Skip to content

Skip to table of contents

ਉਹ ਸਾਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦਾ ਮਾਣ ਬਖ਼ਸ਼ਦਾ ਹੈ

ਉਹ ਸਾਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦਾ ਮਾਣ ਬਖ਼ਸ਼ਦਾ ਹੈ

ਪਰਮੇਸ਼ੁਰ ਨੂੰ ਜਾਣੋ

ਉਹ ਸਾਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦਾ ਮਾਣ ਬਖ਼ਸ਼ਦਾ ਹੈ

2 ਰਾਜਿਆਂ 18:1-7

ਮਾਪਿਆਂ ਨੂੰ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣ ਕੇ ਰਹਿਣਾ ਚਾਹੀਦਾ ਹੈ। ਮਾਪਿਆਂ ਦੀ ਵਧੀਆ ਮਿਸਾਲ ਬੱਚਿਆਂ ਨੂੰ ਆਪਣੇ ਵਿਚ ਚੰਗੇ ਗੁਣ ਪੈਦਾ ਕਰਨ ਵਿਚ ਮਦਦ ਕਰ ਸਕਦੀ ਹੈ। ਨਾਲੇ ਉਹ ਆਪਣੀ ਜ਼ਿੰਦਗੀ ਦੇ ਫ਼ੈਸਲੇ ਸਮਝਦਾਰੀ ਨਾਲ ਕਰ ਸਕਦੇ ਹਨ। ਅਫ਼ਸੋਸ ਕਿ ਕਈ ਮਾਪੇ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਨਹੀਂ ਬਣੇ। ਕੀ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਬੱਚੇ ਜ਼ਿੰਦਗੀ ਵਿਚ ਕਾਮਯਾਬ ਨਹੀਂ ਹੋਣਗੇ? ਨਹੀਂ, ਸਾਨੂੰ ਇਸ ਗੱਲ ਤੋਂ ਹੌਸਲਾ ਮਿਲਦਾ ਹੈ ਕਿ ਯਹੋਵਾਹ ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦਾ ਮਾਣ ਬਖ਼ਸ਼ਦਾ ਹੈ। ਜ਼ਰਾ 2 ਰਾਜਿਆਂ 18:1-7 ਵਿਚ ਦਿੱਤੀ ਹਿਜ਼ਕੀਯਾਹ ਦੀ ਮਿਸਾਲ ਉੱਤੇ ਗੌਰ ਕਰੋ।

ਹਿਜ਼ਕੀਯਾਹ ਯਹੂਦਾਹ ਦੇ ਪਾਤਸ਼ਾਹ “ਆਹਾਜ਼ ਦਾ ਪੁੱਤ੍ਰ” ਸੀ। (ਆਇਤ 1) ਆਹਾਜ਼ ਕਰਕੇ ਲੋਕ ਯਹੋਵਾਹ ਦੀ ਸੱਚੀ ਭਗਤੀ ਕਰਨ ਤੋਂ ਦੂਰ ਹੋ ਗਏ ਸਨ। ਇਸ ਭੈੜੇ ਰਾਜੇ ਨੇ ਬਆਲ ਦੀ ਭਗਤੀ ਕੀਤੀ ਜਿਸ ਵਿਚ ਇਨਸਾਨਾਂ ਦੀ ਬਲੀ ਦਿੱਤੀ ਜਾਂਦੀ ਸੀ। ਉਸ ਨੇ ਹਿਜ਼ਕੀਯਾਹ ਦੇ ਇਕ ਜਾਂ ਸ਼ਾਇਦ ਹੋਰ ਭਰਾਵਾਂ ਨੂੰ ਵੀ ਅੱਗ ਵਿਚ ਜਲਾਇਆ ਸੀ। ਆਹਾਜ਼ ਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਅਤੇ “ਆਪਣੇ ਲਈ ਯਰੂਸ਼ਲਮ ਦੇ ਹਰ ਖੂੰਜੇ ਵਿੱਚ ਜਗਵੇਦੀਆਂ ਬਣਵਾਈਆਂ।” ਉਸ ਨੇ “ਪਰਮੇਸ਼ੁਰ ਨੂੰ ਹਰਖ ਦਿਲਾਇਆ।” (2 ਇਤਹਾਸ 28:3, 24, 25) ਹਿਜ਼ਕੀਯਾਹ ਵਾਸਤੇ ਉਸ ਦੇ ਪਿਤਾ ਤੋਂ ਭੈੜੀ ਮਿਸਾਲ ਤਾਂ ਕੋਈ ਹੋ ਹੀ ਨਹੀਂ ਸਕਦੀ ਸੀ। ਪਰ ਕੀ ਇਹ ਜ਼ਰੂਰੀ ਸੀ ਕਿ ਹਿਜ਼ਕੀਯਾਹ ਨੇ ਆਪਣੇ ਪਿਤਾ ਵਰਗੀਆਂ ਕਰਤੂਤਾਂ ਕਰਨੀਆਂ ਸਨ?

ਜਦੋਂ ਹਿਜ਼ਕੀਯਾਹ ਰਾਜਾ ਬਣਿਆ, ਤਾਂ ਉਸ ਨੇ ਆਪਣੇ ਕੰਮਾਂ ਤੋਂ ਦਿਖਾਇਆ ਕਿ ਉਹ ਆਪਣੇ ਪਿਤਾ ਵਰਗਾ ਨਹੀਂ ਬਣੇਗਾ। ਹਿਜ਼ਕੀਯਾਹ ਨੇ “ਓਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” (ਆਇਤ 3) ਹਿਜ਼ਕੀਯਾਹ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ ਅਤੇ “ਯਹੂਦਾਹ ਦੇ ਸਾਰੇ ਪਾਤਸ਼ਾਹਾਂ ਵਿੱਚੋਂ ਇੱਕ ਭੀ ਉਸ ਦੇ ਵਰਗਾ ਨਾ ਹੋਇਆ।” (ਆਇਤ 5) ਆਪਣੇ ਰਾਜ ਦੇ ਪਹਿਲੇ ਸਾਲ ਦੌਰਾਨ ਨੌਜਵਾਨ ਹਿਜ਼ਕੀਯਾਹ ਨੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਫਿਰ ਤੋਂ ਸ਼ੁਰੂ ਕਰਨ ਲਈ ਉਕਸਾਇਆ। ਉਸ ਨੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ ਜਿੱਥੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਯਹੋਵਾਹ ਦਾ ਭਵਨ ਫਿਰ ਤੋਂ ਖੋਲ੍ਹਿਆ ਗਿਆ ਤਾਂਕਿ ਯਹੋਵਾਹ ਦੀ ਭਗਤੀ ਹੋ ਸਕੇ। (ਆਇਤ 4; 2 ਇਤਹਾਸ 29:1-3, 27-31) ਹਿਜ਼ਕੀਯਾਹ “ਯਹੋਵਾਹ ਦੇ ਨਾਲ ਚਿੰਬੜਿਆ ਰਿਹਾ . . . ਅਤੇ ਯਹੋਵਾਹ ਉਸ ਦੇ ਅੰਗ ਸੰਗ ਰਿਹਾ।”—ਆਇਤ 6, 7.

ਆਪਣੇ ਪਿਤਾ ਦੀ ਬੁਰੀ ਮਿਸਾਲ ਦੇ ਬਾਵਜੂਦ ਹਿਜ਼ਕੀਯਾਹ ਕਾਮਯਾਬ ਕਿਵੇਂ ਹੋਇਆ? ਅਸੀਂ ਉਸ ਦੀ ਮਾਂ ਅਬੀਯਾਹ ਬਾਰੇ ਬਹੁਤਾ ਕੁਝ ਨਹੀਂ ਜਾਣਦੇ। ਕੀ ਇਹ ਹੋ ਸਕਦਾ ਹੈ ਕਿ ਉਸ ਨੇ ਆਪਣੇ ਪੁੱਤਰ ਉੱਤੇ ਚੰਗਾ ਅਸਰ ਪਾਇਆ ਸੀ? ਯਸਾਯਾਹ ਨੇ ਹਿਜ਼ਕੀਯਾਹ ਦੇ ਜਨਮ ਤੋਂ ਪਹਿਲਾਂ ਹੀ ਨਬੀ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ। * ਕੀ ਇਹ ਹੋ ਸਕਦਾ ਹੈ ਕਿ ਉਸ ਦੀ ਚੰਗੀ ਮਿਸਾਲ ਨੇ ਇਸ ਨੌਜਵਾਨ ਰਾਜਕੁਮਾਰ ਉੱਤੇ ਚੰਗਾ ਪ੍ਰਭਾਵ ਪਾਇਆ ਸੀ? ਬਾਈਬਲ ਇਹ ਗੱਲਾਂ ਨਹੀਂ ਦੱਸਦੀ। ਜੋ ਵੀ ਸੀ, ਇਕ ਗੱਲ ਤਾਂ ਪੱਕੀ ਹੈ: ਹਿਜ਼ਕੀਯਾਹ ਨੇ ਜ਼ਿੰਦਗੀ ਦਾ ਅਜਿਹਾ ਰਾਹ ਚੁਣਿਆ ਜੋ ਉਸ ਦੇ ਪਿਤਾ ਦੀ ਜ਼ਿੰਦਗੀ ਤੋਂ ਬਿਲਕੁਲ ਉਲਟ ਸੀ।

ਹਿਜ਼ਕੀਯਾਹ ਦੀ ਮਿਸਾਲ ਉਨ੍ਹਾਂ ਨੂੰ ਹੌਸਲਾ ਦਿੰਦੀ ਹੈ ਜਿਨ੍ਹਾਂ ਦਾ ਬਚਪਨ ਆਪਣੇ ਮਾਪਿਆਂ ਦੀ ਬੁਰੀ ਮਿਸਾਲ ਕਰਕੇ ਮੁਸ਼ਕਲਾਂ ਨਾਲ ਭਰਿਆ ਸੀ। ਅਸੀਂ ਅਤੀਤ ਨੂੰ ਬਦਲ ਨਹੀਂ ਸਕਦੇ ਤੇ ਨਾ ਹੀ ਦਰਦਨਾਕ ਯਾਦਾਂ ਨੂੰ ਮਿਟਾ ਸਕਦੇ ਹਾਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਜ਼ਿੰਦਗੀ ਵਿਚ ਕਾਮਯਾਬ ਨਹੀਂ ਹੋ ਸਕਦੇ। ਅਸੀਂ ਹੁਣ ਅਜਿਹੇ ਫ਼ੈਸਲੇ ਕਰ ਸਕਦੇ ਹਾਂ ਜਿਸ ਕਰਕੇ ਸਾਡਾ ਭਵਿੱਖ ਸੁੱਖੀ ਹੋ ਸਕਦਾ ਹੈ। ਹਿਜ਼ਕੀਯਾਹ ਵਾਂਗ ਅਸੀਂ ਵੀ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਭਗਤੀ ਕਰਨ ਦਾ ਫ਼ੈਸਲਾ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਹੁਣ ਵੀ ਖ਼ੁਸ਼ੀ ਮਿਲ ਸਕਦੀ ਹੈ ਅਤੇ ਅਸੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਜੀਣ ਦੀ ਉਮੀਦ ਰੱਖ ਸਕਦੇ ਹਾਂ। (2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4) ਸਾਨੂੰ ਯਹੋਵਾਹ ਪਰਮੇਸ਼ੁਰ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦਾ ਮਾਣ ਬਖ਼ਸ਼ਿਆ ਹੈ! (w10-E 09/01)

[ਫੁਟਨੋਟ]

^ ਪੈਰਾ 7 ਯਸਾਯਾਹ ਨੇ 778 ਈ. ਪੂ. ਤੋਂ ਲੈ ਕੇ ਤਕਰੀਬਨ 732 ਈ. ਪੂ. ਤਕ ਯਹੋਵਾਹ ਦੇ ਨਬੀ ਵਜੋਂ ਸੇਵਾ ਕੀਤੀ ਸੀ। ਹਿਜ਼ਕੀਯਾਹ ਨੇ 745 ਈ. ਪੂ. ਵਿਚ ਰਾਜ ਕਰਨਾ ਸ਼ੁਰੂ ਕੀਤਾ ਸੀ ਜਦ ਉਹ 25 ਸਾਲਾਂ ਦਾ ਸੀ।