Skip to content

Skip to table of contents

ਯਹੋਵਾਹ ਦੀ ਅਸੀਸ ਪਾਉਣ ਲਈ ਪੂਰਾ ਜਤਨ ਕਰੋ

ਯਹੋਵਾਹ ਦੀ ਅਸੀਸ ਪਾਉਣ ਲਈ ਪੂਰਾ ਜਤਨ ਕਰੋ

ਯਹੋਵਾਹ ਦੀ ਅਸੀਸ ਪਾਉਣ ਲਈ ਪੂਰਾ ਜਤਨ ਕਰੋ

‘ਪਰਮੇਸ਼ੁਰ ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।’—ਇਬ. 11:6, CL.

1, 2. (ੳ) ਕਈ ਲੋਕ ਪਰਮੇਸ਼ੁਰ ਤੋਂ ਅਸੀਸਾਂ ਪਾਉਣ ਲਈ ਕਿਵੇਂ ਜਤਨ ਕਰਦੇ ਹਨ? (ਅ) ਅਸੀਂ ਖ਼ਾਸ ਕਰਕੇ ਯਹੋਵਾਹ ਤੋਂ ਅਸੀਸ ਕਿਉਂ ਪਾਉਣੀ ਚਾਹੁੰਦੇ ਹਾਂ?

ਕਈ ਦੇਸ਼ਾਂ ਵਿਚ ਇੱਦਾਂ ਹੁੰਦਾ ਹੈ ਕਿ ਜਦ ਕੋਈ ਛਿੱਕਦਾ ਹੈ, ਤਾਂ ਕੋਲੋਂ ਲੰਘਣ ਵਾਲੇ ਅਜਨਬੀ ਕਹਿੰਦੇ ਹਨ: “ਰੱਬ ਤੇਰਾ ਭਲਾ ਕਰੇ।” ਵੱਖੋ-ਵੱਖਰੇ ਧਰਮਾਂ ਦੇ ਗੁਰੂਆਂ ਨੂੰ ਲੋਕਾਂ, ਪਸ਼ੂਆਂ ਅਤੇ ਚੀਜ਼ਾਂ ਨੂੰ ਅਸੀਸ ਦਿੰਦੇ ਦੇਖਿਆ ਜਾ ਸਕਦਾ ਹੈ। ਕਈ ਲੋਕ ਅਸੀਸ ਪਾਉਣ ਲਈ ਕੁਝ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦੇ ਹਨ। ਸਿਆਸਤਦਾਨ ਬਾਕਾਇਦਾ ਆਪਣੀ ਕੌਮ ਉੱਤੇ ਰੱਬ ਤੋਂ ਅਸੀਸ ਮੰਗਦੇ ਹਨ। ਤੁਹਾਡੇ ਖ਼ਿਆਲ ਨਾਲ ਕੀ ਇਹੋ ਜਿਹੀਆਂ ਬੇਨਤੀਆਂ ਸਹੀ ਹਨ? ਕੀ ਇਹ ਸੁਣੀਆਂ ਜਾਂਦੀਆਂ ਹਨ? ਅਸਲ ਵਿਚ ਕਿਨ੍ਹਾਂ ਨੂੰ ਪਰਮੇਸ਼ੁਰ ਦੀ ਅਸੀਸ ਮਿਲਦੀ ਹੈ ਅਤੇ ਕਿਉਂ?

2 ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਅੰਤ ਦੇ ਦਿਨਾਂ ਵਿਚ ਸਾਰੀਆਂ ਕੌਮਾਂ ਵਿੱਚੋਂ ਉਸ ਦੇ ਸਾਫ਼-ਸੁਥਰੇ ਅਤੇ ਸ਼ਾਂਤੀ-ਪਸੰਦ ਲੋਕ ਹੋਣਗੇ ਜੋ ਨਫ਼ਰਤ ਅਤੇ ਵਿਰੋਧ ਦੇ ਬਾਵਜੂਦ ਧਰਤੀ ਦੇ ਕੋਨੇ-ਕੋਨੇ ਵਿਚ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣਗੇ। (ਯਸਾ. 2:2-4; ਮੱਤੀ 24:14; ਪਰ. 7:9, 14) ਜਿਨ੍ਹਾਂ ਨੇ ਇਹੋ ਜਿਹੇ ਲੋਕ ਬਣਨ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ, ਉਹ ਪਰਮੇਸ਼ੁਰ ਦੀ ਅਸੀਸ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਇਸ ਦੀ ਲੋੜ ਵੀ ਹੈ ਕਿਉਂਕਿ ਇਸ ਤੋਂ ਬਿਨਾਂ ਉਹ ਕਦੇ ਕਾਮਯਾਬ ਨਹੀਂ ਹੋ ਸਕਦੇ। (ਜ਼ਬੂ. 127:1) ਪਰ ਅਸੀਂ ਪਰਮੇਸ਼ੁਰ ਦੀ ਅਸੀਸ ਕਿਵੇਂ ਪਾ ਸਕਦੇ ਹਾਂ?

ਆਗਿਆਕਾਰ ਇਨਸਾਨਾਂ ਨੂੰ ਭਰਪੂਰ ਅਸੀਸਾਂ

3. ਜੇ ਇਸਰਾਏਲੀ ਆਗਿਆਕਾਰ ਰਹਿੰਦੇ, ਤਾਂ ਇਸ ਦਾ ਨਤੀਜਾ ਕੀ ਹੋਣਾ ਸੀ?

3ਕਹਾਉਤਾਂ 10:6, 7 ਪੜ੍ਹੋ। ਇਸਰਾਏਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇ ਉਹ ਉਸ ਦਾ ਕਹਿਣਾ ਮੰਨਣਗੇ, ਤਾਂ ਉਹ ਖ਼ੁਸ਼ਹਾਲ ਹੋਣਗੇ ਅਤੇ ਸੁਰੱਖਿਅਤ ਰਹਿਣਗੇ। (ਬਿਵ. 28:1, 2) ਇਨ੍ਹਾਂ ਲੋਕਾਂ ਨੂੰ ਯਹੋਵਾਹ ਦੀਆਂ ਅਸੀਸਾਂ ਨਾ ਸਿਰਫ਼ ਮਿਲਣੀਆਂ ਸਨ, ਸਗੋਂ ਇਨ੍ਹਾਂ ਅਸੀਸਾਂ ਨੇ ਉਨ੍ਹਾਂ ਦਾ ‘ਪਿੱਛਾ’ ਕਰਨਾ ਸੀ। ਹਾਂ, ਆਗਿਆਕਾਰ ਲੋਕਾਂ ਨੂੰ ਅਸੀਸਾਂ ਦਿੱਤੇ ਬਿਨਾਂ ਯਹੋਵਾਹ ਨਹੀਂ ਰਹਿ ਸਕਦਾ ਸੀ।

4. ਦਿਲੋਂ ਆਗਿਆਕਾਰ ਰਹਿਣ ਵਿਚ ਕੀ ਕੁਝ ਸ਼ਾਮਲ ਹੈ?

4 ਆਗਿਆ ਮੰਨਣ ਵੇਲੇ ਇਸਰਾਏਲੀਆਂ ਦਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਸੀ? ਪਰਮੇਸ਼ੁਰ ਨੇ ਆਪਣੀ ਬਿਵਸਥਾ ਵਿਚ ਦੱਸਿਆ ਸੀ ਕਿ ਜੇ ਉਸ ਦੇ ਲੋਕ “ਅਨੰਦਤਾਈ ਅਤੇ ਮਨ ਦੀ ਖੁਸ਼ੀ ਨਾਲ” ਉਸ ਦੀ ਸੇਵਾ ਨਹੀਂ ਕਰਨਗੇ, ਤਾਂ ਉਹ ਨਾਰਾਜ਼ ਹੋਵੇਗਾ। (ਬਿਵਸਥਾ ਸਾਰ 28:45-47 ਪੜ੍ਹੋ।) ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਬੇਦਿਲੀ ਨਾਲ ਉਸ ਦੇ ਕਿਸੇ ਵੀ ਹੁਕਮ ਨੂੰ ਮੰਨੀਏ ਕਿਉਂਕਿ ਇੱਦਾਂ ਤਾਂ ਪਸ਼ੂ ਅਤੇ ਬੁਰੇ ਦੂਤ ਵੀ ਕਰ ਸਕਦੇ ਹਨ। (ਮਰ. 1:27; ਯਾਕੂ. 3:3) ਅਸੀਂ ਇਸ ਲਈ ਉਸ ਦੀ ਆਗਿਆ ਮੰਨਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਸਾਨੂੰ ਖ਼ੁਸ਼ੀ ਨਾਲ ਉਸ ਦੀ ਆਗਿਆ ਮੰਨਣੀ ਚਾਹੀਦੀ ਹੈ ਕਿਉਂਕਿ ਸਾਨੂੰ ਵਿਸ਼ਵਾਸ ਹੈ ਕਿ ਯਹੋਵਾਹ ਦੇ ਹੁਕਮ ਸਾਡੇ ਵਾਸਤੇ ਬੋਝ ਨਹੀਂ ਹਨ। ਨਾਲੇ “ਉਹ ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।”—ਇਬ. 11:6; 1 ਯੂਹੰ. 5:3.

5. ਯਹੋਵਾਹ ਦੇ ਵਾਅਦੇ ਉੱਤੇ ਯਕੀਨ ਕਰਨ ਵਾਲੇ ਵਿਅਕਤੀ ਨੂੰ ਬਿਵਸਥਾ ਸਾਰ 15:7, 8 ਵਿਚ ਦਿੱਤਾ ਹੁਕਮ ਮੰਨਣ ਵਿਚ ਕਿਵੇਂ ਮਦਦ ਮਿਲਣੀ ਸੀ?

5 ਧਿਆਨ ਦਿਓ ਕਿ ਬਿਵਸਥਾ ਸਾਰ 15:7, 8 (ਪੜ੍ਹੋ) ਵਿਚ ਦਿੱਤੇ ਹੁਕਮ ਉੱਤੇ ਚੱਲ ਕੇ ਦਿਲੋਂ ਆਗਿਆਕਾਰੀ ਕਿਵੇਂ ਦਿਖਾਈ ਜਾ ਸਕਦੀ ਸੀ। ਇਸ ਹੁਕਮ ਨੂੰ ਕੁੜ-ਕੁੜ ਕੇ ਮੰਨਣ ਨਾਲ ਸ਼ਾਇਦ ਕੁਝ ਹੱਦ ਤਕ ਗ਼ਰੀਬ ਲੋਕਾਂ ਦੀ ਮਦਦ ਹੋਈ ਹੋਣੀ, ਪਰ ਕੀ ਇਸ ਨਾਲ ਪਰਮੇਸ਼ੁਰ ਦੇ ਲੋਕਾਂ ਦਾ ਆਪਸੀ ਪਿਆਰ ਵਧਿਆ ਹੋਊ? ਇਸ ਤੋਂ ਵੀ ਜ਼ਰੂਰੀ ਗੱਲ, ਕੀ ਇਸ ਤੋਂ ਉਨ੍ਹਾਂ ਦੀ ਨਿਹਚਾ ਜ਼ਾਹਰ ਹੋਈ ਹੋਊ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਸੀ? ਕੀ ਲੋਕ ਇਸ ਨੂੰ ਯਹੋਵਾਹ ਦੀ ਦਰਿਆ-ਦਿਲੀ ਦੀ ਰੀਸ ਕਰਨ ਦਾ ਮੌਕਾ ਸਮਝਦੇ ਸੀ? ਬਿਲਕੁਲ ਨਹੀਂ! ਪਰਮੇਸ਼ੁਰ ਨੇ ਦੇਖਿਆ ਕਿ ਕਿਹੜਾ ਇਨਸਾਨ ਖੁੱਲ੍ਹੇ ਦਿਲ ਵਾਲਾ ਸੀ ਅਤੇ ਵਾਅਦਾ ਕੀਤਾ ਕਿ ਉਹ ਉਸ ਦੇ ਹਰ ਕੰਮ-ਧੰਦੇ ਉੱਤੇ ਅਸੀਸ ਦੇਵੇਗਾ। (ਬਿਵ. 15:10) ਇਸ ਵਾਅਦੇ ਉੱਤੇ ਯਕੀਨ ਕਰ ਕੇ ਉਨ੍ਹਾਂ ਨੂੰ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਮਿਲਣੀ ਸੀ ਜਿਨ੍ਹਾਂ ਦੇ ਬਦਲੇ ਉਨ੍ਹਾਂ ਨੂੰ ਬਹੁਤ ਸਾਰੀਆਂ ਅਸੀਸਾਂ ਮਿਲਣੀਆਂ ਸਨ।—ਕਹਾ. 28:20.

6. ਇਬਰਾਨੀਆਂ 11:6 ਤੋਂ ਸਾਨੂੰ ਕਿਹੜੀ ਗੱਲ ਦਾ ਭਰੋਸਾ ਮਿਲਣਾ ਚਾਹੀਦਾ ਹੈ?

6 ਯਹੋਵਾਹ ਨੂੰ ਫਲਦਾਤਾ ਮੰਨਣ ਦੇ ਨਾਲ-ਨਾਲ, ਇਬਰਾਨੀਆਂ 11:6 ਇਕ ਹੋਰ ਗੁਣ ਉੱਤੇ ਸਾਡਾ ਧਿਆਨ ਖਿੱਚਦਾ ਹੈ ਜੋ ਪਰਮੇਸ਼ੁਰ ਦੀ ਅਸੀਸ ਪਾਉਣ ਲਈ ਜ਼ਰੂਰੀ ਹੈ। ਧਿਆਨ ਦਿਓ ਕਿ ਯਹੋਵਾਹ ‘ਆਪਣੇ ਖੋਜਣ ਵਾਲਿਆਂ’ ਨੂੰ ਫਲ ਦਿੰਦਾ ਹੈ। “ਖੋਜਣ” ਅਨੁਵਾਦ ਕੀਤੀ ਗਈ ਯੂਨਾਨੀ ਕ੍ਰਿਆ ਦਾ ਅਰਥ ਹੈ ਕਿਸੇ ਚੀਜ਼ ਨੂੰ ਪੂਰੀ ਵਾਹ ਲਾ ਕੇ ਜਾਂ ਵੱਡੇ ਜਤਨ ਨਾਲ ਲੱਭਣਾ। ਇਸ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਜੇ ਅਸੀਂ ਇਸ ਤਰੀਕੇ ਨਾਲ ਯਹੋਵਾਹ ਨੂੰ ਖੋਜੀਏ, ਤਾਂ ਉਹ ਸਾਨੂੰ ਜ਼ਰੂਰ ਅਸੀਸਾਂ ਦੇਵੇਗਾ। ਅਸੀਸਾਂ ਸੱਚਾ ਪਰਮੇਸ਼ੁਰ ਹੀ ਦਿੰਦਾ ਹੈ ਜੋ “ਝੂਠ ਬੋਲ ਨਹੀਂ ਸੱਕਦਾ।” (ਤੀਤੁ. 1:2) ਉਹ ਸਦੀਆਂ ਤੋਂ ਦਿਖਾਉਂਦਾ ਆਇਆ ਹੈ ਕਿ ਉਸ ਦੇ ਵਾਅਦੇ ਪੂਰੀ ਤਰ੍ਹਾਂ ਭਰੋਸੇਯੋਗ ਹਨ। ਉਸ ਦਾ ਵਚਨ ਪੂਰਾ ਹੋਏ ਬਿਨਾਂ ਨਹੀਂ ਰਹਿੰਦਾ, ਉਹ ਹਮੇਸ਼ਾ ਸੱਚ ਹੋ ਕੇ ਰਹਿੰਦਾ ਹੈ। (ਯਸਾ. 55:11) ਇਸ ਤੋਂ ਸਾਨੂੰ ਵੀ ਪੂਰਾ ਭਰੋਸਾ ਮਿਲਦਾ ਹੈ ਕਿ ਜੇ ਅਸੀਂ ਪੱਕੀ ਨਿਹਚਾ ਕਰਦੇ ਰਹੀਏ, ਤਾਂ ਉਹ ਸਾਨੂੰ ਵੀ ਫਲ ਦੇਵੇਗਾ।

7. ਅਬਰਾਹਾਮ ਦੀ “ਅੰਸ” ਦੇ ਜ਼ਰੀਏ ਅਸੀਂ ਕਿਵੇਂ ਅਸੀਸ ਪਾ ਸਕਦੇ ਹਾਂ?

7 ਯਿਸੂ ਮਸੀਹ ਅਬਰਾਹਾਮ ਦੀ ਮੁੱਖ “ਅੰਸ” ਸਾਬਤ ਹੋਇਆ। ਮਸਹ ਕੀਤੇ ਹੋਏ ਮਸੀਹੀ ਵੀ ਇਸ “ਅੰਸ” ਦਾ ਹਿੱਸਾ ਹਨ। ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ‘ਉਸ ਦਿਆਂ ਗੁਣਾਂ ਦਾ ਪਰਚਾਰ ਕਰਨ ਜਿਹ ਨੇ ਉਨ੍ਹਾਂ ਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।’ (ਗਲਾ. 3:7-9, 14, 16, 26-29; 1 ਪਤ. 2:9) ਸੋ ਜੇ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੀਏ ਜਿਨ੍ਹਾਂ ਨੂੰ ਯਿਸੂ ਨੇ ਆਪਣੇ ਸਾਰੇ ਮਾਲ ਮਤੇ ਉੱਤੇ ਮੁਖ਼ਤਿਆਰ ਨਿਯੁਕਤ ਕੀਤਾ ਹੈ, ਤਾਂ ਅਸੀਂ ਯਹੋਵਾਹ ਨਾਲ ਚੰਗਾ ਰਿਸ਼ਤਾ ਨਹੀਂ ਜੋੜ ਸਕਦੇ। “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਮਦਦ ਤੋਂ ਬਿਨਾਂ ਅਸੀਂ ਨਾ ਹੀ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਪੂਰੀ ਤਰ੍ਹਾਂ ਸਮਝ ਸਕਦੇ ਹਾਂ ਅਤੇ ਨਾ ਹੀ ਸਾਨੂੰ ਪਤਾ ਲੱਗ ਸਕਦਾ ਹੈ ਕਿ ਅਸੀਂ ਇਨ੍ਹਾਂ ਗੱਲਾਂ ਨੂੰ ਕਿਵੇਂ ਅਮਲ ਵਿਚ ਲਿਆ ਸਕਦੇ ਹਾਂ। (ਮੱਤੀ 24:45-47) ਬਾਈਬਲ ਤੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਅਸੀਂ ਪਰਮੇਸ਼ੁਰ ਦੀ ਅਸੀਸ ਪਾ ਸਕਦੇ ਹਾਂ।

ਪਰਮੇਸ਼ੁਰ ਦੀ ਮਰਜ਼ੀ ਨੂੰ ਧਿਆਨ ਵਿਚ ਰੱਖੋ

8, 9. ਯਾਕੂਬ ਨੇ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਬਰਕਤਾਂ ਪਾਉਣ ਲਈ ਕਿਵੇਂ ਜਤਨ ਕੀਤਾ?

8 ਯਾਕੂਬ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਅਸੀਸ ਪਾਉਣ ਲਈ ਵੱਡਾ ਜਤਨ ਕਰਨ ਦੀ ਲੋੜ ਹੈ। ਉਸ ਨੂੰ ਪਤਾ ਨਹੀਂ ਸੀ ਕਿ ਅਬਰਾਹਾਮ ਨਾਲ ਕੀਤਾ ਗਿਆ ਪਰਮੇਸ਼ੁਰ ਦਾ ਵਾਅਦਾ ਕਿਵੇਂ ਪੂਰਾ ਹੋਣਾ ਸੀ, ਪਰ ਉਸ ਨੂੰ ਵਿਸ਼ਵਾਸ ਸੀ ਕਿ ਯਹੋਵਾਹ ਉਸ ਦੇ ਦਾਦੇ ਦੀ ਔਲਾਦ ਨੂੰ ਵਧਾਵੇਗਾ ਜੋ ਵੱਡੀ ਕੌਮ ਬਣ ਜਾਵੇਗੀ। ਇਸ ਲਈ 1781 ਈ. ਪੂ. ਵਿਚ ਯਾਕੂਬ ਪਤਨੀ ਲੱਭਣ ਲਈ ਹਾਰਾਨ ਸ਼ਹਿਰ ਚਲਾ ਗਿਆ। ਉਹ ਸਿਰਫ਼ ਇਹੀ ਨਹੀਂ ਚਾਹੁੰਦਾ ਸੀ ਕਿ ਉਸ ਦਾ ਹੋਣ ਵਾਲਾ ਜੀਵਨ-ਸਾਥੀ ਖ਼ੁਸ਼-ਮਿਜ਼ਾਜ ਹੋਵੇ। ਉਹ ਅਜਿਹੀ ਪਤਨੀ ਦੀ ਭਾਲ ਵਿਚ ਸੀ ਜੋ ਯਹੋਵਾਹ ਦੀ ਦਿਲੋਂ ਭਗਤੀ ਕਰਦੀ ਸੀ ਅਤੇ ਉਸ ਦੇ ਬੱਚਿਆਂ ਦੀ ਚੰਗੀ ਮਾਂ ਬਣ ਸਕੇ।

9 ਅਸੀਂ ਜਾਣਦੇ ਹਾਂ ਕਿ ਯਾਕੂਬ ਆਪਣੀ ਰਿਸ਼ਤੇਦਾਰ ਰਾਖੇਲ ਨੂੰ ਮਿਲਿਆ। ਉਹ ਰਾਖੇਲ ਨੂੰ ਪਿਆਰ ਕਰਨ ਲੱਗ ਪਿਆ ਅਤੇ ਉਸ ਨਾਲ ਵਿਆਹ ਕਰਾਉਣ ਲਈ ਉਹ ਉਸ ਦੇ ਬਾਪ ਲਾਬਾਨ ਲਈ ਸੱਤ ਸਾਲ ਕੰਮ ਕਰਨ ਲਈ ਰਾਜ਼ੀ ਹੋ ਗਿਆ। ਇਹ ਸਿਰਫ਼ ਕੋਈ ਅਭੁੱਲ ਪ੍ਰੇਮ ਕਹਾਣੀ ਨਹੀਂ ਹੈ। ਯਾਕੂਬ ਨੂੰ ਉਸ ਵਾਅਦੇ ਬਾਰੇ ਪਤਾ ਸੀ ਜੋ ਪਰਮੇਸ਼ੁਰ ਨੇ ਉਸ ਦੇ ਦਾਦੇ ਅਬਰਾਹਾਮ ਨਾਲ ਕੀਤਾ ਸੀ ਅਤੇ ਫਿਰ ਉਹੀ ਵਾਅਦਾ ਉਸ ਦੇ ਪਿਤਾ ਇਸਹਾਕ ਨਾਲ ਕੀਤਾ ਗਿਆ ਸੀ। (ਉਤ. 18:18; 22:17, 18; 26:3-5, 24, 25) ਫਿਰ ਇਸਹਾਕ ਨੇ ਆਪਣੇ ਪੁੱਤਰ ਨੂੰ ਕਿਹਾ: “ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਬਰਕਤ ਦੇਵੇ ਅਰ ਤੈਨੂੰ ਫਲਵੰਤ ਬਣਾਵੇ ਅਰ ਤੈਨੂੰ ਵਧਾਵੇ ਅਰ ਤੂੰ ਬਹੁਤ ਕੌਮਾਂ ਦਾ ਦਲ ਹੋਵੇਂ। ਤੇ ਉਹ ਤੈਨੂੰ ਅਬਰਾਹਾਮ ਦੀ ਬਰਕਤ ਅਤੇ ਤੇਰੇ ਨਾਲ ਤੇਰੀ ਅੰਸ ਨੂੰ ਵੀ ਦੇਵੇ ਤਾਂਜੋ ਤੂੰ ਆਪਣੀ ਮੁਸਾਫਰੀ ਦੇ ਦੇਸ ਨੂੰ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਵਿਰਸੇ ਵਿੱਚ ਕਰੇਂ।” (ਉਤ. 28:3, 4) ਸੋ ਯਾਕੂਬ ਨੇ ਚੰਗੀ ਪਤਨੀ ਲੱਭਣ ਅਤੇ ਆਪਣਾ ਪਰਿਵਾਰ ਬਣਾਉਣ ਲਈ ਜੋ ਜਤਨ ਕੀਤਾ, ਉਸ ਤੋਂ ਜ਼ਾਹਰ ਹੋਇਆ ਕਿ ਉਸ ਨੂੰ ਪਰਮੇਸ਼ੁਰ ਦੀਆਂ ਕਹੀਆਂ ਗੱਲਾਂ ਉੱਤੇ ਯਕੀਨ ਸੀ।

10. ਯਹੋਵਾਹ ਨੇ ਕਿਉਂ ਖ਼ੁਸ਼ ਹੋ ਕੇ ਯਾਕੂਬ ਦੀ ਬੇਨਤੀ ਅਨੁਸਾਰ ਉਸ ਨੂੰ ਅਸੀਸ ਦਿੱਤੀ?

10 ਯਾਕੂਬ ਆਪਣੇ ਪਰਿਵਾਰ ਵਾਸਤੇ ਧਨ-ਦੌਲਤ ਦੀ ਭਾਲ ਵਿਚ ਨਹੀਂ ਸੀ। ਉਸ ਨੇ ਪਰਮੇਸ਼ੁਰ ਦਾ ਵਾਅਦਾ ਯਾਦ ਰੱਖਿਆ। ਉਸ ਨੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਉੱਤੇ ਧਿਆਨ ਲਾਈ ਰੱਖਿਆ। ਭਾਵੇਂ ਉਸ ਨੂੰ ਕਿੰਨੀਆਂ ਹੀ ਰੁਕਾਵਟਾਂ ਆਈਆਂ, ਫਿਰ ਵੀ ਪਰਮੇਸ਼ੁਰ ਦੀ ਅਸੀਸ ਪਾਉਣ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਸੀ ਜੋ ਉਸ ਦੇ ਹੱਥ-ਵਸ ਸੀ। ਬੁਢਾਪੇ ਵਿਚ ਵੀ ਉਸ ਦਾ ਇਹੀ ਰਵੱਈਆ ਸੀ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਅਸੀਸ ਦਿੱਤੀ।—ਉਤਪਤ 32:24-29 ਪੜ੍ਹੋ।

11. ਪਰਮੇਸ਼ੁਰ ਦੀ ਇੱਛਾ ਬਾਰੇ ਸਾਨੂੰ ਜਿੰਨਾ ਕੁ ਪਤਾ ਹੈ, ਉਸ ਮੁਤਾਬਕ ਸਾਨੂੰ ਕਿਹੜਾ ਜਤਨ ਕਰਨਾ ਚਾਹੀਦਾ ਹੈ?

11 ਯਾਕੂਬ ਵਾਂਗ ਅਸੀਂ ਸਭ ਕੁਝ ਨਹੀਂ ਜਾਣਦੇ ਕਿ ਯਹੋਵਾਹ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ। ਪਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਕਰਕੇ ਸਾਨੂੰ ‘ਯਹੋਵਾਹ ਦੇ ਦਿਨ’ ਬਾਰੇ ਮੋਟਾ-ਮੋਟਾ ਪਤਾ ਹੈ। (2 ਪਤ. 3:10, 17) ਮਿਸਾਲ ਲਈ, ਸਾਨੂੰ ਇਹ ਤਾਂ ਨਹੀਂ ਪਤਾ ਕਿ ਉਹ ਦਿਨ ਕਦੋਂ ਆਵੇਗਾ, ਪਰ ਸਾਨੂੰ ਪਤਾ ਹੈ ਕਿ ਇਹ ਦਿਨ ਨੇੜੇ ਹੈ। ਅਸੀਂ ਪਰਮੇਸ਼ੁਰ ਦੇ ਬਚਨ ਵਿਚ ਆਖੀ ਗੱਲ ’ਤੇ ਵਿਸ਼ਵਾਸ ਕਰਦੇ ਹਾਂ ਕਿ ਬਾਕੀ ਰਹਿੰਦੇ ਥੋੜ੍ਹੇ ਜਿਹੇ ਸਮੇਂ ਵਿਚ ਚੰਗੀ ਤਰ੍ਹਾਂ ਗਵਾਹੀ ਦੇ ਕੇ ਅਸੀਂ ਆਪਣੇ ਆਪ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਬਚਾਵਾਂਗੇ ਜੋ ਸਾਡੀ ਗੱਲ ਸੁਣਦੇ ਹਨ।—1 ਤਿਮੋ. 4:16.

12. ਅਸੀਂ ਕਿਹੜੀ ਗੱਲ ਦਾ ਯਕੀਨ ਕਰ ਸਕਦੇ ਹਾਂ?

12 ਅਸੀਂ ਮੰਨਦੇ ਹਾਂ ਕਿ ਅੰਤ ਕਿਸੇ ਵੀ ਵੇਲੇ ਆ ਸਕਦਾ ਹੈ। ਪਰ ਯਹੋਵਾਹ ਨੂੰ ਉਸ ਸਮੇਂ ਤਕ ਉਡੀਕ ਕਰਨ ਦੀ ਲੋੜ ਨਹੀਂ ਹੈ ਜਦ ਤਕ ਧਰਤੀ ਉੱਤੇ ਹਰ ਇਨਸਾਨ ਨੂੰ ਗਵਾਹੀ ਨਹੀਂ ਦਿੱਤੀ ਜਾਂਦੀ। (ਮੱਤੀ 10:23) ਇਸ ਤੋਂ ਇਲਾਵਾ, ਸਾਨੂੰ ਵਧੀਆ ਢੰਗ ਨਾਲ ਪ੍ਰਚਾਰ ਕਰਨ ਬਾਰੇ ਚੰਗੀਆਂ ਹਿਦਾਇਤਾਂ ਮਿਲਦੀਆਂ ਹਨ। ਨਿਹਚਾ ਨਾਲ ਅਸੀਂ ਆਪਣਾ ਪੂਰਾ ਜ਼ੋਰ ਲਾ ਕੇ ਇਹ ਕੰਮ ਕਰਦੇ ਹਾਂ ਅਤੇ ਆਪਣੇ ਹੱਥ-ਵਸ ਹਰ ਸਾਧਨ ਦਾ ਇਸਤੇਮਾਲ ਕਰਦੇ ਹਾਂ। ਪਰ ਜਿਸ ਇਲਾਕੇ ਵਿਚ ਅਸੀਂ ਪ੍ਰਚਾਰ ਕਰਦੇ ਹਾਂ, ਕੀ ਉੱਥੇ ਬਹੁਤ ਸਾਰੇ ਲੋਕ ਸਾਡੀ ਗੱਲ ਸੁਣਨਗੇ? ਅਸੀਂ ਇਹ ਗੱਲ ਪਹਿਲਾਂ ਹੀ ਨਹੀਂ ਦੱਸ ਸਕਦੇ। (ਉਪਦੇਸ਼ਕ ਦੀ ਪੋਥੀ 11:5, 6 ਪੜ੍ਹੋ।) ਸਾਡਾ ਕੰਮ ਪ੍ਰਚਾਰ ਕਰਨਾ ਹੈ ਅਤੇ ਸਾਨੂੰ ਭਰੋਸਾ ਹੈ ਕਿ ਯਹੋਵਾਹ ਸਾਨੂੰ ਅਸੀਸ ਦੇਵੇਗਾ। (1 ਕੁਰਿੰ. 3:6, 7) ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਸਾਡੇ ਸਖ਼ਤ ਜਤਨਾਂ ਨੂੰ ਦੇਖਦਾ ਹੈ ਅਤੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਸਾਨੂੰ ਉਹ ਲੋੜੀਂਦੀ ਹਿਦਾਇਤ ਦੇਵੇਗਾ।—ਜ਼ਬੂ. 32:8.

ਪਵਿੱਤਰ ਸ਼ਕਤੀ ਪਾਉਣ ਦਾ ਜਤਨ ਕਰੋ

13, 14. ਪਰਮੇਸ਼ੁਰ ਦੀ ਸ਼ਕਤੀ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਸੇਵਕਾਂ ਨੂੰ ਯੋਗ ਬਣਾਉਂਦੀ ਆਈ ਹੈ?

13 ਉਦੋਂ ਕੀ ਕਰੀਏ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਤੋਂ ਕੋਈ ਜ਼ਿੰਮੇਵਾਰੀ ਪੂਰੀ ਨਹੀਂ ਹੋਣੀ ਜਾਂ ਪ੍ਰਚਾਰ ਕਰਨਾ ਔਖਾ ਲੱਗਦਾ ਹੈ? ਸਾਨੂੰ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ ਤਾਂਕਿ ਅਸੀਂ ਉਸ ਦੀ ਸੇਵਾ ਕਰਨ ਲਈ ਆਪਣੀਆਂ ਕਾਬਲੀਅਤਾਂ ਸੁਧਾਰ ਸਕੀਏ। (ਲੂਕਾ 11:13 ਪੜ੍ਹੋ।) ਪਰਮੇਸ਼ੁਰ ਦੀ ਸ਼ਕਤੀ ਲੋਕਾਂ ਨੂੰ ਕੋਈ ਵੀ ਕੰਮ ਜਾਂ ਜ਼ਿੰਮੇਵਾਰੀ ਪੂਰੀ ਕਰਨ ਦੇ ਲਾਇਕ ਬਣਾ ਸਕਦੀ ਹੈ, ਭਾਵੇਂ ਉਨ੍ਹਾਂ ਦੇ ਹਾਲਾਤ ਪਹਿਲਾਂ ਜਿੱਦਾਂ ਦੇ ਮਰਜ਼ੀ ਹੋਣ ਜਾਂ ਉਨ੍ਹਾਂ ਨੂੰ ਘੱਟ ਤਜਰਬਾ ਹੋਵੇ। ਮਿਸਾਲ ਲਈ, ਮਿਸਰ ਤੋਂ ਨਿਕਲਣ ਤੋਂ ਬਾਅਦ ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਸਦਕਾ ਚਰਵਾਹਿਆਂ ਅਤੇ ਗ਼ੁਲਾਮਾਂ ਨੇ ਆਪਣੇ ਦੁਸ਼ਮਣਾਂ ਨੂੰ ਯੁੱਧ ਵਿਚ ਹਰਾਇਆ ਭਾਵੇਂ ਕਿ ਉਨ੍ਹਾਂ ਨੂੰ ਲੜਾਈ ਕਰਨ ਦਾ ਇੰਨਾ ਤਜਰਬਾ ਨਹੀਂ ਸੀ। (ਕੂਚ 17:8-13) ਇਸ ਤੋਂ ਥੋੜ੍ਹੀ ਦੇਰ ਬਾਅਦ ਇਸੇ ਸ਼ਕਤੀ ਨੇ ਬਸਲਏਲ ਅਤੇ ਆਹਾਲੀਆਬ ਨੂੰ ਸੋਹਣੇ ਢੰਗ ਨਾਲ ਸਭ ਕੁਝ ਉਸੇ ਤਰ੍ਹਾਂ ਬਣਾਉਣ ਦੀ ਯੋਗਤਾ ਦਿੱਤੀ ਜਿਵੇਂ ਪਰਮੇਸ਼ੁਰ ਨੇ ਡੇਹਰੇ ਦਾ ਨਮੂਨਾ ਦਿੱਤਾ ਸੀ।—ਕੂਚ 31:2-6; 35:30-35.

14 ਇਸ ਜ਼ਬਰਦਸਤ ਸ਼ਕਤੀ ਨੇ ਆਧੁਨਿਕ ਸਮਿਆਂ ਦੇ ਪਰਮੇਸ਼ੁਰ ਦੇ ਸੇਵਕਾਂ ਨੂੰ ਤਿਆਰ ਕੀਤਾ ਜਦੋਂ ਸੰਸਥਾ ਲਈ ਜ਼ਰੂਰੀ ਹੋ ਗਿਆ ਕਿ ਉਹ ਖ਼ੁਦ ਛਪਾਈ ਦਾ ਕੰਮ ਸ਼ੁਰੂ ਕਰੇ। ਉਸ ਸਮੇਂ ਫੈਕਟਰੀ ਦੇ ਓਵਰਸੀਅਰ ਭਰਾ ਆਰ. ਜੇ. ਮਾਰਟਿਨ ਨੇ ਚਿੱਠੀ ਵਿਚ ਸਮਝਾਇਆ ਕਿ 1927 ਤਕ ਕਿੰਨਾ ਕੰਮ ਪੂਰਾ ਕੀਤਾ ਗਿਆ ਸੀ। ਉਸ ਨੇ ਕਿਹਾ: “ਐਨ ਸਹੀ ਵਕਤ ਤੇ ਪ੍ਰਭੂ ਨੇ ਬੂਹਾ ਖੋਲ੍ਹਿਆ ਅਤੇ ਵੱਡੀ ਸਾਰੀ ਰੋਟਰੀ ਪ੍ਰੈੱਸ ਸਾਨੂੰ ਮਿਲ ਗਈ ਤੇ ਸਾਨੂੰ ਕੁਝ ਪਤਾ ਵੀ ਨਹੀਂ ਸੀ ਕਿ ਇਹ ਮਸ਼ੀਨ ਕਿੱਦਾਂ ਬਣੀ ਹੋਈ ਹੈ ਅਤੇ ਕਿਵੇਂ ਚਲਾਈ ਜਾਂਦੀ ਹੈ। ਪਰ ਪ੍ਰਭੂ ਜਾਣਦਾ ਹੈ ਕਿ ਉਨ੍ਹਾਂ ਦੇ ਦਿਮਾਗਾਂ ਨੂੰ ਕਿਵੇਂ ਤੇਜ਼ ਕਰਨਾ ਹੈ ਜਿਹੜੇ ਦਿਲ ਲਾ ਕੇ ਉਸ ਦੀ ਸੇਵਾ ਕਰਦੇ ਹਨ। . . . ਕੁਝ ਹੀ ਹਫ਼ਤਿਆਂ ਵਿਚ ਅਸੀਂ ਪ੍ਰੈੱਸ ਚਲਾਉਣ ਦੇ ਕਾਬਲ ਹੋ ਗਏ ਅਤੇ ਇਹ ਹਾਲੇ ਵੀ ਚੱਲ ਰਹੀ ਹੈ। ਇਹ ਉਹ ਕੰਮ ਕਰ ਰਹੀ ਹੈ ਜੋ ਇਸ ਨੂੰ ਬਣਾਉਣ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਕਰ ਸਕਦੀ ਹੈ।” ਯਹੋਵਾਹ ਅੱਜ ਤਾਈਂ ਇਹੋ ਜਿਹੇ ਸਖ਼ਤ ਜਤਨਾਂ ਉੱਤੇ ਅਸੀਸ ਪਾਉਂਦਾ ਆ ਰਿਹਾ ਹੈ।

15. ਕਿਸੇ ਪਰਤਾਵੇ ਦਾ ਸਾਮ੍ਹਣਾ ਕਰਨ ਵਾਲਿਆਂ ਨੂੰ ਰੋਮੀਆਂ 8:11 ਤੋਂ ਕੀ ਹੌਸਲਾ ਮਿਲ ਸਕਦਾ ਹੈ?

15 ਯਹੋਵਾਹ ਦੀ ਸ਼ਕਤੀ ਵੱਖੋ-ਵੱਖਰੇ ਤਰੀਕਿਆਂ ਨਾਲ ਕੰਮ ਕਰਦੀ ਹੈ। ਇਹ ਸ਼ਕਤੀ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਮਿਲ ਸਕਦੀ ਹੈ ਅਤੇ ਇਹ ਰਾਹ ਵਿਚ ਆਉਂਦੀਆਂ ਵੱਡੀਆਂ-ਵੱਡੀਆਂ ਰੁਕਾਵਟਾਂ ਪਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ। ਉਦੋਂ ਕੀ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਤੋਂ ਕਿਸੇ ਪਰਤਾਵੇ ਦਾ ਸਾਮ੍ਹਣਾ ਨਹੀਂ ਕਰ ਹੋਣਾ? ਸਾਨੂੰ ਰੋਮੀਆਂ 7:21, 25 ਅਤੇ 8:11 ਵਿਚ ਪਾਏ ਜਾਂਦੇ ਪੌਲੁਸ ਦੇ ਸ਼ਬਦਾਂ ਤੋਂ ਹੌਸਲਾ ਮਿਲ ਸਕਦਾ ਹੈ। ਜੀ ਹਾਂ, ‘ਉਹ ਦੀ ਸ਼ਕਤੀ ਜਿਹ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ’ ਸਾਨੂੰ ਗ਼ਲਤ ਇੱਛਾਵਾਂ ਉੱਤੇ ਕਾਬੂ ਪਾਉਣ ਦੀ ਤਾਕਤ ਦੇ ਸਕਦੀ ਹੈ। ਇਹ ਆਇਤਾਂ ਪਵਿੱਤਰ ਸ਼ਕਤੀ ਨਾਲ ਮਸਹ ਕੀਤੇ ਮਸੀਹੀਆਂ ਲਈ ਲਿਖੀਆਂ ਗਈਆਂ ਸਨ, ਪਰ ਇਨ੍ਹਾਂ ਵਿਚਲਾ ਸਿਧਾਂਤ ਪਰਮੇਸ਼ੁਰ ਦੇ ਸਾਰੇ ਸੇਵਕਾਂ ਉੱਤੇ ਲਾਗੂ ਹੁੰਦਾ ਹੈ। ਸੋ ਸਾਨੂੰ ਤਾਹੀਓਂ ਜ਼ਿੰਦਗੀ ਮਿਲਣੀ ਹੈ ਜੇ ਅਸੀਂ ਮਸੀਹ ਵਿਚ ਨਿਹਚਾ ਕਰੀਏ, ਆਪਣੀਆਂ ਗ਼ਲਤ ਇੱਛਾਵਾਂ ਨੂੰ ਮਾਰਨ ਦੀ ਪੁਰਜ਼ੋਰ ਕੋਸ਼ਿਸ਼ ਕਰੀਏ ਅਤੇ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਜੀਵੀਏ।

16. ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

16 ਕੀ ਅਸੀਂ ਬਿਨਾਂ ਕੋਈ ਜਤਨ ਕੀਤਿਆਂ ਪਰਮੇਸ਼ੁਰ ਦੀ ਸ਼ਕਤੀ ਪਾਉਣ ਦੀ ਉਮੀਦ ਰੱਖ ਸਕਦੇ ਹਾਂ? ਨਹੀਂ। ਇਸ ਵਾਸਤੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਲਗਨ ਨਾਲ ਅਧਿਐਨ ਕਰਨਾ ਚਾਹੀਦਾ ਹੈ। (ਕਹਾ. 2:1-6) ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਸ਼ਕਤੀ ਮਸੀਹੀ ਕਲੀਸਿਯਾ ਉੱਤੇ ਹੁੰਦੀ ਹੈ। ਮੀਟਿੰਗਾਂ ਵਿਚ ਬਾਕਾਇਦਾ ਜਾ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ‘ਸੁਣਨਾ ਚਾਹੁੰਦੇ ਹਾਂ ਭਈ ਸ਼ਕਤੀ ਕਲੀਸਿਯਾਂ ਨੂੰ ਕੀ ਆਖਦੀ ਹੈ।’ (ਪਰ. 3:6) ਇਸ ਤੋਂ ਇਲਾਵਾ, ਸਾਨੂੰ ਨਿਮਰਤਾ ਨਾਲ ਸਿੱਖੀਆਂ ਗੱਲਾਂ ਅਨੁਸਾਰ ਚੱਲਣਾ ਵੀ ਚਾਹੀਦਾ ਹੈ। ਕਹਾਉਤਾਂ 1:23 ਸਾਨੂੰ ਸਲਾਹ ਦਿੰਦਾ ਹੈ: ‘ਮੇਰੀ ਤਾੜ ਸੁਣ ਕੇ ਮੁੜੋ! ਵੇਖੋ, ਮੈਂ ਆਪਣੀ ਸ਼ਕਤੀ ਤੁਹਾਡੇ ਉੱਤੇ ਵਹਾ ਦਿਆਂਗਾ।’ ਵਾਕਈ, ਪਰਮੇਸ਼ੁਰ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ ਜੋ ਉਸ ਦੀ ‘ਮੰਨਦੇ ਹਨ।’—ਰਸੂ. 5:32.

17. ਅਸੀਂ ਆਪਣੇ ਜਤਨਾਂ ਉੱਤੇ ਪਰਮੇਸ਼ੁਰ ਦੀ ਅਸੀਸ ਦੇ ਅਸਰ ਦੀ ਤੁਲਨਾ ਕਿਸ ਨਾਲ ਕਰ ਸਕਦੇ ਹਾਂ?

17 ਇਹ ਤਾਂ ਸੱਚ ਹੈ ਕਿ ਪਰਮੇਸ਼ੁਰ ਦੀ ਅਸੀਸ ਪਾਉਣ ਲਈ ਸਖ਼ਤ ਜਤਨ ਕਰਨ ਦੀ ਲੋੜ ਹੈ, ਪਰ ਯਾਦ ਰੱਖੋ ਕਿ ਸਿਰਫ਼ ਸਖ਼ਤ ਮਿਹਨਤ ਕਰਕੇ ਹੀ ਯਹੋਵਾਹ ਆਪਣੇ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਹੀਂ ਦਿੰਦਾ। ਅਸੀਂ ਆਪਣੇ ਜਤਨਾਂ ਉੱਤੇ ਉਸ ਦੀ ਅਸੀਸ ਦੇ ਅਸਰ ਦੀ ਤੁਲਨਾ ਆਪਣੇ ਸਰੀਰ ਨਾਲ ਕਰ ਸਕਦੇ ਹਾਂ ਕਿ ਇਸ ਨੂੰ ਕਿਸ ਤਰੀਕੇ ਨਾਲ ਚੰਗੇ ਭੋਜਨ ਤੋਂ ਫ਼ਾਇਦਾ ਹੁੰਦਾ ਹੈ। ਪਰਮੇਸ਼ੁਰ ਨੇ ਸਾਡੇ ਸਰੀਰ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਅਸੀਂ ਖਾਣੇ ਦਾ ਆਨੰਦ ਮਾਣਦੇ ਹਾਂ ਜੋ ਸਾਡਾ ਪੋਸ਼ਣ ਕਰਦਾ ਹੈ। ਇਸ ਤੋਂ ਇਲਾਵਾ ਉਹ ਸਾਨੂੰ ਭੋਜਨ ਦਿੰਦਾ ਹੈ। ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਕਿ ਸਾਡੇ ਭੋਜਨ ਵਿਚ ਪੋਸ਼ਕ ਤੱਤ ਕਿੱਥੋਂ ਆਉਂਦੇ ਹਨ ਅਤੇ ਨਾ ਹੀ ਸਾਡੇ ਵਿੱਚੋਂ ਜ਼ਿਆਦਾਤਰ ਸਮਝਾ ਸਕਦੇ ਹਨ ਕਿ ਸਾਡਾ ਸਰੀਰ ਭੋਜਨ ਤੋਂ ਊਰਜਾ ਕਿਵੇਂ ਪੈਦਾ ਕਰਦਾ ਹੈ। ਬਸ ਸਾਨੂੰ ਇੰਨਾ ਹੀ ਪਤਾ ਹੈ ਕਿ ਇਹ ਪ੍ਰਕ੍ਰਿਆ ਕੰਮ ਕਰਦੀ ਹੈ ਅਤੇ ਇਸ ਪ੍ਰਕ੍ਰਿਆ ਦੇ ਚੱਲਦੇ ਰਹਿਣ ਲਈ ਭੋਜਨ ਖਾਣਾ ਜ਼ਰੂਰੀ ਹੈ। ਜੇ ਅਸੀਂ ਚੰਗੀ ਖ਼ੁਰਾਕ ਖਾਂਦੇ ਹਾਂ, ਤਾਂ ਹੋਰ ਵੀ ਫ਼ਾਇਦਾ ਹੁੰਦਾ ਹੈ। ਇਸੇ ਤਰ੍ਹਾਂ, ਯਹੋਵਾਹ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਕਿਹੜੀਆਂ ਕੁਝ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ ਅਤੇ ਉਹ ਇਹ ਮੰਗਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਕਰਦਾ ਹੈ। ਸੋ ਇਕ ਤਰ੍ਹਾਂ ਨਾਲ ਜ਼ਿਆਦਾਤਰ ਕੰਮ ਤਾਂ ਉਹ ਕਰਦਾ ਹੈ ਜਿਸ ਕਰਕੇ ਸਾਨੂੰ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ। ਫਿਰ ਵੀ ਉਸ ਦੀ ਅਸੀਸ ਪਾਉਣ ਲਈ ਸਾਨੂੰ ਉਸ ਦੀ ਇੱਛਾ ਅਨੁਸਾਰ ਚੱਲਣਾ ਚਾਹੀਦਾ ਹੈ।—ਹੱਜ. 2:18, 19.

18. ਤੁਸੀਂ ਕੀ ਕਰਨ ਦੀ ਠਾਣੀ ਹੈ ਅਤੇ ਕਿਉਂ?

18 ਹਰ ਜ਼ਿੰਮੇਵਾਰੀ ਦਿਲ ਲਾ ਕੇ ਪੂਰੀ ਕਰੋ। ਕਾਮਯਾਬੀ ਲਈ ਹਮੇਸ਼ਾ ਯਹੋਵਾਹ ਤੋਂ ਮਦਦ ਮੰਗੋ। (ਮਰ. 11:23, 24) ਇਸ ਤਰ੍ਹਾਂ ਕਰਦਿਆਂ ਯਕੀਨ ਰੱਖੋ ਕਿ “ਢੂੰਢਣ ਵਾਲੇ ਨੂੰ ਲੱਭਦਾ ਹੈ।” (ਮੱਤੀ 7:8) ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗ ਵਿਚ ‘ਜੀਵਨ ਦਾ ਮੁਕਟ’ ਮਿਲੇਗਾ। (ਯਾਕੂ. 1:12) ਅਬਰਾਹਾਮ ਦੀ ਅੰਸ ਦੇ ਜ਼ਰੀਏ ਅਸੀਸ ਪਾਉਣ ਦੀ ਕੋਸ਼ਿਸ਼ ਕਰਦੀਆਂ ਮਸੀਹ ਦੀਆਂ ‘ਹੋਰ ਭੇਡਾਂ’ ਉਸ ਨੂੰ ਇਹ ਕਹਿੰਦਿਆਂ ਸੁਣ ਕੇ ਖ਼ੁਸ਼ ਹੋਣਗੀਆਂ: “ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” (ਯੂਹੰ. 10:16; ਮੱਤੀ 25:34) ਜੀ ਹਾਂ, ‘ਪਰਮੇਸ਼ੁਰ ਦੇ ਮੁਬਾਰਕ ਲੋਕ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।’—ਜ਼ਬੂ. 37:22, 29.

ਕੀ ਤੁਸੀਂ ਸਮਝਾ ਸਕਦੇ ਹੋ?

• ਦਿਲੋਂ ਆਗਿਆਕਾਰ ਰਹਿਣ ਵਿਚ ਕੀ ਕੁਝ ਸ਼ਾਮਲ ਹੈ?

• ਪਰਮੇਸ਼ੁਰ ਦੀ ਅਸੀਸ ਪਾਉਣ ਲਈ ਕੀ ਕਰਨ ਦੀ ਲੋੜ ਹੈ?

• ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਿਵੇਂ ਮਿਲ ਸਕਦੀ ਹੈ ਅਤੇ ਇਹ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

[ਸਵਾਲ]

[ਸਫ਼ਾ 9 ਉੱਤੇ ਤਸਵੀਰਾਂ]

ਯਹੋਵਾਹ ਦੀ ਅਸੀਸ ਪਾਉਣ ਲਈ ਯਾਕੂਬ ਇਕ ਦੂਤ ਨਾਲ ਘੁਲਿਆ।

ਕੀ ਤੁਸੀਂ ਵੀ ਇਸੇ ਤਰ੍ਹਾਂ ਸਖ਼ਤ ਜਤਨ ਕਰਦੇ ਹੋ?

[ਸਫ਼ਾ 10 ਉੱਤੇ ਤਸਵੀਰ]

ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਬਸਲਏਲ ਅਤੇ ਆਹਾਲੀਆਬ ਨੂੰ ਸੋਹਣੇ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਇਆ