Skip to content

Skip to table of contents

5 ਪ੍ਰਾਰਥਨਾ ਕਦੋਂ ਅਤੇ ਕਿੱਥੇ ਕਰੀਏ?

5 ਪ੍ਰਾਰਥਨਾ ਕਦੋਂ ਅਤੇ ਕਿੱਥੇ ਕਰੀਏ?

ਤੁਸੀਂ ਜ਼ਰੂਰ ਦੇਖਿਆ ਹੋਣਾ ਕਿ ਜ਼ਿਆਦਾਤਰ ਧਰਮਾਂ ਦੇ ਲੋਕ ਕਿਸੇ ਖ਼ਾਸ ਸਮੇਂ ਅਤੇ ਖ਼ਾਸ ਜਗ੍ਹਾ ’ਤੇ ਪ੍ਰਾਰਥਨਾ ਕਰਦੇ ਹਨ। ਪਰ ਕੀ ਬਾਈਬਲ ਵੀ ਸਾਨੂੰ ਇੱਦਾਂ ਕਰਨ ਲਈ ਕਹਿੰਦੀ ਹੈ?

ਬਾਈਬਲ ਦੱਸਦੀ ਹੈ ਕਿ ਅਸੀਂ ਕਿਨ੍ਹਾਂ ਕੁਝ ਮੌਕਿਆਂ ’ਤੇ ਪ੍ਰਾਰਥਨਾ ਕਰ ਸਕਦੇ ਹਾਂ। ਯਿਸੂ ਨੇ ਰੋਟੀ ਖਾਣ ਤੋਂ ਪਹਿਲਾਂ ਆਪਣੇ ਚੇਲਿਆਂ ਨਾਲ ਪ੍ਰਾਰਥਨਾ ਕੀਤੀ ਸੀ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਸੀ। (ਲੂਕਾ 22:17) ਜਦ ਯਿਸੂ ਦੇ ਚੇਲੇ ਭਗਤੀ ਕਰਨ ਲਈ ਇਕੱਠੇ ਹੁੰਦੇ ਸਨ, ਉਦੋਂ ਵੀ ਉਹ ਪ੍ਰਾਰਥਨਾ ਕਰਦੇ ਸਨ। ਇੱਦਾਂ ਕਰ ਕੇ ਚੇਲੇ ਉਸ ਰੀਤ ਮੁਤਾਬਕ ਚੱਲ ਰਹੇ ਸਨ ਜੋ ਯਹੂਦੀਆਂ ਦੇ ਸਭਾ-ਘਰਾਂ ਅਤੇ ਯਰੂਸ਼ਲਮ ਦੇ ਮੰਦਰ ਵਿਚ ਸਾਲਾਂ ਤੋਂ ਮਨਾਈ ਜਾ ਰਹੀ ਸੀ। ਪਰਮੇਸ਼ੁਰ ਚਾਹੁੰਦਾ ਸੀ ਕਿ ਜਿਸ ਜਗ੍ਹਾ ਲੋਕ ਉਸ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ, ਉਹ “ਸਭ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇ।”​—ਮਰਕੁਸ 11:17.

ਜਦ ਪਰਮੇਸ਼ੁਰ ਦੇ ਸੇਵਕ ਇਕੱਠੇ ਹੁੰਦੇ ਹਨ ਤੇ ਉਸ ਦੀ ਇੱਛਾ ਮੁਤਾਬਕ ਪ੍ਰਾਰਥਨਾ ਕਰਦੇ ਹਨ, ਤਾਂ ਪਰਮੇਸ਼ੁਰ ਉਨ੍ਹਾਂ ਦੀ ਜ਼ਰੂਰ ਸੁਣਦਾ ਹੈ। ਉਹ ਪ੍ਰਾਰਥਨਾ ਵਿਚ ਜੋ ਮੰਗਦੇ ਹਨ, ਯਹੋਵਾਹ ਉਨ੍ਹਾਂ ਨੂੰ ਦੇਣ ਲਈ ਤਿਆਰ ਹੋ ਜਾਂਦਾ ਹੈ, ਫਿਰ ਭਾਵੇਂ ਉਸ ਨੇ ਪਹਿਲਾਂ ਇੱਦਾਂ ਕਰਨ ਦਾ ਸੋਚਿਆ ਵੀ ਨਾ ਹੋਵੇ। (ਇਬਰਾਨੀਆਂ 13:18, 19) ਯਹੋਵਾਹ ਦੇ ਗਵਾਹ ਆਪਣੀ ਸਭਾ ਦੇ ਸ਼ੁਰੂ ਅਤੇ ਅਖ਼ੀਰ ਵਿਚ ਪ੍ਰਾਰਥਨਾ ਕਰਦੇ ਹਨ। ਤੁਸੀਂ ਵੀ ਉਨ੍ਹਾਂ ਦੀ ਸਭਾ ਵਿਚ ਜਾ ਕੇ ਦੇਖ ਸਕਦੇ ਹੋ ਕਿ ਉਹ ਕਿਵੇਂ ਪ੍ਰਾਰਥਨਾ ਕਰਦੇ ਹਨ।

ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਸਾਨੂੰ ਕਿਸੇ ਖ਼ਾਸ ਜਗ੍ਹਾ ਜਾਂ ਕਿਸੇ ਖ਼ਾਸ ਸਮੇਂ ’ਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਇਸ ਵਿਚ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੇ ਅਲੱਗ-ਅਲੱਗ ਜਗ੍ਹਾ ਅਤੇ ਸਮੇਂ ’ਤੇ ਉਸ ਨੂੰ ਪ੍ਰਾਰਥਨਾ ਕੀਤੀ। ਯਿਸੂ ਨੇ ਕਿਹਾ ਸੀ: “ਜਦ ਤੂੰ ਪ੍ਰਾਰਥਨਾ ਕਰੇਂ, ਤਾਂ ਆਪਣੇ ਕਮਰੇ ਵਿਚ ਜਾਹ ਅਤੇ ਦਰਵਾਜ਼ਾ ਬੰਦ ਕਰ ਕੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰ ਜਿਸ ਨੂੰ ਕੋਈ ਦੇਖ ਨਹੀਂ ਸਕਦਾ। ਫਿਰ ਤੇਰਾ ਪਿਤਾ ਜੋ ਸਭ ਕੁਝ ਦੇਖਦਾ ਹੈ, ਤੈਨੂੰ ਫਲ ਦੇਵੇਗਾ।”​—ਮੱਤੀ 6:6.

ਅਸੀਂ ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਸਮੇਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ

ਜ਼ਰਾ ਸੋਚੋ, ਤੁਸੀਂ ਸਾਰੇ ਜਹਾਨ ਦੇ ਮਾਲਕ ਯਹੋਵਾਹ ਨਾਲ ਕਿਸੇ ਵੀ ਵੇਲੇ ਗੱਲ ਕਰ ਸਕਦੇ ਹੋ! ਜੇ ਤੁਸੀਂ ਉਸ ਨਾਲ ਇਕੱਲਿਆਂ ਵਿਚ ਵੀ ਗੱਲ ਕਰਦੇ ਹੋ, ਤਾਂ ਵੀ ਉਹ ਸੁਣੇਗਾ। ਯਿਸੂ ਨੇ ਵੀ ਕਈ ਵਾਰ ਇਕੱਲੇ ਹੋ ਕੇ ਪ੍ਰਾਰਥਨਾ ਕੀਤੀ। ਇਕ ਵਾਰ ਜਦ ਉਸ ਨੇ ਇਕ ਅਹਿਮ ਫ਼ੈਸਲਾ ਕਰਨਾ ਸੀ, ਤਾਂ ਉਸ ਨੇ ਪੂਰੀ ਰਾਤ ਪਰਮੇਸ਼ੁਰ ਨਾਲ ਗੱਲ ਕੀਤੀ।​—ਲੂਕਾ 6:12, 13.

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਜਦ ਪਰਮੇਸ਼ੁਰ ਦੇ ਸੇਵਕਾਂ ਨੇ ਕੋਈ ਜ਼ਰੂਰੀ ਫ਼ੈਸਲਾ ਕਰਨਾ ਹੁੰਦਾ ਸੀ ਜਾਂ ਜਦੋਂ ਉਹ ਕਿਸੇ ਮੁਸ਼ਕਲ ਵਿਚ ਹੁੰਦੇ ਸਨ, ਤਾਂ ਉਹ ਪ੍ਰਾਰਥਨਾ ਕਰਦੇ ਸਨ। ਕਈ ਵਾਰ ਉਨ੍ਹਾਂ ਨੇ ਬੋਲ ਕੇ ਪ੍ਰਾਰਥਨਾ ਕੀਤੀ ਤੇ ਕਈ ਵਾਰ ਆਪਣੇ ਮਨ ਵਿਚ। ਕਦੀ ਉਨ੍ਹਾਂ ਨੇ ਦੂਸਰਿਆਂ ਨਾਲ ਮਿਲ ਕੇ ਪ੍ਰਾਰਥਨਾ ਕੀਤੀ, ਪਰ ਕਈ ਵਾਰ ਇਕੱਲਿਆਂ ਵਿਚ। ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਉਨ੍ਹਾਂ ਨੇ ਕਿਵੇਂ ਪ੍ਰਾਰਥਨਾ ਕੀਤੀ, ਸਗੋਂ ਜ਼ਰੂਰੀ ਗੱਲ ਇਹ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਨਾਲ ਗੱਲ ਕੀਤੀ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। ਇਸੇ ਲਈ ਉਸ ਨੇ ਲਿਖਵਾਇਆ: “ਲਗਾਤਾਰ ਪ੍ਰਾਰਥਨਾ ਕਰਦੇ ਰਹੋ।” (1 ਥੱਸਲੁਨੀਕੀਆਂ 5:17) ਉਸ ਦੇ ਸੇਵਕ ਚਾਹੇ ਕਿੰਨੀ ਹੀ ਵਾਰ ਉਸ ਨੂੰ ਪ੍ਰਾਰਥਨਾ ਕਿਉਂ ਨਾ ਕਰਨ, ਉਹ ਉਨ੍ਹਾਂ ਦੀ ਸੁਣਦਾ ਹੈ। ਸੱਚ-ਮੁੱਚ, ਪਰਮੇਸ਼ੁਰ ਸਾਨੂੰ ਕਿੰਨਾ ਪਿਆਰ ਕਰਦਾ ਹੈ!

ਕਈ ਲੋਕ ਸੋਚਦੇ ਹਨ ਕਿ ਕੀ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਵੀ ਹੈ। ਕੀ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ?