌਲੁਸ ਦਾ ਨਾਂ ਪਹਿਲਾਂ ਸੌਲੁਸ ਹੁੰਦਾ ਸੀ ਤੇ ਉਹ ਫ਼ਰੀਸੀਆਂ ਦੇ ਘਰ ਵਿਚ ਜੰਮਿਆ-ਪਲਿਆ ਸੀ। ਉਹ ਯਿਸੂ ਦੇ ਚੇਲਿਆਂ ਨਾਲ ਸਖ਼ਤ ਨਫ਼ਰਤ ਕਰਦਾ ਸੀ ਤੇ ਉਨ੍ਹਾਂ ਵਿੱਚੋਂ ਉਸ ਨੇ ਕਈਆਂ ਨੂੰ ਮਰਵਾਇਆ ਵੀ ਸੀ। (ਰਸੂਲਾਂ ਦੇ ਕਰਤੱਬ 7:58–8:3; 22:1-5; 26:4, 5) ਕੀ ਤੁਸੀਂ ਜਾਣਦੇ ਹੋ ਕਿ ਪੌਲੁਸ ਨੇ ਯਿਸੂ ਬਾਰੇ ਸੱਚਾਈ ਕਿਵੇਂ ਸਿੱਖੀ?—

ਪੌਲੁਸ ਯਿਸੂ ਦੇ ਚੇਲਿਆਂ ਨੂੰ ਫੜਨ ਲਈ ਦੰਮਿਸਕ ਸ਼ਹਿਰ ਜਾ ਰਿਹਾ ਸੀ ਜਦ ਅਚਾਨਕ ਸਵਰਗੋਂ ਚਾਨਣ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ। ਫਿਰ ਇਕ ਆਵਾਜ਼ ਆਈ: “ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?” ਇਹ ਯਿਸੂ ਦੀ ਆਵਾਜ਼ ਸੀ! ਉਸ ਨੇ ਪੌਲੁਸ ਨੂੰ ਦੰਮਿਸਕ ਜਾਣ ਲਈ ਕਿਹਾ। ਯਿਸੂ ਨੇ ਆਪਣੇ ਚੇਲੇ, ਹਨਾਨਿਯਾਹ, ਨੂੰ ਪੌਲੁਸ ਨਾਲ ਗੱਲ ਕਰਨ ਲਈ ਭੇਜਿਆ ਤੇ ਪੌਲੁਸ ਯਿਸੂ ਦਾ ਚੇਲਾ ਬਣ ਗਿਆ। (ਰਸੂਲਾਂ ਦੇ ਕਰਤੱਬ 9:1-18) ਪੌਲੁਸ ਨੇ ਰੋਮੀਆਂ ਤੋਂ ਲੈ ਕੇ ਇਬਰਾਨੀਆਂ ਤਕ ਬਾਈਬਲ ਦੀਆਂ 14 ਕਿਤਾਬਾਂ ਲਿਖੀਆਂ।

ਕੀ ਤੁਸੀਂ ਯਿਸੂ ਬਾਰੇ ਬਾਈਬਲ ਵਿੱਚੋਂ ਪੜ੍ਹ ਰਹੇ ਹੋ ਜਾਂ ਕੀ ਕੋਈ ਤੁਹਾਨੂੰ ਬਾਈਬਲ ਪੜ੍ਹ ਕੇ ਸੁਣਾ ਰਿਹਾ ਹੈ?— ਬਚਪਨ ਵਿਚ ਹੁਣ ਤੋਂ ਹੀ ਸਿੱਖੋ ਕਿ ਬਾਈਬਲ ਯਿਸੂ ਬਾਰੇ ਕੀ ਕਹਿੰਦੀ ਹੈ। ਤੁਸੀਂ ਇਸ ਨਾਲੋਂ ਹੋਰ ਕੋਈ ਵਧੀਆ ਕੰਮ ਨਹੀਂ ਕਰ ਸਕੋਗੇ। (w10-E 06/01)

^ ਪੈਰਾ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।