Skip to content

Skip to table of contents

1 ਪ੍ਰਾਰਥਨਾ ਕਿਉਂ ਕਰੀਏ?

1 ਪ੍ਰਾਰਥਨਾ ਕਿਉਂ ਕਰੀਏ?

ਪ੍ਰਾਰਥਨਾ ਇਕ ਅਜਿਹਾ ਵਿਸ਼ਾ ਹੈ ਜਿਸ ਵਿਚ ਬਹੁਤ ਸਾਰੇ ਲੋਕਾਂ ਨੂੰ ਦਿਲਚਸਪੀ ਹੈ। ਇਸ ਰਸਾਲੇ ਵਿਚ ਪ੍ਰਾਰਥਨਾ ਬਾਰੇ ਪੁੱਛੇ ਜਾਂਦੇ ਸੱਤ ਸਵਾਲਾਂ ਬਾਰੇ ਦੱਸਿਆ ਗਿਆ ਹੈ ਤੇ ਬਾਈਬਲ ਵਿੱਚੋਂ ਇਨ੍ਹਾਂ ਦੇ ਜਵਾਬ ਦਿੱਤੇ ਗਏ ਹਨ। ਇਨ੍ਹਾਂ ਲੇਖਾਂ ਤੋਂ ਤੁਸੀਂ ਸਿੱਖੋਗੇ ਕਿ ਤੁਸੀਂ ਪ੍ਰਾਰਥਨਾ ਕਿਵੇਂ ਕਰ ਸਕਦੇ ਹੋ ਅਤੇ ਜੇ ਤੁਸੀਂ ਪਹਿਲਾਂ ਤੋਂ ਹੀ ਪ੍ਰਾਰਥਨਾ ਕਰਦੇ ਹੋ, ਤਾਂ ਤੁਸੀਂ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ।

ਪੂਰੀ ਦੁਨੀਆਂ ਵਿਚ ਹਰ ਸਭਿਆਚਾਰ ਅਤੇ ਹਰ ਧਰਮ ਦੇ ਲੋਕ ਪ੍ਰਾਰਥਨਾ ਕਰਦੇ ਹਨ। ਉਹ ਇਕੱਲਿਆਂ ਵਿਚ ਜਾਂ ਦੂਸਰਿਆਂ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਨ। ਉਹ ਚਰਚ, ਮੰਦਰ, ਗੁਰਦੁਆਰੇ ਅਤੇ ਸਭਾ ਘਰ ਵਿਚ ਪ੍ਰਾਰਥਨਾ ਕਰਦੇ ਹਨ। ਕੁਝ ਲੋਕ ਆਪਣੇ ਦੇਵੀ-ਦੇਵਤਿਆਂ ਦੀ ਤਸਵੀਰ ਅੱਗੇ ਝੁਕ ਕੇ ਪ੍ਰਾਰਥਨਾ ਕਰਦੇ ਹਨ ਤੇ ਕਈ ਲੋਕ ਕਿਤਾਬਾਂ ਤੋਂ ਪ੍ਰਾਰਥਨਾਵਾਂ ਪੜ੍ਹਦੇ ਹਨ। ਕਈ ਲੋਕ ਪ੍ਰਾਰਥਨਾ ਚੱਕਰ ਰਾਹੀਂ ਜਾਂ ਜਨਮਾਜ਼ ’ਤੇ ਗੋਡੇ ਟੇਕ ਕੇ ਪ੍ਰਾਰਥਨਾ ਕਰਦੇ ਹਨ। ਕਈ ਲੋਕ ਤਾਂ ਆਪਣੀਆਂ ਦੁਆਵਾਂ ਇਕ ਲੱਕੜ ਦੀ ਫੱਟੀ ’ਤੇ ਲਿਖ ਲੈਂਦੇ ਹਨ ਤੇ ਫਿਰ ਉਸ ਨੂੰ ਟੰਗ ਦਿੰਦੇ ਹਨ।

ਸਿਰਫ਼ ਇਨਸਾਨ ਹੀ ਪ੍ਰਾਰਥਨਾ ਕਰਦੇ ਹਨ। ਜਾਨਵਰਾਂ ਵਾਂਗ ਸਾਨੂੰ ਵੀ ਹਵਾ, ਪਾਣੀ ਅਤੇ ਭੋਜਨ ਦੀ ਲੋੜ ਹੈ। ਉਨ੍ਹਾਂ ਵਾਂਗ ਅਸੀਂ ਵੀ ਪੈਦਾ ਹੁੰਦੇ ਹਾਂ ਤੇ ਇਕ ਦਿਨ ਮਰ ਜਾਂਦੇ ਹਾਂ। (ਉਪਦੇਸ਼ਕ ਦੀ ਕਿਤਾਬ 3:19) ਪਰ ਜਿੱਥੇ ਤਕ ਪ੍ਰਾਰਥਨਾ ਦੀ ਗੱਲ ਹੈ, ਉਹ ਸਿਰਫ਼ ਇਨਸਾਨ ਹੀ ਕਰਦੇ ਹਨ। ਇੱਦਾਂ ਕਿਉਂ?

ਇਸ ਦਾ ਸਿੱਧਾ ਜਿਹਾ ਜਵਾਬ ਹੈ ਕਿ ਸਾਨੂੰ ਇਸ ਦੀ ਲੋੜ ਹੈ। ਪ੍ਰਾਰਥਨਾ ਰਾਹੀਂ ਲੋਕ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਉਨ੍ਹਾਂ ਤੋਂ ਕਿਤੇ ਜ਼ਿਆਦਾ ਮਹਾਨ ਅਤੇ ਪਵਿੱਤਰ ਹੈ। ਬਾਈਬਲ ਦੱਸਦੀ ਹੈ ਕਿ ਸਾਨੂੰ ਬਣਾਇਆ ਹੀ ਇੱਦਾਂ ਗਿਆ ਹੈ ਕਿ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। (ਉਪਦੇਸ਼ਕ ਦੀ ਕਿਤਾਬ 3:11) ਇਕ ਵਾਰ ਯਿਸੂ ਨੇ ਕਿਹਾ ਸੀ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।”​—ਮੱਤੀ 5:3.

ਅਸੀਂ ਸਾਰੇ “ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ” ਹਾਂ, ਇਸੇ ਕਰਕੇ ਲੋਕ ਭਗਤੀ ਦੀਆਂ ਥਾਵਾਂ ਤੇ ਭਗਤੀ ਕਰਨ ਲਈ ਚੀਜ਼ਾਂ ਬਣਾਉਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਕਈ ਲੋਕ ਦੂਜਿਆਂ ਦੀ ਸਲਾਹ ਲੈਣੀ ਪਸੰਦ ਕਰਦੇ ਹਨ ਜਦ ਕਿ ਕਈ ਆਪਣੇ-ਆਪ ’ਤੇ ਭਰੋਸਾ ਰੱਖਦੇ ਹਨ। ਪਰ ਕੀ ਵਾਕਈ ਇਨਸਾਨ ਸਾਨੂੰ ਸਹੀ ਰਾਹ ਦਿਖਾ ਸਕਦੇ ਹਨ? ਸਾਡੀ ਜ਼ਿੰਦਗੀ ਬਹੁਤ ਛੋਟੀ ਜਿਹੀ ਹੈ। ਨਾਲੇ ਕਿਹੜਾ ਇਨਸਾਨ ਭਵਿੱਖ ਬਾਰੇ ਸਹੀ-ਸਹੀ ਦੱਸ ਸਕਦਾ ਹੈ? ਸਿਰਫ਼ ਰੱਬ ਹੀ ਸਾਨੂੰ ਸਹੀ ਰਾਹ ਦਿਖਾ ਸਕਦਾ ਹੈ ਕਿਉਂਕਿ ਉਹ ਸਾਡੇ ਤੋਂ ਕਿਤੇ ਜ਼ਿਆਦਾ ਤਾਕਤਵਰ ਤੇ ਬੁੱਧੀਮਾਨ ਹੈ ਅਤੇ ਉਹ ਹਮੇਸ਼ਾ ਰਹੇਗਾ। ਪਰ ਸਾਨੂੰ ਅਗਵਾਈ ਦੀ ਲੋੜ ਕਦੋਂ ਹੁੰਦੀ ਹੈ?

ਜ਼ਰਾ ਸੋਚੋ, ਕੀ ਤੁਹਾਡੇ ਮਨ ਵਿਚ ਕਦੀ ਇੱਦਾਂ ਦੇ ਸਵਾਲ ਆਏ ਜਿਨ੍ਹਾਂ ਦੇ ਜਵਾਬ ਕੋਈ ਨਹੀਂ ਦੇ ਸਕਿਆ? ਜਾਂ ਕੀ ਕਦੀ ਇੱਦਾਂ ਹੋਇਆ ਕਿ ਤੁਸੀਂ ਕੋਈ ਫ਼ੈਸਲਾ ਲੈਣਾ ਸੀ, ਪਰ ਤੁਹਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਤੁਹਾਨੂੰ ਕੀ ਕਰਨਾ ਚਾਹੀਦਾ? ਜਦੋਂ ਤੁਹਾਡੇ ਕਿਸੇ ਆਪਣੇ ਦੀ ਮੌਤ ਹੋਈ ਸੀ, ਤਾਂ ਕੀ ਉਦੋਂ ਤੁਹਾਨੂੰ ਦਿਲਾਸੇ ਦੀ ਲੋੜ ਸੀ? ਜਾਂ ਜਦੋਂ ਤੁਸੀਂ ਦੋਸ਼ੀ ਮਹਿਸੂਸ ਕਰਦੇ ਹੋ, ਤਾਂ ਕੀ ਤੁਹਾਨੂੰ ਮਾਫ਼ੀ ਦੀ ਲੋੜ ਹੁੰਦੀ ਹੈ?

ਬਾਈਬਲ ਦੱਸਦੀ ਹੈ ਕਿ ਅਸੀਂ ਇਨ੍ਹਾਂ ਸਾਰੇ ਮੌਕਿਆਂ ’ਤੇ ਪ੍ਰਾਰਥਨਾ ਕਰ ਸਕਦੇ ਹਾਂ। ਪ੍ਰਾਰਥਨਾ ਬਾਰੇ ਬਾਈਬਲ ਵਿਚ ਬਹੁਤ ਕੁਝ ਦੱਸਿਆ ਗਿਆ ਹੈ। ਇਸ ਵਿਚ ਬਹੁਤ ਸਾਰੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀਆਂ ਪ੍ਰਾਰਥਨਾਵਾਂ ਦਰਜ ਹਨ। ਉਨ੍ਹਾਂ ਨੇ ਸੇਧ ਲਈ, ਦਿਲਾਸਾ ਪਾਉਣ ਲਈ, ਮਾਫ਼ੀ ਮੰਗਣ ਲਈ ਅਤੇ ਆਪਣੇ ਸਵਾਲਾਂ ਦੇ ਜਵਾਬ ਪਾਉਣ ਲਈ ਪ੍ਰਾਰਥਨਾ ਕੀਤੀ।​—ਜ਼ਬੂਰ 23:3; 71:21; ਦਾਨੀਏਲ 9:4, 5, 19; ਹੱਬਕੂਕ 1:3.

ਚਾਹੇ ਉਨ੍ਹਾਂ ਸਾਰਿਆਂ ਨੇ ਵੱਖੋ-ਵੱਖਰੀਆਂ ਗੱਲਾਂ ਬਾਰੇ ਪ੍ਰਾਰਥਨਾ ਕੀਤੀ, ਪਰ ਉਨ੍ਹਾਂ ਸਾਰਿਆਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਲੋਕ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਇਹ ਗੱਲ ਜਾਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਿਰਫ਼ ਤਾਂ ਹੀ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲੇਗਾ।