Skip to content

Skip to table of contents

ਰੱਬ ਦੇ ਨਾਂ ਨੂੰ ਜਾਣਨ ਦਾ ਕੀ ਮਤਲਬ ਹੈ

ਰੱਬ ਦੇ ਨਾਂ ਨੂੰ ਜਾਣਨ ਦਾ ਕੀ ਮਤਲਬ ਹੈ

ਕੀ ਤੁਹਾਡੇ ਨਾਂ ਦਾ ਕੋਈ ਖ਼ਾਸ ਮਤਲਬ ਹੈ? ਕੁਝ ਦੇਸ਼ਾਂ ਵਿਚ ਆਮ ਹੈ ਕਿ ਬੱਚੇ ਦੇ ਪੈਦਾ ਹੋਣ ਤੇ ਉਸ ਦਾ ਅਜਿਹਾ ਨਾਂ ਰੱਖਿਆ ਜਾਂਦਾ ਹੈ ਜਿਸ ਦਾ ਕੋਈ ਖ਼ਾਸ ਮਤਲਬ ਹੁੰਦਾ ਹੈ। ਉਸ ਨਾਂ ਤੋਂ ਮਾਪਿਆਂ ਦੇ ਵਿਸ਼ਵਾਸਾਂ ਦਾ ਅਤੇ ਬੱਚਿਆਂ ਦੇ ਭਵਿੱਖ ਲਈ ਉਨ੍ਹਾਂ ਦੇ ਸੁਪਨਿਆਂ ਅਤੇ ਉਮੀਦਾਂ ਦਾ ਪਤਾ ਚੱਲਦਾ ਹੈ।

ਅਜਿਹਾ ਨਾਂ ਰੱਖਣਾ ਕੋਈ ਨਵੀਂ ਗੱਲ ਨਹੀਂ ਹੈ। ਬਾਈਬਲ ਸਮਿਆਂ ਵਿਚ ਵੀ ਅਜਿਹੇ ਨਾਂ ਰੱਖੇ ਜਾਂਦੇ ਸਨ ਜਿਨ੍ਹਾਂ ਦਾ ਖ਼ਾਸ ਮਤਲਬ ਹੁੰਦਾ ਸੀ। ਕਈ ਵਿਅਕਤੀਆਂ ਦੇ ਨਾਵਾਂ ਤੋਂ ਪਤਾ ਲੱਗਦਾ ਸੀ ਕਿ ਭਵਿੱਖ ਵਿਚ ਉਹ ਕਿਹੜਾ ਕੰਮ ਕਰਨਗੇ। ਮਿਸਾਲ ਲਈ, ਜਦ ਯਹੋਵਾਹ ਨੇ ਦਾਊਦ ਨੂੰ ਦੱਸਿਆ ਕਿ ਉਸ ਦਾ ਪੁੱਤਰ ਸੁਲੇਮਾਨ ਕੀ ਕਰੇਗਾ, ਤਾਂ ਉਸ ਨੇ ਕਿਹਾ: “ਉਹ ਦਾ ਨਾਉਂ ਸੁਲੇਮਾਨ ਹੋਵੇਗਾ [ਜਿਸ ਦਾ ਸੰਬੰਧ “ਸ਼ਾਂਤੀ” ਨਾਲ ਹੈ] ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁਖ ਸਾਂਦ ਅਰ ਮੇਲ ਬਖ਼ਸ਼ਾਂਗਾ।”—1 ਇਤਿਹਾਸ 22:9.

ਕਈ ਵਾਰ ਯਹੋਵਾਹ ਕਿਸੇ ਦਾ ਨਾਂ ਬਦਲ ਦਿੰਦਾ ਸੀ ਜਦ ਉਸ ਨੂੰ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ। ਅਬਰਾਹਾਮ ਦੀ ਬਾਂਝ ਪਤਨੀ ਦਾ ਨਾਂ ਸਾਰਾਹ ਰੱਖਿਆ ਗਿਆ ਜਿਸ ਦਾ ਮਤਲਬ ਹੈ “ਰਾਜਕੁਮਾਰੀ।” ਕਿਉਂ? ਯਹੋਵਾਹ ਨੇ ਸਮਝਾਇਆ: “ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਮੈਂ ਤੈਨੂੰ ਉਸ ਤੋਂ ਇੱਕ ਪੁੱਤ੍ਰ ਵੀ ਦਿਆਂਗਾ। ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਹ ਕੌਮਾਂ ਦੀ ਮਾਤਾ ਹੋਵੇਗੀ ਅਤੇ ਉੱਮਤਾਂ ਦੇ ਰਾਜੇ ਉਸ ਤੋਂ ਹੋਣਗੇ।” (ਉਤਪਤ 17:16) ਜ਼ਾਹਰ ਹੈ ਕਿ ਸਾਰਾਹ ਨੇ ਆਉਣ ਵਾਲੇ ਸਮੇਂ ਵਿਚ ਇਕ ਨਵੀਂ ਜ਼ਿੰਮੇਵਾਰੀ ਨਿਭਾਉਣੀ ਸੀ।

ਤਾਂ ਫਿਰ ਯਹੋਵਾਹ ਦੇ ਨਾਂ ਬਾਰੇ ਕੀ ਜੋ ਸਭ ਤੋਂ ਅਹਿਮ ਨਾਂ ਹੈ? ਇਸ ਦਾ ਕੀ ਮਤਲਬ ਹੈ? ਜਦ ਮੂਸਾ ਨੇ ਪਰਮੇਸ਼ੁਰ ਨੂੰ ਉਸ ਦੇ ਨਾਂ ਬਾਰੇ ਪੁੱਛਿਆ, ਤਾਂ ਯਹੋਵਾਹ ਨੇ ਜਵਾਬ ਦਿੱਤਾ: “ਮੈਂ ਹਾਂ ਜੋ ਮੈਂ ਹਾਂ।” (ਕੂਚ 3:14) ਰੌਦਰਹੈਮ ਦੇ ਤਰਜਮੇ ਵਿਚ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਂ ਜੋ ਚਾਹਾਂ ਬਣਾਂਗਾ।” ਯਹੋਵਾਹ ਦੇ ਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਜੋ ਚਾਹੇ ਬਣ ਸਕਦਾ ਹੈ। ਇਕ ਮਾਂ ਦੀ ਉਦਾਹਰਣ ਲੈ ਲਓ: ਮਾਂ ਨੂੰ ਹਰ ਦਿਨ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਬਹੁਤ ਕੁਝ ਬਣਨਾ ਪੈਂਦਾ ਹੈ। ਮਿਸਾਲ ਲਈ, ਜ਼ਰੂਰਤ ਪੈਣ ਤੇ ਉਹ ਨਰਸ, ਖਾਣਾ ਪਕਾਉਣ ਵਾਲੀ ਤੇ ਟੀਚਰ ਬਣਦੀ ਹੈ। ਯਹੋਵਾਹ ਇਕ ਮਾਂ ਤੋਂ ਵੀ ਕਿਤੇ ਵਧ ਕਰ ਸਕਦਾ ਹੈ। ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰਨ ਲਈ ਉਹ ਜੋ ਚਾਹੇ ਬਣ ਸਕਦਾ ਹੈ ਅਤੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾ ਸਕਦਾ ਹੈ। ਯਹੋਵਾਹ ਨੂੰ ਉਸ ਦੇ ਨਾਂ ਤੋਂ ਜਾਣਨ ਦਾ ਮਤਲਬ ਹੈ ਕਿ ਅਸੀਂ ਸਮਝੀਏ ਤੇ ਇਸ ਗੱਲ ਦੀ ਕਦਰ ਕਰੀਏ ਕਿ ਉਹ ਸਾਡੇ ਵਾਸਤੇ ਕੀ-ਕੀ ਕਰ ਸਕਦਾ ਹੈ।

ਪਰ ਅਫ਼ਸੋਸ ਪਰਮੇਸ਼ੁਰ ਦੇ ਸੋਹਣੇ ਗੁਣ ਉਨ੍ਹਾਂ ਲੋਕਾਂ ਤੋਂ ਛਿਪੇ ਹੋਏ ਹਨ ਜਿਹੜੇ ਉਸ ਨੂੰ ਨਹੀਂ ਜਾਣਦੇ। ਬਾਈਬਲ ਨੂੰ ਪੜ੍ਹ ਕੇ ਤੁਸੀਂ ਜਾਣ ਸਕਦੇ ਹੋ ਕਿ ਯਹੋਵਾਹ ਬੁੱਧੀਮਾਨ ਸਲਾਹਕਾਰ, ਮੁਕਤੀਦਾਤਾ ਅਤੇ ਦਰਿਆ-ਦਿਲ ਹੈ। ਯਹੋਵਾਹ ਦਾ ਨਾਂ ਚੰਗੀ ਤਰ੍ਹਾਂ ਜਾਣ ਕੇ ਵਾਕਈ ਸਾਡਾ ਦਿਲ ਸ਼ਰਧਾ ਨਾਲ ਭਰ ਜਾਂਦਾ ਹੈ।

ਪਰ ਰੱਬ ਅਤੇ ਉਸ ਦੇ ਨਾਂ ਨੂੰ ਜਾਣਨ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਅਗਲਾ ਲੇਖ ਤੁਹਾਨੂੰ ਦੱਸੇਗਾ ਕਿ ਅਜਿਹਾ ਕਿਉਂ ਹੈ। (w10-E 07/01)