Skip to content

Skip to table of contents

ਬੀਮਾਰ ਦੋਸਤ ਦੀ ਮਦਦ ਕਿਵੇਂ ਕੀਤੀ ਜਾਵੇ?

ਬੀਮਾਰ ਦੋਸਤ ਦੀ ਮਦਦ ਕਿਵੇਂ ਕੀਤੀ ਜਾਵੇ?

ਬੀਮਾਰ ਦੋਸਤ ਦੀ ਮਦਦ ਕਿਵੇਂ ਕੀਤੀ ਜਾਵੇ?

ਕੀ ਤੁਹਾਡਾ ਕੋਈ ਦੋਸਤ ਹੈ ਜੋ ਬਹੁਤ ਬੀਮਾਰ ਹੈ? ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਉਸ ਨੂੰ ਕੀ ਕਹਿਣਾ ਚਾਹੀਦਾ ਹੈ। ਤੁਸੀਂ ਜ਼ਰੂਰ ਉਸ ਦੀ ਮਦਦ ਕਰ ਸਕਦੇ ਹੋ। ਪਰ ਸਾਨੂੰ ਕਈ ਗੱਲਾਂ ਧਿਆਨ ਵਿਚ ਰੱਖਣ ਦੀ ਲੋੜ ਹੈ। ਮਦਦ ਕਰਨ ਦੇ ਵੱਖੋ-ਵੱਖਰੇ ਤਰੀਕੇ ਹੁੰਦੇ ਹਨ। ਲੋਕਾਂ ਦਾ ਵੱਖੋ-ਵੱਖਰਾ ਸੁਭਾਅ ਵੀ ਹੁੰਦਾ ਹੈ। ਇਸ ਲਈ ਜਿਹੜੀ ਗੱਲ ਇਕ ਬੀਮਾਰ ਵਿਅਕਤੀ ਦੀ ਮਦਦ ਕਰਦੀ ਹੈ ਸ਼ਾਇਦ ਕਿਸੇ ਹੋਰ ਦੀ ਮਦਦ ਨਾ ਕਰੇ। ਨਾਲੇ ਦਿਨ-ਬ-ਦਿਨ ਬੀਮਾਰ ਲੋਕਾਂ ਦੇ ਹਾਲਾਤ ਅਤੇ ਜਜ਼ਬਾਤ ਬਦਲਦੇ ਹਨ।

ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਉਸ ਦੀ ਜਗ੍ਹਾ ਤੇ ਰੱਖ ਕੇ ਦੇਖੋ ਅਤੇ ਪਤਾ ਕਰੋ ਕਿ ਉਹ ਆਪ ਕੀ ਚਾਹੁੰਦਾ ਹੈ ਅਤੇ ਤੁਸੀਂ ਉਸ ਲਈ ਕੀ ਕਰ ਸਕਦੇ ਹੋ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਹੇਠਾਂ ਬਾਈਬਲ ਦੇ ਅਸੂਲਾਂ ਮੁਤਾਬਕ ਕੁਝ ਸੁਝਾਅ ਦਿੱਤੇ ਗਏ ਹਨ।

ਧਿਆਨ ਨਾਲ ਸੁਣੋ

ਬਾਈਬਲ ਦੇ ਅਸੂਲ:

“ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਹੋਵੇ।”ਯਾਕੂਬ 1:19.

“ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।”ਉਪਦੇਸ਼ਕ ਦੀ ਪੋਥੀ 3:1, 7.

◼ ਜਦ ਤੁਸੀਂ ਆਪਣੇ ਕਿਸੇ ਬੀਮਾਰ ਦੋਸਤ ਨੂੰ ਮਿਲਣ ਜਾਂਦੇ ਹੋ, ਤਾਂ ਉਸ ਦੀ ਗੱਲ ਧਿਆਨ ਨਾਲ ਸੁਣੋ ਅਤੇ ਉਸ ਦੇ ਦਰਦ ਨੂੰ ਸਮਝੋ। ਸਲਾਹ ਦੇਣ ਵਿਚ ਕਾਹਲੀ ਨਾ ਕਰੋ ਅਤੇ ਨਾ ਹੀ ਇਹ ਸੋਚੋ ਕਿ ਉਸ ਦੀ ਸਮੱਸਿਆ ਦਾ ਕੋਈ-ਨਾ-ਕੋਈ ਹੱਲ ਦੇਣਾ ਜ਼ਰੂਰੀ ਹੈ। ਨਹੀਂ ਤਾਂ ਹੋ ਸਕਦਾ ਹੈ ਕਿ ਤੁਸੀਂ ਅਜਿਹਾ ਕੁਝ ਕਹਿ ਦਿਓ ਜਿਸ ਕਰਕੇ ਤੁਹਾਡੇ ਦੋਸਤ ਨੂੰ ਦੁੱਖ ਲੱਗੇ। ਸ਼ਾਇਦ ਤੁਹਾਡਾ ਦੋਸਤ ਤੁਹਾਡੇ ਤੋਂ ਕੋਈ ਰਾਇ ਨਾ ਚਾਹੇ, ਪਰ ਸਿਰਫ਼ ਇਹੀ ਚਾਹੇ ਕਿ ਤੁਸੀਂ ਉਸ ਦੀ ਗੱਲ ਸੁਣੋ।

ਆਪਣੇ ਦੋਸਤ ਨੂੰ ਦਿਲ ਖੋਲ੍ਹ ਕੇ ਗੱਲ ਕਰਨ ਦਿਓ। ਉਸ ਦੀ ਗੱਲ ਨੂੰ ਟੋਕੋ ਨਾ। ਆਪਣੀਆਂ ਗੱਲਾਂ ਨਾਲ ਇਹ ਨਾ ਦਿਖਾਓ ਕਿ ਉਸ ਦੀ ਬੀਮਾਰੀ ਮਾਮੂਲੀ ਜਿਹੀ ਹੈ। ਅਮਿਤ * ਕਹਿੰਦਾ ਹੈ: “ਮੇਰੇ ਦਿਮਾਗ਼ ਵਿਚ ਸੋਜ ਹੋਣ ਕਰਕੇ ਮੇਰੀ ਨਿਗਾਹ ਜਾਂਦੀ ਲੱਗੀ। ਕਦੀ-ਕਦੀ ਮੈਂ ਬਹੁਤ ਨਿਰਾਸ਼ ਹੋ ਜਾਂਦਾ ਹਾਂ ਅਤੇ ਮੇਰੇ ਦੋਸਤ ਮੈਨੂੰ ਹੌਸਲਾ ਦੇਣ ਲਈ ਕਹਿੰਦੇ ਹਨ: ‘ਸਿਰਫ਼ ਤੂੰ ਹੀ ਥੋੜ੍ਹੀ ਜਿਸ ਨੂੰ ਇਹ ਬੀਮਾਰੀ ਹੈ। ਦੁਨੀਆਂ ਵਿਚ ਲੋਕ ਤੇਰੇ ਨਾਲੋਂ ਵੀ ਜ਼ਿਆਦਾ ਬੀਮਾਰ ਹਨ।’ ਪਰ ਉਹ ਇਹ ਨਹੀਂ ਜਾਣਦੇ ਕਿ ਇਸ ਤਰ੍ਹਾਂ ਕਹਿਣ ਨਾਲ ਮੇਰੀ ਕੋਈ ਮਦਦ ਨਹੀਂ ਹੁੰਦੀ। ਇਸ ਦਾ ਉਲਟਾ ਹੀ ਅਸਰ ਪੈਂਦਾ ਹੈ। ਹੌਸਲਾ ਮਿਲਣ ਦੀ ਬਜਾਇ ਮੈਂ ਹੋਰ ਵੀ ਨਿਰਾਸ਼ ਹੋ ਜਾਂਦਾ ਹਾਂ।”

ਜਦ ਤੁਹਾਡਾ ਦੋਸਤ ਆਪਣੀ ਗੱਲ ਦਿਲ ਖੋਲ੍ਹ ਕੇ ਕਰਦਾ ਹੈ, ਤਾਂ ਉਸ ਦੀ ਨੁਕਤਾਚੀਨੀ ਨਾ ਕਰੋ। ਜੇ ਉਹ ਤੁਹਾਨੂੰ ਦੱਸੇ ਕਿ ਉਸ ਨੂੰ ਆਪਣੀ ਬੀਮਾਰੀ ਤੋਂ ਡਰ ਲੱਗਦਾ ਹੈ, ਤਾਂ ਉਸ ਨੂੰ ਸਿਰਫ਼ ਇਹ ਨਾ ਕਹੋ ਕਿ ਡਰਨ ਦੀ ਕੋਈ ਲੋੜ ਨਹੀਂ, ਸਗੋਂ ਉਸ ਦੀ ਗੱਲ ਸਮਝੋ। ਅਲੀਸ਼ਾ ਕੈਂਸਰ ਦੀ ਬੀਮਾਰੀ ਨਾਲ ਲੜ ਰਹੀ ਹੈ। ਉਹ ਕਹਿੰਦੀ ਹੈ: “ਜਦੋਂ ਮੈਂ ਆਪਣੀ ਬੀਮਾਰੀ ਬਾਰੇ ਫ਼ਿਕਰ ਕਰਦੀ ਹੋਈ ਰੋਣ ਲੱਗ ਪੈਂਦੀ ਹਾਂ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਨੂੰ ਰੱਬ ’ਤੇ ਯਕੀਨ ਨਹੀਂ ਰਿਹਾ।” ਆਪਣੇ ਦੋਸਤ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਵੀ ਧਿਆਨ ਵਿਚ ਰੱਖੋ ਕਿ ਉਸ ਦੀ ਬੀਮਾਰੀ ਦਾ ਉਸ ’ਤੇ ਅਸਰ ਪਿਆ ਹੈ ਅਤੇ ਉਹ ਪਹਿਲਾਂ ਵਰਗਾ ਨਹੀਂ ਰਿਹਾ। ਧੀਰਜ ਰੱਖੋ। ਉਸ ਦੀ ਗੱਲ ਨੂੰ ਧਿਆਨ ਨਾਲ ਸੁਣੋ ਭਾਵੇਂ ਕਿ ਉਹ ਇਕ ਹੀ ਗੱਲ ਵਾਰ-ਵਾਰ ਦੁਹਰਾਏ। (1 ਰਾਜਿਆਂ 19:9, 10, 13, 14) ਹੋ ਸਕਦਾ ਹੈ ਕਿ ਉਹ ਆਪਣਾ ਦੁੱਖ ਤੁਹਾਡੇ ਨਾਲ ਸਾਂਝਾ ਕਰਨਾ ਚਾਹੇ।

ਹਮਦਰਦ ਬਣੋ ਅਤੇ ਦੂਜਿਆਂ ਬਾਰੇ ਸੋਚੋ

ਬਾਈਬਲ ਦੇ ਅਸੂਲ:

“ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ।”ਰੋਮੀਆਂ 12:15.

“ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”ਮੱਤੀ 7:12.

◼ ਆਪਣੇ ਆਪ ਨੂੰ ਆਪਣੇ ਦੋਸਤ ਦੀ ਜਗ੍ਹਾ ਰੱਖੋ। ਜੇ ਉਸ ਦਾ ਓਪਰੇਸ਼ਨ ਹੋਣ ਵਾਲਾ ਹੈ, ਉਸ ਦਾ ਇਲਾਜ ਚੱਲ ਰਿਹਾ ਹੈ ਜਾਂ ਉਹ ਆਪਣੀਆਂ ਰਿਪੋਰਟਾਂ ਦੀ ਉਡੀਕ ਕਰ ਰਿਹਾ ਹੈ, ਤਾਂ ਉਹ ਸ਼ਾਇਦ ਪਰੇਸ਼ਾਨ ਹੋਵੇ। ਇਨ੍ਹਾਂ ਗੱਲਾਂ ਨੂੰ ਮਨ ਵਿਚ ਰੱਖੋ ਅਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਦਾ ਮੂਡ ਬਦਲਦਾ ਰਹੇਗਾ। ਇਹ ਸ਼ਾਇਦ ਬਹੁਤੇ ਸਵਾਲ ਪੁੱਛਣ ਦਾ ਸਮਾਂ ਨਾ ਹੋਵੇ।

ਇਕ ਮਨੋਵਿਗਿਆਨੀ ਕਹਿੰਦੀ ਹੈ: “ਮਰੀਜ਼ ਜਦ ਚਾਹੁਣ ਉਨ੍ਹਾਂ ਨੂੰ ਆਪਣੀ ਬੀਮਾਰੀ ਬਾਰੇ ਗੱਲ ਕਰਨ ਦਾ ਪੂਰਾ ਮੌਕਾ ਦਿਓ। ਜੇ ਉਨ੍ਹਾਂ ਦਾ ਗੱਲ ਕਰਨ ਦਾ ਮਨ ਕਰਦਾ ਹੈ, ਤਾਂ ਉਨ੍ਹਾਂ ਨਾਲ ਗੱਲ ਕਰੋ ਭਾਵੇਂ ਕੋਈ ਵੀ ਵਿਸ਼ਾ ਹੋਵੇ। ਜੇ ਉਹ ਗੱਲ ਨਹੀਂ ਕਰਨੀ ਚਾਹੁੰਦੇ, ਤਾਂ ਫਿਰ ਚੁੱਪ ਰਹੋ ਅਤੇ ਤੁਸੀਂ ਉਨ੍ਹਾਂ ਦਾ ਹੱਥ ਫੜ ਕੇ ਬੈਠ ਸਕਦੇ ਹੋ। ਹੋ ਸਕਦਾ ਹੈ ਕਿ ਉਹ ਰੋ ਕੇ ਆਪਣਾ ਦਿਲ ਹਲਕਾ ਕਰਨਾ ਚਾਹੁਣ।”

ਇਹ ਵੀ ਯਾਦ ਰੱਖੋ ਕਿ ਆਪਣੇ ਦੋਸਤ ਦੀ ਹਰ ਗੱਲ ਜਾਣਨੀ ਤੁਹਾਡੇ ਲਈ ਜ਼ਰੂਰੀ ਨਹੀਂ। ਰੋਜ਼ਐਨ ਕਾਲਿਕ ਨਾਂ ਦੀ ਲੇਖਿਕਾ ਨੂੰ ਦੋ ਵਾਰ ਕੈਂਸਰ ਹੋ ਚੁੱਕਾ ਹੈ। ਉਹ ਲਿਖਦੀ ਹੈ: “ਮਰੀਜ਼ ਦੀਆਂ ਨਿੱਜੀ ਗੱਲਾਂ ਸਿਰਫ਼ ਆਪਣੇ ਤਕ ਹੀ ਰੱਖੋ। ਜੇ ਉਸ ਨੇ ਤੁਹਾਨੂੰ ਹੋਰਨਾਂ ਨੂੰ ਗੱਲ ਦੱਸਣ ਲਈ ਨਹੀਂ ਕਿਹਾ, ਤਾਂ ਫਿਰ ਅੱਗੇ ਗੱਲਾਂ ਨੂੰ ਨਾ ਦੱਸੋ।” ਐਡਸਨ, ਜਿਸ ਨੂੰ ਕੈਂਸਰ ਸੀ, ਦੱਸਦਾ ਹੈ: “ਮੇਰੇ ਇਕ ਦੋਸਤ ਨੇ ਸਾਰਿਆਂ ਨੂੰ ਦੱਸ ਦਿੱਤਾ ਕਿ ਮੈਨੂੰ ਕੈਂਸਰ ਹੈ ਅਤੇ ਮੇਰੇ ਬਚਣ ਦੀ ਕੋਈ ਉਮੀਦ ਨਹੀਂ। ਮੇਰਾ ਓਪਰੇਸ਼ਨ ਹੋ ਕੇ ਹਟਿਆ ਸੀ ਤੇ ਮੈਨੂੰ ਪਤਾ ਸੀ ਕਿ ਮੈਨੂੰ ਕੈਂਸਰ ਹੈ। ਪਰ ਡਾਕਟਰਾਂ ਨੂੰ ਅਜੇ ਇਹ ਨਹੀਂ ਪਤਾ ਸੀ ਕਿ ਕੈਂਸਰ ਕਿੰਨਾ ਕੁ ਫੈਲਿਆ ਸੀ। ਰਿਪੋਰਟਾਂ ਤੋਂ ਪਤਾ ਲੱਗਾ ਕਿ ਕੈਂਸਰ ਫੈਲਿਆ ਨਹੀਂ ਸੀ। ਪਰ ਮੇਰੇ ਦੋਸਤ ਦੀਆਂ ਗੱਲਾਂ ਨੇ ਸਾਨੂੰ ਬਹੁਤ ਠੇਸ ਪਹੁੰਚਾਈ। ਮੇਰੀ ਪਤਨੀ ਨੂੰ ਬਹੁਤ ਦੁੱਖ ਲੱਗਾ ਜਦ ਲੋਕ ਬਿਨਾਂ ਸੋਚੇ-ਸਮਝੇ ਗੱਲਾਂ ਪੁੱਛਦੇ ਸਨ।”

ਜੇ ਤੁਹਾਡਾ ਦੋਸਤ ਇਲਾਜ ਕਰਾਉਣ ਬਾਰੇ ਫ਼ੈਸਲੇ ਕਰ ਰਿਹਾ ਹੈ, ਤਾਂ ਆਪਣੀ ਰਾਇ ਉਸ ਉੱਤੇ ਨਾ ਥੋਪੋ। ਲੇਖਿਕਾ ਲੋਰੀ ਹੌਪ, ਜਿਸ ਨੂੰ ਦੋ ਵਾਰ ਕੈਂਸਰ ਹੋ ਚੁੱਕਾ ਹੈ, ਲਿਖਦੀ ਹੈ: “ਕੈਂਸਰ ਦੇ ਮਰੀਜ਼ ਨੂੰ ਉਹ ਦੀ ਬੀਮਾਰੀ ਬਾਰੇ ਕੋਈ ਵੀ ਲੇਖ ਭੇਜਣ ਤੋਂ ਪਹਿਲਾਂ ਉਸ ਨੂੰ ਇਹ ਪੁੱਛੋ ਕਿ ਉਹ ਪੜ੍ਹਨਾ ਚਾਹੁੰਦਾ ਹੈ ਜਾਂ ਨਹੀਂ। ਨਹੀਂ ਤਾਂ ਤੁਸੀਂ ਉਸ ਦਾ ਭਲਾ ਕਰਨ ਦੀ ਬਜਾਇ ਉਸ ਨੂੰ ਦੁੱਖ ਪਹੁੰਚਾ ਸਕਦੇ ਹੋ ਅਤੇ ਸ਼ਾਇਦ ਉਹ ਤੁਹਾਨੂੰ ਇਸ ਬਾਰੇ ਦੱਸੇ ਹੀ ਨਾ।” ਹਰ ਕਿਸੇ ਨੂੰ ਵੱਖ-ਵੱਖ ਕਿਸਮ ਦੇ ਇਲਾਜਾਂ ਬਾਰੇ ਬਹੁਤ ਕੁਝ ਪੜ੍ਹਨਾ ਚੰਗਾ ਨਹੀਂ ਲੱਗਦਾ।

ਜੇ ਤੁਸੀਂ ਮਰੀਜ਼ ਦੇ ਜਿਗਰੀ ਦੋਸਤ ਹੋ, ਤਾਂ ਵੀ ਜ਼ਿਆਦਾ ਦੇਰ ਉਸ ਦੇ ਘਰ ਨਾ ਰੁਕੋ। ਤੁਹਾਡਾ ਆਪਣੇ ਦੋਸਤ ਦੇ ਘਰ ਜਾਣਾ ਤਾਂ ਜ਼ਰੂਰੀ ਹੈ, ਪਰ ਉਹ ਸ਼ਾਇਦ ਤੁਹਾਡੇ ਨਾਲ ਜ਼ਿਆਦਾ ਸਮਾਂ ਗੁਜ਼ਾਰਨਾ ਨਾ ਚਾਹੇ। ਹੋ ਸਕਦਾ ਹੈ ਕਿ ਉਹ ਥੱਕਿਆ ਹੈ ਅਤੇ ਉਸ ਦਾ ਗੱਲ ਕਰਨ ਦਾ ਦਿਲ ਨਾ ਕਰੇ ਜਾਂ ਉਹ ਤੁਹਾਡੀ ਗੱਲ ਜ਼ਿਆਦਾ ਦੇਰ ਤਕ ਸੁਣ ਨਾ ਸਕੇ। ਦੂਜੇ ਪਾਸੇ, ਉਸ ਨੂੰ ਇੱਦਾਂ ਵੀ ਨਾ ਲੱਗੇ ਕਿ ਤੁਹਾਨੂੰ ਵਾਪਸ ਜਾਣ ਦੀ ਕਾਹਲੀ ਹੈ। ਆਪਣੇ ਦੋਸਤ ਨੂੰ ਦਿਖਾਉਂਦੇ ਰਹੋ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ।

ਆਪਣੇ ਦੋਸਤ ਨੂੰ ਧਿਆਨ ਵਿਚ ਰੱਖਦੇ ਹੋਏ ਸਮਝਦਾਰੀ ਵਰਤੋ। ਮਿਸਾਲ ਲਈ, ਕਿਸੇ ਬੀਮਾਰ ਦੋਸਤ ਲਈ ਖਾਣਾ ਲੈ ਜਾਣ ਤੋਂ ਪਹਿਲਾਂ ਤੁਸੀਂ ਪਤਾ ਕਰ ਸਕਦੇ ਹੋ ਕਿ ਉਹ ਕੀ ਖਾ ਸਕਦਾ ਹੈ ਤੇ ਕੀ ਨਹੀਂ। ਜੇ ਤੁਸੀਂ ਖ਼ੁਦ ਠੀਕ ਨਹੀਂ ਹੋ ਜਾਂ ਤੁਹਾਨੂੰ ਜ਼ੁਕਾਮ ਹੈ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਠੀਕ ਹੋਣ ਤੋਂ ਬਾਅਦ ਹੀ ਆਪਣੇ ਦੋਸਤ ਨੂੰ ਮਿਲਣ ਜਾਓ।

ਹੌਸਲਾ ਦਿਓ

ਬਾਈਬਲ ਦੇ ਅਸੂਲ:

“ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।”ਕਹਾਉਤਾਂ 12:18.

“ਤੁਹਾਡਾ ਬੋਲ-ਚਾਲ ਹਰ ਸਮੇਂ ਸੋਹਣਾ ਹੋਵੇ, ਨਾ ਕੇ ਰੁੱਖਾ।”ਕੁਲੁੱਸੀਆਂ 4:6, CL.

◼ ਜੇ ਤੁਸੀਂ ਆਪਣੇ ਬੀਮਾਰ ਦੋਸਤ ਬਾਰੇ ਸਹੀ ਨਜ਼ਰੀਆ ਰੱਖੋਗੇ, ਤਾਂ ਇਹ ਤੁਹਾਡੇ ਕੰਮਾਂ ਅਤੇ ਗੱਲਾਂ ਤੋਂ ਜ਼ਾਹਰ ਹੋਵੇਗਾ। ਹਮੇਸ਼ਾ ਯਾਦ ਰੱਖੋ ਕਿ ਤੁਹਾਡਾ ਦੋਸਤ ਬਦਲਿਆ ਨਹੀਂ ਹੈ। ਉਸ ਵਿਚ ਅਜੇ ਵੀ ਉਹੀ ਗੁਣ ਹਨ ਜਿਨ੍ਹਾਂ ਕਰਕੇ ਤੁਹਾਡੀ ਦੋਸਤੀ ਸ਼ੁਰੂ ਹੋਈ ਸੀ। ਉਸ ਵੱਲ ਧਿਆਨ ਦਿਓ ਨਾ ਕਿ ਸਿਰਫ਼ ਉਸ ਦੀ ਬੀਮਾਰੀ ਵੱਲ। ਜੇ ਤੁਸੀਂ ਆਪਣੇ ਦੋਸਤ ਨਾਲ ਇਵੇਂ ਪੇਸ਼ ਆਓ ਜਿਵੇਂ ਉਸ ਦੀ ਬਚਣ ਦੀ ਕੋਈ ਉਮੀਦ ਨਹੀਂ, ਤਾਂ ਉਹ ਵੀ ਸ਼ਾਇਦ ਆਪਣੇ ਬਾਰੇ ਇਸ ਤਰ੍ਹਾਂ ਸੋਚਣ ਲੱਗ ਪਵੇ। ਰੋਬਰਟਾ, ਜਿਸ ਨੂੰ ਹੱਡੀਆਂ ਦੀ ਅਜੀਬ ਬੀਮਾਰੀ ਹੈ, ਕਹਿੰਦੀ ਹੈ: “ਮੈਂ ਅਪਾਹਜ ਜ਼ਰੂਰ ਹਾਂ, ਪਰ ਲਾਚਾਰ ਨਹੀਂ। ਮੈਂ ਵੀ ਇਨਸਾਨ ਹਾਂ। ਮੈਂ ਨਿਆਣੀ ਨਹੀਂ, ਸਗੋਂ ਸਭ ਕੁਝ ਸਮਝਦੀ ਹਾਂ। ਮੇਰੇ ’ਤੇ ਸਿਰਫ਼ ਤਰਸ ਨਾ ਖਾਓ।”

ਇਹ ਵੀ ਨਾ ਭੁੱਲੋ ਕਿ ਤੁਹਾਡੇ ਦੋਸਤ ਉੱਤੇ ਤੁਹਾਡੀਆਂ ਗੱਲਾਂ ਤੋਂ ਇਲਾਵਾ ਤੁਹਾਡੇ ਬੋਲਣ ਦੇ ਢੰਗ ਦਾ ਵੀ ਅਸਰ ਪਵੇਗਾ। ਅਰਨੇਸਟੋ ਨੂੰ ਜਦ ਆਪਣੇ ਕੈਂਸਰ ਬਾਰੇ ਪਤਾ ਲੱਗਾ, ਤਾਂ ਉਸ ਨੂੰ ਵਿਦੇਸ਼ ਵਿਚ ਰਹਿੰਦੇ ਆਪਣੇ ਇਕ ਦੋਸਤ ਦਾ ਫ਼ੋਨ ਆਇਆ, ਜਿਸ ਨੇ ਕਿਹਾ: “ਤੈਨੂੰ ਤੇ ਕੈਂਸਰ? ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ!” ਅਰਨੇਸਟੋ ਨੂੰ ਯਾਦ ਹੈ ਕਿ ਉਸ ਦੇ ਦੋਸਤ ਦੇ ਇਹ ਸ਼ਬਦ ਸੁਣ ਕੇ ਉਸ ਦਾ ਦਿਲ ਕੰਬ ਉੱਠਿਆ।

ਲੇਖਿਕਾ ਲੋਰੀ ਹੌਪ ਇਕ ਹੋਰ ਉਦਾਹਰਣ ਦਿੰਦੀ ਹੈ: “ਮਰੀਜ਼ ਨੂੰ ਪੁੱਛਣਾ ਕਿ ਉਸ ਦਾ ਕੀ ਹਾਲ ਹੈ, ਉਸ ਵਿਚ ਵੱਖ-ਵੱਖ ਭਾਵਨਾਵਾਂ ਪੈਦਾ ਕਰ ਸਕਦਾ ਹੈ। ਇਹ ਸਵਾਲ ਮਰੀਜ਼ ਨੂੰ ਦਿਲਾਸਾ ਦੇ ਸਕਦਾ, ਉਸ ਦਾ ਦਰਦ ਵਧਾ ਸਕਦਾ ਜਾਂ ਡਰ ਪੈਦਾ ਕਰ ਸਕਦਾ ਹੈ। ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਪੁੱਛਣ ਵਾਲੇ ਦੇ ਬੋਲਣ ਦਾ ਲਹਿਜਾ ਅਤੇ ਉਸ ਦੇ ਹਾਵ-ਭਾਵ ਕਿੱਦਾਂ ਦੇ ਹਨ। ਨਾਲੇ ਮਰੀਜ਼ ਨਾਲ ਉਸ ਦਾ ਰਿਸ਼ਤਾ ਕਿੱਦਾਂ ਦਾ ਹੈ ਅਤੇ ਕਿਸ ਵੇਲੇ ਸਵਾਲ ਪੁੱਛਿਆ ਜਾਂਦਾ ਹੈ।”

ਬੀਮਾਰ ਦੋਸਤ ਚਾਹੁੰਦਾ ਹੈ ਕਿ ਲੋਕ ਉਸ ਨੂੰ ਪਿਆਰ ਕਰਨ, ਸਮਝਣ ਅਤੇ ਉਸ ਦੀ ਇੱਜ਼ਤ ਕਰਨ। ਇਸ ਲਈ ਮਰੀਜ਼ ਨੂੰ ਅਹਿਸਾਸ ਕਰਾਓ ਕਿ ਤੁਸੀਂ ਉਸ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਉਸ ਦੀ ਮਦਦ ਕਰਨ ਲਈ ਤਿਆਰ ਹੋ। ਰੋਜ਼ਮੈਰੀ ਦੇ ਦਿਮਾਗ਼ ਵਿਚ ਫੌੜਾ ਹੈ ਤੇ ਉਹ ਕਹਿੰਦੀ ਹੈ: “ਮੈਨੂੰ ਇਸ ਗੱਲ ਤੋਂ ਬਹੁਤ ਹੌਸਲਾ ਮਿਲਿਆ ਜਦ ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਪਿਆਰ ਕਰਦੇ ਹਨ ਤੇ ਜੋ ਮਰਜ਼ੀ ਹੋ ਜਾਵੇ, ਉਹ ਹਮੇਸ਼ਾ ਮੇਰਾ ਸਾਥ ਦੇਣਗੇ।”—ਕਹਾਉਤਾਂ 15:23; 25:11.

ਮਦਦ ਕਰੋ

ਬਾਈਬਲ ਦਾ ਅਸੂਲ:

“ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।”1 ਯੂਹੰਨਾ 3:18.

◼ ਬੀਮਾਰੀ ਦੇ ਪਤਾ ਲੱਗਣ ਤੋਂ ਇਲਾਜ ਕਰਾਉਣ ਤਕ ਤੁਹਾਡੇ ਦੋਸਤ ਦੀਆਂ ਲੋੜਾਂ ਬਦਲਦੀਆਂ ਰਹਿਣਗੀਆਂ। ਪਰ ਇਸ ਸਮੇਂ ਦੌਰਾਨ ਉਸ ਨੂੰ ਤੁਹਾਡੀ ਮਦਦ ਦੀ ਲੋੜ ਪੈ ਸਕਦੀ ਹੈ। ਸਿਰਫ਼ ਇਸ ਤਰ੍ਹਾਂ ਨਾ ਕਹੋ ਕਿ “ਜੇ ਤੁਹਾਨੂੰ ਕੁਝ ਚਾਹੀਦਾ ਹੋਵੇ, ਤਾਂ ਦੱਸ ਦਿਓ।” ਇਸ ਦੀ ਬਜਾਇ ਤੁਸੀਂ ਕਈ ਤਰੀਕਿਆਂ ਨਾਲ ਉਸ ਦੀ ਮਦਦ ਕਰ ਸਕਦੇ ਹੋ। ਮਿਸਾਲ ਲਈ, ਰੋਟੀ-ਪਾਣੀ ਬਣਾਉਣਾ, ਸਾਫ਼-ਸਫ਼ਾਈ ਕਰਨੀ, ਕੱਪੜੇ ਧੋ ਕੇ ਪ੍ਰੈੱਸ ਕਰਨੇ, ਬਾਜ਼ਾਰੋਂ ਸਾਮਾਨ ਖ਼ਰੀਦਣਾ ਅਤੇ ਇਲਾਜ ਕਰਾਉਣ ਲਈ ਉਸ ਨੂੰ ਡਾਕਟਰ ਕੋਲ ਲੈ ਕੇ ਜਾਣਾ। ਇਸ ਤਰ੍ਹਾਂ ਕਰਨ ਨਾਲ ਤੁਸੀਂ ਦਿਖਾਓਗੇ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਸਮੇਂ ਸਿਰ ਉਸ ਦੇ ਘਰ ਪਹੁੰਚੋ। ਆਪਣੇ ਵਾਅਦਿਆਂ ’ਤੇ ਖਰੇ ਉੱਤਰੋ।—ਮੱਤੀ 5:37.

ਲੇਖਿਕਾ ਰੋਜ਼ਐਨ ਕਾਲਿਕ ਕਹਿੰਦੀ ਹੈ: “ਮਰੀਜ਼ ਦੀ ਮਦਦ ਕਰਨ ਲਈ ਅਸੀਂ ਜੋ ਵੀ ਛੋਟੇ-ਮੋਟੇ ਕੰਮ ਕਰਦੇ ਹਾਂ, ਉਨ੍ਹਾਂ ਦਾ ਉਸ ਉੱਤੇ ਵੱਡਾ ਅਸਰ ਪੈ ਸਕਦਾ ਹੈ।” ਸਿਲਵੀਆ, ਜਿਸ ਨੂੰ ਦੋ ਵਾਰ ਕੈਂਸਰ ਹੋ ਚੁੱਕਾ ਹੈ, ਇਸ ਗੱਲ ਨਾਲ ਸਹਿਮਤ ਹੈ। ਉਹ ਦੱਸਦੀ ਹੈ: “ਹਰ ਰੋਜ਼ ਮੈਨੂੰ ਇਲਾਜ ਕਰਾਉਣ ਵਾਸਤੇ ਹੋਰ ਸ਼ਹਿਰ ਜਾਣਾ ਪੈਂਦਾ ਸੀ ਤੇ ਮੇਰੇ ਵੱਖਰੇ-ਵੱਖਰੇ ਦੋਸਤ ਮੈਨੂੰ ਕਾਰ ਵਿਚ ਲੈ ਕੇ ਜਾਂਦੇ ਹੁੰਦੇ ਸੀ। ਮੈਨੂੰ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਮੈਂ ਆਰਾਮ ਨਾਲ ਉੱਥੇ ਪਹੁੰਚ ਸਕਦੀ ਸੀ। ਰਸਤੇ ’ਚ ਅਸੀਂ ਬਹੁਤ ਸਾਰੇ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਸੀ ਅਤੇ ਵਾਪਸ ਆਉਂਦੇ ਹੋਏ ਅਸੀਂ ਕਾਫ਼ੀ ਪੀਣ ਲਈ ਕਿਤੇ ਰੁਕਦੇ ਹੁੰਦੇ ਸੀ। ਇੱਦਾਂ ਕਰਨ ਨਾਲ ਮੈਨੂੰ ਇਹ ਨਹੀਂ ਸੀ ਲੱਗਦਾ ਕਿ ਮੈਂ ਬਹੁਤ ਬੀਮਾਰ ਹਾਂ।”

ਇਹ ਨਾ ਸੋਚੋ ਕਿ ਤੁਸੀਂ ਆਪਣੇ ਦੋਸਤ ਦੀ ਹਰ ਲੋੜ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਰੋਜ਼ਐਨ ਕਾਲਿਕ ਅੱਗੇ ਕਹਿੰਦੀ ਹੈ: “ਉਸ ਨੂੰ ਪੁੱਛਦੇ ਰਿਹਾ ਕਰੋ। ਉਸ ਦੀ ਮਦਦ ਕਰਨ ਵਿਚ ਉਸ ਦੇ ਸਾਰੇ ਫ਼ੈਸਲੇ ਆਪ ਨਾ ਕਰੋ ਕਿਉਂਕਿ ਇਸ ਨਾਲ ਮਰੀਜ਼ ਦੁਖੀ ਹੋ ਸਕਦਾ ਹੈ। ਮਰੀਜ਼ ਨੂੰ ਛੋਟੇ-ਮੋਟੇ ਕੰਮ ਕਰਨ ਦਿਓ ਤਾਂਕਿ ਉਹ ਇਹ ਨਾ ਸੋਚੇ ਕਿ ‘ਮੈਂ ਹੁਣ ਕਾਸੇ ਜੋਗਾ ਨਹੀਂ ਰਿਹਾ। ਭਾਵੇਂ ਮੈਂ ਬੀਮਾਰ ਹਾਂ, ਪਰ ਮੈਂ ਵੀ ਕੁਝ ਕਰਨ ਦੇ ਕਾਬਲ ਹਾਂ।’”

ਐਡੀਲਸਨ, ਜਿਸ ਨੂੰ ਏਡਜ਼ ਹੈ, ਕਹਿੰਦਾ ਹੈ: “ਜਦ ਤੁਸੀਂ ਬੀਮਾਰ ਹੋ, ਤਾਂ ਤੁਸੀਂ ਇਹ ਨਹੀਂ ਚਾਹੁੰਦੇ ਕਿ ਲੋਕ ਸੋਚਣ ਕਿ ਤੁਸੀਂ ਕੁਝ ਕਰ ਹੀ ਨਹੀਂ ਸਕਦੇ। ਤੁਸੀਂ ਛੋਟੇ-ਮੋਟੇ ਕੰਮਾਂ ਵਿਚ ਹੱਥ ਵਟਾਉਣਾ ਚਾਹੁੰਦੇ ਹੋ। ਤੁਹਾਨੂੰ ਕੰਮ ਕਰ ਕੇ ਚੰਗਾ ਲੱਗਦਾ ਹੈ। ਤੁਹਾਨੂੰ ਜੀਣ ਦਾ ਮਕਸਦ ਮਿਲਦਾ ਹੈ। ਮੈਨੂੰ ਚੰਗਾ ਲੱਗਦਾ ਹੈ ਜਦ ਲੋਕ ਮੈਨੂੰ ਆਪ ਫ਼ੈਸਲੇ ਕਰਨ ਦਿੰਦੇ ਹਨ ਤੇ ਮੇਰੇ ਫ਼ੈਸਲਿਆਂ ਨੂੰ ਮੰਨਦੇ ਹਨ। ਬੀਮਾਰ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੇ।”

ਆਪਣੇ ਦੋਸਤ ਦੇ ਕਰੀਬ ਰਹੋ

ਬਾਈਬਲ ਦਾ ਅਸੂਲ

“ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”ਕਹਾ. 17:17.

◼ ਜੇ ਤੁਸੀਂ ਹਾਲਾਤਾਂ ਕਰਕੇ ਜਾਂ ਦੂਰ ਰਹਿਣ ਕਰਕੇ ਆਪਣੇ ਦੋਸਤ ਨੂੰ ਨਹੀਂ ਮਿਲਣ ਜਾ ਸਕਦੇ, ਤਾਂ ਤੁਸੀਂ ਫ਼ੋਨ ’ਤੇ ਗੱਲ ਕਰ ਸਕਦੇ ਹੋ, ਚਿੱਠੀ ਲਿਖ ਸਕਦੇ ਹੋ ਜਾਂ ਈ-ਮੇਲ ਭੇਜ ਸਕਦੇ ਹੋ। ਤੁਸੀਂ ਕਾਹਦੇ ਬਾਰੇ ਲਿਖ ਸਕਦੇ ਹੋ? ਇਕ ਮਨੋਵਿਗਿਆਨੀ ਸਲਾਹ ਦਿੰਦਾ ਹੈ: “ਉਨ੍ਹਾਂ ਖ਼ੁਸ਼ੀ ਭਰੇ ਸਮਿਆਂ ਦਾ ਜ਼ਿਕਰ ਕਰੋ ਜੋ ਤੁਸੀਂ ਇਕੱਠੇ ਬਿਤਾਏ ਸਨ। ਵਾਅਦਾ ਕਰੋ ਕਿ ਤੁਸੀਂ ਦੁਬਾਰਾ ਲਿਖੋਗੇ ਤੇ ਫਿਰ ਆਪਣੇ ਵਾਅਦੇ ਦੇ ਪੱਕੇ ਰਹੋ।”

ਇਸ ਕਰਕੇ ਆਪਣੇ ਬੀਮਾਰ ਦੋਸਤ ਤੋਂ ਦੂਰ-ਦੂਰ ਨਾ ਰਹੋ ਕਿਉਂਕਿ ਤੁਸੀਂ ਕੁਝ ਗ਼ਲਤ ਕਹਿਣ ਜਾਂ ਕੋਈ ਗ਼ਲਤੀ ਕਰਨ ਤੋਂ ਡਰਦੇ ਹੋ। ਕਈ ਵਾਰ, ਤੁਹਾਨੂੰ ਦੇਖ ਕੇ ਹੀ ਤੁਹਾਡੇ ਦੋਸਤ ਨੂੰ ਹੌਸਲਾ ਮਿਲ ਸਕਦਾ ਹੈ। ਆਪਣੀ ਕਿਤਾਬ ਵਿਚ ਲੋਰੀ ਹੌਪ ਲਿਖਦੀ ਹੈ: “ਅਸੀਂ ਸਾਰੇ ਗ਼ਲਤਫ਼ਹਿਮੀਆਂ ਦੇ ਸ਼ਿਕਾਰ ਹੋ ਸਕਦੇ ਹਾਂ ਜਾਂ ਅਣਜਾਣੇ ਵਿਚ ਕਿਸੇ ਨੂੰ ਦੁੱਖ ਪਹੁੰਚਾ ਸਕਦੇ ਹਾਂ। ਇਹ ਕੋਈ ਵੱਡੀ ਗੱਲ ਨਹੀਂ। ਮੁਸ਼ਕਲ ਉਦੋਂ ਖੜ੍ਹੀ ਹੁੰਦੀ ਹੈ ਜਦ ਤੁਸੀਂ ਗ਼ਲਤੀ ਕਰਨ ਦੇ ਡਰ ਤੋਂ ਆਪਣੇ ਦੋਸਤ ਤੋਂ ਪਰੇ ਰਹਿੰਦੇ ਹੋ ਜਦਕਿ ਉਸ ਵੇਲੇ ਉਸ ਨੂੰ ਤੁਹਾਡੀ ਲੋੜ ਹੈ।”

ਜੇ ਤੁਹਾਡਾ ਦੋਸਤ ਬਹੁਤ ਜ਼ਿਆਦਾ ਬੀਮਾਰ ਹੈ, ਤਾਂ ਉਸ ਨੂੰ ਇਸ ਵਕਤ ਤੁਹਾਡੀ ਲੋੜ ਹੈ। ਸੱਚੇ ਮਿੱਤਰ ਵਜੋਂ ਉਸ ਦਾ ਸਾਥ ਦਿਓ। ਹਾਲਾਂਕਿ ਤੁਹਾਡੇ ਕਰਕੇ ਉਹ ਦਾ ਦੁੱਖ ਦੂਰ ਨਹੀਂ ਹੋਵੇਗਾ, ਫਿਰ ਵੀ ਬੀਮਾਰੀ ਦਾ ਸਾਮ੍ਹਣਾ ਕਰਨ ਵਿਚ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ। (w10-E 07/01)

[ਫੁਟਨੋਟ]

^ ਪੈਰਾ 9 ਕੁਝ ਨਾਂ ਬਦਲੇ ਗਏ ਹਨ।